ਲਤਾ ਮੰਗੇਸ਼ਕਰ ਦਾ ਦੇਹਾਂਤ, ਉਹ ਕਿੱਸਾ ਜਾਣੋ ਜਦੋਂ ਉਨ੍ਹਾਂ ਦਾ ਗੀਤ ਸੁਣ ਨਹਿਰੂ ਦੇ ਹੰਝੂ ਨਾ ਰੁਕੇ
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦਾ ਦੇਹਾਂਤ ਹੋ ਗਿਆ ਹੈ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਟਵੀਟ ਕਰਕੇ ਉਨ੍ਹਾਂ ਦੇ ਦੇਹਾਂਤ ਬਾਰੇ ਜਾਣਕਾਰੀ ਦਿੱਤੀ।
ਲਤਾ ਮੰਗੇਸ਼ਕਰ ਪਿਛਲੇ ਕਾਫ਼ੀ ਸਮੇਂ ਤੋਂ ਜ਼ੇਰੇ ਇਲਾਜ ਸਨ। ਬੀਤੇ ਦਿਨੀਂ ਉਨ੍ਹਾਂ ਦੀ ਸਿਹਤ ਕਾਫ਼ੀ ਖ਼ਰਾਬ ਹੋ ਗਈ ਸੀ ਅਤੇ ਉਹ ਵੈਂਟੀਲੇਟਰ 'ਤੇ ਸਨ।
ਲਤਾ ਮੰਗੇਸ਼ਕਰ ਬਾਰੇ ਪੜ੍ਹੋ ਕੁਝ ਦਿਲਚਸਪ ਗੱਲਾਂ:
ਜਵਾਹਰਲਾਲ ਨਹਿਰੂ ਬਾਰੇ ਮਸ਼ਹੂਰ ਸੀ ਕਿ ਉਹ ਨਾ ਤਾਂ ਕਦੇ ਜਨਤਕ ਰੂਪ ਵਿੱਚ ਰੋਂਦੇ ਸਨ ਅਤੇ ਨਾ ਹੀ ਕਿਸੇ ਦੂਜੇ ਦਾ ਇਸ ਤਰ੍ਹਾਂ ਰੋਣਾ ਪਸੰਦ ਕਰਦੇ ਸਨ। ਹਾਲਾਂਕਿ 27 ਜਨਵਰੀ,1963 ਨੂੰ ਜਦੋਂ ਲਤਾ ਮੰਗੇਸ਼ਕਰ ਨੇ ਕਵੀ ਪ੍ਰਦੀਪ ਦਾ ਲਿਖਿਆ ਗੀਤ 'ਐ ਮੇਰੇ ਵਤਨ ਕੇ ਲੋਗੋਂ' ਗਾਇਆ ਤਾਂ ਨਹਿਰੂ ਆਪਣੇ ਅੱਥਰੂ ਰੋਕ ਨਾ ਸਕੇ।
ਗਾਣੇ ਤੋਂ ਬਾਅਦ ਜਦੋਂ ਲਤਾ ਸਟੇਜ ਦੇ ਪਿੱਛੇ ਬੈਠੇ ਸਨ ਤਾਂ ਨਿਰਦੇਸ਼ਕ ਮਹਿਬੂਬ ਖ਼ਾਨ ਨੇ ਲਤਾ ਨੂੰ ਕਿਹਾ ਕਿ ਨਹਿਰੂ ਜੀ ਸੱਦ ਰਹੇ ਹਨ।
ਮਹਿਬੂਬ ਨੇ ਲਤਾ ਨੂੰ ਨਹਿਰੂ ਦੇ ਸਾਹਮਣੇ ਲਿਜਾ ਕਿ ਕਿਹਾ, ਇਹ ਹੈ ਸਾਡੀ ਲਤਾ, ਤੁਹਾਨੂੰ ਕਿਵੇਂ ਲੱਗਿਆ ਇਸ ਦਾ ਗਾਣਾ?
ਨਹਿਰੂ ਨੇ ਕਿਹਾ,''ਬਹੁਤ ਵਧੀਆ। ਇਸ ਲੜਕੀ ਨੇ ਮੇਰੀਆਂ ਅੱਖਾਂ ਵਿੱਚ ਪਾਣੀ ਲਿਆ ਦਿੱਤਾ।'' ਇਹ ਕਹਿ ਕੇ ਨਹਿਰੂ ਨੇ ਲਤਾ ਨੂੰ ਗਲ਼ ਨਾਲ ਲਗਾ ਲਿਆ।
ਫ਼ੌਰਨ ਹੀ ਇਸ ਗਾਣੇ ਦੀ ਮਾਸਟਰ ਟੇਪ ਨੂੰ ਵਿਵਿਧ ਭਾਰਤੀ ਦੇ ਸਟੇਸ਼ਨ ਪਹੁੰਚਾਇਆ ਗਿਆ ਅਤੇ ਰਿਕਾਰਡ ਸਮੇਂ ਵਿੱਚ ਐੱਚਐੱਮਵੀ ਉਸ ਦਾ ਰਿਕਾਰਡ ਬਣਵਾ ਕੇ ਮਾਰਕੀਟ ਵਿੱਚ ਲੈ ਆਈ।
ਦੇਖਦੇ ਹੀ ਦੇਖਦੇ ਗਾਣਾ ਪੂਰੇ ਦੇਸ਼ ਵਿੱਚ ਛਾਅ ਗਿਆ ਤੇ 'ਨੈਸ਼ਨਲ ਰੇਜ' ਬਣ ਗਿਆ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
1964 ਵਿੱਚ ਜਦੋਂ ਨਹਿਰੂ ਮੁੰਬਈ ਆਏ ਤਾਂ ਲਤਾ ਨੇ ਉਨ੍ਹਾਂ ਦੇ ਸਾਹਮਣੇ ਬ੍ਰੇਬੋਰਨ ਸਟੇਡੀਅਮ ਵਿੱਚ ਆਰਜ਼ੂ ਫ਼ਿਲਮ ਦਾ ਗਾਣਾ 'ਅਜੀ ਰੂਠ ਕਰ ਅਬ ਕਹਾਂ ਜਾਈਏਗਾ' ਗਾਇਆ ਸੀ।
ਉਸ ਸਮੇਂ ਨਹਿਰੂ ਨੇ ਇੱਕ ਚਿੱਟ ਭੇਜ ਕੇ ਮੁੜ ਤੋਂ 'ਐ ਮੇਰੇ ਵਤਨ ਕੇ ਲੋਗੋਂ' ਗਾਉਣ ਦੀ ਮੰਗ ਰੱਖੀ ਤੇ ਲਤਾ ਨੇ ਉਹ ਪੂਰੀ ਕੀਤੀ।
ਬਰਸਾਤ ਫ਼ਿਲਮ ਤੋਂ ਬਾਅਦ ਕਰੀਅਰ ਨੂੰ ਮਿਲਿਆ ਉਛਾਲ
1949 ਵਿੱਚ ਅੰਦਾਜ਼ ਰਿਲੀਜ਼ ਹੋਣ ਤੋਂ ਬਾਅਦ ਸੰਗੀਤ ਚਾਰਟ ਦੇ ਪਹਿਲੇ ਪੰਜ ਸਥਾਨ ਹਮੇਸ਼ਾ ਲਤਾ ਮੰਗੇਸ਼ਕਰ ਦੇ ਹੀ ਨਾਮ ਰਹੇ। ਜਦੋਂ ਲਤਾ ਮੰਗੇਸ਼ਕਰ 80 ਸਾਲ ਦੇ ਹੋਏ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕਰੀਅਰ ਨੂੰ ਖੰਭ ਲੱਗੇ ਰਾਜ ਕਪੂਰ-ਨਰਗਿਸ ਦੀ ਫ਼ਿਲਮ ਬਰਸਾਤ ਦੇ ਆਉਣ ਤੋਂ ਬਾਅਦ।
ਲਤਾ ਦੇ ਬਾਰੇ ਮਦਨ ਮੋਹਨ ਨੇ ਸੋਲਾਂ ਆਨੇ ਸੱਚੀ ਗੱਲ ਕਹੀ, ਉਨ੍ਹਾਂ ਨੇ ਲਿਖਿਆ, ''1965 ਵਿੱਚ ਮੈਟਰੋ- ਮਰਫ਼ੀ ਵੱਲੋਂ ਸਾਨੂੰ ਸੰਗੀਤਕਾਰਾਂ ਨੂੰ ਪ੍ਰਤਿਭਾ ਪਛਾਨਣ ਲਈ ਪੂਰੇ ਦੇਸ਼ ਵਿੱਚ ਭੇਜਿਆ ਗਿਆ। ਅਸੀਂ ਕੋਈ ਵੀ ਅਜਿਹਾ ਨਹੀਂ ਲੱਭ ਸਕੇ ਜੋ ਪ੍ਰਤਿਭਾ ਦੇ ਮਾਮਲੇ ਵਿੱਚ ਨੇੜੇ-ਤੇੜੇ ਵੀ ਹੋਵੇ। ਇਹ ਸਾਡੀ ਖ਼ੁਸ਼ਕਿਸਮਤੀ ਸੀ ਕਿ ਲਤਾ ਸਾਡੇ ਜ਼ਮਾਨੇ ਵਿੱਚ ਪੈਦਾ ਹੋਏ।''

ਵੱਡੇ ਗੁਲਾਮ ਅਲੀ ਖ਼ਾਨ ਦੀ ਟਿੱਪਣੀ
ਅਸਲ ਵਿੱਚ ਜਦੋਂ ਸਾਲ 1948 ਵਿੱਚ ਮਹਿਲ ਰਿਲੀਜ਼ ਹੋਈ ਤਾਂ ਗੀਤਾ ਰਾਏ ਨੂੰ ਛੱਡ ਕੇ ਇੱਕ-ਇੱਕ ਕਰਕੇ ਲਤਾ ਮੰਗੇਸ਼ਕਰ ਦੇ ਸਾਰੇ ਮੁਕਾਬਲੇਦਾਰ ਸ਼ਮਸ਼ਾਦ ਬੇਗਮ, ਜ਼ੋਹਰਾਬਾਈ ਅੰਬਾਲਾਵਾਲੀ ਅਤੇ ਪਾਰੁਲ ਘੋਸ਼ ਅਤੇ ਅਮੀਰਬਾਈ ਕਰਨਾਟਕੀ ਉਨ੍ਹਾਂ ਦੇ ਰਸਤੇ ਤੋਂ ਪਾਸੇ ਹੁੰਦੇ ਗਏ।
ਜਦੋਂ ਸਾਲ 1950 ਵਿੱਚ ਉਨ੍ਹਾਂ ਨੇ 'ਆਏਗਾ ਆਨੇ ਵਾਲਾ' ਗੀਤ ਗਾਇਆ ਤਾਂ ਆਲ ਇੰਡੀਆ ਰੇਡੀਓ ਉੱਪਰ ਫ਼ਿਲਮ ਸੰਗੀਤ ਬਜਾਉਣ ਦੀ ਪਾਬੰਦੀ ਸੀ। ਉਸ ਸਮੇਂ ਰੇਡੀਓ ਸੀਲੋਨ ਵੀ ਨਹੀਂ ਸੀ। ਭਾਰਤ ਵਾਸੀਆਂ ਨੇ ਪਹਿਲੀ ਵਾਰ ਰੇਡੀਓ ਗੋਆ ਤੋਂ ਲਤਾ ਦੀ ਆਵਾਜ਼ ਸੁਣੀ।
ਗੋਆ ਉਸ ਸਮੇਂ ਪੁਰਤਗਾਲ ਦੇ ਕਬਜ਼ੇ ਵਿੱਚ ਸੀ। ਭਾਰਤ ਨੇ ਇਸ ਨੂੰ ਸਾਲ 1961 ਵਿੱਚ ਅਜ਼ਾਦ ਕਰਵਾਇਆ।
ਉੱਘੇ ਸ਼ਾਸਤਰੀ ਸੰਗੀਤ ਗਾਇਕ ਪੰਡਿਤ ਜਸਰਾਜ ਇੱਕ ਦਿਲਚਸਪ ਕਿੱਸਾ ਸੁਣਾਉਂਦੇ ਹਨ, ''ਇੱਕ ਵਾਰ ਮੈਂ ਵੱਡੇ ਗੁਲਾਮ ਅਲੀ ਖ਼ਾਨ ਨੂੰ ਮਿਲਣ ਅੰਮ੍ਰਿਤਸਰ ਗਿਆ। ਅਸੀਂ ਗੱਲਾਂ ਹੀ ਕਰ ਰਹੇ ਸਨ ਕਿ ਟਰਾਂਜ਼ਿਸਟਰ 'ਤੇ ਲਤਾ ਦਾ ਗਾਣਾ 'ਯੇ ਜ਼ਿੰਦਗੀ ਉਸੀ ਕੀ ਹੈ ਜੋ ਕਿਸੀ ਕਾ ਹੋ ਗਿਆ' ਸੁਣਨ ਵਿੱਚ ਆਇਆ।''
''ਖ਼ਾਨ ਸਾਹਿਬ ਗੱਲ ਕਰਦੇ-ਕਰਦੇ ਇੱਕਦਮ ਰੁਕ ਗਏ ਤੇ ਜਦੋਂ ਗਾਣਾ ਮੁੱਕਿਆ ਤਾਂ ਮੈਨੂੰ ਕਹਿੰਦੇ, ਕਮਬਖ਼ਤ ਕਦੇ ਬੇਸੁਰੀ ਹੁੰਦੀ ਹੀ ਨਹੀਂ। ਇਸ ਟਿੱਪਣੀ ਵਿੱਚ ਪਿਤਾ ਦਾ ਪਿਆਰ ਵੀ ਸੀ ਤੇ ਕਲਾਕਾਰ ਦੀ ਈਰਖਾ ਵੀ।''
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪੰਜ ਸਾਲ ਦੀ ਉਮਰ ਵਿੱਚ ਪਿਤਾ ਨੇ ਪਛਾਣਿਆ ਹੁਨਰ
ਲਤਾ ਦੇ ਗਾਉਣ ਦੀ ਸ਼ੁਰੂਆਤ ਪੰਜ ਸਾਲ ਦੀ ਉਮਰ ਵਿੱਚ ਹੋਈ ਸੀ। ਨਸਰੀਨ ਮੁੱਨੀ ਕਬੀਰ ਦੀ ਕਿਤਾਬ 'ਲਤਾ ਇਨ ਹਰ ਓਨ ਵਰਡਸ' ਵਿੱਚ ਖ਼ੁਦ ਲਤਾ ਦੱਸਦੇ ਹਨ,''ਮੈਂ ਆਪਣੇ ਪਿਤਾ ਦੀਨਾਨਾਥ ਮੰਗੇਸ਼ਕਰ ਨੂੰ ਗਾਉਂਦਿਆਂ ਦੇਖਦੀ ਸੀ ਪਰ ਉਨ੍ਹਾਂ ਦੇ ਸਾਹਮਣੇ ਗਾਉਣ ਦੀ ਹਿੰਮਤ ਨਹੀਂ ਪੈਂਦੀ ਸੀ।''
''ਇੱਕ ਵਾਰ ਉਹ ਆਪਣੇ ਕਿਸੇ ਸ਼ਾਗਿਰਦ ਨੂੰ ਰਾਗ ਪੂਰੀਆ ਧਨਾਸ਼੍ਰੀ ਸਿਖਾ ਰਹੇ ਸਨ। ਕਿਸੇ ਕਾਰਨ ਉਹ ਥੋੜ੍ਹੀ ਦੇਰ ਲਈ ਕਮਰੇ ਤੋਂ ਬਾਹਰ ਚਲੇ ਗਏ। ਮੈਂ ਬਾਹਰ ਖੇਡ ਰਹੀ ਸੀ। ਮੈਂ ਬਾਬਾ ਦੇ ਵਿਦਿਆਰਥੀ ਨੂੰ ਗਾਉਂਦੇ ਹੋਏ ਸੁਣਿਆ। ਮੈਨੂੰ ਲੱਗਿਆ ਮੁੰਡਾ ਢੰਗ ਨਾਲ ਨਹੀਂ ਗਾ ਰਿਹਾ। ਮੈਂ ਉਸ ਕੋਲ ਗਈ ਤੇ ਉਸ ਦੇ ਸਾਹਮਣੇ ਗਾ ਕੇ ਦੱਸਿਆ ਕਿ ਇਸ ਨੂੰ ਕਿਵੇਂ ਗਾਇਆ ਜਾਂਦਾ ਹੈ।''

ਤਸਵੀਰ ਸਰੋਤ, GAUTAM RAJADHYAKSHA COLLECTION
''ਜਦੋਂ ਮੇਰੇ ਪਿਤਾ ਵਾਪਸ ਆਏ ਤਾਂ ਉਨ੍ਹਾਂ ਨੇ ਦਰਵਾਜ਼ੇ ਦੀ ਓਟ ਵਿੱਚੋਂ ਮੈਨੂੰ ਗਾਉਂਦੀ ਨੂੰ ਸੁਣਿਆ। ਉਨ੍ਹਾਂ ਨੇ ਮੇਰੀ ਮਾਂ ਨੂੰ ਬੁਲਾਅ ਕੇ ਕਿਹਾ, 'ਸਾਨੂੰ ਇਹ ਪਤਾ ਹੀ ਨਹੀਂ ਸੀ ਕਿ ਸਾਡੇ ਘਰ ਵਿੱਚ ਵੀ ਇੱਕ ਚੰਗੀ ਗਾਇਕਾ ਹੈ।''
''ਅਗਲੇ ਦਿਨ ਸਵੇਰੇ ਛੇ ਵਜੇ ਜਗਾ ਕੇ ਮੇਰੇ ਪਿਤਾ ਨੇ ਮੈਨੂੰ ਕਿਹਾ ਤਾਨਪੁਰਾ ਚੁੱਕੋ। ਅੱਜ ਤੋਂ ਤੂੰ ਗਾਣਾਂ ਸਿੱਖੇਂਗੀ। ਉਨ੍ਹਾਂ ਨੇ ਪੂਰੀਆ ਧਨਾਸ਼੍ਰੀ ਰਾਗ ਤੋਂ ਹੀ ਸ਼ੁਰੂ ਕੀਤਾ। ਉਸ ਸਮੇਂ ਮੇਰੀ ਉਮਰ ਮਹਿਜ਼ ਪੰਜ ਸਾਲ ਦੀ ਸੀ।''
ਗੁਲਾਮ ਹੈਦਰ ਤੋਂ ਲਈ ਇੱਕ ਖ਼ਾਸ ਸਿੱਖਿਆ
ਉੰਝ ਤਾਂ ਲਤਾ ਮੰਗੇਸ਼ਕਰ ਨੇ ਕਈ ਸੰਗੀਤਕਾਰਾਂ ਨਾਲ ਕੰਮ ਕੀਤਾ ਹੈ ਪਰ ਗੁਲਾਮ ਹੈਦਰ ਦੇ ਲਈ ਉਨ੍ਹਾਂ ਦੇ ਮਨ ਵਿੱਚ ਖ਼ਾਸ ਥਾਂ ਸੀ। ਉਨ੍ਹਾਂ ਨੇ ਉਨ੍ਹਾਂ ਨੂੰ ਇੱਕ ਸਿੱਖਿਆ ਦਿੱਤੀ ਸੀ ਕਿ ਬੀਟ 'ਤੇ ਆਉਣ ਵਾਲੇ ਸ਼ਬਦਾਂ ਉੱਪਰ ਥੋੜ੍ਹਾ ਜ਼ਿਆਦਾ ਜ਼ੋਰ ਦੇਣਾ ਹੈ। ਇਸੇ ਨਾਲ ਗਾਣਾ ਉੱਠਦਾ ਹੈ।''
ਲਤਾ ਮੰਗੇਸ਼ਕਰ ਨੂੰ ਪਾਕਿਸਤਾਨ ਵਿੱਚ ਲੋਕ ਇੰਝ ਯਾਦ ਕਰ ਰਹੇ ਹਨ-
ਇਹ ਵੀ ਪੜ੍ਹੋ:

ਤਸਵੀਰ ਸਰੋਤ, LATA CALENDER
ਅਨਿਲ ਬਿਸਵਾਸ ਤੋਂ ਸਿੱਖਿਆ ਸਾਂਹ 'ਤੇ ਕਾਬੂ ਕਰਨਾ
ਹਰੀਸ਼ ਭਿਵਾਨੀ ਆਪਣੀ ਕਿਤਾਬ 'ਲਤਾ ਦੀਦੀ ਅਜੀਬ ਦਾਸਤਾਨ ਹੈ' ਵਿੱਚ ਲਿਖਦੇ ਹਨ, ''ਅਨਿਲ ਦਾ ਇਸ ਗੱਲ ਉੱਪਰ ਬਹੁਤ ਜ਼ੋਰ ਦਿੰਦੇ ਸਨ ਕਿ ਗੀਤ ਗਾਉਂਦੇ ਸਮੇਂ ਸਾਂਹ ਕਿੱਥੇ ਤੋੜਨੀ ਚਾਹੀਦੀ ਹੈ ਤਾਂ ਜੋ ਸੁਣਨ ਵਾਲੇ ਨੂੰ ਰੜਕੇ ਨਾ।''
''ਅਨਿਲ ਬਿਸਵਾਸ ਨੇ ਲਤਾ ਨੂੰ ਸਿਖਾਇਆ ਕਿ ਦੋ ਸ਼ਬਦਾਂ ਦੇ ਵਿਚਕਾਰ ਸਾਂਹ ਲੈਂਦੇ ਸਮੇਂ ਹੌਲੀ ਜਿਹੇ ਮੂੰਹ ਮਾਈਕ੍ਰੋਫੋਨ ਤੋਂ ਪਰੇ ਲੈ ਜਾਓ। ਸਾਂਹ ਲਓ ਤੇ ਤੁਰੰਤ ਉਸੇ ਥਾਂ ਆ ਕੇ ਗਾਣਾ ਜਾਰੀ ਰੱਖੋ। ਮਾਈਕ ਤੋਂ ਲੁਕਣ-ਮੀਟੀ ਦੀ ਇਸ ਪ੍ਰਕਿਰਿਆ ਵਿੱਚ ਆਖ਼ਰੀ ਸ਼ਬਦ ਦਾ ਅੰਤਿਮ ਅੱਖਰ ਅਤੇ ਨਵੇਂ ਸ਼ਬਦ ਦਾ ਪਹਿਲਾ ਅੱਖਰ ਦੋਵਾਂ ਨੂੰ ਜ਼..ਰਾ ਜ਼ੋਰ ਨਾਲ ਗਾਉਣਾ ਚਾਹੀਦਾ ਹੈ।''
ਤਲਫ਼ੁੱਜ (ਉਚਾਰਨ) ਸੁਧਾਰਨ 'ਚ ਦਲੀਪ ਕੁਮਾਰ ਦਾ ਵੱਡਾ ਹੱਥ
ਲਤਾ ਦੇ ਸੁਰੀਲੇਪਨ ਦੇ ਇਲਾਵਾ ਉਨ੍ਹਾਂ ਦੇ ਉਰਦੂ ਭਾਸ਼ਾ ਦੇ ਬਿਹਤਰੀਨ ਉਚਾਰਨ ਨੇ ਵੀ ਹਰ ਕਿਸੇ ਦਾ ਧਿਆਨ ਉਨ੍ਹਾਂ ਵੱਲ ਖਿੱਚਿਆ। ਅਸਲ 'ਚ ਇਸ ਦਾ ਸਿਹਰਾ ਦਲੀਪ ਕੁਮਾਰ ਨੂੰ ਜਾਣਾ ਜਾਣਾ ਚਾਹੀਦਾ ਹੈ।
ਹਰੀਸ਼ ਭਿਮਾਨੀ ਆਪਣੀ ਕਿਤਾਬ 'ਲਤਾ ਦੀਦੀ ਅਜੀਬ ਦਾਸਤਾਨ ਹੈਂ' 'ਚ ਲਿਖਦੇ ਹਨ, "ਇੱਕ ਦਿਨ ਅਨਿਲ ਬਿਸਵਾਸ ਅਤੇ ਲਤਾ ਮੁਬੰਈ ਦੀ ਲੋਕਲ ਟ੍ਰੇਨ ਰਾਂਹੀ ਗੋਰੇਗਾਂਓ ਜਾ ਰਹੇ ਸਨ। ਇਤਫ਼ਾਕ ਨਾਲ ਉਸੇ ਰੇਲਗੱਡੀ 'ਚ ਬਾਂਦਰਾ ਸਟੇਸ਼ਨ ਤੋਂ ਦਲੀਪ ਕੁਮਾਰ ਚੜ੍ਹੇ।"
"ਜਦੋਂ ਅਨਿਲ ਬਿਸਵਾਸ ਨੇ ਦਲੀਪ ਕੁਮਾਰ ਨਾਲ ਨਵੀਂ ਗਾਇਕਾ ਦੀ ਜਾਣ-ਪਛਾਣ ਕਰਵਾਈ ਤਾਂ ਉਨ੍ਹਾਂ ਨੇ ਕਿਹਾ 'ਮਰਾਠੀ ਲੋਕਾਂ ਦੇ ਮੂੰਹ 'ਚੋਂ ਦਾਲ-ਭਾਤ ਦੀ ਖੁਸ਼ਬੂ ਆਉਂਦੀ ਹੈ। ਉਨ੍ਹਾਂ ਨੂੰ ਉਰਦੂ ਬਾਰੇ ਕੀ ਪਤਾ?"
"ਲਤਾ ਨੇ ਇਸ ਗੱਲ ਨੂੰ ਇੱਕ ਚੁਣੌਤੀ ਵਾਂਗ ਸਵੀਕਾਰ ਕੀਤਾ। ਇਸ ਤੋਂ ਬਾਅਦ ਸਫ਼ੀ ਸਾਹਿਬ ਨੇ ਉਨ੍ਹਾਂ ਲਈ ਇੱਕ ਮੌਲਵੀ ਉਸਤਾਦ ਦਾ ਪ੍ਰਬੰਧ ਕੀਤਾ, ਜਿੰਨ੍ਹਾਂ ਦਾ ਨਾਮ ਮਹਿਬੂਬ ਸੀ। ਲਤਾ ਨੇ ਉਨ੍ਹਾਂ ਤੋਂ ਹੀ ਉਰਦੂ ਦੀਆਂ ਬਾਰੀਕੀਆਂ ਦਾ ਗਿਆਨ ਹਾਸਿਲ ਕੀਤਾ।"
ਇਸ ਤੋਂ ਕੁਝ ਸਮੇਂ ਬਾਅਦ ਫਿਲਮ ਲਾਹੌਰ ਦੀ ਸ਼ੂਟਿੰਗ ਚੱਲ ਰਹੀ ਸੀ, ਜਿੱਥੇ ਜੱਦਨਬਾਈ ਅਤੇ ਉਨ੍ਹਾਂ ਦੀ ਧੀ ਨਰਗਿਸ ਵੀ ਮੌਜੂਦ ਸਨ। ਲਤਾ ਨੇ ਸਟੂਡੀਓ 'ਚ 'ਦੀਪਕ ਬਗ਼ੈਰ ਕੈਸੇ ਪਰਵਾਨੇ ਜਲ ਰਹੇਂ ਹੈ', ਗੀਤ ਦੀ ਰਿਕਾਰਡਿੰਗ ਸ਼ੁਰੂ ਕੀਤੀ।
ਰਿਕਾਰਡਿੰਗ ਤੋਂ ਬਾਅਦ ਜੱਦਨਬਾਈ ਨੇ ਲਤਾ ਨੂੰ ਬੁਲਾ ਕੇ ਕਿਹਾ, "ਮਾਸ਼ਾਅੱਲ੍ਹਾ ਕਿੰਨ੍ਹਾ ਸੋਹਣਾ ਗਾਇਆ ਹੈ। ਅਜਿਹਾ ਤਲਫੁੱਜ਼ ਹਰ ਕਿਸੇ ਦਾ ਨਹੀਂ ਹੁੰਦਾ ਹੈ, ਬੇਟਾ।"
ਮਹਿਬੂਬ ਖਾਨ ਨੂੰ ਫੋਨ 'ਤੇ 'ਰਸਿਕ ਬਲਮਾ' ਗਾ ਕੇ ਸੁਣਾਇਆ
ਲਤਾ ਦੀ ਆਵਾਜ਼ ਦੀ ਇੱਕ ਹੋਰ ਖਾਸੀਅਤ ਇਹ ਸੀ ਕਿ ਉਨ੍ਹਾਂ ਦੀ ਆਵਾਜ਼ ਸਮਾਂ ਬੀਤਣ ਦੇ ਨਾਲ-ਨਾਲ ਹੋਰ ਸੁਰੀਲੀ ਅਤੇ ਜਵਾਨ ਹੁੰਦੀ ਜਾ ਰਹੀ ਸੀ। 1961 'ਚ ਆਈ ਜੰਗਲੀ ਫਿਲਮ 'ਚ ਜਦੋਂ ਉਨ੍ਹਾਂ ਨੇ ਸਾਇਰਾ ਬਾਨੋ ਲਈ 'ਕਾਸ਼ਮੀਰ ਕੀ ਕਲੀ ਹੂੰ ਮੈਂ..' ਗਾਇਆ ਸੀ ਤਾਂ ਜੋ ਸੁਰੀਲਾਪਨ ਉਸ ਸਮੇਂ ਉਨ੍ਹਾਂ ਦੀ ਆਵਾਜ਼ 'ਚ ਸੀ, ਓਨਾਂ ਹੀ ਪੱਕਾ ਸੁਰ 12 ਸਾਲ ਬਾਅਦ ਫਿਲਮ ਅਨਾਮਿਕਾ 'ਚ ਵੀ ਲੱਗਾ ਸੀ।
ਅਨਾਮਿਕਾ ਫਿਲਮ 'ਚ ਉਨ੍ਹਾਂ ਨੇ ਜਯਾ ਭਾਦੁੜੀ ਦੇ ਲਈ 'ਬਾਹੋਂ ਮੇਂ ਚਲੇ ਆਓ' ਗਾਇਆ ਸੀ।
ਉਨ੍ਹਾਂ ਬਾਰੇ 'ਚ ਇੱਕ ਹੋਰ ਕਹਾਣੀ ਮਸ਼ਹੂਰ ਹੈ ਕਿ 1958 'ਚ ਮਹਿਬੂਬ ਖਾਨ ਅਮਰੀਕਾ 'ਚ ਆਸਕਰ ਸਮਾਰੋਹ 'ਚ ਸ਼ਾਮਲ ਹੋਣ ਲਈ ਲਾਸ ਏਂਜਲਸ ਗਏ ਸਨ। ਸਮਾਰੋਹ ਤੋਂ ਦੋ ਦਿਨ ਬਾਅਦ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ।

ਤਸਵੀਰ ਸਰੋਤ, LATA CALENDER
ਰਾਜੂ ਭਾਰਤਨ ਲਤਾ ਮੰਗੇਸ਼ਕਰ ਦੀ ਜੀਵਨੀ 'ਚ ਲਿਖਦੇ ਹਨ, "ਲਤਾ ਨੇ ਉਨ੍ਹਾਂ ਨੂੰ ਮੁਬੰਈ ਤੋਂ ਫੋਨ ਕੀਤਾ। ਠੀਕ ਹੋਣ ਤੋਂ ਬਾਅਦ ਮਹਿਬੂਬ ਸਾਹਿਬ ਨੇ ਲਤਾ ਨੂੰ ਕਿਹਾ ਕਿ ਤੁਹਾਡਾ ਇੱਕ ਗੀਤ ਸੁਣਨ ਨੂੰ ਬਹੁਤ ਮਨ ਕਰ ਰਿਹਾ ਹੈ, ਪਰ ਇਸ ਦੇਸ਼ 'ਚ ਉਸ ਦਾ ਰਿਕਾਰਡ ਕਿੱਥੋਂ ਲਿਆਵਾਂ? ਲਤਾ ਨੇ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ ਅਤੇ ਫਿਰ ਮਹਿਬੂਬ ਸਾਹਿਬ ਦੇ ਕਹਿਣ 'ਤੇ ਲਤਾ ਨੇ ਟੈਲੀਫੋਨ 'ਤੇ ਹੀ 'ਰਸਿਕ ਬਲਮਾ' ਗੀਤ ਉਨ੍ਹਾਂ ਨੂੰ ਸੁਣਾਇਆ।
ਇੱਕ ਹਫ਼ਤੇ ਬਾਅਦ ਲਤਾ ਨੇ ਇੱਕ ਵਾਰ ਫਿਰ ਉਹੀ ਗਾਣਾ ਮਹਿਬੂਬ ਸਾਹਿਬ ਨੂੰ ਸੁਣਾਇਆ। ਮਹਿਬੂਬ ਸਾਹਿਬ ਦੇ ਠੀਕ ਹੋਣ 'ਚ ਇਸ ਗਾਣੇ ਦਾ ਕਿੰਨਾਂ ਯੋਗਦਾਨ ਹੈ , ਇਹ ਤਾਂ ਰੱਬ ਹੀ ਦੱਸ ਸਕਦਾ ਹੈ, ਪਰ ਉਦੋਂ ਤੋਂ ਹੀ ਲਤਾ ਲਈ ਇਹ ਗੀਤ ਬਹੁਤ ਖ਼ਾਸ ਹੋ ਗਿਆ ਸੀ।"
ਨੂਰਜਹਾਂ ਅਤੇ ਲਤਾ ਦੀ ਵਾਹਗਾ ਸਰਹੱਦ 'ਤੇ ਹੋਈ ਮੁਲਾਕਾਤ
ਪਹਿਲਾਂ ਭਾਰਤ 'ਚ ਰਹੇ ਅਤੇ ਫਿਰ ਪਾਕਿਸਤਾਨ ਚਲੇ ਗਏ ਨੂਰਜਹਾਂ ਅਤੇ ਲਤਾ ਮੰਗੇਸ਼ਕਰ 'ਚ ਗੂੜ੍ਹੀ ਦੋਸਤੀ ਸੀ।
ਇੱਕ ਵਾਰ ਜਦੋਂ ਲਤਾ 1952 'ਚ ਅੰਮ੍ਰਿਤਸਰ ਗਏ ਤਾਂ ਉਨ੍ਹਾਂ ਦੀ ਇੱਛਾ ਸੀ ਕਿ ਉਹ ਨੂਰਜਹਾਂ ਨੂੰ ਮਿਲਣ, ਜੋ ਕਿ ਮਹਿਜ ਦੋ ਘੰਟੇ ਦੀ ਦੂਰੀ 'ਤੇ ਲਾਹੌਰ, ਪਾਕਿਸਤਾਨ 'ਚ ਰਹਿੰਦੇ ਸਨ। ਤੁਰੰਤ ਹੀ ਨੂਰ ਜਹਾਂ ਨੂੰ ਫ਼ੋਨ ਮਿਲਾਇਆ ਗਿਆ ਅਤੇ ਦੋਵਾਂ ਨੇ ਘੰਟਿਆਂਬੱਧੀ ਫੋਨ 'ਤੇ ਗੱਲਬਾਤ ਕੀਤੀ ਅਤੇ ਫਿਰ ਤੈਅ ਹੋਇਆ ਕਿ ਦੋਵੇਂ ਭਾਰਤ-ਪਾਕਿਸਤਾਨ ਸਰਹੱਦ 'ਤੇ ਇੱਕ ਦੂਜੇ ਨੂੰ ਮਿਲਣਗੇ।

ਤਸਵੀਰ ਸਰੋਤ, Getty Images
ਮਸ਼ਹੂਰ ਸੰਗੀਤਕਾਰ ਸੀ ਰਾਮਚੰਦਰ ਆਪਣੀ ਸਵੈ-ਜੀਵਨੀ 'ਚ ਲਿਖਦੇ ਹਨ, "ਮੈਂ ਆਪਣੇ ਸੰਪਰਕਾਂ ਨਾਲ ਇਸ ਮੁਲਾਕਾਤ ਦਾ ਪ੍ਰਬੰਧ ਕਰਵਾਇਆ ਸੀ। ਇਹ ਮੁਲਾਕਾਤ ਵਾਹਗਾ ਸਰਹੱਦ ਦੇ ਨਜ਼ਦੀਕ ਉਸ ਥਾਂ 'ਤੇ ਹੋਈ ਸੀ, ਜਿਸ ਨੂੰ ਫੌਜ ਦੀ ਭਾਸ਼ਾ 'ਚ 'ਨੋ ਮੈਨਜ਼ ਲੈਂਡ' ਕਿਹਾ ਜਾਂਦਾ ਹੈ।"
"ਜਿਵੇਂ ਹੀ ਨੂਰਜਹਾਂ ਨੇ ਲਤਾ ਨੂੰ ਵੇਖਿਆ ਤਾਂ ਉਹ ਦੌੜਦੀ ਹੋਏ ਆਏ ਅਤੇ ਕਿਸੇ ਵਿਛੜੇ ਹੋਏ ਦੋਸਤ ਦੀ ਤਰ੍ਹਾਂ ਉਨ੍ਹਾਂ ਨੂੰ ਘੁੱਟ ਕੇ ਗਲਵੱਕੜੀ ਪਾ ਲਈ। ਦੋਵਾਂ ਦੀਆਂ ਅੱਖਾਂ 'ਚ ਹੰਝੂ ਵਹਿ ਤੁਰੇ। ਉੱਥੇ ਮੌਜੂਦ ਹਰ ਕੋਈ ਇਹ ਨਜ਼ਾਰਾ ਵੇਖ ਕੇ ਆਪਣੇ ਹੰਝੂਆਂ ਨੂੰ ਰੋਕ ਨਾ ਸਕਿਆ। ਇੱਥੋਂ ਤੱਕ ਕਿ ਦੋਵਾਂ ਪਾਸਿਆਂ ਦੇ ਸੈਨਿਕ ਵੀ ਭਾਵੁਕ ਹੋ ਗਏ ਸਨ।"
"ਨੂਰਜਹਾਂ ਲਤਾ ਦੇ ਲਈ ਲਾਹੌਰ ਤੋਂ ਬਿਰਯਾਨੀ ਲਿਆਏ ਸਨ। ਨੂਰਜਹਾਂ ਦੇ ਪਤੀ ਵੀ ਉਨ੍ਹਾਂ ਦੇ ਨਾਲ ਆਏ ਸਨ। ਲਤਾ ਦੇ ਨਾਲ ਉਨ੍ਹਾਂ ਦੀਆਂ ਦੋਵੇਂ ਭੈਣਾਂ ਮੀਨਾ ਅਤੇ ਊਸ਼ਾ ਤੇ ਉਨ੍ਹਾਂ ਦੀ ਇੱਕ ਸਹੇਲੀ ਮੰਗਲਾ ਸਨ। ਇਹ ਘਟਨਾ ਦਰਸਾਉਂਦੀ ਹੈ ਕਿ ਸੰਗੀਤ ਲਈ ਕੋਈ ਵੀ ਸੀਮਾ ਜਾਂ ਰੁਕਾਵਟ ਨਹੀਂ ਹੁੰਦੀ ਹੈ।"
ਮੁਹੰਮਦ ਰਫ਼ੀ ਨਾਲ ਸ਼ਿਕਵਾ

ਵੈਸੇ ਤਾਂ ਲਤਾ ਨੇ ਕਈ ਗਾਇਕਾਂ ਨਾਲ ਕੰਮ ਕੀਤਾ ਹੈ ਪਰ ਮੁਹੰਮਦ ਰਫ਼ੀ ਨਾਲ ਗਾਏ ਉਨ੍ਹਾਂ ਦੇ ਗੀਤ ਲੋਕਾਂ ਵੱਲੋਂ ਵਧੇਰੇ ਪਸੰਦ ਕੀਤੇ ਗਏ ਹਨ।
ਰਫ਼ੀ ਦੇ ਬਾਰੇ 'ਚ ਗੱਲ ਕਰਦਿਆਂ ਇੱਕ ਵਾਰ ਲਤਾ ਨੇ ਦਿਲਚਸਪ ਕਿੱਸਾ ਸੁਣਾਇਆ ਸੀ, "ਇੱਕ ਵਾਰ ਮੈਂ ਅਤੇ ਰਫ਼ੀ ਸਾਹਿਬ ਸਟੇਜ ਤੋਂ ਗਾ ਰਹੇ ਸੀ । ਗੀਤ ਦੀਆਂ ਲਾਈਨਾਂ ਸਨ- 'ਐਸੇ ਹਸ-ਹਸ ਕੇ ਨਾ ਦੇਖਾ ਕਰੋ ਤੁਮ ਸਬ ਕੀ ਤਰਫ਼, ਲੋਗ ਐਸੀ ਹੀ ਅਦਾਓਂ ਪਰ ਫਿਦਾ ਹੋਤੇ ਹੈਂ'। ਰਫ਼ੀ ਸਾਹਿਬ ਨੇ ਇਸ ਲਾਈਨ ਨੂੰ ਕੁਝ ਇੰਝ ਪੜ੍ਹਿਆ- 'ਲੋਗ ਐਸੇ ਹੀ ਫਿਦਾਓਂ ਪਰ ਅਦਾ ਹੋਤੇ ਹੈਂ'।
ਇਹ ਸੁਣਦਿਆਂ ਹੀ ਲੋਕ ਉੱਚੀ-ਉੱਚੀ ਹੱਸਣ ਲੱਗ ਪਏ। ਰਫ਼ੀ ਸਾਹਿਬ ਵੀ ਹੱਸਣ ਲੱਗੇ ਅਤੇ ਫਿਰ ਮੈਂ ਵੀ ਆਪਣਾ ਹਾਸਾ ਨਾ ਰੋਕ ਸਕੀ। ਨਤੀਜਾ ਇਹ ਨਿੱਕਲਿਆ ਕਿ ਅਸੀਂ ਇਸ ਗੀਤ ਨੂੰ ਪੂਰਾ ਹੀ ਨਾ ਕਰ ਸਕੇ ਅਤੇ ਪ੍ਰਬੰਧਕਾਂ ਨੂੰ ਪਰਦਾ ਖਿੱਚ ਕੇ ਉਸ ਨੂੰ ਖ਼ਤਮ ਕਰਵਾਉਣਾ ਪਿਆ।"
ਸੱਠ ਦੇ ਦਹਾਕੇ 'ਚ ਉਨ੍ਹਾਂ ਦੇ ਗਾਣਿਆਂ ਦੀ ਰਾਇਲਟੀ ਨੂੰ ਲੈ ਕੇ ਲਤਾ ਅਤੇ ਰਫ਼ੀ ਸਾਹਿਬ ਵਿਚਾਲੇ ਮਤਭੇਦ ਹੋ ਗਏ ਸਨ। ਉਸ ਲੜ੍ਹਾਈ 'ਚ ਮੁਕੇਸ਼, ਤਲਤ ਮਹਿਮੂਦ, ਕਿਸ਼ੋਰ ਕੁਮਾਰ ਅਤੇ ਮੰਨਾ ਡੇ ਲਤਾ ਦੇ ਨਾਲ ਸਨ ਜਦਕਿ ਆਸ਼ਾ ਭੌਂਸਲੇ ਮੁਹੰਮਦ ਰਫ਼ੀ ਦੇ ਹੱਕ 'ਚ ਸਨ।
ਚਾਰ ਸਾਲਾਂ ਤੱਕ ਦੋਵਾਂ ਨੇ ਇੱਕ ਦੂਜੇ ਦਾ ਬਾਈਕਾਟ ਕੀਤਾ ਅਤੇ ਫਿਰ ਸਚਿਨਦੇਵ ਬਰਮਨ ਦੇ ਦੋਵਾਂ ਦੀ ਸੁਲਹਾ ਕਰਵਾਈ।

ਤਸਵੀਰ ਸਰੋਤ, Getty Images
ਸਚਿਨਦੇਵ ਬਰਮਨ ਦਾ ਲਤਾ ਨੂੰ ਪਾਨ ਦੇਣਾ
ਸਚਿਨਦੇਵ ਬਰਮਨ ਵੀ ਲਤਾ ਨੂੰ ਬਹੁਤ ਪਸੰਦ ਕਰਦੇ ਸਨ। ਜਦੋਂ ਵੀ ਉਨ੍ਹਾਂ ਦੇ ਗੀਤ ਤੋਂ ਖੁਸ਼ ਹੁੰਦੇ ਤਾਂ ਉਨ੍ਹਾਂ ਦੀ ਪਿੱਠ ਥਪਥਪਾਉਂਦੇ ਸਨ ਅਤੇ ਲਤਾ ਨੂੰ ਪਾਨ ਪੇਸ਼ ਕਰਦੇ ਸਨ। ਸਚਿਨ ਪਾਨ ਦੇ ਬਹੁਤ ਸੌਕੀਨ ਸਨ ਅਤੇ ਉਨ੍ਹਾਂ ਦੇ ਨਾਲ ਇੱਕ ਪਾਨਦਾਨ ਚੱਲਿਆ ਕਰਦਾ ਸੀ।
ਪਰ ਉਹ ਕਿਸੇ ਨੂੰ ਵੀ ਪਾਨ ਨਹੀਂ ਦਿੰਦੇ ਸਨ। ਜੇਕਰ ਉਹ ਕਿਸੇ ਨੂੰ ਆਪਣਾ ਪਾਨ ਪੇਸ਼ ਕਰਦੇ ਤਾਂ ਇਸ ਦਾ ਮਤਲਬ ਇਹ ਸੀ ਕਿ ਉਹ ਤੁਹਾਡੇ ਤੋਂ ਬਹੁਤ ਖੁਸ਼ ਹਨ।
ਇੱਕ ਵਾਰ ਸਚਿਨਦੇਵ ਬਰਮਨ ਅਤੇ ਲਤਾ ਵਿਚਾਲੇ ਲੜਾਈ ਹੋ ਗਈ ਸੀ। ਹੋਇਆ ਇਹ ਸੀ ਕਿ ਲਤਾ ਨੇ 'ਮਿਸ ਇੰਡੀਆ' ਫਿਲਮ 'ਚ ਗਾਣਾ ਗਾਇਆ ਸੀ। ਬਰਮਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਲਤਾ ਇਸ ਗਾਣੇ ਨੂੰ 'ਸੌਫਟ ਮੂਡ' 'ਚ ਗਾਵੇ। ਲਤਾ ਨੇ ਕਿਹਾ ਠੀਕ ਹੈ, ਮੈਂ ਗਾ ਦੇਵਾਂਗੀ ਪਰ ਅਜੇ ਮੈਂ ਥੋੜ੍ਹਾ ਰੁੱਝੀ ਹੋਈ ਹਾਂ।
ਫਿਰ ਕੁਝ ਦਿਨਾਂ ਬਾਅਦ ਬਰਮਨ ਨੇ ਰਿਕਾਰਡਿੰਗ ਦੀ ਤਰੀਕ ਤੈਅ ਕਰਨ ਲਈ ਲਤਾ ਕੋਲ ਕਿਸੇ ਨੂੰ ਭੇਜਿਆ। ਉਸ ਵਿਅਕਤੀ ਨੇ ਬਰਮਨ ਨੂੰ ਇਹ ਕਹਿਣ ਦੀ ਬਜਾਏ ਕਿ ਲਤਾ ਕੋਲ ਅਜੇ ਸਮਾਂ ਨਹੀਂ ਹੈ, ਇਹ ਕਹਿ ਦਿੱਤਾ ਕਿ ਲਤਾ ਨੇ ਇਸ ਗੀਤ ਨੂੰ ਗਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ।
ਦਾਦਾ ਨਾਰਾਜ਼ ਹੋ ਗਏ ਅਤੇ ਉਨ੍ਹਾਂ ਗੁੱਸੇ 'ਚ ਕਿਹਾ ਕਿ ਹੁਣ ਉਹ ਲਤਾ ਨਾਲ ਕਦੇ ਵੀ ਕੰਮ ਨਹੀਂ ਕਰਨਗੇ। ਲਤਾ ਨੇ ਵੀ ਉਨ੍ਹਾਂ ਨੂੰ ਫੋਨ ਕਰਕੇ ਕਿਹਾ, "ਤੁਹਾਨੂੰ ਇਹ ਐਲਾਨ ਕਰਨ ਦੀ ਲੋੜ ਨਹੀਂ ਹੈ। ਮੈਂ ਖੁਦ ਤੁਹਾਡੇ ਨਾਲ ਕੰਮ ਨਹੀਂ ਕਰਾਂਗੀ।"
ਕਈ ਸਾਲਾਂ ਬਾਅਦ ਦੋਵਾਂ ਵਿਚਾਲੇ ਗਲਤਫ਼ਹਿਮੀ ਦੂਰ ਹੋਈ ਅਤੇ ਫਿਰ ਲਤਾ ਨੇ ਬੰਦਨੀ ਫਿਲਮ 'ਚ ਉਨ੍ਹਾਂ ਲਈ 'ਮੋਰਾ ਗੋਰਾ ਅੰਗ ਲਇ ਲੇ' ਗਾਇਆ।
ਕ੍ਰਿਕਟ ਦਾ ਸ਼ੌਕ
ਲਤਾ ਮੰਗੇਸ਼ਕਰ ਨੂੰ ਕ੍ਰਿਕਟ ਦਾ ਬਹੁਤ ਸ਼ੌਕ ਸੀ। ਉਨ੍ਹਾਂ ਨੇ ਪਹਿਲੀ ਵਾਰ 1946 'ਚ ਮੁਬੰਈ ਦੇ ਬ੍ਰੇਬੋਰਨ ਸਟੇਡੀਅਮ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਮੈਚ ਵੇਖਿਆ ਸੀ।
ਉਨ੍ਹਾਂ ਨੇ ਇੱਕ ਵਾਰ ਇੰਗਲੈਂਡ 'ਚ ਓਵਲ ਮੈਦਾਨ 'ਚ ਇੰਗਲੈਂਡ ਤੇ ਪਾਕਿਸਤਾਨ ਵਿਚਾਲੇ ਇੱਕ ਟੈਸਟ ਮੈਚ ਵੀ ਵੇਖਿਆ ਸੀ।
ਕ੍ਰਿਕਟ ਦੇ ਮਹਾਨ ਖਿਡਾਰੀ ਡੌਨ ਬ੍ਰੈਡਮੈਨ ਨੇ ਉਨ੍ਹਾਂ ਨੂੰ ਇੱਕ ਤਸਵੀਰ ਭੇਂਟ ਕੀਤੀ ਸੀ, ਜਿਸ 'ਤੇ ਉਨ੍ਹਾਂ ਨੇ ਆਪਣੇ ਦਸਤਖਤ ਕੀਤੇ ਸਨ।

ਤਸਵੀਰ ਸਰੋਤ, LATA CALENDER
ਲਤਾ ਮੰਗੇਸ਼ਕਰ ਕੋਲ ਕਾਰਾਂ ਦੀ ਵੱਡੀ ਕੁਲੈਕਸ਼ਨ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਸਿਲਵਰ ਰੰਗ ਦੀ ਹਿਲਮੈਨ ਖਰੀਦੀ ਸੀ, ਜਿਸ ਦੇ ਲਈ ਉਨ੍ਹਾਂ ਨੇ ਉਸ ਜ਼ਮਾਨੇ 'ਚ 8 ਹਜ਼ਾਰ ਰੁਪਏ ਖਰਚ ਕੀਤੇ ਸਨ।
ਉਸ ਸਮੇਂ ਉਨ੍ਹਾਂ ਨੂੰ ਹਰ ਗੀਤ ਲਈ 200-500 ਰੁਪਏ ਮਿਲਦੇ ਸਨ। 1964 'ਚ 'ਸੰਗਮ' ਫਿਲਮ ਤੋਂ ਉਨ੍ਹਾਂ ਨੂੰ ਹਰ ਗੀਤ ਲਈ 2 ਹਜ਼ਾਰ ਰੁਪਏ ਮਿਲਣੇ ਸ਼ੁਰੂ ਹੋ ਗਏ ਸਨ। ਫਿਰ ਉਨ੍ਹਾਂ ਨੇ ਹਿਲਮੈਨ ਵੇਚ ਕੇ ਨੀਲੇ ਰੰਗ ਦੀ ਸ਼ੇਵਰਲੇਟ ਕਾਰ ਖਰੀਦੀ ਸੀ।
ਜਦੋਂ ਲਤਾ ਨੇ ਯਸ਼ ਚੋਪੜਾ ਦੀ ਫਿਲਮ 'ਵੀਰ ਜ਼ਾਰਾ' ਦੇ ਲਈ ਗੀਤ ਗਾਏ ਤਾਂ ਉਨ੍ਹਾਂ ਨੇ ਚੋਪੜਾ ਵੱਲੋਂ ਦਿੱਤੇ ਗਏ ਮਿਹਨਤਾਨੇ ਨੂੰ ਇਹ ਕਹਿ ਕੇ ਸਵੀਕਾਰ ਨਹੀਂ ਕੀਤਾ ਕਿ ਉਹ ਉਨ੍ਹਾਂ ਦੇ ਭਰਾ ਵਰਗੇ ਹਨ।
ਜਦੋਂ ਇਹ ਫਿਲਮ ਰਿਲੀਜ਼ ਹੋਈ ਤਾਂ ਯਸ਼ ਚੋਪੜਾ ਨੇ ਲਤਾ ਨੂੰ ਤੋਹਫ਼ੇ ਵੱਜੋਂ ਮਰਸਡੀਜ਼ ਕਾਰ ਭੇਂਟ ਕੀਤੀ ਸੀ। ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਤੱਕ ਲਤਾ ਨੇ ਉਸ ਕਾਰ 'ਚ ਹੀ ਸਫ਼ਰ ਕੀਤਾ।
ਹੀਰੇ ਅਤੇ ਜਾਸੂਸੀ ਨਾਵਲ ਪਸੰਦ ਸਨ
ਲਤਾ ਮੰਗੇਸ਼ਕਰ ਨੂੰ ਹੀਰਿਆਂ ਅਤੇ ਪੰਨੇ ਦਾ ਬਹੁਤ ਸ਼ੌਕ ਸੀ। 1948 'ਚ ਆਪਣੀ ਕਮਾਈ ਨਾਲ ਉਨ੍ਹਾਂ ਨੇ 700 ਰੁਪਏ 'ਚ ਆਪਣੇ ਲਈ ਇੱਕ ਹੀਰੇ ਦੀ ਮੁੰਦਰੀ ਬਣਵਾਈ ਸੀ। ਉਹ ਉਸ ਮੁੰਦਰੀ ਨੂੰ ਆਪਣੇ ਖੱਬ ਹੱਥ ਦੀ ਤੀਜੀ ਉਂਗਲੀ 'ਚ ਪਾਇਆ ਕਰਦੇ ਸਨ।
ਉਨ੍ਹਾਂ ਨੂੰ ਸੋਨਾ ਬਿਲਕੁੱਲ ਵੀ ਪਸੰਦ ਨਹੀਂ ਸੀ। ਹਾਂ, ਉਹ ਸੋਨੇ ਦੀ ਝਾਂਜਰ ਜਰੂਰ ਪਾਇਆ ਕਰਦੇ ਸਨ। ਇਸ ਦੀ ਸਲਾਹ ਉਨ੍ਹਾਂ ਨੂੰ ਪ੍ਰਸਿੱਧ ਗੀਤਕਾਰ ਨਰਿੰਦਰ ਸ਼ਰਮਾ ਨੇ ਦਿੱਤੀ ਸੀ।
ਲਤਾ ਨੂੰ ਜਾਸੂਸੀ ਨਾਵਲ ਪੜ੍ਹਨ ਦਾ ਵੀ ਬਹੁਤ ਸ਼ੌਕ ਸੀ ਅਤੇ ਉਨ੍ਹਾਂ ਕੋਲ ਸ਼ਾਰਲਾਕ ਹੋਮਜ਼ ਦੀਆਂ ਸਾਰੀਆਂ ਕਿਤਾਬਾਂ ਦੀ ਕੁਲੈਕਸ਼ਨ ਸੀ।

ਜੇਕਰ ਮਿਠਾਈ ਦੀ ਗੱਲ ਕੀਤੀ ਜਾਵੇ ਤਾਂ ਲਤਾ ਮੰਗੇਸ਼ਕਰ ਨੂੰ ਜਲੇਬੀ ਸਭ ਤੋਂ ਵੱਧ ਪਸੰਦ ਸੀ। ਇੱਕ ਜ਼ਮਾਨੇ 'ਚ ਉਨ੍ਹਾਂ ਨੂੰ ਇੰਦੌਰ ਦਾ ਗੁਲਾਬ ਜਾਮੁਨ ਅਤੇ ਦਹੀਂ ਵੜਾ ਵੀ ਬਹੁਤ ਪਸੰਦ ਸੀ।
ਗੋਵਨ ਫਿਸ਼ ਕਰੀ ਅਤੇ ਸਮੁੰਦਰੀ ਝੀਂਗੇ ਵੀ ਉਨ੍ਹਾਂ ਨੂੰ ਬਹੁਤ ਪਸੰਦ ਸਨ। ਉਹ ਸੂਜੀ ਦਾ ਹਲਵਾ ਵੀ ਬਹੁਤ ਸੁਆਦੀ ਬਣਾਉਂਦੇ ਸਨ।
ਜਿਸ ਨੇ ਵੀ ਉਨ੍ਹਾਂ ਦੇ ਹੱਥ ਦਾ ਬਣਿਆ ਮਟਨ ਖਾਧਾ, ਉਹ ਕਦੇ ਵੀ ਉਸ ਸੁਆਦ ਨੂੰ ਭੁੱਲ ਨਹੀਂ ਸਕਿਆ। ਉਨ੍ਹਾਂ ਨੂੰ ਸਮੋਸਾ ਖਾਣਾ ਵੀ ਪਸੰਦ ਸੀ।
ਬਹੁਤ ਘੱਟ ਲੋਕ ਸੋਚ ਸਕਦੇ ਹਨ ਕਿ ਲਤਾ ਮੰਗੇਸ਼ਕਰ ਨੂੰ ਗੋਲਗੱਪੇ ਖਾਣੇ ਬਹੁਤ ਪਸੰਦ ਸਨ। ਉਨ੍ਹਾਂ ਨੂੰ ਨਿੰਬੂ ਦਾ ਅਚਾਰ ਅਤੇ ਜਵਾਰ ਦੀ ਰੋਟੀ ਵੀ ਬਹੁਤ ਪਸੰਦ ਸੀ।
2001 'ਚ ਭਾਰਤ ਰਤਨ
ਅੱਜ ਭਾਰਤ 'ਚ ਲਤਾ ਮੰਗੇਸ਼ਕਰ ਨੂੰ ਪੂਜਣ ਦੀ ਹੱਦ ਤੱਕ ਪਿਆਰ ਕੀਤਾ ਜਾਂਦਾ ਹੈ। ਕਈ ਲੋਕ ਉਨ੍ਹਾਂ ਦੀ ਆਵਾਜ਼ ਨੂੰ ਪਰਮਾਤਮਾ ਦਾ ਸਭ ਤੋਂ ਵਿਲੱਖਣ ਤੋਹਫਾ ਮੰਨਦੇ ਹਨ।
ਲਤਾ ਮੰਗੇਸ਼ਕਰ ਨੂੰ 1989 'ਚ ਫਿਲਮਾਂ ਦੇ ਸਭ ਤੋਂ ਵੱਡੇ ਪੁਰਸਕਾਰ ਦਾਦਾ ਸਾਹਿਬ ਫਾਲਕੇ ਅਤੇ 2001 'ਚ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਨਵਾਜਿਆ ਗਿਆ ਸੀ।
ਲਤਾ ਮੰਗੇਸ਼ਕਰ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਮਸ਼ਹੂਰ ਗੀਤਕਾਰ ਮਜਰੂਹ ਸੁਲਤਾਨਪੁਰੀ ਨੇ ਦਿੱਤੀ ਸੀ। ਉਨ੍ਹਾਂ ਨੇ 'ਲਤਾ ਮੰਗੇਸ਼ਕਰ' ਸਿਰਲੇਖ ਹੇਠ ਲਿਖੀ ਨਜ਼ਮ 'ਚ ਲਿਖਿਆ ਸੀ-
ਜਹਾਂ ਰੰਗ ਨਾ ਖੁਸ਼ਬੂ ਹੈ ਕੋਈ
ਤੇਰੇ ਹੋਠੋਂ ਸੇ ਮਹਿਕ ਜਾਤੇ ਹੈਂ ਅਫ਼ਕਾਰ ਮੇਰੇ
ਮੇਰੇ ਲਫ਼ਜ਼ੋਂ ਕੋ ਜੋ ਛੂ ਲੇਤੀ ਹੈ ਆਵਾਜ਼ ਤੇਰੀ
ਸਰਹਦੇਂ ਤੋੜ ਕਰ ਉੜ ਜਾਤੇ ਹੈ ਅਸ਼ਆਰ ਮੇਰੇ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2















