ਸਾਡੀ ਖੁਰਾਕ ਮਾਨਸਿਕ ਸਿਹਤ ਨੂੰ ਇੰਝ ਪ੍ਰਭਾਵਿਤ ਕਰ ਸਕਦੀ ਹੈ

ਤਸਵੀਰ ਸਰੋਤ, Thinkstock
- ਲੇਖਕ, ਮਯੰਕ ਭਾਗਵਤ
- ਰੋਲ, ਬੀਬੀਸੀ ਮਰਾਠੀ
ਤੁਹਾਡੀ ਮਾਨਸਿਕ ਸਿਹਤ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕੀ ਖਾਂਦੇ ਹੋ। ਹੋ ਸਕਦਾ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਇਸ ਨਾਲ ਸਹਿਮਤ ਨਾ ਹੋਣ।
ਤੁਸੀਂ ਕਹਿ ਸਕਦੇ ਹੋ ਕਿ ਮਾਨਸਿਕ ਬਿਮਾਰੀ ਸਿਰਫ਼ ਭਾਵਨਾਵਾਂ ਅਤੇ ਵਿਚਾਰਾਂ ਨਾਲ ਸਬੰਧਤ ਹੈ। ਇਸ ਲਈ, ਇਸ ਦਾ ਖੁਰਾਕ ਨਾਲ ਕੋਈ ਸਬੰਧ ਕਿਵੇਂ ਹੋਵੇਗਾ? ਸਾਡੀਆਂ ਖਾਣ ਦੀਆਂ ਆਦਤਾਂ ਸਾਡੀ ਮਾਨਸਿਕ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀਆਂ ਹਨ?
ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਖ਼ੁਰਾਕ ਅਤੇ ਮਾਨਸਿਕ ਸਿਹਤ ਆਪਸ ਵਿੱਚ ਨੇੜਿਓਂ ਜੁੜੇ ਹੋਏ ਹਨ। ਸਾਡਾ ਦਿਮਾਗ਼ ਦਿਨ ਰਾਤ ਕਈ ਸਰੀਰਕ ਕਿਰਿਆਵਾਂ ਨੂੰ ਕੰਟਰੋਲ ਕਰਦਾ ਹੈ। ਭੋਜਨ ਦਿਮਾਗ਼ ਦਾ ਬਾਲਣ ਹੈ। ਇਸ ਲਈ, ਜੋ ਤੁਸੀਂ ਖਾਂਦੇ ਹੋ ਉਹ ਮਾਨਸਿਕ ਸਿਹਤ ਲਈ ਅਹਿਮ ਹੈ।
ਫੋਰਟਿਸ ਹਸਪਤਾਲ ਦੇ ਮਨੋਵਿਗਿਆਨੀ ਡਾਕਟਰ ਕੇਦਾਰ ਤਿਲਵੇ ਕਹਿੰਦੇ ਹਨ, "ਜੋ ਤੁਸੀਂ ਖਾਂਦੇ ਹੋ ਉਸ ਦਾ ਸਿੱਧਾ ਪ੍ਰਭਾਵ ਤੁਹਾਡੇ ਮੂਡ 'ਤੇ ਪੈਂਦਾ ਹੈ।"
ਖੁਰਾਕ ਅਤੇ ਮਾਨਸਿਕ ਸਿਹਤ ਵਿਚਕਾਰ ਕੀ ਸਬੰਧ ਹੈ? ਭੋਜਨ ਦੀਆਂ ਆਦਤਾਂ ਮਾਨਸਿਕ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ? ਅਸੀਂ ਖੇਤਰ ਦੇ ਕੁਝ ਮਾਹਿਰਾਂ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ:
ਖੁਰਾਕ ਮਾਨਸਿਕ ਸਿਹਤ ਨਾਲ ਕਿਵੇਂ ਜੁੜੀ ਹੋਈ ਹੈ?
ਪਹਿਲਾਂ, ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਮਾਨਸਿਕ ਸਿਹਤ ਦਾ ਅਸਲ ਵਿੱਚ ਕੀ ਅਰਥ ਹੈ।
ਮਾਨਸਿਕ ਸਿਹਤ ਦੇ ਤਿੰਨ ਭਾਗ ਹਨ: ਭਾਵਨਾਤਮਕ, ਮਨੋਵਿਗਿਆਨਕ ਅਤੇ ਸਮਾਜਿਕ ਸਿਹਤ।
ਨਾਨਾਵਤੀ ਹਸਪਤਾਲ ਦੀ ਮਨੋਵਿਗਿਆਨੀ ਡਾ. ਵਾਣੀ ਖੁਲਾਲੀ ਕਹਿੰਦੇ ਹਨ, ''ਭੋਜਨ ਅਤੇ ਮਾਨਸਿਕ ਸਿਹਤ ਇੱਕ ਦੂਜੇ 'ਤੇ ਨਿਰਭਰ ਹਨ। ਸਰੀਰ ਨੂੰ ਸਿਹਤਮੰਦ ਖੁਰਾਕ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਦਾ ਮਾਨਸਿਕ ਸਿਹਤ ਨਾਲ ਸਬੰਧ ਹੁੰਦਾ ਹੈ।''
ਦਿਮਾਗ਼ ਨੂੰ ਕੰਮ ਕਰਨ ਲਈ ਊਰਜਾ ਦੀ ਲੋੜ ਹੁੰਦੀ ਹੈ ਅਤੇ ਭੋਜਨ ਇਹ ਊਰਜਾ ਪ੍ਰਦਾਨ ਕਰਦਾ ਹੈ। ਸੰਤੁਲਿਤ ਖੁਰਾਕ ਵਿੱਚ ਲੋੜੀਂਦਾ ਭੋਜਨ ਹੁੰਦਾ ਹੈ ਜੋ ਦਿਮਾਗ਼ ਨੂੰ ਸਕਾਰਾਤਮਕ ਰੱਖਦਾ ਹੈ ਅਤੇ ਇਸ ਦੀ ਕਾਰਜਸ਼ੀਲਤਾ ਵਿੱਚ ਸੁਧਾਰ ਕਰਦਾ ਹੈ।
ਡਾਇਟੀਸ਼ੀਅਨ ਡਾ. ਜੀਨਲ ਪਟੇਲ ਕਹਿੰਦੇ ਹਨ, "ਮਾਨਸਿਕ ਸਿਹਤ ਦਿਮਾਗ਼, ਢਿੱਡ ਅਤੇ ਸਾਡੀ ਖੁਰਾਕ ਪ੍ਰਣਾਲੀ ਨਾਲ ਜੁੜੀ ਹੋਈ ਹੈ, ਯਾਨੀ ਉਹ ਭੋਜਨ ਜੋ ਅਸੀਂ ਖਾਂਦੇ ਹਾਂ।"
ਬਹੁਤ ਸਾਰੇ ਮਿੱਠਾ ਭੋਜਨ ਖਾਣ ਦੇ ਸ਼ੌਕੀਨ ਹਨ। ਕਈਆਂ ਦਾ ਜੰਕ ਫੂਡ ਜਾਂ ਫਾਸਟ ਫੂਡ ਵੱਲ ਜ਼ਿਆਦਾ ਝੁਕਾਅ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਭੋਜਨ ਦਾ ਮਾਨਸਿਕ ਸਿਹਤ ਨਾਲ ਸਿੱਧਾ ਸਬੰਧ ਹੈ। ਮਿੱਠਾ ਭੋਜਨ ਚਰਬੀ ਪੈਦਾ ਕਰਦਾ ਹੈ ਅਤੇ ਇਸ ਨਾਲ ਦਿਮਾਗ਼ ਵਿੱਚ ਹਾਰਮੋਨਜ਼ ਦਾ ਉਤਪਾਦਨ (secretion) ਹੁੰਦਾ ਹੈ।
"ਖੁਰਾਕ ਜਿਸ ਵਿੱਚ ਭਾਰੀ ਚਰਬੀ ਹੁੰਦੀ ਹੈ, ਕੋਰਟੀਕੋਸਟੀਰੋਨ ਹਾਰਮੋਨ ਦਾ ਉਤਪਾਦਨ ਕਰਦਾ ਹੈ। ਇਹ ਹਾਰਮੋਨ ਤਣਾਅ ਅਤੇ ਚਿੰਤਾ ਨਾਲ ਜੁੜਿਆ ਹੋਇਆ ਹੈ।"
ਇਸ ਲਈ, ਚਰਬੀ ਵਾਲਾ ਭੋਜਨ ਇਸ ਹਾਰਮੋਨ ਰਾਹੀਂ ਦਿਮਾਗ਼ ਨੂੰ ਪ੍ਰਭਾਵਿਤ ਕਰਦਾ ਹੈ।
ਮਿੱਠੇ ਭੋਜਨ ਦੀ ਬਹੁਤ ਜ਼ਿਆਦਾ ਵਰਤੋਂ ਦਿਮਾਗ਼ ਵਿੱਚ ਰਸਾਇਣਕ ਤਬਦੀਲੀ ਦਾ ਕਾਰਨ ਬਣਦੀ ਹੈ। ਇਸ ਦਾ ਅਰਥ ਹੈ ਨਿਊਰੋਕੈਮਿਸਟਰੀ।
"ਇਹ ਹਾਰਮੋਨ ਆਪਣੇ ਆਪ ਪੈਦਾ ਨਹੀਂ ਹੁੰਦੇ। ਚਰਬੀ ਵਾਲੇ ਭੋਜਨ ਦੀ ਬਹੁਤ ਜ਼ਿਆਦਾ ਖਪਤ ਇਸ ਹਾਰਮੋਨ ਦੇ ਉਤਪਾਦਨ ਦਾ ਕਾਰਨ ਬਣਦੀ ਹੈ।"
ਡਾ. ਤਿਲਵੇ ਕੁਝ ਉਦਾਹਰਣਾਂ ਦਿੰਦੇ ਹਨ ਜੋ ਇਹ ਦਰਸਾਉਂਦੀਆਂ ਹਨ ਕਿ ਖੁਰਾਕ ਦੀਆਂ ਆਦਤਾਂ ਮਾਨਸਿਕ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ।
ਉਹ ਕਹਿੰਦੇ ਹਨ, "ਜੇ ਕੋਈ ਖਾਣਾ ਖਾਣ ਤੋਂ ਬਾਅਦ ਸ਼ਰਾਬ ਜਾਂ ਤੰਬਾਕੂ ਦਾ ਸੇਵਨ ਕਰਦਾ ਹੈ, ਤਾਂ ਇਹ ਘਬਰਾਹਟ ਦਾ ਕਾਰਨ ਬਣ ਸਕਦਾ ਹੈ।"
ਜੋ ਲੋਕ ਬਹੁਤ ਜ਼ਿਆਦਾ ਮਿੱਠਾ ਭੋਜਨ ਖਾਂਦੇ ਹਨ ਉਨ੍ਹਾਂ ਨੂੰ ਅਟੈਂਸ਼ਨ ਡੈਫੀਸਿਟ ਹਾਈਪਰਐਕਟੀਵਿਟੀ ਡਿਸਆਰਡਰ (ਏਡੀਐੱਚਡੀ) ਅਤੇ ਜੀਵਨ ਸ਼ੈਲੀ ਨਾਲ ਸਬੰਧਿਤ ਹੋਰ ਬਿਮਾਰੀਆਂ ਤੋਂ ਪੀੜਤ ਹੋਣਾ ਪੈ ਸਕਦਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਦਿਮਾਗ਼ ਨੂੰ ਸਿਹਤਮੰਦ ਰੱਖਣ ਲਈ ਕੀ ਖਾਣਾ ਚਾਹੀਦਾ ਹੈ?
ਦਿਮਾਗ਼ ਨੂੰ ਸਿਹਤਮੰਦ ਬਣਾਈ ਰੱਖਣ ਲਈ ਕਿਹੜੀ ਖੁਰਾਕ ਲੈਣੀ ਚਾਹੀਦੀ ਹੈ ਅਤੇ ਕਿਹੜੀ ਭੋਜਨ ਵਸਤੂ ਸਾਡੀ ਰੋਜ਼ਾਨਾ ਦੀ ਖੁਰਾਕ ਦਾ ਹਿੱਸਾ ਹੋਣੀ ਚਾਹੀਦੀ ਹੈ?
ਮਾਨਸਿਕ ਦਬਾਅ ਅਤੇ ਤਣਾਅ ਨੂੰ ਘਟਾਉਣ ਲਈ ਸਾਨੂੰ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ? ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਕੁਝ ਪੋਸ਼ਣ ਮਾਹਿਰਾਂ ਨਾਲ ਗੱਲ ਕੀਤੀ।

ਤਸਵੀਰ ਸਰੋਤ, Getty Images
ਮੁੰਬਈ ਦੇ ਵੋਕਹਾਰਟ ਹਸਪਤਾਲ (Wockhardt Hospital) ਦੇ ਪੋਸ਼ਣ ਮਾਹਿਰ ਡਾ. ਅਮਰੀਨ ਸ਼ੇਖ ਕਹਿੰਦੇ ਹਨ, "ਸਹੀ ਖੁਰਾਕ ਤੁਹਾਡੇ ਦਿਮਾਗ਼ ਨੂੰ ਸ਼ਾਂਤ ਰੱਖਦੀ ਹੈ ਅਤੇ ਇਹ ਮਾਨਸਿਕ ਦਬਾਅ ਜਾਂ ਤਣਾਅ ਨੂੰ ਘੱਟ ਕਰ ਸਕਦੀ ਹੈ।"
ਡਾ. ਅਮਰੀਨ ਕੁਝ ਭੋਜਨ ਪਦਾਰਥਾਂ ਦੀ ਸੂਚੀ ਦੱਸਦੇ ਹਨ ਜੋ ਤਣਾਅ ਨੂੰ ਘਟਾ ਸਕਦੇ ਹਨ ਅਤੇ ਤਣਾਅ ਸਬੰਧੀ ਹਾਰਮੋਨਜ਼ ਨੂੰ ਕੰਟਰੋਲ ਕਰ ਸਕਦੇ ਹਨ।
- ਵਿਟਾਮਿਨ ਸੀ ਵਾਲੇ ਖਾਦ ਪਦਾਰਥ ਬੈਰੀ ਜਾਂ ਖੁਰਾਕੀ ਵਸਤੂਆਂ (ਜਿਵੇਂ ਨਿੰਬੂ, ਅਮਰੂਦ, ਆਂਵਲਾ, ਸੰਤਰਾ, ਸ਼ਿਮਲਾ ਮਿਰਚ) ਖੂਨ ਤੋਂ ਤਣਾਅ ਸਬੰਧੀ ਹਾਰਮੋਨ ਕੋਰਟੀਸੋਲ ਨੂੰ ਘਟਾ ਸਕਦੇ ਹਨ।
- ਬੈਰੀਜ਼ ਸਰੀਰ ਨੂੰ ਤਣਾਅ ਜਾਂ ਤਣਾਅ ਦਾ ਵਿਰੋਧ ਕਰਨ ਵਿੱਚ ਸਹਾਇਤਾ ਕਰਦੀਆਂ ਹਨ।
- ਦੁੱਧ ਤੋਂ ਮਿਲਣ ਵਾਲੇ ਪ੍ਰੋਟੀਨ ਬਲੱਡ ਪ੍ਰੈੱਸ਼ਰ ਅਤੇ ਤਣਾਅ ਵਾਲੇ ਹਾਰਮੋਨ ਨੂੰ ਘੱਟ ਕਰਦੇ ਹਨ।
- ਸਟਾਰਸੀ ਭੋਜਨ ਦਿਮਾਗ਼ ਵਿੱਚ ਸੇਰੋਟੌਨਿਨ ਨਾਂ ਦੇ ਰਸਾਇਣ ਦੇ ਨਿਰਮਾਣ ਵਿੱਚ ਸਹਾਇਤਾ ਕਰਦਾ ਹੈ। ਇਹ ਸਾਡੇ ਮੂਡ ਨੂੰ ਸੁਧਾਰਦਾ ਹੈ।
- ਵਿਟਾਮਿਨ ਬੀ ਨਾਲ ਭਰਪੂਰ ਚੀਜ਼ਾਂ ਸਾਡੀ ਘਬਰਾਹਟ/ਚਿੰਤਾ ਨੂੰ ਘਟਾ ਸਕਦੀਆਂ ਹਨ।
ਡਾ. ਤਿਲਵੇ ਕਹਿੰਦੇ ਹਨ, ਥੋੜ੍ਹਾ ਜਿਹਾ ਡਾਰਕ ਚਾਕਲੇਟ ਖਾਣ ਨਾਲ ਵੀ ਸਾਡਾ ਮੂਡ ਠੀਕ ਹੋ ਸਕਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇੱਕ ਵਾਰ ਜਦੋਂ ਅਸੀਂ ਉਸ ਵਿਟਾਮਿਨ ਦਾ ਸੇਵਨ ਕਰ ਲੈਂਦੇ ਹਾਂ ਤਾਂ ਉਹ ਬਿਮਾਰੀ ਠੀਕ ਹੋ ਜਾਂਦੀ ਹੈ।
ਭਾਰ ਘਟਾਉਣ ਦਾ ਮਾਨਸਿਕ ਸਿਹਤ ’ਤੇ ਅਸਰ
ਡਾ. ਜਿੰਦਲ ਕਹਿੰਦੇ ਹਨ ਕਿ ਬਹੁਤ ਸਾਰੇ ਲੋਕ ਆਪਣਾ ਭਾਰ ਘਟਾਉਣ ਲਈ ਡਾਈਟ ਦੀ ਚੋਣ ਕਰਦੇ ਹਨ।
ਡਾਈਟ ਤੇਜ਼ੀ ਨਾਲ ਭਾਰ ਘਟਾਉਣ ਵਿੱਚ ਸਹਾਇਤਾ ਕਰਦੀ ਹੈ, ਪਰ ਇਹ ਸਾਡੀ ਮਾਨਸਿਕ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ।
ਉਹ ਕਹਿੰਦੇ ਹਨ, "ਕੁਝ ਲੋਕ ਆਪਣਾ ਭਾਰ ਘਟਾਉਣ ਲਈ ਸਖ਼ਤ ਡਾਈਟ ਫਾਰਮੂਲਾ ਅਪਣਾਉਂਦੇ ਹਨ। ਜੇ ਉਨ੍ਹਾਂ ਦੀ ਉਮੀਦ ਅਨੁਸਾਰ ਭਾਰ ਘੱਟ ਨਹੀਂ ਹੋਇਆ, ਤਾਂ ਉਹ ਆਪਣੇ ਆਪ ਨੂੰ ਦੋਸ਼ ਦਿੰਦੇ ਰਹਿੰਦੇ ਹਨ। ਉਹ ਲਗਾਤਾਰ ਕਿਸੇ ਨਾ ਕਿਸੇ ਦਬਾਅ ਹੇਠ ਹਨ। ਇਸ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ਪ੍ਰਭਾਵਿਤ ਹੁੰਦੀ ਹੈ।"

ਤਸਵੀਰ ਸਰੋਤ, Getty Images
ਭਾਰ ਘਟਾਉਣ ਅਤੇ 'ਬਾਡੀ ਸ਼ੇਪ' ਪ੍ਰਤੀ ਜਨੂੰਨੀ ਲੋਕ ਆਪਣੀ ਮਾਨਸਿਕ ਸਿਹਤ ਵਿੱਚ ਗੜਬੜਾਂ ਨੂੰ ਸੱਦਾ ਦਿੰਦੇ ਹਨ। ਕੁਝ ਲੋਕ ਐਨੋਰੇਕਸੀਆ ਵਰਗੀਆਂ ਬਿਮਾਰੀਆਂ ਤੋਂ ਪੀੜਤ ਹੁੰਦੇ ਹਨ। ਇਸ ਦੇ ਸਹੀ ਇਲਾਜ ਦੀ ਲੋੜ ਹੈ।
ਇਸ ਲਈ, ਮਾਹਿਰ ਲੇਪਟਿਨ ਹਾਰਮੋਨ ਬਾਰੇ ਸੁਝਾਅ ਦਿੰਦੇ ਹਨ ਜੋ ਚਰਬੀ ਦੀਆਂ ਕੋਸ਼ਿਕਾਵਾਂ ਤੋਂ ਪੈਦਾ ਹੁੰਦਾ ਹੈ। ਇਹ ਹਾਰਮੋਨ ਸਰੀਰ ਦੇ ਭਾਰ ਅਤੇ ਚਰਬੀ ਦੇ ਅਨੁਪਾਤ ਨੂੰ ਕੰਟਰੋਲ ਕਰਦਾ ਹੈ। ਜਦੋਂ ਲੇਪਟਿਨ ਜਾਰੀ ਹੁੰਦਾ ਹੈ ਤਾਂ ਦਿਮਾਗ਼ ਨੂੰ ਇੱਕ ਸੰਕੇਤ ਮਿਲਦਾ ਹੈ। ਇਹ ਸਾਡੀਆਂ ਭੋਜਨ ਦੀਆਂ ਆਦਤਾਂ ਨੂੰ ਬਦਲਦਾ ਹੈ।
ਡਾ. ਪਟੇਲ ਕਹਿੰਦੇ ਹਨ, "ਮੋਟੇ ਲੋਕਾਂ ਦੇ ਸਰੀਰ ਵਿੱਚ ਲੇਪਟਿਨ ਦਾ ਅਨੁਪਾਤ ਜ਼ਿਆਦਾ ਹੁੰਦਾ ਹੈ, ਇਸ ਲਈ, ਦਿਮਾਗ਼ ਪ੍ਰਤੀਕਿਰਿਆ ਨਹੀਂ ਦਿੰਦਾ। ਭਾਵੇਂ ਉਨ੍ਹਾਂ ਦੇ ਸਰੀਰ ਵਿੱਚ ਚਰਬੀ ਜ਼ਿਆਦਾ ਹੋਵੇ, ਪਰ ਲੋਕ ਵਧੇਰੇ ਚਰਬੀ ਵਾਲਾ ਭੋਜਨ ਖਾਂਦੇ ਹਨ।"
ਆਯੁਰਵੇਦ ਵਿੱਚ ਖੁਰਾਕ ਅਤੇ ਮਨ ਦਾ ਕੀ ਸਬੰਧ ਹੈ?
ਆਯੁਰਵੇਦ ਕਹਿੰਦਾ ਹੈ ਕਿ ਮਨ ਖੁਰਾਕ ਹੈ।
ਮੁੰਬਈ ਸਥਿਤ ਆਯੁਰਵੇਦ ਮਾਹਿਰ ਡਾ. ਵਿਕਰਨ ਪਾਟਿਲ ਕਹਿੰਦੇ ਹਨ, "ਤੁਹਾਡਾ ਦਿਮਾਗ਼ ਉਸ ਭੋਜਨ ਨਾਲ ਬਣਿਆ ਹੈ ਜੋ ਤੁਸੀਂ ਖਾਂਦੇ ਹੋ।"
ਅਸੀਂ ਆਮ ਕਹਿੰਦੇ ਹਾਂ ਕਿ ਅਸੀਂ ਬੁਖਾਰ ਮਹਿਸੂਸ ਕਰ ਰਹੇ ਹਾਂ, ਪਰ ਆਯੁਰਵੇਦ ਦੇ ਅਨੁਸਾਰ, "ਜਦੋਂ ਅਸੀਂ ਬੁਖਾਰ ਤੋਂ ਪੀੜਤ ਹੁੰਦੇ ਹਾਂ, ਅਸੀਂ ਆਪਣੇ ਸਰੀਰ ਅਤੇ ਦਿਮਾਗ਼ ਵਿੱਚ ਗੁੱਸੇ ਨੂੰ ਮਹਿਸੂਸ ਕਰਦੇ ਹਾਂ।"
ਡਾ. ਪਾਟਿਲ ਕਹਿੰਦੇ ਹਨ, "ਜੇ ਭੋਜਨ ਸਹੀ ਤਰ੍ਹਾਂ ਹਜ਼ਮ ਨਹੀਂ ਹੁੰਦਾ, ਤਾਂ ਇਹ ਸਰੀਰ ਵਿੱਚ ਐਸਿਡ ਬਣਾਉਂਦਾ ਹੈ। ਇਹ ਬੁਖਾਰ ਦਾ ਕਾਰਨ ਬਣਦਾ ਹੈ। ਇਸ ਲਈ ਮੁੱਢਲਾ ਇਲਾਜ ਖਾਣਾ ਛੱਡਣਾ ਹੈ।"
ਜਦੋਂ ਅਸੀਂ ਖਾਣਾ ਛੱਡਦੇ ਹਾਂ, ਅਸੀਂ ਸਰੀਰ ਨੂੰ ਭੋਜਨ ਨੂੰ ਹਜ਼ਮ ਕਰਨ ਲਈ ਸਮਾਂ ਦਿੰਦੇ ਹਾਂ। ਤਾਂ ਫਿਰ ਦਿਮਾਗ਼ ਬਾਰੇ ਕੀ?
ਡਾ. ਪਾਟਿਲ ਕਹਿੰਦੇ ਹਨ, "ਦਿਮਾਗ਼ ਹੀ ਖੁਰਾਕ ਹੈ, ਜੇ ਅਸੀਂ ਭੋਜਨ ਛੱਡ ਦਿੰਦੇ ਹਾਂ ਤਾਂ ਸਾਡਾ ਦਿਮਾਗ਼ ਸਿਹਤਮੰਦ ਰਹਿੰਦਾ ਹੈ। ਜੇ ਅਸੀਂ ਚੰਗਾ ਭੋਜਨ ਖਾਂਦੇ ਹਾਂ, ਤਾਂ ਸਾਡੇ ਦਿਮਾਗ਼ ਵਿੱਚ ਚੰਗੇ ਵਿਚਾਰ ਆਉਂਦੇ ਹਨ। ਇਸ ਲਈ, ਖੁਰਾਕ ਬਹੁਤ ਅਹਿਮ ਹੈ।"
ਬੱਚਿਆਂ ਦਾ ਝੁਕਾਅ ਫਾਸਟ ਫੂਡ ਖਾਣ ਵੱਲ ਜ਼ਿਆਦਾ ਹੁੰਦਾ ਹੈ, ਕੀ ਇਸ ਨਾਲ ਉਨ੍ਹਾਂ ਦੇ ਦਿਮਾਗ਼ 'ਤੇ ਅਸਰ ਪੈਂਦਾ ਹੈ?
ਡਾ. ਪਾਟਿਲ ਕਹਿੰਦੇ ਹਨ, "ਫਾਸਟ ਫੂਡ ਦੇ ਕੁਝ ਤੱਤ ਸਾਡੇ ਸਰੀਰ ਲਈ ਹਾਨੀਕਾਰਕ ਹੁੰਦੇ ਹਨ। ਇਹ ਤੱਤ ਸਾਡੇ ਦਿਮਾਗ਼ ਵਿੱਚ ਸੁਸਤੀ ਪੈਦਾ ਕਰ ਸਕਦੇ ਹਨ। ਸਾਨੂੰ ਆਪਣੀ ਖੁਰਾਕ ਅਤੇ ਆਪਣੇ ਦਿਮਾਗ਼ ਦੇ ਵਿਚਕਾਰ ਸਬੰਧ ਦੀ ਕੜੀ ਨੂੰ ਵੇਖਣ ਦੀ ਜ਼ਰੂਰਤ ਹੈ।"
ਯੋਗ, ਖੁਰਾਕ ਅਤੇ ਵਿਚਾਰਾਂ ਵਿਚਕਾਰ ਸਬੰਧ ਨੂੰ ਕਿਵੇਂ ਬਿਆਨ ਕਰਦਾ ਹੈ?
ਅਸੀਂ ਅਕਸਰ ਕਹਿੰਦੇ ਹਾਂ ਕਿ 'ਸਾਡਾ ਮਨ ਉਹ ਹੈ ਜੋ ਅਸੀਂ ਖਾਂਦੇ ਹਾਂ।'
ਖੁਰਾਕ, ਯਾਤਰਾ, ਵਿਵਹਾਰ ਅਤੇ ਵਿਚਾਰ ਯੋਗ ਦੇ ਚਾਰ ਮੁੱਖ ਅੰਗ ਹਨ।
ਯੋਗ ਦੇ ਵਿਗਿਆਨ ਅਨੁਸਾਰ, ਖੁਰਾਕ ਅਤੇ ਵਿਚਾਰ ਸਿੱਧੇ ਤੌਰ 'ਤੇ ਇੱਕ ਦੂਜੇ ਨਾਲ ਜੁੜੇ ਹੋਏ ਹਨ।
ਤੈਤਰੇਯ ਉਪਨਿਸ਼ਦ ਪੰਜ ਕੋਸ਼ਾਂ ਬਾਰੇ ਗੱਲ ਕਰਦਾ ਹੈ: ਭੋਜਨ, ਆਤਮਾ, ਮਨ, ਬੁੱਧੀ ਅਤੇ ਖੁਸ਼ੀ।
ਯੋਗਾ ਟ੍ਰੇਨਰ ਦਿਲੀਪ ਦਵੇ ਕਹਿੰਦੇ ਹਨ, "ਜੋ ਭੋਜਨ ਅਸੀਂ ਖਾਂਦੇ ਹਾਂ ਉਹ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦੇ ਹਨ। ਸਾਨੂੰ ਫੂਡ ਸ਼ੀਥ (Food Sheath) ਤੋਂ ਇਸ ਪ੍ਰਭਾਵ ਬਾਰੇ ਪਤਾ ਲੱਗਦਾ ਹੈ। ਜ਼ਿਆਦਾਤਰ ਸਰੀਰਕ ਬਿਮਾਰੀਆਂ ਕਿਸੇ ਨਾ ਕਿਸੇ ਮਾਨਸਿਕ ਕਾਰਨ ਨਾਲ ਜੁੜੀਆਂ ਹੁੰਦੀਆਂ ਹਨ।"

ਤਸਵੀਰ ਸਰੋਤ, Science Photo Library
ਯੋਗ ਦੇ ਵਿਗਿਆਨ ਅਨੁਸਾਰ, ਜਦੋਂ ਅਸੀਂ ਮਾਨਸਿਕ ਦਬਾਅ ਹੇਠ ਹੁੰਦੇ ਹਾਂ ਤਾਂ ਇਹ ਸਾਡੀ ਭਾਵਨਾ ਜਾਂ ਊਰਜਾ ਨੂੰ ਘੱਟ ਕਰਦਾ ਹੈ।
ਦਵੇ ਅੱਗੇ ਕਹਿੰਦੇ ਹਨ, "ਮਾਨਸਿਕ ਦਬਾਅ ਸਾਡੇ ਸਾਹ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਸ ਦਾ ਸਬੰਧ ਫੂਡ ਸ਼ੀਥ ਜਾਂ ਖੁਰਾਕ ਨਾਲ ਹੈ।"
ਜਿਸ ਤਰ੍ਹਾਂ ਵਿਚਾਰ ਖੁਰਾਕ ਨੂੰ ਪ੍ਰਭਾਵਿਤ ਕਰਦੇ ਹਨ, ਖੁਰਾਕ ਸਾਡੇ ਵਿਚਾਰਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਦਿਲੀਪ ਦਵੇ ਕਹਿੰਦੇ ਹਨ, "ਯੋਗ ਦਾ ਫ਼ਲਸਫ਼ਾ ਤਿੰਨ ਤਰ੍ਹਾਂ ਦੀ ਖੁਰਾਕ ਦੀ ਗੱਲ ਕਰਦਾ ਹੈ: ਸਾਤਵਿਕ, ਤਾਮਸਿਕ ਅਤੇ ਰਾਜਸਿਕ।"
•ਤਾਮਸਿਕ ਭੋਜਨ ਉਹ ਹੈ ਜੋ ਸਹੀ ਢੰਗ ਨਾਲ ਪਕਾਇਆ ਨਹੀਂ ਜਾਂਦਾ ਜਾਂ ਜੋ ਬਾਸੀ ਹੁੰਦਾ ਹੈ। ਇਹ ਊਰਜਾ ਦੇ ਪੱਧਰ ਨੂੰ ਘਟਾਉਂਦਾ ਹੈ ਅਤੇ ਇਹ ਆਲਸ ਦਾ ਕਾਰਨ ਬਣ ਸਕਦਾ ਹੈ।
•ਰਾਜਸਿਕ ਭੋਜਨ ਦਾ ਅਰਥ ਹੈ ਬਹੁਤ ਜ਼ਿਆਦਾ ਮਸਾਲੇਦਾਰ ਭੋਜਨ ਜੋ ਸਾਡੀ ਊਰਜਾ ਨੂੰ ਵਧੇਰੇ ਕਿਰਿਆਸ਼ੀਲ ਕਰਦਾ ਹੈ। ਇਹ ਮਾਨਸਿਕ ਅਸ਼ਾਂਤੀ ਅਤੇ ਸਾਹ ਲੈਣ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
•ਸਾਤਵਿਕ ਦਾ ਮਤਲਬ ਉਹ ਫ਼ਲ ਅਤੇ ਸਬਜ਼ੀਆਂ ਹਨ ਜੋ ਸਾਡੇ ਸਰੀਰ ਵਿੱਚ ਊਰਜਾ ਦੇ ਪੱਧਰ ਨੂੰ ਸੰਤੁਲਿਤ ਕਰਦੇ ਹਨ ਅਤੇ ਸਕਾਰਾਤਮਕਤਾ ਨੂੰ ਵਧਾਉਂਦੇ ਹਨ।
ਭੋਜਨ, ਹਾਰਮੋਨਜ਼ ਅਤੇ ਮਾਨਸਿਕ ਸਿਹਤ ਵਿਚਕਾਰ ਕੀ ਸਬੰਧ ਹੈ?
ਢਿੱਡ ਵਿੱਚ ਬੈਕਟੀਰੀਆ ਮਾਨਸਿਕ ਦਬਾਅ ਵਧਾ ਸਕਦੇ ਹਨ। ਦਹੀ ਖਾਣਾ ਇਨ੍ਹਾਂ ਬੈਕਟੀਰੀਆ ਨੂੰ ਕਾਬੂ ਵਿੱਚ ਰੱਖਣ ਦਾ ਇੱਕ ਵਧੀਆ ਤਰੀਕਾ ਹੈ।
ਦਹੀ ਦਿਮਾਗ਼ ਦੇ ਭਾਵਨਾਤਮਕ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੈ, ਇਸ ਲਈ ਇਹ ਮਾਨਸਿਕ ਦਬਾਅ ਨੂੰ ਘਟਾਉਣ ਵਿੱਚ ਸਹਾਇਤਾ ਕਰਦੀ ਹੈ।
ਡੋਪਾਮਾਈਨ, ਸੇਰੋਟੌਨਿਨ ਅਤੇ ਐਂਡੋਰਫਿਨਸ ਨੂੰ ਖੁਸ਼ੀ ਦੇ ਹਾਰਮੋਨ (ਹੈਪੀ ਹਾਰਮੋਨਜ਼) ਵਜੋਂ ਜਾਣਿਆ ਜਾਂਦਾ ਹੈ। ਦਿਮਾਗ਼ ਵਿੱਚ ਡੋਪਾਮਾਈਨ ਪੈਦਾ ਹੁੰਦਾ ਹੈ।
ਡਾਕਟਰ ਅਮਰੀਨ ਸ਼ੇਖ ਕਹਿੰਦੇ ਹਨ, "ਸਰੀਰ ਵਿੱਚ 90 ਫੀਸਦੀ ਹਾਰਮੋਨ ਅੰਤੜੀਆਂ ਵਿੱਚ ਪੈਦਾ ਹੁੰਦੇ ਹਨ। ਇਸ ਲਈ ਅੰਤੜੀਆਂ ਨੂੰ ਤੰਦਰੁਸਤ ਰੱਖਣ ਦੀ ਜ਼ਰੂਰਤ ਹੈ।"
ਫਾਸਟ ਫੂਡ ਜਾਂ ਜੰਕ ਫੂਡ ਐਸੀਡਿਟੀ ਦਾ ਕਾਰਨ ਬਣ ਸਕਦੇ ਹਨ। ਇਹ ਢਿੱਡ ਵਿੱਚ ਬੈਕਟੀਰੀਆ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਿਸ ਨਾਲ ਮੂਡ ਬਦਲਦਾ ਹੈ।

ਤਸਵੀਰ ਸਰੋਤ, Getty Images
ਇਸ ਲਈ ਸਾਨੂੰ ਆਪਣੀਆਂ ਅੰਤੜੀਆਂ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖਣ ਲਈ ਆਪਣੀ ਖੁਰਾਕ ਵਿੱਚ ਉੱਚ ਫਾਈਬਰ ਅਤੇ ਪ੍ਰੋਬਾਇਓਟਿਕਸ ਲੈਣ ਦੀ ਜ਼ਰੂਰਤ ਹੁੰਦੀ ਹੈ।
ਇਹ ਅਕਸਰ ਵਾਪਰਦਾ ਹੈ ਕਿ ਜਦੋਂ ਅਸੀਂ ਬਹੁਤ ਚਿੰਤਤ ਜਾਂ ਬਹੁਤ ਜ਼ਿਆਦਾ ਦਬਾਅ ਹੇਠ ਹੁੰਦੇ ਹਾਂ, ਸਾਡਾ ਕੁਝ ਨਾ ਕੁਝ ਖਾਣ ਨੂੰ ਮਨ ਕਰਦਾ ਹੈ।
ਡਾਕਟਰ ਸ਼ੇਖ ਕਹਿੰਦੇ ਹਨ, "ਮਾਨਸਿਕ ਦਬਾਅ ਕਾਰਨ ਅਸੀਂ ਜ਼ਿਆਦਾ ਖਾਂਦੇ ਹਾਂ। ਕੁਝ ਲੋਕ ਤਣਾਅ ਘਟਾਉਣ ਲਈ ਮਠਿਆਈ ਜਾਂ ਫਾਸਟ ਫੂਡ ਖਾਂਦੇ ਹਨ। ਇਹ ਇੱਕ ਅਸਥਾਈ ਰਾਹਤ ਸਾਬਤ ਕਰਦਾ ਹੈ, ਪਰ ਇਹ ਗ਼ਲਤ ਤਰੀਕੇ ਹਨ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












