ਕਿਸੇ ਬੰਦੇ ਨੂੰ ਕਿੰਨਾ ਸੌਣਾ ਚਾਹੀਦਾ ਹੈ, ਕੀ 8 ਘੰਟਿਆਂ ਦੀ ਨੀਂਦ ਸਭ ਲਈ ਜ਼ਰੂਰੀ ਹੈ?

ਤਸਵੀਰ ਸਰੋਤ, ImagesBazaar
ਇੱਕ ਸਿਹਤਮੰਦ ਇਨਸਾਨ ਨੂੰ ਹਰ ਰਾਤ ਕਿੰਨੇ ਘੰਟਿਆਂ ਦੀ ਨੀਂਦ ਜ਼ਰੂਰੀ ਹੁੰਦੀ ਹੈ?, ਹੋ ਸਕਦਾ ਹੈ ਕਿ ਤੁਹਾਡਾ ਜਵਾਬ ਹੋਵੇ- ਅੱਠ ਘੰਟੇ ਪਰ ਵਿਗਿਆਨ ਮੁਤਾਬਿਕ ਇਹ ਪੂਰੀ ਤਰ੍ਹਾਂ ਸਹੀ ਨਹੀਂ ਹੈ।
"ਇਹ ਸਿਰਫ਼ ਇੱਕ ਭੁਲੇਖਾ ਹੈ।ਇਹ ਉਸੇ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਅਸੀਂ ਕਹੀਏ ਕਿ ਹਰੇਕ ਇਨਸਾਨ ਦਾ ਕੱਦ 6 ਫੁੱਟ ਹੋਣਾ ਚਾਹੀਦਾ ਹੈ ਅਤੇ ਜੇ ਤੁਹਾਡਾ ਕੱਦ ਇਸ ਤੋਂ ਘੱਟ ਹੈ ਤਾਂ ਤੁਹਾਡੇ ਲਈ ਇਹ ਮੁਸੀਬਤ ਵਾਲੀ ਗੱਲ ਹੈ।"
ਬੀਬੀਸੀ ਨੂੰ ਇਹ ਗੱਲ ਡਾਕਟਰ ਲੂਈਸ ਪਤੇਕ ਨੇ ਆਖੀ ਹੈ, ਜੋ ਕਿ ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੇਫੋਰਨੀਆ ਵਿੱਚ ਨਿਊਰੋਲੋਜੀ ਵਿਭਾਗ ਦਾ ਹਿੱਸਾ ਹਨ।
ਸਾਨੂੰ ਸਭ ਨੂੰ ਤਰੋਤਾਜ਼ਾ ਮਹਿਸੂਸ ਕਰਨ ਲਈ ਇੱਕੋ ਜਿੰਨੀ ਨੀਂਦ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਇਹ ਸਾਡੇ ਸੁਭਾਅ ਜਾਂ ਹਾਲਾਤਾਂ 'ਤੇ ਨਿਰਭਰ ਨਹੀਂ ਕਰਦਾ।
ਇਹ ਸਾਡੇ ਜੀਨਜ਼ ਉਪਰ ਨਿਰਭਰ ਕਰਦਾ ਹੈ।
ਕੁਝ ਲੋਕਾਂ ਦੇ ਜੀਨਜ਼ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਉਨ੍ਹਾਂ ਨੂੰ ਬਾਕੀ ਲੋਕਾਂ ਤੋਂ ਘੱਟ ਨੀਂਦ ਦੀ ਲੋੜ ਹੁੰਦੀ ਹੈ।

ਤਸਵੀਰ ਸਰੋਤ, Getty Images
ਥੋੜ੍ਹਾ ਸਮਾਂ ਸੌਣ ਵਾਲੇ ਖ਼ਾਸ ਲੋਕ
ਇਸ ਦਾ ਮਤਲਬ ਹੈ ਕਿ ਕਈ ਲੋਕ ਅਜਿਹੇ ਹਨ ਜੋ ਸਿਰਫ ਚਾਰ ਤੋਂ ਛੇ ਘੰਟੇ ਸੌਂ ਕੇ ਵੀ ਤਰੋਤਾਜ਼ਾ ਮਹਿਸੂਸ ਕਰ ਸਕਦੇ ਹਨ।
ਡਾ ਲੂਈਸ ਪਤੇਕ ਆਖਦੇ ਹਨ, "ਅਸੀਂ ਇਨ੍ਹਾਂ ਨੂੰ 'ਖ਼ਾਸ ਲੋਕ' ਆਖਦੇ ਹਾਂ ਅਤੇ ਇਸ ਦਾ ਕਾਰਨ ਵੀ ਹੈ। ਇਹ ਬਹੁਤ ਘੱਟ ਸੌਂ ਕੇ ਵੀ ਆਪਣਾ ਊਰਜਾ ਪੱਧਰ ਬਰਕਰਾਰ ਰੱਖ ਸਕਦੇ ਹਨ। ਅੱਜ ਦੇ ਦੌਰ ਵਿੱਚ ਜਦੋਂ ਜ਼ਿੰਦਗੀ ਬਹੁਤ ਭੱਜ ਦੌੜ ਵਾਲੀ ਹੋ ਗਈ ਹੈ ਤਾਂ ਇਹ ਬੜੇ ਫਾਇਦੇ ਵਾਲੀ ਗੱਲ ਹੈ।"

ਕੀ ਕਹਿੰਦੇ ਹਨ ਤੱਥ
- ਕਿਸੇ ਵਿਅਕਤੀ ਨੂੰ ਕਿੰਨਾ ਦੇਰ ਸੌਣਾ ਚਾਹੀਦਾ ਹੈ, ਇਹ ਸਵਾਲ ਆਮ ਚਰਚਾ ਦਾ ਮੁੱਦਾ ਰਿਹਾ ਹੈ
- ਆਮ ਕਰਕੇ ਕਿਹਾ ਜਾਂਦਾ ਹੈ ਕਿ ਹਰ ਵਿਅਕਤੀ ਨੂੰ ਹਰ ਰੋਜ਼ 24 ਘੰਟੇ ਵਿਚੋਂ 8 ਘੰਟੇ ਦੀ ਨੀਂਦਰ ਲੈਂਣੀ ਚਾਹੀਦੀ ਹੈ
- ਪਰ ਇੱਕ ਅਧਿਐਨ ਮੁਤਾਬਕ ਇਹ ਜਰੂਰੀ ਨਹੀਂ ਹੈ ਕਿ ਹਰ ਵਿਅਕਤੀ ਨੂੰ 8 ਘੰਟੇ ਦੀ ਨੀਂਦ ਚਾਹੀਦੀ ਹੈ
- ਅਮਰੀਕੀ ਯੂਨੀਵਰਸਿਟੀ ਆਫ ਕੈਲੇਫੋਰਨੀਆ ਵਿੱਚ ਨਿਊਰੋਲੋਜੀ ਵਿਭਾਗ ਨੇ ਇਹ ਅਧਿਐਨ ਕੀਤਾ ਹੈ
- ਕਈ ਵਿਅਕਤੀ ਅਜਿਹੇ ਵੀ ਹੁੰਦੇ ਹਨ ਜਿਹੜੇ 4-6 ਘੰਟੇ ਸੌਣ ਕੀ ਤਰੋਤਾਜਾ ਹੋ ਜਾਂਦੇ ਹਨ
- ਇਹ ਕੁਝ ਜੀਨਜ਼ ਉੱਤੇ ਨਿਰਭਰ ਕਰਦਾ ਹੈ, ਕੁਝ ਵਿਅਕਤੀ ਘੱਟ ਸੌਂ ਕੇ ਤਰੋਤਾਜਾ ਹੋ ਜਾਂਦੇ ਹਨ
- ਹੁਣ ਤਕ ਵਿਗਿਆਨੀਆਂ ਨੂੰ ਅਜਿਹੇ ਚਾਰ ਜੀਨਜ਼ ਦਾ ਪਤਾ ਲੱਗਿਆ ਹੈ ਜੋ ਕੁਦਰਤੀ ਤੌਰ 'ਤੇ ਘੱਟ ਸੌਣ ਵਾਲੇ ਲੋਕਾਂ ਨਾਲ ਸਬੰਧਿਤ ਹੈ
- ਪਰ ਇਹ ਹਜਾਰ ਵਿੱਚੋਂ ਇੱਕ ਵਿਅਕਤੀ ਵਿਚ ਇਹ ਜੀਨ ਪਾਏ ਜਾਂਦੇ ਹਨ

ਡਾ. ਲੂਈਸ ਪਤੇਕ ਅਤੇ ਉਨ੍ਹਾਂ ਦੀ ਟੀਮ ਪਿਛਲੇ 25 ਸਾਲਾਂ ਤੋਂ 100 ਤੋਂ ਵੱਧ ਪਰਿਵਾਰਾਂ ਦੇ ਸੌਣ ਅਤੇ ਜਾਗਣ ਦੇ ਤਰੀਕਿਆਂ ਦਾ ਅਧਿਐਨ ਕਰ ਰਹੇ ਹਨ।
"ਸ਼ੁਰੂਆਤ ਵਿੱਚ ਸਾਡਾ ਸਾਰਾ ਕੰਮ ਇਸੇ ਉੱਪਰ ਕੇਂਦਰਿਤ ਰਹਿੰਦਾ ਸੀ ਕਿ ਆਖ਼ਿਰ 'ਗਹਿਰੀ ਨੀਂਦ' ਕੀ ਹੈ ਅਤੇ ਗਹਿਰੀ ਨੀਂਦ 'ਚ ਸੌਣ ਵਾਲੇ ਲੋਕ ਕੌਣ ਹੁੰਦੇ ਹਨ।"
"ਇਸ ਨਾਲ ਹੀ ਕੁਝ ਅਜਿਹੇ ਲੋਕ ਵੀ ਹੁੰਦੇ ਹਨ, ਜੋ ਰਾਤ ਨੂੰ ਛੇਤੀ ਸੌਂ ਜਾਂਦੇ ਹਨ ਅਤੇ ਸਵੇਰੇ ਛੇਤੀ ਉੱਠ ਵੀ ਜਾਂਦੇ ਹਨ।"
"ਪਰ ਸਾਡਾ ਧਿਆਨ ਇੱਕ ਖ਼ਾਸ ਕਿਸਮ ਦੇ ਲੋਕਾਂ ਵੱਲ ਗਿਆ।ਇਹ ਉਹ ਲੋਕ ਸਨ ਜੋ ਰਾਤ ਨੂੰ ਦੇਰ ਤੱਕ ਜਾਗ ਕੇ ਵੀ ਸਵੇਰੇ ਛੇਤੀ ਉੱਠ ਜਾਂਦੇ ਸਨ।"
ਡਾ. ਲੂਈਸ ਕਹਿੰਦੇ ਹਨ,"ਇਸ ਤੋਂ ਸਾਨੂੰ ਪਤਾ ਲੱਗਿਆ ਕਿ ਕੁਝ ਪਰਿਵਾਰਾਂ ਵਿਚ ਕੁਝ ਲੋਕ ਸਨ ਜੋ ਰਾਤ ਨੂੰ ਦੇਰ ਤਕ ਵੀ ਜਾਗ ਸਕਦੇ ਹਨ ਅਤੇ ਸਵੇਰੇ ਜਲਦੀ ਵੀ ਉੱਠ ਸਕਦੇ ਹਨ।"
ਕੀ ਹੈ ਇਹ ਬੁਝਾਰਤ
ਜਦੋਂ ਅਜਿਹੇ ਲੋਕਾਂ ਬਾਰੇ ਪਤਾ ਲੱਗਿਆ ਤਾਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਨਿਊਰੋਲੋਜੀ ਵਿਭਾਗ ਨੂੰ ਸਮਝ ਆਇਆ ਕਿ ਉਹ ਇੱਕ ਵੱਖ ਤਰ੍ਹਾਂ ਦੇ ਲੋਕਾਂ ਦਾ ਸਾਹਮਣਾ ਕਰ ਰਹੇ ਹਨ।
ਇਸ ਦੇ ਨਾਲ ਹੀ ਇਹ ਲੋਕ ਕੁਦਰਤੀ ਤੌਰ ਤੇ ਹੀ ਥੋੜਾ ਸੌਂਦੇ ਸਨ। ਇਹੀ ਕਾਰਨ ਹੈ ਕਿ ਉਹ ਸਵੇਰੇ ਛੇਤੀ ਵੀ ਉੱਠ ਸਕਦੇ ਹਨ ਅਤੇ ਇਸ ਨਾਲ ਹੀ ਰਾਤ ਨੂੰ ਦੇਰ ਤੱਕ ਵੀ ਜਾਗ ਸਕਦੇ ਹਨ।
ਹੁਣ ਤਕ ਵਿਗਿਆਨੀਆਂ ਨੂੰ ਅਜਿਹੇ ਚਾਰ ਜੀਨਜ਼ ਦਾ ਪਤਾ ਲੱਗਿਆ ਹੈ ਜੋ ਕੁਦਰਤੀ ਤੌਰ 'ਤੇ ਘੱਟ ਸੌਣ ਵਾਲੇ ਲੋਕਾਂ ਨਾਲ ਸਬੰਧਿਤ ਹੈ ਅਤੇ ਇਹ ਹੋਰ ਵੀ ਹੋ ਸਕਦੇ ਹਨ।
ਪਰ ਸਭ ਤੋਂ ਵੱਡੀ ਚੁਣੌਤੀ ਹੈ ਕਿ ਅਜਿਹੇ ਜੀਨਜ਼ ਵਾਲੇ ਲੋਕ ਦੁਨੀਆ ਵਿੱਚ ਬਹੁਤ ਹੀ ਘੱਟ ਹਨ।
ਡਾ. ਲੂਈਸ ਪਤੇਕ ਮੁਤਾਬਕ ਅਜਿਹੇ 'ਖ਼ਾਸ ਲੋਕ' ਹਜ਼ਾਰ ਵਿੱਚੋਂ ਇੱਕ ਹੀ ਹੁੰਦੇ ਹਨ।
ਪਰ ਖ਼ੁਸ਼ੀ ਦੀ ਗੱਲ ਹੈ ਕਿ ਉਹ ਬਾਕੀ ਦੁਨੀਆਂ ਦੇ ਅੱਗੇ ਘੱਟ ਸੌਂ ਕੇ ਵੀ ਤਰੋਤਾਜ਼ਾ ਰਹਿਣ ਦਾ ਆਪਣਾ ਰਾਜ ਸਾਡੇ ਅੱਗੇ ਖੋਲ੍ਹ ਸਕਦੇ ਹਨ।

ਤਸਵੀਰ ਸਰੋਤ, Mayur Kakade
ਡਾ ਲੂਈਸ ਪਤੇਕ ਦੀ ਟੀਮ ਮੁਤਾਬਕ ਇਹ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਅਜਿਹੇ ਲੋਕ ਬਦਲਦੇ ਹਾਲਾਤਾਂ ਵਿੱਚ ਆਪਣੇ ਆਪ ਨੂੰ ਢਾਲਣ ਦੇ ਵੀ ਦੂਜੇ ਲੋਕਾਂ ਤੋਂ ਵੱਧ ਸਮਰੱਥ ਹੁੰਦੇ ਹਨ।
"ਉਹ ਬਹੁਤ ਘੱਟ ਸੌਂ ਕੇ ਵੀ ਆਪਣੇ ਸਾਰੇ ਕੰਮ ਕਰਦੇ ਹਨ। ਇਸ ਦਾ ਮਤਲਬ ਹੈ ਕਿ ਉਹ ਬਾਕੀਆਂ ਨਾਲੋਂ ਵਧੇਰੇ ਵਧੀਆ ਤਰੀਕੇ ਨਾਲ ਸੌਂਦੇ ਹਨ। ਆਖਿਰ ਇਸਦਾ ਮਤਲਬ ਕੀ ਹੈ।"
ਇੱਕ ਹੋਰ ਅਧਿਐਨ ਮੁਤਾਬਕ ਅਜਿਹੇ ਜੀਨਜ਼ ਜੋ ਕੁਦਰਤੀ ਤੌਰ 'ਤੇ ਘੱਟ ਸੌਣ ਵਾਲੇ ਲੋਕਾਂ ਵਿੱਚ ਪਾਏ ਜਾਂਦੇ ਹਨ।
ਅਜਿਹੇ ਚੂਹਿਆਂ ਦੇ ਸਰੀਰ ਵਿੱਚ ਵਿਗਿਆਨੀਆਂ ਵੱਲੋਂ ਪਾਏ ਗਏ ਜੀਨਜ਼, ਜਿਨ੍ਹਾਂ ਨੂੰ ਅਲਜ਼ਾਈਮਰ ਦੀ ਬਿਮਾਰੀ ਸੀ।
ਅਲਜ਼ਾਈਮਰ ਦਾ ਸਬੰਧ ਯਾਦਾਸ਼ਤ ਨਾਲ ਪੈਂਦਾ ਹੈ। ਇਨ੍ਹਾਂ ਚੂਹਿਆਂ ਵਿੱਚ ਫ਼ਰਕ ਦੇਖਿਆ ਗਿਆ ਅਤੇ ਉਹ ਪਹਿਲਾਂ ਨਾਲੋਂ ਚੁਸਤ ਹੋ ਗਏ।

ਤਸਵੀਰ ਸਰੋਤ, Mayur Kakade
"ਇਹ ਕਾਫ਼ੀ ਦਿਲਚਸਪ ਹੈ ਕਿਉਂਕਿ ਇਸ ਨੂੰ ਅਸੀਂ ਕਈ ਬਿਮਾਰੀਆਂ ਦੇ ਇਲਾਜ ਲਈ ਵਰਤ ਸਕਦੇ ਹਾਂ। ਇਨ੍ਹਾਂ ਵਿੱਚ ਨਾ ਕੇਵਲ ਦਿਮਾਗ ਨਾਲ ਸਬੰਧਤ ਬਿਮਾਰੀਆਂ ਸਗੋਂ ਸਰੀਰ ਨਾਲ ਸੰਬੰਧਿਤ ਬੀਮਾਰੀਆਂ ਜਿਨ੍ਹਾਂ ਵਿਚ ਡਾਈਬੀਟੀਜ਼ ਮੋਟਾਪਾ ਕੈਂਸਰ ਆਦਿ ਵੀ ਸ਼ਾਮਿਲ ਹਨ।"
ਉਹ ਅੱਗੇ ਆਖਦੇ ਹਨ ਕਿ ਅਸੀਂ ਹੁਣ ਵੀ ਇਸ ਪਹੇਲੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
"ਸਾਡੇ ਕੋਲ ਇਹ ਪਰਿਵਾਰ ਹਨ ਅਤੇ ਹਰ ਪਰਿਵਾਰ ਵਿੱਚ ਅਸੀਂ ਉਹ ਜੀਨਜ਼ ਲੱਭ ਸਕਦੇ ਹਾਂ, ਜੋ ਇਸ ਲਈ ਜ਼ਿੰਮੇਵਾਰ ਹਨ।"
ਸਾਡੀ ਟੀਮ ਵਿਚ ਕੁਝ ਲੋਕ ਅਜਿਹੇ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਤੀਜਾ ਹਿੱਸਾ ਇਸ ਬੁਝਾਰਤ ਨੂੰ ਸੁਲਝਾਉਣ ਵਿੱਚ ਲਗਾ ਦਿੱਤਾ ਹੈ ਅਤੇ ਅਜੇ ਵੀ ਜਵਾਬ ਮਿਲਣੇ ਬਾਕੀ ਹਨ।
"ਜਦੋਂ ਅਸੀਂ ਸੁਣਦੇ ਹਾਂ ਤਾਂ ਸਾਡੇ ਸਰੀਰ ਵਿੱਚ ਕੁਝ ਅਜਿਹਾ ਹੁੰਦਾ ਹੈ ਜੋ ਸਾਨੂੰ ਤਰੋ ਤਾਜ਼ਾ ਕਰ ਕੇ ਅਗਲੇ ਦਿਨ ਲਈ ਤਿਆਰ ਕਰਦਾ ਹੈ। ਜੇਕਰ ਅਸੀਂ ਇਸ ਨੂੰ ਸਮਝ ਲਈਏ ਤਾਂ ਇਸ ਦਾ ਮਨੁੱਖ ਦੀ ਸਿਹਤ ਉੱਤੇ ਬਹੁਤ ਵੱਡਾ ਪ੍ਰਭਾਵ ਪੈ ਸਕਦਾ ਹੈ।"
ਇਹ ਵੀ ਪੜ੍ਹੋ:












