ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ: ਪਟਿਆਲਾ ਦੇ ਸ਼ਾਹੀ ਪਰਿਵਾਰ ਨੇ ਕਿਵੇਂ ਕ੍ਰਿਕਟ ਨੂੰ ਉਭਾਰਿਆ

ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ
ਤਸਵੀਰ ਕੈਪਸ਼ਨ, ਇਸ ਅਤਿ-ਆਧੁਨਿਕ ਸਟੇਡੀਅਮ ਵਿੱਚ ਬੈਠਣ ਦੀ ਸਮਰੱਥਾ ਲਗਭਗ 33,000 ਹੈ
    • ਲੇਖਕ, ਸੌਰਭ ਦੁੱਗਲ
    • ਰੋਲ, ਬੀਬੀਸੀ ਸਹਿਯੋਗੀ

ਪਟਿਆਲਾ ਦੇ ਸਾਬਕਾ ਸ਼ਾਸਕਾਂ ਦੀ ਸ਼ਾਨਦਾਰ ਖੇਡ ਵਿਰਾਸਤ ਨੂੰ ਢੁੱਕਵੀਂ ਸ਼ਰਧਾਂਜਲੀ ਦਿੰਦੇ ਹੋਏ ਮੋਹਾਲੀ ਦੇ ਮੁੱਲਾਂਪੁਰ ਵਿੱਚ ਨਵੇਂ ਬਣੇ ਕ੍ਰਿਕਟ ਸਟੇਡੀਅਮ ਦਾ ਨਾਮ ਸਾਬਕਾ ਟੈਸਟ ਕ੍ਰਿਕਟਰ ਅਤੇ ਪਟਿਆਲਾ ਦੇ ਆਖ਼ਰੀ ਸ਼ਾਸਕ ਮਹਾਰਾਜਾ ਯਾਦਵਿੰਦਰ ਸਿੰਘ ਦੇ ਨਾਮ ਉੱਤੇ ਰੱਖਿਆ ਗਿਆ ਹੈ।

ਇਹ ਸਟੇਡੀਅਮ ਆਪਣੀ ਸ਼ੁਰੂਆਤ ਕਰਨ ਲਈ ਤਿਆਰ ਹੈ। ਇੱਥੇ 23 ਮਾਰਚ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਇੰਡੀਅਨ ਪ੍ਰੀਮੀਅਰ ਲੀਗ-2024 ਦੇ ਮੁਕਾਬਲੇ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ।

ਇਸ ਅਤਿ-ਆਧੁਨਿਕ ਸਟੇਡੀਅਮ ਵਿੱਚ ਬੈਠਣ ਦੀ ਸਮਰੱਥਾ ਲਗਭਗ 33,000 ਹੈ ਅਤੇ ਹੁਣ ਇਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਅਲਾਟ ਕੀਤੇ ਗਏ ਸਾਰੇ ਅੰਤਰਰਾਸ਼ਟਰੀ ਮੈਚਾਂ ਦੀ ਮੇਜ਼ਬਾਨੀ ਕਰੇਗਾ, ਜੋ ਕਿ ਆਈਪੀਐੱਲ ਫਰੈਂਚਾਈਜ਼ੀ ਕਿੰਗਜ਼ ਇਲੈਵਨ ਪੰਜਾਬ ਲਈ ਘਰੇਲੂ ਮੈਦਾਨ ਵਜੋਂ ਕੰਮ ਕਰੇਗਾ।

ਮਹਾਰਾਜਾ ਯਾਦਵਿੰਦਰ ਦੇ ਪੁੱਤਰ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।

ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਦੂਜੇ ਕਾਰਜਕਾਲ ਦੌਰਾਨ ਰਾਜ ਦੀ ਕ੍ਰਿਕਟ ਦੀ ਗਵਰਨਿੰਗ ਬਾਡੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਮੁੱਲਾਂਪੁਰ ਵਿੱਚ ਉਨ੍ਹਾਂ ਦੇ ਬਣਨ ਵਾਲੇ ਸਟੇਡੀਅਮ ਦਾ ਨਾਮ ਪਟਿਆਲਾ ਦੇ ਆਖ਼ਰੀ ਸ਼ਾਸਕ ਮਹਾਰਾਜਾ ਯਾਦਵਿੰਦਰ ਸਿੰਘ ਦੇ ਨਾਮ ਉੱਤੇ ਰੱਖਿਆ ਜਾਵੇਗਾ।

ਸ਼ਾਹੀ ਪਰਿਵਾਰ ਦਾ ਖੇਡਾਂ ਨਾਲ ਪ੍ਰੇਮ

ਕੈਪਟਨ ਅਮਰਿੰਦਰ ਸਿੰਘ

ਤਸਵੀਰ ਸਰੋਤ, AMARINDER SINGH/FB

ਤਸਵੀਰ ਕੈਪਸ਼ਨ, ਕੈਪਟਨ ਅਮਰਿੰਦਰ ਸਿੰਘ

ਖੇਡਾਂ ਵਿੱਚ ਪਟਿਆਲਾ ਦੇ ਇਸ ਸ਼ਾਹੀ ਪਰਿਵਾਰ ਦੀ ਵਿਰਾਸਤ ਬਸਤੀਵਾਦੀ ਯੁੱਗ ਅਤੇ ਆਜ਼ਾਦੀ ਤੋਂ ਬਾਅਦ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਉਹ ਦੇਸ਼ ਵਿੱਚ ਕ੍ਰਿਕਟ ਅਤੇ ਓਲੰਪਿਕ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਸਨ।

ਵਿਸ਼ੇਸ਼ ਤੌਰ ’ਤੇ ਉਨ੍ਹਾਂ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਗਠਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਭਾਰਤ ਦੀ ਘਰੇਲੂ ਪਹਿਲੀ-ਸ਼੍ਰੇਣੀ ਕ੍ਰਿਕਟ ਚੈਂਪੀਅਨਸ਼ਿਪ ਦਾ ਸਿਖਰ ਯਾਨੀ ਵੱਕਾਰੀ ਰਣਜੀ ਟਰਾਫੀ ਦਾਨ ਦਿੱਤੀ।

ਕ੍ਰਿਕਟ ਪ੍ਰਤੀ ਪ੍ਰੇਮ ਰੱਖਣ ਵਾਲੇ ਇਸ ਪਰਿਵਾਰ ਵਿੱਚ ਪੈਦਾ ਹੋਏ ਮਹਾਰਾਜਾ ਯਾਦਵਿੰਦਰ ਸਿੰਘ ਨੇ ਇਸ ਖੇਡ ਵਿੱਚ ਅਮਿੱਟ ਛਾਪ ਛੱਡੀ। ਇਸ ਖੇਡ ਵਿੱਚ ਸੀਮਤ ਮੌਜਦੂਗੀ ਦੇ ਬਾਵਜੂਦ ਉਨ੍ਹਾਂ ਦੀ ਪ੍ਰਤਿਭਾ ਨਿੱਖਰ ਕੇ ਸਾਹਮਣੇ ਆਈ। 1934 ਵਿੱਚ ਇੰਗਲੈਂਡ ਦੇ ਖਿਲਾਫ਼ ਆਪਣੇ ਇਕਲੌਤੇ ਟੈਸਟ ਮੈਚ ਵਿੱਚ ਉਨ੍ਹਾਂ ਨੇ ਅਰਧ ਸੈਂਕੜੇ ਵਾਲੀ ਪਾਰੀ (24 ਅਤੇ 60) ਸਮੇਤ 84 ਦੌੜਾਂ ਬਣਾ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।

ਪੰਜ ਵਾਰ ਦੇ ਸ਼ੂਟਿੰਗ ਓਲੰਪੀਅਨ ਰਹਿ ਚੁੱਕੇ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਦੇ ਭਤੀਜੇ ਰਾਜਾ ਰਣਧੀਰ ਸਿੰਘ ਨੇ ਕਿਹਾ, ‘‘ਖੇਡਾਂ ਪਟਿਆਲਾ ਪਰਿਵਾਰ ਦੇ ਖੂਨ ਵਿੱਚ ਰਚੀਆਂ ਹੋਈਆਂ ਹਨ, ਅਤੇ ਕ੍ਰਿਕਟ ਇੱਕ ਅਜਿਹੀ ਖੇਡ ਹੈ ਜਿਸ ਨੂੰ ਨਾ ਸਿਰਫ਼ ਪਰਿਵਾਰ ਦੁਆਰਾ ਸਰਪ੍ਰਸਤੀ ਦਿੱਤੀ ਗਈ, ਬਲਕਿ ਇਸ ਦੇ ਖਿਡਾਰੀਆਂ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈ।’’

‘‘ਇਸ ਦੀ ਸ਼ੁਰੂਆਤ ਮੇਰੇ ਪੜਦਾਦਾ ਮਹਾਰਾਜਾ ਰਾਜਿੰਦਰ ਸਿੰਘ ਤੋਂ ਹੋਈ, ਫਿਰ ਮੇਰੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਅਤੇ ਬਾਅਦ ਵਿੱਚ ਮੇਰੇ ਪਿਤਾ ਰਾਜਾ ਭਲਿੰਦਰਾ ਸਿੰਘ ਅਤੇ ਉਨ੍ਹਾਂ ਦੇ ਵੱਡੇ ਭਰਾ ਮਹਾਰਾਜਾ ਯਾਦਵਿੰਦਰ ਸਿੰਘ ਨੇ ਪਰਿਵਾਰ ਦੀ ਕ੍ਰਿਕਟ ਵਿਰਾਸਤ ਵਿੱਚ ਯੋਗਦਾਨ ਪਾਇਆ।’’

ਇਹ ਵੀ ਪੜ੍ਹੋ-

ਮਹਾਰਾਜਾ ਯਾਦਵਿੰਦਰ ਸਿੰਘ ਦਾ ਸਾਸ਼ਨ ਤੇ ਖੇਡ ਸਫ਼ਰ

ਯਾਦਵਿੰਦਰ ਸਿੰਘ ਨੂੰ 1932 ਵਿੱਚ ਇੰਗਲੈਂਡ ਦੌਰੇ ਲਈ ਚੁਣਿਆ ਗਿਆ ਸੀ, ਪਰ ਉਹ ਟੀਮ ਦੇ ਨਾਲ ਨਹੀਂ ਜਾ ਸਕੇ।

ਰਾਜਾ ਰਣਧੀਰ ਸਿੰਘ ਓਲੰਪਿਕ ਕੌਂਸਲ ਆਫ ਏਸ਼ੀਆ ਦੇ ਕਾਰਜਕਾਰੀ ਪ੍ਰਧਾਨ ਹਨ।

ਉਹ ਕਹਿੰਦੇ ਹਨ, ‘‘ਮਹਾਰਾਜਾ ਯਾਦਵਿੰਦਰ ਸਿੰਘ ਮਹਾਨ ਕ੍ਰਿਕਟਰ ਸਨ ਅਤੇ ਉਨ੍ਹਾਂ ਨੇ ਪਟਿਆਲਾ ਦੇ ਯੁਵਰਾਜ ਵਜੋਂ 1934 ਵਿੱਚ ਮਦਰਾਸ, ਹੁਣ ਚੇਨਈ ਵਿੱਚ ਭਾਰਤ ਲਈ ਇੱਕ ਟੈਸਟ ਮੈਚ ਖੇਡਿਆ ਸੀ। ਉਹ ਦੇਸ਼ ਲਈ ਹੋਰ ਵੀ ਖੇਡ ਸਕਦੇ ਸਨ, ਪਰ ਰਾਜ ਦੇ ਕੰਮ ਦੇ ਦਬਾਅ ਕਾਰਨ ਉਹ ਉਸ ਵਿੱਚ ਰੁੱਝ ਗਏ।’’

ਆਪਣੇ ਲੰਬੇ ਕੱਦ 6’4.5’’ ਲਈ ਪ੍ਰਸਿੱਧ ਯਾਦਵਿੰਦਰ ਨਿਪੁੰਨ ਆਲਰਾਊਂਡਰ ਸਨ, ਉਨ੍ਹਾਂ ਨੇ 52 ਪਹਿਲੀ-ਸ਼੍ਰੇਣੀ ਮੈਚਾਂ ਵਿੱਚ 1,629 ਦੌੜਾਂ ਬਣਾਈਆਂ ਅਤੇ 50 ਵਿਕਟਾਂ ਲਈਆਂ।

ਉਨ੍ਹਾਂ ਨੇ 1935-36 ਵਿੱਚ ਜੈਕ ਰਾਈਡਰ ਦੀ ਆਸਟਰੇਲੀਆਈ ਟੀਮ ਦੇ ਖਿਲਾਫ਼ ਇੱਕ ਗੈਰ ਰਸਮੀ ਟੈਸਟ ਮੈਚ ਵਿੱਚ ਭਾਰਤ ਦੀ ਕਪਤਾਨੀ ਵੀ ਕੀਤੀ ਸੀ।

ਯਾਦਵਿੰਦਰ ਸਿੰਘ ਨੇ ਪਟਿਆਲਾ ਦੇ ਯੁਵਰਾਜ ਵਜੋਂ ਕ੍ਰਿਕਟ ਖੇਡਿਆ, ਅਤੇ 1938 ਵਿੱਚ ਆਪਣੇ ਪਿਤਾ ਮਹਾਰਾਜਾ ਭੁਪਿੰਦਰ ਸਿੰਘ ਦੇ ਦੇਹਾਂਤ ਤੋਂ ਬਾਅਦ, ਉਹ ਮਹਾਰਾਜਾ ਯਾਦਵਿੰਦਰ ਸਿੰਘ ਬਣ ਗਏ ਅਤੇ ਆਜ਼ਾਦੀ ਦੇ ਸਮੇਂ 15 ਅਗਸਤ 1947 ਤੱਕ ਪਟਿਆਲਾ ਰਿਆਸਤ ’ਤੇ ਰਾਜ ਕਰਦੇ ਰਹੇ।

ਰਾਜਾ ਰਣਧੀਰ ਸਿੰਘ ਯਾਦ ਕਰਦੇ ਹੋਏ ਦੱਸਦੇ ਹਨ ਕਿ, ‘‘ਪਟਿਆਲਾ ਦਾ ਮਹਾਰਾਜਾ ਬਣਨ ਤੋਂ ਬਾਅਦ ਵੀ ਕ੍ਰਿਕਟ ਪ੍ਰਤੀ ਉਨ੍ਹਾਂ ਦਾ ਪਿਆਰ ਬਰਕਰਾਰ ਰਿਹਾ ਅਤੇ ਉਹ ਨਿਯਮਤ ਤੌਰ ’ਤੇ ਪਟਿਆਲਾ ਦੇ ਬਾਰਾਂਦਰੀ ਕ੍ਰਿਕਟ ਮੈਦਾਨ ਵਿੱਚ ਕ੍ਰਿਕਟ ਖੇਡਦੇ ਸਨ।’’

ਮਹਾਰਾਜਾ ਯਾਦਵਿੰਦਰ ਸਿੰਘ
ਤਸਵੀਰ ਕੈਪਸ਼ਨ, ਕ੍ਰਿਕਟ ਪ੍ਰੇਮੀ ਹੋਣ ਤੋਂ ਇਲਾਵਾ, ਮਹਾਰਾਜਾ ਯਾਦਵਿੰਦਰ ਸਿੰਘ ਭਾਰਤ ਵਿੱਚ ਓਲੰਪਿਕ ਲਹਿਰ ਦੇ ਸਰਪ੍ਰਸਤ ਸਨ।

‘‘ਪਟਿਆਲਾ ਦੇ ਮਹਾਰਾਜਾ ਦੀ XI ਕ੍ਰਿਕਟ ਟੀਮ ਭਾਰਤ ਦੀਆਂ ਚੋਟੀ ਦੀਆਂ ਟੀਮਾਂ ਵਿੱਚੋਂ ਇੱਕ ਹੋਇਆ ਕਰਦੀ ਸੀ ਅਤੇ ਲਾਲਾ ਅਮਰਨਾਥ ਵਰਗੇ ਮਹਾਨ ਭਾਰਤੀ ਖਿਡਾਰੀ ਇਸ ਟੀਮ ਦੇ ਹੀ ਉਤਪਾਦ ਸਨ।’’

ਖੇਡਾਂ ਨਾਲ ਪਟਿਆਲਾ ਪਰਿਵਾਰ ਦੀ ਸਾਂਝ ਮਹਾਰਾਜਾ ਰਜਿੰਦਰ ਸਿੰਘ ਤੋਂ ਸ਼ੁਰੂ ਹੋਈ, ਜਿਨ੍ਹਾਂ ਨੇ 1876 ਤੋਂ 1900 ਤੱਕ ਪਟਿਆਲਾ ਦੇ ਮਹਾਰਾਜਾ ਵਜੋਂ ਰਾਜ ਕੀਤਾ। ਉਨ੍ਹਾਂ ਨੇ ਕ੍ਰਿਕਟ ਦੀ ਸਰਪ੍ਰਸਤੀ ਕੀਤੀ ਅਤੇ ਉਹ ਮਹਾਨ ਪੋਲੋ ਖਿਡਾਰੀ ਸਨ।

ਉਨ੍ਹਾਂ ਦੇ ਪੁੱਤਰ ਮਹਾਰਾਜਾ ਭੁਪਿੰਦਰ ਸਿੰਘ (ਯਾਦਵਿੰਦਰ ਸਿੰਘ ਦੇ ਪਿਤਾ) ਨੇ 1911 ਵਿੱਚ ਕ੍ਰਿਕਟ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਇੰਗਲੈਂਡ ਦੇ ਦੌਰੇ ’ਤੇ ਭਾਰਤੀ ਟੀਮ ਦੀ ਅਗਵਾਈ ਕੀਤੀ ਅਤੇ 1926-27 ਵਿੱਚ ਜਦੋਂ ਕਲੱਬ ਨੇ ਭਾਰਤ ਦਾ ਦੌਰਾ ਕੀਤਾ ਤਾਂ ਉਹ ਪ੍ਰਸਿੱਧ ਮੈਲਬੋਰਨ ਕ੍ਰਿਕਟ ਕਲੱਬ ਲਈ ਵੀ ਖੇਡੇ।

ਰਾਜਾ ਰਣਧੀਰ ਸਿੰਘ ਨੇ ਦੱਸਿਆ, ‘‘1932 ਵਿੱਚ ਭਾਰਤ ਦੇ ਪਹਿਲੇ ਟੈਸਟ ਦੌਰੇ ਲਈ ਟਰਾਇਲ ਪਟਿਆਲਾ ਪਰਿਵਾਰ ਦੁਆਰਾ ਕੀਤੇ ਗਏ ਸਨ, ਅਤੇ ਮਹਾਰਾਜਾ ਭੁਪਿੰਦਰ ਸਿੰਘ ਨੂੰ ਟੀਮ ਦੀ ਅਗਵਾਈ ਕਰਨ ਲਈ ਨਿਯੁਕਤ ਕੀਤਾ ਗਿਆ ਸੀ, ਪਰ ਸਿਹਤ ਸਮੱਸਿਆਵਾਂ ਕਾਰਨ ਉਹ ਉਨ੍ਹਾਂ ਦੇ ਨਾਲ ਨਹੀਂ ਜਾ ਸਕੇ।’’

‘‘1933 ਵਿੱਚ ਪਰਿਵਾਰ ਨੇ ਪਹਿਲੀ ਸ਼੍ਰੇਣੀ ਦੇ ਮੁਕਾਬਲੇ ਦੇ ਜੇਤੂਆਂ ਲਈ ਕੇ.ਐੱਸ.ਰਣਜੀਤ ਸਿੰਘ ਦੇ ਸਨਮਾਨ ਵਿੱਚ ਰਣਜੀ ਟਰਾਫੀ ਦਾਨ ਕੀਤੀ ਸੀ, ਜੋ ਅੱਜ ਵੀ ਖੇਡੀ ਜਾਂਦੀ ਹੈ।’’

ਬਾਅਦ ਵਿੱਚ ਪਟਿਆਲਾ ਦੇ ਯੁਵਰਾਜ ਵਜੋਂ ਮਹਾਰਾਜਾ ਯਾਦਵਿੰਦਰ ਸਿੰਘ, ਫਿਰ ਉਨ੍ਹਾਂ ਦੇ ਛੋਟੇ ਭਰਾ ਭਲਿੰਦਰ ਸਿੰਘ, ਜਿਨ੍ਹਾਂ ਨੇ 13 ਪਹਿਲੀ ਸ਼੍ਰੇਣੀ ਦੇ ਮੈਚ ਵੀ ਖੇਡੇ ਸਨ, ਪਰਿਵਾਰ ਦੀ ਇਸ ਕਤਾਰ ਵਿੱਚ ਸ਼ਾਮਲ ਹੋਏ।

ਮਹਾਨ ਕ੍ਰਿਕਟ ਪ੍ਰੇਮੀ ਹੋਣ ਤੋਂ ਇਲਾਵਾ, ਮਹਾਰਾਜਾ ਯਾਦਵਿੰਦਰ ਸਿੰਘ ਭਾਰਤ ਵਿੱਚ ਓਲੰਪਿਕ ਲਹਿਰ ਦੇ ਸਰਪ੍ਰਸਤ ਸਨ।

ਆਈਓਏ ਦੀ ਪ੍ਰਧਾਨਗੀ

ਯਾਦਵਿੰਦਰ ਸਿੰਘ
ਤਸਵੀਰ ਕੈਪਸ਼ਨ, ਯਾਦਵਿੰਦਰ ਸਿੰਘ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਦੋਵਾਂ ਯੁੱਗਾਂ ਦੌਰਾਨ ਭਾਰਤੀ ਓਲੰਪਿਕ ਸੰਸਥਾ ਦੀ ਅਗਵਾਈ ਕੀਤੀ।

ਯਾਦਵਿੰਦਰ ਸਿੰਘ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਦੋਵਾਂ ਯੁੱਗਾਂ ਦੌਰਾਨ ਭਾਰਤੀ ਓਲੰਪਿਕ ਸੰਸਥਾ ਦੀ ਅਗਵਾਈ ਕੀਤੀ।

ਉਨ੍ਹਾਂ ਨੇ 1938 ਤੋਂ 1960 ਤੱਕ ਆਈਓਏ (IOA) ਦੇ ਪ੍ਰਧਾਨ ਵਜੋਂ ਸੇਵਾ ਕੀਤੀ ਅਤੇ 1951 ਵਿੱਚ ਨਵੀਂ ਦਿੱਲੀ ਵਿੱਚ ਏਸ਼ਿਆਈ ਖੇਡਾਂ ਦੇ ਉਦਘਾਟਨੀ ਸਮਾਰੋਹ ਦੇ ਪ੍ਰਬੰਧਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਰਾਜਾ ਰਣਧੀਰ ਸਿੰਘ ਨੇ ਦੱਸਿਆ,‘‘ਕ੍ਰਿਕਟ ਤੋਂ ਇਲਾਵਾ, ਮਹਾਰਾਜਾ ਯਾਦਵਿੰਦਰ ਸਿੰਘ ਨੇ ਭਾਰਤ ਅਤੇ ਏਸ਼ੀਆ ਦੋਵਾਂ ਵਿੱਚ ਓਲੰਪਿਕ ਲਹਿਰ ਦੇ ਵਿਕਾਸ ਵਿੱਚ ਬਹੁਤ ਯੋਗਦਾਨ ਪਾਇਆ। ਪਟਿਆਲਾ ਸ਼ਾਹੀ ਪਰਿਵਾਰ ਦੇ ਤਿੰਨ ਮੈਂਬਰ ਏਸ਼ੀਆ ਦੀ ਓਲੰਪਿਕ ਸੰਸਥਾ ਦੀ ਅਗਵਾਈ ਕਰ ਚੁੱਕੇ ਹਨ।’’

‘‘ਜਦੋਂ ਏਸ਼ੀਆ ਵਿੱਚ ਮਹਾਂਦੀਪੀ ਖੇਡਾਂ ਦਾ ਵਿਚਾਰ ਆਇਆ ਉਦੋਂ ਮਹਾਰਾਜਾ ਯਾਦਵਿੰਦਰ ਸਿੰਘ ਏਸ਼ੀਆ ਦੀ ਓਲੰਪਿਕ ਸੰਸਥਾ ਦੇ ਮੁਖੀ ਸਨ। ਉਨ੍ਹਾਂ ਦੇ ਕਾਰਜਕਾਲ ਵਿੱਚ ਏਸ਼ਿਆਈ ਖੇਡਾਂ ਦਾ ਉਦਘਾਟਨੀ ਸਮਾਰੋਹ ਹੋਇਆ।’’

‘‘ਬਾਅਦ ਵਿੱਚ, ਭਾਰਤ ਨੇ 1982 ਵਿੱਚ ਏਸ਼ੀਅਨ ਖੇਡਾਂ ਦੀ ਮੇਜ਼ਬਾਨੀ ਕੀਤੀ, ਜਿਸ ਦੌਰਾਨ ਮਹਾਰਾਜਾ ਯਾਦਵਿੰਦਰ ਸਿੰਘ ਦੇ ਛੋਟੇ ਭਰਾ ਭਲਿੰਦਰ ਸਿੰਘ ਏਸ਼ਿਆਈ ਸੰਸਥਾ ਦੀ ਅਗਵਾਈ ਕਰ ਰਹੇ ਸਨ। ਹੁਣ ਪਿਛਲੇ ਸਾਲ ਹਾਂਗਜ਼ੂ ਵਿੱਚ ਹੋਈਆਂ ਏਸ਼ਿਆਈ ਖੇਡਾਂ ਦੌਰਾਨ, ਮੈਂ ਏਸ਼ਿਆਈ ਓਲੰਪਿਕ ਕੌਂਸਲ ਦੀ ਅਗਵਾਈ ਕਰ ਰਿਹਾ ਸੀ।’’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)