ਪੈਕਟਬੰਦ ਖਾਣੇ ਪਿੱਛੇ ਲਿਖੀ ਜਾਣਕਾਰੀ ਜੇ ਇੰਝ ਪੜ੍ਹੋਗੇ ਤਾਂ ਸ਼ਾਇਦ ਖਰੀਦਣ ਦਾ ਇਰਾਦਾ ਹੀ ਛੱਡ ਦੇਵੋ

ਪੈਕਟਬੰਦ ਖਾਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਛਲੇ ਸਾਲ ਪੂਰੀ ਦੁਨੀਆਂ ਵਿੱਚ 28 ਲੱਖ ਮੌਤਾਂ ਮੋਟਾਪੇ ਦੇ ਕਾਰਨ ਹੋਈਆਂ ਹਨ
    • ਲੇਖਕ, ਸਰਵਪ੍ਰਿਆ ਸਾਂਗਵਾਨ
    • ਰੋਲ, ਬੀਬੀਸੀ ਪੱਤਰਕਾਰ

ਕਈ ਅਧਿਐਨਾਂ ਤੋਂ ਪਤਾ ਲੱਗ ਚੁੱਕਾ ਹੈ ਕਿ ਕੋਈ ਵੀ ਗਾਹਕ ਖਾਣ-ਪੀਣ ਵਾਲੀ ਚੀਜ਼ ਦਾ ਪੈਕੇਟ ਖਰੀਦਣ ’ਚ ਸਿਰਫ਼ 6-10 ਸਕਿੰਟ ਦਾ ਸਮਾਂ ਲਾਉਂਦਾ ਹੈ।

ਗਾਹਕ ਜ਼ਿਆਦਾ ਤੋਂ ਜ਼ਿਆਦਾ ਐਕਸਪਾਇਰੀ ਡੇਟ ਦੇਖਦੇ ਹਨ ਅਤੇ ਚੀਜ਼ ਦੀ ਕੀਮਤ।

ਪਰ ਉਸ ਪੈਕੇਟ ਦੇ ਪਿੱਛੇ ਬਹੁਤ ਸਾਰੀ ਅਜਿਹੀ ਜ਼ਰੂਰੀ ਜਾਣਕਾਰੀ ਹੁੰਦੀ ਹੈ ਜੋ ਤੁਹਾਨੂੰ ਪੜ੍ਹਨੀ ਆ ਜਾਵੇ ਤਾਂ ਸ਼ਾਇਦ ਤੁਸੀਂ ਉਹ ਪੈਕੇਟ ਨਾ ਵੀ ਖਰੀਦੋ।

ਪਰ ਉੱਥੇ ਇਹ ਜਾਣਕਾਰੀਆਂ ਇਸ ਤਰੀਕੇ ਲਿਖੀ ਹੁੰਦੀ ਹੈ ਕਿ ਗਾਹਕਾਂ ਨੂੰ ਸਮਝ ਨਹੀਂ ਆਉਂਦਾ ਕਿ ਇਹ ਅਸਲ ਵਿੱਚ ਉਸ ਦੀ ਸਿਹਤ ਲਈ ਠੀਕ ਹਨ ਜਾਂ ਨਹੀਂ।

ਤੁਸੀਂ ਪੈਕੇਟ ’ਤੇ ਦਿੱਤੇ ਗਏ ਪੋਸ਼ਣ ਸਬੰਧੀ ਤੱਥਾਂ ਨੂੰ ਦੇਖ ਕੇ ਅੰਦਰ ਦੇ ਖਾਣੇ ਦੀ ਗੁਣਵੱਤਾ ਦਾ ਅੰਦਾਜ਼ਾ ਲਗਾਉਣਾ ਸਿੱਖ ਸਕਦੇ ਹੋ।

ਕਿਸੇ ਚੀਜ਼ ਨੂੰ ਖਰੀਦਣ ਦਾ ਅਧਾਰ ਜੇਕਰ ਉਸ ਵਿੱਚ ਵਿਟਾਮਿਨ ਜਾਂ ਮਿਨਰਲ ਦੀ ਕੁਝ ਮਾਤਰਾ ਦਾ ਹੋਣਾ ਹੈ ਤਾਂ ਉਹ ਸਾਰੇ ਫਾਇਦੇਮੰਦ ਹਨ ਜਦੋਂ ਉਸ ਦੀ ਬਾਕੀ ਸਮੱਗਰੀ ਦੀ ਮਾਤਰਾ ਵੀ ਸਿਹਤ ਲਈ ਹਾਨੀਕਾਰਕ ਨਾ ਹੋਵੇ।

ਸਭ ਤੋਂ ਪਹਿਲਾਂ ਤਾਂ ਇਹ ਜਾਣ ਲਓ ਕਿ ਭਾਰਤ ਵਿੱਚ ਜੋ ਫੂਡ ਲੇਬਲਿੰਗ ਹੁੰਦੀ ਹੈ, ਉਹ ਇਹ ਮੰਨ ਕੇ ਹੁੰਦੀ ਹੈ ਕਿ ਇੱਕ ਵਿਅਕਤੀ ਦੀ ਡਾਈਟ 2000 ਕਿਲੋ ਕੈਲਰੀ ਹੈ।

ਇਸ ਨੂੰ ਸਟੈਂਡਰਡ ਮੰਨ ਕੇ ਹਰ ਫੂਡ ਪੈਕੇਟ ਵਿੱਚ ਰੈਕਮੈਂਡੇਡ ਡਾਇਟਰੀ ਅਲਾਊਂਸ (ਆਰਡੀਏ) ਵੀ ਤੈਅ ਕੀਤਾ ਗਿਆ ਹੈ।

ਰੈਕਮੈਂਡੇਡ ਡਾਇਟਰੀ ਅਲਾਊਂਸ (ਆਰਡੀਏ)

ਆਰਡੀਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐੱਫਐੱਸਐੱਸਏਆਈ ਦੀਆਂ ਗਾਈਡਲਾਈਨਜ਼ ਦੇ ਮੁਤਾਬਿਕ ਕਾਰਬੋਹਾਈਡ੍ਰੇਟ ਦਾ ਰੇਕਮੈਂਡੇਡ ਡਾਇਟਰੀ ਅਲਾਊਂਸ 130 ਗ੍ਰਾਮ ਪ੍ਰਤੀ ਦਿਨ ਹੈ

ਭਾਰਤ ਵਿੱਚ ਫੂਡ ਲੇਬਲਿੰਗ ਦੀਆਂ ਜ਼ਰੂਰਤਾਂ ਨੂੰ ਨਿਰਧਾਰਤ ਕਰਨ ਦੀ ਜ਼ਿੰਮੇਵਾਰੀ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੀ ਹੈ ਜਿਸ ਨੂੰ ਆਮ ਤੌਰ ’ਤੇ ਐੱਫਐੱਸਐੱਸਏਆਈ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

ਇਹ ਸੰਸਥਾ ਹੀ ਲੇਬਲਲਿੰਗ ਦੇ ਨਿਯਮਾਂ ਨੂੰ ਤੈਅ ਕਰਦੀ ਹੈ ਅਤੇ ਉਨ੍ਹਾਂ ਦੀ ਦੇਖਰੇਖ ਕਰਦੀ ਹੈ।

ਰੇਕਮੈਂਡੇਡ ਡਾਇਟਰੀ ਅਲਾਊਂਸ ਦਾ ਮਤਲਬ ਹੈ ਕਿ ਐੱਫਐੱਸਐੱਸਏਆਈ ਨੇ ਵਿਗਿਆਨਕ ਜਾਣਕਾਰੀ ਦੇ ਆਧਾਰ ’ਤੇ ਇਹ ਤੈਅ ਕੀਤਾ ਹੈ ਕਿ ਇੱਕ ਤੰਦਰੁਸਤ ਬਾਲਗ ਲਈ ਕਿਸੇ ਪੋਸ਼ਕ ਤੱਤ ਦੀ ਇੰਨੀ ਮਾਤਰਾ ਕਾਫ਼ੀ ਹੈ।

ਐੱਫਐੱਸਐੱਸਏਆਈ ਦੀਆਂ ਗਾਈਡਲਾਈਨਜ਼ ਦੇ ਮੁਤਾਬਿਕ ਕਾਰਬੋਹਾਈਡ੍ਰੇਟ ਦਾ ਰੇਕਮੈਂਡੇਡ ਡਾਇਟਰੀ ਅਲਾਊਂਸ 130 ਗ੍ਰਾਮ ਪ੍ਰਤੀ ਦਿਨ ਹੈ।

ਮੰਨ ਲਓ ਤੁਸੀਂ 30 ਗ੍ਰਾਮ ਦਾ ਕੋਈ ਪ੍ਰੋਸੈੱਸਡ ਮੂੰਗਫਲੀ ਦਾ ਪੈਕੇਟ ਖਾਧਾ ਹੈ।

ਲੇਬਲ ਦੇ ਹਿਸਾਬ ਨਾਲ ਉਸ ਵਿੱਚ 24 ਫੀਸਦੀ ਕਾਰਬੋਹਾਈਡ੍ਰੇਟ ਹਨ ਤਾਂ ਇਹ ਰੇਕਮੈਂਡੇਡੇ ਡਾਇਟਰੀ ਅਲਾਊਂਸ ਦਾ ਲਗਭਗ 18 ਫੀਸਦੀ ਹੈ।

ਯਾਨੀ ਤੁਹਾਨੂੰ 18 ਫੀਸਦੀ ਕਾਰਬੋਹਾਈਡ੍ਰੇਟ ਤਾਂ ਮੁੱਠੀ ਭਰ ਪ੍ਰੋਸੈੱਸਡ ਮੂੰਗਫਲੀ ਦੇ ਪੈਕੇਟ ਤੋਂ ਹੀ ਮਿਲ ਗਿਆ। ਜੇਕਰ ਤੁਸੀਂ 100 ਗ੍ਰਾਮ ਖਾਂਦੇ ਹੋ ਤਾਂ ਦਿਨ ਦਾ 80 ਫੀਸਦੀ ਕਾਰਬੋਹਾਈਡ੍ਰੇਟ ਖਾ ਲਿਆ।

ਪਰ ਪੂਰੇ ਦਿਨ ਵਿੱਚ ਤੁਸੀਂ ਹੋਰ ਵੀ ਚੀਜ਼ਾਂ ਖਾਓਗੇ ਜਿਸ ਵਿੱਚ ਕਾਰਬੋਹਾਈਡ੍ਰੇਟ ਹੋਵੇਗਾ ਤਾਂ ਤੁਸੀਂ ਦਿਨ ਦੀ ਕਾਰਬੋਹਾਈਡ੍ਰੇਟ ਦੀ ਲਿਮਿਟ ਪਾਰ ਕਰ ਹੀ ਜਾਵੋਗੇ।

ਸਰਵਿੰਗ ਸਾਈਜ਼

ਫੂਡ ਪੈਕੇਟ ਲੇਬਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਫੂਡ ਪੈਕੇਟ ਲੇਬਲ ’ਤੇ ਪ੍ਰਤੀ 100 ਗ੍ਰਾਮ ਦੇ ਹਿਸਾਬ ਨਾਲ ਪੋਸ਼ਣ ਤੱਤ ਲਿਖੇ ਹੁੰਦੇ ਹਨ

ਪੈਕੇਟ ਦੇ ਪਿੱਛੇ ਤੁਹਾਨੂੰ ‘ਸਰਵਿੰਗ ਸਾਈਜ਼’ ਦਾ ਲੇਬਲ ਮਿਲੇਗਾ। ਹੋਰ ਸਾਰੀ ਜਾਣਕਾਰੀ ਉਸ ਸਰਵਿੰਗ ਦੀ ਮਾਤਰਾ ’ਤੇ ਅਧਾਰਤ ਹੈ। ਕਈ ਪੈਕੇਟਾਂ ਵਿੱਚ ਇੱਕ ਤੋਂ ਜ਼ਿਆਦਾ ਸਰਵਿੰਗ ਹੁੰਦੀ ਹੈ।

ਭਾਰਤ ਵਿੱਚ ਫੂਡ ਪੈਕੇਟ ਲੇਬਲ ’ਤੇ ਪ੍ਰਤੀ 100 ਗ੍ਰਾਮ ਦੇ ਹਿਸਾਬ ਨਾਲ ਪੋਸ਼ਣ ਤੱਤ ਲਿਖੇ ਹੁੰਦੇ ਹਨ।

ਜੇਕਰ ਤੁਸੀਂ ਇੱਕ ਵਾਰ ਵਿੱਚ 100 ਗ੍ਰਾਮ ਤੋਂ ਜ਼ਿਆਦਾ ਖਾ ਰਹੇ ਹੋ ਤਾਂ ਫਿਰ ਉਸੇ ਮਾਤਰਾ ਵਿੱਚ ਇਹ ਪੋਸ਼ਕ ਤੱਤ ਤੁਹਾਡੇ ਸਰੀਰ ਵਿੱਚ ਜਾਵੇਗਾ।

ਇਸ ਖਾਣੇ ਵਿੱਚ ਜੋ ਵੀ ਤੱਤ ਹਨ, ਲੇਬਲ ’ਤੇ ਉਸ ਨੂੰ ਘਟਦੇ ਕ੍ਰਮ ਵਿੱਚ ਦਰਜ ਕੀਤਾ ਜਾਂਦਾ ਹੈ ਯਾਨੀ ਜੋ ਵੀ ਤੱਤ ਉਸ ਵਿੱਚ ਸਭ ਤੋਂ ਜ਼ਿਆਦਾ ਹੈ, ਉਹ ਸਭ ਤੋਂ ਪਹਿਲਾਂ ਆਵੇਗਾ ਅਤੇ ਜੋ ਸਭ ਤੋਂ ਘੱਟ ਹੈ, ਉਹ ਸਭ ਦੇ ਅੰਤ ਵਿੱਚ।

ਸਮੱਗਰੀ-ਸਾਰੇ ਫੂਡ ਪੈਕੇਟਾਂ ’ਤੇ ਉਸ ਦੀ ਸਮੱਗਰੀ ਅਤੇ ਉਨ੍ਹਾਂ ਦੀ ਮਾਤਰਾ ਦੀਆਂ ਜਾਣਕਾਰੀਆਂ ਦੇਣੀਆਂ ਲਾਜ਼ਮੀ ਹਨ।

ਤੁਹਾਨੂੰ ਚਾਰ ਸਮੱਗਰੀਆਂ ’ਤੇ ਸਭ ਤੋਂ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ-ਕੁਲ ਫੈਟ, ਸੈਚੁਰੇਟੇਡ ਫੈਟ, ਲੂਣ/ਸੋਡੀਅਮ ਅਤੇ ਚੀਨੀ/ਸ਼ੂਗਰ।

ਇਹ ਸਾਰੀ ਸਮੱਗਰੀ ਤੁਹਾਡੇ ਵਜ਼ਨ ਅਤੇ ਬਲੱਡ ਪ੍ਰੈੱਸ਼ਰ ਵਿੱਚ ਤਬਦੀਲੀ ਲਿਆ ਸਕਦੀ ਹੈ ਜਿਸ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਅਤੇ ਸਟਰੋਕ ਦਾ ਖ਼ਤਰਾ ਵਧ ਜਾਂਦਾ ਹੈ।

ਚੀਨੀ/ਸ਼ੂਗਰ

ਕਾਰਬੋਹਾਈਡ੍ਰੇਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਜਿਹੇ ਖਾਧ ਪਦਾਰਥਾਂ ਤੋਂ ਸਾਵਧਾਨ ਰਹੋ ਜਿਨ੍ਹਾਂ ਵਿੱਚ ਜ਼ਿਆਦਾ ਮਿੱਠਾ, ਸ਼ਹਿਦ, ਗੁੜ, ਕੌਰਨ ਸਿਰਪ, ਕੌਰਨ ਸ਼ੂਗਰ, ਫਰੂਕਟੋਜ਼ ਹੋਵੇ

ਚੀਨੀ, ਚਾਹੇ ਇਸ ਨੂੰ ਕੁਝ ਵੀ ਕਿਹਾ ਜਾਵੇ, ਇਸ ਵਿੱਚ ਸਿਰਫ਼ ਕਾਰਬੋਹਾਈਡ੍ਰੇਟ ਦੇ ਇਲਾਵਾ ਕੋਈ ਪੋਸ਼ਕ ਤੱਤ ਨਹੀਂ ਹੁੰਦਾ ਹੈ।

ਜ਼ਿਆਦਾ ਮਿੱਠੇ ਦਾ ਸੇਵਨ ਤੁਹਾਨੂੰ ਕੈਲਰੀ ਨਾਲ ਭਰ ਦਿੰਦਾ ਹੈ, ਤੁਹਾਨੂੰ ਪੌਸ਼ਟਿਕ ਭੋਜਨ ਖਾਣ ਤੋਂ ਰੋਕਦਾ ਹੈ ਕਿਉਂਕਿ ਤੁਹਾਡੀ ਭੁੱਖ ਮਰ ਜਾਂਦੀ ਹੈ।

ਸਰੀਰ ਦੇ ਬਲੱਡ ਸ਼ੂਗਰ ਦੇ ਪੱਧਰ ਨੂੰ ਸਹੀ ਬਣਾ ਕੇ ਰੱਖਣ ਦੀ ਸਮਰੱਥਾ ’ਤੇ ਵੀ ਅਸਰ ਪੈਂਦਾ ਹੈ।

ਅਜਿਹੇ ਖਾਧ ਪਦਾਰਥਾਂ ਤੋਂ ਸਾਵਧਾਨ ਰਹੋ ਜਿਨ੍ਹਾਂ ਵਿੱਚ ਜ਼ਿਆਦਾ ਮਿੱਠਾ, ਸ਼ਹਿਦ, ਗੁੜ, ਕੌਰਨ ਸਿਰਪ, ਕੌਰਨ ਸ਼ੂਗਰ, ਫਰੂਕਟੋਜ਼ ਹੋਵੇ।

ਚੀਨੀ ਦੇ ਹੋਰ ਨਾਮਾਂ ਵਿੱਚ ਬ੍ਰਾਊਨ ਸ਼ੂਗਰ, ਗੰਨਾ, ਚੀਨੀ, ਕੌਰਨ ਸਵੀਟਨਰ, ਡੈਕਸਟ੍ਰੋਜ, ਮਾਲਟੋਜ਼, ਫਰੂਟ ਜੂਸ ਕੰਸਟਰੇਟ ਅਤੇ ਗਲੂਕੋਜ਼ ਸ਼ਾਮਲ ਹਨ।

ਇਨ੍ਹਾਂ ਵਿੱਚੋਂ ਕੋਈ ਵੀ ਸਿਹਤਮੰਦ ਸ਼ੂਗਰ ਨਹੀਂ ਹੈ।

ਜਿਵੇਂ ਕਿ ਜੂਸ ਦਾ ਪੈਕੇਟ ਲਓ। ਪੈਕੇਟ ਤਾਂ ਇੱਕ ਲਿਟਰ ਦਾ ਹੈ, ਪਰ ਲੇਬਲ ’ਤੇ ਜਾਣਕਾਰੀ ਪ੍ਰਤੀ 100 ਮਿਲੀਲਿਟਰ ਹੈ।

ਜੇਕਰ ਤੁਸੀਂ 100 ਮਿਲੀਲਿਟਰ ਜੂਸ ਪੀਂਦੇ ਹੋ ਤਾਂ ਉਸ ਵਿੱਚ ਤੁਹਾਨੂੰ ਕੁਲ ਚੀਨੀ 12.6 ਗ੍ਰਾਮ ਮਿਲੇਗੀ।

ਇਸ ਵਿੱਚ ਅਲੱਗ ਤੋਂ ਮਿਲਾਈ ਗਈ ਚੀਨੀ 8.3 ਗ੍ਰਾਮ ਹੈ ਜਿਸ ਦੀ ਤੁਹਾਡੇ ਸਰੀਰ ਨੂੰ ਕੋਈ ਜ਼ਰੂਰਤ ਨਹੀਂ ਹੈ।

ਬੀਬੀਸੀ

ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਕਿਸੇ ਤੰਦਰੁਸਤ ਬਾਲਗ ਨੂੰ ਪ੍ਰਤੀ ਦਿਨ 25 ਗ੍ਰਾਮ ਤੋਂ ਜ਼ਿਆਦਾ ਅਲੱਗ ਤੋਂ ਮਿਲਾਇਆ ਗਿਆ ਮਿੱਠਾ ਨਹੀਂ ਲੈਣਾ ਚਾਹੀਦਾ।

ਇਹ ਲਗਭਗ 6 ਚੱਮਚ ਦੇ ਬਰਾਬਰ ਚੀਨੀ ਹੁੰਦਾ ਹੈ।

ਸੋਚੋ ਦਿਨ ਦਾ ਅੱਧਾ ਮਿੱਠਾ ਤਾਂ ਇੱਕ ਛੋਟੇ ਜੂਸ ਦੇ ਗਿਲਾਸ ਤੋਂ ਹੀ ਮਿਲ ਗਿਆ।

ਨਾਲ ਹੀ, ਇਸ ਜੂਸ ਦੇ ਪੈਕੇਟ ਵਿੱਚ 18 ਮਿਲੀਗ੍ਰਾਮ ਵਿਟਾਮਿਨ ਸੀ ਹੈ ਅਤੇ ਵਿਟਾਮਿਨ ਸੀ ਦੀ ਜ਼ਰੂਰਤ ਪ੍ਰਤੀ ਦਿਨ 40 ਮਿਲੀਗ੍ਰਾਮ ਹੈ।

ਜੇਕਰ ਇਸ ਜੂਸ ਨੂੰ ਵਿਟਾਮਿਨ ਸੀ ਦੀ ਵਜ੍ਹਾ ਨਾਲ ਹੀ ਪੀ ਰਹੇ ਹੋ ਤਾਂ ਚੀਨੀ ਨਾਲ ਹੋਣ ਵਾਲਾ ਨੁਕਸਾਨ ਸਿਰਫ਼ ਇੱਕ ਛੋਟੇ ਗਿਲਾਸ ਤੋਂ ਹੀ ਬਹੁਤ ਜ਼ਿਆਦਾ ਹੋ ਜਾਂਦਾ ਹੈ।

ਇਹ ਵੀ ਗੌਰ ਕਰਨ ਵਾਲੀ ਗੱਲ ਹੈ ਕਿ ਜ਼ਰੂਰੀ ਨਹੀਂ ਹੈ ਕਿ ਜੋ ਵਿਸ਼ਵ ਸਿਹਤ ਸੰਗਠਨ ਦੇ ਸੁਝਾਏ ਅੰਕੜੇ ਹੋਣ, ਉਨ੍ਹਾਂ ਦਾ ਪਾਲਣ ਐੱਫਐੱਸਐੱਸਏਆਈ (ਢਸ਼ਸ਼ਅੀ) ਵੀ ਕਰਦਾ ਹੋਵੇ।

ਅਜਿਹਾ ਹੋ ਸਕਦਾ ਹੈ ਕਿ ਰੇਕਮੈਂਡੇਡ ਡਾਇਟਰੀ ਅਲਾਊਂਸ ਭਾਰਤ ਵਿੱਚ ਅਲੱਗ ਹੋਣ।

ਉਦਾਹਰਨ ਦੇ ਤੌਰ ’ਤੇ ਐੱਫਐੱਸਐੱਸਏਆਈ ਨੇ ਮਿਲਾਈ ਗਈ ਚੀਨੀ (ਐਡਡ ਸ਼ੂਗਰ) ਦੀ ਲਿਮਿਟ 50 ਗ੍ਰਾਮ ਰੱਖੀ ਹੈ। ਇਹ ਵਿਸ਼ਵ ਸਿਹਤ ਸੰਗਠਨ ਦੀ ਸੁਝਾਈ ਗਈ ਸੀਮਾ ਤੋਂ ਦੁੱਗਣੀ ਹੈ।

ਲੂਣ

ਸੋਡੀਅਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੋਡੀਅਮ ਦੀ ਮਾਤਰਾ 2300 ਮਿਲੀਗ੍ਰਾਮ ਜਾਂ 2.3 ਗ੍ਰਾਮ ਪ੍ਰਤੀ ਦਿਨ ਤੋਂ ਘੱਟ ਹੋਣੀ ਚਾਹੀਦੀ ਹੈ

ਹਾਈ ਬਲੱਡ ਪ੍ਰੈੱਸ਼ਰ ਦੇ ਖ਼ਤਰੇ ਨੂੰ ਘੱਟ ਕਰਨ ਵਿੱਚ ਮਦਦ ਕਰਨ ਲਈ ਅਜਿਹੇ ਖਾਧ ਪਦਾਰਥਾਂ ਦੀ ਚੋਣ ਕਰੋ ਜਿਨ੍ਹਾਂ ਵਿੱਚ ਸੋਡੀਅਮ ਦੀ ਮਾਤਰਾ ਸਭ ਤੋਂ ਘੱਟ ਹੋਵੇ।

ਲੂਣ ਵਿਭਿੰਨ ਪ੍ਰਕਾਰ ਦੇ ਆਮ ਭੋਜਨ ਪਦਾਰਥਾਂ ਵਿੱਚ ਮਿਲਾਇਆ ਜਾਂਦਾ ਹੈ, ਜਿਨ੍ਹਾਂ ਵਿੱਚ ਕੁਝ ਅਜਿਹੇ ਭੋਜਨ ਪਦਾਰਥ ਵੀ ਸ਼ਾਮਲ ਹਨ ਜਿਨ੍ਹਾਂ ਦੀ ਤੁਸੀਂ ਨਮਕੀਨ ਹੋਣ ਦੀ ਉਮੀਦ ਨਹੀਂ ਕਰ ਸਕਦੇ, ਜਿਵੇਂ ਕਿ ਕੇਕ, ਬਰੈੱਡ, ਬਿਸਕੁਟ ਅਤੇ ਹੋਰ ਵੀ ਬਹੁਤ ਕੁਝ।

ਵਜ਼ਨ ਵਿੱਚ ਇੱਕ ਬਾਲਗ ਨੂੰ 5-6 ਗ੍ਰਾਮ ਪ੍ਰਤੀ ਦਿਨ ਤੋਂ ਜ਼ਿਆਦਾ ਲੂਣ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਹ ਲਗਭਗ ਇੱਕ ਚਮਚ ਦੇ ਬਰਾਬਰ ਹੈ।

ਧਿਆਨ ਰੱਖੋ ਕਿ ਕੁਝ ਉਤਪਾਦਾਂ ਦੇ ਲੇਬਲ ’ਤੇ ਲੂਣ ਦੀ ਜਗ੍ਹਾ ਸੋਡੀਅਮ ਹੁੰਦਾ ਹੈ।

ਅਜਿਹਾ ਲੇਬਲ ਹੈ ਤਾਂ ਲੂਣ ਦੀ ਮਾਤਰਾ ਜਾਣਨ ਲਈ ਸੋਡੀਅਮ ਦੀ ਮਾਤਰਾ ਨੂੰ 2.5 ਨਾਲ ਗੁਣਾ ਕਰੋ।

ਸੋਡੀਅਮ ਦੀ ਮਾਤਰਾ 2300 ਮਿਲੀਗ੍ਰਾਮ ਜਾਂ 2.3 ਗ੍ਰਾਮ ਪ੍ਰਤੀ ਦਿਨ ਤੋਂ ਘੱਟ ਹੋਣੀ ਚਾਹੀਦੀ ਹੈ।

ਵਿਸ਼ਵ ਸਿਹਤ ਸੰਗਠਨ ਦੀ ਹਾਲੀਆ ਰਿਪੋਰਟ ਦੱਸਦੀ ਹੈ ਕਿ ਭਾਰਤ ਵਿੱਚ 18 ਕਰੋੜ 80 ਲੱਖ ਲੋਕਾਂ ਨੂੰ ਹਾਈਪਰਟੈਂਸ਼ਨ ਯਾਨੀ ਹਾਈ ਬਲੱਡ ਪ੍ਰੈੱਸ਼ਰ ਦੀ ਬਿਮਾਰੀ ਹੈ, ਪਰ ਸਿਰਫ਼ 37 ਫੀਸਦੀ ਲੋਕਾਂ ਨੂੰ ਹੀ ਪਤਾ ਲੱਗ ਸਕਦਾ ਹੈ, ਇਸ ਵਿੱਚੋਂ 30 ਫੀਸਦੀ ਲੋਕ ਹੀ ਇਲਾਜ ਕਰਵਾ ਰਹੇ ਹਨ।

ਫੈਟ/ਚਰਬੀ

ਫੈਟ/ਚਰਬੀ

ਤਸਵੀਰ ਸਰੋਤ, Getty Images

ਫੂਡ ਪੈਕੇਟ ਵਿੱਚ ਸੈਚੂਰੇਟੇਡ ਫੈਟ ਅਤੇ ਟਰਾਂਸ ਫੈਟ ਦੀ ਮਾਤਰਾ ਦੇਖੋ। ਹੈਲਦੀ ਡਾਈਟ ਲਈ ਸੈਚੂਰੇਟੇਡ ਫੈਟ ਅਤੇ ਕੋਲੈਸਟ੍ਰੋਲ ਨੂੰ ਘੱਟ ਰੱਖੋ ਅਤੇ ਟਰਾਂਸ ਫੈਟ ਤੋਂ ਪੂਰੀ ਤਰ੍ਹਾਂ ਬਚੋ।

ਸੈਚੂਰੇਟੇਡ ਫੈਟ ਜਿਵੇਂ ਬਟਰ, ਮੱਖਣ, ਨਾਰੀਅਲ ਤੇਲ ਆਦਿ। ਅਨਸੈਚੂਰੇਟੇਡ ਫੈਟ ਜਿਵੇਂ ਆਲਿਵ ਆਇਲ (ਜੈਤੂਨ ਦਾ ਤੇਲ), ਸਰੋਂ ਦਾ ਤੇਲ।

ਜਿਵੇਂ ਇੱਕ 100 ਗ੍ਰਾਮ ਦੇ ਚਿਪਸ ਦੇ ਪੈਕੇਟ ਵਿੱਚ 555 ਕਿਲੋ ਕੈਲਰੀ ਹੈ, 51 ਗ੍ਰਾਮ ਕਾਰਬੋਹਾਈਡ੍ਰੇਟ ਹਨ, 35 ਗ੍ਰਾਮ ਫੈਟ ਹੈ। ਜੇਕਰ ਤੁਸੀਂ ਦਿਨ ਭਰ ਵਿੱਚ 2000 ਕਿਲੋਕੈਲਰੀ ਡਾਈਟ ਲੈਂਦੇ ਹੋ ਤਾਂ ਉਸ ਵਿੱਚ 20-30 ਫੀਸਦੀ ਹੀ ਫੈਟ ਹੋਣਾ ਚਾਹੀਦਾ ਹੈ ਯਾਨੀ 44-78 ਗ੍ਰਾਮ ਫੈਟ ਹੋਣਾ ਚਾਹੀਦਾ ਹੈ।

ਹੁਣ ਦੇਖੋ, ਇੱਕ ਚਿਪਸ ਦੇ ਪੈਕੇਟ ਵਿੱਚ ਤੁਹਾਨੂੰ 555 ਕਿਲੋ ਕੈਲਰੀ ਮਿਲ ਗਈ ਅਤੈ 35 ਗ੍ਰਾਮ ਫੈਟ।

ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਸਰੀਰ ਵਿੱਚ ਬਹੁਤ ਜ਼ਿਆਦਾ ਫੈਟ ਦਾ ਜਮਾਂ ਹੋਣਾ ਕਈ ਬਿਮਾਰੀਆ ਦਾ ਖ਼ਤਰਾ ਵਧਾ ਦਿੰਦਾ ਹੈ।

ਜਿਵੇਂ 13 ਤਰ੍ਹਾਂ ਦੇ ਕੈਂਸਰ, ਡਾਇਬਟੀਜ਼, ਦਿਲ ਅਤੇ ਫੇਫੜਿਆਂ ਨਾਲ ਜੁੜੀਆਂ ਬਿਮਾਰੀਆਂ ਅਤੇ ਕਈ ਵਾਰ ਤਾਂ ਮੌਤ ਦਾ ਕਾਰਨ ਵੀ ਬਣ ਜਾਂਦਾ ਹੈ।

ਪਿਛਲੇ ਸਾਲ ਪੂਰੀ ਦੁਨੀਆਂ ਵਿੱਚ 28 ਲੱਖ ਮੌਤਾਂ ਮੋਟਾਪੇ ਦੇ ਕਾਰਨ ਹੋਈਆਂ ਹਨ।

ਫਾਈਬਰ

ਫਾਈਬਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਸਰੀਰ ਵਿੱਚ ਬਹੁਤ ਜ਼ਿਆਦਾ ਫੈਟ ਦਾ ਜਮਾਂ ਹੋਣਾ ਕਈ ਬਿਮਾਰੀਆ ਦਾ ਖ਼ਤਰਾ ਵਧਾ ਦਿੰਦਾ ਹੈ

ਅਜਿਹੇ ਖਾਦ ਪਦਾਰਥਾਂ ਨੂੰ ਖਾਓ ਜਿਨ੍ਹਾਂ ਵਿੱਚ ਪ੍ਰਤੀ ਸਰਵਿੰਗ 5 ਗ੍ਰਾਮ ਫਾਈਬਰ ਹੋਵੇ।

ਭਾਰਤ ਵਿੱਚ ਐੱਸਐੱਸਏਆਈ ਰੈਗੂਲੇਸ਼ਨ ਨੇ ਪੋਸ਼ਕ ਤੱਤ ਹੋਣ ਦੇ ਦਾਅਵਿਆਂ ਲਈ ਕੁਝ ਸ਼ਰਤਾਂ ਅਤੇ ਨਿਯਮਾਂ ਨੂੰ ਪਰਿਭਾਸ਼ਿਤ ਕੀਤਾ ਹੈ।

ਜਿਵੇਂ ਕਿ ਕਿਸੇ ਖਾਦ ਉਤਪਾਦ ਵਿੱਚ ਉੱਚ ਫਾਈਬਰ ਹੋਣ ਦਾ ਦਆਵਾ ਤਾਂ ਹੀ ਕੀਤਾ ਜਾ ਸਕਦਾ ਹੈ ਜਦੋਂ 100 ਗ੍ਰਾਮ ਦੇ ਉਤਪਾਦ ਵਿੱਚ ਫਾਈਬਰ ਸਮੱਗਰੀ 6 ਗ੍ਰਾਮ ਤੋਂ ਜ਼ਿਆਦਾ ਹੋਵੇ ਯਾਨੀ 6 ਫੀਸਦੀ ਤੋਂ ਜ਼ਿਆਦਾ ਹੋਵੇ।

ਇਸ ਲਈ ਹੁਣ ਜਦੋਂ ਵੀ ਕੋਈ ਪੈਕੇਟਬੰਦ ਭੋਜਨ ਪਦਾਰਥ ਖਰੀਦਣ ਜਾਓ ਤਾਂ ਉਸ ਦੇ ਲੇਬਲ ਨੂੰ ਪੜ੍ਹਨ ਵਿੱਚ ਕੁਝ ਸਮਾਂ ਜ਼ਰੂਰ ਲਗਾਓ ਤਾਂ ਕਿ ਤੁਸੀਂ ਆਪਣੇ ਅਤੇ ਪਰਿਵਾਰ ਲਈ ਸਹੀ ਚੋਣ ਕਰ ਸਕੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)