ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ

ਤਸਵੀਰ ਸਰੋਤ, Getty Images
ਵਿਗਿਆਨਿਕਾਂ ਦਾ ਕਹਿਣਾ ਹੈ ਕਿ ਅਤੀਤ ਦੀ ਤੁਲਨਾ ਵਿੱਚ ਇਨਸਾਨਾਂ ਦੇ ਲੰਬੇ ਹੋਣ ਅਤੇ ਜਵਾਨੀ ਤੱਕ ਪਹਿਲਾਂ ਹੀ ਪਹੁੰਚਣ ਦੀ ਪਹੇਲੀ ਨੂੰ ਹੁਣ ਇਨਸਾਨੀ ਦਿਮਾਗ 'ਚ ਮੌਜੂਦ ਇੱਕ ਸੈਂਸਰ ਦੇ ਨਾਲ ਸਮਝਿਆ ਜਾ ਸਕਦਾ ਹੈ।
20ਵੀਂ ਸਦੀ ਦੇ ਪੋਸ਼ਣ ਸਬੰਧੀ ਸੁਧਾਰ ਹੋਣ ਨਾਲ ਬ੍ਰਿਟੇਨ ਵਿੱਚ ਲੋਕਾਂ ਦੇ ਔਸਤ ਕੱਦ ਦੱਸ ਸੈਂਟੀਮੀਟਰ ਤੱਕ ਵਧੇ ਹਨ ਜਦਕਿ ਦੂਜੇ ਦੇਸ਼ਾਂ ਵਿੱਚ ਲੋਕਾਂ ਦੇ ਕੱਦ ਵੀਹ ਸੈਂਟੀਮੀਟਰ ਤੱਕ ਵਧੇ ਹਨ।
ਪਰ ਅਸਲ ਵਿੱਚ ਅਜਿਹਾ ਹੁੰਦਾ ਕਿਵੇਂ ਹੈ, ਇਸ ਨੂੰ ਹੁਣ ਤੱਕ ਸਮਝਿਆ ਨਹੀਂ ਜਾ ਸਕਿਆ ਸੀ। ਬ੍ਰਿਟੇਨ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਖੋਜ ਵਿੱਚ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਅਤੇ ਵੱਡੀ ਉਮਰ ਵਿੱਚ ਕੱਦ ਵਧਾਉਣ ਵਾਲੀਆਂ ਦਵਾਈਆਂ ਬਣਾਉਣ ਦਾ ਰਾਹ ਸੌਖਾ ਹੋ ਸਕਦਾ ਹੈ।
ਵਿਗਿਆਨੀ ਜਾਣਦੇ ਹਨ ਕਿ ਚੰਗੇ ਖਾਣੇ ਦਾ ਕੱਦ ਉਪਰ ਪ੍ਰਭਾਵ ਪੈਂਦਾ ਹੈ। ਮਿਸਾਲ ਵਜੋਂ ਦੱਖਣੀ ਕੋਰੀਆ ਦੇ ਗ਼ਰੀਬ ਤੋਂ ਵਿਕਸਤ ਦੇਸ਼ ਬਣ ਜਾਣ ਨਾਲ ਉਥੋਂ ਦੇ ਅਸਲ ਲੋਕਾਂ ਦੀ ਲੰਬਾਈ ਪਹਿਲਾਂ ਨਾਲੋਂ ਵੱਧ ਗਈ ਹੈ।
ਉੱਥੇ ਹੀ ਦੱਖਣੀ ਏਸ਼ੀਆ ਅਤੇ ਅਫ਼ਰੀਕਾ ਦੇ ਕਈ ਹਿੱਸੇ ਦੇ ਲੋਕ ਅਜੇ ਵੀ ਪਹਿਲਾਂ ਦੀ ਤੁਲਨਾ ਵਿੱਚ ਥੋੜ੍ਹੇ ਹੀ ਲੰਬੇ ਹੋਏ ਹਨ।
ਇਹ ਵੀ ਪੜ੍ਹੋ:
ਵਿਗਿਆਨੀਆਂ ਕੋਲ ਇਸ ਗੱਲ ਦੀ ਜਾਣਕਾਰੀ ਵੀ ਪਹਿਲਾਂ ਤੋਂ ਮੌਜੂਦ ਹੈ ਕਿ ਦਿਮਾਗ ਦੇ ਇੱਕ ਹਿੱਸੇ ਹਾਈਪੋਥੈਲਮਸ ਤੱਕ ਭੋਜਨ ਰਾਹੀਂ ਸੰਕੇਤ ਪਹੁੰਚਦੇ ਹਨ। ਇਹ ਸੰਕੇਤ ਦਿਮਾਗ਼ ਨੂੰ ਸਰੀਰ ਦੇ ਪੋਸ਼ਣ ਸਬੰਧੀ ਦੱਸਦਾ ਹੈ ਅਤੇ ਸਰੀਰ ਦੇ ਵਿਕਾਸ ਨੂੰ ਹੋਰ ਤੇਜ਼ ਕਰਦਾ ਹੈ।
MC3R ਦੀ ਭੂਮਿਕਾ ਹੈ ਅਹਿਮ
ਵਿਗਿਆਨ ਅਤੇ ਖੋਜ ਪੱਤ੍ਰਿਕਾ 'ਨੇਚਰ' ਵਿੱਚ ਇਸ ਬਾਰੇ ਇੱਕ ਨਵਾਂ ਅਧਿਐਨ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਖੋਜ ਕੈਂਬਰਿਜ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਕੀਤੀ ਗਈ ਹੈ। ਇਸ ਵਿੱਚ ਲੰਡਨ ਦੀ ਕੁਈਨ ਮੈਰੀ ਯੂਨੀਵਰਸਿਟੀ, ਬ੍ਰਿਸਟਲ ਯੂਨੀਵਰਸਿਟੀ, ਮਿਸ਼ੀਗਨ ਯੂਨੀਵਰਸਿਟੀ ਅਤੇ ਵੈਂਡਰਬਿਲਟ ਯੂਨੀਵਰਸਿਟੀ ਦੇ ਸਮੂਹ ਨੇ ਵੀ ਸਹਿਯੋਗ ਦਿੱਤਾ ਹੈ।

ਤਸਵੀਰ ਸਰੋਤ, Thinkstock
ਇਸ ਖੋਜ ਰਾਹੀਂ ਇੱਕ ਰਿਸੈਪਟਰ ਦੀ ਖੋਜ ਕੀਤੀ ਗਈ ਹੈ ਜਿਸ ਨੂੰ MC3R ਦਾ ਨਾਮ ਦਿੱਤਾ ਗਿਆ ਹੈ। ਭੋਜਨ ਦੇ ਨਾਲ-ਨਾਲ ਜਵਾਨੀ ਵਿੱਚ ਸਰੀਰ ਦੀ ਲੰਬਾਈ ਵਾਸਤੇ ਇਹ ਰਿਸੈਪਟਰ ਅਹਿਮ ਭੂਮਿਕਾ ਨਿਭਾਉਂਦਾ ਹੈ।
ਇਸ ਖੋਜ ਦੇ ਲੇਖਕ ਅਤੇ ਕੈਂਬਰਿਜ ਯੂਨੀਵਰਸਿਟੀ ਦੇ ਪ੍ਰੋਫੈਸਰ ਸਟੀਫਨ ਔਰਾਹੈਲੀ ਨੇ ਦੱਸਿਆ,"ਇਹ ਸਰੀਰ ਨੂੰ ਦੱਸਦਾ ਹੈ ਕਿ ਸਰੀਰ ਵਧਣ ਦੀ ਸਥਿਤੀ ਵਿੱਚ ਹੈ। ਸਰੀਰ 'ਚ ਬਹੁਤ ਸਾਰਾ ਭੋਜਨ ਮੌਜੂਦ ਹੈ। ਇਸ ਲਈ ਛੇਤੀ ਵਧਿਆ ਜਾਵੇ, ਜਲਦੀ ਜਵਾਨ ਹੋਇਆ ਜਾਵੇ ਅਤੇ ਢੇਰ ਸਾਰੇ ਬੱਚੇ ਪੈਦਾ ਕੀਤੇ ਜਾਣ ।"
ਔਰਾਹੈਲੀ ਆਖਦੇ ਹਨ,"ਇਹ ਕੇਵਲ ਜਾਦੂ ਨਹੀਂ ਹੈ ,ਅਜਿਹਾ ਹੁੰਦਾ ਹੈ ਅਤੇ ਸਾਡੇ ਕੋਲ ਇਸ ਦਾ ਪੂਰਾ ਖਾਕਾ ਮੌਜੂਦ ਹੈ।"
ਆਖਿਰ ਅਜਿਹਾ ਹੁੰਦਾ ਕਿਵੇਂ ਹੈ?
ਖੋਜ ਮੁਤਾਬਕ ਜਦੋਂ ਦਿਮਾਗੀ ਰਿਸੈਪਟਰ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੇ ਤਾਂ ਲੋਕਾਂ ਦਾ ਕੱਦ ਘੱਟ ਰਹਿ ਜਾਂਦਾ ਹੈ। ਇਸਦੇ ਨਾਲ ਹੀ ਇਹ ਲੋਕ ਦੂਜਿਆਂ ਦੀ ਤੁਲਨਾ ਵਿੱਚ ਦੇਰੀ ਨਾਲ ਜਵਾਨ ਹੁੰਦੇ ਹਨ।
ਖੋਜ ਦੌਰਾਨ ਕਈ ਬੱਚਿਆਂ ਦੇ ਜੀਨ ਵਿੱਚ ਬਦਲਾਅ ਵੀ ਦੇਖਿਆ ਗਿਆ। ਇਨ੍ਹਾਂ ਬੱਚਿਆਂ ਵਿੱਚ ਰਿਸੈਪਟਰ ਨੂੰ ਰੋਕਿਆ ਗਿਆ ਸੀ। ਇਹ ਬੱਚੇ ਕੱਦ ਵਿੱਚ ਛੋਟੇ ਅਤੇ ਵਜ਼ਨ ਵਿੱਚ ਘੱਟ ਸਨ।
ਖੋਜ ਦੌਰਾਨ ਟੀਮ ਨੂੰ ਇੱਕ ਅਜਿਹਾ ਵਿਅਕਤੀ ਮਿਲਿਆ ਜਿਸ ਵਿੱਚ ਰਿਸੈਪਟਰ ਦੇ ਜੀਨ ਦੀ ਕਾਪੀ ਦਾ ਮਿਊਟੇਸ਼ਨ ਹੋਇਆ। ਇਹ ਬਦਲਾਅ ਕਾਫ਼ੀ ਹਾਨੀਕਾਰਕ ਅਤੇ ਦੁਰਲੱਭ ਹੈ। ਇਸ ਵਿਅਕਤੀ ਦਾ ਕੱਦ ਕਾਫ਼ੀ ਛੋਟਾ ਸੀ।
ਇਹ ਬਦਲਾਅ ਸਿਰਫ਼ ਇਨਸਾਨਾਂ ਵਿੱਚ ਹੀ ਨਹੀਂ ਹਨ। ਖੋਜਕਾਰਾਂ ਮੁਤਾਬਕ ਚੂਹਿਆਂ ਉੱਪਰ ਵੀ ਅਧਿਐਨ ਕੀਤਾ ਗਿਆ ਅਤੇ ਜਾਨਵਰਾਂ ਉੱਪਰ ਵੀ ਇਹ ਗੱਲ ਸਹੀ ਸਾਬਤ ਹੋਈ ਹੈ।

ਤਸਵੀਰ ਸਰੋਤ, Getty Images
ਇਸ ਖੋਜ ਨਾਲ ਬੱਚਿਆਂ ਵਿੱਚ ਵਿਕਾਸ ਦੀ ਕਮੀ ਅਤੇ ਦੇਰੀ ਨਾਲ ਜਵਾਨ ਹੋਣ ਦੀ ਪ੍ਰਕਿਰਿਆ ਸ਼ੁਰੂ ਹੋਣ ਵਰਗੀਆਂ ਸਮੱਸਿਆਵਾਂ ਦਾ ਹੱਲ ਨਿਕਲ ਸਕਦਾ ਹੈ।
ਪ੍ਰੋਫ਼ੈਸਰ ਔਰਾਹੈਲੀ ਨੇ ਦੱਸਿਆ," ਭਵਿੱਖ ਵਿੱਚ ਹੋਣ ਵਾਲੀ ਖੋਜ ਵਿੱਚ ਇਹ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਬੀਮਾਰ ਲੋਕਾਂ ਦੀ ਸਰੀਰਕ ਸਮਰੱਥਾ ਸੁਧਾਰਨ ਲਈ MC3R ਨੂੰ ਐਕਟਿਵ ਕਰਨ ਲਈ ਦਵਾਈਆਂ ਦੇ ਰਾਹੀਂ ਕੀ ਕੈਲੋਰੀ ਦਾ ਬਿਹਤਰ ਉਪਯੋਗ ਕਰਕੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ।"
ਵਿਗਿਆਨਿਕਾਂ ਨੇ ਪਹਿਲਾਂ ਹੀ ਇੱਕ ਰਿਸੈਪਟਰ ਦੀ ਪਛਾਣ ਕਰ ਲਈ ਸੀ ਜੋ ਭੁੱਖ ਨੂੰ ਕਾਬੂ ਕਰਦਾ ਹੈ। ਇਸ ਨੂੰ MC4R ਦਾ ਨਾਮ ਦਿੱਤਾ ਗਿਆ ਹੈ। ਜਿਨ੍ਹਾਂ ਲੋਕਾਂ ਵਿੱਚ ਇਸ ਦੀ ਕਮੀ ਹੁੰਦੀ ਹੈ ਅਕਸਰ ਮੋਟੇ ਹੁੰਦੇ ਹਨ।
ਕੀ ਲੋਕ ਲਗਾਤਾਰ ਲੰਬੇ ਹੋ ਸਕਦੇ ਹਨ?
ਮਨੁੱਖ ਦੇ ਲੰਬੇ ਹੋਣ ਦੀ ਵੀ ਇੱਕ ਹੱਦ ਹੁੰਦੀ ਹੈ। ਇਹ ਹੱਦ ਉਨ੍ਹਾਂ ਦੇ ਖਾਣ-ਪਾਣ ਅਤੇ ਸਿਹਤ ਨਾਲ ਸਬੰਧਤ ਹੈ।
ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਜੇਕਰ ਲੋੜੀਂਦਾ ਭੋਜਨ ਅਤੇ ਕੈਲਰੀ ਮਿਲੇ ਤਾਂ ਉਹ ਵੀ ਆਪਣੇ ਮਾਂ ਪਿਓ ਅਤੇ ਦਾਦਾ ਦਾਦੀ ਤੋਂ ਵਿਰਾਸਤ ਵਿੱਚ ਮਿਲੀ ਲੰਬਾਈ ਤੱਕ ਵਧ ਸਕਦੇ ਹਨ।
ਲੰਬੇ ਲੋਕ ਆਮ ਤੌਰ 'ਤੇ ਲੰਬੇ ਸਮੇਂ ਤੱਕ ਜਾਂਦੇ ਹਨ। ਉਨ੍ਹਾਂ ਦੇ ਦਿਲ ਦੀਆਂ ਬੀਮਾਰੀਆਂ ਨਾਲ ਪੀੜਤ ਹੋਣ ਦੇ ਆਸਾਰ ਵੀ ਘੱਟ ਹੁੰਦੇ ਹਨ।

ਤਸਵੀਰ ਸਰੋਤ, Getty Images
ਹਾਲਾਂਕਿ ਇਨਸਾਨ ਹਮੇਸ਼ਾਂ ਲੰਬੇ ਹੁੰਦੇ ਨਹੀਂ ਰਹਿ ਸਕਦੇ। ਪਿਛਲੀ ਸਦੀ ਵਿੱਚ ਯੂਰੋਪ ਦੇ ਕਈ ਦੇਸ਼ਾਂ ਵਾਂਗ ਬ੍ਰਿਟੇਨ ਦੇ ਲੋਕਾਂ ਦਾ ਕੱਦ ਵੀ ਵਧਿਆ ਹੈ। ਪਰ ਪਿਛਲੇ ਦਸ ਸਾਲਾਂ ਦੇ ਅੰਕੜੇ ਇਹ ਸੰਕੇਤ ਦੇ ਰਹੇ ਹਨ ਕਿ ਔਸਤਨ ਕੱਦ ਵਿੱਚ ਵਾਧਾ ਨਹੀਂ ਹੋ ਰਿਹਾ।
ਪਿਛਲੀ ਸਦੀ ਵਿੱਚ ਦੁਨੀਆ ਦੇਸ਼ ਵਿੱਚ ਸਭ ਤੋਂ ਵੱਧ ਕੱਦ ਦੱਖਣੀ ਕੋਰੀਆ ਦੀਆਂ ਔਰਤਾਂ ਤੇ ਇਰਾਨ ਦੇ ਮਰਦਾਂ ਦਾ ਵਧਿਆ ਹੈ।
ਵੈਸੇ ਦੁਨੀਆਂ ਵਿੱਚ ਸਭ ਤੋਂ ਲੰਬੇ ਲੋਕ ਨੀਦਰਲੈਂਡ ਵਿੱਚ ਪੈਦਾ ਹੋਣ ਵਾਲੇ ਮਰਦ ਹਨ। ਦੁਨੀਆਂ ਵਿੱਚ ਸਭ ਤੋਂ ਛੋਟੇ ਲੋਕ ਗੁਆਟੇਮਾਲਾ ਵਿੱਚ ਪੈਦਾ ਹੋਣ ਵਾਲੀਆਂ ਔਰਤਾਂ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












