ਵਾਤਾਵਰਨ ਤਬਦੀਲੀ : 5 ਬਦਲਾਅ ਜੋ ਤੁਹਾਡਾ ਬਜਟ ਵਿਗਾੜਕੇ ਜ਼ਿੰਦਗੀ ਨੂੰ ਦੁਭਰ ਬਣਾ ਸਕਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਸੋਸਿਲਿਆ ਬਾਰੀਆ
- ਰੋਲ, ਬੀਬੀਸੀ ਪੱਤਰਕਾਰ
ਵਾਤਾਵਰਨ ਤਬਦੀਲੀ ਦਾ ਸਿੱਧਾ ਅਸਰ ਤੁਹਾਡੇ ਬੈਂਕ ਖਾਤੇ ਅਤੇ ਤੁਹਾਡੀ ਜੇਬ 'ਤੇ ਵੀ ਪੈ ਸਕਦਾ ਹੈ।
ਅਜਿਹਾ ਨਹੀਂ ਹੈ ਕਿ ਜੇਕਰ ਕਿਸੇ ਸਮੇਂ ਕੀਮਤਾਂ ਵਧਣਗੀਆਂ ਤਾਂ ਹੀ ਤੁਹਾਡਾ ਬਿੱਲ ਵਧੇਗਾ।ਹਾਲਾਤ ਇਹ ਵੀ ਹੋ ਸਕਦੇ ਹਨ ਇਸ ਇਲਾਕੇ ਵਿੱਚ ਤੁਸੀਂ ਰਹਿੰਦੇ ਹੋ ਉੱਥੇ ਤੂਫ਼ਾਨ ਆਉਣ ਦੀ ਸੰਭਾਵਨਾ ਵਧੇਰੇ ਹੋਵੇ ਅਤੇ ਤੁਹਾਡਾ ਘਰ ਤਬਾਹ ਹੋਵੇ ਜਾਂ ਤੁਹਾਡੀ ਨੌਕਰੀ ਚਲੀ ਜਾਵੇ।
ਬੀਬੀਸੀ ਦੀ ਇਕ ਸਟੱਡੀ ਮੁਤਾਬਕ,ਸਾਲ 1980 ਤੋਂ ਬਾਅਦ ਅਜਿਹੇ ਦਿਨਾਂ ਦੀ ਸੰਖਿਆ ਤਕਰੀਬਨ ਦੁੱਗਣੀ ਹੋ ਗਈ ਹੈ ਜਦੋਂ ਪਾਰਾ 50 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਰਿਹਾ ਹੈ।
ਵਾਤਾਵਰਨ ਤਬਦੀਲੀ ਬਾਰੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਗ੍ਰੀਨ ਹਾਊਸ ਗੈਸਾਂ ਦਾ ਨਿਕਾਸ ਘੱਟ ਕਰਨ ਤੋਂ ਬਾਅਦ ਵੀ ਸੰਭਾਵਨਾ ਹੈ ਕਿ 2040 ਤੱਕ ਧਰਤੀ ਦਾ ਤਾਪਮਾਨ 1.5 ਡਿਗਰੀ ਸੈਲਸੀਅਸ ਤੱਕ ਵਧ ਜਾਵੇ।
ਤਾਪਮਾਨ ਵਧਣ ਨਾਲ ਤੂਫਾਨ, ਸੋਕਾ ਅਤੇ ਹੜ੍ਹ ਵਰਗੀਆਂ ਕੁਦਰਤੀ ਆਫ਼ਤਾਂ ਦੇ ਵਧਣ ਦਾ ਖਤਰਾ ਵੀ ਵਧ ਸਕਦਾ ਹੈ ਜਿਸ ਨਾਲ ਜਾਨ-ਮਾਲ ਦਾ ਨੁਕਸਾਨ ਵਧੇਗਾ।
ਇਹ ਵੀ ਪੜ੍ਹੋ:
ਮੌਸਮ ਵਿੱਚ ਤਬਦੀਲੀ ਕਾਰਨ ਅਜਿਹੀ ਘਟਨਾ ਵਾਪਰ ਸਕਦੀਆਂ ਹਨ,ਜਿਸ ਕਾਰਨ ਫ਼ਸਲਾਂ ਬਰਬਾਦ ਹੋਣ ਦਾ ਖ਼ਤਰਾ ਵੀ ਵਧੇਗਾ।
ਇਸ ਦਾ ਸਿੱਧਾ ਅਸਰ ਸਾਡੀਆਂ ਰੋਜ਼ਾਨਾ ਲੋੜ ਦੀਆਂ ਚੀਜ਼ਾਂ, ਭੋਜਨ ,ਪਾਣੀ ਅਤੇ ਬਿਜਲੀ ਵਰਗੀਆਂ ਸੁਵਿਧਾਵਾਂ ਉੱਤੇ ਪੈ ਸਕਦਾ ਹੈ ਅਤੇ ਇਨ੍ਹਾਂ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ।
ਵਾਤਾਵਰਨ ਤਬਦੀਲੀ ਦਾ ਅਸਰ ਲੋਕਾਂ ਦੀ ਸਿਹਤ ਉੱਤੇ ਵੀ ਹੋਵੇਗਾ ਅਤੇ ਉਨ੍ਹਾਂ ਦਾ ਖਰਚਾ ਵੀ ਵਧੇਗਾ।ਇਸ ਨਾਲ ਗਰਮੀ ਵਧ ਰਹੀ ਹੈ।ਠੰਢੇ ਇਲਾਕਿਆਂ ਅਤੇ ਗਰਮ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਏਸੀ ਅਤੇ ਹੀਟਰ ਦਾ ਇਸਤੇਮਾਲ ਵੀ ਵਧੇਗਾ।ਜ਼ਾਹਿਰ ਤੌਰ 'ਤੇ ਇਸ ਨਾਲ ਊਰਜਾ ਦੀ ਖਪਤ ਵਧੇਗੀ ਅਤੇ ਲੋਕਾਂ ਦਾ ਖ਼ਰਚਾ ਵੀ।
ਅਸੀਂ ਕਹਿ ਸਕਦੇ ਹਾਂ ਕਿ ਦੁਨੀਆਂ ਭਰ ਵਿੱਚ ਵਾਤਾਵਰਨ ਤਬਦੀਲੀ ਕਾਰਨ ਆਰਥਿਕ ਵਿਕਾਸ ਦੀ ਦਰ ਘਟੇਗੀ ਅਤੇ ਵਧ ਰਹੀ ਮਹਿੰਗਾਈ ਜੇਬਾਂ ਲਈ ਵਧੀਆ ਗੱਲ ਨਹੀਂ ਹੋਵੇਗੀ।
ਖਾਣ ਪੀਣ ਦੀਆਂ ਚੀਜ਼ਾਂ ਦੀ ਕੀਮਤ ਵਧੇਗੀ
ਵਾਤਾਵਰਨ ਤਬਦੀਲੀ ਦਾ ਸਭ ਤੋਂ ਗੰਭੀਰ ਅਸਰ ਫਸਲਾਂ 'ਤੇ ਪਵੇਗਾ।ਹਾਲ ਦੇ ਸਾਲਾਂ ਵਿਚ ਸੋਕਾ,ਹੜ੍ਹ, ਅੱਗ ਅਤੇ ਤੂਫ਼ਾਨ ਵਰਗੀਆਂ ਕੁਦਰਤੀ ਆਫ਼ਤਾਂ ਵਧੀਆਂ ਹਨ।ਵਿਗਿਆਨਕਾਂ ਮੁਤਾਬਕ ਜੇਕਰ ਧਰਤੀ ਦਾ ਤਾਪਮਾਨ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਹਾਲਾਤ ਹੋਰ ਵੀ ਔਖੇ ਹੋ ਜਾਣਗੇ।
ਆਈਪੀਸੀਸੀ ਦੀ ਰਿਪੋਰਟ ਬਣਾਉਣ ਵਾਲੇ ਖੋਜਕਰਤਾਵਾਂ ਦੀ ਟੀਮ ਵਿੱਚੋਂ ਇੱਕ ਫਰੈਡਰਿਕ ਆਟੋ ਯੂ ਕੇ ਦੀ ਆਕਸਫੋਰਡ ਯੂਨੀਵਰਸਿਟੀ ਵਿੱਚ ਖੋਜ ਕਰਦੇ ਹਨ । ਉਹ ਆਖਦੇ ਹਨ,"ਆਉਣ ਵਾਲੇ ਸਮੇਂ ਵਿੱਚ ਗਰਮ ਹਵਾ ਹੋਰ ਗਰਮ ਹੋਵੇਗੀ ਅਤੇ ਅਜਿਹਾ ਵਾਰ ਵਾਰ ਹੋਵੇਗਾ।"
ਕੇਂਦਰੀ ਅਮਰੀਕਾ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਇਸ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਨਾਲ ਜੂਝ ਰਹੇ ਹਨ। ਉਥੇ ਹੀ ਲੈਟਿਨ ਅਮਰੀਕਾ ਅਤੇ ਕੈਰੇਬਿਆਈ ਦੇਸ਼ਾਂ ਵਿੱਚ ਅਨਾਜ ਦਾ ਉਤਪਾਦਨ ਘੱਟ ਹੋ ਰਿਹਾ ਹੈ। ਇਨ੍ਹਾਂ ਇਲਾਕਿਆਂ ਵਿੱਚ ਭਿਆਨਕ ਸੋਕਾ ਹੋਣਾ ਹੁਣ ਵੱਡੀ ਗੱਲ ਨਹੀਂ ਰਹੀ।

ਤਸਵੀਰ ਸਰੋਤ, Getty Images
ਪ੍ਰੋਫੈਸਰ ਮਰਸਿਡੀਜ਼ ਬਾਦਰੋ ਬੁਧੀਨਾ ਸਪੇਨ ਦੀ ਕਾਰਲੋ ਯੂਨੀਵਰਸਿਟੀ ਵਿਚ ਸੋਸ਼ਾਲੋਜੀ ਆਫ਼ ਕਲਾਈਮੇਟ ਚੇਂਜ ਐਂਡ ਸਸਟੇਨੇਬਲ ਡਿਵੈਲਪਮੈਂਟ ਰਿਸਰਚ ਗਰੁੱਪ ਦੇ ਮੁਖੀ ਹਨ।ਉਹ ਆਖਦੇ ਹਨ,"ਕਿਸੇ ਨੇ ਇਸ ਤਬਾਹੀ ਦਾ ਸਿੱਧਾ ਅਸਰ ਆਰਥਿਕ ਗਤੀਵਿਧੀਆਂ ਉੱਪਰ ਪੈਂਦਾ ਹੈ ਇਨ੍ਹਾਂ ਕਾਰਨਾਂ ਦਾ ਸਿੱਧਾ ਅਸਰ ਅਨਾਜ ਦੀਆਂ ਵਧੀਆਂ ਕੀਮਤਾਂ ਉੱਪਰ ਪਿਆ ਹੈ।"
ਉਹ ਆਖਦੇ ਹਨ ਕਿ ਊਰਜਾ ਤੇ ਪਾਣੀ ਦੀਆਂ ਕੀਮਤਾਂ ਵਧਣਗੀਆਂ ਤਾਂ ਉਸ ਦਾ ਅਸਰ ਅਨਾਜ ਦੇ ਉਤਪਾਦਨ ਦੇ ਨਾਲ- ਨਾਲ ਮਾਰਕੀਟਿੰਗ ਉੱਤੇ ਵੀ ਪਵੇਗਾ ਅਤੇ ਇਸ ਸਭ ਦਾ ਕੁਲ ਮਿਲਾ ਕੇ ਅਸਰ ਅਨਾਜ ਦੀਆਂ ਵਧੀਆਂ ਕੀਮਤਾਂ ਹੋਣਗੀਆਂ।
ਯੂਨੀਵਰਸਿਟੀ ਕਾਲਜ ਲੰਡਨ ਵਿੱਚ ਭੂਗੋਲ ਦੇ ਪ੍ਰੋਫੈਸਰ ਮਾਰਕ ਮਸਲਿਨ ਆਖਦੇ ਹਨ ਕਿ ਕੀਮਤਾਂ ਦਾ ਵਧਣਾ ਵਾਤਾਵਰਨ ਤਬਦੀਲੀ ਕਾਰਨ ਹੋਵੇਗਾ ਅਤੇ ਇਸ ਦਾ ਅਸਰ ਪਰਿਵਾਰ ਦੇ ਬਜਟ ਉੱਤੇ ਪਵੇਗਾ।
ਵਾਰ- ਵਾਰ ਸੋਕਾ ਪੈਣ ਨਾਲ 'ਤੇ ਤਾਪਮਾਨ ਦੇ ਵਧਣ ਨਾਲ ਖੇਤਾਂ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਘਟਣ ਲੱਗੇਗੀ। ਜਾਣਕਾਰ ਆਖਦੇ ਹਨ ਕਿ ਲੋਕ ਆਪਣੀ ਕਮਾਈ ਦੇ ਸਾਧਨ ਗਵਾ ਦੇਣਗੇ ਅਤੇ ਇਸ ਦਾ ਅਸਰ ਹੌਲੀ ਹੌਲੀ ਅਨਾਜ ਦੇ ਉਪਲੱਬਧ ਹੋਣ ਅਤੇ ਉਨ੍ਹਾਂ ਦੀਆਂ ਕੀਮਤਾਂ ਉੱਪਰ ਵੀ ਪਵੇਗਾ।
ਵਧੇਗਾ ਬਿਜਲੀ ਅਤੇ ਪਾਣੀ ਦਾ ਬਿੱਲ
ਮਾਰਕ ਮਸਲਿਨ ਆਖਦੇ ਹਨ ਕਿ ਬਿਜਲੀ ਦੀਆਂ ਕੀਮਤਾਂ ਦਾ ਵਧਣਾ ਸਭ ਜਗ੍ਹਾ ਇਕੋ ਜਿਹਾ ਨਹੀਂ ਹੋਵੇਗਾ। ਉਨ੍ਹਾਂ ਮੁਤਾਬਕ,"ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਬਿਜਲੀ ਦਾ ਉਤਪਾਦਨ ਕਿਵੇਂ ਹੁੰਦਾ ਹੈ ਅਤੇ ਸਰਕਾਰਾਂ ਕਿਸ ਤਰ੍ਹਾਂ ਸਬਸਿਡੀ ਦਿੰਦੀਆਂ ਹਨ।"
ਪਰ ਉਹ ਦੇਸ਼ ਜੋ ਬਿਜਲੀ ਵਾਸਤੇ ਪਣਬਿਜਲੀ ਪਰਿਯੋਜਨਾ 'ਤੇ ਨਿਰਭਰ ਹਨ ਅਤੇ ਜੋ ਵਾਤਾਵਰਨ ਤਬਦੀਲੀ ਕਾਰਨ ਸੋਕੇ ਦਾ ਸ਼ਿਕਾਰ ਹੋਣਗੇ ਉਥੇ ਬਿਜਲੀ ਦੀਆਂ ਕੀਮਤਾਂ ਉਪਰ ਅਸਰ ਪੈਣਾ ਲਾਜ਼ਮੀ ਹੈ।
ਹਾਲਾਂਕਿ ਅਜੇ ਕਈ ਦੇਸ਼ਾਂ ਵਿੱਚ ਅਜਿਹੀ ਪ੍ਰਕਿਰਿਆ ਉੱਤੇ ਕੰਮ ਚੱਲ ਰਿਹਾ ਹੈ ਜਿਸ ਦਾ ਥੋੜ੍ਹੇ ਸਮੇਂ ਦੋਰਾਨ ਲੋਕਾਂ ਉੱਤੇ ਬੁਰਾ ਅਸਰ ਪਵੇਗਾ ਪਰ ਲੰਬੇ ਸਮੇਂ ਵਿੱਚ ਲੋਕਾਂ ਨੂੰ ਇਸ ਦਾ ਫ਼ਾਇਦਾ ਹੋਵੇਗਾ। ਕਈ ਦੇਸ਼ ਕੋਲੇ ਦੀ ਬਜਾਏ ਦੂਜੇ ਸਰੋਤਾਂ ਤੋਂ ਬਿਜਲੀ ਦਾ ਉਤਪਾਦਨ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹਨ।ਇਸ ਬਦਲਾਅ ਦੇ ਕਾਰਨ ਬਿਜਲੀ ਦੀਆਂ ਕੀਮਤਾਂ ਉੱਪਰ ਕੁਝ ਸਮੇਂ ਲਈ ਉਛਾਲ ਆ ਸਕਦਾ ਹੈ।

ਤਸਵੀਰ ਸਰੋਤ, Getty Images
ਬੁਧੀਨਾ ਆਖਦੇ ਹਨ,"ਘਰਾਂ ਵਿੱਚ ਬਿਜਲੀ ਦਾ ਬਿੱਲ ਵੱਧ ਸਕਦਾ ਹੈ ।ਇਸ ਨਾਲ ਬਿਜਲੀ ਨਾਲ ਚੱਲਣ ਵਾਲੇ ਉਪਕਰਣਾਂ ਦੀ ਕੀਮਤ ਵੀ ਵਧ ਸਕਦੀ ਹੈ।"
ਇਸ ਦਾ ਅਸਰ ਬਜ਼ੁਰਗਾਂ ਉੱਪਰ ਵੀ ਪਵੇਗਾ। ਉਨ੍ਹਾਂ ਦੀ ਆਮਦਨ ਘੱਟ ਹੋਣ ਕਾਰਨ ਉਨ੍ਹਾਂ ਦੇ ਖਰਚ ਵਧਣਗੇ। ਜੇਕਰ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕਮੀ ਪਹਿਲਾਂ ਹੀ ਵੇਖੀ ਜਾ ਰਹੀ ਹੈ ਅਤੇ ਪਾਣੀ ਦੇ ਬਿੱਲ ਵੀ ਆਉਣ ਵਾਲੇ ਦਿਨਾਂ ਵਿੱਚ ਵੱਧ ਸਕਦੇ ਹਨ।
ਜੇਕਰ ਪਾਣੀ ਵੇਚਣ ਵਾਲੀਆਂ ਕੰਪਨੀਆਂ ਨੇ ਇਹ ਫੈਸਲਾ ਕੀਤਾ ਕਿ ਉਹੀ ਘਰਾਂ ਅਤੇ ਇੰਡਸਟ੍ਰੀਅਲ ਪਾਣੀ ਦੇ ਸਪਲਾਈ ਕਰਨਗੀਆਂ ਤਾਂ ਇਸ ਪਾਸੇ ਉਨ੍ਹਾਂ ਨੂੰ ਕਾਫੀ ਨਿਵੇਸ਼ ਕਰਨਾ ਪਵੇਗਾ। ਇਸ ਦਾ ਅਸਰ ਖਪਤਕਾਰਾਂ ਦੀ ਜੇਬ ਉੱਪਰ ਹੀ ਪਵੇਗਾ।
ਦੁਰਘਟਨਾ ਲਈ ਬੀਮੇ ਦੀਆਂ ਕੀਮਤਾਂ ਵਿਚ ਵੀ ਹੋਵੇਗਾ ਵਾਧਾ
ਬੁਧੀਨਾ ਆਖਦੇ ਹਨ," ਬੀਮੇ ਦੀਆਂ ਕੀਮਤਾਂ ਹੁਣ ਤੋਂ ਹੀ ਵਧਣ ਲੱਗ ਪਈਆਂ ਹਨ।"
ਇਕ ਪਾਸੇ ਖੇਤੀਬਾੜੀ ਘਰਾਂ ਅਤੇ ਹੋਰ ਤਰ੍ਹਾਂ ਦੀਆਂ ਆਫਤਾਂ ਲਈ ਬੀਮੇ ਦੀਆਂ ਕੀਮਤਾਂ ਵਧ ਰਹੀਆਂ ਹਨ ਤਾਂ ਦੂਜੇ ਪਾਸੇ ਕਈ ਬੀਮਾ ਕੰਪਨੀਆਂ ਉਨ੍ਹਾਂ ਖਪਤਕਾਰਾਂ ਨੂੰ ਮਨ੍ਹਾ ਕਰ ਰਹੀਆਂ ਹਨ ਜਿਨ੍ਹਾਂ ਨੂੰ ਉਹ ਜ਼ਿਆਦਾ ਜੋਖ਼ਿਮ ਵਾਲਾ ਮੰਨਦੀਆਂ ਹਨ।
ਬੁਧੀਨਾ ਸਾਲ 2005 ਇਸ ਦੌਰਾਨ ਅਮਰੀਕਾ ਵਿਚ ਆਈ ਕੈਟਰੀਨਾ ਤੂਫ਼ਾਨ ਨੂੰ ਯਾਦ ਕਰਦੇ ਹਨ ਅਤੇ ਆਖਦੇ ਹਨ ਕਿ,"ਅਜਿਹੇ ਕਈ ਘਰ ਹਨ ਜੋ ਵਾਤਾਵਰਨ ਤਬਦੀਲੀ ਕਾਰਨ ਜ਼ਿਆਦਾ ਜ਼ੋਖ਼ਮ ਵਿੱਚ ਹਨ ਅਤੇ ਘਰ ਦਾ ਬੀਮਾ ਕਰਵਾਉਣ ਲਈ ਕੰਪਨੀ ਨਹੀਂ ਲੱਭ ਪਾ ਰਹੇ।"
ਜਿਵੇਂ -ਜਿਵੇਂ ਵਾਤਾਵਰਨ ਤਬਦੀਲੀ ਕਾਰਨ ਹੋਣ ਵਾਲਾ ਨੁਕਸਾਨ ਵਧੇਗਾ ਸੰਭਵ ਹੈ ਕਿ ਬੀਮੇ ਦੀਆਂ ਕੀਮਤਾਂ ਵਧ ਜਾਣਗੀਆਂ।

ਤਸਵੀਰ ਸਰੋਤ, Getty Images
ਸਾਰਾ ਡੁਰੱਗਟੀ ਨਿਊਯਾਰਕ ਵਿਚ ਮੌਜੂਦ ਗ੍ਰੀਨ ਫਾਈਨੈਂਸ ਸੈਂਟਰ ਵਿੱਚ ਕੰਮ ਕਰਦੇ ਹਨ। ਉਹ ਆਖਦੇ ਹਨ,"ਫਰਜ਼ ਕਰੋ ਕਿ ਤੁਸੀਂ ਅਜਿਹੀ ਜਗ੍ਹਾ ਵਿਚ ਕੰਮ ਕਰਦੇ ਹੋਣ ਜਿਥੇ ਅੱਗ ਲੱਗਣ ਦੀਆਂ ਘਟਨਾਵਾਂ ਆਮ ਹਨ ਤਾਂ ਤੁਹਾਡੇ ਲਈ ਬੀਮੇ ਦੀਆਂ ਕੀਮਤਾਂ ਵਧ ਸਕਦੀਆਂ ਹਨ। ਇਸੇ ਤਰ੍ਹਾਂ ਜੇਕਰ ਤੁਹਾਡੇ ਇਲਾਕੇ ਵਿੱਚ ਅਕਸਰ ਤੂਫਾਨ ਆਉਂਦੇ ਰਹਿੰਦੇ ਹਨ ਤਾਂ ਤੁਹਾਡਾ ਪ੍ਰੀਮੀਅਮ ਵਧ ਸਕਦਾ ਹੈ।"
ਅਜਿਹਾ ਹੀ ਉਨ੍ਹਾਂ ਥਾਵਾਂ ਉਪਰ ਰਹਿਣ ਵਾਲੇ ਲੋਕਾਂ ਨਾਲ ਵੀ ਹੋ ਸਕਦਾ ਹੈ ਜੋ ਸਮੁੰਦਰ ਦੇ ਕੋਲ ਰਹਿੰਦੇ ਹਨ।
ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਸਮੁੰਦਰ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਲੋਕਾਂ ਦਾ ਦੂਸਰੀ ਜਗ੍ਹਾ ਵੱਲ ਜਾਣ ਦਾ ਰੁਝਾਨ ਵੀ ਵਧੇਗਾ। ਇਸ ਦਾ ਅਸਰ ਉਸ ਇਲਾਕੇ ਦੀ ਅਰਥਵਿਵਸਥਾ ਉੱਪਰ ਤਾਂ ਪਵੇਗਾ ਹੀ ਬਲਕਿ ਜਿੱਥੇ ਉਹ ਲੋਕ ਜਾ ਰਹੇ ਹਨ ਉਸ ਦੇਸ਼ ਦੀ ਅਰਥ ਵਿਵਸਥਾ ਤੇ ਵੀ ਪਵੇਗਾ।
ਸਿਹਤ ਨਾਲ ਸਬੰਧਿਤ ਖ਼ਰਚਿਆਂ ਵਿੱਚ ਵਾਧਾ
ਹਵਾ ਦੇ ਪ੍ਰਦੂਸ਼ਿਤ ਹੋਣ ਨਾਲ ਮਨੁੱਖਾਂ ਦੇ ਸਰੀਰ ਉੱਪਰ ਬਹੁਤ ਬੁਰਾ ਅਸਰ ਪੈਂਦਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਹਵਾ ਦੇ ਪ੍ਰਦੂਸ਼ਣ ਨਾਲ ਹਰ ਸਾਲ ਲਗਪਗ 70 ਲੱਖ ਲੋਕਾਂ ਦੀ ਮੌਤ ਹੁੰਦੀ ਹੈ।
ਹਾਲਾਂਕਿ ਹੋਰ ਸਟੱਡੀ 'ਚ ਇਹ ਅੰਕੜੇ ਵੱਖਰੇ ਹਨ। ਅਪ੍ਰੈਲ ਵਿੱਚ ਪ੍ਰਕਾਸ਼ਿਤ ਹਾਵਰਡ,ਬਰਮਿੰਘਮ,ਲੈੱਸਟਰ ਦੇ ਵਿਗਿਆਨਿਕਾਂ ਦੀ ਸੋਧ ਮੁਤਾਬਕ ਹਵਾ ਵਿੱਚ ਫੈਲੇ ਪ੍ਰਦੂਸ਼ਣ ਨਾਲ ਹਰ ਸਾਲ ਤਕਰੀਬਨ ਇੱਕ ਕਰੋੜ ਲੋਕਾਂ ਦੀ ਮੌਤ ਹੁੰਦੀ ਹੈ।
ਦੂਜੇ ਪਾਸੇ ਵਿਗਿਆਨਿਕਾਂ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਵਾਤਾਵਰਨ ਤਬਦੀਲੀ ਕਾਰਨ ਅਜਿਹੀਆਂ ਸਥਿਤੀਆਂ ਪੈਦਾ ਹੋ ਰਹੀਆਂ ਹਨ ਜਿਨ੍ਹਾਂ ਨਾਲ ਰੋਗਾਂ ਦੇ ਫੈਲਣ ਦਾ ਖਤਰਾ ਵੀ ਵਧ ਸਕਦਾ ਹੈ।
ਬਰਤਾਨੀਆ ਦੇ ਮੈਡੀਕਲ ਜਰਨਲ ਲੈਂਸੇਟ ਦੇ ਸਾਲਾਨਾ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਠੰਢੇ ਇਲਾਕਿਆਂ ਵਿੱਚ ਮਲੇਰੀਆ ਦੇ ਵਧਣ ਦਾ ਖ਼ਤਰਾ ਵਧੇਗਾ ਜਦੋਂ ਕਿ ਉੱਤਰੀ ਯੂਰਪ ਅਤੇ ਅਮਰੀਕਾ ਵਿੱਚ ਬਿਮਾਰੀਆਂ ਫੈਲਾਉਣ ਵਾਲੇ ਬੈਕਟੀਰੀਆ ਫੈਲਣ ਦਾ ਖਤਰਾ ਵੀ ਵਧੇਗਾ।
ਇਸ ਦੇ ਨਾਲ ਹੀ ਗਰਮ ਥਾਵਾਂ 'ਤੇ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਦਾ ਫੈਲਣਾ ਹੋਰ ਸੌਖਾ ਹੋਵੇਗਾ।

ਤਸਵੀਰ ਸਰੋਤ, Getty Images
ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਤਕਰੀਬਨ ਸੱਠ ਕਰੋੜ ਲੋਕ ਸਮੁੰਦਰ ਦੇ ਜਲਸਤਰ ਤੋਂ ਪੰਜ ਮੀਟਰ ਦੀ ਉਚਾਈ ਉਪਰ ਰਹਿੰਦੇ ਹਨ ਅਤੇ ਉਨ੍ਹਾਂ ਵਾਸਤੇ ਤੂਫ਼ਾਨਾਂ ਅਤੇ ਹੜ੍ਹਾਂ ਦਾ ਖ਼ਤਰਾ ਵੱਧ ਜਾਵੇਗਾ।
ਰਿਪੋਰਟ ਦੀ ਇਕ ਲੇਖਿਕਾ ਮਾਰੀਆ ਰੋਮਐਲੋ ਆਖਦੇ ਹਨ,"ਸਮਾਂ ਆ ਗਿਆ ਹੈ ਕਿ ਅਸੀਂ ਸਮਝ ਜਾਈਏ ਕਿ ਵਾਤਾਵਰਨ ਤਬਦੀਲੀ ਦੇ ਅਸਰ ਤੋਂ ਕੋਈ ਨਹੀਂ ਬਚ ਸਕਦਾ।"
ਹਾਲ ਦੇ ਸਾਲਾਂ ਵਿਚ ਦੁਨੀਆ ਦੇ ਕੁਝ ਹਿੱਸਿਆਂ ਵਿੱਚ ਫੈਲੀ ਭੀਸ਼ਨ ਗਰਮੀ ਦਾ ਅਸਰ ਲੋਕਾਂ ਦੀ ਸਿਹਤ ਉਪਰ ਪਿਆ ਸੀ।
ਯੂਨੀਵਰਸਿਟੀ ਆਫ ਵਾਸ਼ਿੰਗਟਨ ਵਿਚ ਪ੍ਰੋਫ਼ੈਸਰ ਅਤੇ ਲੈਂਸੈੱਟ ਦੀ ਰਿਪੋਰਟ ਬਣਾਉਣ ਵਾਲਿਆਂ ਚ ਸ਼ਾਮਲ ਇਕ ਡਾ ਜੈਰਨੀ ਹੈਸ ਆਖਦੇ ਹਨ ਕਿ ਸਿਆਟਲ ਦੇ ਹਸਪਤਾਲ ਵਿਚ ਕੰਮ ਕਰਦੀ ਸੁਨੈਨਾ ਨੇ ਵਾਤਾਵਰਨ ਤਬਦੀਲੀ ਦਾ ਅਸਰ ਵੇਖਿਆ ਹੈ।
ਉਹ ਆਖਦੇ ਹਨ,"ਮੈਂ ਉਨ੍ਹਾਂ ਸਿਹਤ ਕਰਮਚਾਰੀਆਂ ਨੂੰ ਵੇਖਿਆ ਹੈ ਜੋ ਗਰਮੀ ਲੱਗਣ ਕਾਰਨ ਬਿਮਾਰ ਹੋਏ ਲੋਕਾਂ ਦੀ ਦੇਖਭਾਲ ਵਿਚ ਲੱਗੇ ਸਨ। ਗੋਡਿਆਂ ਭਾਰ ਬੈਠਣ ਕਾਰਨ ਉਨ੍ਹਾਂ ਦੇ ਗੋਡਿਆਂ ਉੱਤੇ ਸੜਨ ਵਰਗੇ ਨਿਸ਼ਾਨ ਬਣ ਗਏ ਸਨ।"
ਉਹ ਆਖਦੇ ਹਨ,"ਮੈਂ ਗਰਮੀ ਕਾਰਨ ਕਈ ਲੋਕਾਂ ਨੂੰ ਮਰਦੇ ਹੋਏ ਵੇਖਿਆ ਹੈ।"
ਹੌਲੀ ਹੋਵੇਗੀ ਆਰਥਿਕ ਵਿਕਾਸ ਰਫਤਾਰ
ਸਵਿਸ ਰੇਅ ਇੰਸਟੀਚਿਊਟ ਦੀ ਸੋਧ ਵਿੱਚ ਆਖਿਆ ਗਿਆ ਹੈ ਕਿ ਵਾਤਾਵਰਨ ਤਬਦੀਲੀ ਦੁਨੀਆਂ ਦੀ ਅਰਥਵਵਸਥਾ ਵਾਸਤੇ ਵੱਡਾ ਖ਼ਤਰਾ ਹੈ।
ਇਸ ਦੇ ਮੁਤਾਬਕ ਜੇਕਰ ਸਹੀ ਸਮੇਂ ਤੇ ਕਦਮ ਨਹੀਂ ਚੁੱਕੇ ਗਏ ਤਾਂ ਅਗਲੇ ਤੀਹ ਸਾਲਾਂ ਵਿੱਚ 10 ਫ਼ੀਸਦ ਅਤੇ 18 ਫ਼ੀਸਦ ਦੇ ਵਿਚਕਾਰ ਜੀਡੀਪੀ ਘੱਟ ਸਕਦੀ ਹੈ।
ਜੇਕਰ ਧਰਤੀ ਦਾ ਤਾਪਮਾਨ ਛੇ ਡਿਗਰੀ ਸੈਲਸੀਅਸ ਵਧ ਗਿਆ ਤਾਂ ਸਦੀ ਦੇ ਮੱਧ ਤਕ ਸਭ ਤੋਂ ਖ਼ਰਾਬ ਜੀਡੀਪੀ ਦੇਖਣ ਨੂੰ ਮਿਲ ਸਕਦੀ ਹੈ।

ਤਸਵੀਰ ਸਰੋਤ, Getty Images
ਦੂਸਰੇ ਅਨੁਮਾਨ 80 ਸਾਲਾਂ ਵਿੱਚ ਘਰੇਲੂ ਉਤਪਾਦ ਵਿੱਚ ਤਕਰੀਬਨ ਦੱਸ ਫ਼ੀਸਦ ਸੰਭਾਵਿਤ ਕਮੀ ਦੀ ਗੱਲ ਕਰਦੇ ਹਨ। ਮਾਪਣ ਦੇ ਤਰੀਕਿਆਂ ਕਾਰਨ ਇਹ ਅੰਕੜੇ ਅਲੱਗ ਅਲੱਗ ਹੁੰਦੇ ਹਨ ਪਰ ਇੱਕ ਗੱਲ ਸਾਫ਼ ਹੈ ਕਿ ਵਾਤਾਵਰਨ ਤਬਦੀਲੀ ਦਾ ਅਸਰ ਦੁਨੀਆਂ ਦੇ ਆਰਥਿਕ ਹਾਲਾਤਾਂ ਉਪਰ ਵਧ ਰਿਹਾ ਹੈ।
ਸਭ ਤੋਂ ਜ਼ਿਆਦਾ ਮਾੜੇ ਨਤੀਜੇ ਗ਼ਰੀਬ ਦੇਸ਼ਾਂ ਵਿੱਚ ਦੇਖੇ ਜਾਣਗੇ। ਖ਼ਾਸ ਕਰਕੇ ਉਹ ਦੇਸ਼ ਜਿਨ੍ਹਾਂ ਵਿਚ ਸੋਕੇ ਅਤੇ ਹੜ੍ਹ ਦਾ ਪ੍ਰਭਾਵ ਵਧੇਰੇ ਰਹਿੰਦਾ ਹੈ। ਵਿਸ਼ਵ ਬੈਂਕ ਦਾ ਅਨੁਮਾਨ ਹੈ ਕਿ 2030 ਤਕ ਵਾਤਾਵਰਨ ਤਬਦੀਲੀ ਨਾਲ 13.2 ਕਰੋੜ ਲੋਕ ਗ਼ਰੀਬੀ ਵੱਲ ਜਾਣਗੇ।
ਏਜੰਸੀ ਮੁਤਾਬਕ ਇਨ੍ਹਾਂ ਹਾਲਾਤਾਂ ਵਿੱਚ ਖੇਤੀਬਾੜੀ ਨਾਲ ਹੋਣ ਵਾਲੀ ਆਮਦਨ ਵਿੱਚ ਕਮੀ, ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਵਧ ਰਹੀ ਬਿਮਾਰੀ ਕਾਰਨ ਆਰਥਿਕ ਨੁਕਸਾਨ ਵੀ ਹੋਣਗੇ।
ਵਿਸ਼ਵ ਬੈਂਕ ਵਿਚ ਸਸਟੇਨੇਬਲ ਡਿਵੈਲਪਮੈਂਟ ਦੇ ਜੁਆਰਗਨ ਵੋਗਲੇ ਨੇ ਲਿਖਿਆ ਹੈ ਕਿ,"ਵਿਸ਼ਵ ਵਿੱਚ ਅਮੀਰ ਦੇਸ਼ਾਂ ਦਾ ਧਨ ਵਧ ਰਿਹਾ ਹੈ ਅਤੇ ਇਸ ਨਾਲ ਦੁਨੀਆਂ ਦੇ ਦੇਸ਼ਾਂ ਵਿਚ ਨਾਬਰਾਬਰੀ ਬਣੀ ਹੋਈ ਹੈ ਅਤੇ ਘੱਟ ਆਮਦਨ ਵਾਲੇ ਦੇਸ਼ ਉਹ ਧਨ ਦੇ ਮਾਮਲੇ ਵਿੱਚ ਆਪਣੇ ਹਿੱਸੇ ਨੂੰ ਲੈ ਕੇ ਪਿੱਛੇ ਹਨ।"
ਜੇਕਰ ਇਨ੍ਹਾਂ ਗੱਲਾਂ ਤੋਂ ਬਾਅਦ ਤੁਹਾਨੂੰ ਲੱਗ ਰਿਹਾ ਹੈ ਕਿ ਇਨ੍ਹਾਂ ਦਾ ਤੁਹਾਡੇ ਉਪਰ ਕੋਈ ਅਸਰ ਨਹੀਂ ਹੋਵੇਗਾ ਤਾਂ ਤੁਸੀਂ ਗਲਤ ਹੋ। ਇਨ੍ਹਾਂ ਦਾ ਅਸਰ ਤੁਹਾਡੀ ਜੇਬ ਉੱਪਰ ਵੀ ਪਵੇਗਾ।
ਮਾਰਕ ਮਸਲਿਨ ਆਖਦੇ ਹਨ," ਤੁਸੀਂ ਜਿਸ ਦੇਸ਼ ਵਿੱਚ ਰਹਿੰਦੇ ਹੋ ਜੇਕਰ ਉਥੇ ਊਰਜਾ ਦੇ ਨਵੇਂ ਸਾਧਨਾਂ ਦਾ ਸਮਰਥਨ ਕੀਤਾ ਜਾਂਦਾ ਹੈ ਤਾਂ ਇਸ ਦਾ ਤੁਹਾਡੇ ਖ਼ਰਚੇ ਉੱਪਰ ਸਕਾਰਾਤਮਕ ਅਸਰ ਪਵੇਗਾ।"
ਉਨ੍ਹਾਂ ਨੇ ਕਿਹਾ ਹੈ ਕਿ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਬਿਹਤਰ ਹੋਣਗੀਆਂ ਅਤੇ ਸਮੇਂ ਨਾਲ ਇਨ੍ਹਾਂ ਦੀ ਲਾਗਤ ਵੀ ਘੱਟ ਹੋ ਸਕਦੀ ਹੈ।
ਉਹ ਦੱਸਦੇ ਹਨ ਕਿ ਸਾਫ਼ ਹਵਾ ਵਾਲੇ ਵਾਤਾਵਰਨ ਵਿੱਚ ਰਹਿਣ ਵਾਲੇ ਲੋਕਾਂ ਦੀ ਸਿਹਤ ਵਿੱਚ ਸੁਧਾਰ ਹੋਵੇਗਾ ਅਤੇ ਉਨ੍ਹਾਂ ਦੇ ਇਲਾਜ ਨਾਲ ਸਬੰਧਿਤ ਬਿੱਲ ਵੀ ਸਮੇਂ ਨਾਲ ਘੱਟ ਹੋ ਸਕਦੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














