ਕੈਨੇਡਾ ਦੇ 41 ਕੂਟਨੀਤਕਾਂ ’ਤੇ ਭਾਰਤ ਨੇ ਕੀ ਕਿਹਾ, ਜਾਣੋ ਵੀਜ਼ਾ ਲੈਣ ਲਈ ਕਿਹੜੀਆਂ ਦਿੱਕਤਾਂ ਆ ਸਕਦੀਆਂ

ਜਸਟਿਨ ਟਰੂਡੋ

ਤਸਵੀਰ ਸਰੋਤ, Getty images

    • ਲੇਖਕ, ਨਾਦਿਨ ਯੁਸੂਫ਼
    • ਰੋਲ, ਬੀਬੀਸੀ ਨਿਊਜ਼, ਟੋਰੰਟੋ

ਕੈਨੇਡਾ ਵਿੱਚ ਖਾਲਿਸਤਾਨ ਹਮਾਇਤੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਪੈਦਾ ਹੋਈ ਤਲਖ਼ੀ ਦੇ ਚਲਦਿਆਂ 41 ਕੈਨੇਡੀਅਨ ਰਾਜਦੂਤ ਹਾਲ ਹੀ ਵਿੱਚ ਭਾਰਤ ਛੱਡ ਕੇ ਚਲੇ ਗਏ ਹਨ।

ਭਾਰਤ ਨੇ ਦੋ ਹਫ਼ਤੇ ਪਹਿਲਾਂ ਕੈਨੇਡਾ ਨੂੰ ਆਪਣੇ ਦਰਜਨਾਂ ਕੂਟਨੀਤਕ ਅਧਿਕਾਰੀਆਂ ਨੂੰ ਵਾਪਸ ਬੁਲਾਉਣ ਲਈ ਕਿਹਾ ਸੀ ਅਤੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਇੱਥੇ ਹੀ ਰਹੇ ਤਾਂ ਉਨ੍ਹਾਂ ਦੀ ਡਿਪਲੋਮੈਟਿਕ ਇਮਿਊਨਿਟੀ(ਕੂਟਨੀਤਕ ਅਧਿਕਾਰੀਆਂ ਨੂੰ ਮਿਲਣ ਵਾਲੀ ਰਿਆਇਤ ਜਾਂ ਛੋਟ) ਖ਼ਤਮ ਕਰ ਦਿੱਤੀ ਜਾਵੇਗੀ।

ਕੈਨੇਡੀਆਈ ਅਧਿਕਾਰੀਆਂ ਨੇ ਇਸ ਚੇਤਾਵਨੀ ਨੂੰ "ਕੌਮਾਂਤਰੀ ਕਾਨੂੰਨ ਦੀ ਉਲੰਘਣਾ" ਕਿਹਾ ਹੈ।

ਕੈਨੇਡਾ ਵੱਲੋਂ 18 ਜੂਨ ਨੂੰ ਹੋਏ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਦਾ ਹੱਥ ਹੋਣ ਦੇ ਇਲਜ਼ਾਮ ਲਾਏ ਜਾਣ ਤੋਂ ਬਾਅਦ ਦੋਵਾਂ ਮੁਲਕਾਂ ਦੇ ਰਿਸ਼ਤੇ ਤਣਾਅਪੂਰਨ ਹੋ ਗਏ ਹਨ।

ਭਾਰਤ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦੇ ਹੋਏ ਇਨ੍ਹਾਂ ਨੂੰ “ਬੇਤੁਕਾ” ਦੱਸਿਆ ਹੈ।

ਸੇਵਾਵਾਂ ਸੀਮਤ ਕਰਨੀਆਂ ਪੈਣਗੀਆਂ

ਕੈਨੇਡਾ ਹਾਈ ਕਮਿਸ਼ਨ

ਤਸਵੀਰ ਸਰੋਤ, EPA-EFE/REX

ਤਸਵੀਰ ਕੈਪਸ਼ਨ, ਕੈਨੇਡਾ ਹਾਈ ਕਮਿਸ਼ਨ

ਵੀਰਵਾਰ ਨੂੰ, ਕੈਨੇਡਾ ਦੀ ਵਿਦੇਸ਼ ਮੰਤਰੀ, ਮੇਲਾਨੀ ਜੋਲੀ ਨੇ ਪੁਸ਼ਟੀ ਕੀਤੀ ਕਿ ਭਾਰਤ ਵਿਚਲੇ ਬਹੁਤ ਸਾਰੇ ਕੈਨੇਡੀਆਈ ਕੂਟਨੀਤਕ ਅਤੇ ਉਨ੍ਹਾਂ ’ਤੇ ਨਿਰਭਰ ਲੋਕ ਹੁਣ ਦੇਸ਼ ਛੱਡ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਭਾਰਤ ਨੇ ਕਿਹਾ ਹੈ ਕਿ 20 ਅਕਤੂਬਰ ਤੱਕ "21 ਡਿਪਲੋਮੈਟਾਂ ਨੂੰ ਛੱਡ ਕੇ ਬਾਕੀ ਸਾਰਿਆਂ" ਦੀ ਡਿਪਲੋਮੈਟਿਕ ਇਮਿਊਨਿਟੀ "ਇੱਕਪਾਸੜ ਤੌਰ 'ਤੇ ਹਟਾ ਦਿੱਤੀ ਜਾਵੇਗੀ"।

ਬੀਬੀਸੀ ਨੇ ਟਿੱਪਣੀ ਲਈ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਕੋਲ ਪਹੁੰਚ ਕੀਤੀ ਹੈ।

ਮੇਲਾਨੀ ਜੋਲੀ ਨੇ ਕਿਹਾ ਕਿ ਬਾਕੀ 21 ਕੂਟਨੀਤਕ ਅਜੇ ਵੀ ਭਾਰਤ ਵਿੱਚ ਹਨ। ਹਾਈ ਕਮਿਸ਼ਨ ਵਿੱਚ ਸਟਾਫ਼ ਦੀ ਵਾਪਸੀ ਦਾ ਮਤਲਬ ਹੈ ਕਿ ਸਟਾਫ਼ ਦੀ ਕਮੀ ਦੇ ਕਾਰਨ ਕੈਨੇਡਾ ਨੂੰ ਭਾਰਤ ਵਿੱਚ ਆਪਣੀਆਂ ਸੇਵਾਵਾਂ ਸੀਮਤ ਕਰਨੀਆਂ ਪੈਣਗੀਆਂ।

ਕੂਟਨੀਤਕਾਂ ਦੀ ਵਾਪਸੀ ਦਾ ਅਸਰ

'ਵੀਜ਼ਾ ਪ੍ਰਕਿਰਿਆ ਹੋਵੇਗੀ ਪ੍ਰਭਾਵਤ'

ਜੋਲੀ ਨੇ ਕਿਹਾ ਕਿ ਡਿਪਲੋਮੈਟਿਕ ਸਟਾਫ਼ ਦੀ ਵਾਪਸੀ ਨਾਲ ਬੈਂਗਲੁਰੂ, ਮੁੰਬਈ ਅਤੇ ਚੰਡੀਗੜ੍ਹ ਵਿੱਚ 'ਇਨ ਪਰਸਨ ਆਪਰੇਸ਼ਨਜ਼' ਨੂੰ ਰੋਕ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਇਹ ਸੇਵਾਵਾਂ ਮੁੜ ਕਦੋਂ ਸ਼ੁਰੂ ਹੋ ਸਕਣਗੀਆਂ ਇਸ ਬਾਰੇ ਕੋਈ ਕੁਝ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ।

ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਸਥਿਤ ਕੈਨੇਡਾ ਦੇ ਹਾਈ ਕਮਿਸ਼ਨ ਦੀਆਂ ਸੇਵਾਵਾਂ ਅਜੇ ਵੀ ਜਾਰੀ ਰਹਿਣਗੀਆਂ ਅਤੇ ਤੀਜੀਆਂ ਧਿਰਾਂ ਵੱਲੋਂ ਦੁਆਰਾ ਚਲਾਏ ਜਾਂਦੇ ਅਰਜ਼ੀ ਕੇਂਦਰ ਵੀ ਖੁੱਲ੍ਹੇ ਰਹਿਣਗੇ।

ਕੈਨੇਡਾ

'ਇਮੀਗ੍ਰੇਸ਼ਨ ਪ੍ਰਕਿਰਿਆ ਹੌਲੀ ਹੋਣ ਦੀ ਸੰਭਾਵਨਾ'

ਕੈਨੇਡਾਈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ

ਤਸਵੀਰ ਸਰੋਤ, Marc Miller/X

ਤਸਵੀਰ ਕੈਪਸ਼ਨ, ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਥੋੜ੍ਹੇ ਸਮੇਂ ਲਈ ਇਮੀਗ੍ਰੇਸ਼ਨ ਪ੍ਰਕਿਰਿਆ ਹੌਲੀ ਹੋਣ ਦੀ ਸੰਭਾਵਨਾ ਹੈ।

ਕੈਨੇਡੀਆਈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਸਟਾਫ ਦੀ ਕਟੌਤੀ ਕਾਰਨ ਜ਼ਿਆਦਾ ਨਹੀਂ ਤਾਂ ਥੋੜ੍ਹੇ ਸਮੇਂ ਲਈ ਹੀ ਇਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰਕਿਰਿਆ ਬਹੁਤ ਹੌਲੀ ਹੋ ਜਾਣ ਦੀ ਸੰਭਾਵਨਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਕੈਨੇਡਾ ਵਿੱਚ ਪੜ੍ਹਾਈ ਲਈ ਆਉਣ ਦੀ ਚਾਹ ਰੱਖਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਸਮੇਤ ਮੁੱਖ ਤੌਰ 'ਤੇ ਭਾਰਤੀ ਨਾਗਰਿਕ ਪ੍ਰਭਾਵਿਤ ਹੋਣਗੇ।

ਜ਼ਿਕਰਯੋਗ ਹੈ ਕਿ 2022 ਵਿੱਚ ਕੈਨੇਡਾ ਵਿੱਚ ਆਰਜ਼ੀ ਅਤੇ ਸਥਾਈ ਨਿਵਾਸ ਦੇ ਬਿਨੈਕਾਰਾਂ ਵਿੱਚ ਸਭ ਤੋਂ ਜ਼ਿਆਦਾ ਫ਼ੀਸਦ ਭਾਰਤੀ ਨਾਗਰਿਕਾਂ ਦੀ ਸੀ।

'ਅੰਤਰਾਸ਼ਟਰੀ ਨਿਯਮਾਂ ਦੀ ਉਲੰਘਣਾ'

ਹਰਦੀਪ ਸਿੰਘ ਨਿੱਝਰ

ਤਸਵੀਰ ਸਰੋਤ, Sikh PA

ਤਸਵੀਰ ਕੈਪਸ਼ਨ, ਹਰਦੀਪ ਸਿੰਘ ਨਿੱਝਰ

ਭਾਰਤ ਦਾ ਦਾਅਵਾ ਹੈ ਕਿ ਕੈਨੇਡਾ ਦੇ ਓਟਾਵਾ ਵਿੱਚ ਭਾਰਤ ਨਾਲੋਂ ਦਿੱਲੀ ਵਿੱਚ ਬਹੁਤ ਜ਼ਿਆਦਾ ਕੂਟਨੀਤਕ ਸਨ। ਜਦੋਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਤਲਖ਼ੀ ਵਧੀ ਹੈ, ਉਦੋਂ ਤੋਂ ਭਾਰਤ ਵੱਲੋਂ ਅਮਲੇ ਵਿੱਚ ਬਰਾਬਰੀ ਦੀ ਮੰਗ ਕੀਤੀ ਜਾ ਰਹੀ ਸੀ।

ਪਰ 'ਗਲੋਬਲ ਅਫੇਅਰਜ਼' ਵੈਬਸਾਈਟ ਜੋ ਓਟਾਵਾ ਵਿੱਚ ਭਾਰਤੀ ਡਿਪਲੋਮੈਟਾਂ ਦੀ ਸੂਚੀ ਦਿੰਦੀ ਹੈ, ਮੁਤਾਬਕ ਗਿਣਤੀ ਲਗਭਗ ਬਰਾਬਰ ਸੀ।

ਜੋਲੀ ਨੇ ਓਟਾਵਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਭਾਰਤ ਦੀ ਚੇਤਾਵਨੀ ਕਿ ਉਹ ਕੈਨੇਡੀਅਨ ਰਾਜਦੂਤਾਂ ਲਈ 'ਡਿਪਲੋਮੈਟਿਕ ਇਮਯੂਨਿਟੀ' ਕੂਟਨੀਤਕ ਛੋਟ ਨੂੰ ਹਟਾ ਦੇਵੇਗਾ, "ਕੌਮਾਂਤਰੀ ਨਿਯਮਾਂ ਦੀ ਉਲੰਘਣਾ" ਹੈ।

ਹਾਲਾਂਕਿ ਉਨ੍ਹਾਂ ਨੇ ਅੱਗੇ ਕਿਹਾ ਕਿ ਕੈਨੇਡਾ ਇਸ ਬਾਰੇ ਜਵਾਬੀ ਕਾਰਵਾਈ ਨਹੀਂ ਕਰੇਗਾ।

ਜੋਲੀ ਨੇ ਕਿਹਾ, "ਜੇ ਅਸੀਂ ਕੂਟਨੀਤਕ ਛੋਟ ਦੀ ਉਲੰਘਣਾ ਹੋਣ ਦਿੰਦੇ ਹਾਂ, ਤਾਂ ਧਰਤੀ 'ਤੇ ਕਿਤੇ ਵੀ ਕੋਈ ਰਾਜਦੂਤ ਸੁਰੱਖਿਅਤ ਨਹੀਂ ਰਹੇਗਾ।"

ਅਧਿਕਾਰੀਆਂ ਨੇ ਕਿਹਾ ਕਿ ਉਹ ਅਜੇ ਵੀ ਉਨ੍ਹਾਂ ਭਾਰਤੀ ਨਾਗਰਿਕਾਂ ਦਾ ਸਵਾਗਤ ਕਰਦੇ ਹਨ ਜੋ ਕੈਨੇਡਾ ਆਉਣਾ ਜਾਂ ਵੱਸਣਾ ਚਾਹੁੰਦੇ ਹਨ।

ਗੱਲ ਕਿੱਥੋਂ ਵਿਗੜੀ?

ਜਸਟਿਨ ਟਰੂਡੋ ਅਤੇ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਜੀ-20 ਸੰਮੇਲਨ ਮੌਕੇ ਜਸਟਿਨ ਟਰੂਡੋ ਦੀ ਭਾਰਤ ਫ਼ੇਰੀ ਤਣਾਅ ਭਰਪੂਰ ਰਹੀ ਸੀ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਤੰਬਰ ਵਿੱਚ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਸੰਭਾਵੀ ਹੱਥ ਹੋਣ ਦੇ ਭਰੋਸੇਯੋਗ ਸਬੂਤ ਮਿਲਣ ਦੇ ਬਿਆਨ ਤੋਂ ਬਾਅਦ ਦੋਵਾਂ ਮੁਲਕਾਂ ਦੇ ਦੁਵੱਲੇ ਸੰਬੰਧ ਆਪਣੇ ਹੁਣ ਤੱਕ ਦੇ ਸਭ ਤੋਂ ਨੀਵੇਂ ਪੱਧਰ ਤੱਕ ਵਿਗੜ ਗਏ ਹਨ।

ਟਰੂਡੋ ਨੇ ਕਿਹਾ ਕਿ ਇਹ ਬਿਆਨ ਕੈਨੇਡੀਅਨ ਸੂਹੀਆ ਜਾਣਕਾਰੀ 'ਤੇ ਅਧਾਰਤ ਸੀ, ਜਿਸ ਮੁਤਾਬਕ ਇਸ ਕਤਲ ਪਿੱਛੇ "ਭਾਰਤ ਸਰਕਾਰ ਦੇ ਏਜੰਟ" ਸਨ। ਇਹ, ਕੈਨੇਡਾ ਨੇ ਕਿਹਾ ਹੈ ਕਿ ਉਸ ਦੀ ਪ੍ਰਭੂਸੱਤਾ ਦੀ ਉਲੰਘਣਾ ਹੈ।

ਨਿੱਝਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਗੁਰਦੁਆਰੇ ਦੇ ਬਾਹਰ ਦੋ ਨਕਾਬਪੋਸ਼ਾਂ ਨੇ ਗੋਲੀਆਂ ਚਲਾ ਕੇ ਮਾਰ ਦਿੱਤਾ ਸੀ। ਕੈਨੇਡੀਅਨ ਪੁਲਿਸ ਨੇ ਇਸ ਨੂੰ "ਨਿਸ਼ਾਨਾ ਬਣਾ ਕੇ ਕੀਤਾ ਹਮਲਾ" ਕਿਹਾ ਸੀ ਅਤੇ ਕਤਲ ਦੀ ਜਾਂਚ ਜਾਰੀ ਹੈ।

ਨਿੱਝਰ ਭਾਰਤ ਵਿੱਚ ਸਿੱਖਾਂ ਦੇ ਇੱਕ ਵੱਖਰੇ ਰਾਜ ਖਾਲਿਸਤਾਨ ਬਣਾਏ ਜਾਣ ਦਾ ਹਮਾਇਤੀ ਸੀ।

ਖਾਲਿਸਤਾਨ ਅੰਦੋਲਨ ਦਾ ਭਾਰਤ ਵੱਲੋਂ ਸਖ਼ਤ ਵਿਰੋਧ ਕੀਤਾ ਜਾਂਦਾ ਰਿਹਾ ਹੈ।ਭਾਰਤ ਨੇ ਨਿੱਝਰ ਨੂੰ 2020 ਵਿੱਚ ਇੱਕ ਅੱਤਵਾਦੀ ਵਜੋਂ ਨਾਮਜ਼ਦ ਕੀਤਾ ਸੀ।

ਭਾਰਤ ’ਤੇ ਜਨਤਕ ਤੌਰ ਇਲਜ਼ਾਮ ਲਗਾਉਣ ਦੇ ਬਾਵਜੂਦ, ਟਰੂਡੋ ਨੇ ਵਾਰ-ਵਾਰ ਕਿਹਾ ਹੈ ਕਿ ਕੈਨੇਡਾ ਭਾਰਤ ਨਾਲ ਤਕਰਾਰ ਨੂੰ ਵਧਾਉਣਾ ਨਹੀਂ ਚਾਹੁੰਦਾ ਹੈ।

ਉਨ੍ਹਾਂ ਨੇ ਭਾਰਤੀ ਅਧਿਕਾਰੀਆਂ ਨੂੰ ਨਿੱਝਰ ਦੀ ਮੌਤ ਦੀ ਜਾਂਚ ਵਿੱਚ ਸਹਿਯੋਗ ਕਰਨ ਲਈ ਕਿਹਾ ਹੈ।

ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਪ੍ਰਤੀਕਰਮ

ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਕੈਨੇਡਾ ਦੀ ਸਰਕਾਰ ਦੇ ਬਿਆਨ ਬਾਰੇ ਆਪਣਾ ਪ੍ਰਤੀਕਰਮ ਜਾਰੀ ਕੀਤਾ ਗਿਆ ਹੈ।

ਅਸੀਂ ਕੈਨੇਡਾ ਦੀ ਸਰਕਾਰ ਵੱਲੋਂ ਭਾਰਤ ਵਿੱਚ ਕੈਨੇਡਾਈ ਕੂਟਨੀਤਕਾਂ ਦੀ ਹਾਜ਼ਰੀ ਬਾਰੇ 19 ਅਕਤੂਬਰ ਨੂੰ ਜਾਰੀ ਕੀਤੇ ਗਏ ਬਿਆਨ ਨੂੰ ਦੇਖਿਆ ਹੈ।

"ਸਾਡੇ ਦੁਵੱਲੇ ਸਬੰਧਾਂ ਦੀ ਮੌਜੂਦਾ ਦਸ਼ਾ, ਭਾਰਤ ਵਿੱਚ ਕੈਨੇਡਾਈ ਕੂਟਨੀਤਕਾਂ ਦੀ ਵੱਧ ਗਿਣਤੀ ਅਤੇ ਉਨ੍ਹਾਂ ਦੀ ਸਾਡੇ ਅੰਦਰੂਨੀ ਮਾਮਲਿਆਂ ਵਿੱਚ ਲਗਾਤਾਰ ਦਖ਼ਲਅੰਦਾਜ਼ੀ ਨਵੀਂ ਦਿੱਲੀ ਅਤੇ ਓਟਵਾ ਦੀ ਕੂਟਨੀਤਕ ਹਾਜ਼ਰੀ ਵਿੱਚ ਬਰਾਬਰੀ ਦੀ ਮੰਗ ਕਰਦੀ ਹੈ।"

"ਅਸੀਂ ਪਿਛਲੇ ਮਹੀਨੇ ਤੋਂ ਇਸ ਬਾਰੇ ਕੈਨੇਡਾ ਦੀ ਸਰਕਾਰ ਨਾਲ ਰਲਕੇ ਕੰਮ ਕਰ ਰਹੇ ਹਾਂ ਤਾਂ ਜੋ ਇਸ ਦੀ ਰੂਪ-ਰੇਖਾ ਨੂੰ ਲਾਗੂ ਕੀਤਾ ਜਾ ਸਕੇ।"

"ਸਾਡੇ ਕੂਟਨੀਤਕ ਹਾਜ਼ਰੀ ਵਿੱਚ ਬਰਾਬਰੀ ਲਿਆਉਣ ਲਈ ਚੁੱਕੇ ਗਏ ਕਦਮ ਕੂਟਨੀਤਕ ਸਬੰਧਾਂ ਬਾਰੇ 'ਵਿਏਨਾ ਕਨਵੈਨਸ਼ਨ' ਦੇ ਆਰਟੀਕਲ 11.1 ਦੇ ਅਨੁਸਾਰ ਹਨ।

"ਕੂਟਨੀਤਕ ਮਿਸ਼ਨ ਦੇ ਆਕਾਰ ਬਾਰੇ ਕਿਸੇ ਵੀ ਵਿਸ਼ੇਸ਼ ਸਮਝੌਤੇ ਦੀ ਗੈਰ-ਹਾਜ਼ਰੀ ਵਿੱਚ, 'ਰਿਸੀਵਿੰਗ ਸਟੇਟ' (ਉਹ ਦੇਸ਼ ਜਿਹੜਾ ਕੂਟਨੀਤਕ ਮਿਸ਼ਨ ਦੀ ਮੇਜ਼ਬਾਨੀ ਕਰ ਰਿਹਾ ਹੋਵੇ) ਮਿਸ਼ਨ ਨੂੰ ਸੀਮਤ ਆਕਾਰ ਵਿੱਚ ਰੱਖਣ ਲਈ ਕਹਿ ਸਕਦੀ ਹੈ ਜੋ ਕਿ ਵਾਜਿਬ ਅਤੇ ਸਾਧਾਰਨ ਹੋਵੇ, ਉਹ ਵੀ ਰਿਸੀਵਿੰਗ ਸਟੇਟਸ ਦੀਆਂ ਸ਼ਰਤਾਂ, ਉੱਥੇ ਦੇ ਹਾਲਾਤ ਅਤੇ ਕਿਸੇ ਮਿਸ਼ਨ ਦੀ ਲੋੜਾਂ ਨੂੰ ਮੁੱਖ ਰੱਖਦਿਆਂ।

"ਅਸੀਂ ਅਜਿਹੀ ਹਰ ਕੋਸ਼ਿਸ਼ ਨੂੰ ਰੱਦ ਕਰਦੇ ਹਾਂ ਜਿਹੜੀ ਬਰਾਬਰਤਾ ਨੂੰ ਲਾਗੂ ਕਰਨ ਨੂੰ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਦਰਸਾਉਂਦੀ ਹੋਵੇ।"

ਭਾਰਤ-ਕੈਨੇਡਾ ਮਸਲਾ: ਹੁਣ ਤੱਕ ਕੀ ਕੁਝ ਹੋਇਆ

  • ਸਤੰਬਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਏਜੰਸੀਆਂ ਦੇ ਹਵਾਲੇ ਨਾਲ ਨਿੱਝਰ ਕਤਲ ਕੇਸ ਅਤੇ ਭਾਰਤ ਸਰਕਾਰ ਵਿਚਾਲੇ ਪ੍ਰਤੱਖ਼ ਲਿੰਕ ਹੋਣ ਦੀ ਗੱਲ ਕਹੀ ਸੀ।
  • ਇਸ ਬਿਆਨ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ ਸੀਨੀਅਰ ਡਿਪਲੋਮੇਟ ਪਵਨ ਕੁਮਾਰ ਰਾਏ ਨੂੰ ਮੁਲਕ ਵਿੱਚੋਂ ਕੱਢ ਦਿੱਤਾ।
  • ਭਾਰਤ ਨੇ ਵੀ ਮੰਗਲਵਾਰ ਕੈਨੇਡਾ ਦੇ ਸੀਨੀਅਰ ਡਿਪਲੋਮੇਟ ਨੂੰ ਪੰਜ ਦਿਨਾਂ ਦੇ ਅੰਦਰ ਭਾਰਤ ਛੱਡਣ ਦਾ ਹੁਕਮ ਦਿੱਤਾ ਹੈ।
  • ਭਾਰਤ ਸਰਕਾਰ ਨੇ ਇਸ ਬਿਆਨ ਨੂੰ ਬੇ-ਬੁਨਿਆਦ ਅਤੇ ਸਿਆਸੀ ਤੌਰ ਉੱਤੇ ਪ੍ਰੇਰਿਤ ਕਰਾਰ ਦਿੱਤਾ ਸੀ।
  • 21 ਸਤੰਬਰ ਨੂੰ ਨਿਊਯਾਰਕ ਵਿੱਚ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੇ ਇਲਜ਼ਾਮ ਦੁਹਰਾਏ, “ਇਸ ਗੱਲ ਉੱਤੇ ਭਰੋਸਾ ਕਰਨ ਲਈ ਪੁਖ਼ਤਾ ਕਾਰਨ ਹਨ ਕਿ ਭਾਰਤੀ ਏਜੰਟ ਇੱਕ ਕੈਨੇਡੀਅਨ ਨਾਗਰਿਕ ਦੇ ਕੈਨੇਡੀਅਨ ਧਰਤੀ ਉੱਤੇ ਹੋਏ ਕਤਲ ਵਿੱਚ ਸ਼ਾਮਿਲ ਹਨ।”
  • ਇਸ ਵਿਵਾਦ ਦੇ ਚਲਦਿਆਂ ਦੋਵੇਂ ਦੇਸ਼ਾਂ ਨੇ ਆਪਣੇ-ਆਪਣੇ ਨਾਗਰਿਕਾਂ ਨੂੰ ਇੱਕ-ਦੂਜੇ ਦੇ ਦੇਸ਼ 'ਚ ਰਹਿਣ ਜਾਂ ਯਾਤਰਾ ਦੌਰਾਨ ਵਧੇਰੇ ਸਾਵਧਾਨ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ।
  • ਇਸੇ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਟਰੂ਼ਡੋ ਵਲੋਂ ਲਾਏ ਇਲਜ਼ਾਮਾਂ ਦੀ ਵਿਸਥਾਰਤ ਜਾਂਚ ਦਾ ਸਮਰਥਕ ਹੈ ਅਤੇ ਭਾਰਤ ਨੂੰ ਇਸ ਮਸਲੇ ਉੱਤੇ ਸਹਿਯੋਗ ਕਰਨਾ ਚਾਹੀਦਾ ਹੈ।
  • ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਮਹਿਲਾ ਬੁਲਾਰੇ ਮੁਮਤਾਜ਼ ਜ਼ਾਹਰਾ ਬਲੋਚ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ''ਇਹ ਇੱਕ ਲਾਪਰਵਾਹ ਅਤੇ ਗ਼ੈਰ-ਜ਼ਿੰਮੇਦਾਰ ਹਰਕਤ ਹੈ ਜੋ ਇੱਕ ਭਰੋਸੇਯੋਗ ਅੰਤਰ-ਰਾਸ਼ਟਰੀ ਸਹਿਯੋਗੀ ਦੇ ਰੂਪ 'ਚ ਭਾਰਤ ਦੀ ਭਰੋਸੇਯੋਗਤਾ 'ਤੇ ਸਵਾਲ ਹੈ।’’
  • 20 ਅਕਤੂਬਰ ਨੂੰ ਕੈਨੇਡਾ ਵੱਲੋਂ ਭਾਰਤ ਵਿੱਚਲੇ ਆਪਣੇ 41 ਕੂਟਨੀਤਕਾਂ ਨੂੰ ਵਾਪਸ ਬੁਲਾਇਆ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)