ਜਗਜੀਤ ਸਿੰਘ : ਮਰਹੂਮ ਗਜ਼ਲ ਗਾਇਕ ਨੂੰ ਆਪਣਾ ਸਿੱਖੀ ਸਰੂਪ ਕਿਉਂ ਤਿਆਗਣਾ ਪਿਆ ਸੀ

ਜਗਜੀਤ ਸਿੰਘ

ਤਸਵੀਰ ਸਰੋਤ, MAIL TODAY

ਤਸਵੀਰ ਕੈਪਸ਼ਨ, ਸਾਲ 1965 'ਚ ਜਦੋਂ ਜਗਜੀਤ ਸਿੰਘ ਬੰਬਈ ਆਏ ਤਾਂ ਉਨ੍ਹਾਂ ਨੇ ਸ਼ੂਰੂ-ਸ਼ੁਰੂ 'ਚ ਬੇਰੀਜ਼ ਰੈਸਟੋਰੈਂਟ 'ਚ ਗਾਉਣਾ ਸ਼ੁਰੂ ਕੀਤਾ।
    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

ਘੱਟ ਲੋਕ ਇਸ ਗੱਲ ਤੋਂ ਜਾਣੂ ਹਨ ਕਿ ਮਸ਼ਹੂਰ ਨਿਰਦੇਸ਼ਕ ਸੁਭਾਸ਼ ਘਈ ਕਾਲਜ ਦੇ ਦਿਨਾਂ ਤੋਂ ਹੀ ਜਗਜੀਤ ਸਿੰਘ ਦੇ ਪਰਮ ਮਿੱਤਰ ਸਨ।

ਇੱਕ ਵਾਰ ਉਹ ਆਪਣੀ ਯੂਨੀਵਰਸਿਟੀ ਵੱਲੋਂ ਇੱਕ ਯੂਥ ਫੈਸਟੀਵਲ 'ਚ ਸ਼ਾਮਲ ਹੋਣ ਲਈ ਬੰਗਲੌਰ ਗਏ ਸਨ।

ਰਾਤ ਦੇ 11 ਵਜੇ ਜਗਜੀਤ ਸਿੰਘ ਦੀ ਵਾਰੀ ਆਈ ਅਤੇ ਮਾਈਕ 'ਤੇ ਜਦੋਂ ਇਹ ਐਲਾਨਿਆ ਗਿਆ ਕਿ ਹੁਣ ਪੰਜਾਬ ਯੂਨੀਵਰਸਿਟੀ ਦਾ ਇੱਕ ਵਿਦਿਆਰਥੀ ਸ਼ਾਸਤਰੀ ਸੰਗੀਤ ਗਾਏਗਾ, ਤਾਂ ਉੱਥੇ ਮੌਜੂਦ ਮੁੰਡੇ ਹੱਸਣ ਲੱਗ ਪਏ।

ਮੁੰਡਿਆਂ ਨੂੰ ਲੱਗਦਾ ਸੀ ਕਿ ਪੰਜਾਬ ਤਾਂ ਸਿਰਫ਼ ਭੰਗੜੇ ਲਈ ਮਸ਼ਹੂਰ ਹੈ। ਜਿਵੇਂ ਹੀ ਜਗਜੀਤ ਸਿੰਘ ਸਟੇਜ 'ਤੇ ਆਏ ਤਾਂ ਲੋਕਾਂ ਨੇ ਸੀਟੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ।

ਸੁਭਾਸ਼ ਨੇ ਸੋਚਿਆ ਕਿ ਹੁਣ ਜਗਜੀਤ ਬੁਰੀ ਤਰ੍ਹਾਂ ਨਾਲ ਅਸਫ਼ਲ ਹੋਣ ਵਾਲੇ ਹਨ ਪਰ ਅਜਿਹਾ ਨਾ ਹੋਇਆ।

ਜਗਜੀਤ ਸਿੰਘ ਨੇ ਬੋਲ਼ਾ ਕਰ ਦੇਣ ਵਾਲੇ ਰੌਲੇ 'ਚ ਅੱਖਾਂ ਬੰਦ ਕਰਕੇ ਆਲਾਪ ਲੈਣਾ ਸ਼ੁਰੂ ਕੀਤਾ ਅਤੇ ਫਿਰ ਉਨ੍ਹਾਂ ਨੇ 30 ਸਕਿੰਟਾਂ ਬਾਅਦ ਗਾਉਣਾ ਸ਼ੁਰੂ ਕੀਤਾ।

ਉੱਥੇ ਮੌਜੂਦ ਸਰੋਤਿਆਂ ਨੂੰ ਸ਼ਾਸਤਰੀ ਸੰਗੀਤ ਦੀ ਸਮਝ ਸੀ ਅਤੇ ਜਲਦੀ ਹੀ ਉਹ ਤਾੜੀਆਂ ਵਜਾਉਣ ਲੱਗ ਪਏ।

ਜਦੋਂ ਉਨ੍ਹਾਂ ਨੇ ਆਪਣੀ ਗਾਇਕੀ ਖ਼ਤਮ ਕੀਤੀ ਤਾਂ ਇੰਨ੍ਹੀ ਜ਼ੋਰ ਨਾਲ ਤਾੜੀਆਂ ਵੱਜੀਆਂ ਕਿ ਸੁਭਾਸ਼ ਘਈ ਦੀਆਂ ਅੱਖਾਂ 'ਚ ਹੰਝੂ ਆ ਗਏ ਸਨ।

ਇਸ ਯੂਥ ਫੈਸਟੀਵਲ 'ਚ ਹੀ ਜਗਜੀਤ ਸਿੰਘ ਨੂੰ ਪਹਿਲਾ ਇਨਾਮ ਮਿਲਿਆ ਸੀ।

ਸੁਭਾਸ਼ ਘਈ

ਤਸਵੀਰ ਸਰੋਤ, THE INDIA TODAY GROUP

ਤਸਵੀਰ ਕੈਪਸ਼ਨ, ਮਸ਼ਹੂਰ ਨਿਰਦੇਸ਼ਕ ਸੁਭਾਸ਼ ਘਈ ਕਾਲਜ ਦੇ ਦਿਨਾਂ ਤੋਂ ਹੀ ਜਗਜੀਤ ਸਿੰਘ ਦੇ ਪਰਮ ਮਿੱਤਰ ਸਨ

ਨਿੱਜੀ ਮਹਿਫ਼ਲਾਂ ਤੋਂ ਆਪਣੇ ਗਾਇਕੀ ਜੀਵਨ ਦੀ ਸ਼ੁਰੂਆਤ ਕੀਤੀ

ਸਾਲ 1965 'ਚ ਜਦੋਂ ਜਗਜੀਤ ਸਿੰਘ ਬੰਬਈ ਆਏ ਤਾਂ ਉਨ੍ਹਾਂ ਨੇ ਸ਼ੂਰੂ-ਸ਼ੁਰੂ 'ਚ ਬੇਰੀਜ਼ ਰੈਸਟੋਰੈਂਟ 'ਚ ਗਾਉਣਾ ਸ਼ੁਰੂ ਕੀਤਾ।

ਫਿਰ ਉਹ ਲੋਕਾਂ ਦੀਆਂ ਨਿੱਜੀ ਮਹਿਫ਼ਲਾਂ 'ਚ ਗਾਉਣ ਲੱਗ ਪਏ ਸਨ। ਕਿਤੇ ਥੋੜੇ ਬਹੁਤ ਪੈਸੇ ਮਿਲ ਜਾਂਦੇ ਜਾਂ ਫਿਰ ਕਿਤੇ ਮੁਫ਼ਤ ਖਾਣਾ ਅਤੇ ਕਿਤੇ ਮੁਫ਼ਤ ਦੀ ਸ਼ਰਾਬ।

ਅਜਿਹੀ ਹੀ ਇੱਕ ਮਹਿਫ਼ਲ 'ਚ 'ਇਲਸਟ੍ਰੇਟਿਡ ਵੀਕਲੀ' ਦੇ ਸੰਪਾਦਕ ਖੁਸ਼ਵੰਤ ਸਿੰਘ ਨੇ ਉਨ੍ਹਾਂ ਨੂੰ ਸੁਣਿਆ ਅਤੇ ਆਪਣੇ ਮੈਗਜ਼ੀਨ 'ਵੀਕਲੀ' 'ਚ ਉਨ੍ਹਾਂ ਦੇ ਬਾਰੇ 'ਚ ਕੁਝ ਸਤਰਾਂ ਲਿਖੀਆਂ।

ਜਗਜੀਤ ਸਿੰਘ 'ਤੇ ਹਾਲ 'ਚ ਹੀ ਪ੍ਰਕਾਸ਼ਿਤ ਹੋਈ ਕਿਤਾਬ 'ਕਹਾਂ ਤੁਮ ਚਲੇ ਗਏ- ਦਾਸਤਾਨ-ਏ- ਜਗਜੀਤ' ਦੇ ਲੇਖਕ ਰਾਜੇਸ਼ ਬਾਦਲ ਲਿਖਦੇ ਹਨ, "ਉਨ੍ਹਾਂ ਦਿਨਾਂ 'ਚ ਜਗਜੀਤ ਸਿੰਘ 'ਵੀਕਲੀ' ਦੀ ਉਸ ਕਲਿੱਪਿੰਗ ਨੂੰ ਹਮੇਸ਼ਾ ਆਪਣੇ ਕੋਲ ਰੱਖਦੇ ਸਨ ਅਤੇ ਬਹੁਤ ਹੀ ਉਤਸ਼ਾਹ ਨਾਲ ਸਾਹਮਣੇ ਵੱਲੇ ਨੂੰ ਦੱਸਿਆ ਕਰਦੇ ਸਨ ਕਿ ਖੁਸ਼ਵੰਤ ਸਿੰਘ ਨੇ ਉਨ੍ਹਾਂ ਬਾਰੇ ਲਿਖਿਆ ਹੈ।

ਬਾਦਲ ਅੱਗੇ ਲਿਖਦੇ ਹਨ,''ਉਸ ਸਮੇਂ ਉਨ੍ਹਾਂ ਨੇ ਇੱਕ ਥ੍ਰੀ ਪੀਸ ਸੂਟ ਸਵਾਇਆ ਸੀ, ਜਿਸ ਨੂੰ ਕਿ ਉਹ ਰੋਜ਼ਾਨਾ ਆਪ ਪ੍ਰੈਸ ਕਰਿਆ ਕਰਦੇ ਸਨ। ਉਹ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਸੀ ਕਿ ਥ੍ਰੀ ਪੀਸ ਸੂਟ 'ਚ ਇੱਕ ਸਰਦਾਰ ਗਲੇ 'ਚ ਹਾਰਮੋਨੀਅਮ ਟੰਗ ਕੇ ਗੀਤ ਗਾ ਰਿਹਾ ਹੈ।"

ਜਗਜੀਤ ਸਿੰਘ

ਤਸਵੀਰ ਸਰੋਤ, MANJUL PUBLISHING

ਤਸਵੀਰ ਕੈਪਸ਼ਨ, ਆਪਣੇ ਕਰੀਅਰ ਦੀ ਖ਼ਾਤਰ ਉਨ੍ਹਾਂ ਨੇ ਆਪਣਾ ਸਿੱਖੀ ਸਰੂਪ ਤਿਆਗਣ ਦਾ ਫੈਸਲਾ ਲਿਆ

ਐੱਚਐੱਮਵੀ ਦੇ ਕਹਿਣ 'ਤੇ ਸਿੱਖੀ ਸਰੂਪ ਤਿਆਗਿਆ

ਜਦੋਂ ਐੱਚਐੱਮਵੀ ਨੇ ਉਨ੍ਹਾਂ ਦਾ ਪਹਿਲਾ ਰਿਕਾਰਡ ਕੱਢਿਆ ਤਾਂ ਕੰਪਨੀ ਨੇ ਰਿਕਾਰਡ ਦੇ ਕਵਰ 'ਤੇ ਛਾਪਣ ਲਈ ਜਗਜੀਤ ਸਿੰਘ ਦੀ ਤਸਵੀਰ ਮੰਗੀ।

ਉਨ੍ਹਾਂ ਨੂੰ ਕਿਹਾ ਗਿਆ ਕਿ ਸੰਗੀਤ ਪ੍ਰੇਮੀ ਇੱਕ ਸਿੱਖ ਨੂੰ ਗਜ਼ਲ ਗਾਉਂਦਾ ਸਵੀਕਾਰ ਨਹੀਂ ਕਰਨਗੇ, ਭਾਵੇਂ ਕਿ ਉਹ ਕਿੰਨਾ ਵੀ ਚੰਗਾ ਕਿਉਂ ਨਾ ਗਾਉਂਦਾ ਹੋਵੇ।

ਰਾਜੇਸ਼ ਬਾਦਲ ਦੱਸਦੇ ਹਨ, "ਕੰਪਨੀ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਬਿਨ੍ਹਾਂ ਦਾੜੀ ਅਤੇ ਪੱਗ ਦੇ ਇੱਕ ਤਸਵੀਰ ਖਿੱਚਵਾਉਣ। ਜਗਜੀਤ ਸਿੰਘ ਨੂੰ ਇਹ ਸੁਣ ਕੇ ਬਹੁਤ ਹੈਰਾਨੀ ਹੋਈ ਪਰ ਆਪਣੇ ਕਰੀਅਰ ਦੀ ਖ਼ਾਤਰ ਉਨ੍ਹਾਂ ਨੇ ਆਪਣਾ ਸਿੱਖੀ ਸਰੂਪ ਤਿਆਗਣ ਦਾ ਫੈਸਲਾ ਲਿਆ।"

ਬੀਬੀਸੀ
  • ਗਜ਼ਲ ਗਾਇਕ ਜਗਜੀਤ ਸਿੰਘ ਦਾ ਅਸਲ ਨਾਮ ਜਗਮੋਹਨ ਸਿੰਘ ਧੀਮਾਨ ਸੀ
  • ਉਨ੍ਹਾਂ ਦਾ ਜਨਮ 1941 ਨੂੰ ਰਾਜਸਥਾਨ ਦੇ ਸ੍ਰੀਗੰਗਾਨਗਰ ਵਿਚ ਹੋਇਆ ਸੀ
  • ਉਨ੍ਹਾਂ ਨੇ ਭਾਰਤੀ ਕਲਾਸੀਕਲ ਸ਼ੈਲੀ ਵਿਚ ਗਜ਼ਲ ਗਾਇਕੀ ਨੂੰ ਨਵਾਂ ਹੁਲਾਰਾ ਦਿੱਤਾ
  • ਉਨ੍ਹਾਂ ਪ੍ਰੇਮ ਗੀਤ ਅਤੇ ਅਰਥ ਵਰਗੀਆਂ ਫਿਲਮਾਂ ਤੇ ਮਿਰਜ਼ਾ ਗਾਲਿਬ ਵਰਗੇ ਸੀਰੀਅਲ ਨੂੰ ਅਵਾਜ਼ ਤੇ ਸੰਗੀਤਬੱਥ ਕੀਤਾ
  • ਸਾਲ 1965 'ਚ ਜਗਜੀਤ ਸਿੰਘ ਬੰਬਈ ਗਏ ਤੇ ਉਨ੍ਹਾਂ ਨੇ ਸ਼ੂਰੂ-ਸ਼ੁਰੂ 'ਚ ਬੇਰੀਜ਼ ਰੈਸਟੋਰੈਂਟ 'ਚ ਗਾਉਣਾ ਸ਼ੁਰੂ ਕੀਤਾ
  • ਐੱਚਐੱਮਵੀ ਨੇ ਉਨ੍ਹਾਂ ਦਾ ਪਹਿਲਾ ਰਿਕਾਰਡ ਕੱਢਿਆ ਸੀ ਉਦੋਂ ਹੀ ਪੋਸਟਰ ਲਈ ਉਨ੍ਹਾਂ ਵਾਲ਼ ਕਟਵਾਏ ਸਨ
  • ਜਗਜੀਤ ਸਿੰਘ ਦਾ ਪਹਿਲਾ ਰਿਕਾਰਡ ' ਦਿ ਅਨਫੋਰਗੇਟੇਬਲਜ਼' ਆਇਆ ਤਾਂ ਉਸ ਨੇ ਉਨ੍ਹਾਂ ਨੂੰ ਰਾਤੋਂ ਰਾਤ ਹੀ ਸਟਾਰ ਬਣਾ ਦਿੱਤਾ।
ਬੀਬੀਸੀ

ਉਸ ਸ਼ਾਮ ਇੱਕ ਦਿਲਚਸਪ ਘਟਨਾ ਵਾਪਰੀ। ਰਾਜੇਸ਼ ਬਾਦਲ ਲਿਖਦੇ ਹਨ, ਜਦੋਂ ਉਹ ਆਪਣੇ ਵਾਲ ਕਟਵਾਉਣ ਤੋਂ ਬਾਅਦ ਇੱਕ ਵਿਆਹ ਦੀ ਰਿਸੈਪਸ਼ਨ 'ਤੇ ਗਾਉਣ ਲਈ ਪਹੁੰਚੇ ਤਾਂ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਗੀਤ ਗਵਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਡੀ ਤਾਂ ਇੱਕ ਸਿੱਖ ਨੌਜਵਾਨ ਨਾਲ ਗੱਲਬਾਤ ਹੋਈ ਸੀ।

ਤੁਸੀਂ ਕਿਉਂ ਆਏ ਹੋ ? ਉਹ ਕਿੱਥੇ ਹੈ ? ਜਗਜੀਤ ਨੇ ਉਨ੍ਹਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਹੀ ਉਹ ਸਿੱਖ ਹਾਂ ਪਰ ਉਨ੍ਹਾਂ ਨੇ ਜਗਜੀਤ ਦੀ ਇੱਕ ਨਾ ਸੁਣੀ।"

ਪ੍ਰਬੰਧਕਾਂ ਨੇ ਕਿਹਾ ਕਿ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਸਰਦਾਰ ਜੀ ਨੂੰ ਕਿਸੇ ਹੋਰ ਪ੍ਰੋਗਰਾਮ 'ਚ ਵਧੇਰੇ ਪੈਸੇ ਮਿਲ ਰਹੇ ਸੀ, ਇਸ ਲਈ ਉਨ੍ਹਾਂ ਨੇ ਤੁਹਾਨੂੰ ਇੱਥੇ ਭੇਜ ਦਿੱਤਾ ਹੈ।

ਜਗਜੀਤ ਸਿੰਘ ਨੇ ਕਿਹਾ ਤੁਸੀਂ ਇੱਕ ਵਾਰ ਮੇਰਾ ਗਾਣਾ ਤਾਂ ਸੁਣੋ। ਮੈਂ ਉਹੀ ਜਗਜੀਤ ਹਾਂ। ਜੇਕਰ ਮੇਰੀ ਆਵਾਜ਼ ਉਹੀ ਹੋਈ ਤਾਂ ਹੀ ਪੈਸੇ ਦੇਣਾ ਨਹੀਂ ਤਾਂ ਨਾ ਦੇਣਾ।

ਪ੍ਰਬੰਧਕਾਂ ਨੇ ਕਿਹਾ ਠੀਕ ਹੈ ਤੁਸੀਂ ਗਾਓ, ਪਰ ਜੇਕਰ ਕਿਸੇ ਮਹਿਮਾਨ ਨੇ ਸ਼ਿਕਾਇਤ ਕੀਤੀ ਤਾਂ ਅਸੀਂ ਤੁਹਾਨੂੰ ਗੀਤ ਦੇ ਵਿਚਾਲੇ ਹੀ ਇੱਥੋਂ ਬਾਹਰ ਕਰ ਦੇਵਾਂਗੇ।

ਜਿਵੇਂ ਹੀ ਜਗਜੀਤ ਨੇ ਗਾਉਣਾ ਸ਼ੁਰੂ ਕੀਤਾ ਸਾਰੇ ਹੀ ਮਹਿਮਾਨ ਵਾਹ-ਵਾਹ ਕਰਨ ਲੱਗ ਪਏ।

ਜਗਜੀਤ ਸਿੰਘ ਬਾਰੇ ਲਿਖੀ ਕਿਤਾਬ ਕਹਾਂ ਤੁਮ ਚਲੇ ਗਏ ਦਾ ਸਵਰਕ

ਤਸਵੀਰ ਸਰੋਤ, MANJUL PUBLISHING

ਤਸਵੀਰ ਕੈਪਸ਼ਨ, ਲੋਕਾਂ ਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਗ਼ਜ਼ਲਾਂ ਨੂੰ ਇਸ ਅੰਦਾਜ਼ 'ਚ ਵੀ ਗਾਇਆ ਜਾ ਸਕਦਾ ਹੈ

'ਬਾਤ ਨਿਕਲੇਗੀ ਤੋ ਦੂਰ ਤੱਕ ਜਾਏਗੀ'

ਜਦੋਂ ਜਗਜੀਤ ਸਿੰਘ ਦਾ ਪਹਿਲਾ ਰਿਕਾਰਡ ' ਦਿ ਅਨਫੋਰਗੇਟੇਬਲਜ਼' ਆਇਆ ਤਾਂ ਉਸ ਨੇ ਉਨ੍ਹਾਂ ਨੂੰ ਰਾਤੋਂ ਰਾਤ ਹੀ ਸਟਾਰ ਬਣਾ ਦਿੱਤਾ।

ਇਸ ਐੱਲਪੀ ਦੀ ਪਹਿਲੀ ਨਜ਼ਮ ਸੀ, 'ਬਾਤ ਨਿਕਲੇਗੀ ਤੋ ਦੂਰ ਤੱਕ ਜਾਏਗੀ'। ਇਸ ਐਲਬਮ ਤੋਂ ਲੋਕਾਂ ਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਗ਼ਜ਼ਲਾਂ ਨੂੰ ਇਸ ਅੰਦਾਜ਼ 'ਚ ਵੀ ਗਾਇਆ ਜਾ ਸਕਦਾ ਹੈ।

ਦਰਅਸਲ ਇਹ ਨਜ਼ਮ ਇੱਕ ਉਰਦੂ ਰਸਾਲੇ 'ਸ਼ਮਾ' 'ਚ ਪ੍ਰਕਾਸ਼ਿਤ ਹੋਈ ਸੀ, ਜਿਸ ਨੂੰ ਕਿ ਜਗਜੀਤ ਸਿੰਘ ਨੇ ਆਪਣੇ ਕੋਲ ਲਿਖ ਲਿਆ ਸੀ।

ਜਦੋਂ ਉਨ੍ਹਾਂ ਨੇ ਇੱਕ ਐਲਬਮ 'ਚ ਸੰਗੀਤ ਦਿੱਤਾ ਤਾਂ ਉਨ੍ਹਾਂ ਨੇ ਭੁਪੇਂਦਰ ਤੋਂ ਇਹ ਨਜ਼ਮ ਗਵਾਈ ਸੀ।

ਇਸ ਤੋਂ ਬਾਅਦ ਇੱਕ ਫਿਲਮ 'ਸ਼ਾਸ਼ਾ' ਲਈ ਇਸ ਨਜ਼ਮ ਨੂੰ ਰਿਕਾਰਡ ਕੀਤਾ ਗਿਆ, ਪਰ ਕੁਝ ਕਾਰਨਾਂ ਕਰਕੇ ਇਹ ਫਿਲਮ ਮੁਕੰਮਲ ਨਾ ਹੋ ਸਕੀ।

ਪਰ ਜਦੋਂ ਐੱਚਐੱਮਵੀ ਨੇ ਉਨ੍ਹਾਂ ਨੂੰ ਐੱਲਪੀ ਰਿਕਾਰਡ ਕਰਨ ਅਤੇ ਉਸ ਲਈ ਰਚਨਾਵਾਂ ਦੀ ਚੋਣ ਕਰਨ ਦੀ ਇਜਾਜ਼ਤ ਦਿੱਤੀ ਤਾਂ ਜਗਜੀਤ ਸਿੰਘ ਨੇ ਸਭ ਤੋਂ ਪਹਿਲਾਂ ਇਸੇ ਨਜ਼ਮ ਨੂੰ ਹੀ ਰਿਕਾਰਡ ਕੀਤਾ।

ਬਾਅਦ 'ਚ ਜਾਵੇਦ ਅਖ਼ਤਰ ਨੇ ਇਕ ਇੰਟਰਵਿਊ 'ਚ ਕਿਹਾ, 'ਮੈਨੂੰ ਯਾਦ ਹੈ, ਇਕ ਐਤਵਾਰ ਨੂੰ ਮੈਂ ਅਮਿਤਾਭ ਬੱਚਨ ਦੇ ਘਰ ਗਿਆ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਇੱਕ ਐਲਬਮ ਸੁਣਾਉਣਾ ਚਾਹੁੰਦਾ ਹਾਂ। ਉਸ ਐਲਬਮ ਦੀ ਪਹਿਲੀ ਗ਼ਜ਼ਲ ਸੀ ' ਬਾਤ ਨਿਕਲੇਗੀ ਤੋ ਦੂਰ ਤਲਕ ਜਾਏਗੀ'। ਮੈਂ ਪਹਿਲੀ ਵਾਰ ਉਹ ਆਵਾਜ਼ ਸੁਣੀ ਸੀ। ਮੈਂ ਪੁੱਛਿਆ ਕਿ ਇਹ ਕਿਸ ਦੀ ਆਵਾਜ਼ ਹੈ ਤਾਂ ਅਮਿਤਾਭ ਨੇ ਦੱਸਿਆ ਕਿ ਇਹ ਜਗਜੀਤ ਸਿੰਘ ਦੀ ਆਵਾਜ਼ ਹੈ'।

ਜਾਵੇਦ ਅਖ਼ਤਰ

ਤਸਵੀਰ ਸਰੋਤ, THE INDIA TODAY GROUP

ਤਸਵੀਰ ਕੈਪਸ਼ਨ, ਜਾਵੇਦ ਅਖ਼ਤਰ ਨੇ ਜਗਜੀਤ ਸਿੰਘ ਦੀ ਅਵਾਜ਼ ਪਹਿਲੀ ਵਾਰ ਅਮਿਤਾਭ ਬੱਚਨ ਦੇ ਘਰ ਸੁਣੀ

ਚਿਤਰਾ ਗਾਂਗੁਲੀ ਨਾਲ ਮੁਲਾਕਾਤ

ਇਸ ਦੌਰਾਨ ਜਗਜੀਤ ਸਿੰਘ ਦੀ ਮੁਲਾਕਾਤ ਚਿਤਰਾ ਗਾਂਗੁਲੀ ਨਾਲ ਹੋਈ।

ਚਿਤਰਾ ਯਾਦ ਕਰਦੇ ਹੋਏ ਦੱਸਦੇ ਹਨ, "ਜਦੋਂ ਪਹਿਲੀ ਵਾਰ ਮੈਂ ਜਗਜੀਤ ਨੂੰ ਆਪਣੀ ਬਾਲਕੋਨੀ ਤੋਂ ਵੇਖਿਆ ਤਾਂ ਉਨ੍ਹਾਂ ਨੇ ਇੰਨ੍ਹੀ ਤੰਗ ਪੈਂਟ ਪਾਈ ਹੋਈ ਸੀ ਅਤੇ ਉਨ੍ਹਾਂ ਨੂੰ ਚੱਲਣ 'ਚ ਵੀ ਮੁਸ਼ਕਲ ਹੋ ਰਹੀ ਸੀ। ਉਹ ਮੇਰੇ ਗੁਆਂਢ 'ਚ ਗਾਉਣ ਲਈ ਆਏ ਸਨ।"

"ਮੇਰੇ ਗੁਆਂਢੀ ਨੇ ਮੈਨੂੰ ਪੁੱਛਿਆ ਕਿ ਕੀ ਤੁਸੀਂ ਸੰਗੀਤ ਸੁਣੋਗੇ ? ਕਿੰਨ੍ਹਾਂ ਸੋਹਣਾ ਗਾਉਂਦਾ ਹੈ! ਕੀ ਆਵਾਜ਼ ਹੈ ਉਸਦੀ। ਪਰ ਜਦੋਂ ਮੈਂ ਪਹਿਲੀ ਵਾਰ ਉਨ੍ਹਾਂ ਨੂੰ ਸੁਣਿਆ ਤਾਂ ਮੈਨੂੰ ਉਹ ਬਿਲਕੁਲ ਵੀ ਪਸੰਦ ਨਹੀਂ ਆਏ। ਮੈਂ ਇਕ ਮਿੰਟ ਬਾਅਦ ਹੀ ਆਪਣੇ ਗੁਆਂਢੀ ਨੂੰ ਟੇਪ ਬੰਦ ਕਰਨ ਲਈ ਕਿਹਾ।"

"ਦੋ ਸਾਲ ਬਾਅਦ, ਜਗਜੀਤ ਅਤੇ ਚਿਤਰਾ ਇਤਫ਼ਾਕਨ ਇੱਕ ਹੀ ਸਟੂਡੀਓ 'ਚ ਗੀਤ ਰਿਕਾਰਡ ਕਰ ਰਹੇ ਸੀ।

ਚਿਤਰਾ ਯਾਦ ਕਰਦੇ ਹਨ, " ਰਿਕਾਰਡਿੰਗ ਤੋਂ ਬਾਅਦ, ਮੈਂ ਸ਼ਿਸ਼ਟਾਚਾਰ ਵੱਜੋਂ ਹੀ ਜਗਜੀਤ ਸਿੰਘ ਨੂੰ ਆਪਣੀ ਕਾਰ 'ਚ ਲਿਫਟ ਦੇਣ ਦੀ ਪੇਸ਼ਕਸ਼ ਕੀਤੀ ਸੀ। ਮੈਂ ਕਿਹਾ ਕਿ ਮੈਂ ਕਰਮਾਈਕਲ ਰੋਡ 'ਤੇ ਉਤਰ ਜਾਵਾਂਗੀ ਅਤੇ ਮੇਰਾ ਡਰਾਇਵਰ ਤੁਹਾਨੂੰ ਤੁਹਾਡੇ ਘਰ ਛੱਡ ਦੇਵੇਗਾ।"

"ਜਦੋਂ ਉਹ ਮੇਰੇ ਘਰ ਪਹੁੰਚੇ ਤਾਂ ਮੈਂ ਨਿਮਰਤਾ ਨਾਲ ਉਨ੍ਹਾਂ ਨੂੰ ਆਪਣੇ ਫਲੈਟ 'ਚ ਚਾਹ ਪੀਣ ਲਈ ਬੁਲਾਇਆ।"

"ਮੈਂ ਰਸੋਈ 'ਚ ਚਾਹ ਬਣਾਉਣ ਲਈ ਚਲੀ ਗਈ ਅਤੇ ਫਿਰ ਮੈਂ ਡਰਾਇੰਗ ਰੂਮ 'ਚੋਂ ਹਾਰਮੋਨੀਅਮ ਦੀ ਆਵਾਜ਼ ਸੁਣੀ। ਜਗਜੀਤ ਸਿੰਘ ਗਾ ਰਹੇ ਸਨ, ' ਧੂੰਆ ਉਠਾ ਥਾ…' , ਉਸ ਦਿਨ ਤੋਂ ਮੈਂ ਉਨ੍ਹਾਂ ਦੇ ਸੰਗੀਤ ਦੀ ਮੁਰੀਦ ਹੋ ਗਈ।"

ਹੌਲੀ-ਹੌਲੀ ਉਨ੍ਹਾਂ ਦੀ ਦੋਸਤੀ ਵਧੀ ਅਤੇ ਦੋਵਾਂ ਨੇ ਇੱਕਠੇ ਗਾਉਣਾ ਸ਼ੁਰੂ ਕਰ ਦਿੱਤਾ।

ਜਗਜੀਤ ਸਿੰਘ

ਤਸਵੀਰ ਸਰੋਤ, MANJUL PUBLISHING

ਤਸਵੀਰ ਕੈਪਸ਼ਨ, ਚਿਤਰਾ ਸਿੰਘ ਸ਼ੁਰੂ ਵਿੱਚ ਜਗਜੀਤ ਦੀ ਗਾਇਕੀ ਨੂੰ ਪੰਸਦ ਨਹੀਂ ਕਰਦੇ ਸਨ ਪਰ ਬਾਅਦ ਵਿੱਚ ਜਗਜੀਤ ਨੇ ਹੀ ਚਿਤਰਾ ਨੂੰ ਗਾਉਣਾ ਸਿਖਾਇਆ

ਜਗਜੀਤ ਨੇ ਚਿਤਰਾ ਨੂੰ ਸੰਗੀਤ ਸਿਖਾਇਆ

ਜਗਜੀਤ ਸਿੰਘ ਨੇ ਹੀ ਚਿਤਰਾ ਨੂੰ ਸੁਰ ਠੀਕ ਕਰਨ, ਉਚਾਰਨ ਅਤੇ ਆਰੋਹ-ਅਵਰੋਹ ਦੀ ਕਲਾ ਸਿਖਾਈ ਸੀ। ਚਿਤਰਾ ਦੇ ਨਾਲ ਉਹ ਇੱਕ ਸਖ਼ਤ ਉਸਤਾਦ ਸਨ।

ਚਿਤਰਾ ਦੱਸਦੇ ਹਨ, "ਜੇਕਰ ਮੈਂ ਕਿਸੇ ਦੋਗਾਣੇ ਦੌਰਾਨ ਕੋਈ ਗਲਤੀ ਕਰਦੀ ਸੀ ਤਾਂ ਉਨ੍ਹਾਂ ਦਾ ਮੂੰਹ ਬਣ ਜਾਂਦਾ ਸੀ। ਮੇਰੀ ਆਵਾਜ਼ ਬੰਸਰੀ ਵਾਂਗਰ ਸੀ- ਬਾਰੀਕ ਅਤੇ ਉੱਚੇ ਸੁਰ ਵਾਲੀ, ਜਦਕਿ ਉਨ੍ਹਾਂ ਦੀ ਆਵਾਜ਼ ਭਾਰੀ ਸੀ।"

"ਉਨ੍ਹਾਂ ਨੇ ਸੰਗੀਤ ਦੀ ਖਾਸੀ ਸਿਖਲਾਈ ਲਈ ਹੋਈ ਸੀ। ਉਹ ਜ਼ਰੂਰਤ ਪੈਣ 'ਤੇ ਕਿਸੇ ਵੀ ਗੀਤ ਨੂੰ 40-45 ਮਿੰਟਾਂ ਤੱਕ ਖਿੱਚ ਸਕਦੇ ਸਨ, ਪਰ ਮੈਂ ਅਜਿਹਾ ਨਹੀਂ ਕਰ ਸਕਦੀ ਸੀ।"

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਉਹ ਅੱਗੇ ਦੱਸਦੇ ਹਨ,''ਮੈਂ ਜਾਣਦੀ ਸੀ ਕਿ ਉਨ੍ਹਾਂ ਦੀ ਆਵਾਜ਼ ਦੋਗਾਣਾ ਗਾਉਣ 'ਚ ਰੁਕਾਵਟ ਸੀ, ਖਾਸ ਕਰਕੇ ਸਟੇਜ 'ਤੇ। ਉਨ੍ਹਾਂ ਦੀ ਆਦਤ ਸੀ ਕਿ ਸੁਰ ਨੂੰ ਹਮੇਸ਼ਾਂ ਉੱਚਾ ਚੁੱਕਣਾ। ਉਨ੍ਹਾਂ ਨੂੰ ਬੰਧਨ ਤੋਂ ਨਫ਼ਰਤ ਸੀ। ਜਗਜੀਤ ਨੇ ਮੈਨੂੰ ਇੱਕਲੇ ਹੀ ਗਾਉਣ ਲਈ ਪ੍ਰੇਰਿਆ। ਇਸ ਦੇ ਦੋ ਫਾਇਦੇ ਹੋਏ।"

ਚਿਤਰਾ ਮੁਤਾਬਕ ਇਸ ਤੋਂ ਬਾਅਦ,'' ਇੱਕ ਤਾਂ ਮੇਰਾ ਆਤਮਵਿਸ਼ਵਾਸ ਵਧਿਆ ਕਿ ਮੈਂ ਗ਼ਜ਼ਲ ਵਰਗੀ ਔਖੀ ਵਿਧਾ ਵੀ ਗਾ ਸਕਦੀ ਹਾਂ। ਦੂਜਾ ਉਨ੍ਹਾਂ ਨੂੰ ਕੁਝ ਅਰਾਮ ਵੀ ਮਿਲ ਜਾਂਦਾ ਸੀ। ਜਦੋਂ ਕਿਸੇ ਪ੍ਰੋਗਰਾਮ 'ਚ ਮੈਂ ਗਾਉਂਦੀ ਸੀ ਤਾਂ ਉਨ੍ਹੀ ਦੇਰ ਤੱਕ ਉਨ੍ਹਾਂ ਨੂੰ ਅਰਾਮ ਮਿਲ ਜਾਂਦੀ ਸੀ।"

ਜਗਜੀਤ ਸਿੰਘ

ਤਸਵੀਰ ਸਰੋਤ, MANJUL PUBLISHING

ਤਸਵੀਰ ਕੈਪਸ਼ਨ, ਚਿਤਰਾ ਸਿੰਘ ਨੂੰ ਜਗਜੀਤ ਸਿੰਘ ਦੀ ਗਾਇਕੀ ਪਹਿਲੀ ਵਾਰ ਪਸੰਦ ਨਹੀਂ ਆਈ ਸੀ

ਗ਼ਜ਼ਲ 'ਚ ਪਹਿਲੀ ਵਾਰ ਪੱਛਮੀ ਸਾਜਾਂ ਦੀ ਹੋਈ ਵਰਤੋਂ

ਜਗਜੀਤ ਸਿੰਘ ਨੇ ਪਹਿਲੀ ਵਾਰ ਆਪਣੀਆਂ ਗ਼ਜ਼ਲਾਂ 'ਚ ਪੱਛਮੀ ਸਾਜ਼ਾਂ ਦੀ ਵਰਤੋਂ ਕੀਤੀ, ਜੋ ਕਿ ਉਸ ਸਮੇਂ 'ਚ ਬਿਲਕੁਲ ਹੀ ਨਵੀਂ ਗੱਲ ਸੀ।

ਰਾਜੇਸ਼ ਬਾਦਲ ਦੱਸਦੇ ਹਨ, " ਉਸ ਸਮੇਂ ਗ਼ਜ਼ਲ ਗਾਉਣ ਮੌਕੇ ਸਿਰਫ ਰਵਾਇਤੀ ਸਾਜ਼ਾਂ, ਜਿਵੇਂ ਹਾਰਮੋਨੀਅਮ, ਸਾਰੰਗੀ ਅਤੇ ਤਬਲੇ ਦੀ ਹੀ ਵਰਤੋਂ ਕੀਤੀ ਜਾਂਦੀ ਸੀ। ਪਰ ਜਗਜੀਤ ਨੇ 'ਅਨਫਾਰਗੇਟੇਬਲਜ਼' 'ਚ ਪੱਛਮੀ ਸੰਗੀਤਕ ਸਾਜ਼ਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ। ਸ਼ੁਰੂ-ਸ਼ੁਰੂ 'ਚ ਤਾਂ ਗ਼ਜ਼ਲ ਦੇ ਪਰੰਪਰਾਗਤ ਪ੍ਰੇਮੀਆਂ ਨੇ ਇਸ ਗੱਲ ਲਈ ਜਗਜੀਤ ਦੀ ਆਲੋਚਨਾ ਵੀ ਕੀਤੀ।"

ਪਰ ਜਗਜੀਤ ਨੇ ਦਲੀਲ ਦਿੱਤੀ ਕਿ ਭਾਵੇਂ ਕਿ ਉਹ ਪੱਛਮੀ ਸਾਜ਼ਾਂ ਦੀ ਵਰਤੋਂ ਕਰ ਰਹੇ ਹਨ, ਪਰ ਉਨ੍ਹਾਂ ਨੇ ਭਾਰਤੀ ਸ਼ਾਸਤਰੀ ਸੰਗੀਤ ਦੀ ਰਾਗਦਾਰੀ ਨੂੰ ਨਹੀਂ ਛੱਡਿਆ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਆਲੋਚਕਾਂ ਦੀ ਬੋਲਤੀ ਬੰਦ ਹੋ ਗਈ।

ਜਗਜੀਤ ਸਿੰਘ

ਤਸਵੀਰ ਸਰੋਤ, MANJUL PUBLISHING

ਤਸਵੀਰ ਕੈਪਸ਼ਨ, ਜਗਜੀਤ ਸਿੰਘ ਨੇ ਪਹਿਲੀ ਵਾਰ ਆਪਣੀਆਂ ਗ਼ਜ਼ਲਾਂ 'ਚ ਪੱਛਮੀ ਸਾਜ਼ਾਂ ਦੀ ਵਰਤੋਂ ਕੀਤੀ, ਜੋ ਕਿ ਉਸ ਸਮੇਂ 'ਚ ਬਿਲਕੁਲ ਹੀ ਨਵੀਂ ਗੱਲ ਸੀ

ਫਿਲਮਾਂ ਵਿੱਚ ਗਾਇਕੀ

ਇਸ ਦੌਰਾਨ ਜਗਜੀਤ ਸਿੰਘ ਨੇ ਫਿਲਮਾਂ 'ਚ ਗਾਉਣਾ ਸ਼ੁਰੂ ਕੀਤਾ। 1973 'ਚ ਉਨ੍ਹਾਂ ਨੇ ਬਾਸੂ ਭੱਟਾਚਾਰੀਆ ਦੀ ਫਿਲਮ 'ਅਵਿਸ਼ਕਾਰ' ਵਿੱਚ ਵਾਜਿਦ ਅਲੀ ਸ਼ਾਹ ਦੀ ਠੁਮਰੀ 'ਬਾਬੁਲ ਮੋਰਾ ਨੈਹਰ ਛੂਟੋ ਜਾਏ' ਗਾਇਆ।

ਰਾਜੇਸ਼ ਬਾਦਲ ਦੱਸਦੇ ਹਨ, "ਜਿਸ ਦਿਨ ਉਨ੍ਹਾਂ ਨੇ ਇਸ ਠੁਮਰੀ ਦੀ ਰਿਕਾਰਡਿੰਗ ਕਰਨੀ ਸੀ, ਉਸ ਦਿਨ ਬਾਸੂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਰਾਤ ਨੂੰ ਘਰ ਨਹੀਂ ਜਾਣਗੇ। ਉਨ੍ਹਾਂ ਨੇ ਸਟੂਡੀਓ 'ਚ ਹੀ ਜਗਜੀਤ ਦੇ ਠਹਿਰਨ ਦਾ ਇੰਤਜ਼ਾਮ ਕੀਤਾ।"

"ਬਾਸੂ ਨੇ ਉਨ੍ਹਾਂ ਨੂੰ ਰਾਤ ਦੇ 2 ਵਜੇ ਉਠਾਇਆ ਅਤੇ ਠੁਮਰੀ ਰਿਕਾਰਡ ਕੀਤੀ। ਬਾਸੂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਨੀਂਦ ਤੋਂ ਬਾਅਦ ਦੀ ਭਾਰੀ ਆਵਾਜ਼ ਚਾਹੀਦੀ ਸੀ, ਇਸ ਲਈ ਤੜਕਸਾਰ ਹੀ ਉਨ੍ਹਾਂ ਨੇ ਠੁਮਰੀ ਰਿਕਾਰਡ ਕੀਤੀ।"

ਵੀਡੀਓ: ਸੁਣੋ ਜਗਜੀਤ ਸਿੰਘ ਤੇ ਚਿੱਤਰਾ ਸਿੰਘ ਦੇ ਪੰਜਾਬੀ ਟੱਪੇ

ਵੀਡੀਓ ਕੈਪਸ਼ਨ, ਸੁਣੋ ਜਗਜੀਤ ਸਿੰਘ ਤੇ ਚਿੱਤਰਾ ਸਿੰਘ ਦੇ ਪੰਜਾਬੀ ਟੱਪੇ

1981 'ਚ ਉਨ੍ਹਾਂ ਦੀ ਇੱਕ ਹੋਰ ਫਿਲਮ 'ਪ੍ਰੇਮ ਗੀਤ' ਆਈ, ਜਿਸ ਦੇ ਗੀਤ 'ਹੋਠੋਂ ਸੇ ਛੂ ਲੋ ਤੁਮ.. ਮੇਰਾ ਗੀਤ ਅਮਰ ਕਰ ਦੋ' ਨੇ ਸਾਰਿਆ ਦਾ ਧਿਆਨ ਆਪਣੇ ਵੱਲ ਖਿੱਚਿਆ।

ਇਸ ਫਿਲਮ ਦਾ ਇੱਕ ਹੋਰ ਗੀਤ 'ਆਓ ਮਿਲ ਜਾਏਂ ਹਮ ਸੁਗੰਧ ਔਰ ਸੁਮਨ ਕੀ ਤਰ੍ਹਾਂ' ਸੀ, ਜਿਸ ਨੂੰ ਸੁਰੇਸ਼ ਵਾਡੇਕਰ ਅਤੇ ਅਨੁਰਾਧਾ ਪੌਡਵਾਲ ਨੇ ਜਗਜੀਤ ਸਿੰਘ ਦੇ ਨਿਰਦੇਸ਼ਨ ਹੇਠ ਗਾਇਆ ਸੀ।

ਇਸ 'ਚ ਸ਼ਿਵਰੰਜਨੀ ਅਤੇ ਪਹਾੜੀ ਰਾਗਾਂ ਦੀ ਬੇਮਿਸਾਲ ਵਰਤੋਂ ਕੀਤੀ ਗਈ ਸੀ।

ਗੁਲਜ਼ਾਰ ਦੇ ਸੀਰੀਅਲ ਮਿਰਜ਼ਾ ਗਾਲਿਬ ਨਾਲ ਮਿਲੀ ਪ੍ਰਸਿੱਧੀ

ਸੀਰੀਅਲ ਮਿਰਜ਼ਾ ਗਾਲਿਬ 'ਚ ਜਗਜੀਤ ਸਿੰਘ ਅਤੇ ਚਿਤਰਾ ਸਿੰਘ ਦੀ ਗਾਇਕੀ ਉਨ੍ਹਾਂ ਦੇ ਕਰੀਅਰ ਦਾ ਸਿਖ਼ਰ ਸੀ।

ਜਗਜੀਤ ਸਿੰਘ

ਤਸਵੀਰ ਸਰੋਤ, MANJUL PUBLISHING

ਤਸਵੀਰ ਕੈਪਸ਼ਨ, ਮਿਰਜਾ ਗਾਲਿਬ ਸੀਰੀਅਲ ਵਿਚਲੀ ਗਾਇਕੀ ਸੁਣਨ ਲਈ ਪਾਕਿਸਤਾਨ ਵਿਚੋਂ ਲੋਕਾਂ ਨੇ ਡਿੱਸ਼ਾਂ ਖਰੀਦੀਆਂ ਸਨ

ਜਗਜੀਤ ਸਿੰਘ ਦੀ ਗੁਲਜ਼ਾਰ ਨਾਲ ਮੁਲਾਕਾਤ ਗੁਲਜ਼ਾਰ ਦੇ ਛੋਟੇ ਭਰਾ ਤਿਰਲੋਚਨ ਰਾਹੀਂ ਹੋਈ ਸੀ, ਜੋ ਉਸ ਸਮੇਂ ਦਿੱਲੀ ਦੇ ਆਕਾਸ਼ਵਾਣੀ 'ਚ ਉਰਦੂ ਅਤੇ ਅੰਗਰੇਜ਼ੀ ਦੇ ਨਿਊਜ਼ ਰੀਡਰ ਸਨ।

ਜਗਜੀਤ ਸਿੰਘ ਦੀ ਇੱਕ ਹੋਰ ਜੀਵਨੀ 'ਬਾਤ ਨਿਕਲੇਗੀ ਤੋ ਫਿਰ…' ਲਿਖਣ ਵਾਲੀ ਸੱਤਿਆ ਸਰਨ ਦਾ ਕਹਿਣਾ ਹੈ, " ਗੁਲਜ਼ਾਰ ਅਤੇ ਜਗਜੀਤ ਸਿੰਘ ਦੋਵੇਂ ਹੀ ਬਹੁਤ ਸਿਰਜਣਾਤਮਿਕ ਅਤੇ ਪ੍ਰਤਿਭਾਸ਼ਾਲੀ ਹਨ। ਉਨ੍ਹਾਂ ਦੋਵਾਂ ਵਿਚਾਲੇ ਥੋੜ੍ਹਾ ਮੁਕਾਬਲਾ ਵੀ ਸੀ, ਪਰ ਨਾਲ ਹੀ ਉਨ੍ਹਾਂ ਵਿਚਾਲੇ ਤਾਲਮੇਲ ਵੀ ਮੌਜੂਦ ਸੀ"।

'ਗੁਲਜ਼ਾਰ ਦੇ ਜਗਜੀਤ ਨਾਲ ਇਸ ਗੱਲ 'ਤੇ ਡੂੰਘੇ ਮਤਭੇਦ ਸਨ ਕਿ ਉਹ ਜਗਜੀਤ ਨੂੰ ਕੋਈ ਵੀ ਅਜਿਹਾ ਸਾਜ਼ ਨਹੀਂ ਵਰਤਣ ਦੇਣਾ ਚਾਹੁੰਦੇ ਸਨ, ਜੋ ਕਿ ਗ਼ਾਲਿਬ ਦੇ ਜ਼ਮਾਨੇ 'ਚ ਨਹੀਂ ਸੀ।

ਜਗਜੀਤ ਨੇ ਕਿਹਾ ਕਿ ਜੇਕਰ ਮੈਂ ਤੁਹਾਡੀ ਗੱਲ ਮੰਨ ਲਈ ਤਾਂ ਸੰਗੀਤ ਨੰਗਾ ਜਾਪੇਗਾ। ਅਸਲ 'ਚ ਉਨ੍ਹਾਂ ਨੇ ਇੰਨ੍ਹਾਂ ਸ਼ਬਦਾਂ ਦੀ ਹੀ ਵਰਤੋਂ ਕੀਤੀ ਸੀ। ਪਰ ਗੁਲਜ਼ਾਰ ਨੇ ਇਸ 'ਤੇ ਕੋਈ ਸਮਝੌਤਾ ਨਹੀਂ ਕੀਤਾ ਅਤੇ ਅਖੀਰ ਉਨ੍ਹਾਂ ਦੀ ਹੀ ਗੱਲ ਮੰਨੀ ਗਈ'।

ਮਿਰਜ਼ਾ ਗਾਲਿਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਿਰਜ਼ਾ ਗਾਲਿਬ ਸੀਰਅਲ ਵਿੱਚ ਗਾਲਿਬ ਦੀ ਭੂਮਿਕਾ ਅਦਾਕਾਰ ਨਸੀਰੂਦੀਨ ਸ਼ਾਹ ਨੇ ਨਿਭਾਈ ਸੀ

'ਦੂਜੀ ਗੱਲ ਗੁਲਜ਼ਾਰ ਨੇ ਜਗਜੀਤ ਨੂੰ ਕਹੀ ਕਿ ਉਨ੍ਹਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਮਿਰਜ਼ਾ ਗ਼ਾਲਿਬ ਸ਼ਾਸਤਰੀ ਸੰਗੀਤ ਦੇ ਗਾਇਕ ਅਤੇ ਜਾਣਕਾਰ ਨਹੀਂ ਸਨ। ਹਾਂ, ਇਹ ਜ਼ਰੂਰ ਸੀ ਕਿ ਉਹ ਦੂਜੇ ਕਵੀਆਂ ਦੀ ਤਰ੍ਹਾਂ ਤਰੰਨੁਮ 'ਚ ਗਾਉਂਦੇ ਸਨ'।

ਭਾਰਤ ਤੋਂ ਇਲਾਵਾ ਪਾਕਿਸਤਾਨ 'ਚ ਵੀ 'ਮਿਰਜ਼ਾ ਜ਼ਾਲਿਬ' ਨੂੰ ਬਹੁਤ ਪਸੰਦ ਕੀਤਾ ਗਿਆ ਸੀ।

ਰਾਜੇਸ਼ ਬਾਦਲ ਦੱਸਦੇ ਹਨ, "ਪਾਕਿਸਤਾਨ 'ਚ ਇਸ ਸੀਰੀਅਲ ਦੀ ਪ੍ਰਸਿੱਧੀ ਦਾ ਆਲਮ ਇਹ ਸੀ ਕਿ ਉਨ੍ਹਾਂ ਦਿਨਾਂ 'ਚ ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ 'ਤੇ ਪ੍ਰਸਾਰਣ ਛੱਤਰੀਆਂ ਖਰੀਦ ਕੇ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।

ਉਸ ਸਮੇਂ ਪਾਕਿਸਤਾਨ 'ਚ ਇੱਕ ਛੱਤਰੀ ਲਈ ਵੀਹ ਤੋਂ ਪੱਚੀ ਹਜ਼ਾਰ ਰੁਪਏ ਖਰਚਣੇ ਪੈਂਦੇ ਸਨ।

ਦਿਲਚਸਪ ਗੱਲ ਇਹ ਸੀ ਕਿ ਕੋਈ ਵੀ ਖੁੱਲ੍ਹੇ ਤੌਰ 'ਤੇ ਨਹੀਂ ਕਹਿੰਦਾ ਸੀ ਕਿ ਉਸ ਨੇ 'ਮਿਰਜ਼ਾ ਗਾਲਿਬ' ਵੇਖਣ ਲਈ ਛੱਤਰੀ ਲਗਾਈ ਹੈ।

ਜਦੋਂ 2004 'ਚ ਜਗਜੀਤ ਸਿੰਘ ਪਾਕਿਸਤਾਨ ਦੌਰੇ 'ਤੇ ਗਏ ਤਾਂ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਉਨ੍ਹਾਂ ਨੂੰ ਇਹ ਕਿੱਸਾ ਸੁਣਾਇਆ"।

ਜਗਜੀਤ ਸਿੰਘ

ਤਸਵੀਰ ਸਰੋਤ, HARPER COLLINS

ਤਸਵੀਰ ਕੈਪਸ਼ਨ, ਜਗਜੀਤ ਸਿੰਘ ਭਾਵੇਂ ਪੱਛਮੀ ਸਾਜ਼ਾਂ ਦੀ ਵਰਤੋਂ ਕਰਦੇ ਸਨ, ਪਰ ਉਨ੍ਹਾਂ ਭਾਰਤੀ ਰਾਗਦਾਰੀ ਨਹੀਂ ਛੱਡੀ

ਘੋੜਿਆਂ ਨਾਲ ਪਿਆਰ

ਇਸ ਤੋਂ ਪਹਿਲਾਂ ਜਦੋਂ ਜਗਜੀਤ ਸਾਲ 1999 'ਚ ਪਾਕਿਸਤਾਨ ਗਏ ਸਨ ਤਾਂ ਉਹ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੇ ਘਰ ਵੀ ਗਏ ਸਨ।

ਉੱਥੇ ਦੋਵਾਂ ਨੇ ਇੱਕਠੇ ਪੰਜਾਬੀ ਗੀਤ ਗਾਏ ਅਤੇ ਮੁਸ਼ੱਰਫ਼ ਨੇ ਉਨ੍ਹਾਂ ਨਾਲ ਤਬਲਾ ਵੀ ਵਜਾਇਆ ਸੀ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਜਗਜੀਤ ਸਿੰਘ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ।

ਜਗਜੀਤ ਸਿੰਘ ਨੂੰ ਘੋੜਿਆਂ ਨਾਲ ਬਹੁਤ ਪਿਆਰ ਸੀ। ਉਨ੍ਹਾਂ ਕੋਲ 6-7 ਘੋੜੇ ਵੀ ਸਨ। ਉਹ ਕਿਹਾ ਕਰਦੇ ਸਨ, "ਇੰਨ੍ਹਾਂ ਕੋਲ ਆ ਕੇ ਮੈਨੂੰ ਕੁਝ ਸਮੇਂ ਲਈ ਸੰਗੀਤ ਤੋਂ ਬਰੇਕ ਦਾ ਅਹਿਸਾਸ ਹੁੰਦਾ ਹੈ।"

ਰਾਜੇਸ਼ ਬਾਦਲ ਇੱਕ ਕਿੱਸਾ ਸੁਣਾਉਂਦੇ ਹਨ, " ਇੱਕ ਵਾਰ ਇੱਕ ਦੌੜ ਦੌਰਾਨ ਉਨ੍ਹਾਂ ਦਾ ਘੋੜਾ ਜਿੱਤ ਗਿਆ। ਇਸ ਜਿੱਤ ਨਾਲ ਜਗਜੀਤ ਇੰਨ੍ਹੇ ਜੋਸ਼ 'ਚ ਆ ਗਏ ਕੇ ਉਹ ਉੱਚੀ ਉੱਚੀ ਚੀਕਣ ਲੱਗ ਪਏ।''

"ਜਦੋਂ ਉਹ ਘਰ ਪਹੁੰਚੇ ਤਾਂ ਉਨ੍ਹਾਂ ਦੀ ਆਵਾਜ਼ ਹੀ ਨਹੀਂ ਨਿਕਲ ਰਹੀ ਸੀ। ਉਨ੍ਹਾਂ ਨੇ ਕਈ ਉਪਾਅ ਕੀਤਾ ਪਰ ਗਲੇ 'ਚੋਂ ਆਵਾਜ਼ ਹੀ ਨਾ ਨਿਕਲੀ। ਉਹ ਘਬਰਾ ਗਏ। ਤਿੰਨ ਮਹੀਨਿਆਂ ਤੱਕ ਉਨ੍ਹਾਂ ਦਾ ਕੋਈ ਸ਼ੋਅ ਨਹੀਂ ਹੋਇਆ। ਉਨ੍ਹਾਂ ਨੂੰ ਲੱਗਿਆ ਕਿ ਹੁਣ ਉਨ੍ਹਾਂ ਦਾ ਕਰੀਅਰ ਖਤਮ ਹੋ ਗਿਆ ਹੈ।''

ਜਗਜੀਤ ਸਿੰਘ

ਤਸਵੀਰ ਸਰੋਤ, MANJUL PUBLISHING

ਤਸਵੀਰ ਕੈਪਸ਼ਨ, ਜਗਜੀਤ ਸਿੰਘ ਦੀ ਇੱਕ ਵਾਰ ਅਵਾਜ਼ ਚਲੀ ਗਈ ਸੀ ਅਤੇ ਫੇਰ ਲਤਾ ਦੇ ਨੁਖਸੇ ਨਾਲ ਠੀਕ ਹੋਈ

ਇਸ ਦੌਰਾਨ ਲਤਾ ਮੰਗੇਸ਼ਕਰ ਨੂੰ ਪਤਾ ਲੱਗਿਆ ਕਿ ਜਗਜੀਤ ਸਿੰਘ ਦੀ ਆਵਾਜ਼ ਚਲੀ ਗਈ ਹੈ। ਉਨ੍ਹਾਂ ਨੇ ਜਗਜੀਤ ਨੂੰ ਸੁਨੇਹਾ ਭੇਜਿਆ ਕਿ ਉਹ ਉਸ ਨੂੰ ਆ ਕੇ ਮਿਲਣ।

ਮੇਰੇ ਨਾਲ ਵੀ ਅਜਿਹਾ ਵਾਪਰ ਚੁੱਕਿਆ ਹੈ। ਜਗਜੀਤ ਬਿਨ੍ਹਾਂ ਦੇਰੀ ਲਤਾ ਮੰਗੇਸ਼ਕਰ ਕੋਲ ਗਏ। ਉਨ੍ਹਾਂ ਨੇ ਜਗਜੀਤ ਨੂੰ ਇੱਕ ਨੁਸਖਾ ਦਿੱਤਾ, ਜਿਸ ਨਾਲ ਜਗਜੀਤ ਦੀ ਆਵਾਜ਼ ਇੱਕ ਵਾਰ ਫਿਰ ਵਾਪਸ ਆ ਗਈ।

ਗ਼ਜ਼ਲ ਨੂੰ ਆਮ ਆਦਮੀ ਤੱਕ ਪਹੁੰਚਾਇਆ

ਜਿਸ ਸਮੇਂ ਜਗਜੀਤ ਸਿੰਘ ਆਪਣਾ ਕਰੀਅਰ ਬਣਾ ਰਹੇ ਸਨ, ਉਸ ਸਮੇਂ ਮਹਿੰਦੀ ਹਸਨ ਅਤੇ ਬੇਗ਼ਮ ਅਖ਼ਤਰ ਇਸ ਖੇਤਰ 'ਚ ਖਾਸਾ ਨਾਮਣਾ ਖੱਟ ਚੁੱਕੇ ਸਨ।

ਪਰ ਉਨ੍ਹਾਂ ਦੀ ਗਾਇਕੀ ਨੇ ਇਹ ਧਾਰਨਾ ਬਣਾ ਦਿੱਤੀ ਸੀ ਕਿ ਗ਼ਜ਼ਲ ਸ਼ਾਇਦ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੈ।

ਉਹ ਲੋਕ ਵੱਡੇ-ਵੱਡੇ ਕਵੀਆਂ ਦੇ ਕਲਾਮ ਗਾਉਂਦੇ ਸਨ, ਜੋ ਕਿ ਅਕਸਰ ਹੀ ਆਮ ਆਦਮੀ ਦੇ ਉੱਤੋਂ ਹੀ ਲੰਘ ਜਾਂਦੇ ਸਨ।

ਜਗਜੀਤ ਸਿੰਘ ਨੇ ਸੌਖੀ ਭਾਸ਼ਾ 'ਚ ਕਲਾਮ ਗਾਉਣਾ ਸ਼ੁਰੂ ਕੀਤਾ। ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਦੀ ਗ਼ਜ਼ਲ ਦਾ ਹਰ ਸ਼ਬਦ ਸਰੋਤਿਆਂ ਦੀ ਸਮਝ 'ਚ ਆਵੇ।

ਜਗਜੀਤ ਸਿੰਘ ਸਾਬਕਾ ਪ੍ਰਧਾਨ ਮੰਤਰੀ ਡਾ਼ ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਨਾਲ

ਤਸਵੀਰ ਸਰੋਤ, MANJUL PUBLISHING

ਤਸਵੀਰ ਕੈਪਸ਼ਨ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਜਗਜੀਤ ਸਿੰਘ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ।

ਜਗਜੀਤ ਸਿੰਘ ਨੇ ਇੱਕ ਇੰਟਰਵਿਊ 'ਚ ਮੰਨਿਆ, "ਮੈਂ ਕਦੇ ਵੀ ਕਵੀ ਜਾਂ ਗੀਤਕਾਰ ਦੇ ਨਾਮ ਨੂੰ ਨਹੀਂ ਵੇਖਿਆ। ਉਹ ਕਿੰਨਾ ਮਸ਼ਹੂਰ ਜਾਂ ਵੱਡਾ ਹੈ, ਇਹ ਵੀ ਕਦੇ ਨਹੀਂ ਵੇਖਿਆ।''

"ਮੈਂ ਸਿਰਫ ਇਸ ਗੱਲ ਵੱਲ ਧਿਆਨ ਜਰੂਰ ਦਿੱਤਾ ਕਿ ਉਸ ਦੀ ਰਚਨਾ ਮੇਰੇ ਦਿਲ ਦੀਆਂ ਤਾਰਾਂ ਨੂੰ ਝੰਜੋੜਦੀ ਹੈ ਜਾਂ ਨਹੀਂ। ਉਸ ਦੀਆਂ ਰਚਨਾਵਾਂ ਲਈ ਮੇਰੇ ਮੂੰਹੋਂ ਵਾਹ-ਵਾਹ ਨਿਕਲਦੀ ਹੈ ਜਾਂ ਫਿਰ ਨਹੀਂ।''

''ਮੇਰੇ ਲਈ ਕੰਟੈਂਟ ਹਮੇਸ਼ਾ ਹੀ ਮਹੱਤਵਪੂਰਨ ਰਿਹਾ ਹੈ। ਮੈਂ ਇੱਕ ਪ੍ਰਯੋਗ ਹੋਰ ਕੀਤਾ। ਮੈਂ ਹਰ ਆਡੀਓ ਕੈਸੇਟ ਦੇ ਨਾਲ ਸਾਰੀਆਂ ਗ਼ਜ਼ਲਾਂ ਹਿੰਦੀ 'ਚ ਪ੍ਰਕਾਸ਼ਿਤ ਕਰਵਾ ਕੇ ਕਵਰ ਦੇ ਅੰਦਰ ਰੱਖਵਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦਾ ਨਤੀਜਾ ਇਹ ਹੋਇਆ ਕਿ ਲੋਕ ਲਿਖੀਆਂ ਹੋਈਆਂ ਗ਼ਜ਼ਲਾਂ ਪੜ੍ਹ-ਪੜ੍ਹ ਕੇ ਯਾਦ ਕਰਨ ਲੱਗੇ।"

ਗੁਲਜ਼ਾਰ ਨੇ ਜਗਜੀਤ 'ਤੇ ਇੱਕ ਬਹੁਤ ਹੀ ਭਾਵੁਕ ਕਵਿਤਾ ਲਿਖੀ ਹੈ-

ਗੁਲਜ਼ਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਲਜ਼ਾਰ ਨਾਲ ਜਗਜੀਤ ਸਿੰਘ ਦੀ ਖਾਸ ਸਾਂਝ ਸੀ

ਏਕ ਬੌਛਾਰ ਸਾ ਥਾ

ਵੇ ਸ਼ਖ਼ਸ

ਬਿਨਾ ਬਰਸੇ ਕਿਸੀ ਅੰਬਰ ਕੀ

ਸਹਿਮੀ ਸੀ ਨਮੀ ਸੇ ਜੋ ਭਿਗੋ ਦੇਤਾ ਥਾ

ਏਕ ਬੌਛਾਰ ਹੀ ਥਾ, ਜੋ ਕਿਸੀ ਧੂਪ ਕੀ ਅਫ਼ਸ਼ਾਂ ਭਰ ਕੇ

ਦੂਰ ਤੱਕ ਸੁਣਤੇ ਹੋਏ ਚੇਹਰੇ ਪਰ ਛਿੜਕ ਦੇਤਾ ਥਾ

ਸਿਰ ਹਿਲਾਤਾ ਥਾ ਕਭੀ ਘੂਮ ਕੇ ਟਹਿਣੀ ਕੀ ਤਰ੍ਹਾਂ

ਲਗਤਾ ਥਾ ਝੌਂਕਾ ਹਵਾ ਕਾ ਕੋਈ ਛੇੜ ਗਯਾ

ਗੁਣਗੁਣਾਤਾ ਥਾ ਖੁਲ੍ਹੇ ਹੋਏ ਬਾਦਲ ਕੀ ਤਰ੍ਹਾਂ

ਮੁਸਕਰਾਹਟ ਮੇਂ ਕਈ ਤਰਬੋਂ ਕੀ ਝੰਕਾਰ ਛਿਪੀ ਥੀ

ਗਲੀ ਕਾਸਿਮ ਕੀ ਤਰ੍ਹਾਂ ਚਲੀ ਗ਼ਜ਼ਲ ਕੀ ਝੰਕਾਰ ਥਾ ਵੋ

ਏਕ ਆਵਾਜ਼ ਕੀ ਬੌਛਾਰ ਥਾ ਵੋ…

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)