ਪੁਰਾਣੇ ਫੋਨ ਤੇ ਲੈਪਟੌਪ ਕੂੜੇ ਵਿੱਚ ਨਾ ਸੁੱਟੋ, ਇੰਝ ਕੱਢਿਆ ਜਾ ਸਕਦਾ ਹੈ ਸੋਨਾ

ਤਸਵੀਰ ਸਰੋਤ, Getty Images
- ਲੇਖਕ, ਐਨਾ ਟਰਨਸ
- ਰੋਲ, ਬੀਬੀਸੀ ਨਿਊਜ਼
ਮੈਨੂੰ ਸਾਊਥ ਵੇਲਜ਼ ਵਿੱਚ ਕਾਰਡਿਫ਼ ਦੇ ਕੋਲ ਸ਼ਾਹੀ ਟਕਸਾਲ (ਰੋਇਲ ਮਿੰਟ) ਵਿੱਚ ਅੰਦਰ ਜਾਣ ਤੋਂ ਪਹਿਲਾਂ ਮੇਰੀ ਸੁਰੱਖਿਆ ਜਾਂਚ ਕੀਤੀ ਗਈ ਅਤੇ ਖ਼ਾਸ ਐਨਕਾਂ ਅਤੇ ਇੱਕ ਲੈਬ ਕੋਟ ਪੁਆਇਆ ਗਿਆ।
ਬ੍ਰਿਟੇਨ ਦੀ ਸ਼ਾਹੀ ਟਕਸਾਲ ਉਹੀ ਥਾਂ ਹੈ, ਜਿੱਥੇ 30 ਦੇਸ਼ਾਂ ਲਈ ਖਰਬਾਂ ਸਿੱਕੇ ਢਾਲੇ ਜਾਂਦੇ ਹਨ।
ਪਿਛਲੇ ਦੋ ਸਾਲਾਂ ਤੋਂ ਇੱਥੇ ਪੁਰਾਣੇ ਬਿਜਲੀ ਯੰਤਰ ਵਿੱਚੋਂ ਬਹੁਮੁੱਲੀਆਂ ਧਾਤਾਂ ਕੱਢਣ ਦੇ ਤਰੀਕੇ ਉੱਪਰ ਖੋਜ ਕੀਤੀ ਜਾ ਰਹੀ ਹੈ।
ਲੈਬ ਦੇ ਅੰਦਰ ਮੈਂ ਦੇਖਿਆ ਕਿ ਕਿਸੇ ਵੀ ਬੀਕਰ, ਜਾਰ ਉੱਪਰ ਕੋਈ ਲੇਬਲ ਨਹੀਂ ਹੈ। ਸਾਰੇ ਤਰਲ ਅਣਜਾਣੇ ਲੱਗ ਰਹੇ ਸਨ।
ਕੋਈ ਲੇਬਲ ਨਾ ਹੋਣ ਦਾ ਭੇਤ ਮੈਨੂੰ ਰਸਾਇਣ ਵਿਗਿਆਨੀ ਹੈਲੀ ਮਸੈਂਜਰ ਨੇ ਦੱਸਿਆ। ਉਹ ਸਸਟੇਨੇਬਲ ਪ੍ਰੈਸ਼ਿਅਸ ਮੈਟਲਜ਼ ਦੀ ਮਾਹਰ ਹਨ।
ਉਨ੍ਹਾਂ ਨੇ ਦੱਸਿਆ, “ਇੱਥੇ ਸਭ ਕੁਝ ਇੱਕ ਰਾਜ਼ ਹੈ!” ਇਹ ਕਹਿੰਦਿਆਂ ਉਨ੍ਹਾਂ ਨੇ ਕੋਈ ਹਰਾ ਘੋਲ ਇੱਕ ਕੇਨੀ ਵਿੱਚੋਂ ਇੱਕ ਲੀਟਰ ਵਾਲ਼ੀ ਕੱਚ ਦੀ ਫ਼ਲਾਸਕ ਵਿੱਚ ਪਲਟ ਦਿੱਤਾ।
ਫ਼ਲਾਸਕ ਵਿੱਚ ਕੁਝ ਤੋੜੇ ਹੋਏ ਸਰਕਟ-ਬੋਰਡ ਪਹਿਲਾਂ ਤੋਂ ਪਏ ਸਨ।
ਹੈਲੀ ਅਤੇ ਰਸਾਇਣ ਵਿਗਿਆਨੀਆਂ ਦੀ ਇੱਕ ਟੀਮ ਕੈਨੇਡਾ ਦੇ ਇੱਕ ਸਟਾਰਟ-ਅਪ (ਐਕਸਰ) ਨਾਲ਼ ਮਿਲ ਕੇ ਕੰਮ ਕਰ ਰਹੀ ਹੈ।
ਟੀਮ ਨੇ ਸਰਕਟ-ਬੋਰਡਾਂ ਵਿੱਚੋਂ ਸੋਨਾ ਕੱਢਣ ਦਾ ਇੱਕ ਨਵਾਂ ਤਰੀਕਾ ਈਜਾਦ ਕੀਤਾ ਹੈ। ਪੇਟੈਂਟ ਵੀ ਕਰਵਾ ਲਿਆ ਹੈ।
ਇਹ ਸਰਕਟ-ਬੋਰਡ ਸੁੱਟੇ ਹੋਏ ਮੋਬਾਈਲ ਫ਼ੋਨਾਂ ਅਤੇ ਲੈਪਟੌਪਾਂ ਦੇ ਹਨ।
ਸ਼ਾਹੀ ਟਕਸਾਲ ਇਸੇ ਸਾਲ ਕਈ ਲੱਖ ਪੌਂਡ ਦੇ ਨਿਵੇਸ਼ ਨਾਲ਼ ਇੱਕ ਫ਼ੈਕਟਰੀ ਸ਼ੁਰੂ ਕਰ ਰਹੀ ਹੈ।
ਇਸ ਫ਼ੈਕਟਰੀ ਵਿੱਚ ਹਰ ਹਫ਼ਤੇ 90 ਟਨ ਸਰਕਟ-ਬੋਰਡਾਂ ਵਿੱਚੋਂ ਧਾਤਾਂ ਕੱਢੀਆਂ ਜਾ ਸਕਣਗੀਆਂ।

ਤਸਵੀਰ ਸਰੋਤ, The Royal Mint
ਦੇਖਦੇ ਹੀ ਦੇਖਦੇ ਸੋਨਾ ਵੱਖ ਹੋ ਗਿਆ
ਜਦੋਂ ਇਹ ਫ਼ੈਕਟਰੀ ਆਪਣੀ ਪੂਰੀ ਸਮਰੱਥਾ ’ਤੇ ਕੰਮ ਕਰੇਗੀ ਤਾਂ ਹਰ ਹਫ਼ਤੇ ਸੈਂਕੜੇ ਕਿੱਲੋ ਸੋਨਾ ਕੱਢ ਸਕੇਗੀ।
ਹੁਣ ਹੈਲੀ ਨੇ ਜਿਸ ਜਾਰ ਵਿੱਚ ਘੋਲ ਪਾਇਆ ਸੀ, ਕੁਝ ਦੇਰ ਵਿੱਚ ਹੀ ਘੋਲ ਵਿੱਚੋਂ ਬੁਲਬੁਲੇ ਉੱਠਣ ਲੱਗੇ ਅਤੇ ਹੈਲੀ ਨੇ ਫ਼ਲਾਸਕ ਦਾ ਮੂੰਹ ਬੰਦ ਕਰ ਦਿੱਤਾ।
ਹੈਲੀ ਨੇ ਫਲਾਸਕ ਨੂੰ ਘੋਲ ਹਿਲਾਉਣ ਵਾਲ਼ੀ ਮਸ਼ੀਨ ਉੱਪਰ ਰੱਖਿਆ। ਮਸ਼ੀਨ ਨੇ ਇਸ ਘੋਲ਼ ਨੂੰ ਚੰਗੀ ਤਰ੍ਹਾਂ ਹਿਲਾਇਆ। ਦੇਖਦੇ ਹੀ ਦੇਖਦੇ ਮਹਿਜ਼ ਚਾਰ ਮਿੰਟਾਂ ਵਿੱਚ ਹੀ ਸਰਕਟ ਬੋਰਡ ਦੇ ਟੁਕੜਿਆਂ ਤੋਂ ਸੋਨਾ ਵੱਖ ਹੋ ਗਿਆ।
ਹੈਲੀ ਨੇ ਦੱਸਿਆ, “ਇਹ ਸਭ ਸਧਾਰਣ ਤਾਪਮਾਨ ’ਤੇ ਅਤੇ ਬਹੁਤ ਤੇਜ਼ੀ ਨਾਲ਼ ਹੁੰਦਾ ਹੈ।”
ਹੈਲੀ ਮੁਤਾਬਕ ਇਹ ਰਸਾਇਣ 20 ਵਾਰ ਮੁੜ ਵਰਤਿਆ ਜਾ ਸਕਦਾ ਹੈ ਅਤੇ ਹਰ ਵਾਰ ਇਸ ਵਿੱਚ ਸੋਨੇ ਦੀ ਮਿਕਦਾਰ ਵਧਦੀ ਜਾਂਦੀ ਹੈ।
ਫਿਰ ਇੱਕ ਹੋਰ ਰਹੱਸਮਈ ਤਰਲ ਇਸ ਵਿੱਚ ਪਾਇਆ ਗਿਆ ਅਤੇ ਸਾਰਾ ਸੋਨਾ ਪਾਊਡਰ ਬਣ ਗਿਆ।
ਹੁਣ ਇਸ ਪਾਊਡਰ ਨੂੰ ਛਾਨਣ ਮਗਰੋਂ ਭੱਠੀ ਵਿੱਚ ਪਿਘਲਾ ਕੇ ਨਹੁੰਆਂ ਜਿੱਡੇ ਰੋੜ ਜਿਹੇ ਬਣਾ ਲਏ ਜਾਂਦੇ ਹਨ।
ਇਨ੍ਹਾਂ ਸੁਨਹਿਰੀ ਰੋੜਿਆਂ ਤੋਂ ਫਿਰ ਗਹਿਣੇ ਜਿਵੇਂ ਲੌਕਟ, ਚੇਨੀਆਂ, ਝੁਮਕੇ ਆਦਿ ਬਣਾਏ ਜਾਂਦੇ ਹਨ।
ਇਨ੍ਹਾਂ ਧਾਤਾਂ ਦੀ ਅਸਲ ਖ਼ੂਬਸੂਰਤੀ ਤਾਂ ਇਸ ਰਸਾਇਣਿਕ ਪ੍ਰਕਿਰਿਆ ਦੀਆਂ ਸੰਭਾਵਨਾਵਾਂ ਵਿੱਚ ਲੁਕੀ ਹੈ।

ਤਸਵੀਰ ਸਰੋਤ, Getty Images
ਈ-ਕੂੜਾ (ਈ-ਵੇਸਟ) ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ਼ ਫੈਲ ਰਹੀ ਕੂੜਾ ਪ੍ਰਣਾਲੀ ਹੈ।
ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਮੁਤਾਬਕ, ਦੁਨੀਆਂ ਭਰ ਵਿੱਚ ਹਰ ਸਾਲ ਅੰਦਾਜ਼ਨ ਪੰਜ ਕਰੋੜ ਟਨ ਈ-ਕੂੜਾ ਪੈਦਾ ਹੁੰਦਾ ਹੈ।
ਇਹ ਦੁਨੀਆਂ ਵਿੱਚ ਬਣਾਏ ਜਾਂਦੇ ਕੁੱਲ ਹਵਾਈ ਜਹਾਜ਼ਾਂ ਦੇ ਭਾਰ ਨਾਲ਼ੋਂ ਜ਼ਿਆਦਾ ਹੈ।
ਇਸ ਵਿੱਚੋਂ ਮਹਿਜ਼ 20% ਹੀ ਰੀਸਾਈਕਲ ਕੀਤਾ ਜਾਂਦਾ ਹੈ । ਜਦਕਿ ਜ਼ਿਆਦਾਤਰ ਬੇਕਾਰ ਹੀ ਸੁੱਟ ਦਿੱਤਾ ਜਾਂਦਾ ਹੈ ਜਾਂ ਸਾੜ ਦਿੱਤਾ ਜਾਂਦਾ ਹੈ।
ਪਿਛਲੇ ਸਾਲ ਕੀਮਤਾਂ ਦੀ ਤੁਲਨਾ ਕਰਨ ਵਾਲ਼ੀ ਇੱਕ ਸੰਸਥਾ ਯੂਐਸ-ਸਵਿੱਚ ਦੇ ਅਧਿਐਨ ਮੁਤਾਬਕ ਨਾਰਵੇ ਈ-ਕੂੜਾ ਪੈਦਾ ਕਰਨ ਵਿੱਚ ਪਹਿਲੇ, ਬ੍ਰਿਟੇਨ ਦੂਜੇ ਅਤੇ ਅਮਰੀਕਾ ਅੱਠਵੇਂ ਨੰਬਰ ਉੱਤੇ ਹੈ।
ਜਿਉਂ-ਜਿਉਂ ਨਵੇਂ-ਨਵੇਂ ਉਪਕਰਣਾਂ ਦੀ ਮੰਗ ਵਧ ਰਹੀ ਹੈ। ਉਸੇ ਤਰ੍ਹਾਂ ਈ-ਕੂੜੇ ਦਾ ਪਹਾੜ ਵੀ ਵਧੇਗਾ। ਸਾਲ ਵਿਸ਼ਵ ਆਰਥਿਕਤਾ ਫੋਰਮ ਦੇ 2019 ਦੇ ਇੱਕ ਅੰਦਾਜ਼ੇ ਮੁਤਾਬਕ 2050 ਤੱਕ ਦੁਨੀਆਂ ’ਤੇ ਈ-ਕੂੜੇ ਦਾ ਉਤਪਾਦਨ 12 ਕਰੋੜ ਟਨ ਹੋ ਜਾਵੇਗਾ।
ਧਰਤੀ ਉੱਪਰ ਹੋਰ ਸਾਧਨਾਂ ਵਾਂਗ ਸੋਨਾ ਵੀ ਸੀਮਤ ਹੈ। ਫਿਰ ਵੀ 7% ਸੋਨਾ ਬੇਕਾਰ ਪਏ ਉਪਕਰਨਾਂ ਵਿੱਚ ਪਿਆ ਹੈ।
ਇਹ ਸੋਨਾ ਕੱਢਣ ਲਈ ਉਪਕਰਨਾਂ ਨੂੰ ਬਹੁਤ ਉੱਚੇ ਤਾਪਮਾਨ ’ਤੇ ਪਿਘਲਾਇਆ ਜਾਂਦਾ ਹੈ। ਖ਼ਾਸ ਕਰਕੇ ਯੂਰਪ ਅਤੇ ਏਸ਼ੀਆ ਵਿੱਚ।

ਤਸਵੀਰ ਸਰੋਤ, Reuters
ਹੈਲੀ ਨੇ ਦੱਸਿਆ, “ਅਸੀਂ ਕਬਾੜ ਵਿੱਚ ਪਈਆਂ ਵਸਤੂਆਂ ਵਿੱਚੋਂ ਜਿੰਨਾ ਹੋ ਸਕੇ ਮੁੱਲਵਾਨ ਧਾਤਾਂ ਹਾਸਲ ਕਰਨੀਆਂ ਚਾਹੁੰਦੇ ਹਾਂ।”
“ਅਸੀਂ ਚਾਹੁੰਦੇ ਹਾਂ ਕਿ ਇਹ ਕੰਮ ਜ਼ਿਆਦਾ ਤੋਂ ਜ਼ਿਆਦਾ ਟਿਕਾਊ (ਸਸਟੇਨੇਬਲ) ਢੰਗ ਨਾਲ ਪੂਰ ਚੜ੍ਹੇ। ਇਹ ਤਕਨੀਕ ਜੋ ਆਮ ਤਾਪਮਾਨ ਉੱਪਰ ਵੀ ਕਾਰਗਰ ਹੈ, ਪਿਘਲਾਉਣ ਦੇ ਮੁਕਾਬਲੇ ਕਿਤੇ ਘੱਟ ਗਰੀਨ ਹਾਊਸ ਪ੍ਰਭਾਵ ਵਾਲੀਆਂ ਗੈਸਾਂ ਪੈਦਾ ਕਰਦੀ ਹੈ।”
ਸ਼ਾਹੀ ਟਕਸਾਲ ਦੇ ਕਮਰਸ਼ੀਅਲ ਨਿਰਦੇਸ਼ਕ ਮਾਰਕ ਲੋਵਰਿਜ ਦਾ ਕਹਿਣਾ ਹੈ, “ਜੇ ਅਸੀਂ ਕੂੜਾ ਪੈਦਾ ਕਰ ਰਹੇ ਹਾਂ ਤਾਂ ਇਸ ਨੂੰ ਨਿਪਟਾਉਣ ਦੀ ਜ਼ਿੰਮੇਵਾਰੀ ਵੀ ਸਾਡੀ ਹੀ ਹੈ। ਨਿਪਟਾਰੇ ਲਈ ਇਹ ਵਿਦੇਸ਼ ਨਹੀਂ ਭੇਜਣਾ ਚਾਹੀਦਾ।”
ਉਨ੍ਹਾਂ ਦਾ ਕਹਿਣਾ ਹੈ ਕਿ ਜਗ੍ਹਾ-ਜਗ੍ਹਾ ’ਤੇ ਈ-ਕੂੜਾ ਇਕੱਠਾ ਕਰਨ ਦੇ ਕੇਂਦਰ (ਈ-ਵੇਸਟ ਕੁਲੈਕਸ਼ਨ ਪੁਆਇੰਟਸ) ਬਣਾਉਣ ਨਾਲ ਉਪਕਰਣਾਂ ਦੀ ਸੜਕਾਂ, ਸਮੁੰਦਰ ਅਤੇ ਹਵਾ ਰਾਹੀਂ ਢੋਆ-ਢੁਆਈ ਘਟੇਗੀ।
ਕੂੜੇ ਨੂੰ ਉਤਪਾਦਨ ਵਾਲੀ ਥਾਂ ਤੋਂ ਨਿਪਟਾਰੇ ਵਾਲੀ ਥਾਂ ਤੇ ਭੇਜਣ ਵਿੱਚ ਵੀ ਬਹੁਤ ਊਰਜਾ ਖਰਚ ਹੁੰਦੀ ਹੈ।
ਸ਼ਾਹੀ ਟਕਸਾਲ ਇਸ ਨਵੀਂ ਤਕਨੀਕ ਦੇ ਵਿਸ਼ਵੀਕਰਨ ਲਈ ਯਤਨਸ਼ੀਲ ਹੈ।
ਲੈਬ-ਕੋਟ ਦੀ ਥਾਂ ਮੈਂ ਫੈਕਟਰੀ ਵਾਲ਼ੇ ਕੱਪੜੇ ਪਾ ਕੇ ਇੱਕ ਨਵੀਂ ਪ੍ਰੋਸੈਸਿੰਗ ਯੁਨਿਟ ਵੱਲ ਤੁਰ ਪਈ।
ਇਸ 3000 ਵਰਗ ਮੀਟਰ ਦੀ ਛੱਤ ਹੇਠ ਇੱਕ ਖੂੰਜੇ ਵਿੱਚ ਕੂੜੇ ਦੇ ਭਰੇ ਵੱਡੇ-ਵੱਡੇ ਬੈਗਾਂ ਦਾ ਢੇਰ ਲੱਗਿਆ ਹੋਇਆ ਹੈ।
ਹਰ ਬੈਗ ਵਿੱਚ ਮੋਬਾਈਲਾਂ ਅਤੇ ਲੈਪਟਾਪਾਂ ਵਿੱਚੋਂ ਕੱਢੇ ਰੰਗ-ਬਿਰੰਗੇ ਸਰਕਟ-ਬੋਰਡ ਭਰੇ ਹਨ।
ਇਹ ਬੈਗ ਈ-ਕੂੜੇ ਦੇ 50 ਸਪਲਾਇਰਾਂ ਦੇ ਨੈਟਵਰਕ ਨੇ ਇਸ ਫ਼ੈਕਟਰੀ ਵਿੱਚ ਪਹੁੰਚਾਏ ਹਨ।

ਤਸਵੀਰ ਸਰੋਤ, Carl Wilson / DIY Creative
ਰਾਸਾਣਿਕ ਘੋਲ
ਜਦੋਂ ਬੋਰਡ ਇੱਥੇ ਪਹੁੰਚਦੇ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੀ ਛਾਂਟੀ ਕੀਤੀ ਜਾਂਦੀ ਹੈ। ਟੋਨੀ ਬੇਕਰ ਇਸ ਪਲਾਂਟ ਵਿੱਚ ਮੈਨੂਫੇਕਚਰਿੰਗ ਇਨੋਵੇਸ਼ਨ ਦੇ ਨਿਰਦੇਸ਼ਕ ਹਨ। ਉਨ੍ਹਾਂ ਨੇ ਮੈਨੂੰ ਸਾਰੀ ਪ੍ਰਕਿਰਿਆ ਸਮਝਾਈ।
ਛਾਂਟੀ ਤੋਂ ਸਰਕਟ ਬੋਰਡ ਬਾਅਦ ਤੋੜ ਦਿੱਤੇ ਜਾਂਦੇ ਹਨ ਅਤੇ ਸੋਨਾ ਰਹਿਤ ਹਿੱਸੇ ਵੱਖ ਕਰ ਲਏ ਜਾਂਦੇ ਹਨ।
ਜਦਕਿ ਸੋਨੇ ਵਾਲ਼ੇ ਪੁਰਜ਼ੇ (ਜਿਵੇਂ ਕਿ ਯੂਐਸਬੀ-ਪੋਰਟ) ਇੱਕ ਮਸ਼ੀਨ ਰਾਹੀਂ ਵੱਖ ਕਰਕੇ 50 ਗੈਲਨ ਦੇ ਇੱਕ ਟੈਂਕ ਵਿੱਚ ਸੁੱਟਵਾ ਦਿੱਤੇ ਜਾਂਦੇ ਹਨ।
ਇੱਥੇ ਫਿਰ ਉਹੀ ਹਰੇ ਰੰਗ ਦਾ ਘੋਲ ਵੱਡੀ ਮਾਤਰਾ ਵਿੱਚ ਇਨ੍ਹਾਂ ਵਿੱਚ ਮਿਲਾਇਆ ਜਾਂਦਾ ਹੈ। ਸੋਨੇ ਨੂੰ ਵੱਖ ਕਰਕੇ ਉਸਦੀਆਂ ਰੋੜੀਆਂ ਬਣਾ ਦਿੱਤੀਆਂ ਜਾਂਦੀਆਂ ਹਨ।
ਹੁਣ ਕਿਉਂਕਿ ਫਾਲਤੂ ਹਿੱਸੇ (ਬਿਨਾਂ ਸੋਨੇ ਵਾਲ਼ੇ) ਪਹਿਲਾਂ ਹੀ ਵੱਖ ਕਰ ਦਿੱਤੇ ਗਏ ਸਨ। ਘੋਲ ਸਿਰਫ਼ ਸੋਨੇ ਵਾਲੇ ਹਿੱਸਿਆਂ ਲਈ ਵਰਤਿਆ ਜਾਂਦਾ ਹੈ।
ਸ਼ਾਹੀ ਟਕਸਾਲ ਵੱਲੋਂ ਵਰਤਿਆ ਜਾਂਦਾ ਕੱਚਾ ਮਾਲ ਸਿਰਫ਼ ਸਰਕਟ ਬੋਰਡ ਹਨ, ਨਾ ਕਿ ਪੂਰੇ ਲੈਪਟਾਪ ਜਾਂ ਮੋਬਾਈਲ।
ਇੱਕ ਵਾਰ ਸੋਨਾ ਕੱਢ ਲਏ ਜਾਣ ਤੋਂ ਬਾਅਦ ਬਾਕੀ ਦੇ ਪੁਰਜੇ ਰੀਯੂਜ਼ ਜਾਂ ਰੀਸਾਈਕਲ ਕਰਨ ਲਈ ਹੋਰ ਫੈਕਟਰੀਆਂ ਵਿੱਚ ਭੇਜ ਦਿੱਤੇ ਜਾਂਦੇ ਹਨ।
ਮਾਰਕ ਲੋਵਰਿਜ ਨੇ ਦੱਸਿਆ ਕਿ ਇੱਕ ਵਾਰ ਵਿੱਚ ਕਿੰਨਾ ਸੋਨਾ ਨਿਕਲੇਗਾ, ਇਹ ਕੱਚੇ ਮਾਲ ਵਿੱਚ ਸੋਨੇ ਦੀ ਸੰਘਣਤਾ ’ਤੇ ਨਿਰਭਰ ਕਰਦਾ ਹੈ।
ਕਈ ਵਾਰ ਇਹ ਮਾਤਰਾ 60 ਹਿੱਸੇ ਪ੍ਰਤੀ ਦੱਸ ਲੱਖ (ਜੋ ਕਿ ਬਹੁਤ ਘੱਟ ਹੈ) ਤਾਂ ਕਈ ਵਾਰ 900 ਹਿੱਸੇ ਪ੍ਰਤੀ ਦੱਸ ਲੱਖ (ਜੋ ਕਿ ਜ਼ਿਆਦਾ ਹੈ) ਹੋ ਸਕਦੀ ਹੈ।
“ਹਿੱਸੇ ਪ੍ਰਤੀ ਦਸ ਲੱਖ” (ਪਾਰਟਸ ਪਰ ਮਿਲੀਅਨ) ਮਾਪ ਦਰਸਾਉਣ ਦੀ ਇੱਕ ਇਕਾਈ ਹੈ। ਜੋ ਬਹੁਤ ਥੋੜ੍ਹੀ ਮਾਤਰਾ ਲਈ ਵਰਤੀ ਜਾਂਦੀ ਹੈ।
ਮਿਸਾਲ ਵਜੋਂ ਰੇਤ ਦੇ ਦਸ ਲੱਖ ਕਣ ਸਕੈਨ ਕਰਨ ਮਗਰੋਂ ਸੋਨੇ ਦੇ ਕਿੰਨੇ ਕਣ ਮਿਲੇ। ਹੋ ਸਕਦਾ ਹੈ 900 ਮਿਲ ਜਾਣ ਹੋ ਸਕਦਾ ਹੈ 60 ਹੀ ਮਿਲਣ।

ਤਸਵੀਰ ਸਰੋਤ, BBC Sport
ਸ਼ਾਹੀ ਟਕਸਾਲ ਅਜੇ ਸਿਰਫ਼ ਸੋਨਾ ਹੀ ਬਰਾਮਦ ਕਰ ਸਕਦੀ ਹੈ, ਉਹ ਵੀ ਬਹੁਤ ਥੋੜ੍ਹੀ ਮਾਤਰਾ ਵਿੱਚ। ਟਕਸਾਲ ਹੋਰ ਸ਼ਾਖਾਵਾਂ ਖੋਲ੍ਹਣਾ ਚਾਹੁੰਦੀ ਹੈ ਅਤੇ ਹੋਰ ਧਾਤਾਂ ਨੂੰ ਵੀ ਕੱਢਣਾ ਚਾਹੁੰਦੀ ਹੈ।
ਇਸ ਪ੍ਰਕਿਰਿਆ ਦੌਰਾਨ ਪੈਦਾ ਹੋਣ ਵਾਲ਼ੀ ਗੈਸ ਨੂੰ ਟਕਸਾਲ ਆਪਣੇ ਬਿਜਲੀ-ਘਰ ਵਿੱਚ ਈਂਧਣ ਦੇ ਰੂਪ ਵਿੱਚ ਵਰਤ ਲੈਂਦੀ ਹੈ।
ਕੰਪਨੀ ਦੀ ਕੋਸ਼ਿਸ਼ ਹੈ ਕਿ ਪੈਦਾ ਹੋਣ ਵਾਲੀ ਗੈਸ ਅਤੇ ਹੋਰ ਨਵਿਆਉਣਯੋਗ ਸਰੋਤਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਨਾਲ ਟਕਸਾਲ ਦੀ ਘੱਟੋ-ਘੱਟ 70% ਬਿਜਲੀ ਜ਼ਰੂਰਤ ਪੂਰੀ ਹੋਵੇ।
ਐਕਸੀਅਰ ਦੀ ਕੀਮੀਆਗਿਰੀ ਨੂੰ ਸੋਨੇ ਤੋਂ ਇਲਾਵਾ ਹੋਰ ਧਾਤਾਂ ਕੱਢਣ ਲਈ ਵੀ ਵਰਤਨਯੋਗ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਇਸ ਪ੍ਰਕਿਰਿਆ ਤੋਂ ਇੰਨੀ ਬਿਜਲੀ ਪੈਦਾ ਕਰਨ ਦੀ ਕੋਸ਼ਿਸ਼ ਹੈ ਕਿ ਇਸ ਮਾਡਲ ਨੂੰ ਹੋਰ ਰਿਫਾਈਨਰੀਆਂ ਵਿੱਚ ਵੀ ਵਰਤਿਆ ਜਾ ਸਕੇ।
ਹਾਲਾਂਕਿ ਲੋਵਰਿਜ ਮੁਤਾਬਕ, ਇਸ ਵਿੱਚ ਸਭ ਤੋਂ ਵੱਡੀ ਚੁਣੌਤੀ ਤਾਂ ਈ-ਕੂੜੇ ਦੇ ਸਪਲਾਇਰਾਂ ਦੇ ਨੈਟਵਰਕ ਦਾ ਵਿਸਥਾਰ ਕਰਨਾ ਹੈ।
ਬੇਕਰ ਮੁਤਾਬਕ, ਇਸ ਪ੍ਰਕਿਰਿਆ ਦਾ “ਮੰਤਵ ਇਹੀ ਨਹੀਂ ਹੈ ਕਿ ਧਾਤਾਂ ਕੱਢ ਲਓ ਅਤੇ ਬਾਕੀ ਰਹਿੰਦ-ਖੂਹੰਦ ਸੁੱਟ ਦਿਓ। ਸਗੋਂ ਅਸੀਂ ਤਾਂ ਸਰਕਟ-ਬੋਰਡਜ਼ ਦੇ ਹਰ-ਇੱਕ ਅੰਸ਼ ਦੀ ਕੋਈ ਨਾ ਕੋਈ ਵਰਤੋਂ ਤਲਾਸ਼ ਕਰਨਾ ਚਾਹੁੰਦੇ ਹਾਂ।“
ਮਾਰਕ ਲੋਵਰਿਜ ਕਹਿੰਦੇ ਹਨ ਕਿ ਜੇ ਅਸੀਂ ਕੂੜਾ ਪੈਦਾ ਕਰ ਰਹੇ ਹਾਂ ਤਾਂ ਇਸ ਨਾਲ਼ ਨਜਿੱਠਣਾ ਵੀ ਸਾਡੀ ਜ਼ਿੰਮੇਵਾਰੀ ਹੈ। ਸਾਨੂੰ ਇਹ ਦੂਜੇ ਦੇਸ਼ਾਂ ਨੂੰ ਨਹੀਂ ਭੇਜਣਾ ਚਾਹੀਦਾ।
ਸੋਨਾ ਕੱਢਣ ਤੋਂ ਬਾਅਦ ਰਹਿੰਦ-ਖੂੰਹਦ ਵਿੱਚੋਂ ਤਾਂਬਾ, ਸਟੀਲ ਅਤੇ ਟਿਨ ਕੱਢ ਕੇ ਰੀਸਾਈਕਲ ਕਰਨ ਵਾਲ਼ਿਆਂ ਨੂੰ ਵੇਚ ਦਿੱਤੇ ਜਾਂਦੇ ਹਨ।

ਤਸਵੀਰ ਸਰੋਤ, Getty Images
ਟੋਕਿਓ ਓਲੰਪਿਕ ਲਈ ਬਣੇ ਤਗਮੇ
ਪਿੱਛੇ ਬਚੇ ਕੱਚ ਅਤੇ ਕਾਰਬਨ ਨੂੰ ਸਥਾਨਕ ਸੀਮੈਂਟ ਫੈਕਟਰੀ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ।
ਘੋਲ ਨੂੰ ਵੀ ਵੀਹ ਵਾਰ ਵਰਤਣ ਤੋਂ ਬਾਅਦ ਰੀਸਾਈਕਲ ਕਰਨ ਲਈ ਭੇਜ ਦਿੱਤਾ ਜਾਂਦਾ ਹੈ। ਲੋਵਰਿਜ ਦਾ ਕਹਿਣਾ ਹੈ ਕਿ ਇੱਕ ਵਾਰ ਜਦੋਂ ਇਹ ਇਕਾਈ ਪੂਰੀ ਸਮਰੱਥਾ ਨਾਲ ਕੰਮ ਕਰਨ ਲੱਗ ਪਈ ਤਾਂ ਇੱਥੋਂ ਕੁਝ ਵੀ ਵਿਅਰਥ ਪਦਾਰਥ ਦੇ ਰੂਪ ਵਿੱਚ ਬਾਹਰ ਨਹੀਂ ਜਾਵੇਗਾ।
ਸਰਕਟ ਬੋਰਡਾਂ ਵਿੱਚੋਂ ਸੋਨਾ ਜਾਂ ਹੋਰ ਬਹੁਮੁੱਲੀਆਂ ਧਾਤਾਂ ਹਾਸਲ ਕਰਨਾ ਤਾਂ ਬਹੁਤ ਥੋੜ੍ਹਾ ਹੈ ਜਦਕਿ ਇਸ ਤੋਂ ਕਿਤੇ ਜ਼ਿਆਦਾ ਈ-ਕੂੜਾ ਤਾਂ ਕੂੜਾ ਹੀ ਰਹਿ ਜਾਂਦਾ ਹੈ।
ਕੇਟ ਹਿੰਟਨ, ਰੀਸਾਈਕਲ ਯੁਅਰ ਇਲੈਕਟਰੀਕਲਸ ਕੈਂਪੇਨ ਨਾਲ਼ ਜੁੜੇ ਹੋਏ ਹਨ।
ਉਹ ਦੱਸਦੇ ਹਨ ਕਿ ਬ੍ਰਟੇਨ ਦੇ ਘਰਾਂ ਵਿੱਚ 5.27 ਕਰੋੜ ਛੋਟੇ-ਵੱਡੇ ਪੁਰਾਣੇ ਬਿਜਲੀ ਉਪਕਰਣ ਬੇਕਾਰ ਪਏ ਹਨ। ਇਸ ਵਿੱਚੋਂ 3.1 ਕਰੋੜ ਤਾਂ ਲੈਪਟਾਪ ਹਨ, ਜਿਨ੍ਹਾਂ ਦਾ ਵਜ਼ਨ ਲਗਭਗ 1,90,000 ਟਨ ਹੋਵੇਗਾ।
ਇਸੇ ਤਰ੍ਹਾਂ ਅਮਰੀਕਾ ਵਿੱਚ ਹਰ ਸਾਲ ਛੇ ਕਰੋੜ ਡਾਲਰ ਦੀ ਕੀਮਤ ਦੇ ਮੋਬਾਈਲ ਫ਼ੋਨ, ਜਿਨ੍ਹਾਂ ਵਿੱਚ ਸੋਨਾ ਅਤੇ ਚਾਂਦੀ ਹੁੰਦੀ ਹੈ ਕੂੜੇ ਦੇ ਢੇਰਾਂ ਦੇ ਹਵਾਲੇ ਕਰ ਦਿੱਤੇ ਜਾਂਦੇ ਹਨ।
ਲਾਰੈਂਸ ਬਰਕਲੇ ਨੈਸ਼ਨਲ ਲੈਬੌਰਟਰੀ ਦੀ ਇੱਕ ਗਣਨਾ ਮੁਤਾਬਕ ਆਉਣ ਵਾਲ਼ੇ ਇੱਕ ਦਹਾਕੇ ਵਿੱਚ ਇੱਕਲੇ ਅਮਰੀਕਾ ਵਿੱਚ ਇੱਕ ਖਰਬ ਬਿਜਲੀ ਉਪਕਰਣ ਕੂੜੇ ਵਿੱਚ ਸੁੱਟੇ ਜਾਣਗੇ।
ਇਨ੍ਹਾਂ ਉਪਕਰਣਾਂ ਵਿੱਚ ਮੌਜੂਦ ਸੋਨੇ ਦੀ ਮਾਤਰਾ ਅਮਰੀਕਾ ਵਿੱਚ ਹੁਣ ਕੱਢੇ ਜਾਂਦੇ ਸੋਨੇ ਦੀ ਮਾਤਰਾ ਦਾ ਲਗਭਗ ਅੱਧਾ ਹੈ!
ਮਾਹਰਾਂ ਦਾ ਕਹਿਣਾ ਹੈ ਕਿ ਧਾਤਾਂ ਨੂੰ ਧਰਤੀ ਵਿੱਚੋਂ ਕੱਢਣ ਦੀ ਵਾਤਾਵਰਣਿਕ ਕੀਮਤ ਬਹੁਤ ਜ਼ਿਆਦਾ ਹੈ। ਇਸ ਲਈ ਇਹ ਬਹੁਤ ਜ਼ਿਆਦਾ ਰੀਸਾਈਕਲ ਕਰਨਯੋਗ ਹਨ।
ਸੋਨੇ ਦੀ ਬਹੁਤ ਥੋੜ੍ਹੀ ਜਿਹੀ ਮਾਤਰਾ ਧਰਤੀ ਵਿੱਚੋਂ ਕੱਢਣ ਦੀ ਵਾਤਾਵਰਣ ਨੂੰ ਬਹੁਤ ਜ਼ਿਆਦਾ ਕੀਮਤ ਚੁਕਾਉਣੀ ਪੈਂਦੀ ਹੈ।

ਤਸਵੀਰ ਸਰੋਤ, Getty Images
ਅਮਰੀਕਾ ਵਿੱਚ ਇੱਕ ਗਹਿਣੇ ਬਣਾਉਣ ਵਾਲ਼ੀ ਕੰਪਨੀ ਪਹਿਲਾਂ ਤੋਂ ਹੀ ਸਾਲਵੇਜ਼ ਗੋਲਡ ਨਾਲ਼ ਮਿਲ ਕੇ ਇਸ ਦਿਸ਼ਾ ਵਿੱਚ ਕੰਮ ਕਰ ਰਹੀ ਹੈ।
ਪੰਡੋਰਾ ਨਾਮ ਦੀ ਇੱਕ ਹੋਰ ਕੰਪਨੀ ਨੇ ਟੀਚਾ ਰੱਖਿਆ ਹੈ ਕਿ ਉਹ ਸਾਲ 2025 ਤੱਕ ਸਾਰੇ ਗਹਿਣੇ ਸਿਰਫ਼ ਰੀਸਾਈਕਲ ਕੀਤੇ ਸੋਨੇ ਦੇ ਬਣਾਉਣਾ ਸ਼ੁਰੂ ਕਰੇਗੀ।
ਟੋਕੀਓ ਉਲੰਪਿਕ ਲਈ ਸਾਰੇ 5000 ਸੋਨੇ, ਚਾਂਦੀ ਅਤੇ ਤਾਂਬੇ ਦੇ ਤਮਗੇ ਸੱਠ ਲੱਖ ਮੋਬਾਈਲ ਫ਼ੋਨਾਂ ਅਤੇ ਲਗਭਗ 72,000 ਟਨ ਈ-ਕੂੜੇ ਤੋਂ ਬਣਾਏ ਗਏ ਸਨ।
ਹਿੰਟਨ ਚਾਹੁੰਦੇ ਹਨ ਕਿ ਈ-ਕੂੜੇ ਦੀ ਰੀਸਾਈਕਲਿੰਗ ਇੱਕ ਸਮਾਜਿਕ ਨੇਮ ਬਣ ਜਾਵੇ। ਉਹ ਕਹਿੰਦੇ ਹਨ ਕਿ 1,55,000 ਟਨ ਛੋਟਾ-ਮੋਟਾ ਈ-ਕੂੜਾ ਹਰ ਸਾਲ ਸੁੱਟਿਆ ਜਾਂਦਾ ਹੈ।
ਉਹ ਇਹ ਵੀ ਮੰਨਦੇ ਹਨ ਕਿ ਰੀਸਾਈਕਲਿੰਗ ਕਿਸੇ ਸਮੱਸਿਆ ਦਾ ਹੱਲ ਨਹੀਂ।
ਹਿੰਟਨ ਇਹ ਵੀ ਕਹਿੰਦੇ ਹਨ, “ਤਕਨੀਕ ਨੂੰ ਸਾਡੇ ਸਾਹਮਣੇ ਬਹੁਤ ਸੋਹਣੀ, ਸਾਫ਼-ਸੁਥਰੀ ਅਤੇ ਚਮਕਦਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਅਸੀਂ ਇਸ ਬਾਰੇ ਬਿਲਕੁਲ ਵੀ ਨਹੀਂ ਸੋਚਦੇ ਕਿ ਇਸ ਦੇ ਅੰਦਰ ਕੀ ਹੈ। ਸਾਨੂੰ ਉਨ੍ਹਾਂ ਪਦਾਰਥਾਂ ਦੀ ਕਦਰ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਬੂਤੇ ਤਕਨੀਕ ਕੰਮ ਕਰਦੀ ਹੈ। ਸਾਨੂੰ ਇਨ੍ਹਾਂ ਪਦਾਰਥਾਂ ਨੂੰ ਜਿੰਨਾ ਹੋ ਸਕੇ, ਉਦੋਂ ਤੱਕ ਸਿਸਟਮ ਵਿੱਚ ਰੱਖਣਾ ਚਾਹੀਦਾ ਹੈ।”
ਹਿੰਟਨ ਦਾ ਕਹਿਣਾ ਹੈ ਕਿ ਈ-ਵੇਸਟ ਰੀਸਾਈਕਲਿੰਗ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਖੋਜ ਦੀ ਲੋੜ ਹੈ।
ਖ਼ਾਸ ਕਰਕੇ ਛੋਟੇ ਉਪਕਰਣ ਜਿਵੇਂ ਚਾਰਜਰ, ਪਲੱਗ ਅਤੇ ਤਾਰਾਂ ਜੋ ਕਿ ਤਾਂਬੇ ਨਾਲ਼ ਭਰਭੂਰ ਹਨ। ਸ਼ਾਹੀ ਟਕਸਾਲ ਵਧੀਆ ਕੰਮ ਕਰ ਰਹੀ ਹੈ ਪਰ ਸੋਨਾ ਇਸ ਸਭ ਦਾ ਬਹੁਤ ਥੋੜ੍ਹਾ ਹਿੱਸਾ ਹੈ।
ਇਸ ਲਈ ਖੋਜ ਅਤੇ ਵਿਕਾਸ ਵਿੱਚ ਵੱਡੇ ਨਿਵੇਸ਼ ਦੀ ਲੋੜ ਹੈ, ਤਾਂ ਜੋ ਉਤਪਾਦਕ ਅਤੇ ਵਪਾਰਕ ਪ੍ਰਕਿਰਿਆਵਾਂ ਇਜਾਦ ਕੀਤੀਆਂ ਜਾ ਸਕਣ।
ਜਿਵੇਂ-ਜਿਵੇਂ ਵਾਤਾਵਰਣ ਅਤੇ ਖਣਨ ਦੀ ਕੀਮਤ ਬਾਰੇ ਚੇਤਨਾ ਵਧ ਰਹੀ ਹੈ। ਨਵੀਂ ਗਰੀਨ-ਤਕਨੀਕ ਵਧਾਈ ਜਾ ਸਕਦੀ ਹੈ ਤਾਂ ਜੋ ਮਹਿੰਗੀਆਂ ਧਾਤਾਂ ਦੀ ਚੱਕਰੀ ਆਰਥਿਕਤਾ ਨੂੰ ਬਲ਼ ਮਿਲ ਸਕੇ।

ਤਸਵੀਰ ਸਰੋਤ, Getty Images
ਅਜੇ ਇਸ ਪਾਸੇ ਸ਼ੁਰੂਆਤ ਕਰਨ ਵਾਲ਼ੇ ਬਹੁਤ ਥੋੜ੍ਹੇ ਹਨ। ਅਮਰੀਕੀ ਕੰਪਨੀ ਨਿਊ ਗੋਲਡ ਰਿਕਵਰੀ ਖਣਨ ਦੀ ਰਹਿੰਦ-ਖੂਹੰਦ ਵਿੱਚੋਂ ਸੋਨਾ ਕੱਢਣ ਦੇ ਗੈਰ-ਜ਼ਹਿਰੀਲੇ ਰਾਹ ਤਲਾਸ਼ ਰਹੀ ਹੈ।
ਫਿਲਹਾਲ ਤਾਂ ਬਚਿਆ ਸੋਨਾ ਵੀ ਰਹਿੰਦ-ਖੂਹੰਦ ਦੇ ਨਾਲ਼ ਹੀ ਸੁੱਟ ਦਿੱਤਾ ਜਾਂਦਾ ਹੈ।
ਆਸਟ੍ਰੇਲੀਆ ਦੀ ਗਰੀਨ ਕਮਿਸਟਰੀ ਕੰਪਨੀ ਟਕਸਾਨ ਵੀ ਸ਼ਹਿਰ-ਅਧਾਰਿਤ ਬਾਇਓ-ਰਿਫ਼ਾਈਨਰੀਆਂ ਦੇ ਨੈਟਵਰਕ ਨੂੰ ਵਧਾ ਰਹੀ ਹੈ, ਤਾਂ ਜੋ ਘੱਟੋ-ਘੱਟ ਕਾਰਬਨ ਪੈਦਾ ਕਰਦੇ ਹੋਏ ਬੇਕਾਰ ਉਪਕਰਣਾਂ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਮੁੱਲਵਾਨ ਧਾਤਾਂ ਕੱਢੀਆਂ ਜਾ ਸਕਣ।
ਟਕਸਾਲ ਦੀ ਸਿਡਨੀ ਇਕਾਈ ਆਸਟ੍ਰੇਲੀਆ ਦੇ ਕੁੱਲ ਸਰਕਟ-ਬੋਰਡਾਂ ਵਿੱਚੋਂ 25% ( ਲਗਭਗ 3,000 ਟਨ) ਦਾ ਨਿਪਟਾਰਾ ਕਰੇਗੀ। ਕੰਪਨੀ ਸਾਲ 2024 ਤੱਕ ਬ੍ਰਿਟੇਨ ਵਿੱਚ ਵੀ ਕੰਮ ਸ਼ੁਰੂ ਕਰਨ ਦੀ ਮਨਸ਼ਾ ਰੱਖਦੀ ਹੈ।
ਮਟੀਰੀਅਲ ਫੋਕਸ ਸੰਸਥਾ ਦਾ ਅਨੁਮਾਨ ਹੈ ਕਿ ਜੇ ਇਸ ਕੰਮ ਲਈ ਜ਼ਿਆਦਾ ਉੱਨਤ ਤਕਨੀਕ ਦੀ ਵਰਤੋਂ ਕੀਤੀ ਜਾਵੇ ਤਾਂ ਬ੍ਰਿਟੇਨ ਵਿੱਚ ਹਰ ਸਾਲ 1.3 ਕਰੋੜ ਪੌਂਡ ਦਾ ਕੱਚਾ ਮਾਲ ਸਰਕਟ-ਬੋਰਡਾਂ ਵਿੱਚੋਂ ਕੱਢਿਆ ਜਾ ਸਕਦਾ ਹੈ।
ਮਟੀਰੀਅਲ ਫੋਕਸ ਅਜਿਹੇ ਹੋਰ ਸਰਕਟ ਬੋਰਡਾਂ ਦੀ ਪਛਾਣ ਵੀ ਕਰਦੀ ਹੈ, ਜਿਨ੍ਹਾਂ ਉੱਪਰ ਹੋਰ ਧਿਆਨ ਦੇਣ ਦੀ ਲੋੜ ਹੈ।
ਉਮੀਦ ਹੈ ਕਿ ਇਸ ਦੌਰਾਨ ਸੋਨਾ, ਚਾਂਦੀ ਅਤੇ ਪਲੈਡੀਅਮ ਵਰਗੀਆਂ ਹੋਰ ਵੀ ਬਹੁਮੁੱਲੀਆਂ ਧਾਤਾਂ ਕੱਢੀਆਂ ਜਾ ਸਕਣਗੀਆਂ।
ਸ਼ਾਹੀ ਟਕਸਾਲ ਦੇ ਗੁਪਤ ਰਸਾਇਣਿਕ ਫਾਰਮੂਲੇ ਨਾਲ ਸੋਨੇ ਤੋਂ ਇਲਾਵਾ ਹੋਰ ਕੋਈ ਬਹੁਮੁੱਲੀ ਧਾਤ ਨਹੀਂ ਕੱਢੀ ਜਾ ਸਕਦੀ।
ਜਦਕਿ ਹੋਰ ਧਾਤੂਆਂ ਜਿਵੇਂ ਚਾਂਦੀ, ਪਲੈਡੀਅਮ, ਤਾਂਬਾ ਵਗੈਰਾ ਈ-ਕੂੜੇ ਵਿੱਚੋਂ ਕੱਢ ਕੇ ਭਵਿੱਖ ਵਿੱਚ ਗਹਿਣਿਆਂ ਤੋਂ ਇਲਾਵਾ ਵਸਤਾਂ ਲਈ ਵੀ ਵਰਤੀਆਂ ਜਾ ਸਕਦੀਆਂ ਹਨ।
ਸਾਨੂੰ ਬਹੁਤ ਸਾਰੇ ਤਾਂਬੇ ਦੀ ਲੋੜ ਪਵੇਗੀ ਅਤੇ ਸਰਕਟ ਬੋਰਡਾਂ ਵਿੱਚ ਲਗਭਗ 20% ਤਾਂਬਾ ਹੁੰਦਾ ਹੈ।
ਲੋਵਰਿਜ ਕਹਿੰਦੇ ਹਨ, ਇਸ ਲਈ ਜਦਕਿ ਸੋਨਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਸ ਨਾਲ ਸਾਡੀ ਸੋਨੇ ਦੀਆਂ ਖਾਣਾਂ ਉੱਪਰ ਨਿਰਭਰਤਾ ਘਟੇਗੀ।
ਅਸਲ ਵਿੱਚ ਤਾਂਬਾ ਇਸ ਨਵੀਂ ਫੈਕਟਰੀ ਦਾ ਮੇਰਾ ਦੌਰਾ ਹੁਣ ਮੁੱਕ ਰਿਹਾ ਸੀ। ਬੇਕਰ ਨੇ ਕਿਹਾ,“ਅਸੀਂ ਇਸ ਵਿਚਾਰ ਨੂੰ ਉਤਸ਼ਾਹਿਤ ਕਰ ਰਹੇ ਹਾਂ ਕਿ ਕਿਸੇ ਦਾ ਕੂੜਾ ਕਿਸੇ ਹੋਰ ਲਈ ਕੱਚਾ ਮਾਲ ਹੈ।”












