ਪ੍ਰਦੂਸ਼ਣ ਲਈ ਦੀਵਾਲੀ ਦੇ ਪਟਾਕੇ ਕਿੰਨੇ ਜ਼ਿੰਮੇਵਾਰ - ਰਿਐਲਿਟੀ ਚੈੱਕ

ਤਸਵੀਰ ਸਰੋਤ, Getty Images
- ਲੇਖਕ, ਰਿਐਲਿਟੀ ਚੈੱਕ ਟੀਮ
- ਰੋਲ, ਬੀਬੀਸੀ
ਦੀਵਾਲੀ ਦੇ ਦਿਨਾਂ ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਵੱਧ ਗਿਆ ਹੈ।
ਇਸ ਦੌਰਾਨ ਬਹੁਤ ਜ਼ਿਆਦਾ ਧਿਆਨ ਦੀਵਾਲੀ ਮੌਕੇ ਚਲਾਏ ਜਾਂਦੇ ਪਟਾਕਿਆਂ ਉੱਪਰ ਕੇਂਦਰਿਤ ਹੈ। ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਗ੍ਰੀਨ ਪਟਾਕੇ ਚਲਾਉਣ ਦੀ ਖੁੱਲ੍ਹ ਦਿੱਤੀ ਸੀ।
ਇਸ ਬਾਰੇ ਬਹੁਤ ਸਾਰੇ ਅਧਿਐਨ ਹੋ ਚੁੱਕੇ ਹਨ ਕਿ ਦੀਵਾਲੀ ਦੇ ਦਿਨਾਂ ਵਿੱਚ ਖ਼ਤਰਨਾਕ ਪ੍ਰਦੂਸ਼ਕਾਂ ਦੀ ਮਿਕਦਾਰ ਬਹੁਤ ਵਧ ਜਾਂਦੇ ਹਨ ਪਰ ਇਸ ਪਿੱਛੇ ਹੋਰ ਵੀ ਕਈ ਕਾਰਨ ਜ਼ਿੰਮੇਵਾਰ ਹਨ।
ਤਾਂ ਸਵਾਲ ਹੈ ਕਿ ਆਖ਼ਰ ਹਵਾ ਪ੍ਰਦੂਸ਼ਣ ਵਿੱਚ ਪਟਾਕਿਆਂ ਦੀ ਕਿੰਨੀ ਕੁ ਭੂਮਿਕਾ ਹੈ
ਦਿੱਲੀ ਵਿੱਚ ਹਵਾ ਪ੍ਰਦੂਸ਼ਣ ਕਿੰਨਾ ਹੈ
ਦਿੱਲੀ ਸਮੇਤ ਭਾਰਤ ਦੇ ਕਈ ਸ਼ਹਿਰਾਂ ਵਿੱਚ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਬਣ ਚੁੱਕਿਆ ਹੈ।
ਗ੍ਰੀਨਪੀਸ ਸੰਸਥਾ ਮੁਤਾਬਕ ਹਵਾ ਪ੍ਰਦੂਸ਼ਣ ਦੀ ਵਜ੍ਹਾ ਕਾਰਨ ਸਾਲ 2020 ਦੌਰਾਨ ਦਿੱਲੀ ਵਿੱਚ ਲਗਭਗ 57,000 ਲੋਕਾਂ ਦੀ ਮੌਤ ਸਮੇਂ ਤੋਂ ਪਹਿਲਾਂ ਹੋਈ, ਉਹ ਵੀ ਉਦੋਂ ਜਦੋਂ ਕੋਵਿਡ-19 ਮਹਾਮਾਰੀ ਕਾਰਨ ਲੌਕਡਾਊਨ ਲੱਗਿਆ ਹੋਇਆ ਸੀ।
ਇਹ ਵੀ ਪੜ੍ਹੋ:

ਦੁਨੀਆਂ ਦੇ 30 ਸਭ ਤੋਂ ਗੰਦੀ ਹਵਾ ਵਾਲੇ ਸ਼ਹਿਰਾਂ ਵਿੱਚੋਂ 20 ਭਾਰਤ ਵਿੱਚ ਹਨ। ਇਨ੍ਹਾਂ ਸ਼ਹਿਰਾਂ ਵਿੱਚ ਖ਼ਤਰਨਾਕ ਪੀਐਮ2.5 ਪਾਰਟੀਕਲ ਦੀ ਮਾਤਰਾ ਬਹੁਤ ਜ਼ਿਆਦਾ ਦੱਸੀ ਜਾਂਦੀ ਹੈ।
ਇਨ੍ਹਾਂ ਸ਼ਹਿਰਾਂ ਵਿੱਚ ਪੀਐਮ2.5 ਦੇ ਪੱਧਰ ਵਿਸ਼ਵ ਸਿਹਤ ਸੰਗਠਨ ਵੱਲੋਂ ਮਨੁੱਖੀ ਸਿਹਤ ਲਈ ਠੀਕ ਦੱਸੇ ਗਏ ਪੱਧਰਾਂ ਤੋਂ ਕਿਤੇ ਜ਼ਿਆਦਾ ਹਨ।
- ਪਾਰਟੀਕੁਲਰ ਮੈਟਰ ਜਾਂ ਪੀਐੱਮ2.5 ਇੱਕ ਕਿਸਮ ਦਾ ਪ੍ਰਦੂਸ਼ਣ ਹੈ ਜਿਸ ਵਿੱਚ 2.5 ਮਾਈਕ੍ਰੋਨ ਤੋਂ ਵੀ ਮਹੀਨ ਕਣ ਹੁੰਦੇ ਹਨ।
- ਇੱਕ ਦੂਜੇ ਕਿਸਮ ਦੇ ਪ੍ਰਦੂਸ਼ਕ ਪੀਐਮ10 ਹਨ ਇਨ੍ਹਾਂ ਦਾ ਵਿਆਸ 10 ਮਾਈਕ੍ਰੋਨ ਤੱਕ ਹੁੰਦਾ ਹੈ।
- ਇਨ੍ਹਾਂ ਵਿੱਚੋਂ ਕੁਝ ਪ੍ਰਦੂਸ਼ਕ ਕੁਦਰਤੀ ਪ੍ਰਕਿਰਿਆ ਦੇ ਹਿੱਸੇ ਵਜੋਂ ਪੈਦਾ ਹੁੰਦੇ ਹਨ। ਜਿਵੇਂ- ਧੂੜ ਭਰੀ ਹਨੇਰੀ ਅਤੇ ਕੁਝ ਮਨੁੱਖੀ ਗਤੀਵਿਧੀਆਂ ਦਾ ਸਿੱਟਾ ਹੁੰਦੇ ਹਨ ਜਿਵੇਂ ਉਸਾਰੀ ਕਾਰਜ।

ਇਹ ਕਣ ਅਕਸਰ ਇੰਨੇ ਮਹੀਨ ਹੁੰਦੇ ਹਨ ਕਿ ਫੇਫੜਿਆਂ ਵਿੱਚ ਪਹੁੰਚ ਜਾਂਦੇ ਹਨ, ਜਿੱਥੇ ਇਹ ਹਮੇਸ਼ਾ ਲਈ ਜੰਮ ਜਾਂਦੇ ਹਨ। ਕਈ ਤਾਂ ਉੱਥੋਂ ਅੱਗੇ ਖੂਨ ਵਿੱਚ ਸ਼ਾਮਲ ਹੋ ਜਾਂਦੇ ਹਨ।
ਦੀਵਾਲੀ ਦੇ ਦਿਨਾਂ ਵਿੱਚ, ਦਿੱਲੀ ਅਤੇ ਦੇਸ਼ ਦੇ ਦੂਜੇ ਹੋਰ ਕਈ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਵਿੱਚ ਵੱਡਾ ਨਿਘਾਰ ਦਰਜ ਕੀਤਾ ਜਾਂਦਾ ਹੈ।
ਇਸ ਨਿਘਾਰ ਲਈ ਕਈ ਕਾਰਕ ਜ਼ਿੰਮੇਵਾਰ ਹੁੰਦੇ ਹਨ, ਨਾ ਕਿ ਸਿਰਫ਼ ਦੀਵਾਲੀ ਦੇ ਪਟਾਕੇ।
ਇਨ੍ਹਾਂ ਕਾਰਕਾਂ ਵਿੱਚ ਸ਼ਾਮਲ ਹਨ-
- ਪੰਜਾਬ ਅਤੇ ਹਰਿਆਣਾ ਵਿੱਚ ਖੇਤੀਬਾੜੀ ਰਹਿੰਦ-ਖੂੰਹਦ ਨੂੰ ਲਾਈ ਜਾਂਦੀ ਅੱਗ।
- ਵਾਹਨਾਂ ਤੋਂ ਪੈਦਾ ਹੋਣ ਵਾਲਾ ਧੂਆਂ।
- ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਜਾਰੀ- ਉਸਾਰੀ ਕਾਰਜ
- ਇਲਾਕੇ ਦਾ ਮੌਸਮ ਜੋ ਪ੍ਰਦੂਸ਼ਣ ਨੂੰ ਬਾਹਰ ਨਹੀਂ ਜਾਣ ਦਿੰਦਾ ਅਤੇ ਕੈਦ ਕਰਕੇ ਰੱਖਦਾ ਹੈ।

ਤਸਵੀਰ ਸਰੋਤ, AFP
ਦੀਵਾਲੀ ਦਾ ਹਵਾ ਦੀ ਗੁਣਵੱਤਾ ਉੱਪਰ ਕਿੰਨਾ ਅਸਰ
ਕਈ ਸੂਬਿਆਂ ਨੇ ਪਟਾਕਿਆਂ ਨੂੰ ਵੇਚਣ-ਖ਼ਰੀਦਣ ਉੱਪਰ ਪਾਬੰਦੀ ਲਗਾਈ ਹੋਈ ਹੈ। ਹਾਲਾਂਕਿ ਇਸ ਪਾਬੰਦੀ ਦੀ ਪਾਲਣਾ ਬਹੁਤ ਢਿੱਲੇ ਤਰੀਕੇ ਨਾਲ ਹੀ ਕੀਤੀ ਜਾਂਦੀ ਹੈ।
ਸਾਲ 2018 ਦੇ ਇੱਕ ਅਧਿਐਨ ਮੁਤਾਬਕ ਦੀਵਾਲੀ ਦੇ ਪਟਾਕਿਆਂ ਦਾ ਪ੍ਰਦੂਸ਼ਣ ਵਿੱਚ ਘੱਟ ਪਰ ਅੰਕੜਾ ਵਿਗਿਆਨਕ ਤੌਰ 'ਤੇ ਸਾਰਥਕ ਅਸਰ ਜ਼ਰੂਰ ਹੈ।
ਅਧਿਐਨ ਵਿੱਚ ਸਾਲ 2013 ਤੋਂ 2016 ਦਰਮਿਆਨ ਦਿੱਲੀ ਵਿੱਚੋਂ ਹੀ ਪੰਜ ਥਾਵਾਂ ਤੋਂ ਇਕੱਠੇ ਕੀਤੇ ਗਏ ਪ੍ਰਦੂਸ਼ਣ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ।
ਦੀਵਾਲੀ ਚੰਦ ਦੇ ਮਹੀਨੇ ਮੁਤਾਬਕ ਮਨਾਈ ਜਾਂਦੀ ਹੈ ਅਤੇ ਹਰ ਸਾਰ ਆਮ ਤੌਰ 'ਤੇ ਅਕਤੂਬਰ ਤੇ ਨਵੰਬਰ ਮਹੀਨਿਆਂ ਦੌਰਾਨ ਵੱਖ-ਵੱਖ ਤਰੀਕਾਂ ਨੂੰ ਆਉਂਦੀ ਹੈ।

ਤਸਵੀਰ ਸਰੋਤ, Getty Images
ਤਰੀਕਾਂ ਦਾ ਇਹ ਅੰਤਰ ਖੋਜੀਆਂ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਉਹ ਇਸ ਅਰਸੇ ਦੌਰਾਨ ਪਰਾਲੀ ਸਾੜਨ ਤੋਂ ਪੈਦਾ ਹੋਏ ਪ੍ਰਦੂਸ਼ਣ ਨੂੰ ਵੀ ਆਪਣੇ ਅਧਿਐਨ ਵਿੱਚ ਸ਼ਾਮਲ ਕਰ ਸਕੇ।
ਰਿਪੋਰਟ ਦੇ ਲੇਖਕਾਂ ਵਿੱਚੋਂ ਇੱਕ ਧਨੰਜੇ ਘਈ ਨੇ ਦੱਸਿਆ, ਉੱਤਰੀ ਭਾਰਤ ਵਿੱਚ ਕਦੋਂ ਪਰਾਲ਼ੀ ਸਾੜੀ ਜਾਂਦੀ ਹੈ ਇਹ ਤੈਅ ਕਰਨ ਲਈ ਅਸੀਂ ਸੈਟੇਲਾਈਟ ਤਸਵੀਰਾਂ ਦੀ ਵਰਤੋਂ ਕੀਤੀ।
ਚਾਰ ਵਿੱਚੋਂ ਦੋ ਸਾਲ ਪਰਾਲੀ ਨੂੰ ਸਾੜਨਾ ਅਤੇ ਦੀਵਾਲੀ ਇਕੱਠੇ ਨਹੀਂ ਆਏ।
ਉਨ੍ਹਾਂ ਨੇ ਤਿਉਹਰਾਂ ਕਾਰਨ ਬੰਦ ਦਿੱਲੀ ਦੇ ਇੱਕ ਇਲਾਕੇ ਦੀ ਸਨਅਤੀ ਗਤੀਵਿਧੀ ਨੂੰ ਵੀ ਆਪਣੀ ਗਣਨਾ ਵਿੱਚ ਸ਼ਾਮਲ ਕੀਤਾ।
ਉਨ੍ਹਾਂ ਨੇ ਦੇਖਿਆ ਕਿ ਤਿਉਹਾਰ ਤੋਂ ਅਗਲੇ ਦਿਨ ਹਵਾ ਵਿੱਚ ਪੀਐਮ2.5 ਦੀ ਮਾਤਰਾ 40 ਫ਼ੀਸਦੀ ਤੱਕ ਜ਼ਿਆਦਾ ਸੀ।
ਉਸ ਤੋਂ ਬਾਅਦ ਇਹ ਦੀਵਾਲੀ ਤੋਂ ਪਹਿਲਾਂ ਵਾਲੇ ਪੱਧਰ ਉੱਪਰ ਹੀ ਆ ਗਈ।
ਦਿੱਲੀ ਦੇ ਸੈਂਟਰ ਫਾਰ ਸਾਇੰਸ ਦੀ ਇੱਕ ਰਿਪੋਰਟ ਮੁਤਾਬਕ ਸਾਲ 2018, 2019 ਅਤੇ 2020 ਦੀ ਦੀਵਾਲੀ ਮੌਕੇ ਰਾਜਧਾਨੀ ਦੀ ਹਵਾ ਵਿੱਚ ਪੀਐਮ2.5 ਦੀ ਮਾਤਰਾ ਵਿੱਚ ਵਾਧਾ ਦੇਖਿਆ ਗਿਆ।
ਹੋਰ ਕਿਹੜੇ ਕਾਰਨ ਹਨ

ਤਸਵੀਰ ਸਰੋਤ, Getty Images
ਜ਼ਿਕਰਯੋਗ ਹੈ ਕਿ ਸਾਰੇ ਪਟਾਕੇ ਪੀਐਮ2.5 ਪੈਦਾ ਨਹੀਂ ਕਰਦੇ ਭਾਵੇਂ ਕਿ ਕੁਝ ਵੱਡੇ ਪਟਾਕੇ ਇਨ੍ਹਾਂ ਦੀ ਬਹੁਤ ਜ਼ਿਆਦਾ ਮਾਤਰਾ ਪੈਦਾ ਕਰਦੇ ਹਨ।
ਦੂਜਾ ਕਾਰਨ ਹੈ ਵਾਹਨਾਂ ਤੋਂ ਹੁੰਦਾ ਪ੍ਰਦੂਸ਼ਣ, ਜੋ ਕਿ ਦਿੱਲੀ ਵਿੱਚ ਵਧ ਜਾਂਦਾ ਹੈ ਕਿਉਂਕਿ ਲੋਕ ਤੋਹਫ਼ੇ ਵੰਡਣ ਅਤੇ ਸਾਕ-ਸੰਬਧੀਆਂ ਨੂੰ ਮਿਲਣ ਜਾਂਦੇ ਹਨ।
ਤਾਂ ਕੀ ਵਾਹਨਾਂ ਤੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ ਪਟਾਕਿਆਂ ਦੇ ਪ੍ਰਦੂਸ਼ਣ ਤੋਂ ਜ਼ਿਆਦਾ ਹੈ?
ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਲਈ ਹੋਰ ਖੋਜ ਦੀ ਲੋੜ ਹੈ।
ਪਟਾਕਿਆਂ ਵਿੱਚ ਭਾਰੀਆਂ ਧਾਤਾਂ ਸਮੇਤ ਜ਼ਹਿਰੀਲੇ ਮਾਦੇ ਜ਼ਰੂਰ ਹੁੰਦੇ ਹਨ।
ਜਮਸ਼ੇਦਪੁਰ ਵਿੱਚ ਇੱਕ ਵੱਖਰਾ ਅਧਿਐਨ ਕੀਤਾ ਗਿਆ ਜਿਸ ਵਿੱਚ ਕਿ ਦੀਵਾਲੀ ਮੌਕੇ ਹਵਾ ਵਿੱਚ ਹੇਠ ਲਿਖੇ ਪ੍ਰਦੂਸ਼ਕਾਂ ਵਿੱਚ ਵਾਧਾ ਦਰਜ ਕੀਤਾ ਗਿਆ
- ਪੀਐਮ10 ਪਾਰਟੀਕਲ
- ਸਰਲਫ਼ਰ ਡਾਇਅਕਸਾਈਡ
- ਨਾਈਟਰੋਜਨ ਡਾਇਅਕਸਾਈਡ
- ਓਜ਼ੋਨ
- ਆਇਰਨ
- ਮੈਂਗਨੀਜ਼
- ਤਾਂਬਾ
- ਬਿਰੇਲੀਅਮ
- ਨਿੱਕਲ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਪਟਾਕਿਆਂ ਵਿੱਚ 15 ਕਿਸਮ ਦੇ ਅਜਿਹੇ ਪਦਾਰਥ ਪਾਏ ਜਾਂਦੇ ਹਨ ਜੋ ਕਿ ''ਖ਼ਤਰਨਾਕ ਅਤੇ ਜ਼ਹਿਰੀਲੇ'' ਹਨ।
ਇੱਥੇ ਫਿਰ ਦੱਸ ਦੇਈਏ ਕਿ ਇਨ੍ਹਾਂ ਵਿੱਚੋਂ ਕੁਝ ਤੱਤ ਵਾਹਨਾਂ ਦੁਆਰਾ ਵੀ ਪੈਦਾ ਕੀਤੇ ਜਾਂਦੇ ਹਨ।
ਹਾਲਾਂਕਿ, ਪਟਾਕਿਆਂ ਦੀ ਵਰਤੋਂ ਉੱਪਰ ਰੋਕ ਲਗਾਉਣ ਦੀਆਂ ਕੋਸ਼ਿਸ਼ਾਂ ਵਿੱਚ ਕੁਝ ਤਰਕ ਤਾਂ ਹੈ। ਖ਼ਾਸ ਕਰ ਉਨ੍ਹਾਂ ਸ਼ਹਿਰਾਂ ਵਿੱਚ ਜੋ ਪਹਿਲਾਂ ਹੀ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













