ਸਪੇਨ ਦੇ ਜੰਗਲਾਂ 'ਚ ਲੁਕਿਆ 'ਤਰਲ ਸੋਨੇ' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ

ਤਸਵੀਰ ਸਰੋਤ, SUSANA GIRÓN/BBC
- ਲੇਖਕ, ਸੁਜ਼ਾਨਾ ਗਿਰੋਨ
- ਰੋਲ, ਬੀਬੀਸੀ ਟਰੈਵਲ
ਸਪੇਨ ਦੇ ਸੇਗੋਵਿਆ, ਐਵਿਲਾ ਅਤੇ ਵੈਲਾਡੋਲਿਡ ਸੂਬਿਆਂ ਵਿੱਚ ਇੱਕ ਖਜ਼ਾਨਾ ਲੁਕਿਆ ਹੋਇਆ ਹੈ।
ਟਿਏਰਾ ਡੇ ਪਿਨਾਰੇਸ ਅਤੇ ਸਿਏਰਾ ਡੇ ਗਰੇਡੋਸ ਦੇ ਮੱਧ ਵਿੱਚ, ਮੈਦਾਨੀ ਇਲਾਕੇ ਤੋਂ ਪਹਾੜਾਂ ਵੱਲ ਨੂੰ ਵਧਿਆ ਹੋਇਆ ਰੇਜ਼ਨਸ ਚੀੜ (ਪਾਈਨ) ਦਰੱਖਤਾਂ ਵਾਲਾ ਜੰਗਲ 4 ਲੱਖ ਹੈਕਟੇਅਰ ਭੂਮੀ 'ਤੇ ਫੈਲਿਆ ਹੋਇਆ ਹੈ।
ਇਹ ਥਾਂ ਸੈਲਾਨੀਆਂ ਵਿੱਚ ਬਹੁਤ ਪ੍ਰਸਿੱਧ ਹੈ। ਇਹ ਜੰਗਲ ਇੰਨਾ ਸੰਘਣਾ ਹੈ ਕਿ ਇੱਥੇ ਅੰਦਰ ਧੁੱਪ ਦਾ ਪਹੁੰਚਣਾ ਬੜਾ ਔਖਾ ਹੈ ਅਤੇ ਇਸੇ ਕਾਰਨ ਸਪੇਨ ਦੇ ਲੋਕ ਠੰਡਕ ਦਾ ਅਨੰਦ ਲੈਣ ਲਈ ਇੱਥੇ ਆਉਂਦੇ ਰਹਿੰਦੇ ਹਨ।
ਜੇ ਤੁਸੀਂ ਇੱਕ ਖਾਸ ਸਮੇਂ 'ਤੇ ਇੱਥੇ ਆਓਗੇ ਤੇ ਜ਼ਰਾ ਧਿਆਨ ਨਾਲ ਵੇਖੋਗੇ ਤਾਂ ਤੁਹਾਨੂੰ ਬਹੁਤ ਸਾਰੇ ਲੋਕ ਇਨ੍ਹਾਂ ਦਰੱਖਤਾਂ ਦੇ ਤਣਿਆਂ ਕੋਲ ਖੜ੍ਹੇ ਕੰਮ ਕਰਦੇ ਨਜ਼ਰ ਆਉਣਗੇ।
ਦਰਅਸਲ ਇਹ ਲੋਕ ਆਪਣੀ ਦਹਾਕਿਆਂ ਪੁਰਾਣੀ ਰਿਵਾਇਤ ਅਨੁਸਾਰ ਇਨ੍ਹਾਂ ਚੀੜ ਦੇ ਰੁੱਖਾਂ ਤੋਂ 'ਲਿਕਵਿਡ ਗੋਲਡ' ਜਾਂ 'ਪਿਘਲਿਆ ਹੋਇਆ ਸੋਨਾ' ਇਕੱਠਾ ਕਰਦੇ ਹਨ।
ਤੇਜ਼ੀ ਨਾਲ ਵਧ ਰਿਹਾ ਕਾਰੋਬਾਰ
ਚੀੜ ਦੇ ਦਰੱਖਤਾਂ ਤੋਂ ਮਿਲਣ ਵਾਲੇ ਇਸ ਰੇਜ਼ਿਨ (ਗੂੰਦ ਵਰਗਾ ਦਿਖਾਈ ਦੇਣ ਵਾਲਾ ਤਰਲ ਪਦਾਰਥ) ਦਾ ਇਸਤੇਮਾਲ ਦਹਾਕਿਆਂ ਤੋਂ ਵੱਖ-ਵੱਖ ਸੱਭਿਅਤਾਵਾਂ ਦੁਆਰਾ ਕੀਤਾ ਜਾਂਦਾ ਰਿਹਾ ਹੈ।
ਸਪੇਨ ਅਤੇ ਜ਼ਿਆਦਾਤਰ ਭੂ-ਮੱਧੀ ਖੇਤਰ ਵਿੱਚ ਇਸਦਾ ਇਸਤੇਮਾਲ ਸਮੁੰਦਰੀ ਜਹਾਜ਼ਾਂ ਨੂੰ ਵਾਟਰਪਰੂਫ ਬਣਾਉਣ ਲਈ, ਜ਼ਖਮਾਂ ਦੇ ਉਪਚਾਰ ਲਈ, ਟਾਰਚਾਂ ਲਈ ਅਤੇ ਹੋਰ ਕਈ ਕੰਮਾਂ ਲਈ ਕੀਤਾ ਜਾਂਦਾ ਸੀ।
ਐਲੇਜ਼ੈਂਡਰੋ ਚੋਜ਼ਾਸ, ਮੈਡਰਿਡ ਦੀ ਪੋਲੀਟੈਕਨਿਕ ਯੂਨੀਵਰਸਿਟੀ ਦੇ ਫੋਰੈਟਰੀ ਇੰਜੀਨੀਅਰਿੰਗ ਵਿਭਾਗ ਵਿੱਚ ਪ੍ਰੋਫੈਸਰ ਹਨ ਅਤੇ ਉਨ੍ਹਾਂ ਦੇ ਅਨੁਸਾਰ, 19ਵੀਂ ਅਤੇ 20ਵੀਂ ਸਦੀ ਤੱਕ ਸਪੇਨ ਵਿੱਚ ਚੀੜ ਰੇਜ਼ਿਨ ਨੂੰ ਕੱਢਣਾ ਕੋਈ ਲਾਭ ਵਾਲਾ ਕੰਮ ਨਹੀਂ ਸੀ।
ਇਹ ਵੀ ਪੜ੍ਹੋ:
ਫਿਰ ਜਦੋਂ 19ਵੀਂ ਸਦੀ ਦੇ ਮੱਧ ਵਿੱਚ ਤਕਨੀਕ ਅਤੇ ਉਦਯੋਗਾਂ ਦੇ ਵਿਕਾਸ ਨਾਲ ਇਸਦਾ ਇਸਤੇਮਾਲ ਪਲਾਸਟਿਕ, ਵਾਰਨਸ਼, ਗੂੰਦ, ਟਾਇਰ, ਰਬੜ ਆਦਿ ਬਣਾਉਣ ਲਈ ਅਤੇ ਇੱਥੋਂ ਤੱਕ ਕਿ ਭੋਜਨ ਵਿੱਚ ਵੀ ਕੀਤਾ ਜਾਣ ਲੱਗਾ ਤਾਂ ਇਨ੍ਹਾਂ ਕਾਸਟੀਲਾ ਵਾਏ ਲਿਓਨ ਦੇ ਸੰਘਣੇ ਜੰਗਲਾਂ ਦੇ ਮਾਲਕਾਂ ਨੂੰ ਇਸ ਵਿੱਚੋਂ ਲਾਭ ਦੇ ਮੌਕੇ ਦਿਖਾਈ ਦੇਣ ਲੱਗੇ।
ਕਾਮਿਆਂ ਨੇ ਇਸ ਰੇਜ਼ਿਨ ਨੂੰ ਇਕੱਠਾ ਕਰਨ ਲਈ ਇਲਾਕੇ ਦੇ ਸਾਰੇ ਦਰਖਤਾਂ ਦੀ ਛਾਲ 'ਤੇ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ।
ਦੁਨੀਆ ਭਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਇਹ ਪ੍ਰਕਿਰਿਆ ਬੰਦ ਹੋਣ ਦੇ ਬਾਵਜੂਦ ਵੀ, ਕਾਸਟਿਲਾ ਵਾਏ ਲਿਓਨ ਵਿੱਚ ਇਸ ਕੰਮ ਦੀ ਇੱਕ ਨਵੀਂ ਸ਼ੁਰੂਆਤ ਵੇਖਣ ਨੂੰ ਮਿਲੀ। ਇਹ ਥਾਂ ਪੂਰੇ ਯੂਰਪ ਵਿੱਚ ਸਭ ਤੋਂ ਜ਼ਿਆਦਾ ਰੇਜ਼ਿਨ ਉਤਪਾਦਿਤ ਕਰਨ ਵਾਲਾ ਸਥਾਨ ਹੈ ਅਤੇ ਮਹਾਦੀਪ ਵਿੱਚ ਆਖਿਰੀ ਸਥਾਨ ਵੀ ਹੈ ਜਿੱਥੇ ਇਹ ਕੰਮ ਹਾਲੇ ਵੀ ਹੁੰਦਾ ਹੈ।
ਰੁੱਖਾਂ ਦੀ 'ਮੌਤ' ਤੋਂ 'ਜੀਵਨ' ਤੱਕ
ਮਾਰੀਆਨੋ ਗੋਮੇਜ਼ ਦਾ ਜਨਮ ਐਵਿਲਾ ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ ਰੇਜ਼ਿਨ ਕੱਢਣ ਦੇ ਇਸ ਕੰਮ ਵਿੱਚ 32 ਸਾਲ ਬਿਤਾਏ ਹਨ।
ਉਹ ਕਹਿੰਦੇ ਹਨ, ''ਮੇਰੇ ਪਿਤਾ ਇੱਕ ਰੇਜ਼ਿਨ ਉਤਪਾਦਕ ਸਨ ਅਤੇ ਮੈਂ ਉਨ੍ਹਾਂ ਤੋਂ ਹੀ ਇਹ ਕੰਮ ਸਿੱਖਿਆ। ਸ਼ੁਰੂ ਵਿੱਚ ਉਹ ਕੁਹਾੜੀਆਂ ਦਾ ਇਤੇਮਾਲ ਕਰਦੇ ਸਨ ਪਰ ਇਸ ਨਾਲ ਮੇਰੇ ਹੱਥਾਂ ਵਿੱਚ ਬਹੁਤ ਦਰਦ ਹੁੰਦਾ ਸੀ। ਅੱਜ, ਹਰੇਕ ਕੰਮ ਲਈ ਬਿਹਤਰ ਤਰੀਕੇ ਦੇ ਸੰਦ ਹਨ, (ਪਰ ਅਜੇ ਵੀ) ਉਨ੍ਹਾਂ ਨੂੰ ਹੱਥਾਂ ਨਾਲ ਇਤੇਮਾਲ ਕਰਨਾ ਪੈਂਦਾ ਹੈ।''

ਤਸਵੀਰ ਸਰੋਤ, SUSANA GIRÓN/BBC
ਜਦੋਂ ਤੋਂ ਇਹ ਕੰਮ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਰੇਜ਼ਿਨ ਕੱਢਣ ਦੇ ਤਰੀਕੇ ਵਿੱਚ ਕੋਈ ਖਾਸ ਬਦਲਾਅ ਨਹੀਂ ਆਇਆ ਹੈ। ਪਰ ਅੱਜ ਦੇ ਸਮੇਂ ਵਿੱਚ ਰੇਜ਼ਿਨ ਕੱਢਣ ਵਾਲਿਆਂ ਨੇ ਕਈ ਹੋਰ ਕਾਰਗਰ ਸੰਦ ਤਿਆਰ ਕਰ ਲਏ ਹਨ ਅਤੇ ਨਾਲ ਹੀ ਹੁਣ ਕੈਮਿਸਟ ਵੀ ਹਨ ਜੋ ਰੇਜ਼ਿਨ ਦੇ ਰਿਸਾਅ ਨੂੰ ਹੋਰ ਵਧਾ ਸਕਦੇ ਹਨ।
ਨਤੀਜੇ ਵਜੋਂ, ਪੈਦਾਵਾਰ ਅਤੇ ਉਤਪਾਦਨ ਵਿੱਚ ਬਹੁਤ ਸੁਧਾਰ ਹੋਇਆ ਹੈ।
ਇੱਕ ਹੋਰ ਚੀਜ਼ ਜਿਸ ਵਿੱਚ ਬਦਲਾਅ ਆਇਆ ਹੈ ਉਹ ਹੈ ਰੁੱਖਾਂ ਦੀ ਮੌਤ, ਕਿਉਂਕਿ ਪਹਿਲਾਂ ਰੇਜ਼ਿਨ ਕੱਢਣ ਲਈ ਬਹੁਤ ਹਮਲਾਵਰ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਸੀ।
ਪਰ ਪਿਛਲੇ ਕੁਝ ਸਮੇਂ ਤੋਂ ਦਰੱਖਤਾਂ ਨੂੰ ''ਜੀਵਨ'' ਮਿਲ ਰਿਹਾ ਹੈ ਕਿਉਂਕਿ ਨਵੇਂ ਤਰੀਕੇ ਅਨੁਸਾਰ, ਇਨ੍ਹਾਂ ਦਰੱਖਤਾਂ ਦੀ ਛਾਲ ਵਿੱਚ ਟੱਕ ਲਗਾਉਣ ਵਿੱਚ ਕਮੀ ਕੀਤੀ ਗਈ ਹੈ ਤਾਂ ਜੋ ਦਰੱਖਤ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ।
ਦਰਖਤਾਂ ਦਾ 'ਵਗਦਾ ਲਹੂ'
ਮਾਰਚ ਤੋਂ ਨਵੰਬਰ ਦੇ ਗਰਮ ਮਹੀਨਿਆਂ ਦੌਰਾਨ, ਸਥਾਨਕ ਲੋਕ ਚੀੜ ਦੇ ਦਰਖਤਾਂ ਦੀ ਸਭ ਤੋਂ ਬਾਹਰਲੀ ਪਰਤ ਭਾਵ ਛਾਲ ਨੂੰ ਹਟਾਉਣ ਤੋਂ ਬਾਅਦ ਬਹੁਤ ਹੀ ਸਾਵਧਾਨੀ ਨਾਲ ਰੇਜ਼ਿਨ ਕੱਢਣਾ ਸ਼ੁਰੂ ਕਰ ਦਿੰਦੇ ਹਨ।
ਇਸਦੇ ਲਈ ਉਹ ਦਰਖਤ ਦੇ ਤਣੇ ਨਾਲ ਇੱਕ ਭਾਂਡਾ ਬੰਨ ਜਾਂ ਟਿਕਾ ਦਿੰਦੇ ਹਨ, ਜਿਸ ਵਿੱਚ ਰੇਜ਼ਿਨ ਇਕੱਠਾ ਹੋ ਸਕੇ।

ਤਸਵੀਰ ਸਰੋਤ, SUSANA GIRÓN/BBC
ਫਿਰ ਉਹ ਆਪਣੀਆਂ ਕੁਹਾੜੀਆਂ ਦੀ ਵਰਤੋਂ ਕਰਦੇ ਹੋਏ ਦਰਖਤ ਦੀ ਛਾਲ ਵਿੱਚ ਤਿਰਛੇ ਟੱਕ ਲਗਾਉਂਦੇ ਹਨ ਤਾਂ ਜੋ ਦਰਖਤ ਦਾ ''ਖੂਨ'' ਭਾਵ ਰੇਜ਼ਿਨ ਨਿੱਕਲ ਕੇ ਭਾਂਡੇ ਵਿੱਚ ਇਕੱਠਾ ਹੋ ਜਾਵੇ।
ਜਦੋਂ ਇਹ ਭਾਂਡਾ ਭਰ ਜਾਂਦਾ ਹੈ ਤਾਂ ਇਸਨੂੰ 200 ਕਿੱਲੋ ਦੇ ਵੱਡੇ ਕੰਟੇਨਰ ਵਿੱਚ ਪਲਟ ਦਿੱਤਾ ਜਾਂਦਾ ਹੈ।
ਫਿਰ ਉਹ ਇਸਨੂੰ ਡਿਸਟੀਲੇਸ਼ਨ ਫੈਕਟਰੀਆਂ ਵਿੱਚ ਭੇਜਦੇ ਹਨ ਜਿੱਥੇ ਇਸ ਰੇਜ਼ਿਨ ਵਿੱਚੋਂ ਟਰਪੇਨਟਾਈਨ ਨੂੰ ਵੱਖ ਕਰ ਲਿਆ ਜਾਂਦਾ ਹੈ, ਜੋ ਕਿ ਚਿਪਚਿਪਾ ਅਤੇ ਪੀਲੇ ਰੰਗ ਦਾ ਹੁੰਦਾ ਹੈ ਅਤੇ ਠੰਡਾ ਕਰਨ ਉਪਰਾਂਤ ਸਖਤ ਹੋ ਕੇ ਚਮਕੀਲੇ ਪੱਥਰ ਵਾਂਗ ਦਿਖਾਈ ਦਿੰਦਾ ਹੈ।
ਸਥਾਨਕ ਲੋਕਾਂ ਨੂੰ ਮਾਣ
ਸਾਲ 1961 ਵਿੱਚ ਸਪੇਨ ਵਿੱਚ ਰੇਜ਼ਿਨ ਕੱਢਣ ਦੇ ਇਸ ਕੰਮ ਵਿੱਚ ਜ਼ਬਰਦਸਤ ਤੇਜ਼ੀ ਆਈ ਸੀ। ਉਸ ਸਮੇਂ 55,267 ਟਨ ਰੇਜ਼ਿਨ ਕੱਢਿਆ ਗਿਆ ਸੀ ਅਤੇ ਇਸਦਾ 90% ਹਿੱਸਾ ਕਾਸਟੀਲਾ ਵਾਏ ਲਿਓਨ ਦੇ ਜੰਗਲਾਂ ਤੋਂ ਹੀ ਆਇਆ ਸੀ।
ਪਰ ਘੱਟ ਮੰਗ ਅਤੇ ਕੀਮਤਾਂ ਵਿੱਚ ਕਮੀ ਨਾਲ ਇਸਦਾ ਉਤਪਾਦਨ ਵੀ ਘਟ ਗਿਆ ਅਤੇ 1990ਵਿਆਂ ਵਿੱਚ ਤਾਂ ਇਹ ਲਗਭਗ ਖਤਮ ਹੀ ਹੋ ਗਿਆ ਸੀ।
ਕਾਸਟੀਲਾ ਵਾਏ ਲਿਓਨ ਵਿੱਚ ਗ੍ਰਾਮੀਣ ਲੋਕਾਂ ਲਈ ਰੇਜ਼ਿਨ ਕੱਢਣਾ ਕੇਵਲ ਪੈਸੇ ਕਮਾਉਣ ਦਾ ਜ਼ਰੀਆ ਨਹੀਂ ਹੈ ਬਲਕਿ ਇੱਕ ਅਜਿਹਾ ਵਪਾਰ ਹੈ ਜੋ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ ਹੈ।

ਤਸਵੀਰ ਸਰੋਤ, SUSANA GIRÓN/BBC
ਬਹੁਤੇ ਪਰਿਵਾਰਾਂ ਵਿੱਚ ਘੱਟੋ-ਘੱਟ ਇੱਕ ਅਜਿਹਾ ਵਿਅਕਤੀ ਜ਼ਰੂਰ ਹੈ ਜਿਸਨੇ ਰੇਜ਼ਿਨ ਕੱਢਣ ਜਾਂ ਡਿਸਟੀਲੇਸ਼ਨ ਦਾ ਕੰਮ ਕੀਤਾ ਹੈ।
ਇਨ੍ਹਾਂ ਸ਼ਹਿਰਾਂ ਵਿੱਚ ਜ਼ਿਆਦਾਤਰ ਆਰਥਿਕ ਅਤੇ ਸਮਾਜਿਕ ਗਤੀਵਿਧੀਆਂ ਇਸ ਰੇਜ਼ਿਨ ਉਦਯੋਗ ਨਾਲ ਪ੍ਰਭਾਵਿਤ ਹਨ ਅਤੇ ਲੋਕ ਇਸ ਰਿਵਾਇਤ ਨੂੰ ਜਾਰੀ ਰੱਖਦੇ ਹਨ ਕਿਉਂਕਿ ਇਹ ਉਨ੍ਹਾਂ ਦੇ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
ਤੇਲ ਦਾ ਕੁਦਰਤੀ ਬਦਲ?
ਵੱਖ-ਵੱਖ ਅਧਿਐਨਾਂ ਅਨੁਸਾਰ, ਜੇਕਰ ਅਸੀਂ ਇਸੇ ਦਰ ਨਾਲ ਧਰਤੀ 'ਚੋਂ ਤੇਲ ਕੱਢਦੇ ਰਹੇ ਤਾਂ ਸਾਡੇ ਤੇਲ ਭੰਡਾਰ 2050 ਤੱਕ ਖਤਮ ਹੋ ਜਾਣਗੇ।
ਮੈਡਰਿਡ ਦੇ ਲਾਅ ਸਕੂਲ ਆਫ ਆਟੋਨੋਮਸ ਯੂਨੀਵਰਸਿਟੀ ਦੇ ਵਾਈਸ ਡੀਨ ਅਤੇ ਵਾਤਾਵਰਨ ਨੀਤੀਆਂ ਦੇ ਮਾਹਰ ਬਲੈਕਾਂ ਰੋਡਰੀਗੁਏਜ਼-ਸ਼ਾਵੇਜ਼ ਮੰਨਦੇ ਹਨ ਕਿ ਰੇਜ਼ਿਨ ਇੱਕ ਦੂਜਾ ਰਸਤਾ ਜਾਂ ਵਿਕਲਪ ਹੋ ਸਕਦਾ ਹੈ।
ਉਹ ਦਲੀਲ ਦਿੰਦੇ ਹਨ ਕਿ ਪੈਟਰੋਲ ਆਧਾਰਿਤ ਜ਼ਿਆਦਾਤਰ ਉਤਪਾਦ ਜਿਵੇਂ ਕਿ ਪਲਾਸਟਿਕ, ਜੋ ਕਿ ਕੁਦਰਤੀ ਤੌਰ 'ਤੇ ਨਸ਼ਟ ਨਹੀਂ ਕੀਤੀ ਜਾ ਸਕਦੀ, ਉਸਨੂੰ ਰੇਜ਼ਿਨ ਨਾਲ ਵੀ ਤਿਆਰ ਕੀਤਾ ਜਾ ਸਕਦਾ ਹੈ ਅਤੇ ਫਿਰ ਆਸਾਨੀ ਨਾਲ ਨਸ਼ਟ ਵੀ ਕੀਤਾ ਜਾ ਸਕਦਾ ਹੈ।

ਤਸਵੀਰ ਸਰੋਤ, SUSANA GIRÓN/BBC
ਉਹ ਕਹਿੰਦੇ ਹਨ, ''ਰੇਜ਼ਿਨ, ਵਰਤਮਾਨ ਅਤੇ ਭਵਿੱਖ ਦੀ ਦੁਨੀਆ ਦਾ ਤੇਲ ਹੈ। ਵਿਚਾਰ ਇਹ ਹੈ ਕਿ ਤੇਲ ਦੇ ਸਾਰੇ ਇਸਤੇਮਾਲ ਦੀ ਥਾਂ ਰੇਜ਼ਿਨ ਦਾ ਇਸਤੇਮਾਲ ਹੋਵੇ।''
ਉਹ ਯਕੀਨ ਦਿਵਾਉਂਦੇ ਹਨ, ''ਰੇਜ਼ਿਨ ਤੋਂ ਪਲਾਸਟਿਕ ਬਣਾਉਣਾ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। (ਇਸਦਾ ਇਸਤੇਮਾਲ) ਕਾਸਮੈਟਿਕ ਉਤਪਾਦਾਂ ਅਤੇ ਦਵਾਈਆਂ ਦੇ ਉਦਯੋਗ ਦੇ ਨਾਲ-ਨਾਲ ਵਾਰਨਸ਼ ਅਤੇ ਗੂੰਦ ਲਈ ਹੋ ਰਿਹਾ ਹੈ। ਜੰਗਲ, ਨਵਿਆਉਣਯੋਗ ਸਰੋਤਾਂ ਅਤੇ ਊਰਜਾ ਦਾ ਭੰਡਾਰ ਹੈ ਜਿਨ੍ਹਾਂ ਨੂੰ ਪੈਟਰੋਲ ਦੀ ਥਾਂ ਇਸਤੇਮਾਲ ਕੀਤਾ ਜਾ ਸਕਦਾ ਹੈ।
ਪਿੰਡਾਂ ਵੱਲ ਵਾਪਸੀ
ਚੀੜ ਰੇਜ਼ਿਨ ਦਾ ਸਮਰਥਨ ਕਰਨ ਵਾਲੇ ਇਹ ਵੀ ਮੰਨਦੇ ਹਨ ਕਿ ਇਹ ਸਪੇਨ ਦੇ ਪੇਂਡੂ ਖੇਤਰਾਂ ਤੋਂ ਹੋਣ ਵਾਲੇ ਪਰਵਾਸ ਦਾ ਵੀ ਹੱਲ ਕਰ ਸਕਦਾ ਹੈ।
ਬੈਂਕ ਆਫ ਸਪੇਨ ਦੀ ਇੱਕ ਰਿਪੋਰਟ ਅਨੁਸਾਰ, ਦੇਸ਼ ਦੇ 42% ਇਲਾਕੇ ਲੋਕਾਂ ਦੇ ਪਰਵਾਸ ਕਰਨ ਨਾਲ ਪ੍ਰਭਾਵਿਤ ਹਨ, ਜਿੱਥੋਂ ਜ਼ਿਆਦਾ ਤੋਂ ਜ਼ਿਆਦਾ ਨੌਜਵਾਨ ਬਿਹਤਰ ਮੌਕਿਆਂ ਦੀ ਤਲਾਸ਼ ਵਿੱਚ ਸ਼ਹਿਰਾਂ ਵੱਲ ਜਾ ਰਹੇ ਹਨ।
ਕਾਸਟੀਲਾ ਵਾਏ ਲਿਓਨ ਵੀ ਇਸ ਤੋਂ ਅਛੂਤਾ ਨਹੀਂ ਹੈ, ਜਿੱਥੇ 14 ਇਲਾਕਿਆਂ (ਸੂਬਿਆਂ) ਦੀਆਂ 80% ਮਿਊਂਸੀਪੈਲਿਟੀਆਂ ਨੂੰ ''ਖਤਮ ਹੋਣ ਦੀ ਕਗਾਰ 'ਤੇ'' ਮੰਨਿਆ ਜਾ ਰਿਹਾ ਹੈ ਪਰ ਹੁਣ ਚੀੜ ਰੇਜ਼ਿਨ ਵਿੱਚ ਪੈਦਾ ਹੋ ਰਹੀ ਦਿਲਚਪਸੀ ਇੱਕ ਵਾਰ ਫਿਰ ਨੌਜਵਾਨਾਂ ਨੂੰ ਪਿੰਡਾਂ ਵੱਲ ਖਿੱਚ ਰਹੀ ਹੈ।
ਗੁਲੀਅਰਮੋ ਅਰਾਂਜ਼ ਵੀ ਅਜਿਹੇ ਹੀ ਲੋਕਾਂ ਵਿੱਚੋਂ ਇੱਕ ਹਨ। ਉਹ ਕੂਈਲਾਰ (ਸੈਗੋਵਿਆ) ਵਿੱਚ ਰਹਿੰਦੇ ਹਨ ਅਤੇ ਕੰਮ ਕਰਦੇ ਹਨ। ਉਹ ਰੇਜ਼ਿਨ ਕਾਮਿਆਂ ਦੀ ਚੌਥੀ ਪੀੜ੍ਹੀ ਵਿੱਚੋਂ ਹਨ।

ਤਸਵੀਰ ਸਰੋਤ, SUSANA GIRÓN/BBC
ਉਹ ਕਹਿੰਦੇ ਹਨ, ''ਚੀੜ ਦਾ ਜੰਗਲ ਮੇਰਾ ਦਫਤਰ ਹੈ ਅਤੇ ਉਸ ਥਾਂ 'ਤੇ ਕੰਮ ਕਰਦੇ ਰਹਿਣ ਦੀ ਸੰਭਾਵਨਾ ਵੀ ਹੈ ਜਿੱਥੇ ਮੇਰਾ ਜਨਮ ਹੋਇਆ। ਮੈਨੂੰ ਆਪਣੇ ਕੰਮ ਬਾਰੇ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਪਸੰਦ ਹੈ ਉਹ ਹੈ ਕਿ ਇੱਥੇ ਮੇਰਾ ਕੋਈ ਬਾਸ ਨਹੀਂ ਹੈ ਅਤੇ ਮੈਂ ਆਜ਼ਾਦ ਹਾਂ। ਤੇ ਬੇਸ਼ੱਕ ਇਹ ਕੁਦਰਤ ਅਤੇ ਮੇਰੇ ਆਪਣੇ ਲੋਕਾਂ ਨਾਲ ਵੀ ਮੈਨੂੰ ਜੋੜ ਕੇ ਰੱਖਦਾ ਹੈ।''
ਵਿਸਿੰਟੇ ਰੋਡਰੀਗੂਏਜ਼ ਆਪਣੇ ਜੱਦੀ ਸ਼ਹਿਰ ਕਾਸਾਵਿਜੇਆ ਵਿੱਚ ਹੀ ਇੱਕ ਰੇਜ਼ਿਨ ਉਤਪਾਦਕ ਵਜੋਂ ਕੰਮ ਕਰਦੇ ਹਨ ਅਤੇ ਅਵਿਲੀਆ ਦੇ ਲਗਭਗ 30 ਰੇਜ਼ਿਨ ਉਤਪਾਦਕਾਂ ਵਿੱਚੋਂ ਇੱਕ ਹਨ।
ਉਹ ਕਹਿੰਦੇ ਹਨ, ''ਅਸੀਂ ਕੁਝ ਕੁ ਹਾਂ। ਲੋਕ ਅਜੇ ਵੀ ਸਾਨੂੰ ਚੀੜ ਤੋਂ ਰੇਜ਼ਿਨ ਇਕੱਠਾ ਕਰਦਿਆਂ ਦੇਖ ਕੇ ਹੈਰਾਨ ਹੁੰਦੇ ਹਨ। ਪਰ ਉਹ ਇਹ ਨਹੀਂ ਸਮਝਦੇ ਕਿ ਇਨ੍ਹਾਂ ਇਲਾਕਿਆਂ ਦਾ ਭਵਿੱਖ ਰੇਜ਼ਿਨ ਨਾਲ (ਸੰਬੰਧਿਤ) ਹੈ।''

ਤਸਵੀਰ ਸਰੋਤ, SUSANA GIRÓN/BBC
ਇਜ਼ਾਬੇਲ ਲਿਮੇਨਜ਼ ਉਨ੍ਹਾਂ ਕੁਝ ਕੁ ਮਹਿਲਾਵਾਂ ਵਿੱਚੋਂ ਇੱਕ ਹਨ ਜੋ ਰੇਜ਼ਿਨ ਕੱਢਣ ਦਾ ਕੰਮ ਕਰਦੇ ਹਨ। ਇਸ ਕੰਮ ਦੀ ਕੜੀ ਮਿਹਨਤ ਨੂੰ ਦੇਖਦਿਆਂ, ਆਮ ਤੌਰ 'ਤੇ ਮਹਿਲਾਵਾਂ ਨੂੰ ਸਹਾਇਕ ਕੰਮ ਹੀ ਦਿੱਤੇ ਜਾਂਦੇ ਹਨ।
ਇਜ਼ਾਬੇਲ ਦੱਸਦੇ ਹਨ, ''ਮੈਨੂੰ ਹਾਲੇ ਵੀ ਯਾਦ ਹੈ ਜਦੋਂ ਮੈਂ ਰੇਜ਼ਿਨ ਕੱਢਣ ਦਾ ਕਮ ਕਰਨਾ ਸ਼ੁਰੂ ਕੀਤਾ ਅਤੇ ਕਿਵੇਂ ਮਰਦ ਮੇਰਾ ਮਜ਼ਾਕ ਬਣਾਉਂਦੇ ਸਨ ਅਤੇ ਸ਼ਰਤਾਂ ਲਗਾਉਂਦੇ ਸਨ ਕਿ ਮੈਂ ਇਹ ਹੋਰ ਕਿੰਨੇ ਦਿਨ ਕਰ ਸਕਾਂਗੀ।"
"ਅਤੇ ਤਿੰਨ ਸਾਲ ਬਾਅਦ ਮੈਂ ਅਜੇ ਵੀ ਇੱਥੇ ਹੀ ਹਾਂ। ਮੈਂ ਸਰੀਰਕ ਪੱਖੋਂ ਇੱਕ ਮਜ਼ਬੂਤ ਮਹਿਲਾ ਹਾਂ। ਇਹ ਮੇਰੀ ਜੀਵਨਸ਼ੈਲੀ ਅਤੇ ਕਮਾਈ ਦਾ ਸਾਧਨ ਹੋਣ ਨਾਲੋਂ ਵੱਧ ਮੇਰੇ ਲਈ ਮੇਰਾ ਸਾਮਰਾਜ ਹੈ। ਧਰਤੀ 'ਤੇ ਮੇਰੀ ਥੋੜੀ ਜਿਹੀ ਜ਼ਮੀਨ।''
ਕੰਮ ਅਤੇ ਸੈਰ-ਸਪਾਟਾ
ਸਪੇਨ ਵਿੱਚ ਚੀੜ ਰੇਜ਼ਿਨ ਕੱਢਣ ਦਾ ਲਗਭਗ 95% ਕੰਮ ਕਾਸਟੀਲਾ ਵਾਏ ਲਿਓਨ ਵਿੱਚ ਹੁੰਦਾ ਹੈ। ਅਤੇ ਅਰਾਂਜ਼ ਤੇ ਰੋਡਰੀਗੁਏਜ਼ ਮੰਨਦੇ ਹਨ ਕਿ ਇਨ੍ਹਾਂ ਪੁਰਾਤਨ ਜੰਗਲਾਂ ਨੂੰ ਬਚਾ ਕੇ ਰੱਖਣ ਦਾ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਰੇਜ਼ਿਨ ਕੱਢਣ ਵਾਲਿਆਂ ਨੂੰ ਇੱਥੋਂ ਦਾ ਜ਼ਿਆਦਾਤਰ ਨਿਯੰਤਰਣ ਦੇ ਦਿੱਤਾ ਜਾਵੇ।
ਰੋਡਰੀਗੁਏਜ਼ ਕਹਿੰਦੇ ਹਨ, ਭਵਿੱਖ ਇਸੇ ਵਿੱਚ ਹੈ ਕਿ ਉਤਪਾਦਨ ਕਰਨ ਵਾਲਿਆਂ ਨੂੰ (ਉਨ੍ਹਾਂ ਦਾ) ਇਲਾਕਾ ਸੰਭਾਲਣ ਦੀ ਆਗਿਆ ਦਿੱਤੀ ਜਾਵੇ। ਜੇ ਸਰਕਾਰ ਸਾਨੂੰ ਪਹਾੜਾਂ ਦੀ ਸਾਫ-ਸਫਾਈ ਅਤੇ ਸੰਭਾਲ ਦੇ ਬਦਲੇ ਵਿੱਚ ਮਦਦ ਦਿੰਦੀ ਹੈ ਤਾਂ ਅਸੀਂ ਸਾਰਾ ਸਾਲ ਕੰਮ ਕਰਾਂਗੇ ਅਤੇ ਹੋਰ ਵੇਧੇਰ ਕਾਮੇ ਇੱਥੇ ਪਹਾੜਾਂ ਵਿੱਚ ਰੇਜ਼ਿਨ ਦਾ ਕੰਮ ਕਰਨ ਲਈ ਤਿਆਰ ਹੋ ਜਾਣਗੇ।''
ਰੋਡਰੀਗੁਏਜ਼ ਦਾ ਮੰਨਣਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਇੱਥੇ ਕੰਮ ਕਰਨ ਅਤੇ ਰਹਿਣ ਲਈ ਆਕਰਸ਼ਿਤ ਕਰਕੇ ਇਸ ਖੇਤਰ ਦੇ ਈਕੋ-ਟੂਰਿਜ਼ਮ ਵਿੱਚ ਵਾਧਾ ਹੋਵੇਗਾ।

ਤਸਵੀਰ ਸਰੋਤ, SUSANA GIRÓN/BBC
ਇਸ ਵਿਚਾਰ ਨੂੰ ਸੱਚ ਕਰਨ ਦੇ ਯਤਨ ਵਜੋਂ, ਰੇਜ਼ਿਨ ਪੱਖੋਂ ਅਮੀਰ ਇਲਾਕੇ ਤਾਈਤਰ ਘਾਟੀ (ਐਵਿਲਾ) ਨੂੰ ਹਾਲ ਹੀ ਵਿੱਚ ਯੂਨੈਸਕੋ-ਪ੍ਰੋਟੈਕਟਿਡ ਬਾਇਓ ਰਿਜ਼ਰਵ ਵਜੋਂ ਨਾਮਜ਼ਦ ਕੀਤਾ ਗਿਆ ਹੈ।ਅਜਿਹੇ ਕਈ ਅਜਾਇਬ ਘਰ ਵੀ ਹਨ ਜਿੱਥੇ ਸੈਲਾਨੀ ਉਹ ਰਵਾਇਤੀ ਕੈਬਿਨ ਵੇਖ ਸਕਦੇ ਹਨ ਜਿਨ੍ਹਾਂ ਵਿੱਚ ਪਹਿਲੇ ਕਾਮੇ ਸੁੱਤੇ ਸਨ ਅਤੇ ਪੁਰਾਤਨ ਸੰਦ ਵੀ ਰੱਖੇ ਹਨ। ਇਸਤੋਂ ਇਲਾਵਾਂ ਬਹੁਤ ਸਾਰੀਆਂ ਕੰਪਨੀਆਂ ''ਰੂਟਾ ਡੇ ਲਾ ਰੇਸਿਨਾ'' ਦਾ ਟੂਰ ਵੀ ਕਰਵਾਉਂਦੀਆਂ ਹਨ।
ਹਫਤੇ ਦੇ ਅਖੀਰਲੇ ਦਿਨਾਂ ਭਾਵ ਛੁੱਟੀ ਵਾਲੇ ਦਿਨਾਂ ਵਿੱਚ, ਸ਼ਹਿਰਾਂ ਦੀ ਭੀੜ-ਭਾੜ ਤੋਂ ਦੂਰ ਲੋਕ ਇਨ੍ਹਾਂ ਜੰਗਲਾਂ ਵਿੱਚ ਸਮਾਂ ਬਿਤਾਉਣ ਆਉਂਦੇ ਹਨ ਅਤੇ ਸਾਰਾ ਜੰਗਲ ਉਨ੍ਹਾਂ ਦੀਆਂ ਆਵਾਜ਼ਾਂ ਨਾਲ ਗੂੰਜਦਾ ਹੈ।
ਪਰ ਜੇ ਤੁਸੀਂ ਧਿਆਨ ਦੇਵੋ, ਤਾਂ ਤੁਸੀਂ ਸਪੇਨ ਦੇ ''ਪਿਘਲੇ ਹੋਏ ਸੋਨੇ'' ਦੇ ਤੁਪਕਿਆਂ ਦੇ ਡਿੱਗਣ ਦੀ ਆਵਾਜ਼ ਸੁਣ ਸਕਦੇ ਹੋ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












