ਹਰਦੀਪ ਸਿੰਘ ਨਿੱਝਰ ਕਤਲ ਕੇਸ: ਕੈਨੇਡਾ- ਭਾਰਤ ਨੇ ਇੱਕ ਦੂਜੇ ਦੇ ਸੀਨੀਅਰ ਕੂਟਨੀਤਿਕਾਂ ਨੂੰ ਮੁਲਕ ਛੱਡਣ ਲਈ ਕਿਹਾ

ਤਸਵੀਰ ਸਰੋਤ, FB/Virsa Singh Valtoha - Justin Trudeau
- ਲੇਖਕ, ਨਾਦਿਨ ਯੁਸੂਫ਼ ਤੇ ਅਲੀਮ ਮਕਬੂਲ
- ਰੋਲ, ਬੀਬੀਸੀ ਨਿਊਜ਼, ਟੋਰੰਟੋ
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਭਾਰਤ ਦਾ ਨਾਮ ਜੋੜੇ ਜਾਣ ਦੇ ਇਲਜ਼ਾਮਾਂ ਨੂੰ ਭਾਰਤ ਨੇ ਸਖ਼ਤੀ ਨਾਲ ਰੱਦ ਕੀਤਾ ਹੈ।
ਹਰਦੀਪ ਸਿੰਘ ਨਿੱਝਰ ਦਾ ਇਸੇ ਸਾਲ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਟਰੂਡੋ ਨੇ ਕੈਨੇਡੀਅਨ ਏਜੰਸੀਆਂ ਦੇ ਹਵਾਲੇ ਨਾਲ ਨਿੱਝਰ ਕਤਲ ਕੇਸ ਅਤੇ ਭਾਰਤ ਸਰਕਾਰ ਵਿਚਾਲੇ ਪ੍ਰਤੱਖ਼ ਲਿੰਕ ਹੋਣ ਦੀ ਗੱਲ ਕਹੀ ਸੀ।
ਭਾਰਤ ਸਰਕਾਰ ਨੇ ਇਸ ਬਿਆਨ ਨੂੰ ਬੇ-ਬੁਨਿਆਦ ਅਤੇ ਸਿਆਸੀ ਤੌਰ ਉੱਤੇ ਪ੍ਰੇਰਿਤ ਕਰਾਰ ਦਿੱਤਾ ਸੀ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ‘‘ਅਸੀਂ ਜਮਹੂਰੀ ਮੁਲਕ ਹਾਂ ਅਤੇ ਕਾਨੂੰਨ ਮੁਤਾਬਕ ਚੱਲਣ ਦੀ ਸਾਡੀ ਵਚਨਬੱਧਤਾ ਹੈ।’’
ਇਸ ਘਟਨਾ ਨੇ ਪਹਿਲਾਂ ਤੋਂ ਹੀ ਦੇਸ਼ਾਂ ਵਿਚਾਲੇ ਕੁਝ ਖੱਟੇ ਚੱਲ ਰਹੇ ਸਬੰਧਾਂ ਨੂੰ ਹੋਰ ਵਿਗਾੜ ਦਿੱਤਾ ਹੈ।
ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਭਵਨ ‘ਵ੍ਹਾਈਟ ਹਾਊਸ’ ਨੇ ਟਰੂਡੋ ਦੇ ਬਿਆਨ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਵ੍ਹਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਕੌਂਸਲ ਦੇ ਤਰਜਮਾਨ ਐਡਰੀਏਨੀ ਵਾਟਸਨ ਨੇ ਕਿਹਾ, ‘‘ਅਸੀਂ ਕੈਨੇਡੀਅਨ ਸਾਥੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਕੈਨੇਡਾ ਦੀ ਜਾਂਚ ਗੰਭੀਰ ਰੁਖ਼ ਅਖਤਿਆਰ ਕਰ ਰਹੀ ਹੈ ਅਤੇ ਸਾਜਿਸ਼ਕਰਤਾਵਾਂ ਨੂੰ ਸਜ਼ਾਵਾਂ ਮਿਲਨੀਆਂ ਚਾਹੀਦੀਆਂ ਹਨ।’’
ਟਰੂਡੋ ਨੇ ਕੀ ਇਲਜ਼ਾਮ ਲਾਇਆ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਲਜ਼ਾਮ ਲਗਾਇਆ ਸੀ ਕਿ ਕੈਨੇਡੀਅਨ ਸਿੱਖ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋ ਸਕਦਾ ਹੈ।
ਟਰੂਡੋ ਨੇ ਕਿਹਾ ਕਿ ਕੈਨੇਡੀਅਨ ਏਜੰਸੀਆਂ ਨੇ ਕਤਲ ਅਤੇ ਭਾਰਤ ਸਰਕਾਰ ਵਿਚਾਲੇ ‘‘ਪ੍ਰਤੱਖ਼’’ ਲਿੰਕ ਦੀ ਸ਼ਨਾਖ਼ਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਜੀ-20 ਸ਼ਿਖ਼ਰ ਸੰਮੇਲਨ ਦੌਰਾਨ ਉਨ੍ਹਾਂ ਨੇ ਇਹ ਮਾਮਲਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਚੁੱਕਿਆ ਸੀ।



ਤਸਵੀਰ ਸਰੋਤ, FB/Justin Trudeau
ਸੋਮਵਾਰ ਨੂੰ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ (ਸੰਸਦ) ਵਿੱਚ ਬੋਲਦਿਆਂ ਟਰੂਡੋ ਨੇ ਕਿਹਾ, ‘‘ਕੈਨੇਡੀਅਨ ਧਰਤੀ ਉੱਤੇ ਕੈਨੇਡੀਅਨ ਨਾਗਰਿਕ ਦੇ ਕਤਲ ਵਿੱਚ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਸਾਡੀ ਖੁਦਮੁਖਤਿਆਰੀ ਦਾ ਨਾ-ਸਹਿਣਯੋਗ ਉਲੰਘਣ ਹੈ।’’
‘‘ਇਹ ਅਜ਼ਾਦ, ਖੁੱਲ੍ਹੇ ਅਤੇ ਜਮਹੂਰੀ ਮੁੱਢਲੇ ਨਿਯਮ ਜਿਨ੍ਹਾਂ ਨਾਲ ਸਮਾਜ ਚੱਲਦਾ ਹੈ, ਉਸ ਦੇ ਵੀ ਖ਼ਿਲਾਫ਼ ਹੈ।’’
ਇਸੇ ਦੌਰਾਨ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੀ ਸੰਸਦ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉੱਥੋਂ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਦੇ ਬਿਆਨ ਨੂੰ ਵਾਚਿਆ ਅਤੇ ਰੱਦ ਕਰ ਦਿੱਤਾ।
ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਕੈਨੇਡਾ ਵਿੱਚ ਹਿੰਸਾ ਦੀ ਕਿਸੇ ਵੀ ਕਾਰਵਾਈ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਬੇਬੁਨਿਆਦ ਅਤੇ ਪ੍ਰੇਰਿਤ ਹਨ।

ਤਸਵੀਰ ਸਰੋਤ, Governement of India
ਦੂਜੇ ਪਾਸੇ ਕੈਨੇਡੀਅਨ ਪ੍ਰਧਾਨ ਮੰਤਰੀ ਵੱਲੋਂ ਸੰਸਦ ਵਿੱਚ ਕੀਤੀ ਗਈ ਟਿੱਪਣੀ ਤੋਂ ਬਾਅਦ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਦੱਸਿਆ ਕਿ ਕੈਨੇਡਾ ਨੇ ਭਾਰਤੀ ਕੂਟਨੀਤਕ ਪਵਨ ਕੁਮਾਰ ਰਾਏ ਨੂੰ ਮੁਲਕ ਤੋਂ ਬਾਹਰ ਭੇਜ ਦਿੱਤਾ ਹੈ।
ਕੈਨੇਡਾ ਦੇ ਇਸ ਕਦਮ ਦਾ ਭਾਰਤ ਨੇ ਵੀ ਉਸੇ ਤਰ੍ਹਾਂ ਦੀ ਸਖ਼ਤ ਭਾਸ਼ਾ ਵਿੱਚ ਜਵਾਬ ਦਿੱਤਾ ਹੈ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗ਼ਚੀ ਨੇ ਵਿਦੇਸ਼ੀ ਮੰਤਰਾਲੇ ਦਾ ਬਿਆਨ ਸਾਂਝਾ ਕੀਤਾ ਹੈ।
“ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਅੱਜ ਤਲਬ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਭਾਰਤ ਵਿੱਚ ਆਧਾਰਿਤ ਕੈਨੇਡਾ ਦੇ ਇੱਕ ਸੀਨੀਅਰ ਰਾਜਦੂਤ ਨੂੰ ਕੱਢਣ ਦੇ ਫ਼ੈਸਲੇ ਬਾਰੇ ਸੂਚਿਤ ਕੀਤਾ ਗਿਆ।”
“ਸਬੰਧਤ ਰਾਜਦੂਤ ਨੂੰ ਅਗਲੇ ਪੰਜ ਦਿਨਾਂ ਵਿੱਚ ਭਾਰਤ ਛੱਡਣ ਲਈ ਕਿਹਾ ਗਿਆ ਹੈ।”
“ਇਹ ਫ਼ੈਸਲਾ ਭਾਰਤ ਸਰਕਾਰ ਦੇ ਕੈਨੇਡਾ ਦੇ ਰਾਜਦੂਤਾਂ ਵੱਲੋਂ ਸਾਡੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦੇਣ ਅਤੇ ਉਨ੍ਹਾਂ ਦੀ ਭਾਰਤ-ਵਿਰੋਧੀ ਗਤੀਵਿਧੀਆਂ ਵਿੱਚ ਸ਼ਮੂਲੀਅਤ ਬਾਰੇ ਵੱਧ ਰਹੀ ਚਿੰਤਾ ਨੂੰ ਦਰਸਾਉਂਦਾ ਹੈ।”

ਤਸਵੀਰ ਸਰੋਤ, FB/Justin Trudeau
ਸਾਨੂੰ ਹਮੇਸ਼ਾ ਕਤਲ ਪਿੱਛੇ ਭਾਰਤ ਸਰਕਾਰ ਉੱਤੇ ਸ਼ੱਕ ਸੀ - ਪਰਿਵਾਰ
ਸੀਬੀਸੀ ਦੀ ਖ਼ਬਰ ਮੁਤਾਬਕ ਹਰਦੀਪ ਸਿੰਘ ਨਿੱਝਰ ਦੇ 21 ਸਾਲ ਦੇ ਪੁੱਤਰ ਬਲਰਾਜ ਸਿੰਘ ਨਿੱਝਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਤਲ ਸਬੰਧੀ ਭਾਰਤੀ ਸਰਕਾਰ ਖ਼ਿਲਾਫ਼ ਇਲਜ਼ਾਮਾਂ ਤੋਂ ਬਾਅਦ ਉਨ੍ਹਾਂ ਨੂੰ ਥੋੜ੍ਹਾ ਸਕੂਨ ਮਿਲਿਆ ਹੈ।
18 ਜੂਨ ਨੂੰ ਪਿਤਾ ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਬਲਰਾਜ ਸਿੰਘ ਨਿੱਝਰ ਜਨਤੱਕ ਤੌਰ ਉੱਤੇ ਇਸ ਮਸਲੇ ਬਾਰੇ ਬੋਲ ਸਰੀ ਦੇ ਉਸੇ ਗੁਰਦੁਆਰੇ ਬਾਹਰ ਪਾਰਕਿੰਗ ਏਰੀਆ ਵਿੱਚ ਵਿੱਚ ਬੋਲ ਰਹੇ ਸਨ, ਜਿੱਥੇ ਉਨ੍ਹਾਂ ਦੇ ਪਿਤਾ ਦਾ ਕਤਲ ਹੋਇਆ ਸੀ।
ਸੀਬੀਸੀ ਮੁਤਾਬਕ ਹਰਦੀਪ ਸਿੰਘ ਨਿੱਝਰ ਦੇ ਦੋ ਪੁੱਤਰ ਹਨ ਅਤੇ ਬਲਰਾਜ ਉਨ੍ਹਾਂ ਵਿੱਚੋਂ ਵੱਡੇ ਹਨ।
ਸੀਬੀਸੀ ਮੁਤਾਬਕ ਬਲਰਾਜ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਨੂੰ ਹਮੇਸ਼ਾ ਉਨ੍ਹਾਂ ਦੇ ਪਿਤਾ ਦੇ ਕਤਲ ਪਿੱਛੇ ਭਾਰਤ ਸਰਕਾਰ ਉੱਤੇ ਸ਼ੱਕ ਸੀ।
ਬਲਰਾਜ ਨੇ ਕਿਹਾ, ‘‘ਉਡੀਕ ਰਹੇਗੀ ਕਿ ਸੱਚ ਕਦੋਂ ਸਾਹਮਣੇ ਆਵੇਗਾ, ਅੱਜ ਜਦੋਂ ਅਸੀਂ ਖ਼ਬਰ ਸੁਣੀ ਤਾਂ ਥੋੜ੍ਹਾ ਸਕੂਨ ਮਿਲਿਆ ਹੈ।’’
ਬਲਰਾਜ ਨੇ ਕੈਨੇਡਾ ਦੀ ਸੰਸਦ ਵਿੱਚ ਇਸ ਕਤਲ ਦੀ ਨਿੰਦਾ ਕਰਨ ਲਈ ਜਸਟਿਨ ਟਰੂਡੋ, ਵਿਰੋਧੀ ਧਿਰ ਦੇ ਆਗੂ ਪੀਅਰ ਅਤੇ ਐੱਨਡੀਪੀ ਆਗੂ ਜਗਮੀਤ ਸਿੰਘ ਦਾ ਵੀ ਧੰਨਵਾਦ ਕੀਤਾ।
ਨਿੱਝਰ ਦਾ ਕਤਲ ; ਕਦੋਂ ਤੇ ਕਿੱਥੇ ਹੋਇਆ
ਕੈਨੇਡਾ ਦੀ ਵਿਦੇਸ਼ ਮੰਤਰੀ ਜੋਲੀ ਨੇ ਕਿਹਾ ਕਿ ਨਿੱਝਰ ਕਤਲ ਕੇਸ ਦੀ ਜਾਂਚ ਚੱਲਦੀ ਹੋਣ ਕਾਰਨ ਕੈਨੇਡੀਅਨ ਅਧਿਕਾਰੀ ਜਨਤਕ ਤੌਰ ਉੱਤੇ ਸੀਮਤ ਜਾਣਕਾਰੀ ਹੀ ਸਾਂਝੀ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਜਾਂਚਕਰਤਾਵਾਂ ਨੇ 45 ਸਾਲ ਨਿੱਝਰ ਦੇ ਕਤਲ ਨੂੰ ਟਾਰਗੈੱਟ ਕਿਲਿੰਗ ਕਿਹਾ ਸੀ।
ਨਿੱਝਰ ਦਾ ਕਤਲ ਇਸੇ ਸਾਲ ਜੂਨ ਦੇ ਮੱਧ ਵਿੱਚ ਸਰੀ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਬਾਹਰ ਕਾਰ ਪਾਰਕਿੰਗ ਵਿੱਚ ਹੋਇਆ ਸੀ। ਇਹ ਥਾਂ ਵੈਨਕੂਵਰ ਦੇ ਪੂਰਬ ਵਿੱਚ 30 ਕਿਲੋਮੀਟਰ ਦੂਰੀ ਉੱਤੇ ਪੈਂਦੀ ਹੈ।
ਨਿੱਝਰ ਨੂੰ ਦੋ ਮਾਸਕਧਾਰੀਆਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ।
ਨਿੱਝਰ ਬ੍ਰਿਟਿਸ਼ ਕੋਲੰਬੀਆ ਦੇ ਜਾਣੇ-ਪਛਾਣੇ ਸਿੱਖ ਆਗੂ ਸਨ ਅਤੇ ਖਾਲਿਸਤਾਨ ਦੇ ਸਮਰਥਕ ਸਨ। ਖਾਲਿਸਤਾਨ ਪੱਖ਼ੀ ਭਾਰਤੀ ਪੰਜਾਬ ਨੂੰ ਸਿੱਖਾਂ ਲ਼ਈ ਵੱਖਰੇ ਤੇ ਖੁਦਮੁਖਤਿਆਰ ਮੁਲਕ ਵਜੋਂ ਮਾਨਤਾ ਚਾਹੁੰਦੇ ਹਨ। ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਗਤੀਵਿਧੀਆ ਕਾਰਨ ਉਨ੍ਹਾਂ ਦੀ ਜਾਨ ਨੂੰ ਪਹਿਲਾਂ ਹੀ ਖ਼ਤਰਾ ਸੀ।
ਭਾਰਤ ਉਸ ਨੂੰ ‘‘ਦਹਿਸ਼ਤਗਰਦ’’ ਮੰਨਦਾ ਸੀ, ਜੋ ਇੱਕ ਅੱਤਵਾਦੀ ਗਰੁੱਪ ਦੀ ਅਗਵਾਈ ਕਰਦਾ ਸੀ। ਪਰ ਉਨ੍ਹਾਂ ਦੇ ਸਮਰਥਕ ਇਨ੍ਹਾਂ ਇਲਜ਼ਾਮਾਂ ਨੂੰ ਬੇ-ਬੁਨਿਆਦ ਦੱਸਦੇ ਹਨ।
ਟਰੂਡੋ ਨੇ ਬਾਇਡਨ ਤੇ ਰਿਸ਼ੀ ਸੁਨਕ ਕੋਲ ਵੀ ਚੁੱਕਿਆ ਮੁੱਦਾ

ਤਸਵੀਰ ਸਰੋਤ, FB/Rishi Sunak
ਟਰੂਡੋ ਨੇ ਕਿਹਾ ਕਿ ਕੈਨੇਡਾ ਨੇ ਨਿੱਝਰ ਦੀ ਮੌਤ ਬਾਰੇ ਆਪਣੀ ਚਿੰਤਾ ਭਾਰਤ ਦੀਆਂ ਹਾਈ-ਲੈਵਰ ਸਕਿਊਰਿਟੀ ਅਤੇ ਖੂਫ਼ੀਆ ਏਜੰਸੀਆਂ ਨਾਲ ਸਾਂਝੀ ਕੀਤੀ ਹੈ।
ਟਰੂਡੋ ਨੇ ਇਹ ਮਸਲਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅੱਗੇ ਵੀ ਚੁੱਕਿਆ ਹੈ।
ਟਰੂਡੋ ਨੇ ਕਿਹਾ, ‘‘ਮੈਂ ਬਹੁਤ ਦ੍ਰਿੜਤਾ ਨਾਲ ਇਹ ਗੱਲ ਪੁੱਛਦਾ ਰਹਿੰਦਾ ਹਾਂ ਕਿ ਭਾਰਤ ਸਰਕਾਰ ਇਸ ਸਥਿਤੀ ਉੱਤੇ ਰੌਸ਼ਨੀ ਪਾਉਣ ਲਈ ਕੈਨੇਡਾ ਨਾਲ ਸਹਿਯੋਗ ਕਰੇ।’’
ਟਰੂਡੋ ਨੇ ਕਿਹਾ ਕਿ ਨਿੱਝਰ ਦੇ ਕਤਲ ਕੈਨੇਡੇ ਦਾ ਲੋਕਾਂ ਵਿੱਚ ਗੁੱਸਾ ਭਰਿਆ ਹੈ ਅਤੇ ਉਨ੍ਹਾਂ ਦਰਮਿਆਨ ਸੁਰੱਖਿਆ ਨੂੰ ਲੈ ਕੇ ਡਰ ਬਣਿਆ ਹੈ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਸਣੇ ਕੈਨੇਡਾ ਦੀਆਂ ਕੁਝ ਸਿੱਖ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਟਰੂਡੋ ਦੇ ਬਿਆਨ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਜੋ ਉਨ੍ਹਾਂ ਦੇ ਭਾਈਚਾਰੇ ਵਿੱਚ ਵਿਸ਼ਵਾਸ ਹੈ, ਉਸ ਨੂੰ ਟਰੂਡੋ ਨੇ ਪੁਖ਼ਤਾ ਕੀਤਾ ਹੈ।
ਇੱਕ ਅੰਦਾਜ਼ੇ ਮੁਤਾਬਕ ਭਾਰਤੀ ਮੂਲ ਦੇ ਕੈਨੇਡੀਅਨ ਲੋਕਾਂ ਦੀ ਗਿਣਤੀ 14 ਲੱਖ ਤੋਂ 18 ਲੱਖ ਦਰਮਿਆਨ ਹੈ। ਪੰਜਾਬ ਤੋਂ ਬਾਹਰ ਸਿੱਖਾਂ ਦੀ ਸਭ ਤੋਂ ਵੱਧ ਗਿਣਤੀ ਕੈਨੇਡਾ ਵਿੱਚ ਹੈ।
ਭਾਰਤ ਦਾ ਕੈਨੇਡਾ ਉੱਤੇ ਇਲਜ਼ਾਮ

ਤਸਵੀਰ ਸਰੋਤ, FB/Narendra Modi
ਟਰੂਡੋ ਦਾ ਨਿੱਝਰ ਸਬੰਧੀ ਇਹ ਬਿਆਨ ਦਿੱਲੀ ਸ਼ਹਿਰ ਵਿੱਚ ਹੋਏ ਜੀ-20 ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਗੰਭੀਰ ਮੁਲਾਕਾਤ ਤੋਂ ਬਾਅਦ ਆਇਆ ਹੈ।
ਭਾਰਤ ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਉਸ ਮੀਟਿੰਗ ਤੋਂ ਬਾਅਦ ਨਰਿੰਦਰ ਮੋਦੀ ਨੇ ਕੈਨੇਡਾ ਉੱਤੇ ਭਾਰਤ ਵਿੱਚ ਸਿੱਖ ਵੱਖਵਾਦੀ ਲਹਿਰ ਦਾ ਹਵਾਲਾ ਦਿੰਦਿਆਂ ‘‘ਕੱਟੜਪੰਥੀ ਤੱਤਾਂ ਦੀਆਂ ਐਂਟੀ-ਇੰਡੀਆ ਗਤੀਵਿਧੀਆਂ’’ ਨੂੰ ਰੋਕਣ ਲਈ ਕਾਫ਼ੀ ਕੁਝ ਨਾ ਕਰਨ ਦਾ ਇਲਜ਼ਾਮ ਲਗਾਇਆ।
ਕੈਨੇਡਾ ਨੇ ਵੀ ਹਾਲ ਹੀ ਵਿੱਚ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਬਾਰੇ ਕੈਨੇਡਾ ਨੇ ਕੁਝ ਵੇਰਵੇ ਦਿੱਤੇ ਪਰ ਭਾਰਤ ਨੇ ‘‘ਕੁਝ ਸਿਆਸੀ ਘਟਨਾਕ੍ਰਮ’’ ਦਾ ਹਵਾਲਾ ਦਿੱਤਾ।
ਹਾਲ ਹੀ ਦੇ ਮਹੀਨਿਆਂ ਵਿੱਚ ਮਰਨ ਵਾਲਿਆਂ ਵਿੱਚ ਨਿੱਝਰ ਤੀਜਾ ਨਾਮੀ ਸਿੱਖ ਚਿਹਰਾ ਸਨ।
ਬ੍ਰਿਟੇਨ ਦੇ ਸ਼ਹਿਰ ਬਰਮਿੰਘਮ ਵਿੱਚ ਇਸੇ ਸਾਲ ਜੂਨ ਮਹੀਨੇ ਵਿੱਚ ਅਵਤਾਰ ਸਿੰਘ ਖੰਡਾ ਦੀ ਮੌਤ ਹੋਈ ਸੀ। ਖੰਡਾ ਨੂੰ ਖ਼ਾਲੀਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਦੱਸਿਆ ਜਾਂਦਾ ਹੈ। ਉਨ੍ਹਾਂ ਦੀ ਮੌਤ ਨੂੰ ‘‘ਰਹੱਸਮਈ ਹਾਲਾਤ’’ ਵਿੱਚ ਹੋਈ ਦੱਸਿਆ ਜਾਂਦਾ ਹੈ।
ਇਸੇ ਤਰ੍ਹਾਂ ਭਾਰਤ ਵੱਲੋਂ ਅੱਤਵਾਦੀ ਕਰਾਰ ਦਿੱਤੇ ਗਏ ਪਰਮਜੀਤ ਸਿੰਘ ਪੰਜਵਾੜ ਨੂੰ ਮਈ ਮਹੀਨੇ ਵਿੱਚ ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਕਤਲ ਕਰ ਦਿੱਤਾ ਗਿਆ।
ਇਲਜ਼ਾਮ ਬੇ-ਬੁਨਿਆਦ -ਭਾਰਤ

ਤਸਵੀਰ ਸਰੋਤ, FB/drsjaishankar
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੀ ਸੰਸਦ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉੱਥੋਂ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਦੇ ਬਿਆਨ ਨੂੰ ਵਾਚਿਆ ਅਤੇ ਰੱਦ ਕਰ ਦਿੱਤਾ ਹੈ।
ਮੰਤਰਾਲੇ ਨੇ ਕਿਹਾ ਕਿ ਕੈਨੇਡਾ ਵਿੱਚ ਹਿੰਸਾ ਦੀ ਕਿਸੇ ਵੀ ਕਾਰਵਾਈ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਬੇਬੁਨਿਆਦ ਅਤੇ ਪ੍ਰੇਰਿਤ ਹਨ।
ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਇਹ ਵੀ ਕਿਹਾ ਗਿਆ, ‘‘ਇਸੇ ਤਰ੍ਹਾਂ ਦੇ ਦੋਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਾਡੇ ਪ੍ਰਧਾਨ ਮੰਤਰੀ 'ਤੇ ਲਾਏ ਸਨ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਸੀ।’’
ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਹੋਰ ਜੋ ਕੁਝ ਕਿਹਾ ਗਿਆ, ਉਹ ਇਸ ਤਰ੍ਹਾਂ ਹੈ...
- ‘‘ਅਸੀਂ ਕਾਨੂੰਨ ਦੇ ਸ਼ਾਸਨ ਲਈ ਮਜ਼ਬੂਤ ਵਚਨਬੱਧਤਾ ਵਾਲਾ ਇੱਕ ਲੋਕਤੰਤਰੀ ਮੁਲਕ ਹਾਂ।’’
- ‘‘ਅਜਿਹੇ ਬੇਬੁਨਿਆਦ ਇਲਜ਼ਾਮ ਖਾਲਿਸਤਾਨੀ ਅੱਤਵਾਦੀਆਂ ਅਤੇ ਕੱਟੜਪੰਥੀਆਂ ਤੋਂ ਧਿਆਨ ਹਟਾਉਣਾ ਚਾਹੁੰਦੇ ਹਨ, ਜਿਨ੍ਹਾਂ ਨੂੰ ਕੈਨੇਡਾ ਵਿੱਚ ਪਨਾਹ ਦਿੱਤੀ ਗਈ ਹੈ ਅਤੇ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਖ਼ਤਰਾ ਬਣਾਉਂਦੇ ਰਹਿੰਦੇ ਹਨ। ਇਸ ਮਾਮਲੇ 'ਤੇ ਕੈਨੇਡੀਅਨ ਸਰਕਾਰ ਦੀ ਅਣਗਹਿਲੀ ਲੰਬੇ ਸਮੇਂ ਤੋਂ ਅਤੇ ਲਗਾਤਾਰ ਚਿੰਤਾ ਦਾ ਵਿਸ਼ਾ ਰਹੀ ਹੈ।’’
- ‘‘ਕੈਨੇਡੀਅਨ ਰਾਜਨੀਤਿਕ ਸ਼ਖਸੀਅਤਾਂ ਵੱਲੋਂ ਅਜਿਹੇ ਤੱਤਾਂ ਪ੍ਰਤੀ ਹਮਦਰਦੀ ਪ੍ਰਗਟ ਕਰਨਾ ਡੂੰਘੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।’’
- ‘‘ਕੈਨੇਡਾ ਵਿੱਚ ਕਤਲ, ਮਨੁੱਖੀ ਤਸਕਰੀ ਅਤੇ ਸੰਗਠਿਤ ਅਪਰਾਧ ਸਮੇਤ ਕਈ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਦਿੱਤੀ ਗਈ ਜਗ੍ਹਾ ਕੋਈ ਨਵੀਂ ਗੱਲ ਨਹੀਂ ਹੈ।’’
- ‘‘ਅਸੀਂ ਭਾਰਤ ਸਰਕਾਰ ਨੂੰ ਅਜਿਹੇ ਵਰਤਾਰੇ ਨਾਲ ਜੋੜਨ ਦੀ ਕਿਸੇ ਵੀ ਕੋਸ਼ਿਸ਼ ਨੂੰ ਰੱਦ ਕਰਦੇ ਹਾਂ।’’
- ‘‘ਅਸੀਂ ਕੈਨੇਡਾ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੀ ਧਰਤੀ ਤੋਂ ਕੰਮ ਕਰ ਰਹੇ ਸਾਰੇ ਭਾਰਤ ਵਿਰੋਧੀ ਤੱਤਾਂ ਵਿਰੁੱਧ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਨੂੰਨੀ ਕਾਰਵਾਈ ਕਰੇ।’’

ਪਵਨ ਕੁਮਾਰ ਰਾਏ ਦਾ ਪਿਛੋਕੜ
ਬੀਬੀਸੀ ਪੱਤਰਕਾਰ ਗਗਨਦੀਪ ਸਿੰਘ ਮੁਤਾਬਕ ਪਵਨ ਕੁਮਾਰ ਰਾਏ 1997 ਬੈਚ ਦੇ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀ ਹਨ।
ਉਨ੍ਹਾਂ ਨੂੰ ਇਸ ਸਾਲ ਜਨਵਰੀ ਵਿੱਚ ਪੰਜਾਬ ਸਰਕਾਰ ਵੱਲੋਂ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਸੀ।
ਪੀ. ਕੇ. ਰਾਏ ਪੰਜਾਬ ਦੇ ਜਲੰਧਰ, ਮੋਗਾ, ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਸੀਨੀਅਰ ਪੁਲਿਸ ਕਪਤਾਨ ਵਜੋਂ ਤਾਇਨਾਤ ਰਹੇ ਹਨ ।
ਪੰਜਾਬ ਪੁਲਿਸ ਦੇ ਸਰਕਾਰੀ ਰਿਕਾਰਡ ਅਨੁਸਾਰ ਉਹ ਸਾਲ 2010 ਵਿੱਚ ਕੇਂਦਰੀ ਡੈਪੂਟੇਸ਼ਨ ’ਤੇ ਚਲੇ ਗਏ ਸਨ ਅਤੇ ਫਿਰ ਉਹ ਆਪਣੀਆਂ ਸੇਵਾਵਾਂ ਕੇਂਦਰੀ ਏਜੰਸੀਆਂ ਨਾਲ ਨਿਭਾ ਰਹੇ ਹਨ ।
ਉਹ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲੇ ਹਨ । ਰਾਏ ਇਸ ਸਮੇਂ ਭਾਰਤੀ ਹਾਈ ਕਮਿਸ਼ਨ, ਓਟਾਵਾ ਵਿੱਚ ਕੰਮ ਕਰ ਰਹੇ ਸਨ।
ਭਾਰਤ ਦੇ ਹਾਈ ਕਮਿਸ਼ਨ ਦੀ ਵੈੱਬਸਾਈਟ ਦੇ ਅਨੁਸਾਰ, ਉਹ ਸੀਨੀਅਰ ਅਧਿਕਾਰੀ ਦੇ ਤੌਰ 'ਤੇ ਕੰਮ ਕਰ ਰਹੇ ਸਨ ਅਤੇ ਆਰਥਿਕ, ਤਾਲਮੇਲ, ਭਾਈਚਾਰਕ ਮਾਮਲਿਆਂ ਨਾਲ ਨਜਿੱਠਦਾ ਸਨ ।
2002-2007 ਦਰਮਿਆਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਪਵਨ ਰਾਏ ਐੱਸਐੱਸਪੀ ਮੋਗਾ ਵਜੋਂ ਤੈਨਾਤ ਰਹੇ, ਫਿਰ ਸਾਲ 2006 ਵਿੱਚ ਉਨ੍ਹਾਂ ਦਾ ਤਬਾਦਲਾ ਤਰਨਤਾਰਨ ਹੋ ਗਿਆ।
ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਉਹ ਜਲੰਧਰ ਦੇ ਐੱਸਐੱਸਪੀ ਬਣੇ।
ਉਹ ਸਾਲ 2009 ਵਿੱਚ ਅੰਮ੍ਰਿਤਸਰ ਸ਼ਹਿਰ ਦੇ ਐਸਐਸਪੀ ਵਜੋਂ ਵੀ ਤਾਇਨਾਤ ਸਨ।
ਸਾਲ 2018 ਵਿੱਚ ਮੋਦੀ ਸਰਕਾਰ ਵਲੋਂ ਰਾਏ ਨੂੰ ਤਿੰਨ ਸਾਲਾਂ ਦੀ ਮਿਆਦ ਲਈ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ (ਪ੍ਰਸੋਨਲ) ਵਜੋਂ ਨਿਯੁਕਤ ਕੀਤਾ ਗਿਆ ਸੀ ।
ਉਨ੍ਹਾਂ ਨੂੰ ਮੁੜ ਜਲੰਧਰ ਵਿੱਚ ਡਿਪਟੀ ਕਮਿਸ਼ਨਰ ਆਫ਼ ਪੁਲੀਸ ਤੈਨਾਤ ਕੀਤਾ ਗਿਆ ਸੀ।
ਜਦੋ ਉਹ ਜਲੰਧਰ ਵਿੱਚ ਸੀਨੀਅਰ ਪੁਲਿਸ ਕਪਤਾਨ ਸਨ ਉਸ ਸਮੇ ਤਤਕਾਲੀ ਐਸਐਸਪੀ ਵਿਜੀਲੈਂਸ ਸ਼ਿਵ ਕੁਮਾਰ ਸ਼ਰਮਾ ਦੇ ਪੁੱਤਰ ਮੋਹਿਤ ਸ਼ਰਮਾ ਅਤੇ ਉਸਦੇ ਗੰਨਮੈਨ ਹਰਬੰਸ ਲਾਲ ਨੇ ਫਿਲੌਰ ਵਿੱਚ ਮੁੰਬਈ ਦੇ ਵਪਾਰੀ ਤੋਂ ਕਰੋੜਾਂ ਦੇ ਹੀਰਿਆਂ ਦੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।
ਇਲਜ਼ਾਮਾਂ ਉੱਤੇ ਪ੍ਰਤੀਕਰਮ
ਕੈਨੇਡੀ ਦੀ ਜਸਟਿਨ ਟਰੂਡੋ ਸਰਕਾਰ ਨੂੰ ਸਮਰਥਨ ਦੇਣ ਵਾਲੀ ਐੱਨਡੀਪੀ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਜਗਮੀਤ ਸਿੰਘ ਨੇ ਵੀ ਟਰੂਡੋ ਦੇ ਬਿਆਨ ਉੱਤੇ ਪ੍ਰਤੀਕਰਮ ਦਿੱਤਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਜਗਮੀਤ ਨੇ ਲਿਖਿਆ, ‘‘ਅੱਜ ਸਾਨੂੰ ਇਲਜ਼ਾਮਾਂ ਬਾਰੇ ਪਤਾ ਲੱਗਾ ਕਿ ਕੈਨੇਡੀਅਨ ਜ਼ਮੀਨ ਉੱਤੇ ਕੈਨੇਡੀਅਨ ਨਾਗਰਿਕ ਹਰਦੀਪ ਦਾ ਕਤਲ ਭਾਰਤ ਸਰਕਾਰ ਦੇ ਏਜੰਟਾਂ ਨੇ ਕੀਤਾ ਹੈ। ਮੈਂ ਅਹਿਦ ਕਰਦਾ ਹਾਂ ਕਿ ਨਰਿੰਦਰ ਮੋਦੀ ਸਰਕਾਰ ਨੂੰ ਜਵਾਬਦੇਹ ਬਣਾਉਣ ਅਤੇ ਇਨਸਾਫ਼ ਦੀ ਪੈਰਵੀ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗਾ।’’












