ਅੰਡਰ 19 ਵਿਸ਼ਵ ਕੱਪ: ਪੰਜਾਬ ਤੋਂ ਖੇਡਦੇ ਉਦੈ ਸਹਾਰਨ ਨੂੰ ਇਸ ਖੂਬੀ ਨੇ ਭਾਰਤੀ ਟੀਮ ਤੱਕ ਪਹੁੰਚਾਇਆ

ਤਸਵੀਰ ਸਰੋਤ, ALEX DAVIDSON-ICC/ICC VIA GETTY IMAGES
- ਲੇਖਕ, ਵਿਧਾਂਸ਼ੂ ਕੁਮਾਰ
- ਰੋਲ, ਖੇਡ ਪੱਤਰਕਾਰ ਬੀਬੀਸੀ ਲਈ
ਰਾਜਸਥਾਨ ਦੇ ਸ਼੍ਰੀਗੰਗਾਨਗਰ ਦੇ ਰਹਿਣ ਵਾਲੇ ਸੰਜੀਵ ਸਹਾਰਨ ਕ੍ਰਿਕਟਰ ਬਣਨਾ ਚਾਹੁੰਦੇ ਸੀ।
ਘਰੇਲੂ ਪੱਧਰ 'ਤੇ ਉਹ ਥੋੜ੍ਹਾ-ਬਹੁਤ ਖੇਡ ਰਹੇ ਸੀ, ਪਰ ਪਰਿਵਾਰਕ ਜ਼ਿੰਮੇਵਾਰੀਆਂ ਉਨ੍ਹਾਂ ਨੂੰ ਖੇਡਾਂ ਨਾਲੋਂ ਪੜ੍ਹਾਈ ਵੱਲ ਧੱਕ ਰਹੀਆਂ ਸਨ, ਤਾਂ ਜੋ ਉਹ ਸੁਰੱਖਿਅਤ ਕਰੀਅਰ ਬਣਾ ਸਕਣ।
ਸੰਜੀਵ ਨੇ ਕ੍ਰਿਕਟ ਛੱਡ ਦਿੱਤੀ, ਆਯੁਰਵੇਦ ਦੀ ਪੜ੍ਹਾਈ ਕੀਤੀ ਅਤੇ ਡਾਕਟਰ ਵੀ ਬਣ ਗਏ, ਪਰ ਕ੍ਰਿਕਟਰ ਨਾ ਬਣਨ ਦਾ ਮਲਾਲ ਹਮੇਸ਼ਾ ਮਨ ਵਿੱਚ ਰਿਹਾ।
ਉਨ੍ਹਾਂ ਨੇ ਆਪਣੇ ਬੇਟੇ ਉਦੈ ਰਾਹੀਂ ਇਸ ਸੁਪਨੇ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ ਅਤੇ ਕੋਈ ਕਸਰ ਬਾਕੀ ਨਹੀਂ ਛੱਡੀ।
ਉਸ ਦੀ ਲਗਨਣ ਅਤੇ ਪੁੱਤਰ ਉਦੈ ਦੀ ਸਖ਼ਤ ਮਿਹਨਤ ਦਾ ਫਲ ਉਦੋਂ ਮਿਲਿਆ ਜਦੋਂ ਮੰਗਲਵਾਰ ਨੂੰ, ਉਦੇ ਨੇ ਕਪਤਾਨੀ ਦੀ ਪਾਰੀ ਖੇਡੀ ਅਤੇ ਭਾਰਤ ਨੂੰ ICCC ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਥਾਂ ਦਵਾਈ।
ਸ਼੍ਰੀਗੰਗਾਨਗਰ ਵਿੱਚ ਜਿੱਥੇ ਉਦੈ ਸਹਾਰਨ ਦੇ ਪਰਿਵਾਰ ਅਤੇ ਪੂਰੇ ਸ਼ਹਿਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ, ਉਥੇ ਹੀ ਭਾਰਤੀ ਜੂਨੀਅਰ ਟੀਮ ਦੀ ਇਸ ਸਫਲਤਾ ਦੀ ਪੂਰੇ ਭਾਰਤ ਵਿੱਚ ਸ਼ਲਾਘਾ ਹੋਈ।
ਸੈਮੀਫਾਈਨਲ ਦੀ ਅਜ਼ਮਾਇਸ਼

ਤਸਵੀਰ ਸਰੋਤ, ALEX DAVIDSON-ICC/ICC VIA GETTY IMAGES
ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਇਆ। ਭਾਰਤੀ ਟੀਮ ਨੂੰ ਜਿੱਤ ਲਈ 245 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਜਦੋਂ ਉਦੇ ਬੱਲੇਬਾਜ਼ੀ ਕਰਨ ਆਏ ਉਦੋਂ ਤੱਕ ਪਹਿਲੀਆਂ ਦੋ ਵਿਕਟਾਂ ਸਿਰਫ਼ 8 ਦੌੜਾਂ ਉੱਤੇ ਹੀ ਡਿੱਗ ਚੁੱਕੀਆਂ ਸਨ।
ਉਨ੍ਹਾਂ ਕੋਲ ਪਾਰੀ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸੀ, ਪਰ ਜ਼ਬਰਦਸਤ ਤੇਜ਼ ਗੇਂਦਬਾਜ਼ੀ ਦੇ ਸਾਹਮਣੇ ਦੂਜੇ ਸਿਰੇ ਤੋਂ ਵਿਕਟਾਂ ਡਿੱਗ ਰਹੀਆਂ ਸਨ। ਜਲਦੀ ਹੀ ਭਾਰਤੀ ਟੀਮ ਨੇ 12ਵੇਂ ਓਵਰ ਵਿੱਚ 32 ਦੌੜਾਂ 'ਤੇ ਚਾਰ ਵਿਕਟਾਂ ਗੁਆ ਦਿੱਤੀਆਂ।
ਇੱਥੋਂ ਜਿੱਤ ਮੁਸ਼ਕਲ ਜਾਪਦੀ ਸੀ ਪਰ ਉਦੈ ਨੇ ਹਾਰ ਨਹੀਂ ਮੰਨੀ। ਸਾਥੀ ਖਿਡਾਰੀ ਸਚਿਨ ਧਾਸ ਨਾਲ ਮਿਲ ਕੇ ਹੌਲੀ-ਹੌਲੀ ਪਾਰੀ ਨੂੰ ਅੱਗੇ ਵਧਾਇਆ।
ਸਚਿਨ ਤੇਂਦੁਲਕਰ ਦੇ ਨਾਂ ਉੱਤੇ ਆਪਣਾ ਨਾਂ ਲੈਣ ਵਾਲੇ ਸਚਿਨ ਧਾਸ ਨੇ ਵੀ ਹਮਲਾਵਰ ਬੱਲੇਬਾਜ਼ੀ ਕੀਤੀ ਅਤੇ ਪਾਰੀ ਨੂੰ ਚੌਕੇ-ਛੱਕਿਆਂ ਨਾਲ ਸਜਾਇਆ।
ਦੂਜੇ ਸਿਰੇ 'ਤੇ, ਉਦੈ ਸਾਰਾ ਦਬਾਅ ਆਪਣੇ ਮੋਢਿਆ ਉੱਤੇ ਚੁੱਕੀ ਖੜ੍ਹੇ ਸਨ ਅਤੇ ਸਿੰਗਲਜ਼ ਲੈ ਕੇ ਸਿਰੇ ਬਦਲਦੇ ਰਹੇ। ਜੇਕਰ ਗੇਂਦ ਸੌਖੀ ਹੁੰਦੀ ਤਾਂ ਉਹ ਚੌਕੇ ਲਗਾ ਦਿੰਦੇ ਪਰ ਇਹ ਪਾਰੀ ਸਬਰ ਨਾਲ ਭਰੀ ਹੋਈ ਸੀ।
ਉਹ ਵਾਰ-ਵਾਰ ਸਚਿਨ ਕੋਲ ਜਾ ਕੇ ਟਿਕੇ ਰਹਿਣ ਨੂੰ ਕਹਿੰਦੇ। ਦੋਵਾਂ ਨੇ ਮਿਲ ਕੇ 174 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਸਚਿਨ 96 ਦੌੜਾਂ ਬਣਾ ਕੇ ਆਊਟ ਹੋ ਗਏ।
ਉਦੈ ਆਖ਼ਰੀ ਓਵਰਾਂ ਵਿੱਚ ਟਿਕੇ ਰਹੇ ਅਤੇ ਜਿੱਤ ਤੋਂ ਸਿਰਫ਼ ਇੱਕ ਦੌੜ ਪਹਿਲਾਂ ਰਨ ਆਊਟ ਹੋ ਗਏ ਪਰ ਉਦੋਂ ਤੱਕ ਜਿੱਤ ਭਾਰਤ ਦੀ ਝੋਲੀ ਵਿੱਚ ਸੀ ਕਿਉਂਕਿ ਟੀਮ ਨੇ ਬਿਨਾਂ ਕੋਈ ਹੋਰ ਵਿਕਟ ਗੁਆਏ ਟੀਚਾ ਹਾਸਲ ਕਰ ਲਿਆ।
ਦਬਾਅ ਵਿੱਚ ਉਦੇ ਸਹਾਰਨ ਦੀ ਪਰਿਪੱਕ ਪਾਰੀ ਦੀ ਹਰ ਕਿਸੇ ਨੇ ਤਾਰੀਫ਼ ਕੀਤੀ ਹੈ। ਪਰ ਸ਼੍ਰੀਗੰਗਾਨਗਰ ਵਿੱਚ ਟੀਵੀ ਉੱਤੇ ਮੈਚ ਦੇਖ ਰਹੇ ਉਸ ਦੇ ਪਿਤਾ ਨੂੰ ਭਰੋਸਾ ਸੀ ਕਿ ਉਦੇ ਮੈਚ ਜਿੱਤੇਗਾ।
ਉਨ੍ਹਾਂ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ, "ਉਦੈ ਵਿੱਚ ਬਚਪਨ ਤੋਂ ਹੀ ਲੀਡਰਸ਼ਿਪ ਦੇ ਗੁਣ ਸਨ। ਉਹ ਜ਼ਿੰਮੇਵਾਰੀ ਨਾਲ ਖੇਡਦਾ ਸੀ। ਜਦੋਂ ਵੀ ਮੈਂ ਉਸ ਨੂੰ ਕੋਈ ਤਕਨੀਕ ਸਿਖਾਉਂਦਾ ਸੀ, ਤਾਂ ਉਹ ਉਸ ਨੂੰ ਸਿੱਖਦਾ ਸੀ ਅਤੇ ਆਪਣੇ ਸਾਥੀ ਖਿਡਾਰੀਆਂ ਨੂੰ ਵੀ ਸਿਖਾਉਂਦਾ ਸੀ।"
ਖੁਦ ਉਦੈ ਨੇ ਵੀ ਜਿੱਤ ਦਾ ਸਿਹਰਾ ਆਪਣੇ ਪਿਤਾ ਨੂੰ ਦਿੱਤਾ।
ਪਿਤਾ ਨੇ ਸਿਖਾਏ ਗੁਰ

ਤਸਵੀਰ ਸਰੋਤ, MATTHEW LEWIS-ICC/ICC VIA GETTY IMAGES
4 ਅਪ੍ਰੈਲ 2004 ਨੂੰ ਸ਼੍ਰੀਗੰਗਾਨਗਰ ਵਿੱਚ ਜਨਮੇ ਉਦੈ ਸਹਾਰਨ ਨੇ 12 ਸਾਲ ਦੀ ਉਮਰ ਵਿੱਚ ਹੀ ਕ੍ਰਿਕਟ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ ਸੀ।
ਉਨ੍ਹਾਂ ਦੇ ਪਿਤਾ ਉਦੋਂ ਤੱਕ ਬੀਸੀਸੀਆਈ ਦੇ ਲੈਵਲ ਵਨ ਕੋਚ ਬਣ ਚੁੱਕੇ ਸਨ। ਉਹ ਹੀ ਸੀ ਜਿਨ੍ਹਾਂ ਨੇ ਉਦੈ ਨੂੰ ਸ਼ੁਰੂਆਤੀ ਸਿਖਲਾਈ ਦਿੱਤੀ ਸੀ।
ਆਪਣੇ ਸਮੇਂ ਵਿੱਚ ਘਰੇਲੂ ਕ੍ਰਿਕਟ ਖੇਡਣ ਵਾਲੇ ਸੰਜੀਵ ਨੂੰ ਆਪਣੀ ਮਜ਼ਬੂਤ ਬੱਲੇਬਾਜ਼ੀ ਵਾਲੀ ਤਕਨੀਕ ਕਾਰਨ ਟੀਮ ਦਾ ਗਾਵਸਕਰ ਮੰਨਿਆ ਜਾਂਦਾ ਸੀ। ਉਹਨਾਂ ਨੇ ਉਦੈ ਵਿਚ ਮਜ਼ਬੂਤ ਤਕਨੀਕ ਦੀ ਨੀਂਹ ਵੀ ਰੱਖੀ।
ਸੰਜੀਵ ਨੇ ਉਦੈ ਨੂੰ ਇਹ ਵੀ ਸਿਖਾਇਆ ਕਿ ਕਿਵੇਂ ਮੈਚ ਨੂੰ ਅੰਤ ਤੱਕ ਲੈ ਕੇ ਜਾਣਾ ਹੈ ਅਤੇ ਉਲਟ ਹਾਲਾਤਾਂ ਵਿੱਚ ਵੀ ਹਾਰ ਨਹੀਂ ਮੰਨਣੀ।
ਉਦੈ ਨੂੰ ਪਤਾ ਲੱਗਾ ਕਿ ਜਦੋਂ ਹਰ ਗੇਂਦ ਉੱਤੇ ਇੱਕ ਜਾਂ ਦੋ ਦੌੜਾਂ ਬਣਾਈਆਂ ਜਾ ਸਕਦੀਆਂ ਹਨ ਤਾਂ ਛੱਕੇ ਮਾਰਨ ਦੀ ਲੋੜ ਨਹੀਂ ਹੈ ਅਤੇ ਲੋੜ ਪੈਣ 'ਤੇ ਚੌਕੇ ਵੀ ਮਾਰੇ ਜਾਣਗੇ।
14 ਸਾਲ ਦੀ ਉਮਰ ਤੱਕ ਉਨ੍ਹਾਂ ਨੂੰ ਬਿਹਤਰ ਕੋਚਿੰਗ ਲਈ ਪੰਜਾਬ ਭੇਜ ਦਿੱਤਾ ਗਿਆ। ਪੰਜਾਬ ਤੋਂ ਹੀ ਉਦੈ ਨੇ ਅੰਡਰ-14, ਫਿਰ ਅੰਡਰ-16 ਅਤੇ ਅੰਡਰ-19 ਖੇਡ ਕੇ ਭਾਰਤ ਦੀ ਅੰਡਰ-19 ਟੀਮ 'ਚ ਜਗ੍ਹਾ ਬਣਾਈ।
ਪੰਜਾਬ ਦੇ ਰਣਜੀ ਕਪਤਾਨ ਮਨਦੀਪ ਸਿੰਘ ਨੇ ਇਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, "ਖੇਡ ਨੂੰ ਲੈ ਕੇ ਉਦੈ ਦੀ ਸਮਝ ਬਹੁਤ ਚੰਗੀ ਹੈ। ਉਹ ਨਾ ਸਿਰਫ ਆਪਣੇ ਸੀਨੀਅਰਾਂ ਨਾਲ ਟ੍ਰੇਨਿੰਗ ਵਿੱਚ ਹਿੱਸਾ ਲੈਂਦਾ, ਸਗੋਂ ਹਰ ਮਾਮਲੇ ਵਿੱਚ ਟਾਪ ਕਰਨਾ ਚਾਹੁੰਦਾ ਸੀ। ਉਹ ਪ੍ਰਤਿਭਾਸ਼ਾਲੀ ਹੈ। ਇਸੇ ਲਈ ਅੰਡਰ-19 ਵਿੱਚ ਖੇਡ ਰਿਹਾ ਹੈ ਪਰ ਇਸ ਤੋਂ ਇਲਾਵਾ ਉਸ ਦੀ ਇਕ ਵੱਖਰੀ ਖੂਬੀ ਹੈ ਕਿ ਉਹ ਆਪਣੇ ਆਪ ਤੋਂ ਕਦੇ ਸੰਤੁਸ਼ਟ ਨਹੀਂ ਹੁੰਦਾ।”
ਸਾਬਕਾ ਟੈਸਟ ਕ੍ਰਿਕਟਰ ਅਤੇ ਕੁਮੈਂਟੇਟਰ ਆਕਾਸ਼ ਚੋਪੜਾ ਵੀ ਉਦੈ ਸਹਾਰਨ ਦੀ ਤਕਨੀਕ ਅਤੇ ਅਗਵਾਈ ਤੋਂ ਪ੍ਰਭਾਵਿਤ ਹਨ।
ਅੰਡਰ-19 ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਜਿਓ ਸਿਨੇਮਾ ਉੱਤੇ ਇੱਕ ਪ੍ਰੋਗਰਾਮ ਵਿੱਚ ਕਿਹਾ, ''ਉਦੈ ਦੇ ਪਿਤਾ ਨੇ ਕਰੀਅਰ ਵਿੱਚ ਉਨ੍ਹਾਂ ਦੀ ਕਾਫੀ ਮਦਦ ਕੀਤੀ ਹੈ ਅਤੇ ਪੰਜਾਬ ਕ੍ਰਿਕਟ ਨੇ ਵੀ ਉਨ੍ਹਾਂ 'ਤੇ ਕਾਫੀ ਧਿਆਨ ਦਿੱਤਾ ਹੈ। ਉਹ ਇਕ ਮਹਾਨ ਬੱਲੇਬਾਜ਼ ਹੈ। ਨੰਬਰ ਚਾਰ ਜਾਂ ਪੰਜ।''
ਹਾਲ ਹੀ ਵਿੱਚ, ਦੱਖਣੀ ਅਫਰੀਕਾ, ਅਫਗਾਨਿਸਤਾਨ ਅਤੇ ਭਾਰਤ ਵਿਚਾਲੇ ਹੋਈ ਲੜੀ ਵਿੱਚ, ਉਹਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸੈਂਕੜਾ ਵੀ ਲਗਾਇਆ। ਉਹ ਧੀਰਜ ਨਾਲ ਖੇਡਦੇ ਹਨ ਅਤੇ ਇੱਕ ਚੰਗੇ ਸਟ੍ਰੋਕ ਖਿਡਾਰੀ ਹਨ। ਉਹ ਇੱਕ ਮੁਕੰਮਲ ਬੱਲੇਬਾਜ਼ ਹੈ।"

ਤਸਵੀਰ ਸਰੋਤ, Getty Images
ਕਪਤਾਨੀ ਵਿੱਚ ਅਵੱਲ
ਉਦੈ ਨੇ ਅੰਡਰ-19 ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਹੁਣ ਤੱਕ 1 ਸੈਂਕੜਾ ਅਤੇ 3 ਅਰਧ ਸੈਂਕੜੇ ਲਗਾਏ ਹਨ ਅਤੇ ਉਹ ਟੂਰਨਾਮੈਂਟ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।
ਉਹ ਸਥਿਰ ਬੱਲੇਬਾਜ਼ ਹਨ, ਇਕਸਾਰ ਹਨ, ਵਿਕਟਾਂ ਦੇ ਵਿਚਕਾਰ ਤੇਜ਼ੀ ਨਾਲ ਦੌੜਦੇ ਹਨ ਅਤੇ ਜੋਖਮ ਮੁਕਤ ਕ੍ਰਿਕਟ ਖੇਡਦੇ ਹਨ।
ਕੁੱਲ ਮਿਲਾ ਕੇ, ਸਹਾਰਨ 50 ਓਵਰਾਂ ਦੇ ਮੈਚ ਵਿੱਚ ਨੰਬਰ 4 ਦੀ ਸਥਿਤੀ ਲਈ ਇੱਕ ਆਦਰਸ਼ ਬੱਲੇਬਾਜ਼ ਹੈ।
ਇਸ ਭਾਰਤੀ ਟੀਮ ਵਿੱਚ ਮੁਸ਼ੀਰ ਅਤੇ ਸਚਿਨ ਧਾਸ ਦੀ ਬੱਲੇਬਾਜ਼ੀ ਪਾਰੀ ਭਾਵੇਂ ਜ਼ਿਆਦਾ ਦਿਲਕਸ਼ ਲੱਗ ਰਹੀ ਹੋਵੇ ਪਰ ਭਾਰਤੀ ਟੀਮ ਦੀ ਜਿੱਤ ਦੀ ਰੀੜ੍ਹ ਦੀ ਹੱਡੀ ਉਦੈ ਸਹਾਰਨ ਹੈ।
ਉਹ ਨਾ ਸਿਰਫ਼ ਆਪਣੀਆਂ ਦੌੜਾਂ ਬਣਾਉਂਦੇ ਹਨ ਸਗੋਂ ਆਪਣੇ ਸਾਥੀ ਬੱਲੇਬਾਜ਼ਾਂ ਨੂੰ ਵੀ ਜ਼ਿਆਦਾ ਸਮਾਂ ਖੇਡਣ ਲਈ ਉਤਸ਼ਾਹਿਤ ਕਰਦੇ ਹਨ।
ਬਤੌਰ ਕਪਤਾਨ ਸਹਾਰਨ ਨੇ ਮੈਦਾਨ ਉੱਤੇ ਸ਼ਾਇਦ ਹੀ ਕੋਈ ਗਲਤ ਕਦਮ ਚੁੱਕਿਆ ਹੋਵੇ। ਉਸ ਦੀ ਫੀਲਡ ਪਲੇਸਮੈਂਟ ਹਮਲਾਵਰ ਰਹੀ ਹੈ ਅਤੇ ਗੇਂਦਬਾਜ਼ੀ ਵਿੱਚ ਬਦਲਾਅ ਵੀ ਨਿਰਣਾਇਕ ਰਹੇ ਹਨ। ਅੰਡਰ-19 ਟੂਰਨਾਮੈਂਟ ਵਿੱਚ ਅਜਿਹੀ ਸਥਿਰ ਅਗਵਾਈ ਅਤੇ ਕੁਸ਼ਲ ਕਪਤਾਨੀ ਹੋਰ ਟੀਮਾਂ ਵਿੱਚ ਦੇਖਣ ਨੂੰ ਨਹੀਂ ਮਿਲੀ।

ਤਸਵੀਰ ਸਰੋਤ, ALEX DAVIDSON-ICC/ICC VIA GETTY IMAGES
ਸਚਿਨ ਨਾਲ ਜੋੜੀ
ਇਸ ਟੂਰਨਾਮੈਂਟ 'ਚ ਇਕ ਹੋਰ ਖਾਸ ਗੱਲ ਉਦੈ ਅਤੇ ਸਚਿਨ ਦੀ ਜੋੜੀ ਰਹੀ ਹੈ, ਜਿਨ੍ਹਾਂ ਨੇ ਦੋ ਵੱਡੀਆਂ ਸਾਂਝੇਦਾਰੀਆਂ ਖੇਡੀਆਂ ਹਨ।
ਉਦੈ ਨੇ ਆਈਸੀਸੀ ਟੀਵੀ ਨੂੰ ਸਚਿਨ ਨਾਲ ਬੱਲੇਬਾਜ਼ੀ ਕਰਨ ਬਾਰੇ ਦੱਸਿਆ, "ਮੈਨੂੰ ਸਚਿਨ ਨਾਲ ਖੇਡਣਾ ਬਹੁਤ ਚੰਗਾ ਲੱਗਦਾ ਹੈ ਕਿਉਂਕਿ ਉਨ੍ਹਾਂ ਦੀ ਸੋਚ ਹਾਂਮੁਖੀ ਹੈ। ਇਸ ਨਾਲ ਮੈਨੂੰ ਵੀ ਮਦਦ ਮਿਲਦੀ ਹੈ।"
"ਸਚਿਨ ਹਮੇਸ਼ਾ ਚੌਕੇ ਮਾਰਨ ਦੀ ਕੋਸ਼ਿਸ਼ ਕਰਦੇ ਹਨ, ਇਸ ਨਾਲ ਮੇਰੇ 'ਤੇ ਦਬਾਅ ਵੀ ਘੱਟ ਹੁੰਦਾ ਹੈ। ਅਸੀਂ ਇੱਕ ਜਾਂ ਦੋ ਦੌੜਾਂ ਲੈ ਕੇ ਅੰਤ ਬਦਲਦੇ ਰਹਿੰਦੇ ਹਾਂ ਅਤੇ ਮੈਚ ਨੂੰ ਆਖਰੀ ਓਵਰ ਤੱਕ ਖਿੱਚਣ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਅਸੀਂ ਇਕੱਠੇ ਖੜ੍ਹੇ ਹੁੰਦੇ ਹਾਂ ਤਾਂ ਸੋਚ ਇਹ ਹੁੰਦੀ ਹੈ ਕਿ ਅਸੀਂ ਅੰਤ ਤੱਕ ਖੇਡਣਾ ਹੈ ਅਤੇ ਮੈਚ ਖਤਮ ਕਰਕੇ ਆਉਣਾ ਹੈ।"
ਸਚਿਨ ਦਾ ਇਹ ਵੀ ਮੰਨਣਾ ਹੈ ਕਿ ਉਦੈ ਦੀ ਉਨ੍ਹਾਂ ਦੀ ਪਾਰੀ ਵਿੱਚ ਵੱਡੀ ਭੂਮਿਕਾ ਹੈ ਕਿਉਂਕਿ ਉਹ ਦੂਜਿਆਂ ਨੂੰ ਦਬਾਅ ਵਿੱਚ ਨਹੀਂ ਆਉਣ ਦਿੰਦੇ।
ਭਾਰਤੀ ਅੰਡਰ-19 ਟੀਮ ਟਰਾਫੀ ਜਿੱਤਣ ਤੋਂ ਸਿਰਫ਼ ਇੱਕ ਕਦਮ ਦੂਰ ਹੈ। ਜੇਕਰ ਟੀਮ ਅਜਿਹਾ ਕਰਨ ਵਿੱਚ ਕਾਮਯਾਬ ਹੁੰਦੀ ਹੈ ਤਾਂ ਉਦੇ ਸਹਾਰਨ ਮੁਹੰਮਦ ਕੈਫ, ਵਿਰਾਟ ਕੋਹਲੀ, ਉਨਮੁਕਤ ਚੰਦ, ਪ੍ਰਿਥਵੀ ਸ਼ਾਅ ਅਤੇ ਯਸ਼ ਢੁਲ ਵਰਗੇ ਖਿਡਾਰੀਆਂ ਦੇ ਮਸ਼ਹੂਰ ਕਲੱਬ ਵਿੱਚ ਸ਼ਾਮਲ ਹੋ ਜਾਣਗੇ, ਜਿਨ੍ਹਾਂ ਦੀ ਅਗਵਾਈ ਵਿੱਚ ਭਾਰਤ ਇਸ ਤੋਂ ਪਹਿਲਾਂ ਇਹ ਟੂਰਨਾਮੈਂਟ ਜਿੱਤ ਚੁੱਕਾ ਹੈ।
ਉਦੈ ਨੂੰ ਪਤਾ ਹੈ ਕਿ ਹੁਣ ਸਿਰਫ ਇੱਕ ਮੈਚ ਸੰਨ੍ਹ ਵਿੱਚ ਹੈ ਅਤੇ ਉਹ ਆਪਣੇ ਖੇਡ ਜੀਵਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਚੁਣੌਤੀ ਲਈ ਤਿਆਰ ਹਨ।












