ਲਹਿੰਦੇ ਪੰਜਾਬ ਦੇ ਕਿਸਾਨ ਕਿਉਂ ਖੇਤੀ ਛੱਡਣ ਲਈ ਹੋ ਰਹੇ ਹਨ ਮਜਬੂਰ

ਤਸਵੀਰ ਸਰੋਤ, Getty Images
- ਲੇਖਕ, ਉਮਰ ਦਰਾਜ਼ ਨੰਗਿਆਣਾ
- ਰੋਲ, ਬੀਬੀਸੀ ਉਰਦੂ ਸੇਵਾ
ਪਹਿਲਾਂ ਜੁਲਾਈ ਦੇ ਮਹੀਨੇ ਵਿੱਚ ਰੱਜਵਾਂ ਮੀਂਹ ਪੈਂਦਾ ਸੀ ਅਤੇ ਮੁਹੰਮਦ ਅਸ਼ਰਫ਼ ਦੇ ਪਰਿਵਾਰ ਲਈ 10 ਏਕੜ ਦੀ ਵਾਹੀਯੋਗ ਜ਼ਮੀਨ ਕਾਫ਼ੀ ਸੀ।
ਉਹ ਇਸ ਸੀਜ਼ਨ ਵਿੱਚ ਝੋਨਾ ਬੀਜਦੇ ਸਨ ਅਤੇ ਇੰਨਾ ਕੁ ਪੈਸਾ ਬਚਾਅ ਲੈਂਦੇ ਸਨ ਕਿ ਸਾਰੇ ਸਾਲ ਦਾ ਖ਼ਰਚਾ ਲੰਘ ਜਾਂਦਾ ਸੀ
ਹਾਲਾਂਕਿ ਪਿਛਲੇ ਦੋ-ਤਿੰਨ ਸਾਲਾਂ ਤੋਂ, ਮੀਂਹ ਸਮੇਂ ਸਿਰ ਨਹੀਂ ਪੈ ਰਿਹਾ ਹੈ। ਇਹ ਵੀ ਵੱਡੀ ਸਮੱਸਿਆ ਨਹੀਂ ਸੀ ਕਿਉਂਕਿ ਉਹ ਪਾਣੀ ਦੀ ਘਾਟ ਨੂੰ ਟਿਊਬਵੈਲ ਨਾਲ ਪੂਰੀ ਕਰ ਲੈਂਦੇ ਸਨ।
ਕੁਝ ਸਾਲ ਪਹਿਲਾਂ ਮੀਂਹ ਦੇ ਬਦਲਦੇ ਰੁਝਾਨ ਦੇ ਮੱਦੇ-ਨਜ਼ਰ ਉਨ੍ਹਾਂ ਨੇ ਤੀਹ ਹਜ਼ਾਰ ਰੁਪਏ ਦਾ ਇੱਕ ਸੈਕੰਡ ਹੈਂਡ ਡੀਜ਼ਲ ਪੰਪ ਖ਼ਰੀਦਿਆ ਸੀ।
ਇਸ ਸਮੇਂ ਭਾਰਤ ਦੇ ਹਿਸਾਬ ਨਾਲ ਪਾਕਿਸਤਾਨ ਵਿੱਚ ਇੱਕ ਭਾਰਤੀ ਰੁਪਿਆ ਇਸ ਸਮੇਂ ਲਗਭਗ ਪੌਣੇ ਤਿੰਨ ਕੁ ਪਾਕਿਸਤਾਨੀ ਰੁਪਏ ਦਾ ਹੈ।
ਇਹ ਇੰਜਣ ਸੀਜ਼ਨ ਦੌਰਾਨ ਲਗਭਗ ਦੋ ਡਰੱਮ ਡੀਜ਼ਲ ਦੇ ਪੀਂਦਾ ਹੈ ਅਤੇ ਵੇਖਦੇ-ਵੇਖਦੇ ਅਸ਼ਰਫ਼ ਦੀ ਝੋਨਾ ਤਿਆਰ ਹੋ ਜਾਂਦਾ ਸੀ। ਹਾਲਾਂਕਿ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਡੀਜ਼ਲ ਦੀ ਕੀਮਤ ਘੱਟ ਹੋਇਆ ਕਰਦੀ ਸੀ।
ਪਿਛਲੇ ਕੁਝ ਸਾਲਾਂ ਦੌਰਾਨ ਡੀਜ਼ਲ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ। ਹੁਣ ਨੌਬਤ ਇੱਥੋਂ ਤੱਕ ਆ ਗਈ ਹੈ ਕਿ ਮੁਹੰਮਦ ਦਾ ਪਰਿਵਾਰ ਖੇਤੀਬਾੜੀ ਦਾ ਕਿੱਤਾ ਛੱਡਣ ਬਾਰੇ ਵਿਚਾਰ ਕਰ ਰਿਹਾ ਹੈ।
ਸਿਰਫ਼ ਮੁਹੰਮਦ ਦੇ ਸਾਥੀ ਕਿਸਾਨ ਅਤੇ ਦੋਸਤ ਹੀ ਉਨ੍ਹਾਂ ਨੂੰ ਅਜਿਹਾ ਕਦਮ ਚੁੱਕਣ ਤੋਂ ਰੋਕ ਰਹੇ ਹਨ ਕਿ ਸ਼ਾਇਦ ਹਾਲਤ ਕੁਝ ਸੁਧਰ ਜਾਣ।

ਮੁਹੰਮਦ ਅਸ਼ਰਫ਼ ਨੂੰ ਵੀ ਆਪਣੇ ਦਿਲ ਉੱਪਰ ਯਕੀਨ ਨਹੀਂ ਆ ਰਿਹਾ। ਆਪਣੀਆਂ ਕਈ ਪੀੜ੍ਹੀਆਂ ਤੋਂ ਉਹ ਖੇਤੀਬਾੜੀ ਹੀ ਕਰਦੇ ਆਏ ਹਨ ਅਤੇ ਕਿਸਾਨ ਹਨ।
ਹਾਲਾਂਕਿ ਹੁਣ ਅਸ਼ਰਫ਼ ਨੂੰ ਲੱਗ ਰਿਹਾ ਹੈ ਕਿ ਜੇ ਹਾਲਾਤ ਵਿੱਚ ਸੁਧਾਰ ਨਾ ਹੋਇਆ ਤਾਂ ਉਹ ਜ਼ਿਆਦਾ ਦੇਰ ਆਪਣੇ ਪੁਸ਼ਤੈਨੀ ਕਿੱਤੇ ਨੂੰ ਜਾਰੀ ਨਹੀਂ ਰੱਖ ਸਕਣਗੇ।
''ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਹੁਣ ਤਾਂ ਲਗਦਾ ਹੈ ਕਿ ਕੱਲ੍ਹ ਲਈ ਕੋਈ ਪੈਸਾ ਬਚੇਗਾ ਹੀ ਨਹੀਂ। ਮੈਨੂੰ ਨਹੀਂ ਪਤਾ ਕੀ ਹੋਵੇਗਾ।''
ਮੁਹੰਮਦ ਅਸ਼ਰਫ਼ ਪਾਕਿਸਤਾਨੀ ਪੰਜਾਬ ਦੇ ਉਨ੍ਹਾਂ ਸੈਂਕੜੇ ਕਿਸਾਨਾਂ ਵਿੱਚੋਂ ਇੱਕ ਹਨ ਜਿਨ੍ਹਾਂ ਲਈ ਸਥਿਤੀਆਂ ਚੰਗੇ ਤੋਂ ਬਦ ਅਤੇ ਬਦ ਤੋਂ ਬਦਤਰ ਹੋ ਗਈਆਂ ਹਨ।
ਮੁਹੰਮਦ ਅਸ਼ਰਫ਼ ਹਾਫ਼ਿਜ਼ਾਬਾਦ ਜਿਲ੍ਹੇ ਨਾਲ ਸੰਬੰਧਿਤ ਹਨ।
ਪੱਛਮੀ ਪੰਜਾਬ ਦਾ ਹਾਫ਼ਿਜ਼ਾਬਾਦ ਅਤੇ ਇਸ ਦੇ ਨਾਲ ਲਗਦੇ ਜਿਲ੍ਹੇ ਚੌਲਾਂ ਦੀ ਖੇਤੀ ਲਈ ਜਾਣੇ ਜਾਂਦੇ ਹਨ। ਇੱਥੋਂ ਦੇ ਚੌਲ ਨਾ ਸਿਰਫ਼ ਪਾਕਿਸਤਾਨ ਦੀ ਘਰੇਲੂ ਮੰਗ ਨੂੰ ਪੂਰਾ ਕਰਦੇ ਹਨ ਸਗੋਂ ਵਿਦੇਸ਼ਾਂ ਵਿੱਚ ਵੀ ਭੇਜੇ ਜਾਂਦੇ ਹਨ।
ਇਸ ਵਿੱਚ ਛੋਟੇ ਅਤੇ ਦਰਮਿਆਨੇ ਕਿਸਾਨਾਂ ਦਾ ਯੋਗਦਾਨ, ਜਿਨ੍ਹਾਂ ਕੋਲ 10 ਤੋਂ 25 ਏਕੜ ਵਾਹੀਯੋਗ ਜ਼ਮੀਨ ਹੈ, ਬਹੁਤ ਵੱਡਾ ਹੈ।

ਕਿਸਾਨਾਂ ਨੂੰ ਡੀਜ਼ਲ ਦੀਆਂ ਕੀਮਤਾਂ ਨਾਲ ਕੀ ਪ੍ਰੇਸ਼ਾਨੀ ਹੈ?
ਮੁਹੰਮਦ ਅਸ਼ਰਫ਼ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਪਿਛਲੇ ਸਾਲ ਮੀਂਹ ਘੱਟ ਪਿਆ ਸੀ ਤਾਂ ਉਨ੍ਹਾਂ ਨੇ ਟਿਊਬਵੈਲ ਚਲਾ ਕੇ ਆਪਣੀ ਫ਼ਸਲ ਪਾਲ਼ੀ ਸੀ।
ਉਸ ਸਮੇਂ ਡੀਜ਼ਲ ਦਾ ਇੱਕ ਡਰੱਮ 19 ਹਜ਼ਾਰ ਰੁਪਏ ਦਾ ਆਉਂਦਾ ਸੀ ਅਤੇ ਅਤੇ ਹੁਣ ਉਹੀ ਡਰੱਮ 47 ਹਜ਼ਾਰ ਰੁਪਏ ਦਾ ਹੋ ਚੁੱਕਿਆ ਹੈ।
ਉਨ੍ਹਾਂ ਨੇ 95 ਹਜ਼ਾਰ ਵਿੱਚ ਦੋ ਡਰੱਮ ਖ਼ਰੀਦੇ ਹਨ।
ਮੁਹੰਮਦ ਅਸ਼ਰਫ਼ ਦਾ ਕਹਿਣਾ ਹੈ ਕਿ ਡੀਜ਼ਲ ਦੇ ਨਾਲ-ਨਾਲ ਖਾਦਾਂ ਵੀ ਮਹਿੰਗੀਆਂ ਹੋਈਆਂ ਹਨ। ਇਸ ਤਰ੍ਹਾਂ ਚੌਲਾਂ ਦੀ ਖੇਤੀ ਉੱਪਰ ਆਉਣ ਵਾਲੀ ਕੁੱਲ ਲਾਗਤ ਹੀ ਤਿੰਨ ਗੁਣਾਂ ਵਧ ਗਈ ਹੈ।
ਇਸ ਕਾਰਨ ਮੁਹੰਮਦ ਅਸ਼ਰਫ਼ ਦਾ ਫ਼ਸਲ ਤੋਂ ਹੋਣ ਵਾਲਾ ਮੁਨਾਫ਼ਾ ਘਟ ਗਿਆ ਹੈ। ਇਹੀ ਹਾਲ ਕੋਟ ਚੀਆਂ ਦੇ ਛੋਟੇ ਕਿਸਾਨ ਪੀਰ ਮੁਹੰਮਦ ਦਾ ਵੀ ਹੈ। ਉਨ੍ਹਾਂ ਨੇ ਇਸ ਸਾਲ ਪੰਜ ਏਕੜ ਜ਼ਮੀਨ ਵਿੱਚ ਹੀ ਚੌਲਾਂ ਦੀ ਖੇਤੀ ਕੀਤੀ ਹੈ।
ਉਹ ਝੋਨੇ ਹੇਠ ਰਕਬਾ ਵਧਾਉਣਾ ਚਾਹੁੰਦੇ ਸਨ ਪਰ ਡੀਜ਼ਲ ਮਹਿੰਗਾ ਹੋ ਜਾਣ ਕਾਰਨ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।
ਉਹ ਦੱਸਦੇ ਹਨ,''ਮੀਂਹ ਨਹੀਂ ਪਿਆ ਹੈ ਅਤੇ ਦੋ ਡਰੱਮ ਖਰਚ ਹੋ ਚੁੱਕੇ ਹਨ। ਹੋਰ ਦੀ ਲੋੜ ਪਏਗੀ। ਇਨ੍ਹਾਂ ਹਾਲਤਾਂ ਵਿੱਚ ਮੈਨੂੰ ਨਹੀਂ ਲਗਦਾ ਕਿ ਸਾਨੂੰ ਕੁਝ ਬਚੇਗਾ।''

ਕੀ ਵੱਡੇ ਜ਼ਮੀਂਦਾਰ ਇਹ ਧੱਕਾ ਸਹਾਰ ਸਕਦੇ ਹਨ?
ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਅਸਰ ਸਿਰਫ਼ ਛੋਟੇ ਜਾਂ ਦਰਮਿਆਨੇ ਕਿਸਾਨਾਂ ਉੱਪਰ ਹੀ ਨਹੀਂ ਪਿਆ ਹੈ ਸਗੋਂ ਵੱਡੇ ਕਿਸਾਨ ਵੀ ਇਸ ਦਾ ਸੇਕ ਮਹਿਸੂਸ ਕਰ ਰਹੇ ਹਨ।
ਹਾਫ਼ਿਜ਼ਾਬਾਦ ਜ਼ਿਲ੍ਹੇ ਦੇ ਨਾਗਰਿਕ ਮਲਿਕ ਅਨਵਰ ਆਪਣੇ ਲਗਭਗ 150 ਏਕੜ ਖੇਤਾਂ ਵਿੱਚ ਝੋਨਾ ਉਗਾਉਂਦੇ ਹਨ। ਉਨ੍ਹਾਂ ਦੇ ਜ਼ਿਆਦਾਤਰ ਟਿਊਬਵੈਲ ਬਿਜਲੀ ਨਾਲ ਚਲਦੇ ਹਨ ਪਰ ਵਾਹੀ ਲਈ ਵਰਤੇ ਜਾਂਦੇ ਟਰੈਕਟਰਾਂ ਵਿੱਚ ਡੀਜ਼ਲ ਦੀ ਵਰਤੋਂ ਹੀ ਹੁੰਦੀ ਹੈ।
ਉਨ੍ਹਾਂ ਲਈ ਸਿਰਫ਼ ਬਿਜਲੀ ਦਾ ਮਹਿੰਗਾ ਹੋ ਜਾਣਾ ਹੀ ਇੱਕ ਸਮੱਸਿਆ ਨਹੀਂ ਹੈ। ਸਗੋਂ, ਲੋਡਸ਼ੈਡਿੰਗ ਕਾਰਨ ਬਿਜਲੀ ਅਕਸਰ ਚਲੀ ਜਾਂਦੀ ਹੈ ਅਤੇ ਬਿਜਲੀ ਦਾ ਮਿਲਣਾ ਵੀ ਭਰੋਸੇਯੋਗ ਨਹੀਂ ਰਿਹਾ ਹੈ।

ਇਹ ਵੀ ਪੜ੍ਹੋ:

ਮਲਿਕ ਹੈਦਰ ਨੇ ਕੁਝ ਸਮਾਂ ਪਹਿਲਾਂ ਬਿਜਲੀ ਆਪ ਪੈਦਾ ਕਰਨੀ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਨੇ ਟਿਊਬਵੈਲਾਂ ਉੱਪਰ ਜਨਰੇਟਰ ਅਤੇ ਡੀਜ਼ਲ ਨਾਲ ਚੱਲਣ ਵਾਲੇ ਟਰੈਕਟਰ ਲਗਾ ਕੇ ਇਸ ਦਾ ਹੱਲ ਕੱਢਿਆ।
ਜਦੋਂ ਲੋਡਸ਼ੈਡਿੰਗ ਜਾਂ ਕਿਸੇ ਹੋਰ ਕਾਰਨ ਤੋਂ ਬਿਜਲੀ ਨਹੀਂ ਆਉਂਦੀ ਤਾਂ ਮਲਿਕ ਇਸ ਤਰ੍ਹਾਂ ਘਰ ਪੂਰਾ ਕਰ ਲੈਂਦੇ ਹਨ।
ਉਹ ਦੱਸਦੇ ਹਨ, ''ਜਨਰੇਟਰ ਇੰਜਣ ਦੀ ਮਦਦ ਨਾਲ ਅਸੀਂ ਇੱਕ 10-ਵਾਟ ਦੀ ਮੋਟਰ ਚਲਾ ਲੈਂਦੇ ਹਾਂ ਜੋ ਕਿ ਟਿਊਬਵੈਲ ਨੂੰ ਸੌਖਿਆਂ ਹੀ ਚਾਲੂ ਰੱਖ ਲੈਂਦੀ ਹੈ। ਅਸੀਂ ਅਜਿਹੀਆਂ ਤਿੰਨ ਮੋਟਰਾਂ ਚਲਾਉਂਦੇ ਹਾਂ ਪਰ ਟਰੈਕਟਰਾਂ ਵਿੱਚ ਜ਼ਿਆਦਾ ਡੀਜ਼ਲ ਖਰਚ ਹੁੰਦਾ ਹੈ।''

ਕੀ ਇਸਦਾ ਕੋਈ ਹੱਲ ਹੈ?
ਇਹ ਇਸ ਸਮੱਸਿਆ ਦਾ ਕੋਈ ਟਿਕਾਊ ਹੱਲ ਨਹੀਂ ਹੈ।
ਹਾਲ ਹੀ ਵਿੱਚ ਮਲਿਕ ਅਨਵਰ ਹੈਦਰ ਨੇ ਟਿਊਬਵੈਲ ਚਲਾਉਣ ਲਈ ਸੋਲਰ ਊਰਜਾ ਵਰਤਣ ਦਾ ਫ਼ੈਸਲਾ ਲਿਆ।
ਸ਼ੁਰੂ ਵਿੱਚ ਇਹ ਮੱਛੀ ਪਾਲਣ ਲਈ ਉਨ੍ਹਾਂ ਦੇ ਅੱਧੇ ਏਕੜ ਵਿੱਚ ਫੈਲੇ ਤਲਾਅ ਲਈ ਵਰਤਿਆ ਗਿਆ।
ਟਿਊਬਵੈਲ ਉੱਪਰ ਸੋਲਰ ਪੈਨਲ ਦੂਹਰਾ ਕੰਮ ਕਰਦੇ ਹਨ। ਉਹ ਸਿੰਚਾਈ ਵੀ ਕਰਦੇ ਹਨ ਅਤੇ ਮੱਛੀਆਂ ਦੇ ਤਲਾਅ ਨੂੰ ਵੀ ਭਰਿਆ ਰੱਖਦੇ ਹਨ।
ਮਲਿਕ ਨੇ ਸਿਖਿਆ ਹੈ ਕਿ ਸੋਲਰ ਊਰਜਾ ਨੂੰ ਵਰਤਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਪਹਿਲਾਂ ਤਲਾਅ ਭਰਿਆ ਜਾਵੇ ਅਤੇ ਫਿਰ ਉਸ ਦੇ ਪਾਣੀ ਨਾਲ ਖੇਤ ਸਿੰਚੇ ਜਾਣ।
ਉਹ ਦੱਸਦੇ ਹਨ,''ਜਦੋਂ ਵੀ ਬੱਦਲਵਾਈ ਹੁੰਦੀ ਹੈ ਤਾਂ ਸੋਲਰ ਪੈਨਲ ਕੰਮ ਨਹੀਂ ਕਰਦੇ ਅਤੇ ਬਿਜਲੀ ਗੁੱਲ ਹੋ ਜਾਂਦੀ ਹੈ। ਉਸ ਸਥਿਤੀ ਵਿੱਚ ਅਸੀਂ ਤਲਾਅ ਵਿੱਚੋਂ ਪਾਣੀ ਕੱਢ ਕੇ ਇਸ ਨੂੰ ਖੇਤਾਂ ਲਈ ਵਰਤਦੇ ਹਾਂ।''
ਉਹ ਦੱਸਦੇ ਹਨ ਕਿ ਮੰਨ ਲਓ ਜਦੋਂ ਤਿੰਨ ਚੌਥਾਈ ਖੇਤ ਦੀ ਸਿੰਚਾਈ ਪੂਰੀ ਹੋ ਜਾਵੇ ਤੇ ਬਿਜਲੀ ਚਲੀ ਜਾਂਦੀ ਹੈ। ਉਸ ਸਮੇਂ ਪਾਣੀ ਦਾ ਵਹਾਅ ਬਰਕਰਾਰ ਰੱਖਣਾ ਮੁਸ਼ਕਲ ਹੋ ਜਾਂਦਾ ਹੈ। ਇਸ ਦੌਰਾਨ ਦੋ- ਤਿੰਨ ਘੰਟਿਆਂ ਵਿੱਚ ਸਿੰਚਿਆ ਹੋਇਆ ਖੇਤ ਵੀ ਸੁੱਕ ਜਾਂਦਾ ਹੈ।
''ਫਿਰ ਤਲਾਅ ਦਾ ਪਾਣੀ ਕੰਮ ਸਾਰਦਾ ਹੈ ਅਤੇ ਸੋਲਰ ਊਰਜਾ ਇਸ ਲਈ ਬਿਹਤਰੀਨ ਹੈ।''
ਹੁਣ ਕਿਉਂਕਿ ਉਹ ਮੱਛੀ ਪਾਲਣ ਵੀ ਕਰਦੇ ਹਨ ਤਾਂ ਸਾਲ ਦੇ ਅੰਤ ਵਿੱਚ ਉਹ ਇਸ ਤੋਂ ਵੀ ਕੁਝ ਮੁਨਾਫ਼ਾ ਕਮਾ ਲੈਂਦੇ ਹਨ।
''ਸੋਲਰ ਧੁੱਪ ਵਾਲੇ ਦਿਨਾਂ ਵਿੱਚ ਵਧੀਆ ਕੰਮ ਕਰਦੇ ਹਨ। ਉਨ੍ਹਾਂ ਦਿਨਾਂ ਵਿੱਚ ਇਹ ਸਵੇਰ ਦੇ ਪੰਜ ਵਜੇ ਤੋਂ ਸ਼ਾਮ ਦੇ ਸੱਤ ਵਜੇ ਤੱਕ ਕੰਮ ਕਰਦੇ ਹਨ ਅਤੇ ਉਸ ਦੌਰਾਨ ਭਰਭੂਰ ਪਾਣੀ ਉਪਲਭਦ ਹੁੰਦਾ ਹੈ।''

ਸੋਲਰ ਉੱਪਰ ਕਿੰਨਾ ਖ਼ਰਚਾ ਆਉਂਦਾ ਹੈ?
ਕਿਸਾਨਾਂ ਵਿੱਚ ਸੋਲਰ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੀ ਪਿਛਲੇ ਕੁਝ ਸਾਲਾਂ ਦੌਰਾਨ ਕਈ ਸਕੀਮਾਂ ਵੀ ਚਲਾਈਆਂ ਗਈਆਂ ਹਨ।
ਪੰਜਾਬ ਸਰਕਾਰ ਕਿਸਾਨਾਂ ਨੂੰ ਅਜਿਹੇ ਪ੍ਰੋਜੈਕਟ ਸ਼ੁਰੂ ਕਰਨ ਲਈ ਸਬਸਿਡੀ ਵੀ ਦਿੰਦੀ ਹੈ।
ਸਰਕਾਰ ਕਿਸਾਨਾਂ ਨੂੰ 60% ਤੱਕ ਦੀ ਸਬਸਿਡੀ ਦਿਆ ਕਰਦੀ ਸੀ। ਹਾਲਾਂਕਿ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਣਾਲੀ ਸਰਕਾਰ ਵੱਲੋਂ ਦਿੱਤੀ ਜਾਂਦੀ ਸਭਸਿਡੀ ਨਾਲੋਂ ਬਹੁਤ ਜ਼ਿਆਦਾ ਮਹਿੰਗੀ ਹੈ।
ਮਲਿਕ ਹੈਦਰ ਦਾ ਕਹਿਣਾ ਹੈ ਕਿ ਆਪਣੇ ਖੇਤ ਵਿੱਚ ਉਨ੍ਹਾਂ ਨੇ ਜੋ ਵੀ ਸੋਲਰ ਪ੍ਰਣਾਲੀ ਲਗਵਾਈ ਹੈ, ਉਸ ਦਾ ਭੁਗਤਾਨ ਉਨ੍ਹਾਂ ਨੇ ਆਪਣੀ ਜੇਬ੍ਹ ਵਿੱਚੋਂ ਕੀਤੀ ਹੈ।
ਉਸ ਸਮੇਂ ਮੈਂ ਬਜ਼ਾਰ ਵਿੱਚ ਗਿਆ ਅਤੇ ਸਰਵੇਖਣ ਕੀਤਾ। ਸਰਕਾਰ ਵੱਲੋਂ ਸਬਸਿਡੀ ਵਾਲੀ ਪ੍ਰਣਾਲੀ ਜ਼ਿਆਦਾ ਮਹਿੰਗੀ ਪੈ ਰਹੀ ਸੀ।
ਮਲਿਕ ਹੈਦਰ ਦੱਸਦੇ ਹਨ ਕਿ ਉਨ੍ਹਾਂ ਨੇ ਸਾਰੇ ਪੁਰਜੇ/ਉਪਕਰਣ ਇੱਕੋ ਥਾਂ ਤੋਂ ਨਹੀਂ ਖ਼ਰੀਦੇ ਹਨ। ਕੁਝ ਚੀਜ਼ਾਂ ਉਨ੍ਹਾਂ ਨੇ ਖ਼ੁਦ ਵੀ ਬਣਵਾਈਆਂ ਜੋ ਕਿ ਬਜ਼ਾਰ ਵਿੱਚ ਮਿਲਦੀਆਂ ਚੀਜ਼ਾਂ ਨਾਲੋਂ ਜ਼ਿਆਦਾ ਮਜ਼ਬੂਤ ਹਨ।
ਮਲਿਕ ਦੱਸਦੇ ਹਨ ਕਿ ਉਹ ਸੋਲਰ ਊਰਜਾ ਦੀ ਵਰਤੋਂ ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ਦੀ ਸਿੰਚਾਈ ਲਈ ਵੀ ਸਾਰਾ ਸਾਲ ਕਰਦੇ ਹਨ। ਸੋਲਰ ਊਰਜਾ ਵਾਤਾਵਰਣ ਲਈ ਵੀ ਠੀਕ ਹੈ ਕਿਉਂਕਿ ਇਸ ਵਿੱਚ ਕੋਈ ਊਰਜਾ ਖਰਚ ਨਹੀਂ ਹੁੰਦੀ।
ਉਨ੍ਹਾਂ ਦਾ ਕਹਿਣਾ ਹੈ ਕਿ ਜੇ ਉਹ ਸੋਲਰ ਪ੍ਰਣਾਲੀ ਨੂੰ ਸੰਭਾਲ ਕੇ ਰੱਖਣ ਤਾਂ ਅਗਲੇ 25 ਸਾਲਾਂ ਤੱਕ ਉਸ ਨੂੰ ਚਲਾ ਸਕਦੇ ਹਨ। ਸੋਲਰ ਪ੍ਰਣਾਲੀ ਸਦਕਾ ਉਨ੍ਹਾਂ ਦਾ ਡੀਜ਼ਲ ਦਾ ਖ਼ਰਚਾ ਲਗਭਗ ਅੱਧਾ ਰਹਿ ਗਿਆ ਹੈ।
ਮਲਿਕ ਹੈਦਰ ਦਾ ਕਹਿਣਾ ਹੈ ਕਿ ਜੇ ਸੋਲਰ ਪ੍ਰਣਾਲੀ ਵਾਜਿਬ ਕੀਮਤ ਉੱਪਰ ਮਿਲੇ ਤਾਂ ਇਹ ਈਂਧਣ ਦਾ ਚੰਗਾ ਬਦਲ ਸਾਬਤ ਹੋ ਸਕਦੀ ਹੈ।

ਫਿਰ ਛੋਟੇ ਕਿਸਾਨ ਸੋਲਰ ਪ੍ਰਣਾਲੀ ਕਿਉਂ ਨਹੀਂ ਲਗਵਾ ਲੈਂਦੇ?
ਸਮੱਸਿਆ ਇਹ ਹੈ ਕਿ 10 ਤੋਂ 20 ਏਕੜ ਵਾਲੇ ਛੋਟੇ ਕਿਸਾਨਾਂ ਕੋਲ ਇਸ ਲਈ ਲੋੜੀਂਦੇ ਆਰਥਿਕ ਵਸੀਲੇ ਨਹੀਂ ਹਨ।
ਕੋਟ ਛਈਆਂ ਦੇ ਪੀਰ ਮੁਹੰਮਦ ਦਾ ਵੀ ਮੰਨਣਾ ਹੈ ਕਿ ਜੇ ਉਹ ਸੋਲਰ ਲਗਵਾ ਲੈਣ ਤਾਂ ਉਨ੍ਹਾਂ ਦਾ ਮੁਨਾਫ਼ਾ ਕਈ ਗੁਣਾਂ ਵਧ ਸਕਦਾ ਹੈ। ਮੁਹੰਮਦ ਅਸ਼ਰਫ਼ ਵੀ ਇਸ ਨਾਲ ਸਹਿਮਤ ਹਨ।
ਹਾਲਾਂਕਿ ਦੋਵਾਂ ਕੋਲ ਹੀ ਇਸ ਲਈ ਪੈਸੇ ਨਹੀਂ ਹਨ।
ਪੀਰ ਮੁਹੰਮਦ ਕਹਿੰਦੇ ਹਨ ਜੇ ਸਰਕਾਰ ਛੋਟੇ ਕਿਸਾਨਾਂ ਦਾ ਸਹਿਯੋਗ ਕਰੇ ਤਾਂ ਸਾਡਾ ਡੀਜ਼ਲ ਦੇ ਖਰਚੇ ਤੋਂ ਸਦਾ ਲਈ ਖਹਿੜਾ ਛੱਡ ਸਕਦਾ ਹੈ।
ਉਹ ਕਹਿੰਦੇ ਹਨ ਕਿ ਜੇ ਸਰਕਾਰ ਮਾਸਿਕ ਕਿਸ਼ਤਾਂ ਉਪਰ ਸੋਲਰ ਲਗਾ ਦੇਵੇ ਤਾਂ ਉਹ ਕਿਸ਼ਤਾਂ ਤਾਰਦੇ ਰਹਿਣਗੇ।
ਅਨਵਰ ਮਲਿਕ ਕਹਿੰਦੇ ਹਨ ਕਿ ਮੰਗ ਵਧਣ ਕਾਰਨ ਸੋਲਰ ਦੇ ਉਪਕਰਣ ਵੀ ਮਹਿੰਗੇ ਹੋ ਗਏ ਹਨ। ਇਸ ਤੋਂ ਇਲਾਵਾ ਇਨ੍ਹਾਂ ਨੂੰ ਦਰਾਮਦ ਕਰਨ ਉੱਪਰ ਟੈਕਸ ਵੀ ਲਗਾ ਦਿੱਤਾ ਗਿਆ ਹੈ।
ਜੇ ਕੀਮਤਾਂ ਵਧਣੀਆਂ ਜਾਰੀ ਰਹਿਣਗੀਆਂ ਤਾਂ ਕਿਸਾਨਾਂ ਲਈ ਆਪਣੇ ਖੇਤਾਂ ਵਿੱਚ ਸੋਲਰ ਪ੍ਰਣਾਲੀ ਲਗਵਾ ਸਕਣਾ ਮੁਸ਼ਕਲ ਹੋ ਜਾਵੇਗਾ।
ਹਾਲਾਂਕਿ ਅਨਵਰ ਕਹਿੰਦੇ ਹਨ ਕਿ ਜੇ ਸਰਕਾਰ ਚੰਗੀਆਂ ਕੰਪਨੀਆਂ ਤੋਂ ਇਹ ਸਮਾਨ ਮੰਗਵਾਏ ਅਤੇ ਟੈਕਸ ਹਟਾ ਦੇਵੇ ਤਾਂ ਉਹ ਇਸ ਨੂੰ ਵਧਾਉਣ ਬਾਰੇ ਸੋਚ ਸਕਦੇ ਹਨ।
ਮਲਿਕ ਹੈਦਰ ਦਾ ਕਹਿਣਾ ਹੈ ਕਿ ਅਸਲੀ ਮੁਸ਼ਕਲ ਤਾਂ ਛੋਟੇ ਕਿਸਾਨਾਂ ਲਈ ਹੈ, ਜੋ ਇਹ ਖਰਚਾ ਨਹੀਂ ਚੁੱਕ ਸਕਦੇ ਹਨ।
ਇਸ ਲਈ ਸਰਕਾਰ ਨੂੰ ਪ੍ਰਣਾਲੀ ਲਗਾਉਣ ਵਿੱਚ ਛੋਟੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ। ਇੱਕ ਵਾਰ ਲੱਗ ਜਾਵੇ ਤਾਂ ਇਸ ਦਾ ਕੋਈ ਖਰਚਾ ਨਹੀਂ ਹੈ ਅਤੇ ਇਹ ਕਈ ਸਾਲ ਚੱਲਦਾ ਹੈ।
ਇਹ ਵੀ ਪੜ੍ਹੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












