ਭਾਰਤ ਦੇ ਇਸ ਚੂੜੀਆਂ ਦੇ ਸ਼ਹਿਰ ਦੀਆਂ ਨਾਲੀਆਂ ਵਿੱਚੋਂ ਮਿਲਦਾ ਹੈ ਸੋਨਾ

ਤਸਵੀਰ ਸਰੋਤ, Getty Images
- ਲੇਖਕ, ਰਮਸ਼ਾ ਜ਼ੁਬੈਰੀ
- ਰੋਲ, ਬੀਬੀਸੀ ਪੱਤਰਕਾਰ
ਮੇਰੀ ਮਾਂ ਨੇ 30 ਸਾਲ ਪਹਿਲਾਂ ਫ਼ਿਰੋਜ਼ਾਬਾਦ ਸ਼ਹਿਰ ਵਿੱਚ ਆਪਣੇ ਘਰ ਵਿੱਚ ਵਾਪਰੀ ਘਟਨਾ ਬਾਰੇ ਦੱਸਦਿਆਂ ਕਿਹਾ, "ਉਸ ਨੇ ਸਾੜ੍ਹੀ ਨੂੰ ਸਾੜ ਦਿੱਤਾ ਅਤੇ ਇਸ ਵਿੱਚੋਂ ਸਾਨੂੰ ਇੱਕ ਸ਼ੁੱਧ ਚਾਂਦੀ ਦਾ ਪਤਲਾ ਟੁੱਕੜਾ ਦਿੱਤਾ।"
ਉਨ੍ਹਾਂ ਦੀ ਕਹਾਣੀ ਵਾਲਾ ਵਿਅਕਤੀ ਕੋਈ ਜਾਦੂਗਰ ਨਹੀਂ ਸੀ ਬਲਿਕ ਇੱਕ ਐਕਸਟਰੈਕਟਰ ਸੀ।
ਮੇਰੀ ਮਾਂ ਦੇ ਜੱਦੀ ਸ਼ਹਿਰ ਵਿੱਚ ਬਹੁਤ ਸਾਰੇ ਕਾਰੀਗਰਾਂ ਵਾਂਗ, ਉਹ ਘਰ-ਘਰ ਜਾ ਕੇ ਪੁਰਾਣੀਆਂ ਸਾੜ੍ਹੀਆਂ ਇਕੱਠੀਆਂ ਕਰਕੇ ਉਨ੍ਹਾਂ ਦੀਆਂ ਕੀਮਤੀ ਧਾਤਾਂ ਨੂੰ ਕੱਢਦਾ ਸੀ।
1990 ਦੇ ਦਹਾਕੇ ਤੱਕ ਸਾੜ੍ਹੀਆਂ ਨੂੰ ਅਕਸਰ ਸ਼ੁੱਧ ਚਾਂਦੀ ਅਤੇ ਸੋਨੇ ਨਾਲ ਪਿਰੋਇਆ ਜਾਂਦਾ ਸੀ।
ਮੈਨੂੰ ਯਾਦ ਹੈ ਕਿ ਮੈਂ ਆਪਣੀ ਮਾਂ ਦੀ ਅਲਮਾਰੀ ਵਿੱਚ ਉਸ ਦੇ ਖ਼ਜ਼ਾਨੇ ਵਰਗੇ ਚਮਕਦਾਰ ਕੱਪੜਿਆਂ ਨੂੰ ਲੱਭਦੀ ਹੁੰਦੀ ਸੀ।
ਪਰ ਜਿਵੇਂ ਮੈਨੂੰ ਦੱਸਿਆ ਗਿਆ ਕਿ ਐਕਸਟਰੈਕਟਰ ਕੱਪੜੇ ਨਾਲੋਂ ਵੀ ਵੱਧ ਕੀਮਤੀ ਚੀਜ਼ ਲੱਭ ਰਹੇ ਸਨ।
ਉਹ ਇਸ ਸ਼ਹਿਰ ਦਾ ਖਾਸ ਕਿਸਮ ਦਾ ਕੂੜਾ ਲੱਭ ਰਹੇ ਸਨ।
ਫਿਰ ਹੁਣ, ਐਕਸਟਰੈਕਟਰ ਦੇ ਰਹੱਸਮਈ ਪ੍ਰਤੀਤ ਹੋਣ ਵਾਲੇ ਇਸ ਕਾਰਜ ਬਾਰੇ ਹੋਰ ਜਾਣਨ ਲਈ ਮੈਂ ਫਿਰੋਜ਼ਾਬਾਦ ਵੱਲ ਵਾਪਸ ਜਾ ਰਹੀ ਸੀ।
ਉਹ ਸ਼ਹਿਰ ਜੋ ਤਾਜ ਮਹੱਲ ਦੇ ਕੋਲ ਵਸਿਆ ਹੋਇਆ ਹੈ।
ਇਸ ਦੀਆਂ ਕੀਮਤੀ ਧਾਤਾਂ ਨਾਲੋਂ ਇਸ ਨੂੰ ਕੱਚ ਦੀਆਂ ਚੂੜੀਆਂ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ।
ਪਰ ਜਿਵੇਂ ਕਿ ਮੈਂ ਦੇਖਿਆ, ਕੁਝ ਮਿਹਨਤੀ ਕਾਰੀਗਰਾਂ ਲਈ ਸ਼ਹਿਰ ਸੋਨੇ ਦੀ ਖਾਣ ਤੋਂ ਘੱਟ ਨਹੀਂ ਸੀ।
ਇੱਕ ਅਜਿਹੀ ਜਗ੍ਹਾ ਜਿੱਥੇ ਕੀਮਤੀ ਧਾਤ ਕਦੇ ਨਾਲੀਆਂ ਵਿੱਚ ਵਹਿੰਦੀ ਸੀ।
ਫਿਰੋਜ਼ ਸ਼ਾਹ ਤੁਗਲਕ ਨੇ ਸਥਾਪਿਤ ਕੀਤਾ ਸੀ ਫਿਰੋਜ਼ਾਬਾਦ
ਦਿੱਲੀ ਦੇ ਸੁਲਤਾਨ, ਫਿਰੋਜ਼ ਸ਼ਾਹ ਤੁਗਲਕ ਵੱਲੋਂ 1354 ਈਸਵੀ ਵਿੱਚ ਸਥਾਪਿਤ ਫਿਰੋਜ਼ਾਬਾਦ ਨੂੰ ਇੱਕ ਮਹੱਲ ਵਾਲੇ ਸ਼ਹਿਰ ਵਜੋਂ ਬਣਾਇਆ ਗਿਆ ਸੀ।
ਦਰਬਾਰੀ ਇਤਿਹਾਸਕਾਰ ਸ਼ਮਸ-ਏ-ਸਿਰਾਜ ਦੀਆਂ ਲਿਖਤਾਂ ਦੇ ਅਨੁਸਾਰ ਇਹ ਸ਼ਾਹਜਹਾਂਬਾਦ ਦੀ ਚਾਰਦੀਵਾਰੀ ਦੇ ਆਕਾਰ ਤੋਂ ਦੁੱਗਣਾ ਸੀ। (ਅੱਜ ਦੀ ਪੁਰਾਣੀ ਦਿੱਲੀ, ਉਸੇ ਸ਼ਾਸਕ ਦੁਆਰਾ ਬਣਾਈ ਗਈ ਜਿਸ ਨੇ ਤਾਜ ਮਹੱਲ ਬਣਵਾਇਆ ਸੀ।)
‘ਦਿ ਫਾਰਗੌਟਨ ਸਿਟੀਜ਼ ਆਫ ਡੇਲੀ’ ਦੇ ਇਤਿਹਾਸਕਾਰ ਅਤੇ ਲੇਖਕ ਰਾਣਾ ਸਫ਼ਵੀ ਦੇ ਅਨੁਸਾਰ, "ਇਸ ਨੂੰ ਬਾਅਦ ਵਿੱਚ ਮੁਗਲ-ਯੁੱਗ ਦੇ ਕਿਲ੍ਹਿਆਂ ਲਈ ਇੱਕ ਪ੍ਰੋਟੋਟਾਈਪ ਵਜੋਂ ਵਰਤਿਆ ਗਿਆ ਸੀ, ਕਿਉਂਕਿ ਇਹ ਪਹਿਲੀ ਵਾਰ ਸੀ ਜਦੋਂ ਆਮ ਲੋਕਾਂ ਲਈ ਦੀਵਾਨ-ਏ-ਆਮ [ਦਰਸ਼ਕ ਹਾਲ] ਦੀ ਧਾਰਨਾ ਹੋਂਦ ਵਿੱਚ ਆਈ ਸੀ।’’
‘‘ਅਮੀਰਾਂ ਲਈ ਦੀਵਾਨ-ਏ-ਖਾਸ [ਨਿੱਜੀ ਦਰਸ਼ਕ ਹਾਲ] ਦੀ ਸ਼ੁਰੂਆਤ ਕੀਤੀ ਗਈ ਸੀ।"
ਜਦੋਂ ਕਿ ਸਫ਼ਵੀ ਨੇ ਕਿਹਾ ਕਿ ਉਸ ਪੁਰਾਣੇ ਸ਼ਹਿਰ ਦੇ ਬਹੁਤ ਘੱਟ ਨਿਸ਼ਾਨ ਬਚੇ ਹਨ, ਪਰ ਮੈਂ ਦੇਖਿਆ ਕਿ ਅੱਜ ਦੇ ਫ਼ਿਰੋਜ਼ਾਬਾਦ ਦੀ ਆਪਣੀ ਕਿਸਮ ਦੀ ਸ਼ਾਨ ਹੈ।

ਤਸਵੀਰ ਸਰੋਤ, Getty Images
ਚੂੜੀਆਂ ਦਾ ਸ਼ਹਿਰ
ਜਿਵੇਂ ਹੀ ਮੈਂ ਸ਼ਹਿਰ ਵੱਲ ਗਈ ਤਾਂ ਲਗਭਗ ਹਰ ਗਲੀ ਸਵੇਰ ਦੇ ਸੂਰਜ ਦੀਆਂ ਕਿਰਨਾਂ ਹੇਠ ਚਮਕਦੀਆਂ ਹਰ ਰੰਗ ਦੀਆਂ ਕੱਚ ਦੀਆਂ ਚੂੜੀਆਂ ਨਾਲ ਲੱਦੇ ਠੇਲ੍ਹਿਆਂ ਅਤੇ ਟਰੱਕਾਂ ਨਾਲ ਬਹੁਰੰਗਾ ਖੂਬਸੂਰਤ ਦ੍ਰਿਸ਼ ਪੇਸ਼ ਕਰ ਰਹੀ ਸੀ।
ਚੂੜੀਆਂ ਭਾਰਤੀ ਪਰੰਪਰਾ ਵਿੱਚ ਮਹੱਤਵਪੂਰਨ ਸਥਾਨ ਰੱਖਦੀਆਂ ਹਨ, ਜੋ ਕਿ ਵਿਆਹੁਤਾ ਔਰਤਾਂ ਅਤੇ ਨਵੀਆਂ ਦੁਲਹਨਾਂ ਲਈ ਖੁਸ਼ਹਾਲੀ ਅਤੇ ਚੰਗੀ ਕਿਸਮਤ ਦਾ ਪ੍ਰਤੀਕ ਹਨ।
ਉਹ ਦੋਵੇਂ ਬਾਂਹਵਾਂ ਵਿੱਚ ਇਨ੍ਹਾਂ ਨੂੰ ਅਨੇਕ ਗਿਣਤੀ ਵਿੱਚ ਪਹਿਨ ਸਕਦੀਆਂ ਹਨ।
ਇਸ ਸ਼ਹਿਰ ਵਿੱਚ ਅੱਜ ਲਗਭਗ 150 ਕੱਚ ਦੀਆਂ ਚੂੜੀਆਂ ਦੀਆਂ ਫੈਕਟਰੀਆਂ ਹਨ।
ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਫ਼ਿਰੋਜ਼ਾਬਾਦ ਨੇ ਇਨ੍ਹਾਂ ਕਾਰਨ ਕੱਚ ਦਾ ਸ਼ਹਿਰ ਅਤੇ ਚੂੜੀਆਂ ਦਾ ਸ਼ਹਿਰ ਵਜੋਂ ਉਪਨਾਮ ਹਾਸਲ ਕੀਤੇ ਹਨ।
ਇਨ੍ਹਾਂ ਕਾਰੀਗਰਾਂ ਦੀ ਕਹਾਣੀ ਘੱਟੋ-ਘੱਟ 200 ਸਾਲ ਪਿੱਛੇ ਚਲੀ ਜਾਂਦੀ ਹੈ।
ਇੱਕ ਸਿਧਾਂਤ ਇਹ ਹੈ ਕਿ ਫ਼ਿਰੋਜ਼ ਸ਼ਾਹ ਦੇ ਹਾਜ਼ਰੀਨਾਂ ਵਿੱਚੋਂ ਬਹੁਤ ਸਾਰੇ ਰਾਜਸਥਾਨ ਦੇ ਪਰਵਾਸੀ ਸਨ ਜੋ ਇਹ ਗਹਿਣੇ ਬਣਾਉਣ ਵਿੱਚ ਮਾਹਰ ਸਨ।
ਉਨ੍ਹਾਂ ਨੇ ਇਹ ਕਲਾ ਸਥਾਨਕ ਕਾਰੀਗਰਾਂ ਨੂੰ ਸਿਖਾਈ।
ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਇਸ ਉਦਯੋਗ ਦਾ ਵਿਸਥਾਰ ਕੱਚ ਦੀਆਂ ਬੋਤਲਾਂ ਅਤੇ ਝੂਮਰਾਂ ਦੇ ਉਤਪਾਦਨ ਵਿੱਚ ਹੋਇਆ।
ਇਨ੍ਹਾਂ ਦੀ ਬਾਅਦ ਵਿੱਚ ਰਾਜ ਦੇ ਸ਼ਾਹੀ ਦਰਬਾਰਾਂ ਅਤੇ ਅਮੀਰਾਂ ਵਿੱਚ ਬਹੁਤ ਜ਼ਿਆਦਾ ਮੰਗ ਸੀ।

- ਫ਼ਿਰੋਜ਼ਾਬਾਦ ਭਾਰਤ ਵਿੱਚ ਕੱਚ ਦੀ ਰਾਜਧਾਨੀ ਵੱਜੋਂ ਜਾਣਿਆਂ ਜਾਂਦਾ ਹੈ
- ਪਰੰਪਰਾਗਤ ਕੱਚ ਦੀਆਂ ਚੂੜੀਆਂ ਬਣਾਉਣ ਲਈ ਸਭ ਤੋਂ ਵੱਧ ਮਸ਼ਹੂਰ ਹੈ
- ਫਿਰੋਜ਼ ਸ਼ਾਹ ਤੁਗਲਕ ਨੇ ਸਥਾਪਿਤ ਕੀਤਾ ਸੀ ਫਿਰੋਜ਼ਾਬਾਦ
- ਸ਼ਹਿਰ ਵਿੱਚ ਅੱਜ ਲਗਭਗ 150 ਕੱਚ ਦੀਆਂ ਚੂੜੀਆਂ ਦੀਆਂ ਫੈਕਟਰੀਆਂ ਹਨ
- ਕੱਚ ਦੀਆਂ ਚੂੜੀਆਂ ਨੂੰ ਸ਼ੁੱਧ ਸੋਨੇ ਦੀ ਪਾਲਿਸ਼ ਨਾਲ ਸਜਾਇਆ ਜਾਂਦਾ ਸੀ
- ਰੱਦੀ ਹੋਈ ਧਾਤ ਤੋਂ ਸੋਨਾ ਕੱਢਣ ਦੀ ਤਕਨੀਕ ਮੌਜੂਦਾ ਸਮੇਂ ਸਿਰਫ਼ ਮੁੱਠੀ ਭਰ ਕਾਰੀਗਰਾਂ ਨੂੰ ਹੀ ਆਉਂਦੀ ਹੈ

ਚੂੜੀਆਂ ਦੇ ਉਦਯੋਗ ਦਾ ਫੈਲਾਅ
ਜਿਵੇਂ ਹੀ ਪਹਿਲੇ ਵਿਸ਼ਵ ਯੁੱਧ ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਵਿਦੇਸ਼ੀ ਆਯਾਤ ’ਤੇ ਪਾਬੰਦੀ ਲਗਾਈ ਗਈ, ਫਿਰੋਜ਼ਾਬਾਦ ਦੇ ਕੱਚ ਦੇ ਉਦਯੋਗ ਵਿੱਚ ਭਾਰੀ ਵਾਧਾ ਹੋਇਆ ਸੀ।
1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ, ਇਹ ਸ਼ਹਿਰ ਜਲਦੀ ਹੀ ਕੱਚ ਅਤੇ ਚੂੜੀਆਂ ਲਈ ਭਾਰਤ ਦਾ ਮੋਹਰੀ ਸਪਲਾਇਰ ਬਣ ਗਿਆ।
ਅੱਜ ਇਸ ਦਾ ਦੇਸ਼ ਦੇ ਕੱਚ ਦੇ ਉਤਪਾਦਨ ਵਿੱਚ ਲਗਭਗ 70% ਹਿੱਸਾ ਹੈ।
ਇਸ ਲਈ ਇਹ ਮੇਰੇ ਲਈ ਬਹੁਤ ਹੈਰਾਨੀਜਨਕ ਸੀ ਕਿ ਸ਼ਹਿਰ ਦੀਆਂ ਕਈ ਯਾਤਰਾਵਾਂ ਅਤੇ ਸਥਾਨਕ ਲੋਕਾਂ ਅਤੇ ਕੱਚ ਦੇ ਉਦਯੋਗ ਨਾਲ ਜੁੜੇ ਨਿਵਾਸੀਆਂ ਨਾਲ ਚਰਚਾ ਕਰਨ ਤੋਂ ਬਾਅਦ, ਮੈਨੂੰ ਪਤਾ ਲੱਗਾ ਕਿ ਫ਼ਿਰੋਜ਼ਾਬਾਦ ਇੱਕ ਹੋਰ ਕੀਮਤੀ ਵਸਤੂ ਬਣਾਉਂਦਾ ਹੈ, ਜੋ ਕਿ ਚੂੜੀਆਂ ਬਣਨ ਤੋਂ ਬਾਅਦ ਹੀ ਨਿਕਲਦੀ ਹੈ, ਉਹ ਹੈ ਸੋਨਾ।

ਤਸਵੀਰ ਸਰੋਤ, Ramsha Zubairi
ਇਹ ਵੀ ਪੜ੍ਹੋ-
ਰਵਾਇਤੀ ਤੌਰ 'ਤੇ ਸ਼ਹਿਰ ਵਿੱਚ ਬਣਾਈਆਂ ਕੱਚ ਦੀਆਂ ਚੂੜੀਆਂ ਨੂੰ ਸ਼ੁੱਧ ਸੋਨੇ ਦੀ ਪਾਲਿਸ਼ ਨਾਲ ਸਜਾਇਆ ਜਾਂਦਾ ਸੀ।
ਇਸ ਦਾ ਮਤਲਬ ਇਹ ਸੀ ਕਿ ਪ੍ਰਕਿਰਿਆ ਦੌਰਾਨ ਵਰਤੀਆਂ ਗਈਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਕੀਮਤੀ ਧਾਤ ਦੇ ਸੰਪਰਕ ਵਿੱਚ ਆਉਂਦੀਆਂ ਸਨ।
ਜਿਵੇਂ ਕਿ ਪਾਲਿਸ਼ ਨਾਲ ਭਰੀਆਂ ਬੋਤਲਾਂ ਅਤੇ ਡੱਬੇ, ਪਾਲਿਸ਼ ਕਰਨ ਲਈ ਵਰਤੇ ਜਾਂਦੇ ਕੱਪੜੇ ਦੇ ਟੁਕੜੇ, ਚੂੜੀਆਂ ਰੱਖਣ ਵਾਲੀਆਂ ਟੋਕਰੀਆਂ।
ਇੱਥੋਂ ਤੱਕ ਕਿ ਟੁੱਟੀਆਂ ਹੋਈਆਂ ਚੂੜੀਆਂ ਦੇ ਟੁੱਕੜੇ ਵੀ।
ਚੂੜੀਆਂ ਦੀਆਂ ਫੈਕਟਰੀਆਂ, ਵਰਕਸ਼ਾਪਾਂ ਅਤੇ ਕਾਰੀਗਰਾਂ ਦੇ ਘਰਾਂ ਤੋਂ ਸੋਨੇ ਦੇ ਕੋਟੇਡ ਇਸ ਕੂੜੇ ਨੂੰ ਅਕਸਰ ਸ਼ਹਿਰ ਦੀਆਂ ਨਾਲੀਆਂ ਵਿੱਚ ਸੁੱਟਿਆ ਜਾਂਦਾ ਸੀ।
ਇਹ ਲਾਜ਼ਮੀ ਰੂਪ ਨਾਲ ਸੰਭਾਵਿਤ ਧਨ ਦੀ ਇੱਕ ਗੁਪਤ ਧਾਰਾ ਦਾ ਨਿਰਮਾਣ ਕਰਦਾ ਸੀ।
ਇੱਕ ਵਾਰ ਇਕੱਠਾ ਕਰਨ ਅਤੇ ਸਾਫ਼ ਕਰਨ ਤੋਂ ਬਾਅਦ, ਇਸ ਕੂੜੇ ਨੂੰ ਸੋਨਾ ਕੱਢਣ ਲਈ ਇਕੱਠਾ ਕੀਤਾ ਜਾਂਦਾ ਸੀ।
ਫ਼ਿਰੋਜ਼ਾਬਾਦ ਵਿੱਚ ਗਹਿਣਿਆਂ ਦੀ ਦੁਕਾਨ ਦੇ ਮਾਲਕ ਮੁਹੰਮਦ ਸੁਲਤਾਨ ਨੇ ਕਿਹਾ, "ਜੋ ਲੋਕ ਇਸ ਤੋਂ ਅਣਜਾਣ ਹਨ, ਉਨ੍ਹਾਂ ਲਈ ਇਹ ਸਮੱਗਰੀ ਰੱਦੀ ਤੋਂ ਵੱਧ ਕੁਝ ਨਹੀਂ ਹੈ।"
"ਪਰ ਧਾਤੂ ਤੋਂ ਜਾਣੂ ਲੋਕ ਇਸ 'ਰੱਦੀ' ਦੀ ਅਸਲੀ ਕੀਮਤ ਜਾਣਦੇ ਹਨ।"
ਸੁਲਤਾਨ ਨੇ ਖੁਦ 25 ਸਾਲਾਂ ਤੋਂ ਵੱਧ ਸਮੇਂ ਤੋਂ ਸੋਨੇ ਦੇ ਐਕਸਟਰੈਕਟਰ ਵਜੋਂ ਕੰਮ ਕੀਤਾ ਹੈ।
ਉਨ੍ਹਾਂ ਨੇ ਸਮਝਾਇਆ ਕਿ ਇਸ ਰੱਦੀ ਹੋਈ ਧਾਤ ਤੋਂ ਸੋਨਾ ਕੱਢਣ ਦੀ ਤਕਨੀਕ ਮੌਜੂਦਾ ਸਮੇਂ ਸਿਰਫ਼ ਮੁੱਠੀ ਭਰ ਕਾਰੀਗਰਾਂ ਨੂੰ ਹੀ ਆਉਂਦੀ ਹੈ ਅਤੇ ਇਹ ਵਸਤੂ ਦੇ ਆਧਾਰ ’ਤੇ ਵੱਖ-ਵੱਖ ਹੁੰਦੀ ਹੈ।

ਤਸਵੀਰ ਸਰੋਤ, Getty Images
ਸੁਲਤਾਨ ਨੇ ਮੈਨੂੰ ਸਮਝਾਇਆ, "ਸੋਨੇ ਦੀ ਰਹਿੰਦ-ਖੂੰਹਦ ਨੂੰ ਹਟਾਉਣ ਲਈ ਇਸ ਦੀਆਂ ਬੋਤਲਾਂ ਨੂੰ ਕੁਝ ਘੰਟਿਆਂ ਲਈ ਥਿੰਨਰ ਜਾਂ ਤਾਰਪੀਨ ਦੀ ਬਾਲਟੀ ਵਿੱਚ ਰੱਖ ਦਿੱਤਾ ਜਾਂਦਾ ਹੈ।"
"ਇਹ ਰਹਿੰਦ-ਖੂੰਹਦ ਥਿੰਨਰ ਦੀ ਸਤਿਹ 'ਤੇ ਸੈੱਟ ਹੋ ਜਾਂਦੀ ਹੈ ਅਤੇ ਫਿਰ ਕੱਪੜੇ ਦੇ ਪੀਸ ਨਾਲ ਇਸ ਨੂੰ ਇਕੱਠਾ ਕਰ ਲਿਆ ਜਾਂਦਾ ਹੈ। ਫਿਰ ਇਸ ਨੂੰ ਸੁੱਕਣ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਸਾੜ ਕੇ ਸੁਆਹ ਬਣਾ ਦਿੱਤਾ ਜਾਂਦਾ ਹੈ।’’
‘‘ਇਸ ਤੋਂ ਬਾਅਦ, ਸੁਆਹ ਨੂੰ ਕੁਝ ਰਸਾਇਣਾਂ ਨਾਲ ਮਿਲਾ ਕੇ ਚੁੱਲ੍ਹੇ ਜਾਂ ਹੀਟਰ ’ਤੇ ਰੇਤ ਦੀ ਇੱਕ ਮੋਟੀ ਪਰਤ 'ਤੇ ਸੈੱਟ ਕੀਤਾ ਜਾਂਦਾ ਹੈ।’’
''ਫਿਰ ਇਸ ਨੂੰ ਉਦੋਂ ਤੱਕ ਗਰਮ ਹੋਣ ਦਿੱਤਾ ਜਾਂਦਾ ਹੈ ਜਦੋਂ ਤੱਕ ਸੁਆਹ ਤਰਲ ਵਿੱਚ ਨਾ ਬਦਲ ਜਾਵੇ ਜੋ ਹੁਣ ਰੇਤ ਦੇ ਹੇਠਾਂ ਰਹਿ ਜਾਂਦਾ ਹੈ।’’
ਇਹ ਕਹਿੰਦੇ ਹੋਏ ਕਿ ਉਸ ਨੂੰ ਆਪਣੇ ਆਪ ਇਸ ਤਰ੍ਹਾਂ ਧਾਤ ਕੱਢਣਾ ਸਿੱਖਣ ਵਿੱਚ ਕਈ ਸਾਲ ਲੱਗ ਗਏ।
ਸੁਲਤਾਨ ਨੇ ਕਿਹਾ, ‘‘ਇਸ ਕਲਾ ਵਿੱਚ ਮੁਹਾਰਤ ਹਾਸਲ ਕਰਨ ਲਈ ਬਹੁਤ ਸਬਰ ਅਤੇ ਸਿੱਖਣ ਦੀ ਲੋੜ ਹੁੰਦੀ ਹੈ। ਇਹ ਨਿਸ਼ਚਿਤ ਤੌਰ 'ਤੇ ਕੁਝ ਅਜਿਹਾ ਨਹੀਂ ਜਿਸ ਨੂੰ ਇੱਕ ਹਫ਼ਤੇ ਵਿੱਚ ਸਿੱਖਿਆ ਜਾ ਸਕਦਾ ਹੈ।’’
ਇੱਕ ਵਾਰ ਕੱਢਣ ਤੋਂ ਬਾਅਦ ਇਹ ਸੋਨਾ ਜਵੈਲਰਜ਼ ਨੂੰ ਵੇਚ ਦਿੱਤਾ ਜਾਂਦਾ ਹੈ।
ਪਿਛਲੇ ਕੁਝ ਸਾਲਾਂ ਦੌਰਾਨ ਸ਼ਹਿਰ ਨੇ ਨਿਮਰ ਪਿਛੋਕੜ ਵਾਲੇ ਐਕਸਟਰੈਕਟਰ ਦੇਖੇ ਹਨ।
ਪਰ ਸ਼ਿਲਪ, ਸਖ਼ਤ ਮਿਹਨਤ ਅਤੇ ਕਿਸਮਤ ਦੇ ਧਨੀ ਹੋਣ ਨਾਲ ਉਨ੍ਹਾਂ ਨੇ ਆਪਣੀ ਕਿਸਮਤ ਨੂੰ ਦੁਬਾਰਾ ਲਿਖਿਆ ਹੈ।
ਫ਼ਿਰੋਜ਼ਾਬਾਦ ਦੇ ਇੱਕ ਹੋਰ ਸੋਨਾ ਕੱਢਣ ਵਾਲੇ ਮੁਹੰਮਦ ਕਾਸਿਮ ਸ਼ਫ਼ੀ ਨੇ ਕਿਹਾ, ‘‘ਇਸ ਸ਼ਿਲਪ ਨੇ ਕਈਆਂ ਨੂੰ ਕਰੋੜਪਤੀ ਬਣਾ ਦਿੱਤਾ ਹੈ।’’
ਸ਼ਿਲਪ ਦੇ ਇਤਿਹਾਸ ਦਾ ਕੋਈ ਰਿਕਾਰਡ ਨਹੀਂ
ਹਾਲਾਂਕਿ ਇਸ ਸ਼ਿਲਪ ਦੇ ਇਤਿਹਾਸ ਦਾ ਕੋਈ ਦਸਤਾਵੇਜ਼ੀ ਰਿਕਾਰਡ ਨਹੀਂ ਹੈ।
ਸਥਾਨਕ ਲੋਕਾਂ ਨੇ ਇਸ ਨੂੰ ਆਪਣੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਤੋਂ ਸਿੱਖਿਆ ਹੈ।
ਉਹ ਅਨੁਮਾਨ ਲਗਾਉਂਦੇ ਹਨ ਕਿ ਇਹ ਪਿਛਲੇ 80 ਸਾਲਾਂ ਜਾਂ ਇਸ ਤੋਂ ਵੱਧ ਸਮੇਂ ਤੋਂ ਅਭਿਆਸ ਵਿੱਚ ਰਿਹਾ ਹੋਵੇਗਾ।
ਹਾਲਾਂਕਿ, ਹਾਲ ਹੀ ਦੇ ਸਮੇਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਅਤੇ ਪੋਲਿਸ਼ ਨੂੰ ਵੱਡੇ ਪੱਧਰ ’ਤੇ ਘੱਟ ਮਹਿੰਗੇ ਰਸਾਇਣਾਂ ਨਾਲ ਬਦਲ ਦਿੱਤਾ ਗਿਆ ਹੈ।
ਇਸ ਲਈ, ਹਾਲਾਂਕਿ ਇਹ ਹੁਨਰ ਪੀੜ੍ਹੀਆਂ ਤੋਂ ਚੱਲਿਆ ਆ ਰਿਹਾ ਹੈ, ਪਰ ਇਹ ਹੌਲੀ ਹੌਲੀ ਅਲੋਪ ਹੁੰਦਾ ਜਾ ਰਿਹਾ ਹੈ।
ਸ਼ਫੀ ਨੇ ਕਿਹਾ, ‘‘ਕਿਉਂਕਿ ਸੋਨਾ ਕੱਢਣਾ ਸਟੀਕ ਅਤੇ ਬੇਮਿਸਾਲ ਹੁਨਰ ਦਾ ਕੰਮ ਹੈ, ਇਸ ਲਈ ਸੋਨੇ ਦੇ ਬਦਲ ਤੋਂ ਪਹਿਲਾਂ ਵੀ, ਇਹ ਕਲਾ ਸੀਮਿਤ ਲੋਕ ਹੀ ਜਾਣਦੇ ਸਨ।’’
‘‘ਪਰ ਜਦੋਂ ਚੂੜੀਆਂ ਨੂੰ ਹੋਰ ਰਸਾਇਣਾਂ ਨਾਲ ਪਾਲਿਸ਼ ਅਤੇ ਡਿਜ਼ਾਇਨ ਕੀਤਾ ਜਾਣਾ ਸ਼ੁਰੂ ਹੋਇਆ ਤਾਂ ਸੋਨੇ ਦੀ ਕਮੀ ਨੇ ਕੁਦਰਤੀ ਤੌਰ 'ਤੇ ਇਸ ਸ਼ਿਲਪ ’ਤੇ ਗ੍ਰਹਿਣ ਲਾ ਦਿੱਤਾ।’’

ਤਸਵੀਰ ਸਰੋਤ, Getty Images
ਹਾਲਾਂਕਿ ਉਦਯੋਗ ਵਿੱਚ ਸੋਨੇ ਦੀ ਵਰਤੋਂ ਵਿੱਚ ਕਾਫ਼ੀ ਕਮੀ ਆਈ ਹੈ। ਫਿਰ ਵੀ ਕੁਝ ਲੋਕ ਇਸ ਨੂੰ ਆਪਣੀਆਂ ਚੂੜੀਆਂ ਬਣਾਉਣ ਵਿੱਚ ਸ਼ਾਮਲ ਕਰਦੇ ਹਨ।
ਫ਼ਿਰੋਜ਼ਾਬਾਦ ਦੇ ਬਾਜ਼ਾਰ ਦੀਆਂ ਗਲੀਆਂ ਵਿੱਚੋਂ ਲੰਘਦਿਆਂ, ਮੈਂ ਕਈ ਵਰਕਸ਼ਾਪਾਂ ਵਿੱਚੋਂ ਲੰਘੀ ਜਿੱਥੇ ਕਾਮੇ ਚੂੜੀਆਂ ਬਣਾਉਣ ਜਾਂ ਸਜਾਉਣ ਵਿੱਚ ਰੁੱਝੇ ਹੋਏ ਸਨ।
ਉਨ੍ਹਾਂ ਵਿੱਚੋਂ ਕੁਝ ਸ਼ੁੱਧ ਸੋਨੇ ਦੀ ਪਾਲਿਸ਼ ਦੀ ਵਰਤੋਂ ਕਰ ਰਹੇ ਸਨ।
ਅਗਲੇ ਦਿਨ, ਜਦੋਂ ਮੈਂ ਘਰ ਵਾਪਸ ਜਾਣ ਲਈ ਕੈਬ ਵਿੱਚ ਬੈਠੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹ ਸ਼ਹਿਰ ਹੁਣ ਮੈਨੂੰ ਕਿੰਨਾ ਅਲੱਗ ਲੱਗ ਰਿਹਾ ਹੈ ਕਿਉਂਕਿ ਮੈਨੂੰ ਇਸ ਦਾ ਰਾਜ਼ ਪਤਾ ਲੱਗ ਗਿਆ ਹੈ।
ਬੇਸ਼ਕੀਮਤੀ ਧਾਤਾਂ ਵਿੱਚ ਤਬਦੀਲ ਹੋ ਜਾਣ ਵਾਲੀਆਂ ਐਵੇਂ ਹੀ ਸੁੱਟੀਆਂ ਹੋਈਆਂ ਚੀਜ਼ਾਂ ਬਾਰੇ ਮੇਰੀ ਮਾਂ ਦੀਆਂ ਯਾਦਾਂ ਬਾਰੇ ਹੁਣ ਨਵੀਂ ਗਹਿਰਾਈ ਆ ਗਈ ਸੀ।
ਕਿਉਂਕਿ ਮੈਂ ਫ਼ਿਰੋਜ਼ਾਬਾਦ ਦੇ ਖਜ਼ਾਨੇ ਦੀ ਖੋਜ ਕਰਨ ਵਾਲੇ ਐਕਸਟਰੈਕਟਰਾਂ ਦੇ ਅਤੀਤ ਅਤੇ ਵਰਤਮਾਨ ਦੀਆਂ ਕਹਾਣੀਆਂ ਸੁਣੀਆਂ ਸਨ।
ਇਹ ਸਾਰੇ ਇਕੱਠੇ ਇੱਕ ਅਜਿਹੀ ਕਹਾਣੀ ਬੁਣਦੇ ਹਨ ਜਿਸ ਨੇ ਇੱਕ ਅਜਿਹੇ ਸ਼ਹਿਰ ਨੂੰ ਬਦਲ ਦਿੱਤਾ ਜਿਸ ਨੂੰ ਮੈਂ ਸੋਚਿਆ ਸੀ ਕਿ ਮੈਂ ਸਤਿਹ ਤੋਂ ਇਤਿਹਾਸ ਦੀ ਇੱਕ ਛੋਟੀ ਜਿਹੀ ਪਰਤ ਦੇ ਨਾਲ ਜਾਣਦੀ ਹਾਂ।












