44 ਅਰਬ ਰੁਪਏ ਦਾ ਹੀਰਾ ਲੱਭਣ ਵਾਲੇ ਨੌਜਵਾਨਾਂ ਨੇ ਕਮਾਏ ਪੈਸਿਆਂ ਦਾ ਕੀ ਕੀਤਾ

'ਪੀਸ ਡਾਇਮੰਡ'

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਵੱਡੇ ਹੀਰੇ ਦਾ ਨਾਂ 'ਪੀਸ ਡਾਇਮੰਡ' ਰੱਖਿਆ ਗਿਆ ਸੀ ਅਤੇ ਇਹ 65 ਲੱਖ ਡਾਲਰ 'ਚ ਨਿਲਾਮ ਹੋਇਆ ਸੀ।
    • ਲੇਖਕ, ਮੈਰੀ ਗੁਡਹਾਰਟ
    • ਰੋਲ, ਬੀਬੀਸੀ

ਇਹ 2017 ਦੀ ਸਭ ਤੋਂ ਵਧੀਆ ਖ਼ਬਰ ਸੀ। ਸੀਅਰਾ ਲਿਓਨ ਦੇ 'ਪੀਸ ਡਾਇਮੰਡ' ਦੀ ਖੋਜ ਨੇ ਦੁਨੀਆ ਭਰ 'ਚ ਸੁਰਖੀਆਂ ਬਟੋਰੀਆਂ ਸਨ।

ਇੱਕ ਅਫਰੀਕੀ ਦੇਸ਼ ਵਿੱਚ ਜਿੱਥੇ ਖੂਨ-ਖਰਾਬਾ ਅਤੇ ਗਰੀਬੀ ਰਹੀ ਸੀ ਉੱਥੇ ਇੱਕ ਕੀਮਤੀ ਪੱਥਰ ਤੋਂ ਹੋਣ ਵਾਲੀ ਆਮਦਨ ਸਥਾਨਕ ਲੋਕਾਂ ਦੀ ਜ਼ਿੰਦਗੀ ਬਦਲਣ ਲਈ ਵਰਤੀ ਜਾਣ ਵਾਲੀ ਸੀ।

ਪਰ ਮੀਡੀਆ ਦੇ ਇਸ ਹੰਗਾਮੇ ਪਿੱਛੇ ਉਹ ਲੋਕ ਸਨ ਜਿਨ੍ਹਾਂ ਨੇ ਇਸ ਪੱਥਰ ਨੂੰ ਲੱਭਣ ਲਈ ਸਖ਼ਤ ਮਿਹਨਤ ਕੀਤੀ ਸੀ।

ਕੋਂਬਾ ਜੌਨਬੁਲ ਅਤੇ ਐਂਡਰਿਊ ਸਫੀ ਪੰਜਾਂ ਵਿੱਚੋਂ ਸਭ ਤੋਂ ਘੱਟ ਉਮਰ ਦੇ ਨੌਜਵਾਨ ਸਨ।

ਜਦੋਂ ਉਹਨਾਂ ਦੀ ਨਜ਼ਰ ਮਿੱਟੀ ਨਾਲ ਢਕੇ ਇਸ ਵੱਡੇ ਅਤੇ ਚਮਕਦੇ ਪੱਥਰ 'ਤੇ ਪਈ ਤਾਂ ਲੱਗਿਆ ਕਿ ਉਹਨਾਂ ਦਾ ਸੁਪਨਾ ਪੂਰਾ ਹੋ ਗਿਆ ਹੈ।

ਜ਼ਿੰਦਗੀ ਦੀ ਯੋਜਨਾ

ਜੌਨਬੁਲ
ਤਸਵੀਰ ਕੈਪਸ਼ਨ, ਜੌਨਬੁਲ ਯਾਦ ਕਰਦੇ ਹਨ ਕਿ ਕਿਵੇਂ ਉਨ੍ਹਾਂ ਨੂੰ ਭਾਰੀ ਮੀਂਹ ਅਤੇ ਸਖ਼ਤ ਗਰਮੀ ਦਾ ਸਾਹਮਣਾ ਕਰਨਾ ਪਿਆ।

ਸਫੀ ਬਹੁਤ ਹੁਸ਼ਿਆਰ ਵਿਦਿਆਰਥੀ ਸੀ ਪਰ ਗਰੀਬੀ ਕਾਰਨ ਉਸ ਨੂੰ ਸਕੂਲ ਛੱਡਣਾ ਪਿਆ। ਜੌਨਬੁਲ ਦਾ ਪਰਿਵਾਰ 1991 ਤੋਂ 2002 ਦਰਮਿਆਨ ਘਰੇਲੂ ਯੁੱਧ ਕਾਰਨ ਬਰਬਾਦ ਹੋ ਗਿਆ ਸੀ।

ਇੱਕ ਸਥਾਨਕ ਪਾਦਰੀ ਨੇ ਖੁਦਾਈ ਲਈ ਪੰਜ ਲੋਕਾਂ ਨੂੰ ਸਪਾਂਸਰ ਕੀਤਾ, ਜਿੰਨਾਂ ਵਿੱਚ ਇਹ ਦੋ ਵੀ ਸ਼ਾਮਲ ਹੋਏ।

ਸ਼ਰਤ ਇਹ ਸੀ ਕਿ ਉਨ੍ਹਾਂ ਨੂੰ ਮਜ਼ਦੂਰੀ ਨਹੀਂ ਦਿੱਤੀ ਜਾਵੇਗੀ ਅਤੇ ਇਸ ਦੇ ਬਦਲੇ ਉਨ੍ਹਾਂ ਨੂੰ ਖੁਦਾਈ ਦਾ ਸਾਮਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਖਾਣਾ ਦਿੱਤਾ ਜਾਵੇਗਾ।

ਜੇਕਰ ਕੋਈ ਹੀਰਾ ਮਿਲ ਜਾਂਦਾ ਹੈ ਤਾਂ ਸਪਾਂਸਰ ਨੂੰ ਸਭ ਤੋਂ ਵੱਧ ਹਿੱਸਾ ਮਿਲੇਗਾ।

ਕੰਮ ਦੇ ਔਖੇ ਘੰਟਿਆਂ ਦੇ ਬਾਵਜੂਦ ਵੀ ਦੋਵੇਂ ਨੌਕਰੀ ਲਈ ਸਹਿਮਤ ਹੋ ਗਏ। ਉਹ ਸਵੇਰ ਤੋਂ ਨਾਸ਼ਤੇ ਤੱਕ ਖਜੂਰ ਦੇ ਖੇਤਾਂ ਵਿੱਚ ਕੰਮ ਕਰਦੇ ਅਤੇ ਫਿਰ ਸਾਰਾ ਦਿਨ ਖੁਦਾਈ ਕਰਦੇ ਸਨ।

ਉਹਨਾਂ ਨੂੰ ਉਮੀਦ ਸੀ ਕਿ ਉਹ ਸਕੂਲ ਵਾਪਸ ਜਾਣ ਲਈ ਕਾਫ਼ੀ ਪੈਸਾ ਬਚਾ ਲੈਣਗੇ ਪਰ ਅਸਲੀਅਤ ਇਹ ਸੀ ਕਿ ਇਹ ਕੰਮ ਬਹੁਤ ਖਤਰਨਾਕ ਸੀ।

ਸਫੀ ਨੇ ਕਹਿੰਦੇ ਹਨ, "ਮੈਂ ਜੌਨਬੁਲ ਨੂੰ ਕਿਹਾ ਕਿ ਮੇਰਾ ਸੁਪਨਾ ਪੂਰਾ ਹੋ ਗਿਆ ਹੈ।"

ਜੌਨਬੁਲ ਯਾਦ ਕਰਦੇ ਹਨ ਕਿ ਕਿਵੇਂ ਉਨ੍ਹਾਂ ਨੂੰ ਭਾਰੀ ਮੀਂਹ ਅਤੇ ਸਖ਼ਤ ਗਰਮੀ ਦਾ ਸਾਹਮਣਾ ਕਰਨਾ ਪਿਆ।

ਉਹ ਕਹਿੰਦਾ ਹੈ, "ਅਸੀਂ ਆਪਣੇ ਆਪ ਨੂੰ ਹਿੰਮਤ ਦੇਣ ਲਈ ਇੱਕ ਦੂਜੇ ਨੂੰ ਦਿਲਾਸਾ ਦਿੰਦੇ ਸੀ। ਅਸੀਂ ਮਜ਼ਾਕ ਕਰਦੇ ਸੀ। ਸਾਡੇ ਕੋਲ ਇੱਕ ਬਲੂਟੁੱਥ ਡਿਵਾਈਸ ਸੀ ਜਿਸ ਉੱਤੇ ਅਸੀਂ ਗੀਤ ਚਲਾਉਂਦੇ ਸੀ।"

ਇਹ ਲੋਕ ਸੁਪਨੇ ਦੇਖਦੇ ਸਨ ਕਿ ਜੇਕਰ ਉਹ ਅਚਾਨਕ ਅਮੀਰ ਹੋ ਗਏ ਤਾਂ ਉਹ ਕੀ ਕਰਨਗੇ।

ਜੌਨਬੁਲ ਦੋ ਮੰਜ਼ਿਲਾਂ ਵਾਲਾ ਘਰ ਬਣਾਉਣਾ ਚਾਹੁੰਦਾ ਸੀ ਅਤੇ ਟੋਇਟਾ ਐਫਜੇ ਕਰੂਜ਼ਰ ਖਰੀਦਣਾ ਚਾਹੁੰਦਾ ਸੀ, ਜਦਕਿ ਸਫੀ ਆਪਣੀ ਪੜ੍ਹਾਈ ਪੂਰੀ ਕਰਨਾ ਚਾਹੁੰਦਾ ਸੀ।

ਸਭ ਤੋਂ ਵੱਡਾ ਹੀਰਾ

ਮਾਈਨਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਿਆਦਾਤਰ ਮਾਈਨਰਾਂ ਨੂੰ ਕਦੇ ਵੀ ਜੀਵਨ ਬਦਲਣ ਵਾਲਾ ਪੈਸਾ ਨਹੀਂ ਮਿਲਦਾ।

ਆਖ਼ਿਰ ਉਹ ਕਿਸਮਤ ਵਾਲਾ ਦਿਨ ਆ ਗਿਆ। ਉਸ ਦਿਨ ਉਹਨਾਂ ਨੇ ਖਾਣ ਲਈ ਰਵਾਨਾ ਹੋਣ ਤੋਂ ਪਹਿਲਾਂ ਉਬਲੇ ਕੇਲਿਆਂ ਦਾ ਨਾਸ਼ਤਾ ਕੀਤਾ ਅਤੇ ਪ੍ਰਾਰਥਨਾ ਕੀਤੀ।

ਮਾਈਨਰਾਂ ਨੇ ਉਸ ਦਿਨ ਹੀਰਿਆਂ ਦੀ ਭਾਲ ਦਾ ਕੰਮ ਸ਼ੁਰੂ ਕੀਤਾ ਸੀ।

ਉਹ 13 ਮਾਰਚ, 2017 ਦਾ ਦਿਨ ਸੀ। ਉਨ੍ਹਾਂ ਦੀ ਯੋਜਨਾ ਖੁਦਾਈ, ਜ਼ਮੀਨ ਨੂੰ ਤੋੜਨਾਂ, ਕੰਕਰਾਂ ਨੂੰ ਵੱਖ ਕਰਨ ਅਤੇ ਮੀਂਹ ਦੇ ਪਾਣੀ ਨੂੰ ਖਾਣ ਵਿੱਚ ਭਰਨ ਤੋਂ ਰੋਕਣ ਦੀ ਸੀ।

ਫਿਰ ਜੌਨਬੁਲ ਦੀ ਨਜ਼ਰ ਇਕ ਚਮਕਦੇ ਪੱਥਰ 'ਤੇ ਪਈ।

ਉਸ ਨੇ ਕਿਹਾ, "ਮੈਂ ਇਸ ਪੱਥਰ ਨੂੰ ਵਗਦੇ ਪਾਣੀ ਵਿੱਚ ਦੇਖਿਆ, ਜੋ ਹੇਠਾਂ ਵੱਲ ਜਾ ਰਿਹਾ ਸੀ। ਮੈਂ ਇਸ ਤੋਂ ਪਹਿਲਾਂ ਕੋਈ ਹੀਰਾ ਨਹੀਂ ਦੇਖਿਆ ਸੀ, ਇਹ ਸਿਰਫ ਮੇਰੀ ਆਮ ਸਮਝ ਸੀ।"

"ਮੈਂ ਇੱਕ ਮਿੰਟ ਤੋਂ ਵੱਧ ਸਮੇਂ ਤੱਕ ਉਸ ਪੱਥਰ 'ਤੇ ਆਪਣੀਆਂ ਨਜ਼ਰਾਂ ਟਿਕਾਈ ਰੱਖੀਆਂ। ਫਿਰ ਮੈਂ ਆਪਣੇ ਚਾਚੇ ਨੂੰ ਕਿਹਾ - ਚਾਚਾ, ਉਹ ਪੱਥਰ ਚਮਕ ਰਿਹਾ ਹੈ, ਇਹ ਕਿਹੋ ਜਿਹਾ ਪੱਥਰ ਹੈ?"

ਇਹ ਵੀ ਪੜ੍ਹੋ-

65 ਲੱਖ ਡਾਲਰ ਦਾ ਵਿਕਿਆ ਹੀਰਾ

ਜੌਨਬੁਲ ਹੇਠਾਂ ਪਹੁੰਚੇ ਅਤੇ ਪਾਣੀ ਵਿੱਚੋਂ ਪੱਥਰ ਚੁੱਕਿਆ।

ਉਹ ਕਹਿੰਦੇ ਹਨ, "ਇਹ ਬਹੁਤ ਠੰਡਾ ਸੀ। ਜਿਵੇਂ ਹੀ ਮੈਂ ਇਸਨੂੰ ਦੇਖਿਆ, ਉਹਨਾਂ ਨੇ ਇਸਨੂੰ ਮੇਰੇ ਹੱਥੋਂ ਖੋਹ ਲਿਆ, 'ਇਹ ਤਾਂ ਹੀਰਾ ਹੈ!'"

ਇਹ ਹੀਰਾ 709 ਕੈਰੇਟ ਦਾ ਸੀ, ਜੋ ਦੁਨੀਆ ਦਾ 14ਵਾਂ ਸਭ ਤੋਂ ਵੱਡਾ ਹੀਰਾ ਸੀ।

ਖਾਣ ਵਾਲਿਆਂ ਨੇ ਪਾਸਟਰ ਇਮੈਨੁਅਲ ਮੋਮੋਹ ਨੂੰ ਸੂਚਿਤ ਕੀਤਾ ਅਤੇ ਉਸ ਨੇ ਇਸ ਨੂੰ ਕਾਲੇ ਬਾਜ਼ਾਰ ਵਿੱਚ ਵੇਚਣ ਦੀ ਬਜਾਏ ਸਰਕਾਰ ਨੂੰ ਦੇ ਕੇ ਇਤਿਹਾਸ ਰਚ ਦਿੱਤਾ।

ਇਹ ਹੀਰਾ ਨਿਲਾਮੀ ਵਿੱਚ 65 ਲੱਖ ਡਾਲਰ ਵਿੱਚ ਵਿਕਿਆ ਸੀ।

ਜੌਨਬੁਲ ਅਤੇ ਸਫੀ ਵਾਂਗ ਹਜ਼ਾਰਾਂ ਸੀਅਰਾ ਲਿਓਨੀਅਨ ਅਣਅਧਿਕਾਰਤ ਖਾਣਾਂ ਵਿੱਚ ਕੰਮ ਕਰਦੇ ਹਨ।

ਜੇ ਉਹ ਖੁਸ਼ਕਿਸਮਤ ਹੋਣ ਤਾਂ ਉਨ੍ਹਾਂ ਨੂੰ ਹੀਰੇ ਦਾ ਇੱਕ ਛੋਟਾ ਜਿਹਾ ਟੁਕੜਾ ਮਿਲ ਸਕਦਾ ਹੈ, ਪਰ ਇਸ ਤਰ੍ਹਾਂ ਦਾ ਪੂਰਾ ਹੀਰਾ ਪ੍ਰਾਪਤ ਕਰਨਾ ਇੱਕ ਸੁਪਨਾ ਹੈ, ਜਿਸ ਕਾਰਨ ਬਹੁਤ ਸਾਰੇ ਲੋਕ ਇਸ ਵਿੱਚ ਲੱਗੇ ਹੋਏ ਹਨ।

ਇਹ ਸਮਝੌਤਾ ਹੋਇਆ ਕਿ ਹਰੇਕ ਮਾਈਨਰ ਨੂੰ ਹਿੱਸਾ ਮਿਲੇਗਾ ਅਤੇ ਮੁਨਾਫੇ ਦਾ ਇੱਕ ਹਿੱਸਾ ਸਥਾਨਕ ਵਿਕਾਸ ਲਈ ਸਰਕਾਰ ਕੋਲ ਜਾਵੇਗਾ।

ਸ਼ੁਰੂ ਵਿੱਚ ਹਰੇਕ ਮਾਈਨਰ ਨੂੰ 80,000 ਡਾਲਰ ਮਿਲੇ। ਇਹ ਉਸ ਤੋਂ ਕਈ ਗੁਣਾ ਵੱਧ ਸੀ ਜਿਸਦੀ ਸਫੀ ਅਤੇ ਜੌਨਬੁਲ ਨੇ ਕਲਪਨਾ ਕੀਤੀ ਸੀ । ਭਾਵੇਂ ਉਨ੍ਹਾਂ ਨੇ ਸਹਿਯੋਗ ਕਰਨ ਦਾ ਫੈਸਲਾ ਕੀਤਾ ਸੀ ਪਰ ਐਨਾ ਛੋਟਾ ਹਿੱਸਾ ਮਿਲਣ 'ਤੇ ਉਹ ਨਿਰਾਸ਼ ਵੀ ਸੀ।

ਹਿੱਸੇ ਦੇ ਸਾਰੇ ਪੈਸਾ ਖਰਚ ਹੋ ਗਏ

ਹੀਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੀਰਿਆਂ ਦੀ ਖੋਜ ਤੋਂ ਮਿਲਣ ਵਾਲਾ ਜ਼ਿਆਦਾਤਰ ਪੈਸਾ ਸਪਾਂਸਰ ਨੂੰ ਜਾਂਦਾ ਹੈ।

ਜੌਨਬੁਲ ਕਹਿੰਦਾ ਹੈ, “ਜਦੋਂ ਮੈਨੂੰ ਮੇਰਾ ਹਿੱਸਾ ਮਿਲਿਆ, ਤਾਂ ਮੈਂ ਇਸਨੂੰ ਬਿਨਾਂ ਛੂਹੇ ਇੱਕ ਹਫ਼ਤੇ ਲਈ ਆਪਣੇ ਕੋਲ ਰੱਖਿਆ। ਉਸ ਤੋਂ ਬਾਅਦ ਮੈਂ ਇੱਕ ਘਰ ਖਰੀਦਣ ਲਈ ਫ੍ਰੀਟਾਊਨ ਗਿਆ।"

ਸਫੀ ਆਪਣੀ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਜਾਣਾ ਚਾਹੁੰਦਾ ਸੀ ਅਤੇ ਜੌਨਬੁਲ ਵੀ ਉਸ ਨਾਲ ਉੱਥੇ ਜਾਣਾ ਚਾਹੁੰਦੇ ਸਨ।

ਉਹਨਾਂ ਨੇ ਆਪਣੀ ਯਾਤਰਾ, ਯੂਨੀਵਰਸਿਟੀ ਦੀਆਂ ਫੀਸਾਂ ਅਤੇ ਰਿਹਾਇਸ਼ ਨੂੰ ਪੂਰਾ ਕਰਨ ਲਈ ਇੱਕ ਏਜੰਟ ਨੂੰ 15,000 ਡਾਲਰ ਦਾ ਭੁਗਤਾਨ ਕੀਤਾ।

ਉਹਨਾਂ ਨੂੰ ਘਾਨਾ ਲਿਜਾਇਆ ਗਿਆ, ਜਿੱਥੇ ਉਹ ਛੇ ਮਹੀਨੇ ਰਹੇ ਅਤੇ ਉਹਨਾਂ ਦਾ ਬਹੁਤ ਸਾਰਾ ਪੈਸਾ ਖਰਚ ਹੋ ਗਿਆ।

ਪਰ ਇਹ ਯੋਜਨਾ ਉਦੋਂ ਮੂੰਧੀ ਪੈ ਗਈ ਜਦੋਂ ਉਹਨਾਂ ਦੀ ਵੀਜ਼ਾ ਅਰਜ਼ੀ ਰੱਦ ਕਰ ਦਿੱਤੀ ਗਈ।

ਜੌਨਬੁੱਲ ਸੀਅਰਾ ਲਿਓਨ ਵਾਪਸ ਪਰਤਿਆ। ਉਸ ਦੇ ਹਿੱਸੇ ਦੀ ਵੱਡੀ ਰਕਮ ਖਰਚ ਹੋ ਚੁੱਕੀ ਸੀ। ਜਦਕਿ ਸਫੀ ਨੇ ਆਪਣਾ ਨਵਾਂ ਸਫਰ ਸ਼ੁਰੂ ਕੀਤਾ ਹੈ।

ਫਿਰ ਉਹ ਕਿਸੇ ਤੀਜੇ ਦੇਸ਼ ਵਿਚ ਚਲੇ ਗਏ, ਜਿਸ ਦਾ ਨਾਂ ਉਹਨਾਂ ਦੀ ਸੁਰੱਖਿਆ ਕਾਰਨ ਇੱਥੇ ਨਹੀਂ ਦਿੱਤਾ ਜਾ ਰਿਹਾ ਹੈ। ਉੱਥੇ ਉਹਨਾਂ ਨੂੰ ਕਿਹਾ ਗਿਆ ਕਿ ਉਹ ਦਿਨ ਵੇਲੇ ਡਰਾਈਵਰ ਵਜੋਂ ਕੰਮ ਕਰ ਸਕਦੇ ਹਨ ਅਤੇ ਸ਼ਾਮ ਨੂੰ ਪੜ੍ਹਾਈ ਕਰ ਸਕਦੇ ਹਨ।

ਪਰ ਜਦੋਂ ਸਫੀ ਉੱਥੇ ਪਹੁੰਚੇ ਤਾਂ ਸੱਚਾਈ ਬਿਲਕੁਲ ਵੱਖਰੀ ਸੀ।

ਉਹ ਕਹਿੰਦੇ ਹਨ, “ਮੈਨੂੰ ਤਬੇਲੇ ਵਿੱਚ ਘੋੜਿਆਂ ਦੀ ਦੇਖਭਾਲ ਕਰਨੀ ਪੈਂਦੀ ਸੀ ਅਤੇ ਉੱਥੇ ਖਾਣਾ ਤੇ ਸੌਣਾ ਪੈਂਦਾ ਸੀ। ਬਾਕੀ ਵਰਕਰਾਂ ਨੂੰ ਰਿਹਾਇਸ਼ ਦਿੱਤੀ ਗਈ ਸੀ ਪਰ ਮੈਨੂੰ ਹਸਪਤਾਲ ਵਿੱਚ ਸੌਣ ਲਈ ਛੱਡ ਦਿੱਤਾ ਗਿਆ ਸੀ।”

ਸਫੀ ਨੂੰ ਉਮੀਦ ਨਹੀਂ ਸੀ ਕਿ ਹੀਰੇ ਦੀ ਦੌਲਤ ਕਿਸ ਤਰ੍ਹਾਂ ਦੀ ਜ਼ਿੰਦਗੀ ਪ੍ਰਦਾਨ ਕਰੇਗੀ, ਅਤੇ ਘਰ ਤੋਂ ਬਿਨਾਂ ਉਸਦੀ ਹਾਲਤ ਨਾਜ਼ੁਕ ਹੋ ਗਈ ਸੀ।

ਸਿਏਰਾ ਲਿਓਨ ਵਿੱਚ ਉਹਨਾਂ ਨੇ ਜੋ ਘਰ ਖਰੀਦਿਆ ਸੀ, ਉਸ ਤੋਂ ਇਲਾਵਾ ਉਹਨਾਂ ਦੇ ਹਿੱਸਾ ਖਰਚ ਹੋ ਚੁੱਕਾ ਸੀ। ਹੁਣ ਉਹ ਕਹਿੰਦਾ ਹੈ ਕਿ ਉਹ ਘਰ ਜਾਣਾ ਚਾਹੁੰਦੇ ਹਨ।

ਕੋਈ ਪਛਾਣ ਨਹੀਂ ਮਿਲੀ

ਜੌਨਬੁਲ
ਤਸਵੀਰ ਕੈਪਸ਼ਨ, ਜੌਨਬੁਲ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਇਸ ਰਕਮ ਨੂੰ ਵੱਖਰੇ ਤਰੀਕੇ ਨਾਲ ਖਰਚ ਕਰ ਸਕਦੇ ਸਨ।

ਇਨ੍ਹਾਂ ਲੋਕਾਂ ਦੇ ਦਿਲਾਂ ਵਿੱਚ ਸਭ ਤੋਂ ਵੱਡਾ ਦਰਦ ਇਹ ਹੈ ਕਿ ਉਨ੍ਹਾਂ ਨੂੰ ਕਦੇ ਵੀ ਆਪਣੀ ਖੋਜ ਦਾ ਸਹੀ ਸਿਹਰਾ ਨਹੀਂ ਮਿਲਿਆ।

ਮੀਡੀਆ ਰਿਪੋਰਟਾਂ ਮੁੱਖ ਤੌਰ 'ਤੇ ਪਾਦਰੀ 'ਤੇ ਕੇਂਦ੍ਰਿਤ ਸਨ ਜਿਨ੍ਹਾਂ ਨੇ ਇਨ੍ਹਾਂ ਲੋਕਾਂ ਨੂੰ ਮਾਈਨਿੰਗ ਲਈ ਨੌਕਰੀ ਦਿੱਤੀ ਸੀ। ਅਸਲ ਵਿੱਚ ਮਾਈਨਰਾਂ ਬਾਰੇ ਬਹੁਤ ਘੱਟ ਜ਼ਿਕਰ ਕੀਤਾ ਗਿਆ ਸੀ।

ਸਫੀ ਨੇ ਆਪਣੇ ਆਪ ਨੂੰ ਖੂੰਜੇ ਲੱਗਾ ਮਹਿਸੂਸ ਕੀਤਾ।

ਜੌਨਬੁਲ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਇਸ ਰਕਮ ਨੂੰ ਵੱਖਰੇ ਤਰੀਕੇ ਨਾਲ ਖਰਚ ਕਰ ਸਕਦੇ ਸਨ।

ਉਹ ਕਹਿੰਦੇ ਹਨ, “ਜਦੋਂ ਮੇਰੇ ਕੋਲ ਪੈਸੇ ਸਨ ਤਾਂ ਮੈਂ ਬਹੁਤ ਛੋਟਾ ਸੀ। ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੈਨੂੰ ਚੰਗਾ ਨਹੀਂ ਲੱਗਦਾ। ਉਸ ਸਮੇਂ ਮੈਂ ਸਿਰਫ ਦਿਖਾਵਾ ਕਰ ਰਿਹਾ ਸੀ, ਕੱਪੜੇ ਅਤੇ ਹੋਰ ਚੀਜ਼ਾਂ ਖਰੀਦ ਰਿਹਾ ਸੀ। ਤੁਸੀਂ ਜਾਣਦੇ ਹੋ ਕਿ ਨੌਜਵਾਨ ਇਹੀ ਕਰਦੇ ਹਨ।"

"ਜੇ ਮੈਂ ਹੋਰ ਪੈਸੇ ਕਮਾਉਣ ਲਈ ਵਿਦੇਸ਼ ਜਾਣ ਦੀ ਲਾਲਸਾ ਨਾ ਰੱਖੀ ਹੁੰਦੀ, ਤਾਂ ਮੈਂ ਬਰਬਾਦ ਕੀਤੇ ਪੈਸਿਆਂ ਨਾਲ ਬਹੁਤ ਕੁਝ ਕਰ ਸਕਦਾ ਸੀ।"

ਇਹ ਉਹ ਜੀਵਨ ਨਹੀਂ ਸੀ ਜਿਸਦੀ ਉਸਨੇ ਉਮੀਦ ਕੀਤੀ ਸੀ, ਪਰ ਜੌਨਬੁਲ ਵਰਤਮਾਨ ਵਿੱਚ ਫ੍ਰੀਟਾਊਨ ਵਿੱਚ ਇੱਕ ਚੰਗੀ ਜ਼ਿੰਦਗੀ ਜੀਅ ਰਿਹਾ ਹੈ ਅਤੇ ਅਲਮੀਨੀਅਮ ਦੀਆਂ ਖਿੜਕੀਆਂ ਬਣਾਉਂਦਾ ਹੈ। ਸਫੀ ਦੀ ਵਿਦੇਸ਼ ਵਸਣ ਦੀ ਇੱਛਾ ਪੂਰੀ ਨਹੀਂ ਹੋ ਸਕੀ।

ਜੌਨਬੁਲ ਕਹਿੰਦਾ ਹੈ, “ਜਦੋਂ ਮੈਂ ਪੈਦਾ ਹੋਇਆ ਸੀ ਤਾਂ ਮੇਰੇ ਮਾਤਾ-ਪਿਤਾ ਕੋਲ ਘਰ ਨਹੀਂ ਸੀ। ਮੇਰੇ ਬੱਚੇ ਫ੍ਰੀਟਾਊਨ ਵਿੱਚ ਆਪਣੇ ਪਿਤਾ ਦੇ ਘਰ ਵਿੱਚ ਵੱਡੇ ਹੋ ਰਹੇ ਹਨ। ਇਹ ਬਹੁਤ ਵੱਡੀ ਗੱਲ ਹੈ। ਮੇਰੇ ਬੱਚਿਆਂ ਨੂੰ ਉਹ ਦੁੱਖ ਨਹੀਂ ਦੇਖਣਗੇ ਜੋ ਮੈਂ ਝੱਲਿਆ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)