ਪਾਕਿਸਤਾਨ 'ਚ ਮਹਿੰਗਾਈ ਅਸਮਾਨ ’ਤੇ: 'ਹੁਣ ਮੈਂ ਬਿਰਿਆਨੀ ਦੀ ਥਾਂ ਛੋਲੇ-ਚਾਵਲ ਬਣਾਉਂਦੀ ਹਾਂ'

ਤਸਵੀਰ ਸਰੋਤ, Getty Images
- ਲੇਖਕ, ਫ਼ਰਹਤ ਜਾਵੇਦ
- ਰੋਲ, ਬੀਬੀਸੀ ਉਰਦੂ, ਇਸਲਾਮਾਬਾਦ
ਪਾਕਿਸਤਾਨ ਵਿੱਚ ਮਹਿੰਗਾਈ ਦੀ ਸ਼ਿਕਾਇਤ ਤਾਂ ਲੋਕਾਂ ਨੇ ਹਰ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੀ ਹੈ, ਪਰ ਪਿਛਲੇ ਕੁਝ ਮਹੀਨਿਆਂ ਦੌਰਾਨ ਭਾਵੇਂ ਗਰੀਬ ਹੋਵੇ ਜਾਂ ਫਿਰ ਮੱਧ ਵਰਗ, ਹਰੇਕ ਤਬਕੇ ਦਾ ਜੀਅ ਪ੍ਰੇਸ਼ਾਨ ਹੈ।
ਸਪਸ਼ਟ ਤੌਰ 'ਤੇ ਖਾਂਦੇ-ਪੀਂਦੇ ਪਰਿਵਾਰ ਵੀ ਮਹਿੰਗਾਈ ਦਾ ਰੋਣਾ ਰੋ ਰਹੇ ਹਨ। ਪਰ ਆਮ ਨੌਕਰੀਪੇਸ਼ਾ ਨਾਗਰਿਕਾਂ ਲਈ ਇਹ ਇੱਕ ਵੱਡੀ ਜੰਗ ਹੈ, ਜੋ ਉਨ੍ਹਾਂ ਨੂੰ ਹਰ ਰੋਜ਼ ਲੜਨੀ ਪੈ ਰਹੀ ਹੈ।
ਰਾਵਲਪਿੰਡੀ ਦੀ ਵਸਨੀਕ ਖ਼ਾਲਿਦਾ ਖ਼ਵਾਜਾ ਦਾ ਕਹਿਣਾ ਹੈ ਕਿ ਮਹਿੰਗਾਈ ਇੱਕ ਅਜਿਹੀ ਸੁਰੰਗ ਦੀ ਤਰ੍ਹਾਂ ਹੈ, ਜਿਸ ਦੇ ਆਖ਼ਰੀ ਸਿਰੇ 'ਤੇ ਕੋਈ ਰੋਸ਼ਨੀ ਨਹੀਂ ਹੈ। ਉਹ ਇੱਕ ਮੱਧਵਰਗੀ ਪਰਿਵਾਰ ਨਾਲ ਸਬੰਧਿਤ ਹਨ ਅਤੇ ਅੱਜ-ਕੱਲ੍ਹ ਉਨ੍ਹਾਂ ਲਈ ਇੱਕੋ ਇੱਕ ਰਾਹਤ 'ਆਪਣਾ ਘਰ' ਅਤੇ 'ਬੱਚਿਆਂ ਦੀ ਮੁਕੰਮਲ ਪੜ੍ਹਾਈ' ਹੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਜਦੋਂ ਉਹ ਆਪਣੇ ਬੱਚਿਆਂ ਦੇ ਵਿਆਹ ਬਾਰੇ ਸੋਚ ਰਹੇ ਹਨ ਤਾਂ ਮਹਿੰਗਾਈ ਨੂੰ ਅੱਗ ਲੱਗੀ ਪਈ ਹੈ।
ਉਹ ਅੱਗੇ ਕਹਿੰਦੇ ਹਨ, "ਅਜਿਹੀ ਸਥਿਤੀ 'ਚ ਅਸੀਂ ਕਿਸੇ ਹੋਰ ਦੇ ਵਿਆਹ 'ਚ ਜਾਣ ਤੋਂ ਪਹਿਲਾਂ ਕਈ ਵਾਰ ਸੋਚਦੇ ਹਾਂ ਤਾਂ ਆਪਣੇ ਘਰ 'ਚ ਵਿਆਹ ਕਰਨਾ ਬਹੁਤ ਹੀ ਮੁਸ਼ਕਲ ਲੱਗ ਰਿਹਾ ਹੈ।"
ਖ਼ਾਲਿਦਾ ਦੇ ਘਰ ਦਾ ਬਜਟ ਜਾਣਨ ਤੋਂ ਪਹਿਲਾਂ ਅਸੀਂ ਕੁਝ ਅੰਕੜੇ ਜਾਣਦੇ ਹਾਂ ਤਾਂ ਜੋ ਪਤਾ ਲੱਗ ਸਕੇ ਕਿ ਮਹਿੰਗਾਈ ਦੀ ਮਾਰ ਸਾਰਿਆਂ ਉੱਤੇ ਕਿਉਂ ਭਾਰੀ ਪੈ ਰਹੀ ਹੈ।

ਤਸਵੀਰ ਸਰੋਤ, Getty Images
ਖਾਣ-ਪੀਣ ਦੀਆਂ ਚੀਜ਼ਾਂ ਕਿੰਨੀਆਂ ਮਹਿੰਗੀਆਂ ਹੋਈਆਂ ?
ਜੇਕਰ ਪਿਛਲੇ ਸਾਲ ਨਾਲ ਤੁਲਨਾ ਕੀਤੀ ਜਾਵੇ ਤਾਂ ਪਾਕਿਸਤਾਨ ਦੇ ਅੰਕੜਾ ਵਿਭਾਗ ਮੁਤਾਬਕ ਚਾਲੂ ਸਾਲ ਦੇ ਜੁਲਾਈ ਮਹੀਨੇ 'ਚ ਪਿਛਲੇ ਸਾਲ ਦੇ ਮੁਕਾਬਲੇ ਮਹਿੰਗਾਈ ਤਕਰੀਬਨ 25% ਵਧੀ ਹੈ।
- ਦਾਲਾਂ 35 ਤੋਂ 92% ਤੱਕ ਮਹਿੰਗੀਆਂ ਹੋਈਆਂ ਹਨ।
- ਪਿਆਜ਼ ਲਗਭਗ 60% ਅਤੇ ਮੀਟ ਦੀ ਕੀਮਤ 'ਚ 26% ਵਾਧਾ ਹੋਇਆ ਹੈ।
- ਸਬਜ਼ੀਆਂ 40% ਅਤੇ ਫਲ਼ 39% ਮਹਿੰਗੇ ਹੋਏ ਹਨ।
- ਦੁੱਧ 25% ਅਤੇ ਅੰਡੇ ਤੇ ਚਾਹ ਪੱਤੀ 23% ਮਹਿੰਗੀ ਹੋਈ ਹੈ।
ਹੋਰ ਵਸਤਾਂ ਕਿੰਨੀਆਂ ਮਹਿੰਗਾਆਂ ਹੋਈਆਂ ?
ਇਹ ਸਥਿਤੀ ਤਾਂ ਖਾਣ-ਪੀਣ ਦੀਆਂ ਵਸਤੂਆਂ ਦੀ ਹੈ, ਹੁਣ ਇੱਕ ਨਜ਼ਰ ਹੋਰ ਚੀਜ਼ਾਂ 'ਤੇ ਵੀ ਪਾ ਲੈਂਦੇ ਹਾਂ।

ਇਹ ਵੀ ਪੜ੍ਹੋ-

ਨਹਾਉਣ ਵਾਲੇ ਸਾਬਣ-ਪਾਊਡਰ ਅਤੇ ਇੱਥੋਂ ਤੱਕ ਕਿ ਮਾਚਿਸ ਦੀ ਡੱਬੀ ਦੀ ਕੀਮਤ ਵਿੱਚ ਵੀ 25% ਵਾਧਾ ਦਰਜ ਕੀਤਾ ਗਿਆ ਹੈ।
ਕੱਪੜਿਆਂ ਦੀ ਕੀਮਤ 'ਚ 18% ਜੁੱਤੀਆਂ ਦੀ ਕੀਮਤ 19% ਅਤੇ ਪਲਾਸਟਿਕ ਦੇ ਸਮਾਨ ਦੀ ਕੀਮਤ 'ਚ ਵੀ 19% ਵਾਧਾ ਹੋਇਆ ਹੈ।
ਵਾਹਨਾਂ ਦੇ ਈਂਧਨ ਦੀਆਂ ਕੀਮਤਾਂ 'ਚ ਵੀ ਹੈਰਾਨੀਜਨਕ ਵਾਧਾ ਹੋਇਆ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 95% ਹੈ।
ਬਿਜਲੀ ਦੀਆਂ ਦਰਾਂ 'ਚ 87% ਵਾਧਾ ਦਰਜ ਕੀਤਾ ਗਿਆ ਹੈ।

'ਹੁਣ ਬਰਿਆਨੀ ਮਸਾਲਾ ਫ਼ਜ਼ੂਲ ਖਰਚੀ ਲੱਗਦਾ ਹੈ'
ਖ਼ਾਲਿਦਾ ਖ਼ਵਾਜਾ ਦੱਸਦੇ ਹੈ ਕਿ ਅੱਜ ਦੇ ਸਮੇਂ ਵਿੱਚ ਇੱਕ ਆਮ ਘਰ ਚਲਾਉਣਾ ਕਿੰਨਾ ਮੁਸ਼ਕਲ ਹੈ।
ਉਨ੍ਹਾਂ ਦੇ ਘਰ ਵਿੱਚ ਚਾਰ ਬੱਚੇ ਹਨ ਜਦਕਿ ਕਮਾਉਣ ਵਾਲੇ ਦੋ ਲੋਕ ਹੀ ਹਨ। ਉਨ੍ਹਾਂ ਦੇ ਪਤੀ ਛੋਟਾ ਮੋਟਾ ਕਾਰੋਬਾਰ ਕਰਦੇ ਹਨ ਅਤੇ ਉਨ੍ਹਾਂ ਦੇ ਇੱਕ ਬੇਟੇ ਨੇ ਹਾਲ 'ਚ ਹੀ ਨਿੱਜੀ ਸੈਕਟਰ 'ਚ ਨੌਕਰੀ ਸ਼ੁਰੂ ਕੀਤੀ ਹੈ।
ਜਦੋਂ ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਮਹਿੰਗਾਈ ਦੇ ਨਾਲ ਉਨ੍ਹਾਂ ਦੀ ਆਮਦਨ 'ਚ ਵੀ ਵਾਧਾ ਹੋਇਆ ਹੈ?
ਇਸ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, " ਔਸਤਨ ਆਮਦਨ ਤਾਂ ਉਹੀ ਹੈ, ਜਿੰਨੀ ਕਿ ਤਿੰਨ ਸਾਲ ਪਹਿਲਾਂ ਸੀ। ਜ਼ਰੂਰਤਾਂ ਵੀ ਉਹੀ ਹਨ, ਪਰ ਮਹਿੰਗਾਈ ਦੇ ਕਾਰਨ ਖਰਚਾ ਬੇਲਗਾਮ ਵੱਧਦਾ ਜਾ ਰਿਹਾ ਹੈ। ਕਿਰਆਨੇ ਦੀ ਦੁਕਾਨ 'ਤੇ ਪੰਜ ਹਜ਼ਾਰ ਰੁਪਏ ਲੈ ਕੇ ਜਾਓ ਤਾਂ ਵੀ ਦੋ ਥੈਲੇ ਪੂਰੀ ਤਰ੍ਹਾਂ ਨਹੀਂ ਭਰਦੇ ਹਨ ਪਰ ਜੇਬ ਜ਼ਰੂਰ ਖਾਲੀ ਹੋ ਜਾਂਦੀ ਹੈ।"
ਉਨ੍ਹਾਂ ਦਾ ਕਹਿਣਾ ਹੈ, "ਹਰ ਵਾਰ ਟੋਕਰੀ ਵਿੱਚ ਕੋਈ ਵੀ ਚੀਜ਼ ਰੱਖਣ ਤੋਂ ਪਹਿਲਾਂ ਸੌ ਵਾਰੀ ਸੋਚਦੀ ਹਾਂ ਕਿ ਕੀ ਇਸ ਤੋਂ ਬਿਨ੍ਹਾਂ ਗੁਜ਼ਾਰਾ ਹੋ ਸਕਦਾ ਹੈ। ਬਸ ਇਹੀ ਸੋਚ- ਸੋਚ ਕੇ ਮੈਂ ਅੱਧੇ ਨਾਲੋਂ ਵੱਧ ਚੀਜ਼ਾਂ ਵਾਪਸ ਰੱਖ ਦਿੰਦੀ ਹਾਂ। ਪਹਿਲਾਂ ਤਾਂ ਜ਼ਰੂਰੀ ਚੀਜ਼ਾਂ ਤੋਂ ਇਲਾਵਾ ਵੀ ਕੁਝ ਪਸੰਦ ਆ ਜਾਂਦਾ ਸੀ ਤਾਂ ਮੈਂ ਰੱਖ ਲੈਂਦੀ ਸੀ, ਪਰ ਹੁਣ ਤਾਂ ਨੌਬਤ ਇਹ ਆ ਗਈ ਹੈ ਕਿ ਬਰਿਆਨੀ ਮਸਾਲਾ ਵੀ ਨਹੀਂ ਖਰੀਦਦੀ ਹਾਂ ਕਿਉਂਕਿ ਇਸ ਮਹਿੰਗਾਈ ਦੇ ਦੌਰ 'ਚ ਇਹ ਪੈਸੇ ਦੀ ਬਰਬਾਦੀ ਲੱਗਦਾ ਹੈ।"
' ਹੁਣ ਬਰਿਆਨੀ ਦੀ ਥਾਂ 'ਤੇ ਛੋਲੇ-ਚਾਵਲ'
ਖ਼ਾਲਿਦਾ ਸਵਾਲ ਕਰਦੇ ਹਨ ਹੈ ਕਿ ਕੀ ਮਹਿੰਗਾਈ ਕਾਰਨ ਖਾਣਾ-ਪੀਣਾ ਛੱਡਿਆ ਜਾ ਸਕਦਾ ਹੈ? ਕੀ ਅਸੀਂ ਤੇਲ, ਘਿਓ ਜਾਂ ਆਟਾ-ਦਾਲਾਂ ਛੱਡ ਸਕਦੇ ਹਾਂ?'
ਉਨ੍ਹਾਂ ਦਾ ਕਹਿਣਾ ਹੈ, "ਮੁਰਗੀ ਅਤੇ ਮੀਟ ਤਾਂ ਵੈਸੇ ਹੀ ਪਹੁੰਚ ਤੋਂ ਦੂਰ ਹੈ। ਪਹਿਲਾਂ ਤਾਂ ਹਰ ਵੇਲੇ ਤਾਜ਼ਾ ਖਾਣਾ ਪਕਦਾ ਸੀ, ਪਰ ਹੁਣ ਤਾਂ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਦੁਪਹਿਰ ਦੀ ਬਣੀ ਰੋਟੀ ਹੀ ਰਾਤ ਨੂੰ ਖਾਧੀ ਜਾਵੇ।"
" ਪਹਿਲਾਂ ਮੈਂ ਬਰਿਆਨੀ ਬਣਾਉਂਦੀ ਸੀ, ਪਰ ਹੁਣ ਛੋਲੇ-ਚੌਲ ਹੀ ਬਣਾਉਂਦੀ ਹਾਂ। ਇਹ ਉਹ ਕਟੌਤੀਆਂ ਹਨ, ਜੋ ਕਿ ਅਸੀਂ ਕਰ ਸਕਦੇ ਹਾਂ।"
ਬਿਜਲੀ ਦੇ ਬਿੱਲ ਬਾਰੇ ਗੱਲ ਕਰਦਿਆਂ ਉਹ ਕਹਿੰਦੇ ਹਨ, "ਬਿਜਲੀ ਦਾ ਬਿਲ ਤਾਂ ਹਰ ਕਿਸੇ 'ਤੇ ਭਾਰੀ ਹੈ। ਅਸੀਂ ਦੋ ਏਸੀਆਂ 'ਚੋਂ ਇੱਕ ਹੀ ਚਲਾਉਂਦੇ ਹਾਂ ਅਤੇ ਉਹ ਵੀ ਬਹੁਤ ਜ਼ਿਆਦਾ ਗਰਮੀ ਪੈਣ 'ਤੇ ਹੀ। ਇਸ ਤੋਂ ਇਲਾਵਾ ਫਰਿੱਜ ਚੱਲਦਾ ਹੈ ਅਤੇ ਹਫ਼ਤੇ 'ਚ ਇੱਕ ਵਾਰ ਵਾਸ਼ਿੰਗ ਮਸ਼ੀਨ ਵੀ ਚੱਲਦੀ ਹੈ। ਫਿਰ ਵੀ ਇਸ ਮਹੀਨੇ ਬਿਜਲੀ ਦਾ ਬਿਲ 30 ਹਜ਼ਾਰ ਰੁਪਏ ਆਇਆ ਹੈ।"
ਭਾਰਤ ਦੇ ਹਿਸਾਬ ਨਾਲ ਇੱਕ ਭਾਰਤੀ ਰੁਪਏ ਦੇ ਲਗਭਗ ਪੌਣੇ ਤਿੰਨ ਪਾਕਿਸਤਾਨੀ ਰੁਪਏ ਬਣਦੇ ਹਨ।

'ਰਿਸ਼ਤੇਦਾਰਾਂ ਦੇ ਘਰ ਜਾਣ ਦਾ ਮਤਲਬ ਪੈਟਰੋਲ ਦਾ ਖਰਚਾ'
ਪੈਟਰੋਲ ਦੀਆਂ ਵਧੀਆਂ ਕੀਮਤਾਂ ਦਾ ਜ਼ਿਕਰ ਕਰਦਿਆਂ ਖ਼ਾਲਿਦਾ ਕਹਿੰਦੇ ਹਨ, "ਆਦਮੀ ਤਾਂ ਆਮ ਤੌਰ 'ਤੇ ਮੋਟਰਸਾਈਕਲ ਹੀ ਚਲਾਉਂਦੇ ਹਨ। ਜੇਕਰ ਪੂਰਾ ਪਰਿਵਾਰ ਹੋਵੇ ਤਾਂ ਅਸੀਂ ਗੱਡੀ/ਕਾਰ ਵਰਤਦੇ ਹਾਂ, ਪਰ ਹੁਣ ਰਿਸ਼ਤੇਦਾਰਾਂ ਆਦਿ ਕੋਲ ਜਾਣਾ ਬਹੁਤ ਹੀ ਘੱਟ ਗਿਆ ਹੈ, ਕਿਉਂਕਿ ਕਿਸੇ ਦੇ ਘਰ ਜਾਣ ਦਾ ਮਤਲਬ ਹੈ ਪੈਟਰੋਲ ਦਾ ਵਾਧੂ ਖਰਚਾ ਅਤੇ ਕਿਸੇ ਦੇ ਘਰ ਖਾਲੀ ਹੱਥ ਵੀ ਤਾਂ ਨਹੀਂ ਜਾਇਆ ਜਾਂਦਾ।"
ਖ਼ਾਲਿਦਾ ਦੇ ਅਨੁਸਾਰ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਰੋਜ਼ਾਨਾ ਦੀਆਂ ਲੋੜਾਂ ਵੀ ਪੂਰੀਆਂ ਨਹੀ ਹੋ ਰਹੀਆਂ ਹਨ ਅਤੇ ਅਜਿਹੀ ਸਥਿਤੀ 'ਚ ਕਿਸੇ ਐਮਰਜੈਂਸੀ ਲਈ ਕੁਝ ਵੀ ਨਹੀਂ ਬਚਦਾ ਹੈ।
ਇਹ ਵੀ ਪੜ੍ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












