ਕੈਨੇਡਾ ਪੜ੍ਹਨਾ ਮਹਿੰਗਾ ਹੋਇਆ ਪਰ ਫਿਰ ਵੀ ਕਈ ਪੰਜਾਬੀਆਂ ਦੀ ਤਰਜੀਹ ਕੈਨੇਡਾ ਹੀ ਕਿਉਂ

"ਜਦੋਂ ਤੋਂ ਕੈਨੇਡਾ ਦੇ ਵਿਦਿਆਰਥੀ ਵੀਜ਼ਾ ਲਈ ਜੀਆਈਸੀ ਫੰਡ ਦੁਗਣਾ ਕਰ ਦਿੱਤਾ ਗਿਆ ਹੈ, ਸਾਨੂੰ ਪੈਸੇ ਦਾ ਇੰਤਜ਼ਾਮ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਅਸੀਂ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਇਕੱਠੇ ਕਰ ਰਹੇ ਹਾਂ ਤੇ ਕਰਜ਼ਾ ਲੈ ਰਹੇ ਹਾਂ।”
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਸ਼ਹਿਰ ਦੀ ਰਹਿਣ ਵਾਲੀ ਗਗਨਦੀਪ ਕੌਰ ਨੇ ਬੀਬੀਸੀ ਨਾਲ ਗੱਲ ਕਰਦਿਆਂ ਕੀਤਾ।
ਗਗਨਦੀਪ ਕੌਰ ਨੇ ਹਾਲ ਹੀ ਵਿੱਚ ਮੈਡੀਕਲ ਸਟ੍ਰੀਮ ਵਿੱਚ ਬਾਰਹਵੀਂ ਦੀ ਪੜ੍ਹਾਈ ਪੂਰੀ ਕੀਤੀ ਹੈ ਅਤੇ ਪਿਛਲੇ 2 ਮਹੀਨਿਆਂ ਤੋਂ ਬਠਿੰਡਾ ਵਿੱਚ ਆਈਲੈਟਸ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਹੈ।
ਗਗਨਦੀਪ ਨੇ ਦੱਸਿਆ ਕਿ ਪਰਿਵਾਰ ਦੀ ਹਾਲਤ ਨੂੰ ਦੇਖਦਿਆਂ ਉਸ ਦਾ ਕੈਨੇਡਾ ਜਾਣ ਦਾ ਸੁਪਨਾ ਹੈ, ਜਿੱਥੇ ਉਹ ਨਰਸਿੰਗ ਦੀ ਪੜ੍ਹਾਈ ਕਰਨ ਦੀ ਇੱਛੁਕ ਹੈ।
ਪਿਛਲੇ ਸਾਲ ਦਸੰਬਰ 2023 ਵਿੱਚ ਕੈਨੇਡੀਅਨ ਸਰਕਾਰ ਨੇ ਵਿਦਿਆਰਥੀ ਵੀਜ਼ਾ ਲਈ ਜੀਆਈਸੀ (ਗਾਰੰਟੀਸ਼ੁਦਾ ਨਿਵੇਸ਼ ਸਰਟੀਫਿਕੇਟ) ਦੀ ਰਕਮ ਨੂੰ ਮੌਜੂਦਾ 10,000 ਕੈਨੇਡੀਅਨ ਡਾਲਰ (6.30 ਲੱਖ ਰੁਪਏ) ਤੋਂ ਵਧਾ ਕੇ 20,635 ਕੈਨੇਡੀਅਨ ਡਾਲਰ (12.60 ਲੱਖ ਰੁਪਏ) ਕਰ ਦਿੱਤਾ ਹੈ।
ਇਹ ਨਿਯਮ 1 ਜਨਵਰੀ, 2024 ਨੂੰ ਲਾਗੂ ਹੋ ਗਏ ਹਨ। ਇੱਕ ਬਿਆਨ ਵਿੱਚ, ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ, ਮਾਰਕ ਮਿਲਰ ਨੇ ਕਿਹਾ ਸੀ ਕਿ ਇਹ ਯਕੀਨੀ ਬਣਾਉਣ ਲਈ ਕੀਤਾ ਜਾ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਦੇਸ਼ ਵਿੱਚ ਕਿਸੇ ਵਿੱਤੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਜੀਆਈਸੀ ਦੇ ਨਾਂ ਤਹਿਤ ਜਮ੍ਹਾ ਹੋਣ ਵਾਲੀ ਰਕਮ ਇਸ ਗੱਲ ਦਾ ਸਬੂਤ ਦੇਣ ਲਈ ਹੁੰਦੀ ਹੈ ਕਿ ਵਿਦਿਆਰਥੀ ਕੋਲ ਕੈਨੇਡਾ ਜਾ ਕੇ ਆਪਣੇ ਰਹਿਣ-ਸਹਿਣ ਦਾ ਖਰਚਾ ਕਰਨ ਜੋਗੀ ਰਕਮ ਹੈ। ਇਹ ਵਿਦਿਆਰਥੀਆਂ ਨੂੰ ਕਿਸ਼ਤਾਂ ਵਿੱਚ ਮੋੜੀ ਜਾਂਦੀ ਹੈ।

ਬੀਬੀਸੀ ਨਿਊਜ਼ ਪੰਜਾਬੀ ਨੇ ਕੈਨੇਡਾ ਦੇ ਚਾਹਵਾਨ ਵਿਦਿਆਰਥੀਆਂ, ਵੀਜ਼ਾ ਮਾਹਿਰਾਂ ਅਤੇ ਆਈਲੈਟਸ ਕੋਚਿੰਗ ਸੈਂਟਰਾਂ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜੀਆਈਸੀ ਫੰਡ ਵਿੱਚ ਵਾਧੇ ਦੇ ਪ੍ਰਭਾਵ ਬਾਰੇ ਜਾਣਨ ਲਈ ਗੱਲਬਾਤ ਕੀਤੀ।
ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਵਿਦਿਆਰਥੀ ਹੋਰ ਬਦਲਾਂ ਦੀ ਭਾਲ ਕਰ ਰਹੇ ਹਨ ਜਾਂ ਇਸ ਐਲਾਨ ਤੋਂ ਬਾਅਦ ਉਨ੍ਹਾਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਬਾਰੇ ਵਿਸਥਾਰ ਵਿੱਚ ਜਾਣਨ ਲਈ ਬੀਬੀਸੀ ਪੰਜਾਬੀ ਦੇ ਗਗਨਦੀਪ ਸਿੰਘ ਜੱਸੋਵਾਲ, ਮਯੰਕ ਮੌਂਗੀਆ ਅਤੇ ਸੁਰਿੰਦਰ ਮਾਨ ਨੇਬਠਿੰਡਾ, ਮੋਹਾਲੀ ਅਤੇ ਮੋਗਾ ਸ਼ਹਿਰਾਂ ਦੇ ਵਿਦਿਆਰਥੀਆਂ ਅਤੇ ਮਾਹਿਰਾਂ ਨਾਲ ਗੱਲ ਕੀਤੀ।
ਪਤਾ ਲੱਗਾ ਹੈ ਕਿ ਜਿੱਥੇ ਚਾਹਵਾਨਾਂ ਨੂੰ ਕਰੀਬ 6.30 ਲੱਖ ਰੁਪਏ ਦੀ ਵਾਧੂ ਰਾਸ਼ੀ ਦਾ ਪ੍ਰਬੰਧ ਕਰਨ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਕੁਝ ਵਿਦਿਆਰਥੀ ਕੈਨੇਡਾ ਦੀ ਬਜਾਏ ਆਸਟ੍ਰੇਲੀਆ ਪੜ੍ਹਨ ਜਾਣ ਦੀ ਵੀ ਯੋਜਨਾ ਬਣਾ ਰਹੇ ਹਨ।
ਮਾਹਿਰਾਂ ਅਨੁਸਾਰ ਇਸ ਦਾ ਵਿਦਿਆਰਥੀਆਂ 'ਤੇ ਸ਼ਾਇਦ ਹੀ ਕੋਈ ਅਸਰ ਪਿਆ ਹੈ ਕਿਉਂਕਿ ਉਨ੍ਹਾਂ ਵਿਚੋਂ ਜ਼ਿਆਦਾਤਰ ਕੈਨੇਡਾ ਜਾਣ ਦੇ ਇੱਛੁਕ ਹਨ।

ਤਸਵੀਰ ਸਰੋਤ, Getty Images
ਵਾਧੂ ਪੈਸਿਆਂ ਦਾ ਪ੍ਰਬੰਧ ਇੱਕ ਸਮੱਸਿਆ
ਬਹੁਤ ਸਾਰੇ ਚਾਹਵਾਨਾਂ, ਖ਼ਾਸ ਤੌਰ 'ਤੇ ਜਿਨ੍ਹਾਂ ਦਾ ਵਿੱਤੀ ਪਿਛੋਕੜ ਬਹੁਤਾ ਚੰਗਾ ਨਹੀਂ ਹੈ, ਨੂੰ ਕੈਨੇਡਾ ਸਟੱਡੀ ਵੀਜ਼ਾ ਲਈ ਵਾਧੂ ਪੈਸੇ ਦਾ ਪ੍ਰਬੰਧ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੈਨੇਡਾ ਜਾਣ ਦੀ ਇੱਛੁਕ ਮੋਹਾਲੀ ਦੀ ਗੁਰਲੀਨ ਦਾ ਕਹਿਣਾ ਹੈ ਕਿ ਜੀਆਈਸੀ ਵਿੱਚ ਵਾਧੇ ਦੇ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਪਹਿਲੂ ਹਨ। ਪਹਿਲਾਂ ਤਾਂ ਮਾਪਿਆਂ ਲਈ ਵਾਧੂ ਪੈਸੇ ਦਾ ਪ੍ਰਬੰਧ ਕਰਨਾ ਔਖਾ ਹੋ ਗਿਆ ਹੈ।
ਉਸ ਨੇ ਅੱਗੇ ਕਿਹਾ, "ਦੂਸਰਾ, ਇੱਕ ਵਾਰ ਪੈਸੇ ਦਾ ਪ੍ਰਬੰਧ ਹੋ ਜਾਣ ਤੋਂ ਬਾਅਦ ਇਸ ਦਾ ਵਿਦਿਆਰਥੀ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਕਿਉਂਕਿ ਉਸਨੂੰ ਕੈਨੇਡਾ ਵਿੱਚ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਉੱਥੇ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਫੰਡ ਮੌਜੂਦ ਹਨ।"
ਉਸ ਨੇ ਕਿਹਾ ਕਿ ਸਥਾਈ ਨਿਵਾਸ (ਪੀਆਰ) ਪ੍ਰਕਿਰਿਆ ਅਤੇ ਰੁਜ਼ਗਾਰ ਦੀ ਆਸਾਨ ਪ੍ਰਕਿਰਿਆ ਕਾਰਨ ਉਸ ਨੇ ਕੈਨੇਡਾ ਨੂੰ ਹੋਰ ਦੇਸ਼ਾਂ ਨਾਲੋਂ ਤਰਜੀਹ ਦਿੱਤੀ।
ਇਸੇ ਤਰ੍ਹਾਂ ਕੈਨੇਡਾ ਜਾਣ ਦੀ ਇੱਛਾ ਰੱਖਣ ਵਾਲੀ ਮੋਗਾ ਦੀ ਰੁਪਿੰਦਰ ਕੌਰ ਨੇ ਕਿਹਾ ਕਿ ਜੀਆਈਸੀ ਦੀ ਵੱਡੀ ਰਕਮ ਦਾ ਪ੍ਰਬੰਧ ਕਰਨਾ ਅਸਲ ਵਿੱਚ ਮੁਸ਼ਕਲ ਸੀ ਪਰ ਆਖਰਕਾਰ, ਇਹ ਵਿਦਿਆਰਥੀਆਂ ਦੀ ਰਕਮ ਹੈ।
ਉਸ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਸਥਾਈ ਰੈਜ਼ੀਡੈਂਸੀ ਆਸਾਨੀ ਨਾਲ ਮਿਲ ਜਾਂਦੀ ਹੈ, ਇਸ ਲਈ ਉਹ ਉੱਥੇ ਜਾਣ ਦੀ ਯੋਜਨਾ ਬਣਾ ਰਹੀ ਹੈ।
ਅਸ਼ੋਕ ਸਦਿਓਰਾ ਬਠਿੰਡਾ ਵਿੱਚ ਇੱਕ ਆਈਲੈਟਸ ਕੋਚਿੰਗ ਸੈਂਟਰ ਚਲਾਉਂਦੇ ਹਨ। ਉਹ ਕਹਿੰਦੇ ਹਨ ਕਿ ਦੁਗਣੀ ਜੀਆਈਸੀ ਦਾ ਨਿਸ਼ਚਤ ਤੌਰ 'ਤੇ ਉਨ੍ਹਾਂ ਵਿਦਿਆਰਥੀਆਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਜੋ ਆਰਥਿਕ ਤੌਰ 'ਤੇ ਕਮਜ਼ੋਰ ਹਨ ਕਿਉਂਕਿ ਅਚਾਨਕ ਵਧੀ ਹੋਈ ਰਕਮ ਦਾ ਪ੍ਰਬੰਧ ਕਰਨਾ ਮੁਸ਼ਕਲ ਹੈ।

ਆਸਟ੍ਰੇਲੀਆ ਦੀ ਚੋਣ
ਜੀਆਈਸੀ ਵਿੱਚ ਵਾਧੇ ਤੋਂ ਬਾਅਦ ਕੁਝ ਵਿਦਿਆਰਥੀ ਕੈਨੇਡਾ ਦੀ ਬਜਾਏ ਆਸਟ੍ਰੇਲੀਆ ਪੜ੍ਹਨ ਲਈ ਚੋਣ ਕਰ ਰਹੇ ਹਨ ਕਿਉਂਕਿ ਕੈਨੇਡਾ ਜਾਣਾ ਉਨ੍ਹਾਂ ਦੇ ਬਜਟ ਤੋਂ ਬਾਹਰ ਹੋ ਗਿਆ ਹੈ।
ਬਠਿੰਡਾ ਦੇ ਧਰਮਪ੍ਰੀਤ ਸਿੰਘ ਨੇ ਦੱਸਿਆ ਕਿ ਕੈਨੇਡਾ ਵਿੱਚ ਪੜ੍ਹਨਾ ਉਸ ਦਾ ਸੁਪਨਾ ਸੀ ਪਰ ਜੀਆਈਸੀ ਵਿੱਚ ਵਾਧੇ ਨੇ ਉਨ੍ਹਾਂ ਦਾ ਬਜਟ ਹਿਲਾ ਦਿੱਤਾ ਅਤੇ ਵਾਧੂ ਪੈਸੇ ਦਾ ਪ੍ਰਬੰਧ ਕਰਨਾ ਮੁਸ਼ਕਲ ਸੀ। ਇਸ ਲਈ ਉਸ ਨੇ ਆਸਟ੍ਰੇਲੀਆ ਜਾਣ ਦੀ ਤਿਆਰੀ ਕਰਨ ਦਾ ਫ਼ੈਸਲਾ ਕੀਤਾ।
ਇਸੇ ਤਰ੍ਹਾਂ ਬਠਿੰਡਾ ਦੀ ਅਨਮੋਲਪ੍ਰੀਤ ਕੌਰ ਜਿਸਨੇ ਪਿਛਲੇ ਸਾਲ ਬਾਰਹਵੀਂ ਕਲਾਸ ਪਾਸ ਕੀਤੀ ਸੀ, ਨੇ ਵੀ ਇਹੋ ਕਹਾਣੀ ਸਾਂਝੀ ਕੀਤੀ।
ਉਸਨੇ ਆਪਣੀ ਆਈਲੈਟਸ ਦੀ ਪ੍ਰੀਖਿਆ ਪਾਸ ਕੀਤੀ ਹੈ। ਉਸ ਨੇ ਕਿਹਾ ਕਿ ਜੀਆਈਸੀ ਫੰਡ ਵਿੱਚ ਵਾਧੇ ਨੇ ਉਸ ਦੇ ਮਾਪਿਆਂ ਨੂੰ ਪ੍ਰਭਾਵਤ ਕੀਤਾ ਹੈ ਕਿਉਂਕਿ ਵਾਧੂ 6 ਲੱਖ ਰੁਪਏ ਦਾ ਪ੍ਰਬੰਧ ਕਰਨਾ ਮੁਸ਼ਕਲ ਹੋ ਗਿਆ ਹੈ।
ਇੰਨੀ ਵੱਡੀ ਰਕਮ ਵੀ ਕੋਈ ਨਹੀਂ ਦਿੰਦਾ। ਉਸ ਨੇ ਕਿਹਾ ਕਿ ਉਹ ਉੱਚ ਸਿੱਖਿਆ ਲਈ ਆਸਟ੍ਰੇਲੀਆ ਜਾਣ ਬਾਰੇ ਸੋਚ ਰਹੀ ਹੈ ਕਿਉਂਕਿ ਉਹ ਕੈਨੇਡਾ ਲਈ ਫੀਸ ਨਹੀਂ ਦੇ ਸਕਦੇ। ਉਸ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਨਿਰਾਸ਼ ਹੋ ਗਏ ਸਨ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਜੀਆਈਸੀ ਦੁੱਗਣੀ ਹੋ ਗਈ ਹੈ।
ਉਧਰ ਮੋਗਾ ਦੇ ਵੀਜ਼ਾ ਮਾਹਿਰ ਪਰਮਜੀਤ ਸਿੰਘ ਜੰਡੂ ਨੇ ਦੱਸਿਆ ਕਿ ਜਦੋਂ ਤੋਂ ਜੀਆਈਸੀ ਵਧੀ ਹੈ ਤਾਂ ਉਨ੍ਹਾਂ ਨੂੰ ਵਿਦਿਆਰਥੀਆਂ ਬਦਲ ਵਜੋਂ ਅਮਰੀਕਾ ਜਾਂ ਆਸਟ੍ਰੇਲੀਆ ਵਰਗੇ ਹੋਰ ਦੇਸ਼ਾਂ ਦੀ ਜਾਣਕਾਰੀ ਲੈਂਦੇ ਹਨ।

ਵਿਦਿਆਰਥੀਆਂ ਦੀ ਅਜੇ ਵੀ ਕੈਨੇਡਾ ਵਿੱਚ ਦਿਲਚਸਪੀ
ਅਸ਼ੋਕ ਸਦਿਓਰਾ ਨੇ ਕਿਹਾ ਕਿ ਬਹੁਤੇ ਵਿਦਿਆਰਥੀ ਅਜੇ ਵੀ ਕੈਨੇਡਾ ਵਿੱਚ ਦਿਲਚਸਪੀ ਰੱਖਦੇ ਹਨ ਕਿਉਂਕਿ ਇਹ ਉਨ੍ਹਾਂ ਦੀ ਪਹਿਲੀ ਤਰਜੀਹ ਹੈ।
ਇਸ ਤੋਂ ਪਹਿਲਾਂ, ਜਦੋਂ ਵਿਦਿਆਰਥੀਆਂ ਨੂੰ ਜੀਆਈਸੀ ਦੇ ਦੁੱਗਣੇ ਹੋਣ ਬਾਰੇ ਪਤਾ ਲੱਗਿਆ ਤਾਂ ਉਹ ਹੈਰਾਨ ਹੋ ਗਏ ਕਿਉਂਕਿ ਉਨ੍ਹਾਂ ਨੂੰ ਗ਼ਲਤਫਹਿਮੀ ਹੋਈ ਕਿ ਫੀਸ ਦੁੱਗਣੀ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਜਦੋਂ ਵਿਦਿਆਰਥੀਆਂ ਨੇ ਇਹ ਸਮਝ ਲਿਆ ਕਿ ਇਹ ਜੀਆਈਸੀ ਵਿੱਚ ਵਾਧਾ ਹੈ ਤਾਂ ਫਿਰ ਉਨ੍ਹਾਂ ਨੇ ਕੈਨੇਡਾ ਨੂੰ ਤਰਜੀਹ ਦਿੱਤੀ।
ਮੋਹਾਲੀ ਵਿੱਚ ਤਜਿੰਦਰ ਇੰਗਲਿਸ਼ ਕਲਾਸ ਦੇ ਡਾਇਰੈਕਟਰ ਮਨਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਕੈਨੇਡਾ ਸਰਕਾਰ ਵੱਲੋਂ ਵੱਡੀਆਂ ਤਬਦੀਲੀਆਂ ਕਰਕੇ ਜੀਆਈਸੀ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ, "ਘੱਟ ਬਜਟ ਵਾਲੇ ਮਾਪਿਆਂ 'ਤੇ ਜ਼ਰੂਰ ਅਸਰ ਪਵੇਗਾ। ਇਸ ਨਾਲ ਕਾਰੋਬਾਰ ਵਿੱਚ ਲਗਭਗ 30% ਗਿਰਾਵਟ ਦੇਖੀ ਗਈ ਹੈ ਪਰ ਇਹ ਠੀਕ ਹੋ ਜਾਵੇਗਾ।"
ਹਾਲਾਂਕਿ, ਉਹ ਜੀਆਈਸੀ ਦੀ ਰਕਮ ਦੇ ਵਾਧੇ ਵਿੱਚ ਕੋਈ ਨਕਾਰਾਤਮਕ ਪਹਿਲੂ ਨਹੀਂ ਵੇਖਦਾ ਕਿਉਂਕਿ ਘੱਟੋ ਘੱਟ ਵਿਦਿਆਰਥੀਆਂ ਕੋਲ ਕੈਨੇਡਾ ਵਿੱਚ ਆਪਣੇ ਬਚਾਅ ਲਈ ਫੰਡ ਹਨ ਕਿਉਂਕਿ ਉਨ੍ਹਾਂ ਨੂੰ ਮੁਸ਼ਕਲ ਨੌਕਰੀਆਂ ਕਰਨ ਦੀ ਜ਼ਰੂਰਤ ਨਹੀਂ ਹੈ।
ਮੋਗਾ ਦੇ ਵੀਜ਼ਾ ਮਾਹਿਰ ਪਰਮਜੀਤ ਸਿੰਘ ਜੰਡੂ ਨੇ ਕਿਹਾ, “ਵਿਦਿਆਰਥੀਆਂ ਦੇ ਮਾਪੇ ਚਿੰਤਤ ਹਨ ਕਿਉਂਕਿ ਉਨ੍ਹਾਂ ਲਈ ਅਚਾਨਕ ਡਬਲ ਜੀਆਈਸੀ ਦੇਣਾ ਵੀ ਮੁਸ਼ਕਲ ਹੋ ਜਾਵੇਗਾ। ਅਸੀਂ ਉਹਨਾਂ ਨੂੰ ਸਮਝਾਉਂਦੇ ਹਾਂ ਕਿ ਜੀਆਈਸੀ ਉਹਨਾਂ ਦੇ ਬੱਚਿਆਂ ਲਈ ਹੈ।”












