ਵੱਡਾ ਘੱਲੂਘਾਰਾ, ਜਿਸ ਨੇ ਹਜ਼ਾਰਾਂ ਸਿੱਖਾਂ ਦੀ ਜਾਨ ਲਈ, ਉਹ ਕਿੱਥੇ, ਕਦੋਂ ਤੇ ਕਿਵੇਂ ਵਾਪਰਿਆ

ਤਸਵੀਰ ਸਰੋਤ, Charanjeev Kaushal/bbc
- ਲੇਖਕ, ਡਾ. ਸੁਖਦਿਆਲ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
ਸਿੱਖ ਇਤਿਹਾਸ ਵਿੱਚ ਦੋ ਵੱਡੇ ਘੱਲੂਘਾਰੇ ਮੰਨੇ ਗਏ ਹਨ। ਘੱਲੂਘਾਰੇ ਦਾ ਸ਼ਾਬਦਿਕ ਅਰਥ ਤਬਾਹੀ ਤੇ ਸਰਵਨਾਸ਼ ਵਰਗੇ ਸ਼ਬਦਾਂ ਤੋਂ ਲਿਆ ਜਾਂਦਾ ਹੈ। ਇਸ ਨੂੰ ਅੰਗਰੇਜ਼ੀ ਵਿੱਚ ‘ਹੋਲੋਕਾਸਟ’ ਕਿਹਾ ਜਾਂਦਾ ਹੈ।
ਇਤਿਹਾਸਕ ਵੇਰਵਿਆਂ ਮੁਤਾਬਕ ਮਈ-ਜੂਨ 1746 ਈਸਵੀ ਵਿੱਚ ਪਹਿਲਾ ਅਤੇ ਫਰਵਰੀ 1762 ਈਸਵੀ ਵਿੱਚ ਦੂਜਾ ਘੱਲੂਘਾਰਾ ਹੋਇਆ ਸੀ। ਪਹਿਲੇ ਨੂੰ ਛੋਟਾ ਘੱਲੂਘਾਰਾ ਤੇ ਦੂਸਰੇ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ।ਇਸ ਤਰ੍ਹਾਂ ਘੱਲੂਘਾਰੇ ਦਾ ਮਤਲਬ ਹੈ ਵੱਡੇ ਪੱਧਰ ਤੇ ਜਾਨ-ਮਾਲ ਦਾ ਨੁਕਸਾਨ ਹੋ ਜਾਣਾ।
ਸਿੱਖਾਂ ਦੀ ਅਜ਼ਾਦੀ ਲਈ ਲੜਾਈ
ਦੋਵੇਂ ਘੱਲੂਘਾਰੇ ਸਿੱਖਾਂ ਨਾਲ ਉਸ ਸਮੇਂ ਹੋਏ ਸਨ, ਜਦੋਂ ਉਹ ਮੁਗ਼ਲ ਕਾਲ ਦੌਰਾਨ ਹਕੂਮਤ ਖ਼ਿਲਾਫ਼ ਸੁਤੰਤਰਤਾ ਦੀ ਜੰਗ ਲੜ ਰਹੇ ਸਨ।
ਸਮੇਂ ਦੀਆਂ ਹਕੂਮਤਾਂ ਸਿੱਖਾਂ ਦੀ ਸੁਤੰਤਰਤਾ ਦੀ ਜੰਗ ਨੂੰ ਕੁਚਲ ਦੇਣਾ ਚਾਹੁੰਦੀਆਂ ਸਨ, ਜਦੋਂ ਕਿ ਸਿੱਖ ਆਪਣੀ ਸੁਤੰਤਰਤਾ ਹਾਸਲ ਕਰਨ ਲਈ ਜ਼ਿੰਦਗੀ ਅਤੇ ਮੌਤ ਦਾ ਫ਼ੈਸਲਾ ਕਰਨ ਵਾਲੀ ਜੰਗ ਲੜ ਰਹੇ ਸਨ।
ਪਹਿਲਾ ਘੱਲੂਘਾਰਾ ਮੁਗ਼ਲ ਹਕੂਮਤ ਵੱਲੋਂ ਕੀਤਾ ਗਿਆ ਸੀ, ਜਦਕਿ ਦੂਜਾ ਤੇ ਵੱਡਾ ਘੱਲੂਘਾਰਾ ਸਭ ਤੋਂ ਵੱਡੇ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਵੱਲੋਂ ਕੀਤਾ ਗਿਆ ਸੀ। ਵੱਡੇ ਘੱਲੂਘਾਰੇ ਦਾ ਇਤਿਹਾਸ ਵਿੱਚ ਸਮਾਂ 09 ਫਰਵਰੀ 1762 ਈਸਵੀ ਮੰਨਿਆ ਜਾਂਦਾ ਹੈ।
ਸਿੱਖਾਂ ਵੱਲੋਂ ਵੈਸੇ ਤਾਂ ਆਪਣੀ ਸੁਤੰਤਰਤਾ ਦੀ ਜੰਗ, ਪਹਿਲੀ ਵਿਸਾਖ 1699 ਈਸਵੀ ਦੀ ਵਿਸਾਖੀ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਸੀ ਜਦੋਂ ਖ਼ਾਲਸੇ ਦੀ ਸਾਜਨਾ ਕੀਤੀ ਗਈ ਸੀ। ਗੁਰੂ ਗੋਬਿੰਦ ਸਿੰਘ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਸਿੱਖ ਸ਼ਕਤੀ ਦੀ ਅਗਵਾਈ ਕੀਤੀ ਅਤੇ ਪਹਿਲਾ ਸਿੱਖ ਰਾਜ ਵੀ ਕਾਇਮ ਕੀਤਾ।
1748 ਵਿੱਚ ਸਿੱਖ ਸ਼ਕਤੀ ਨੂੰ ਲਾਮਬੰਦ ਕਰਨ ਲਈ ਸਿੱਖਾਂ ਦੀਆਂ 11 ਮਿਸਲਾਂ ਇੱਕ ਹੋਈਆਂ ਤੇ ਅਪ੍ਰੈਲ 1748 ਵਿੱਚ ਦਲ ਖ਼ਾਲਸੇ ਦਾ ਗਠਨ ਕੀਤਾ ਗਿਆ। ਇਸ ਵੇਲੇ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਸਿੱਖ ਜੰਗ-ਏ-ਮੈਦਾਨ ਵਿੱਚ ਜੂਝੇ।

ਤਸਵੀਰ ਸਰੋਤ, Charanjeev Kaushal/bbc
ਛੋਟਾ ਘੱਲੂਘਾਰਾ
ਦਰਅਸਲ 1740ਵਿਆਂ ਦੌਰਾਨ ਜਦੋਂ ਦਿੱਲੀ ਦੀ ਮੁਗ਼ਲ ਹਕੂਮਤ ਕਮਜ਼ੋਰ ਹੋ ਚੁੱਕੀ ਸੀ, ਪਰ ਪੰਜਾਬ ਵਿੱਚ ਜ਼ਕਰੀਆ ਖ਼ਾਨ ਹੀ ਮਜ਼ਬੂਤ ਸੀ।
ਇਸ ਕਰਕੇ ਜ਼ਹੀਆ ਖ਼ਾਨ ਨੇ ਆਪਣੇ ਦੀਵਾਨ ਲਖਪਤ ਰਾਏ ਰਾਹੀਂ ਸਿੱਖਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਜ਼ਹੀਆ ਖ਼ਾਨ, ਜ਼ਕਰੀਆ ਖ਼ਾਨ ਦਾ ਪੁੱਤਰ ਸੀ ਅਤੇ ਉਹ ਪੰਜਾਬ ਦਾ ਤਤਕਾਲੀ ਸੂਬੇਦਾਰ ਸੀ।
ਲਖਪਤ ਰਾਏ ਦਾ ਇੱਕ ਭਰਾ ਜਸਪਤ ਰਾਏ ਸੀ। ਜੋ ਦੋਵੇਂ ਭਰਾ ਜ਼ਹੀਆ ਖ਼ਾਨ ਦੇ ਦੀਵਾਨ ਸਨ।
ਐਮਨਾਬਾਦ ਵਿੱਚ (ਹੁਣ ਪਾਕਿਸਤਾਨ) ਸਿੱਖਾਂ ਨਾਲ ਹੋਈ ਇੱਕ ਝੜਪ ਵਿੱਚ ਜਸਪਤ ਰਾਏ ਮਾਰਿਆ ਗਿਆ ਸੀ।
ਜਦੋਂ ਇਸ ਦਾ ਪਤਾ ਲਖਪਤ ਰਾਏ ਨੂੰ ਲੱਗਿਆ ਤਾਂ ਉਹ ਜ਼ਹੀਆ ਖ਼ਾਨ ਕੋਲ ਗਿਆ ਅਤੇ ਸਿੱਖਾਂ ਨੂੰ ਖ਼ਤਮ ਕਰਨ ਲਈ ਖੁੱਲ੍ਹੀਆਂ ਸ਼ਕਤੀਆਂ ਦੀ ਮੰਗ ਕਰਨ ਲੱਗਾ। ਜ਼ਹੀਆ ਖ਼ਾਨ ਇਸ ਲਈ ਸਹਿਮਤ ਹੋ ਗਿਆ ਅਤੇ ਉਸ ਨੇ ਲਖਪਤ ਰਾਏ ਨੂੰ ਜਿੰਨੀ ਵੀ ਫੌਜੀ ਤਾਕਤ ਦੇ ਸਕਦਾ ਸੀ, ਦੇ ਦਿੱਤੀ।
ਸਿੱਖਾਂ ਦੇ ਜਥੇ ਦਲ ਖ਼ਾਲਸਾ ਦੀ ਅਗਵਾਈ ਵਿੱਚ ਉਦੋਂ ਗੁਰੀਲਾ ਜੰਗ ਦੀ ਰਣਨੀਤੀ ਰਾਹੀਂ ਲੜਾਈ ਕਰਦੇ ਸੀ। ਉਸ ਨੇ ਇਸ ਪੈਂਤੜੇ ਨੂੰ ਮਾਤ ਦੇਣ ਲਈ ਕਾਹਨੂੰਵਾਲ ਛੰਭ ਦੇ ਇਲਾਕੇ (ਗੁਰਦਾਸਪੁਰ- ਪਠਾਨਕੋਟ) ਵਿੱਚ ਸਿੱਖ ਜਥਿਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਸਿੱਖਾਂ ਨੇ ਜੰਗਲ ਦੇ ਅੰਦਰੋਂ ਟਾਕਰਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਲਖਪਤ ਰਾਏ ਨੇ ਸਿੱਖਾਂ ਨੂੰ ਜੰਗਲ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਸੀ।

ਬਿਆਸ ਅਤੇ ਰਾਵੀ ਦਰਿਆਵਾਂ ਦੇ ਵਿਚਕਾਰਲੇ ਇਸ ਖੇਤਰ ਵਿੱਚ ਜੋ ਮਾਰ-ਧਾੜ ਹੋਈ, ਬਿਆਸ ਦਰਿਆ ਨੂੰ ਲਖਪਤ ਰਾਏ ਦੀ ਫੌਜ ਪਾਰ ਨਹੀਂ ਕਰ ਸਕਦੀ ਸੀ ਅਤੇ ਦੂਜੇ ਪਾਸੇ ਫੌਜ ਦਾ ਜ਼ੋਰ ਹੋਣ ਕਾਰਨ ਸਿੱਖ ਜਥੇ ਮਾਲਵੇ ਵੱਲ ਨਹੀਂ ਲੰਘ ਸਕਦੇ ਸਨ।
ਇਸ 15-20 ਦਿਨ ਦੀ ਲੜਾਈ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ। ਇਹ 1746 ਦੇ ਮਈ-ਜੂਨ ਦੇ ਮਹੀਨਿਆਂ ਵਿੱਚ ਵਾਪਰਿਆ ਸੀ।
ਕਥਾਕਾਰਾਂ ਤੇ ਕਵੀਸ਼ਰੀ ਜਥੇ ਇਸ ਨੂੰ ਕਹਾਣੀਆਂ ਸੁਣਾਉਣ ਵੇਲੇ ਮਿਰਚ ਮਸਾਲਾ ਵੀ ਲਾਉਂਦੇ ਹਨ ਅਤੇ ਉਹ 40-40 ਹਜ਼ਾਰ ਸਿੱਖਾਂ ਦੇ ਮਾਰੇ ਜਾਣ ਦੀ ਗੱਲ ਕਰਦੇ ਹਨ। ਪਰ ਇਤਿਹਾਸਕਾਰ ਇਹ ਮੰਨਦੇ ਕਿ ਇਹ ਸੰਭਵ ਨਹੀਂ ਸੀ। ਸਿੱਖਾਂ ਦੀ ਵੀ ਉਦੋਂ ਜਥੇਬੰਦਕ ਤਾਕਤ ਸੀ। ਉਹ ਹਥਿਆਰਬੰਦ ਜੰਗ ਲੜਦੇ ਸੀ।
ਇਸ ਲਈ ਛੋਟੇ ਘੱਲੂਘਾਰੇ ਦੌਰਾਨ 10-12 ਹਜ਼ਾਰ ਸਿੱਖਾਂ ਦੀ ਮੌਤ ਹੋਈ ਹੋਵੇਗੀ ਅਤੇ ਇੰਨੇ ਹੀ ਲੋਕ ਉਨ੍ਹਾਂ ਨੇ ਮੁਗ਼ਲ ਹਕੂਮਤ ਦੇ ਮਾਰੇ ਸਨ। ਇਸ ਲੜਾਈ ਤੋਂ ਬਾਅਦ ਸਿੱਖ ਇਸ ਛੰਭ ਤੇ ਜੰਗਲੀ ਖੇਤਰ ਤੋਂ ਬਾਅਦ ਬਾਹਰ ਨਿਕਲਣ ਵਿੱਚ ਸਫ਼ਲ ਰਹੇ ਸਨ।
ਵੱਡੇ ਘੱਲੂਘਾਰੇ ਦੇ ਸਮੇਂ ਦੇ ਹਾਲਾਤ
ਦਰਅਸਲ ਦਲ ਖ਼ਾਲਸਾ ਦੇ ਝੰਡੇ ਹੇਠ ਸਿੱਖ ਮਿਸਲਾਂ 1748 ਤੋਂ ਲੈ ਕੇ 1762 ਤੱਕ ਲਗਾਤਾਰ ਲੜਦੀਆਂ ਆ ਰਹੀਆਂ ਸਨ। 1761 ਈ. ਤੱਕ ਸਿੱਖਾਂ ਨੇ ਸਿਰਫ਼ ਗੁਰੀਲਾ ਢੰਗ ਦੀ ਜੰਗ ਹੀ ਲੜੀ ਸੀ, ਅਹਿਮਦ ਸ਼ਾਹ ਅਬਦਾਲੀ ਨਾਲ ਸਿੱਧੀ ਟੱਕਰ ਨਹੀਂ ਹੋਈ ਸੀ।
ਪਰ 1762 ਵਿੱਚ ਸਿੱਖਾਂ ਦੀ ਸੁਤੰਤਰਤਾ ਦੀ ਜੰਗ ਐਸੀ ਸਥਿਤੀ ਤੱਕ ਪਹੁੰਚ ਗਈ ਸੀ ਕਿ ਇਹ ਵੱਡੇ ਘੱਲੂਘਾਰੇ ਦੇ ਰੂਪ ਵਿੱਚ ਅਬਦਾਲੀ ਨਾਲ ਸਿੱਧੀ ਟੱਕਰ ਹੋ ਗਈ ਸੀ। ਇਸ ਵੇਲੇ ਦਲ ਖ਼ਾਲਸੇ ਦਾ ਮੁਖੀ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਨ।

ਤਸਵੀਰ ਸਰੋਤ, Charanjeev Kaushal/bbc
ਵੱਡੇ ਘੱਲੂਘਾਰੇ ਦੇ ਕਾਰਨ
ਅਪ੍ਰੈਲ 1761 ਵਿੱਚ ਪਾਣੀਪਤ ਦੀ ਤੀਜੀ ਲੜਾਈ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਮਰਾਠਿਆਂ ਨੂੰ ਬਹੁਤ ਬੁਰੀ ਤਰ੍ਹਾਂ ਹਰਾ ਦਿੱਤਾ ਸੀ। ਇਹ ਅਬਦਾਲੀ ਦੀ ਤਾਕਤ ਅਤੇ ਦਹਿਸ਼ਤ ਦਾ ਸਿਖ਼ਰ ਸੀ। ਉਸ ਦੀ ਸਾਰੇ ਅਫ਼ਗਾਨਿਸਤਾਨ ਅਤੇ ਹਿੰਦੁਸਤਾਨ ਉੱਪਰ ਸਰਦਾਰੀ ਸੀ।
ਪਰ ਜਦੋਂ ਉਹ ਲੜਾਈ ਵਿੱਚ ਜੇਤੂ ਹੋ ਕੇ, ਪੰਜਾਬ ਰਾਹੀਂ ਵਾਪਸ ਅਫ਼ਗਾਨਿਸਤਾਨ ਨੂੰ ਜਾ ਰਿਹਾ ਸੀ ਤਾਂ ਉਸ ਪਾਸ ਬਹੁਤ ਵੱਡਾ ਲੁੱਟ ਦਾ ਮਾਲ ਸੀ। ਇਸ ਲੁੱਟ ਦੇ ਮਾਲ ਵਿੱਚ ਹਿੰਦੁਸਤਾਨੀ ਔਰਤਾਂ ਅਤੇ ਸੋਨਾ-ਚਾਂਦੀ ਸੀ। ਹਾਜ਼ਰਾਂ ਦੀ ਗਿਣਤੀ ਵਿੱਚ ਘੋੜੇ ਅਤੇ ਹਾਥੀ ਵੀ ਸਨ।
ਪੰਜਾਬ ਵਿੱਚ ਦਲ ਖ਼ਾਲਸੇ ਦੇ ਜੰਗੀ ਗੁਰੀਲੇ ਹਰ ਦਰਿਆ ਦੇ ਪੱਤਣਾਂ ਉੱਤੇ ਛੁਪੇ ਬੈਠੇ ਸਨ। ਇਨ੍ਹਾਂ ਨੇ ਘੱਗਰ ਦਰਿਆ ਤੋਂ ਲੈ ਕੇ ਸਿੰਧ ਦਰਿਆ ਤੱਕ ਹਰ ਦਰਿਆ ਨੂੰ ਪਾਰ ਕਰਨ ਸਮੇਂ ਅਬਦਾਲੀ ਦੀ ਲੁਟੇਰੀ ਫੌਜ ਕੋਲੋਂ ਲੁੱਟ ਦੇ ਸਮਾਨ ਵਿੱਚੋਂ ਬਹੁਤ ਵੱਡਾ ਸਮਾਨ ਖੋਹ ਲਿਆ ਸੀ।
ਇਸ ਵਿੱਚ ਸੈਂਕੜੇ ਤੇ ਹਜ਼ਾਰਾਂ ਔਰਤਾਂ ਨੂੰ ਛੁਡਵਾ ਲਿਆ ਗਿਆ ਸੀ। ਧਨ-ਦੌਲਤ ਵੀ ਖੋਹ ਲਿਆ ਸੀ ਅਤੇ ਘੋੜੇ-ਹਾਥੀ ਵੀ ਖੋਹ ਲਏ ਸਨ।
ਅਬਦਾਲੀ ਸਿੱਖ ਗੁਰੀਲਿਆਂ ਦੀ ਇਸ ਖੋਹਾ-ਖੁਹਾਈ ਤੋਂ ਇੰਨਾ ਪਰੇਸ਼ਾਨ ਹੋ ਗਿਆ ਸੀ ਕਿ ਉਸ ਨੇ ਆਪਣਾ ਅਗਲਾ ਹਮਲਾ ਸਿਰਫ਼ ਸਿੱਖਾਂ ਨੂੰ ਸੋਧਣ ਲਈ, ਕਰਨ ਦਾ ਫ਼ੈਸਲਾ ਕਰ ਲਿਆ ਸੀ। ਇਸ ਵਾਰ ਤਾਂ ਉਹ ਬਚ ਕੇ ਆਪਣੀ ਲੁੱਟ ਨੂੰ ਵਾਪਸ ਲੈ ਕੇ ਜਾਣਾ ਚਾਹੁੰਦਾ ਸੀ।
ਇਸ ਲਈ ਉਸ ਨੇ ਕਾਬਲ ਪਹੁੰਚ ਕੇ ਫਿਰ ਸਿੱਖਾਂ ਨੂੰ ਸੋਧਣ ਲਈ ਹਮਲਾ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ।
ਅਬਦਾਲੀ ਦਾ ਛੇਵਾਂ ਹਮਲਾ ਤੇ ਦਲ ਖ਼ਾਲਸਾ ਦੀ ਤਿਆਰੀ
ਪਾਣੀਪਤ ਦੀ 1761 ਵਿੱਚ ਤੀਜੀ ਲੜਾਈ ਵਾਲਾ ਹਮਲਾ ਅਬਦਾਲੀ ਦਾ ਪੰਜਵਾਂ ਹਮਲਾ ਸੀ। ਸਿੱਖਾਂ ਦੇ ਘੱਲੂਘਾਰੇ ਵਾਲਾ ਹਮਲਾ ਛੇਵਾਂ ਹਮਲਾ ਸੀ। ਇਹ 1762 ਦੇ ਚੜ੍ਹਦੇ ਸਾਲ ਹੀ ਕਰ ਦਿੱਤਾ ਗਿਆ ਸੀ।
ਦਲ ਖ਼ਾਲਸੇ ਦੇ ਜਰਨੈਲਾਂ ਨੂੰ ਇਸ ਗੱਲ ਦੀ ਪੱਕੀ ਉਮੀਦ ਸੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਅਬਦਾਲੀ ਕੋਲੋਂ ਬਹੁਤ ਵੱਡੇ ਪੱਧਰ ਤੇ ਜਾਨ-ਮਾਲ ਨੂੰ ਛੁਡਵਾ ਲਿਆ ਸੀ, ਉਸ ਦਾ ਬਦਲਾ ਅਬਦਾਲੀ ਜ਼ਰੂਰ ਲਵੇਗਾ।
ਇਸ ਲਈ ਦਲ ਖ਼ਾਲਸਾ ਆਪਣੀ ਤਿਆਰੀ ਵੀ ਪੂਰੇ ਤੌਰ 'ਤੇ ਕਰ ਰਿਹਾ ਸੀ ਤਾਂ ਕਿ ਅਗਲੇ ਹੋਣ ਵਾਲੇ ਹਮਲੇ ਸਮੇਂ ਉਹ ਅਬਦਾਲੀ ਨਾਲ ਸਿੱਧੀ ਟੱਕਰ ਲੈ ਸਕਣ। ਇਸ ਲਈ ਦਲ ਖ਼ਾਲਸੇ ਨੇ ਇਹ ਤਿਆਰੀ ਕੀਤੀ।
ਦਲ ਖ਼ਾਲਸਾ ਮਾਝੇ-ਦੁਆਬੇ ਵਿੱਚੋਂ ਆਪਣੇ ਪਰਿਵਾਰਾਂ ਨੂੰ ਇਕੱਠਿਆਂ ਕਰਕੇ ਮਾਲਵੇ ਦੇ ਲੁਧਿਆਣਾ ਅਤੇ ਸੰਗਰੂਰ ਜ਼ਿਲ੍ਹਿਆਂ ਵਾਲੇ ਖੇਤਰ ਵਿੱਚ ਲੈ ਆਇਆ ਸੀ। ਇਹ ਖੇਤਰ ਜੰਗਲ, ਬੀਆਬਾਨ ਅਤੇ ਮਾਰੂਥਲੀ ਟਿੱਬਿਆਂ ਵਾਲੇ ਸਨ।
ਦਲ ਖ਼ਾਲਸਾ ਸੋਚਦਾ ਸੀ ਕਿ ਇੱਥੇ ਅਬਦਾਲੀ ਤੋਂ ਬਚਾਅ ਹੋ ਸਕਦਾ ਸੀ। ਇਸ ਤਰ੍ਹਾਂ ਆਪਣੇ ਪਰਿਵਾਰਾਂ ਨੂੰ ਸਰੁੱਖਿਅਤ ਥਾਵਾਂ ਤੇ ਛੱਡ ਕੇ, ਦਲ ਖ਼ਾਲਸੇ ਦੇ ਜੰਗੀ ਜੱਥਿਆਂ ਨੇ ਸਤਲੁਜ ਦਰਿਆ ਦੇ ਪਾਰ ਕਰਨ ਵਾਲੇ ਪੱਤਣਾਂ ਨੂੰ ਰੋਕ ਕੇ ਮੋਰਚੇ ਲਾ ਲਏ ਸਨ।
ਇਸ ਪਿੱਛੇ ਰਣਨੀਤੀ ਇਹ ਸੀ ਕਿ ਜਦੋਂ ਅਬਦਾਲੀ ਹਮਲਾਵਰ ਹੋ ਕੇ ਆਉਂਦਾ ਸੀ, ਇਸ ਦੀਆਂ ਚਾਰੇ ਪਾਸੇ ਧੁੰਮਾਂ ਪੈ ਜਾਂਦੀਆਂ ਸਨ। ਉਸ ਦਾ ਹਮਲਾ ਇੱਕ ਤੂਫਾਨ ਦੀ ਤਰ੍ਹਾਂ ਹੁੰਦਾ ਸੀ। 1762 ਦੇ ਚੜ੍ਹਦੇ ਸਾਲ ਹੀ ਅਬਦਾਲੀ ਦੇ ਛੇਵੇਂ ਹਮਲੇ ਦੀਆਂ ਧੁੰਮਾਂ ਪੈ ਗਈਆਂ ਸਨ।
ਅਬਦਾਲੀ ਦਾ ਸਿੱਧਾ ਨਿਸ਼ਾਨਾ ਸਿੱਖ ਹੀ ਸਨ। ਭਾਵੇਂ ਦਲ ਖ਼ਾਲਸਾ ਵੀ ਜੰਗੀ-ਨੀਤੀਆਂ ਵਿੱਚ ਪੂਰਾ ਪਰਪੱਕ ਹੋ ਚੁੱਕਿਆ ਸੀ ਪਰ ਅਬਦਾਲੀ ਵੀ ਆਪਣੇ ਸਮੇਂ ਦਾ ਸਭ ਤੋਂ ਵੱਡਾ ਖੂੰਖਾਰ, ਜੇਤੂ ਅਤੇ ਜੰਗਬਾਜ਼ ਜਰਨੈਲ ਸੀ।

ਤਸਵੀਰ ਸਰੋਤ, Charanjeev Kaushal/bbc
ਦਲ ਖ਼ਾਲਸਾ ਦੀ ਨੀਤੀ ਤੇ ਅਬਦਾਲੀ ਦਾ ਪੈਂਤੜਾ
ਸਿੱਖਾਂ ਨੇ ਆਪਣੀ ਸੁਤੰਤਰਤਾ ਦੀ ਜੰਗ ਵਿੱਚ, ਪਹਿਲੀ ਵਾਰ, ਅਬਦਾਲੀ ਨਾਲ ਸਿੱਧੀ ਟੱਕਰ ਲੈਣੀ ਸੀ। ਇਸ ਕਰ ਕੇ ਇਸ ਹਮਲੇ ਸਮੇਂ ਦੋਵੇਂ ਧਿਰਾਂ, ਅਬਦਾਲੀ ਅਤੇ ਦਲ ਖ਼ਾਲਸਾ, ਨੇ ਆਪੋ-ਆਪਣੀਆਂ ਜੰਗ-ਨੀਤੀਆਂ ਅਨੁਸਾਰ ਲੜਾਈ ਦੀ ਤਿਆਰੀ ਕੀਤੀ ਸੀ।
ਪਰ ਜੰਗੀ-ਨੀਤੀਆਂ ਵਿੱਚ ਅਬਦਾਲੀ ਬਹੁਤ ਮਾਹਿਰ ਸੀ। ਉਸ ਨੂੰ ਸੂਹ ਮਿਲ ਗਈ ਸੀ ਕਿ ਸਿੱਖਾਂ ਨੇ ਆਪਣੇ ਪਰਿਵਾਰਾਂ ਨੂੰ ਮਾਲਵੇ ਦੇ ਮਾਰੂਥਲੀ ਜੰਗਲਾਂ ਵਿੱਚ ਛੁਪਾ ਦਿੱਤਾ ਹੈ ਅਤੇ ਆਪ ਦਲ ਖ਼ਾਲਸਾ ਸਤਲੁਜ ਦਰਿਆ ਦੇ ਪੱਤਣਾ ਨੂੰ ਰੋਕੀਂ ਖੜ੍ਹਾ ਹੈ।
ਇਸ ਲਈ ਅਬਦਾਲੀ ਨੇ ਦਰਿਆ ਪਾਰ ਕਰਨ ਤੋਂ ਪਹਿਲਾਂ ਜੰਗਲਾਂ ਵਿੱਚ ਛੁਪੇ ਸਿੱਖ ਪਰਿਵਾਰਾਂ ਉਤੇ ਹਮਲਾ ਕਰਵਾ ਦਿੱਤਾ ਸੀ।
ਇਹ ਹਮਲੇ ਮਲੇਰਕੋਟਲਾ, ਰਾਇ ਕੋਟ ਅਤੇ ਸਰਹਿੰਦ ਦੇ ਨਵਾਬਾਂ ਵੱਲੋਂ ਕੀਤੇ ਗਏ ਸਨ। ਇਹਨਾਂ ਹਮਲਿਆਂ ਦਾ ਜਦੋਂ ਸਤਲੁਜ ਦਰਿਆ ਦੇ ਮੋਰਚਿਆਂ ਵਿੱਚ ਬੈਠੇ ਦਲ ਖ਼ਾਲਸਾ ਨੂੰ ਪਤਾ ਲੱਗਿਆ ਤਾਂ ਉਹ ਬੁਰੀ ਤਰ੍ਹਾਂ ਬੌਂਦਲ ਗਿਆ ਸੀ।
ਕੁੱਪ-ਰਹੀੜੇ ਦੇ ਪਿੰਡਾਂ ਵਿੱਚ ਸਿੱਖ ਪਰਿਵਾਰਾਂ ਦਾ ਪੂਰਾ ਕਤਲੇਆਮ ਕੀਤਾ ਗਿਆ। ਦੂਜੇ ਪਾਸਿਉਂ ਅਬਦਾਲੀ ਨੇ ਸਤਲੁਜ ਦੇ ਪੱਤਣਾਂ ਨੂੰ ਪਾਰ ਕਰਕੇ ਦਲ ਖ਼ਾਲਸੇ ਉੱਪਰ ਹਮਲਾ ਕਰ ਦਿੱਤਾ ਸੀ। ਹੁਣ ਦਲ ਖ਼ਾਲਸਾ ਅਬਦਾਲੀ ਦਾ ਮੁਕਾਬਲਾ ਕਰੇ ਜਾਂ ਕੁੱਪ-ਰਹੀੜੇ ਪਹੁੰਚ ਕੇ ਆਪਣੇ ਪਰਿਵਾਰਾਂ ਦੀ ਰਾਖੀ ਕਰੇ? ਇਹ ਬੜਾ ਹੀ ਸੰਕਟਮਈ ਸਮਾਂ ਸੀ।

ਤਸਵੀਰ ਸਰੋਤ, Charanjeev Kaushal/bbc
ਦਲ ਖ਼ਾਲਸਾ: ਦੋ ਮੋਰਚਿਆਂ ਉੱਤੇ ਲੜਾਈ
ਦਲ ਖ਼ਾਲਸਾ, ਅਬਦਾਲੀ ਦੇ ਹਮਲੇ ਨੂੰ ਰੋਕਦਾ-ਰੋਕਦਾ, ਪਿੱਛਲ-ਪੈਰੀਂ ਹੀ ਮਾਲੇਰ ਕੋਟਲੇ ਵੱਲ ਨੂੰ ਆ ਰਿਹਾ ਸੀ। ਕੁੱਪ-ਰਹੀੜੇ ਦੇ ਪਿੰਡਾਂ (ਮਾਲੇਰ ਕੋਟਲਾ ਦੇ ਨੇੜੇ) ਦੁਆਲੇ ਗਹਿ-ਗੱਚਵਾਂ ਯੁੱਧ ਹੋਇਆ।
ਦਲ ਖ਼ਾਲਸਾ ਆਪਣੇ ਪਰਿਵਾਰਾਂ ਨੂੰ ਘੇਰਾ ਪਾ ਕੇ, ਅਬਦਾਲੀ ਤੋਂ ਬਚਾਅ ਕਰਦਾ ਹੋਇਆ, ਮਾਲਵੇ ਦੇ ਧੁਰ-ਅੰਦਰ ਤੱਕ ਪਹੁੰਚਾਉਣ ਲਈ ਕੁਤਬਾ ਬਾਹਮਣੀ ਪਿੰਡਾਂ ਵੱਲ ਨੂੰ ਚੱਲ ਪਿਆ ਸੀ।
ਕੁੱਪ-ਰਹੀੜੇ (ਮਾਲੇਰ ਕੋਟਲਾ) ਤੋਂ ਲੈ ਕੇ ਕੁਤਬਾ ਬਾਹਮਣੀ ਪਿੰਡਾਂ ਤੱਕ ਦੇ 30-35 ਕਿਲੋਮੀਟਰਾਂ ਦੇ ਪੰਧ ਵਿੱਚ ਦਲ ਖਾਲਸੇ ਅਤੇ ਅਬਦਾਲੀ ਵਿਚਕਾਰ ਜ਼ਬਰਦਸਤ ਲੜਾਈ ਹੋਈ।
ਇਨ੍ਹਾਂ 30-35 ਕਿਲੋਮੀਟਰਾਂ ਦਾ ਸਾਰਾ ਖੇਤਰ ਮੁਰਦਾ-ਲਾਸ਼ਾਂ ਨਾਲ ਭਰ ਗਿਆ ਸੀ। ਬੱਚੇ, ਔਰਤਾਂ, ਸਿਪਾਹੀ, ਘੋੜੇ ਆਦਿ ਵੱਡੀ ਗਿਣਤੀ ਵਿੱਚ ਮਾਰੇ ਗਏ ਸਨ। ਦਿਨ ਢਲ ਚੱਲਿਆ ਸੀ।
ਅੱਗੋਂ ਮਾਲਵੇ ਵਿਚੋਂ ਸਿੱਖਾਂ ਦੇ ਨਵੇਂ ਜੱਥੇ ਜੈਕਾਰੇ ਬੁਲਾਉਂਦੇ ਹੋਏ ਆ ਮਿਲੇ ਸਨ। ਸੂਰਜ ਛਿਪਣ ਨਾਲ ਹਨੇਰਾ ਪੈਣ ਕਰਕੇ ਅਬਦਾਲੀ ਉੱਥੇ ਹੀ ਰੁਕ ਗਿਆ ਸੀ। ਦਲ ਖ਼ਾਲਸਾ ਆਪਣੇ ਪਰਿਵਾਰਾਂ ਦੀ ਵਹੀਰ ਨੂੰ ਲੈ ਕੇ ਬਰਨਾਲੇ ਦੇ ਇਲਾਕੇ ਵਿੱਚ ਠੀਕਰੀਵਾਲਾ ਪਿੰਡ ਵਿਖੇ ਪਹੁੰਚ ਗਿਆ ਸੀ।

ਤਸਵੀਰ ਸਰੋਤ, Charanjeev Kaushal/bbc
ਵੱਡੇ ਘੱਲੂਘਾਰੇ ਦੌਰਾਨ ਜਾਨੀ ਨੁਕਸਾਨ
ਇਸ ਯੁੱਧ ਵਿੱਚ ਦੋਹਾਂ ਧਿਰਾਂ ਦਾ ਹੱਦੋ-ਵੱਧ ਨੁਕਸਾਨ ਹੋਇਆ ਸੀ। ਸਿੱਖਾਂ ਦੇ ਪਰਿਵਾਰ ਜ਼ਿਆਦਾ ਮਾਰੇ ਗਏ ਸਨ। ਇਸ ਕਰਕੇ ਇਸ ਨੂੰ ਸਿੱਖਾਂ ਦਾ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ।
ਇਹ ਇਕੋ ਦਿਨ ਦੀ ਬੜੀ ਖ਼ੂਨੀ ਲੜਾਈ ਸੀ। ਇਹ ਸਿੱਖ ਸੁਤੰਤਰਤਾ ਸੰਗਰਾਮ ਦਾ ਸਿਖ਼ਰ ਸੀ। ਇਹ ਸਿੱਖਾਂ ਅਤੇ ਅਬਦਾਲੀ ਦੀ ਪਹਿਲੀ ਸਿੱਧੀ ਟੱਕਰ ਸੀ।
ਘੱਲੂਘਾਰੇ ਦੌਰਾਨ ਕਿੰਨੇ ਸਿੱਖ ਮਾਰੇ ਗਏ ਇਸ ਬਾਰੇ ਕਈ ਤਰ੍ਹਾਂ ਦੇ ਦਾਅਵੇ ਹਨ। ਪਰ ਇਤਿਹਾਸਕ ਹਵਾਲੇ ਮੰਨਦੇ ਹਨ ਕਿ ਇਸ ਵਿੱਚ ਸਿੱਖਾਂ ਦੇ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦਾ ਵੱਧ ਨੁਕਸਾਨ ਹੋਇਆ।
ਪਰ ਅਬਦਾਲੀ ਨਾਲ ਲੜਨ ਵਾਲੇ ਸਿੰਘ ਘੱਟ ਮਾਰੇ ਗਏ। ਇਸ ਵਿੱਚ 10-15 ਹਜ਼ਾਰ ਸਿੱਖ ਮਾਰੇ ਗਏ। ਅਬਦਾਲੀ ਦੀ ਫੌਜ ਦਾ ਕਿੰਨਾ ਨੁਕਸਾਨ ਹੋਇਆ ਇਸ ਦਾ ਕੋਈ ਜ਼ਿਆਦਾ ਜ਼ਿਕਰ ਨਹੀਂ ਹੁੰਦਾ।
ਇਹ ਲ਼ੜਾਈ ਬਹੁਤ ਵੱਡੇ ਪੱਧਰ ਦੀ ਸੀ ਅਤੇ ਹੱਥੋਂ-ਹੱਥ ਲੜਾਈ ਸੀ, ਜਿਸ ਵਿੱਚ ਸਿੱਖਾਂ ਦੀ ਧਿਰ ਦੇ 10-15 ਹਜ਼ਾਰ ਬੰਦੇ ਮਾਰੇ ਗਏ। ਇਸੇ ਲਈ ਇਸ ਨੂੰ ਵੱਡਾ ਘੱਲੂਘਾਰਾ ਕਿਹਾ ਗਿਆ।

ਤਸਵੀਰ ਸਰੋਤ, Charanjeev Kaushal/bbc
ਜਿੱਤ ਕਿਸ ਦੀ ਹੋਈ
ਕੁਤਬਾ ਬਾਹਮਣੀ ਪਿੰਡ ਤੱਕ ਪਹੁੰਚਿਆਂ-ਪਹੁੰਚਿਆਂ ਸ਼ਾਮ ਪੈ ਚੁੱਕੀ ਸੀ ਅਤੇ ਇੱਥੇ ਪਾਣੀ ਦੀ ਢਾਬ ਸੀ।
ਦੋਵਾਂ ਧਿਰਾਂ ਦੀਆਂ ਫੌਜਾਂ ਥੱਕ ਚੁੱਕੀਆਂ ਸਨ, ਘੋੜੇ ਵੀ ਪਿਆਸੇ ਸਨ। ਇੱਥੋਂ ਤੱਕ ਕੇ ਜੱਸਾ ਸਿੰਘ ਆਹਲੂਵਾਲੀਆਂ ਵੀ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਸਨ, ਉਨ੍ਹਾਂ ਦਾ ਘੋੜਾ ਮਾਰਿਆ ਗਿਆ ਸੀ।
ਪਾਣੀ ਦੀ ਢਾਬ ਦੇਖ ਕੇ ਦੋਵਾਂ ਧਿਰਾਂ ਦੇ ਘੋੜੇ ਤੇ ਫੌਜੀ ਪਾਣੀ ਦੀ ਢਾਬ ਵਿੱਚ ਵੜ ਗਏ। ਉਦੋਂ ਤੱਕ ਰਾਤ ਪੈ ਗਈ ਸੀ।
ਇਸ ਤੋਂ ਅੱਗੇ ਸਿੱਖਾਂ ਦੇ ਪਿੰਡ ਜ਼ਿਆਦਾ ਸਨ ਅਤੇ ਸਿੱਖ ਇੱਥੋਂ ਆਪਣੇ ਪਰਿਵਾਰਾਂ ਨੂੰ ਲੈ ਕੇ ਮਾਲਵੇ ਵੱਲ ਅੱਗੇ ਨਿਕਲ ਗਏ ਅਤੇ ਅਬਦਾਲੀ ਵੀ ਇੱਥੋਂ ਹੀ ਪਿੱਛੇ ਵਾਪਸ ਸਰਹਿੰਦ ਵੱਲ ਮੁੜ ਆਇਆ।
ਇਸ ਤੋਂ ਬਾਅਦ ਅਕਤੂਬਰ 1762 ਨੂੰ ਦਲ ਖ਼ਾਲਸੇ ਨੇ ਦਿਵਾਲੀ ਮੌਕੇ ਅਕਾਲ ਤਖ਼ਤ ਸਾਹਿਬ ਸਰਬੱਤ ਖਾਲਸਾ ਸਮਾਗਮ ਕੀਤਾ ਅਤੇ ਅਬਦਾਲੀ ਤੋਂ ਵੱਡੇ ਘੱਲੂਘਾਰੇ ਵਲੋਂ ਸਿੱਖਾਂ ਦੇ ਕੀਤੇ ਨੁਕਸਾਨ ਦਾ ਬਦਲਾ ਲੈਣ ਦਾ ਮਤਾ ਪਾਸ ਕੀਤਾ।
ਅਬਦਾਲੀ ਉਸ ਵੇਲੇ ਲਾਹੌਰ ਵਿੱਚ ਸੀ। ਇਸ ਤੋਂ ਪਹਿਲਾਂ ਕਿ ਸਿੱਖ ਉਸ ਉੱਤੇ ਹਮਲਾ ਕਰਦੇ ਅਬਦਾਲੀ ਮੁੜ ਅੰਮ੍ਰਿਤਸਰ ਵੱਲ ਆ ਗਿਆ, ਇੱਕ ਵਾਰ ਫੇਰ ਅਬਦਾਲੀ ਤੇ ਸਿੱਖਾਂ ਵਿਚਾਲੇ ਗਹਿਗੱਚ ਲੜਾਈ ਹੋਈ ਅਤੇ ਅਬਦਾਲੀ ਉੱਥੋਂ ਵਾਪਸ ਮੁੜ ਆਇਆ।
ਸਿੱਖਾਂ ਨੂੰ ਹੋਏ ਆਪਣੇ ਨੁਕਸਾਨ ਦਾ ਗੁੱਸਾ ਸੀ। ਇਸ ਇੱਕ ਦਿਨ ਦੀ ਲੜਾਈ ਤੋਂ ਬਾਅਦ ਹੀ ਅਹਿਮਦ ਸ਼ਾਹ ਅਬਦਾਲੀ ਪਿੱਛੇ ਹਟ ਗਿਆ ਸੀ।
ਡਾ. ਸੁਖਦਿਆਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਅਤੇ ਇਤਿਹਾਸਕਾਰ ਹਨ।












