ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦੀ ਬੇਸਮੈਂਟਾਂ ਅਤੇ ਸ਼ਿਫ਼ਟਾਂ ਵਾਲੀ ਜ਼ਿੰਦਗੀ: ‘ਇੱਥੇ ਕੋਈ ਨਹੀਂ ਪੁੱਛਣ ਵਾਲਾ ਪੁੱਤ ਰੋਟੀ ਖਾਧੀ ਕਿ ਨਹੀਂ’

ਅਰਪਣ
ਤਸਵੀਰ ਕੈਪਸ਼ਨ, ਅਰਪਣ ਸਾਲ 2021 ਵਿੱਚ ਕੈਨੇਡਾ ਆਈ ਸੀ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ, ਕੈਨੇਡਾ ਤੋਂ ਪਰਤ ਕੇ

“ਮੇਰਾ ਦਿਲ ਕਰਦਾ ਹੈ, ਭਾਰਤ ਜਾ ਕੇ ਆਪਣੇ ਪਿਤਾ ਨੂੰ ਘੁੱਟ ਕੇ ਜੱਫੀ ਪਾ ਕੇ ਰੋਵਾਂ, ਉਨ੍ਹਾਂ ਦੀ ਬਹੁਤ ਯਾਦ ਆਉਂਦੀ ਹੈ।’’

ਸ਼ਬਦ ਮੂੰਹੋਂ ਨਿਕਲਣ ਨੇ ਨਾਲ-ਨਾਲ ਅਰਪਣ ਦੀਆਂ ਅੱਖਾਂ ਸਿੱਲ੍ਹੀਆਂ ਹੋ ਜਾਂਦੀਆਂ ਹਨ ਅਤੇ ਉਹ ਗੱਲ ਕਰਦੀ ਕਰਦੀ ਚੁੱਪ ਕਰ ਜਾਂਦੀ ਹੈ।

ਕੁਝ ਪਲ਼ਾਂ ਦੀ ਚੁੱਪੀ ਨੂੰ ਤੋੜਦਿਆਂ ਉਹ ਮੁੜ ਕਹਿੰਦੀ ਹੈ....

‘‘ਇੱਥੇ ਕੋਈ ਕਿਸੇ ਦਾ ਨਹੀਂ, ਸਭ ਭੱਜ ਦੌੜ ਹੈ, ਕੈਨੇਡਾ ਬਾਰੇ ਜੋ ਮੈ ਸੋਚਿਆ ਸੀ,ਉਹ ਇੱਥੇ ਆ ਕੇ ਸਭ ਉਲਟ ਨਿਕਲਿਆ।’’

ਅਰਪਣ ਦੋ ਸਾਲ ਪਹਿਲਾਂ ਕੌਮਾਂਤਰੀ ਵਿਦਿਆਰਥੀ ਦੇ ਤੌਰ ਉੱਤੇ ਕੈਨੇਡਾ ਆਪਣੇ ਸੁਪਨੇ ਸਾਕਾਰ ਕਰਨ ਦੇ ਮਕਸਦ ਨਾਲ ਆਈ ਸੀ।

ਅਰਪਣ ਦਾ ਸਬੰਧ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਨਾਲ ਹੈ ਅਤੇ ਉਸ ਦੇ ਮਾਤਾ -ਪਿਤਾ ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਏ ਹਨ।

ਦੋ ਸਾਲ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਅਰਪਣ ਇਸ ਸਮੇਂ ਵਰਕ ਪਰਮਿਟ ਉੱਤੇ ਹੈ ਅਤੇ ਸਕਿਊਰਿਟੀ ਗਾਰਡ ਵਜੋਂ ਕੰਮ ਕਰਦੀ ਹੈ।

ਅਰਪਣ ਕੈਨੇਡਾ ਆਏ ਉਨ੍ਹਾਂ ਹਜ਼ਾਰਾਂ ਕੌਮਾਂਤਰੀ ਵਿਦਿਆਰਥੀਆਂ ਵਿੱਚੋਂ ਇੱਕ ਹੈ, ਜੋ ਕੈਨੇਡਾ ਵਸਣ ਲਈ ਪੜ੍ਹਾਈ ਦੇ ਬਹਾਨੇ ਸਟੱਡੀ ਵੀਜ਼ੇ ਆਉਂਦੇ ਹਨ ਪਰ ਇੱਥੋਂ ਦੀ ਹਾਲਾਤ ਨਾਲ ਉਨ੍ਹਾਂ ਦੇ ਸੁਪਨਿਆਂ ਦੇ ਉਲਟ ਸਾਬਿਤ ਹੋ ਰਹੇ ਹਨ।

ਵੀਡੀਓ ਕੈਪਸ਼ਨ, ਸੁਨਹਿਰੇ ਭਵਿੱਖ ਦੀ ਆਸ ’ਚ ਕੈਨੇਡਾ ਗਏ ਪੰਜਾਬੀਆਂ ਦੀ ਜ਼ਿੰਦਗੀ ਦਾ ‘ਕੌੜਾ’ ਸੱਚ

ਅਰਪਣ ਨੇ ਮੇਰੇ ਨਾਲ ਆਪਣੀ ਹੱਡਬੀਤੀ ਸਾਂਝੀ ਕਰਦਿਆਂ ਦੱਸਿਆਂ, “ਮੈਨੂੰ ਆਪਣੇ ਮਾਪਿਆਂ ਦੀ ਬਹੁਤ ਯਾਦ ਆਉਂਦੀ ਹੈ, ਮੰਮੀ ਰੋਟੀ ਬਣਾ ਕੇ ਦਿੰਦੀ ਸੀ, ਮੈ ਗੇਮ ਖੇਡਦੀ ਸੀ, ਕੋਈ ਜ਼ਿੰਮੇਵਾਰੀ ਨਹੀਂ ਸੀ।’’

ਬੀਬੀਸੀ

“ਇੱਥੇ ਕੋਈ ਵੀ ਨਹੀਂ, ਜੋ ਇਹ ਆਖ਼ ਸਕੇ ਪੁੱਤ ਰੋਟੀ ਖਾ ਲੈ, ਇੱਥੇ ਸਭ ਕੁਝ ਆਪ ਹੀ ਕਰਨਾ ਪੈਂਦਾ ਹੈ, ਭਾਰਤ ਵਿੱਚ ਸਾਰੇ ਰੋਕਦੇ ਸਨ ਪਰ ਇੱਥੇ ਰੋਕਣ ਵਾਲਾ ਕੋਈ ਨਹੀਂ ਹੈ।’’

ਅਰਪਣ ਮੁਤਾਬਕ ਉਸ ਦਾ ਕੈਨੇਡਾ ਆਉਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਅਸਲ ਵਿੱਚ ਕੈਨੇਡਾ ਦੀਆਂ ਚਮਕ ਵਾਲੀਆਂ ਵੀਡੀਉਜ਼ ਦੇਖ ਕੇ ਉਹ ਪ੍ਰਭਾਵਿਤ ਹੋ ਗਈ।

ਉਸ ਨੇ ਦੇਖਿਆ ਕਿ ਪੰਜਾਬ ਵਿੱਚ ਹਰ ਕੋਈ ਕੈਨੇਡਾ ਦੀ ਗੱਲ ਕਰ ਰਿਹਾ ਹੈ, ਇਹ ਦੇਸ ਬਹੁਤ ਸਾਫ਼ ਸੁਥਰਾ ਹੈ, ਵਿਦਿਆਰਥੀਆਂ ਕੋਲ ਵੱਡੀਆਂ-ਵੱਡੀਆਂ ਗੱਡੀਆਂ ਤੇ ਘਰ ਹਨ ਅਤੇ ਇਹ ਮੁਲਕ ਲੜਕੀਆਂ ਲਈ ਵੀ ਸੁਰੱਖਿਅਤ ਹੈ।

ਅਰਪਣ ਮੁਤਾਬਕ, “ਛੋਟੀ ਉਮਰ ਹੋਣ ਕਰਕੇ ਮੈਂ ਬਹੁਤ ਛੇਤੀ ਇਸ ਸਭ ਤੋਂ ਪ੍ਰਭਾਵਿਤ ਹੋ ਗਈ ਅਤੇ ਸੋਚਿਆ ਮੈਂ ਵੀ ਕੈਨੇਡਾ ਲਈ ਟਰਾਈ ਕਰਦੀ ਹਾਂ। ਮੇਰੇ ਮਾਤਾ ਪਿਤਾ ਚਾਹੁੰਦੇ ਸਨ ਕਿ ਮੈ ਗਰੇਜੂਏਸ਼ਨ ਕਰਾਂ ਪਰ ਕੁਝ ਲੋਕਾਂ ਨੇ ਮੈਨੂੰ ਆਖਿਆ ਕਿ ਛੇਤੀ ਕੈਨੇਡਾ ਪਹੁੰਚ ਕੇ ਸੈਟਲਮੈਂਟ ਜਲਦੀ ਹੋਵੇਗੀ।’’

“ਇਸ ਲਈ ਮੈਂ ਬਾਰ੍ਹਵੀਂ ਪਾਸ ਕਰ ਕੇ ਬਹੁਤ ਹੀ ਛੋਟੀ ਉਮਰ ਵਿੱਚ ਇੱਥੇ ਆ ਗਈ। ਕੈਨੇਡਾ ਰਹਿੰਦੀਆਂ ਮੇਰੀਆਂ ਕੁਝ ਸਹੇਲੀਆਂ ਨੇ ਮੈਨੂੰ ਇਥੋਂ ਦੀਆਂ ਦਿੱਕਤਾਂ ਬਾਰੇ ਦੱਸਿਆ ਸੀ ਪਰ ਮੇਰੇ ਸਿਰ ਉਤੇ ਕੈਨੇਡਾ ਦਾ ਭੂਤ ਸਵਾਰ ਸੀ, ਇਸ ਕਰਕੇ ਮੈ ਉਹਨਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕੀਤੀ।’’

ਕੈਨੇਡਾ ਦੇ ਸੁਪਨੇ ਤੇ ਜ਼ਮੀਨੀ ਹਕੀਕਤ

ਅਰਪਣ

ਤਸਵੀਰ ਸਰੋਤ, Tarunpal Singh

ਤਸਵੀਰ ਕੈਪਸ਼ਨ, ਅਰਪਣ ਸਾਲ 2021 ਵਿੱਚ ਕੈਨੇਡਾ ਆਈ ਸੀ।

ਅਰਪਣ ਦੱਸਦੀ ਹੈ ਕਿ 2021 ਵਿੱਚ ਉਹ ਜਦੋਂ ਪਹਿਲੀ ਵਾਰ ਕੈਨੇਡਾ ਪਹੁੰਚੀ ਤਾਂ ਉਸਨੂੰ ਅਹਿਸਾਸ ਹੋਇਆ ਕਿ ਉਹ ਕਿਸੇ ਹੋਰ ਦੁਨੀਆਂ ਵਿੱਚ ਆ ਗਈ ਹੈ, ਜਿਸ ਦੀ ਕਲਪਨਾ ਉਸ ਨੇ ਕਦੇ ਕੀਤੀ ਵੀ ਨਹੀਂ ਸੀ, ਟੋਰਾਂਟੋ ਉਸਨੂੰ ਆਪਣੇ ਸੁਪਨਿਆਂ ਦਾ ਸ਼ਹਿਰ ਲੱਗਣ ਲੱਗਾ।

ਅਰਪਣ ਨੇ ਦੱਸਿਆ, “ਏਅਰਪੋਰਟ ਤੋਂ ਮੈਨੂੰ ਏਜੰਟ ਦਾ ਕੋਈ ਜਾਣਕਾਰ ਲੈਣ ਲਈ ਆਇਆ ਅਤੇ ਉਸ ਨੇ ਮੈਨੂੰ ਇੱਕ ਘਰ ਦੀ ਬੇਸਮੈਂਟ ਦਾ ਇੱਕ ਬੈੱਡ ਕਿਰਾਏ ਉੱਤੇ ਲੈ ਕੇ ਦੇ ਦਿੱਤਾ, ਜਿੱਥੇ ਮੈ ਸੱਤ ਮਹੀਨੇ ਰਹੀ।’’

“ਇਹ ਬੇਸਮੈਂਟ ਇੱਕ ਹਾਲ ਸੀ, ਜਿਸ ਵਿੱਚ ਕੋਈ ਕਮਰਾ ਨਹੀਂ ਸੀ ਜ਼ਮੀਨ ਉੱਤੇ ਹੀ ਗੱਦੇ ਲੱਗੇ ਹੋਏ ਸਨ। ਜਿੱਥੇ ਕੁਝ ਹੋਰ ਕੁੜੀਆਂ ਵੀ ਰਹਿ ਰਹੀਆਂ ਸਨ। ਬੇਸਮੈਂਟ ਵਿੱਚ ਕੋਈ ਖਿੜਕੀ ਨਹੀਂ ਸੀ ਅਤੇ ਸ਼ੁਰੂ ਦੇ ਸੱਤ ਮਹੀਨੇ ਦਾ ਕੈਨੇਡਾ ਬਾਰੇ ਮੇਰਾ ਤਜਰਬਾ ਬਹੁਤ ਮਾੜਾ ਰਿਹਾ।’’

ਅਰਪਣ ਦੱਸਦੀ ਹੈ ਕਿ ਭਾਰਤ ਵਿਚੋਂ ਬੱਚਿਆਂ ਨੂੰ ਕੈਨੇਡਾ ਬਾਰੇ ਜੋ ਸੁਪਨੇ ਦਿਖਾਏ ਜਾਂਦੇ ਹਨ, ਉਸ ਦੀ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ।

ਏਜੰਟ ਇਹ ਨਹੀਂ ਦੱਸਦੇ ਕਿ ਬੇਸਮੈਂਟ ਵਿੱਚ ਰਹਿਣਾ ਹੋਵੇਗਾ, ਪੜਾਈ ਦੇ ਨਾਲ ਨਾਲ ਕੰਮ ਕਿਸ ਤਰੀਕੇ ਦਾ ਕਰਨਾ ਹੋਵੇਗਾ, ਵਿਦਿਆਰਥੀਆਂ ਦਾ ਸ਼ੋਸ਼ਣ ਕਿੰਨਾ ਹੋਵੇਗਾ।

ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾਂਦੀ, ਬਸ! ਕੈਨੇਡਾ ਬਾਰੇ ਸਭ ਕੁਝ ਚੰਗਾ ਦੱਸਿਆ ਜਾਂਦਾ ਹੈ।

ਅਰਪਣ

ਅਰਪਣ ਮੁਤਾਬਕ ਵਿਦਿਆਰਥੀ ਜੀਵਨ ਬਹੁਤ ਸੰਘਰਸ਼ਮਈ ਹੈ, ਮਾਨਸਿਕ ਤਣਾਅ, ਪਰਿਵਾਰ ਤੋਂ ਕੋਹਾਂ ਦੂਰ ਰਹਿਣ ਦਾ ਤਜਰਬਾ, ਕੰਮ ਨਾ ਮਿਲਣ ਦਾ ਦਬਾਅ, ਇਹ ਸਭ ਵਿਦਿਆਰਥੀਆਂ ਜੀਵਨ ਦੇ ਸੰਘਰਸ਼ ਦਾ ਹਿੱਸਾ ਹੈ।

ਅਰਪਣ ਨੇ ਦੱਸਿਆ ਕਿ ਇਸ ਸਮੇਂ ਸਭ ਤੋਂ ਜ਼ਿਆਦਾ ਸਮੱਸਿਆ ਕੰਮ ਦੀ ਹੈ। ਸਰਦੀ ਦੇ ਮੌਸਮ ਵਿੱਚ ਲੱਗਣ ਵਾਲੇ ਜੌਬ ਫੇਅਰ ਵਿੱਚ ਵਿਦਿਆਰਥੀਆਂ ਦੀਆਂ ਨੌਕਰੀ ਲਈ ਲੰਬੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ।

ਇਸ ਵਿਚੋਂ ਵੀ ਕੁਝ ਹੀ ਵਿਦਿਆਰਥੀਆਂ ਨੂੰ ਨੌਕਰੀਆਂ ਮਿਲਦੀਆਂ ਹਨ, ਕੈਨੇਡਾ ਦੀ ਇਸ ਸੱਚਾਈ ਨੂੰ ਭਾਰਤ ਵਿੱਚ ਕੋਈ ਵੀ ਨਹੀਂ ਦੱਸਦਾ। ਰਹਿਣ ਸਹਿਣ ਦਾ ਖਰਚਾ, ਕਾਲਜਾਂ ਦੀ ਫ਼ੀਸ ਅਤੇ ਉੱਤੋਂ ਕੰਮ ਦਾ ਕੋਈ ਭਰੋਸਾ ਨਾ ਹੋਣ ਕਾਰਨ ਹਰ ਸਮੇਂ ਦਿਮਾਗ ਵਿੱਚ ਚਿੰਤਾਂ ਬਣੀ ਰਹਿੰਦੀ ਹੈ।

ਅਰਪਣ

ਤਸਵੀਰ ਸਰੋਤ, Tarunpal Singh

ਤਸਵੀਰ ਕੈਪਸ਼ਨ, ਅਰਪਣ ਕਹਿੰਦੇ ਹਨ ਕਿ ਕੈਨੇਡਾ ਦੀ ਅਸਲੀਅਤ ਉਨ੍ਹਾਂ ਦੇ ਸੁਪਨਿਆਂ ਨਾਲੋਂ ਕਾਫੀ ਵੱਖਰੀ ਹੈ

ਅਰਪਣ ਨੇ ਦੱਸਿਆ ਕਿ ਮਾਪਿਆਂ ਨੂੰ ਕੈਨੇਡਾ ਦੀ ਦਿੱਕਤਾਂ ਬਾਰੇ ਉਹ ਮਹਿਜ਼ 10 ਫ਼ੀਸਦੀ ਜਾਣਕਾਰੀ ਦਿੰਦੀ ਹੈ, ਜਿਵੇਂ ਕਿ ਮੇਰੀ ਪੜ੍ਹਾਈ ਪੂਰੀ ਹੋ ਗਈ ਹੈ, ਕੰਮ ਮਿਲ ਗਿਆ ਹੈ ਅਤੇ ਤਨਖ਼ਾਹ ਬੈਂਕ ਵਿੱਚ ਆ ਗਈ ਹੈ।

ਬਾਕੀ ਮੁਸ਼ਕਿਲਾਂ ਕਿਉਂ ਨਹੀਂ ਦੱਸਦੀ, ਪੁੱਛੇ ਜਾਣ 'ਤੇ ਜਵਾਬ ਸੀ ਕਿ ਪ੍ਰੇਸ਼ਾਨ ਹੋਣਗੇ ਅਤੇ ਜ਼ਿਆਦਾਤਰ ਬੱਚੇ ਅਜਿਹਾ ਹੀ ਕਰਦੇ ਹਨ।

“ਜੇਕਰ ਮੈ ਰੋਟੀ ਨਹੀਂ ਖਾਧੀ ਤਾਂ ਵੀ ਮੈਂ ਮਾਪਿਆਂ ਨੂੰ ਝੂਠ ਹੀ ਕਹਿ ਦਿੰਦੀ ਹਾਂ ਕਿ ਖਾਣਾ ਖਾ ਲਿਆ ਹੈ। ਮੈ ਨਹੀਂ ਦੱਸ ਸਕਦੀ ਕਿ ਅੱਜ ਮੈਂ ਖਾਣਾ ਨਹੀਂ ਬਣਾ ਸਕੀ ਕਿਉਂਕਿ ਮੈ ਕੰਮ ਤੋਂ ਲੇਟ ਆਈ ਹਾਂ।’’

ਬੀਬੀਸੀ

ਕਰੀਬ 24 ਸਾਲਾ ਅਰਪਣ ਆਖਦੀ ਹੈ ਕਿ ਮੇਰੇ ਅੰਦਰੋਂ ਬਚਪਨ ਮਰ ਚੁੱਕਾ ਹੈ, ਛੋਟੀ ਉਮਰ ਵਿੱਚ ਹੀ ਕੈਨੇਡਾ ਵਿੱਚ ਵੱਡੀਆਂ ਜਿੰਮੇਵਾਰੀਆਂ ਪੈ ਗਈਆਂ ਹਨ।

ਅਰਪਣ ਦਾ ਟੀਚਾ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਦਾ ਹੈ ਅਤੇ ਉਸ ਤੋਂ ਬਾਅਦ ਹੀ ਉਹ ਭਾਰਤ ਆਪਣੇ ਮਾਪਿਆਂ ਕੋਲ ਜਾਵੇਗੀ।

ਅਰਪਣ ਮੁਤਾਬਕ ਕੈਨੇਡਾ ਚੰਗਾ ਮੁਲਕ ਹੈ ਅਤੇ ਇੱਥੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਹੈ ਅਤੇ ਤੱਰਕੀ ਦੇ ਬਰਾਬਰ ਮੌਕੇ ਮਿਲਦੇ ਹਨ ਪਰ ਵਿਦਿਆਰਥੀ ਜੀਵਨ ਬਹੁਤ ਸੰਘਰਸ਼ਮਈ ਹੈ ਅਤੇ ਇਸ ਦੀ ਕਲਪਨਾ ਵੀ ਭਾਰਤ ਰਹਿ ਕੇ ਨਹੀਂ ਕੀਤੀ ਜਾ ਸਕਦੀ।

ਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਬਾਰੇ ਅੰਕੜੇ

ਬੀਬੀਸੀ

ਕੈਨੇਡਾ ਦੇ ਇਮੀਗ੍ਰੇਸ਼ਨ, ਰਫ਼ਿਊਜੀ ਅਤੇ ਸਿਟੀਜ਼ਨਸ਼ਿਪ (ਆਈ ਆਰ ਸੀ ਸੀ) ਵਿਭਾਗ ਦੇ 2023 ਦੇ ਅੰਕੜਿਆਂ ਮੁਤਾਬਕ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਇਸ ਸਾਲ 29 ਪ੍ਰਤੀਸ਼ਤ ਦਾ ਇਜ਼ਾਫਾ ਦੇਖਿਆ ਗਿਆ ਅਤੇ ਇਸ ਵਿੱਚ ਸਭ ਤੋਂ ਜ਼ਿਆਦਾ ਸਟੱਡੀ ਪਰਮਿਟ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ, ਇਸ ਤੋਂ ਬਾਅਦ ਦੂਜਾ ਨੰਬਰ ਚੀਨ ਦਾ ਹੈ ਅਤੇ ਤੀਜੇ ਨੰਬਰ ਉੱਤੇ ਫਿਲੀਪੀਨਜ਼ ਦੇ ਵਿਦਿਆਰਥੀ ਆਉਂਦੇ ਹਨ।

ਭਾਰਤੀ ਵਿਦਿਆਰਥੀਆਂ ਵਿੱਚ ਸਭ ਤੋਂ ਵਧ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਪੰਜਾਬ ਅਤੇ ਗੁਜਰਾਤ ਤੋਂ ਹੈ। ਇਸ ਤੋਂ ਇਲਾਵਾ ਰਾਜਸਥਾਨ, ਉੱਤਰ ਪ੍ਰਦੇਸ਼, ਤੇਲੰਗਾਨਾ, ਆਂਧਰਾ ਪ੍ਰਦੇਸ਼ ਹਰਿਆਣਾ ਦੇ ਵਿਦਿਆਰਥੀ ਇਸ ਸਮੇਂ ਕੈਨੇਡਾ ਵਿੱਚ ਪੜਾਈ ਕਰ ਰਹੇ ਹਨ। ਭਾਰਤੀਆਂ ਵਿਚੋਂ ਸਭ ਤੋਂ ਜਿਆਦਾ ਗਿਣਤੀ ਪੰਜਾਬ ਦੇ ਵਿਦਿਆਰਥੀਆਂ ਦੀ ਹੈ।

ਬੀਬੀਸੀ

ਲੱਖਾਂ ਭਾਰਤੀ ਵਿਦਿਆਰਥੀ ਪਿਛਲੇ ਸਾਲਾਂ ਦੌਰਾਨ ਬਿਹਤਰ ਭਵਿੱਖ ਦੀ ਉਮੀਦ ਨਾਲ ਕੈਨੇਡਾ ਆਏ ਹਨ।

ਗਰੇਟਰ ਟੋਰਾਂਟੋ ਏਰੀਆ (ਜੀਟੀਏ) ਨੂੰ ਕੌਮਾਂਤਰੀ ਵਿਦਿਆਰਥੀਆਂ ਖ਼ਾਸ ਤੌਰ ਉੱਤੇ ਭਾਰਤੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਖ਼ਾਸ ਤੌਰ ਉੱਤੇ ਬ੍ਰੈਂਪਟਨ ਨੂੰ ਤਾਂ ਮਿੰਨੀ ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

'ਅਜਿਹਾ ਮੱਕੜਜਾਲ ਹੈ ਜਿੱਥੋਂ ਬਾਹਰ ਨਹੀਂ ਨਿਕਲਿਆ ਜਾ ਸਕਦਾ'

ਅਕਰਮ
ਤਸਵੀਰ ਕੈਪਸ਼ਨ, 28 ਸਾਲਾ ਅਕਰਮ 2023 ਵਿੱਚ ਸਟੱਡੀ ਪਰਮਿਟ ਉੱਤੇ ਕੈਨੇਡਾ ਪਹੁੰਚਿਆ ਸੀ

ਪੰਜਾਬ ਦੇ ਬਰਨਾਲਾ ਜਿਲ੍ਹੇ ਦੇ ਪਿੰਡ ਧੂਰਕੋਟ ਦੇ ਅਕਰਮ ਦੀ ਕਹਾਣੀ ਵੀ ਅਰਪਣ ਨਾਲ ਮਿਲਦੀ ਜੁਲਦੀ ਹੈ।

28 ਸਾਲਾ ਅਕਰਮ 2023 ਵਿੱਚ ਸਟੱਡੀ ਪਰਮਿਟ ਉੱਤੇ ਕੈਨੇਡਾ ਪਹੁੰਚਿਆ ਸੀ ਅਤੇ ਇਸ ਸਮੇਂ ਬਰੈਂਪਟਨਦੇ ਇੱਕ ਪ੍ਰਾਈਵੇਟ ਕਾਲਜ ਵਿੱਚ ਪ੍ਰੋਜੈਕਟ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਹੈ।

ਅਕਰਮ ਨੇ ਦੱਸਿਆ ਕਿ ਉਸ ਦੀ ਕਲਾਸ ਵਿੱਚ 32 ਵਿਦਿਆਰਥੀ ਹਨ। ਇਸ ਵਿਚੋਂ 25 ਭਾਰਤੀ ਹਨ ਅਤੇ ਬਾਕੀ ਹੋਰ ਦੇਸ਼ਾਂ ਦੇ ਹਨ।

ਕੈਨੇਡੀਅਨ ਮੂਲ ਦਾ ਕੋਈ ਵੀ ਵਿਦਿਆਰਥੀ ਉਨ੍ਹਾਂ ਦੀ ਕਲਾਸ ਵਿੱਚ ਨਹੀਂ ਹੈ।

ਕੈਨੇਡਾ ਦੀ ਜ਼ਿੰਦਗੀ ਬਾਰੇ ਤਜਰਬੇ ਸਾਂਝੇ ਕਰਦੇ ਹੋਏ ਅਕਰਮ ਦੱਸਦੇ ਹਨ, “ਕੈਨੇਡਾ ਇੱਕ ਮਿੱਠੀ ਜੇਲ੍ਹ ਹੈ,ਜਿੱਥੇ ਤੁਹਾਨੂੰ ਹਰ ਚੀਜ਼ ਮਿਲੇਗੀ ਪਰ ਤੁਸੀਂ ਸਾਰੀ ਉਮਰ ਇਸ ਤੋਂ ਬਾਹਰ ਨਹੀਂ ਨਿਕਲ ਸਕਦੇ।”

ਅਕਰਮ ਮੁਤਾਬਕ, “ਫ਼ਿਲਹਾਲ ਤਾਂ ਅਸੀਂ ਇੱਥੇ ਮਸ਼ੀਨ ਬਣੇ ਹੋਏ ਹਾਂ,ਸਵੇਰੇ ਤੋਂ ਲੈ ਕੇ ਸ਼ਾਮ ਤੱਕ ਕੰਮ ਹੀ ਕਰਦੇ ਹਾਂ, ਇਹ ਇੱਕ ਅਜਿਹਾ ਮੱਕੜਜਾਲ ਹੈ, ਜਿੱਥੋਂ ਬਾਹਰ ਨਹੀਂ ਨਿਕਲਿਆ ਜਾ ਸਕਦਾ।”

ਅਕਰਮ
ਤਸਵੀਰ ਕੈਪਸ਼ਨ, ਅਕਰਮ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੈਨੇਡਾ ਆ ਕੇ ਪਤਾ ਲੱਗਾ ਕਿ ਜੋ ਚੀਜ਼ ਭਾਰਤ ਤੋਂ ਦਿਖਾਈ ਗਈ ਹੈ, ਉਹ ਸਾਰੀ ਸੱਚ ਨਹੀਂ ਸੀ।

ਅਕਰਮ ਦਾ ਕਾਲਜ ਹਫ਼ਤੇ ਵਿੱਚ ਤਿੰਨ ਦਿਨ ਸ਼ਾਮ ਨੂੰ ਦੋ ਘੰਟੇ ਲਈ ਹੁੰਦਾ ਹੈ।

ਅਕਰਮ ਦਾ ਸਬੰਧ ਇੱਕ ਮਜ਼ਦੂਰ ਪਰਿਵਾਰ ਨਾਲ ਹੈ ਅਤੇ ਉਹ 22 ਲੱਖ ਰੁਪਏ ਕਰਜ਼ਾ ਲੈ ਕੇ ਕੈਨੇਡਾ ਆਇਆ ਹੈ।

ਇਸ ਕਰਜ਼ੇ ਨੂੰ ਵਾਪਸ ਕਰਨ ਦੇ ਨਾਲ-ਨਾਲ ਆਪਣੇ ਸੁਪਨਿਆਂ ਨੂੰ ਪੂਰੇ ਕਰਨ ਲਈ ਉਸਨੂੰ ਦੋ ਸ਼ਿਫ਼ਟਾਂ ਵਿੱਚ ਕੰਮ ਕਰਨ ਦੀ ਜੀਅ-ਤੋੜ ਮਿਹਨਤ ਕਰਨੀ ਪੈ ਰਹੀ ਹੈ।

ਅਕਰਮ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੈਨੇਡਾ ਆ ਕੇ ਪਤਾ ਲੱਗਾ ਕਿ ਜੋ ਚੀਜ਼ ਭਾਰਤ ਤੋਂ ਦਿਖਾਈ ਗਈ ਹੈ, ਉਹ ਸਾਰੀ ਸੱਚ ਨਹੀਂ ਸੀ।

ਅਕਰਮ
ਤਸਵੀਰ ਕੈਪਸ਼ਨ, ਅਕਰਮ ਦਾ ਕਾਲਜ ਹਫ਼ਤੇ ਵਿੱਚ ਤਿੰਨ ਦਿਨ ਸ਼ਾਮ ਨੂੰ ਦੋ ਘੰਟੇ ਲਈ ਹੁੰਦਾ ਹੈ

ਅਕਰਮ ਜ਼ਹੀਨ ਤੇ ਅਦਬੀ ਸੁਭਾਅ ਦਾ ਮੁੰਡਾ ਹੈ ਤੇ ਪੰਜਾਬ ਵਿੱਚ ਹੀ ਉਹ ਸਾਹਿਤਕ ਸਰਗਰਮੀਆਂ ਵਿੱਚ ਸ਼ਾਮਲ ਹੋਣ ਲੱਗ ਪਿਆ ਸੀ।

ਕੈਨੇਡਾ ਆ ਕੇ ਉਸ ਦੀ ਸ਼ਾਇਰੀ ਦੇ ਮੁੱਦੇ ਤੇ ਪਾਤਰ ਬਦਲ ਗਏ ਹਨ। ਪੰਜਾਬ ਦੀ ਧਰਤੀ ਲਈ ਤੜ੍ਹਪ ਤੇ ਕੈਨੇਡਾ ਦੇ ਔਖ਼ੇ ਹਾਲਾਤ ਅਕਰਮ ਦੀਆਂ ਕਵਿਤਾਵਾਂ ਵਿੱਚੋਂ ਡੁੱਲ੍ਹ-ਡੁੱਲ੍ਹ ਪੈਂਦੇ ਹਨ।

ਖ਼ਰਚੇ ਪੂਰੇ ਕਰਨ ਦੇ ਲਈ ਹਰ ਵਕਤ ਕੰਮ ਦੀ ਚਿੰਤਾ, ਭਵਿੱਖ ਦੀ ਹੋਣੀ ਉਸ ਦੇ ਚਿਹਰੇ ਅਤੇ ਗੱਲ੍ਹਾਂ ਵਿੱਚੋਂ ਵੀ ਝਲਕਦੀ ਹੈ।

ਕਰਜ਼ੇ ਦੀਆਂ ਕਿਸ਼ਤਾਂ, ਕਾਲਜ ਦੀ ਫੀਸ ਤੇ ਰਹਿਣ-ਸਹਿਣ ਦੇ ਖ਼ਰਚੇ ਪੂਰੇ ਕਰਨ ਲਈ ਅਕਰਮ ਇਸ ਸਮੇਂ ਦੋ ਥਾਵਾਂ ਉੱਤੇ ਪਾਰਟ ਟਾਈਮ ਨੌਕਰੀ ਕਰਦੇ ਹਨ।

ਦਿਨ ਵਿੱਚ ਉਹ ਇੱਕ ਕੰਪਿਊਟਰ ਸੈਂਟਰ ਵਿੱਚ ਅਤੇ ਰਾਤ ਸਮੇਂ ਸਕਿਊਰਿਟੀ ਦਾ ਕੰਮ ਕਰਦਾ ਹੈ। ਨੀਂਦ ਪੂਰੀ ਕਰਨ ਦੇ ਲਈ ਉਸ ਨੂੰ ਪੰਜ ਘੰਟਿਆਂ ਦਾ ਸਮਾਂ ਹੀ ਮਿਲਦਾ ਹੈ।

ਅਕਰਮ ਕਹਿੰਦੇ ਹਨ, “ਇੱਥੇ ਚਿੰਤਾ ਖ਼ਤਮ ਨਹੀਂ ਹੁੰਦੀ। ਘਰ ਵਾਲਿਆਂ ਨਾਲ ਰੋਜ਼ਾਨਾ ਹੁੰਦੀ ਗੱਲਬਾਤ ਹੀ ਮੈਨੂੰ ਮਾਨਸਿਕ ਤਣਾਅ ਤੋਂ ਕੁਝ ਸਕੂਨ ਦਿੰਦੀ ਹੈ।’’

ਅਕਰਮ ਵੀ ਅਰਪਣ ਵਾਂਗ ਆਪਣੇ ਮਾਪਿਆਂ ਨੂੰ ਕੈਨੇਡਾ ਦੀਆਂ ਦਿੱਕਤਾਂ ਬਾਰੇ ਕੋਈ ਗੱਲ ਸਾਂਝੀ ਨਹੀਂ ਕਰਦਾ।

ਅਕਰਮ ਫ਼ਿਲਹਾਲ ਇੱਕ ਕਿਰਾਏ ਦੀ ਬੇਸਮੈਂਟ ਵਿੱਚ ਆਪਣੇ ਪੰਜ ਸਾਥੀਆਂ ਦੇ ਨਾਲ ਰਹਿੰਦਾ ਹੈ। ਹਾਲਨੁਮਾ ਬੇਸਮੈਂਟ ਵਿੱਚ ਦੋ ਬੈੱਡ ਅਤੇ ਬਾਕੀ ਜ਼ਮੀਨ ਉੱਤੇ ਹੀ ਗੱਦੇ ਲੱਗੇ ਹੋਏ ਹਨ।

ਇੱਕ ਬੈੱਡ ਖ਼ਾਲੀ ਹੈ, ਜਿਸ ਬਾਰੇ ਅਕਰਮ ਦੱਸਦਾ ਹੈ ਕਿ ਇੱਕ ਹੋਰ ਕੌਮਾਂਤਰੀ ਵਿਦਿਆਰਥੀ ਦਾ ਇੰਤਜ਼ਾਰ ਕਰ ਰਿਹਾ ਹੈ। ਉਹ ਮਈ ਮਹੀਨੇ ਵਿੱਚ ਭਾਰਤ ਤੋਂ ਆ ਰਿਹਾ ਹੈ। ਉਸ ਦੀ ਬੇਸਮੈਂਟ ਵਿੱਚ ਵੀ ਕੋਈ ਰੋਸ਼ਨਦਾਨ ਨਹੀਂ ਹੈ, ਸਾਰਾ ਕੁਝ ਖੁੱਲਾ ਹਾਲ ਹੈ।

ਕੌਮਾਂਤਰੀ ਵਿਦਿਆਰਥੀ

ਤਸਵੀਰ ਸਰੋਤ, Tarunpal Singh

ਮਾਨਸਿਕ ਤਣਾਅ ਨਾਲ ਜੂਝਦੇ ਵਿਦਿਆਰਥੀ

ਨਿਰਲੇਪ ਸਿੰਘ ਗਿੱਲ ਬ੍ਰੈਂਪਟਨ ਵਿੱਚ ਪੰਜਾਬੀ ਕਮਿਊਨਿਟੀ ਹੈਲਥ ਸਰਵਿਸ ਨਾਲ ਕੰਮ ਕਰਦੇ ਹਨ।

ਗਿੱਲ, ਭਾਰਤੀ ਖ਼ਾਸ ਤੌਰ ਉੱਤੇ ਪੰਜਾਬੀ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਨਾਲ ਡੀਲ ਕਰਦੇ ਹਨ।

ਨਿਰਲੇਪ ਗਿੱਲ ਦੱਸਦੇ ਹਨ, “ਬਹੁਤ ਸਾਰੇ ਬੱਚੇ ਮਾਨਸਿਕ ਰੋਗਾਂ ਨਾਲ ਪੀੜ੍ਹਤ ਹਨ ਕਿਉਂਕਿ ਕੈਨੇਡਾ ਵਿੱਚ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਸਮਸਿਆਂ ਨਾਲ ਜੂਝਣਾ ਪੈ ਰਿਹਾ ਹੈ, ਇਹਨਾਂ ਨੂੰ ਪੈਰ-ਪੈਰ ਉੱਤੇ ਤਣਾਅ ਮਿਲਦਾ ਹੈ। ਖ਼ਾਸ ਤੌਰ ਉੱਤੇ ਉਹ ਵਿਦਿਆਰਥੀ ਜੋ ਬਹੁਤ ਹੀ ਘੱਟ ਉਮਰ (ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ)ਵਿੱਚ ਕੈਨੇਡਾ ਆਉਂਦੇ ਹਨ।”

ਨਿਰਲੇਪ ਸਿੰਘ ਗਿੱਲ
ਤਸਵੀਰ ਕੈਪਸ਼ਨ, ਨਿਰਲੇਪ ਸਿੰਘ ਗਿੱਲ ਬਰੈਂਪਟਨ ਵਿੱਚ ਪੰਜਾਬੀ ਕਮਿਊਨਿਟੀ ਹੈਲਥ ਸਰਵਿਸ ਨਾਲ ਕੰਮ ਕਰਦੇ ਹਨ।

ਨਿਰਲੇਪ ਸਿੰਘ ਗਿੱਲ ਦੱਸਦੇ ਹਨ ਕਿ ਇਹ ਵਿਦਿਆਰਥੀ ਛੋਟੇ ਹੋਣ ਕਾਰਨ ਮਾਨਸਿਕ ਤੌਰ ਉੱਤੇ ਵਿਕਸਤ ਨਹੀਂ ਹੋਏ ਹੁੰਦੇ। ਤਣਾਅ ਨਾਲ ਕਿਸੇ ਤਰੀਕੇ ਨਾਲ ਨਜਿੱਠਣਾ ਹੈ ਇਹ ਇਹਨਾਂ ਨੂੰ ਪਤਾ ਨਹੀਂ ਹੁੰਦਾ। ਜੇਕਰ ਬੱਚਾ ਮਾਪਿਆਂ ਨੂੰ ਕੋਈ ਗੱਲ ਦੱਸਦਾ ਵੀ ਹੈ ਤਾਂ ਉਹ ਉਸ ਦੀ ਗੱਲ ਸਮਝ ਨਹੀਂ ਪਾਉਂਦੇ।

ਉਨ੍ਹਾਂ ਦੱਸਿਆ, ‘‘ਇਹ ਸਮੱਸਿਆ ਸਾਰੇ ਕੌਮਾਂਤਰੀ ਵਿਦਿਆਰਥੀਆਂ ਦੀ ਨਹੀਂ ਹੈ, ਕੁਝ ਨੇ ਇੱਥੇ ਤਰੱਕੀ ਵੀ ਕੀਤੀ ਹੈ ਪਰ ਇਹਨਾਂ ਦੀ ਗਿਣਤੀ ਬਹੁਤ ਘੱਟ ਹੈ।’’

ਕੌਮਾਂਤਰੀ ਵਿਦਿਆਰਥੀਆਂ ਵਿੱਚ ਤਣਾਅ ਦਾ ਕਾਰਨ ਪੁੱਛੇ ਜਾਣ ਦੇ ਮੁੱਦੇ ਉਹ ਦੱਸਦੇ ਹਨ ਕਿ ਇਸ ਦੇ ਕਈ ਕਾਰਨ ਹਨ।

"ਪਹਿਲਾਂ ਕਾਰਨ ਇੰਡੀਆ ਵਿੱਚ ਬੱਚੇ ਆਰਾਮਦਾਇਕ ਸਥਿਤੀ ਵਿੱਚ ਹੁੰਦੇ ਹਨ, ਭਾਵ ਉਨ੍ਹਾਂ ਦੇ ਮਾਪੇ ਹਰ ਚੀਜ਼ ਦਾ ਖ਼ਿਆਲ ਰੱਖਦੇ ਹਨ ਕਿਸੇ ਵੀ ਤਰਾਂ ਦੀ ਜ਼ਿੰਮੇਵਾਰੀ ਉਨ੍ਹਾਂ ਉੱਤੇ ਨਹੀਂ। ਪਰ ਜਦੋਂ ਉਹ ਕੈਨੇਡਾ ਆਉਂਦੇ ਹਨ ਤਾਂ ਇੱਕ ਦਮ ਉਨ੍ਹਾਂ ਉੱਤੇ ਜ਼ਿੰਮੇਵਾਰੀਆਂ ਆ ਡਿੱਗਦੀਆਂ ਹਨ। ਇਸ ਦੇ ਲਈ ਉਹ ਮਾਨਸਿਕ ਤੌਰ ਉੱਤੇ ਤਿਆਰ ਨਹੀਂ ਹੁੰਦੇ।"

ਨਸ਼ੇ ਦੀ ਮਾਰ

ਕੈਨੇਡਾ, ਡਰੱਗਜ਼

ਤਸਵੀਰ ਸਰੋਤ, Getty Images

ਨਿਰਲੇਪ ਸਿੰਘ ਗਿੱਲ ਦੱਸਦੇ ਹਨ, “ਕੈਨੇਡਾ ਵਿੱਚ ਡਰੱਗਜ਼ ਬਹੁਤ ਜ਼ਿਆਦਾ ਹੈ। ਭਾਰਤ ਵਿੱਚ ਡਰੱਗਜ਼ ਦੀਆਂ ਕੁਝ ਹੀ ਕਿਸਮਾਂ ਹਨ ਪਰ ਕੈਨੇਡਾ ਵਿੱਚ ਡਰੱਗਜ਼ ਦੀਆਂ 55 ਤੋਂ ਲੈ ਕੇ 70 ਕਿਸਮਾਂ ਹਨ। ਡਰੱਗਜ਼ ਦੇ ਆਦੀ ਹੋਣ ਨਾਲ ਵੀ ਵਿਦਿਆਰਥੀ ਮਾਨਸਿਕ ਅਤੇ ਸਰੀਰਕ ਰੋਗ ਦੇ ਸ਼ਿਕਾਰ ਹੋ ਜਾਂਦੇ ਹਨ।’’

ਇਸ ਤੋਂ ਇਲਾਵਾ ਡਰੱਗਜ਼ ਓਵਰ ਡੋਜ਼ ਕਾਰਨ ਵਿਦਿਆਰਥੀਆਂ ਦੀ ਮੌਤਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ।

ਨਿਰਲੇਪ ਸਿੰਘ ਗਿੱਲ ਨੇ ਦੱਸਿਆ ਕਿ ਭਾਰਤ ਦੀ ਬਹੁਤ ਵੱਡੀ ਆਬਾਦੀ ਕੈਨੇਡਾ ਵਿੱਚ ਰਹਿੰਦੀ ਹੈ, ਸਿਰਫ਼ ਕੌਮਾਂਤਰੀ ਵਿਦਿਆਰਥੀ ਦੀਆਂ ਮੌਤਾਂ ਦੀ ਗਿਣਤੀ ਵਿੱਚ ਵਾਧਾ ਕਿਉਂ ਹੋ ਰਿਹਾ ਹੈ,ਇੱਕ ਸਵਾਲ ਹੈ।

ਗਿੱਲ ਨੇ ਦੱਸਿਆ ਕਿ ਜ਼ਿਆਦਾਤਰ ਮੌਤਾਂ ਨੂੰ ਹਾਰਟ ਅਟੈਕ ਨਾਲ ਜੋੜ ਦਿੱਤਾ ਜਾਂਦਾ ਹੈ।

ਇਸ ਤੋ ਇਲਾਵਾ ਵੱਖ ਵੱਖ ਕਾਰਨਾਂ ਕਰ ਕੇ ਪੈਦਾ ਹੋਏ ਮਾਨਸਿਕ ਤਣਾਅ ਕਾਰਨ ਵੀ ਵਿਦਿਆਰਥੀਆਂ ਵਿੱਚ ਖੁਦਕੁਸ਼ੀਆਂ ਦੇ ਰੁਝਾਨ ਵਿੱਚ ਵੀ ਵਾਧਾ ਹੋਇਆ ਹੈ।

ਪੀਆਰ ਲਈ ਦਬਾਅ

ਤਣਾਅ ਤੇ ਚਿੰਤਾ ਕੈਨੇਡਾ ਵਿੱਚ ਹਰ ਕਦਮ ਉੱਤੇ ਮਿਲਦੀ ਹੈ।

ਇਸ ਲਈ ਜੇਕਰ ਕਿਸੇ ਵਿਦਿਆਰਥੀ ਨੂੰ ਇਸ ਨਾਲ ਡੀਲ ਕਰਨਾ ਨਹੀਂ ਆਉਂਦਾ ਤਾਂ ਉਹ ਹੌਸਲਾ ਹਾਰ ਜਾਂਦਾ ਹੈ। ਇਸ ਤੋਂ ਇਲਾਵਾ ਕੈਨੇਡਾ ਦੀ ਨਾਗਰਿਕਤਾ ਤੇ ਪੀਆਰ ਹਾਸਲ ਕਰਨ ਨੂੰ ਲੈ ਕੇ ਵੀ ਬੱਚੇ ਮਾਨਸਿਕ ਦਬਾਅ ਵਿੱਚ ਰਹਿੰਦੇ ਹਨ।

ਕੈਨੇਡਾ ’ਚ ਕੌਮਾਂਤਰੀ ਵਿਦਿਆਰਥੀਆਂ ਦੀਆਂ ਮੌਤਾਂ

ਕੌਮਾਂਤਰੀ ਵਿਦਿਆਰਥੀ ਕਮਿਊਨਿਟੀ ਵਿੱਚ ਇੱਕ ਹੋਰ ਚੀਜ਼ ਹੈ, ਜੋ ਸਭ ਨੂੰ ਹੈਰਾਨ ਕਰਦੀ ਹੈ, ਉਹ ਹੈ ਇੱਥੇ ਵਿਦਿਆਰਥੀਆਂ ਦੀਆਂ ਹੁੰਦੀਆਂ ਮੌਤਾਂ। ਇਸ ਦਾ ਪਤਾ ਲਗਾਉਣ ਲਈ ਬੀਬੀਸੀ ਨੇ ਬ੍ਰੈਂਪਟਨ ਦੇ ਇੱਕ ਨਿੱਜੀ ਫਿਊਨਰਲ ਹੋਮ (ਸਮਸ਼ਾਨ ਘਾਟ) ਦੇ ਪ੍ਰਬੰਧਕ ਹਰਮਿੰਦਰ ਹੰਸੀ ਨਾਲ ਗੱਲਬਾਤ ਕੀਤੀ। ਹਰਮਿੰਦਰ ਹੰਸੀ ਪਿਛਲੇ 15 ਸਾਲਾਂ ਤੋਂ ਫਿਊਨਰਲ ਹੌਮ ਚਲਾ ਰਹੇ ਹਨ।

ਫਿਊਨਰਲ ਹੋਮ ਵਿਖੇ ਮੌਤ ਤੋਂ ਬਾਅਦ ਅੰਤਿਮ ਰਸਮਾਂ ਕੀਤੀਆਂ ਜਾਂਦੀਆਂ ਹਨ।

ਨਿੱਜੀ ਫਿਊਨਰਲ ਹੋਮ
ਤਸਵੀਰ ਕੈਪਸ਼ਨ, ਹਰਮਿੰਦਰ ਹੰਸੀ ਨੇ ਦੱਸਿਆ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਮੌਤ ਦਰ ਵਿੱਚ ਪਿਛਲੇ ਸਮੇਂ ਤੋਂ ਕਾਫ਼ੀ ਵਾਧਾ ਹੋਇਆ ਹੈ

ਹਰਮਿੰਦਰ ਹੰਸੀ ਨੇ ਦੱਸਿਆ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਮੌਤ ਦਰ ਵਿੱਚ ਪਿਛਲੇ ਸਮੇਂ ਤੋਂ ਕਾਫ਼ੀ ਵਾਧਾ ਹੋਇਆ ਹੈ।

ਮੌਤ ਦੇ ਕਾਰਨਾਂ ਬਾਰੇ ਗੱਲ ਕਰਦਿਆਂ ਹਰਮਿੰਦਰ ਹੰਸੀ ਦੱਸਦੇ ਹਨ ਕਿ ਜ਼ਿਆਦਾਤਰ ਮੌਤਾਂ ਵਿੱਚ ਇੱਕ ਜਾਂ ਦੋ ਕੇਸ ਹੋਣਗੇ ਜਿੰਨ੍ਹਾਂ ਦੀ ਮੌਤ ਕੁਦਰਤੀ ਤਰੀਕੇ ਨਾਲ ਹੋਈ ਹੋਵੇ, ਪਰ ਜ਼ਿਆਦਾਤਰ ਮੌਤਾਂ ਦਾ ਕਾਰਨ ਖ਼ੁਦਕੁਸ਼ੀ ਰਿਹਾ ਹੈ।

ਇਸ ਤੋਂ ਇਲਾਵਾ ਡਰੱਗ ਓਵਰ ਡੋਜ਼ ਨਾਲ ਵੀ ਮੌਤਾਂ ਹੋ ਰਹੀਆਂ ਹਨ। ਸ਼ਰਾਬ ਪੀ ਕੇ ਗੱਡੀ ਚਲਾਉਣ ਉੱਤੇ ਹੋਏ ਹਾਦਸੇ ਵੀ ਕੌਮਾਂਤਰੀ ਵਿਦਿਆਰਥੀਆਂ ਦੀ ਮੌਤ ਦਾ ਇੱਕ ਕਾਰਨ ਬਣ ਰਹੇ ਹਨ।

ਹੰਸੀ ਨੇ ਦੱਸਿਆ ਕਿ ਹਰ ਮਹੀਨੇ ਸਿਰਫ਼ ਉਹ ਹੀ ਕਰੀਬ ਚਾਰ-ਪੰਜ ਮ੍ਰਿਤਕ ਦੇਹਾਂ ਭਾਰਤ ਭੇਜਦੇ ਹਨ, ਇਸ ਤੋਂ ਇਲਾਵਾ ਕੁਝ ਲੋਕ ਕੈਨੇਡਾ ਵਿੱਚ ਵੀ ਸਸਕਾਰ ਕਰ ਦਿੰਦੇ ਹਨ, ਜਿਸ ਦਾ ਅੰਕੜਾ ਮੌਜੂਦ ਨਹੀਂ ਹੈ।

ਹੰਸੀ ਮੁਤਾਬਕ ਇਹ ਸਿਰਫ਼ ਇੱਕ ਫਿਊਨਰਲ ਹੋਮ ਦਾ ਅੰਕੜਾ ਹੈ ਅਤੇ ਜੀਟੀਏ ਵਿੱਚ ਇਸ ਸਮੇਂ ਕਈ ਫਿਊਨਰਲ ਹੋਮ ਹਨ। ਉਨ੍ਹਾਂ ਦੱਸਿਆ ਕੇ ਜੇਕਰ ਪੂਰੇ ਕੈਨੇਡਾ ਦੇ ਅੰਕੜੇ ਨੂੰ ਜੋੜ ਲਏ ਜਾਣ ਤਾਂ ਗਿਣਤੀ ਕਾਫ਼ੀ ਵਧ ਜਾਂਦੀ ਹੈ।

ਹਰਮਿੰਦਰ ਹੰਸੀ
ਤਸਵੀਰ ਕੈਪਸ਼ਨ, ਹਰਮਿੰਦਰ ਦੱਸਦੇ ਹਨ ਕਿ ਕੌਮਾਂਤਰੀ ਵਿਦਿਆਰਥੀਆਂ ਦੇ ਖ਼ੁਦਕੁਸ਼ੀ ਦੇ ਮਾਮਲੇ ਵੀ ਵਧੇ ਹਨ

ਦਸੰਬਰ 2023 ਵਿੱਚ ਵਿਦੇਸ਼ ਰਾਜ ਮੰਤਰੀ ਵੀ.ਮੁਰਲੀਧਰਨ ਨੇ ਰਾਜ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦਾ ਲਿਖਤ ਜਵਾਬ ਦਿੰਦੇ ਹੋਏ ਦੱਸਿਆ ਕਿ 2018 ਤੋਂ ਲੈ ਕੇ 2023 ਦੇ ਦਸੰਬਰ ਮਹੀਨੇ ਤੱਕ ਵਿਦੇਸ਼ ਵਿੱਚ 403 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ, ਇਸ ਵਿੱਚੋਂ ਸਭ ਤੋਂ ਜ਼ਿਆਦਾ 91 ਮੌਤਾਂ ਕੈਨੇਡਾ ਵਿੱਚ ਹੋਈਆਂ।

ਜਵਾਬ ਵਿੱਚ ਅੱਗੇ ਇਹ ਵੀ ਆਖਿਆ ਗਿਆ ਕਿ ਇਹਨਾਂ ਵਿੱਚੋਂ ਕੁਝ ਮੌਤਾਂ ਕੁਦਰਤੀ ਸਨ ਅਤੇ ਕਈਆਂ ਦੀ ਕਿਸੇ ਹਾਦਸੇ ਕਾਰਨ ਜਾਨ ਗਈ ਹੈ।

2023 ਦਸੰਬਰ ਮਹੀਨੇ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਤਤਕਾਲੀ ਬੁਲਾਰੇ ਅਰਿੰਦਮ ਬਾਗ਼ਚੀ ਨੇ ਆਖਿਆ ਸੀ ਕਿ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ।

ਕੈਨੇਡਾ ਦੇ ਸਟੱਡੀ ਪਰਮਿਟ ਦਾ ਅਸਲ ਸੱਚ ਕੀ ਹੈ

ਕੌਮਾਂਤਰੀ ਵਿਦਿਆਰਥੀ

ਤਸਵੀਰ ਸਰੋਤ, Tarunpal Singh

ਤਸਵੀਰ ਕੈਪਸ਼ਨ, ਕਤਾਰ ਵਿੱਚ ਆਪਣੀ ਵਾਰੀ ਉਡੀਕ ਰਹੇ ਵਿਦਿਆਰਥੀ

ਹਰ ਸਾਲ ਲੱਖਾਂ ਭਾਰਤੀ ਵਿਦਿਆਰਥੀ ਸਟੱਡੀ ਪਰਮਿਟ ਉੱਤੇ ਕੈਨੇਡਾ ਜਾ ਰਹੇ ਹਨ।

ਕੈਨੇਡਾ ਸਰਕਾਰ ਦੇ ਅਧਿਕਾਰਤ ਅੰਕੜਿਆਂ ਮੁਤਾਬਕ 2022 ਦੇ ਮੁਕਾਬਲੇ 2023 ਵਿੱਚ ਐਕਟਿਵ ਸਟੂਡੈਂਟ ਵੀਜਾ ਦੀ ਗਿਣਤੀ ਤਕਰੀਬਨ 29 ਫ਼ੀਸਦ ਵਧ ਕੇ ਕਰੀਬ 10 ਲੱਖ 40 ਹਜਾਰ ਹੋ ਗਈ ਹੈ।

ਇਨ੍ਹਾਂ ਵਿਚੋਂ ਕਰੀਬ ਚਾਰ ਲੱਖ 87 ਹਜਾਰ ਭਾਰਤੀ ਵਿਦਿਆਰਥੀ ਸਨ। ਇਹ 2022 ਦੇ ਮੁਕਾਬਲੇ 33.8 ਫੀਸਦੀ ਜਿਆਦਾ ਹੈ।

ਆਮ ਕੈਨੇਡੀਅਨ ਵਿਦਿਆਰਥੀ ਦੀ ਤੁਲਨਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਨੂੰ ਤਿੰਨ ਗੁਣਾ ਜ਼ਿਆਦਾ ਫ਼ੀਸ ਦੇਣੀ ਪੈਂਦੀ ਹੈ।

ਕੈਨੇਡਾ ਸਰਕਾਰ ਦੀ 2022 ਦੀ ਰਿਪੋਰਟ ਦੇ ਮੁਤਾਬਕ ਕੌਮਾਂਤਰੀ ਵਿਦਿਆਰਥੀਆਂ ਨੇ ਇਥੋਂ ਦੀ ਆਰਥਿਕਤਾ ਵਿੱਚ 22 ਬਿਲੀਅਨ ਕੈਨੇਡੀਅਨ ਡਾਲਰ ਦਾ ਯੋਗਦਾਨ ਪਾਇਆ ਅਤੇ ਇਸ ਤੋਂ ਇਲਾਵਾ ਕਰੀਬ 2.2 ਲੱਖ ਨਵੀਆਂ ਨੌਕਰੀਆਂ ਪੈਦਾ ਕੀਤੀਆਂ।

ਇਸ ਕਰਕੇ ਕੌਮਾਂਤਰੀ ਵਿਦਿਆਰਥੀ ਕੈਨੇਡਾ ਦੀ ਆਰਥਿਕਤਾ ਦੀ ਮਜ਼ਬੂਰੀ ਜਾਪਦੀ ਹੈ। ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਦੇ ਵਿਦਿਆਰਥੀ ਹਰ ਸਾਲ ਕੈਨੇਡਾ ਪੜਾਈ ਲਈ ਆ ਰਹੇ ਹਨ।

ਇਨ੍ਹਾਂ ਵਿਚੋਂ ਸਭ ਤੋਂ ਜਿਆਦਾ ਵਿਦਿਆਰਥੀ ਭਾਰਤ ਤੋਂ ਹਨ। ਇਨ੍ਹਾਂ ਵਿਚੋਂ ਸਭ ਤੋਂ ਜਿਆਦਾ ਵਿਦਿਆਰਥੀ ਭਾਰਤ ਤੋਂ ਹਨ।

ਇਸ ਕਰਕੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਅਤੇ ਕਾਲਜ ਕੌਮਾਂਤਰੀ ਵਿਦਿਆਰਥੀਆਂ ਨੂੰ ਦਾਖ਼ਲ ਕਰਨ ਨੂੰ ਤਰਜੀਹ ਦੇ ਰਹੇ ਹਨ। ਕਈ ਕਾਲਜ ਤਾਂ ਸਿਰਫ਼ ਨਾਮ ਦੇ ਹੀ ਕਾਲਜ ਹਨ।

ਉਨ੍ਹਾਂ ਕੋਲ ਨਾ ਤਾਂ ਕੈਂਪਸ ਹੈ ਅਤੇ ਨਾ ਹੀ ਕੋਈ ਗਰਾਊਂਡ। ਸਿਰਫ਼ ਦੋ ਕਮਰਿਆਂ ਵਿੱਚ ਕਾਲਜ ਚੱਲ ਰਹੇ ਹਨ। ਅਜਿਹੇ ਕਾਲਜਾਂ ਖਿਲਾਫ਼ ਕੈਨੇਡਾ ਸਰਕਾਰ ਨੇ ਹੁਣ ਜਾ ਕੇ ਕੁਝ ਸਖ਼ਤੀ ਕੀਤੀ ਹੈ।

ਓਨਟਾਰੀਓ ਦੇ ਕਾਲਿਜਜ਼ ਅਤੇ ਯੂਨੀਵਰਸਿਟੀਜ਼ ਵਿਭਾਗ ਦੀ ਇਕ ਰਿਪੋਰਟ ਦੇ ਮੁਤਾਬਕ 2012 ਤੋਂ ਲੈ ਕੇ 2021 ਤੱਕ ਸੂਬੇ ਦੇ ਨਿੱਜੀ ਕਾਲਜਾਂ ਵਿੱਚ ਘਰੇਲੂ ਵਿਦਿਆਰਥੀਆਂ ਦੀ ਗਿਣਤੀ ਵਿੱਚ 15 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ।

ਜਦੋਂਕਿ ਇਸ ਸਮੇਂ ਦੌਰਾਨ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ 342 ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲਿਆ। ਇਸ ਵਿਚੋਂ 62 ਫੀਸਦੀ ਭਾਰਤ ਦੇ ਵਿਦਿਆਰਥੀ ਸਨ।

ਕੈਨੇਡਾ ਵਿੱਚ ਪੜ੍ਹਾਈ ਦਾ ਮਿਆਰ

ਆਖ਼ਰਕਾਰ ਕੈਨੇਡਾ ਦੀ ਪੜ੍ਹਾਈ ਦਾ ਮਿਆਰ ਕੀ ਹੈ।

ਇਸ ਬਾਰੇ ਟੋਰਾਂਟੋ ਵਿੱਚ ਲੰਬੇ ਸਮੇਂ ਤੋਂ ਪੱਤਰਕਾਰ ਵਜੋਂ ਕੰਮ ਕਰ ਰਹੇ ਜਸਵੀਰ ਸ਼ਮੀਲ ਆਖਦੇ ਹਨ ਕਿ ਪਿਛਲੇ ਦਸ ਸਾਲਾਂ ਤੋਂ ਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀ ਖ਼ਾਸ ਤੌਰ ਉੱਤੇ ਭਾਰਤੀ ਵਿਦਿਆਰਥੀਆਂ ਦਾ ਗਿਣਤੀ ਵਿੱਚ ਵਾਧਾ ਹੋਇਆ ਹੈ।

ਜਸਵੀਰ ਸ਼ਮੀਲ ਨੇ ਦੱਸਿਆ, ‘‘ਸਟੱਡੀ ਪਰਮਿਟ ਸਿਰਫ਼ ਕੈਨੇਡਾ ਆਉਣ ਦਾ ਇੱਕ ਤਰੀਕਾ ਹੈ। ਇੱਥੇ ਜ਼ਿਆਦਾਤਰ ਵਿਦਿਆਰਥੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਟਰੱਕ ਡਰਾਈਵਰ, ਟੈਕਸੀ ਚਲਾਉਣੀ, ਡਲਿਵਰੀ ਦਾ ਕੰਮ, ਹੋਟਲ ਵਿੱਚ ਕੰਮ ਕਰਨ ਲੱਗ ਜਾਂਦੇ ਹਨ।’’

ਸ਼ਮੀਲ ਦੱਸਦੇ ਹਨ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਇੰਨ੍ਹਾਂ ਕੰਮਾਂ ਵਿੱਚ ਹੀ ਫਸ ਕੇ ਰਹਿ ਜਾਂਦੇ ਹਨ।

ਵਿਦਿਆਰਥੀਆਂ ਨੇ ਜਿਸ ਵਿਸ਼ੇ ਦੀ ਪੜਾਈ ਕੀਤੀ ਹੁੰਦੀ ਹੈ, ਉਸ ਵਿੱਚ ਨੌਕਰੀ ਹਾਸਲ ਕਰਨ ਵਾਲਿਆਂ ਦਾ ਨੰਬਰ ਬਹੁਤ ਘੱਟ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਕੈਨੇਡਾ ਵਿੱਚ ਹਾਲਾਤ ਬਹੁਤ ਖ਼ਰਾਬ ਹਨ। ਵਿਦਿਆਰਥੀਆਂ ਦੀ ਗੱਲ ਤਾਂ ਇਕ ਪਾਸੇ ਰਹੀ ਇੱਥੋਂ ਦੇ ਨਾਗਰਿਕਾਂ ਨੂੰ ਨੌਕਰੀ ਨਹੀਂ ਮਿਲ ਰਹੀ ਹੈ।

ਜਸਵੀਰ ਸ਼ਮੀਲ
ਤਸਵੀਰ ਕੈਪਸ਼ਨ, ਟੋਰਾਂਟੋ ਵਿੱਚ ਲੰਬੇ ਸਮੇਂ ਤੋਂ ਪੱਤਰਕਾਰ ਵਜੋਂ ਕੰਮ ਕਰ ਰਹੇ ਜਸਵੀਰ ਸ਼ਮੀਲ

ਸ਼ਮੀਲ ਮੁਤਾਬਕ ਕੈਨੇਡਾ ਦੇ ਨਿੱਜੀ ਕਾਲਜ ਭਾਰਤੀ ਵਿਦਿਆਰਥੀਆਂ ਨਾਲ ਭਰੇ ਪਏ ਹਨ। ਕਈ ਕਾਲਜਾਂ ਵਿੱਚ ਤਾਂ 95 ਪ੍ਰਤੀਸ਼ਤ ਭਾਰਤੀ ਵਿਦਿਆਰਥੀ ਹੀ ਹਨ।

ਉਨ੍ਹਾਂ ਦੱਸਿਆ ਕਿ ਜਨਵਰੀ 2024 ਵਿੱਚ ਕੈਨੇਡਾ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਉੱਤੇ ਕੁਝ ਸਖ਼ਤੀ ਕੀਤੀ ਜਿਸ ਮੁਤਾਬਕ ਕੈਨੇਡਾ ਸਰਕਾਰ ਨੇ ਦੋ ਸਾਲ ਦੇ ਲਈ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ 35 ਫੀਸਦ ਦੀ ਕਟੌਤੀ ਕੀਤੀ ਹੈ।

ਇਸ ਤੋਂ ਇਲਾਵਾ ਕੈਨੇਡਾ ਨੇ ਹੁਣ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਦੇ ਪਤੀ ਜਾਂ ਪਤਨੀ ਨੂੰ ਹੀ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ ਜੋ ਉੱਥੇ ਮਾਸਟਰਜ਼ ਜਾਂ ਡਾਕਟਰੇਟ ਪੱਧਰ ਦੀ ਪੜ੍ਹਾਈ ਕਰਨਗੇ।

ਹੇਠਲੇ ਪੱਧਰ ਦੇ ਕੋਰਸ ਕਰ ਰਹੇ ਵਿਦਿਆਰਥੀ ਸਪਾਊਜ਼ ਵੀਜ਼ੇ ਉੱਪਰ ਆਪਣੇ ਪਤੀ ਜਾਂ ਪਤਨੀ ਨੂੰ ਕੈਨੇਡਾ ਨਹੀਂ ਬੁਲਾ ਸਕਣਗੇ। ਕੈਨੇਡਾ ਨੇ ਇਹ ਕਦਮ ਉਥੇ ਘਰਾਂ ਦੀ ਸਮੱਸਿਆ ਕਾਰਨ ਪੈਦਾ ਹੋਏ ਹਾਲਤਾਂ ਕਾਰਨ ਚੁੱਕੇ ਹਨ।

ਕੈਨੇਡਾ ਸਰਕਾਰ ਦੇ ਅੰਕੜੇ ਦੱਸਦੇ ਹਨ ਕਿ ਇਸ ਸਮੇਂ ਪੂਰੇ ਕੈਨੇਡਾ ਵਿੱਚ 3 ਲੱਖ 45 ਹਜ਼ਾਰ ਮਕਾਨਾਂ ਦੀ ਕਮੀ ਹੈ।

ਨਤੀਜਾ ਵਿਦਿਆਰਥੀਆਂ ਨੂੰ ਬੈਸਮੈਂਟਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਬੀਬੀਸੀ

ਗੁਰੂ ਘਰਾਂ ਅਤੇ ਫੂਡ ਬੈਂਕਾਂ ਦਾ ਸਹਾਰਾ

ਵਿਸ਼ਾਲ ਖੰਨਾ
ਤਸਵੀਰ ਕੈਪਸ਼ਨ, ਵਿਸ਼ਾਲ ਖੰਨਾ ਬਰੈਂਪਟਨ ਵਿੱਚ ਫੂਡ ਬੈਂਕ ਚਲਾ ਰਹੇ ਹਨ।

ਕੈਨੇਡਾ ਵਿੱਚ ਨੌਕਰੀਆਂ ਦੀ ਕਮੀ ਕਾਰਨ ਬਹੁਤ ਸਾਰੇ ਕੌਮਾਂਤਰੀ ਵਿਦਿਆਰਥੀ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ।

ਰੁਜ਼ਗਾਰ ਦੀ ਕਮੀ ਅਤੇ ਵਧਦੀ ਮਹਿੰਗਾਈ ਦੇ ਕਾਰਨ ਕਈ ਵਿਦਿਆਰਥੀਆਂ ਨੂੰ ਦੋ ਡੰਗ ਦੀ ਰੋਟੀ ਕਮਾਉਣ ਵਿੱਚ ਵੀ ਦਿੱਕਤ ਆ ਰਹੀ ਹੈ।

ਇਸ ਕਰ ਕੇ ਕਈ ਵਿਦਿਆਰਥੀਆਂ ਨੂੰ ਗੁਰੂ ਘਰਾਂ ਅਤੇ ਫੂਡ ਬੈਂਕਾਂ ਉੱਤੇ ਨਿਰਭਰ ਹੋਣਾ ਪੈ ਰਿਹਾ ਹੈ।

ਵਿਸ਼ਾਲ ਖੰਨਾ ਬਰੈਂਪਟਨ ਵਿੱਚ ਫੂਡ ਬੈਂਕ ਚਲਾ ਰਹੇ ਹਨ।

ਖੰਨਾ ਦੱਸਦੇ ਹਨ, ‘‘ਕਾਲਜ ਦੀ ਫ਼ੀਸ ਭਰਨੀ, ਰਹਿਣ ਲਈ ਘਰ ਦਾ ਕਿਰਾਇਆ ਅਤੇ ਉੱਤੋਂ ਰੁਜ਼ਗਾਰ ਦੀ ਕਮੀ ਦੇ ਕਾਰਨ ਕਈ ਵਿਦਿਆਰਥੀਆਂ ਦੀ ਸਥਿਤੀ ਬਹੁਤ ਖ਼ਰਾਬ ਹੈ।’’

ਖੰਨਾ ਮੁਤਾਬਕ,‘‘ ਉਹ ਹਰ ਮਹੀਨੇ 600 ਤੋਂ 700 ਵਿਦਿਆਰਥੀਆਂ ਨੂੰ ਸੁੱਕਾ ਰਾਸ਼ਨ ਮੁਹੱਈਆ ਕਰਵਾ ਕੇ ਮਦਦ ਕਰ ਰਹੇ ਹਨ। ਗੁਰਦੁਆਰਿਆਂ ਵਿੱਚ ਵੀ ਕੌਮਾਂਤਰੀ ਵਿਦਿਆਰਥੀ ਦੀ ਭੀੜ ਆਮ ਦੇਖੀ ਜਾ ਸਕਦੀ ਹੈ।’’

ਕੁਝ ਵਿਦਿਆਰਥੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਸਾਨੂੰ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਕਈ ਹੋਰ ਸਾਥੀ ਕਈ ਵਾਰ ਗੁਰਦੁਆਰੇ ਸਿਰਫ਼ ਲੰਗਰ ਛਕਣ ਲਈ ਹੀ ਜਾਂਦੇ ਹਨ।

ਗੁਰਦੁਆਰਿਆਂ ਦੇ ਪ੍ਰਬੰਧਕ ਵੀ ਅਜਿਹੇ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਉਂਦੇ ਹਨ।

ਕੈਨੇਡਾ ਤੋਂ ਕਿਉਂ ਨਹੀਂ ਹੁੰਦੀ ਵਾਪਸੀ

ਕੌਮਾਂਤਰੀ ਵਿਦਿਆਰਥੀ

ਤਸਵੀਰ ਸਰੋਤ, Tarunpal Singh

ਅਕਰਮ ਨੂੰ ਜਦੋਂ ਇਹ ਪੁੱਛਿਆ ਕਿ ਜਦੋਂ ਜ਼ਿੰਦਗੀ ਇੱਥੇ ਇੰਨੀ ਔਖੀ ਹੈ ਤਾਂ ਉਹ ਭਾਰਤ ਵਾਪਸੀ ਕਿਉਂ ਨਹੀਂ ਕਰਦੇ ਤਾਂ ਉਸ ਦਾ ਜਵਾਬ ਸੀ, ‘‘ਪਿੰਡ ਵਾਲੇ ਕੀ ਆਖਣਗੇ। ਰਿਸ਼ਤੇਦਾਰ ਕੀ ਕਹਿਣਗੇ।’’

ਉਨ੍ਹਾਂ ਦੱਸਿਆ, ‘‘ਰਿਸ਼ਤੇਦਾਰਾਂ ਅਤੇ ਸਮਾਜ ਦੇ ਦਬਾਅ ਕਾਰਨ ਅਸੀਂ ਚਾਹ ਕੇ ਵੀ ਵਾਪਸ ਦੇਸ਼ ਨਹੀਂ ਪਰਤ ਸਕਦੇ।’’

ਇਹ ਵਿਦਿਆਰਥੀ ਸੋਚਦੇ ਹਨ ਕਿ ਜੇ ਉਹ ਵਾਪਸ ਚਲੇ ਗਏ, ਤਾਂ ਉਨ੍ਹਾਂ ਸੁਪਨਿਆਂ ਦਾ ਕੀ ਹੋਵੇਗਾ ਜੋ ਉਨ੍ਹਾਂ ਨੇ ਭਾਰਤ ਵਿੱਚ ਕੈਨੇਡਾ ਲਈ ਦੇਖੇ ਸਨ।

ਅਕਰਮ ਕਹਿੰਦਾ ਹੈ, ‘‘ਦੇਸ ਪਰਤਣ ਉੱਤੇ ਲੋਕ ਸਾਨੂੰ ਮਾੜੇ ਨਜ਼ਰੀਏ ਨਾਲ ਦੇਖਣਗੇ। ਕੈਨੇਡਾ ਵਿੱਚ ਵੱਸਣ ਦਾ ਰਸਤਾ ਫ਼ਿਲਹਾਲ ਬਹੁਤ ਔਖਾ ਅਤੇ ਲੰਬਾ ਲੱਗਾ ਰਿਹਾ ਹੈ ਪਰ ਫਿਰ ਵੀ ਉਹ ਆਪਣੀ ਮੰਜ਼ਿਲ ਉੱਤੇ ਜ਼ਰੂਰ ਪਹੁੰਚਣਗੇ।’’

ਅਕਰਮ ਦੀ ਕਵਿਤਾ ਵਿੱਚ ਇਸ ਮੰਜ਼ਿਲ ‘ਪੰਜਾਬ ਪਰਤਣ’ ਦਾ ਵਾਰ-ਵਾਰ ਜ਼ਿਕਰ ਆਉਂਦਾ ਹੈ।

ਅਰਪਣ ਵੀ ਕੈਨੇਡਾ ਦੀ ਜ਼ਿੰਦਗੀ ਤੋਂ ਅੱਕ ਚੁੱਕੀ ਹੈ ਅਤੇ ਉਹ ਚਾਹੁੰਦੀ ਹੈ ਕਿ ਉਹ ਪੰਜਾਬ ਪਰਤ ਕੇ ਆਪਣੇ ਮਾਪਿਆਂ ਨੂੰ ਮਿਲੇ, ਪਰ ਇਸ ਵਿੱਚ ਕੈਨੇਡਾ ਦੀ ਨਾਗਰਿਕਤਾ ਅਜੇ ਤੱਕ ਨਾ ਮਿਲਣਾ ਅਜੇ ਵੱਡਾ ਅੜਿੱਕਾ ਹੈ।

ਅਪਰਣ ਚਾਹੁੰਦੀ ਹੈ ਕਿ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਤੋਂ ਬਾਅਦ ਹੀ ਉਹ ਭਾਰਤ ਪਰਤੇ।

ਅਰਪਣ ਵਾਂਗ ਹਜ਼ਾਰਾਂ ਬੱਚੇ ਆਪਣੇ ਘਰ, ਪਰਿਵਾਰ, ਦੋਸਤਾਂ ਤੋਂ ਦੂਰ ਉਮਰ ਤੋਂ ਪਹਿਲਾਂ ਵੱਡੇ ਹੋ ਗਏ ਹਨ, ਪਰ ਕੀ ਪ੍ਰਦੇਸ ਉਹਨਾਂ ਸੁਨਹਿਰੀ ਸਪਨਿਆਂ ਨੂੰ ਪੂਰਾ ਕਰੇਗਾ, ਜੋ ਖੁੱਲੀਆਂ ਅੱਖਾਂ ਨਾਲ ਦੇਖੇ ਗਏ ਸਨ।

ਜਾਂ ਇਨ੍ਹਾਂ ਦਾ ਹਾਲ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦੀਆਂ ਇਨ੍ਹਾਂ ਸਤਰ੍ਹਾਂ ਵਾਲਾ ਹੋਵੇਗਾ...

ਜੋ ਵਿਦੇਸ਼ਾਂ 'ਚ ਰੁਲ਼ਦੇ ਨੇ ਰੋਜ਼ੀ ਲਈ

ਦੇਸ ਆਪਣੇ ਉਹ ਪਰਤਣਗੇ ਜਦ ਵੀ ਕਦੀ

ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ

ਬਾਕੀ ਕਬਰਾਂ ਦੇ ਰੁੱਖ਼ ਹੇਠ ਜਾ ਬਹਿਣਗੇ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)