ਬਾਇਡਨ ਦੀ ਪ੍ਰਸਿੱਧੀ ਕਿਉਂ ਘੱਟ ਰਹੀ ਹੈ ਤੇ ਟਰੰਪ ਵਾਈਟ ਹਾਊਸ ਵਾਪਸੀ ਲਈ ਕੀ ਕਰ ਰਹੇ ਹਨ

ਤਸਵੀਰ ਸਰੋਤ, EPA/REUTERS
ਸੱਤਾ ਵਿੱਚ ਆਇਆਂ ਨੂੰ ਇੱਕ ਸਾਲ ਵੀ ਪੂਰਾ ਨਹੀਂ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਆਪਣਾ ਜਲੌਅ ਗੁਆਉਂਦੇ ਜਾਪ ਰਹੇ ਹਨ।
ਵਰਜੀਨੀਆ ਦੇ ਗਵਰਨਰ ਲਈ ਹੋਈਆਂ ਚੋਣਾਂ ਵਿੱਚ ਬਾਇਡਨ ਦੀ ਡੈਮੋਕ੍ਰੇਟ ਪਾਰਟੀ ਦੀ ਹਾਰ ਹੋਈ ਹੈ। ਇਸ ਹਾਰ ਨੂੰ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਖ਼ੈਰਖੁਆਹਾਂ ਵਿੱਚ ਖ਼ਤਰੇ ਦੀ ਘੰਟੀ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਨਿਊਜਰਸੀ ਵਿੱਚ ਵੀ ਡੈਮੋਕ੍ਰੇਟ ਗਵਰਨਰ ਫਿਲ ਮਰਫ਼ੀ ਨੂੰ ਉਮੀਦ ਨਾਲੋਂ ਘੱਟ ਵੋਟਾਂ ਮਿਲੀਆਂ ਹਨ।
ਅਮਰੀਕਾ ਵਿੱਚ ਮੱਧਵਰਤੀ ਚੋਣਾਂ ਅਗਲੇ ਸਾਲ ਅੱਠ ਨਵੰਬਰ ਨੂੰ ਹੋਣੀਆਂ ਹਨ। ਡੈਮੋਕ੍ਰੇਟਾਂ ਦੀ ਕਾਂਗਰਸ ਵਿੱਚ ਥੋੜ੍ਹੇ ਜਿਹੇ ਫ਼ਰਕ ਨਾਲ ਬਹੁਮਤ ਹੈ। ਉਸ ਉੱਪਰ ਉਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਅਸਰ ਪੈਣ ਦੀ ਪੂਰੀ ਸੰਭਾਵਨਾ ਹੈ।
ਦੂਜੇ ਪਾਸੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦੀ ਪਾਰਟੀ ਅਤੇ ਉਹ ਖ਼ੁਦ ਪਿਛਲੀਆਂ ਚੋਣਾਂ ਵਿੱਚ ਮਿਲੀ ਹਾਰ ਤੋਂ ਉਭਰਦੇ ਦਿਖਾਈ ਦੇ ਰਹੇ ਹਨ।
ਸਾਬਕਾ ਰਾਸ਼ਟਰਪਤੀ ਚਾਰੋਂ-ਖਾਨੇ ਚੌਕਸ ਹਨ ਅਤੇ ਸਿਆਸਤ ਵਿੱਚ ਸਰਗਰਮ ਹਨ। ਉਹ 2024 ਦੀਆਂ ਰਾਸ਼ਟਰਰਤੀ ਚੋਣਾਂ ਵੀ ਲੜ ਸਕਦੇ ਹਨ।
ਹਾਲਾਂਕਿ ਇਹ ਸਭ ਕੁਝ ਅਜੇ ਬਹੁਤ ਦੂਰ ਹੈ ਪਰ ਮਾਹਰਾਂ ਦਾ ਮੰਨਣਾ ਹੈ ਕਿ ਬਾਇਡਨ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜ਼ਰੂਰ ਰਹੀ ਹੈ।
ਅਮਰੀਕਾ ਵਿੱਚ ਹੋ ਕੀ ਰਿਹਾ ਹੈ
ਪਿਛਲੇ ਮਹੀਨਿਆਂ ਦੇ ਸਰਵੇਖਣਾਂ ਮੁਤਾਬਕ ਬਾਇਡਨ ਦੀ ਹਰਮਨ-ਪਿਆਰਤਾ ਘਟਦੀ ਰਹੀ ਹੈ ਤੇ ਨਵੰਬਰ ਦੇ ਸ਼ੁਰੂ ਤੱਕ ਇਹ 51% ਰਹਿ ਗਈ।
ਵਰਜੀਨੀਆ ਵਿੱਚ ਰਿਪਬਲੀਕਨ ਗਲਿਨ ਯੰਗਕਿਨ ਦੀ ਅਣਕਿਆਸੀ ਜਿੱਤ ਅਤੇ ਨਿਊ ਜਰਸੀ ਵਿੱਚ ਡੈਮੋਕ੍ਰੇਟ ਮਰਫ਼ੀ ਦੇ ਵੋਟ ਅਧਾਰ ਨੂੰ ਲੱਗਿਆ ਖੋਰਾ ਇਸ ਰੁਝਾਨ ਦੀ ਪੁਸ਼ਟੀ ਕਰਦੇ ਹਨ।
ਇਹ ਵੀ ਪੜ੍ਹੋ:

ਤਸਵੀਰ ਸਰੋਤ, EPA
ਵਰਜੀਨੀਆ ਉਹ ਸੂਬਾ ਹੈ ਜਿੱਥੇ ਪਿਛਲੇ ਸਾਲ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਬਾਇਡਨ ਖੇਮੇ ਦੀ ਚੜ੍ਹਤ ਸੀ।
ਉੱਤਰੀ ਅਮਰੀਕਾ ਵਿੱਚ ਬੀਬੀਸੀ ਪੱਤਰਕਾਰ ਐਨਥਨੀ ਜ਼ਰਕਰ ਮੁਤਾਬਕ ਅਮਰੀਕਾ ਵਿੱਚ ਸਿਆਸਤ ਦਾ ਇੱਕ ਖ਼ਾਸ ਰੁਝਾਨ ਹੁੰਦਾ ਹੈ।
ਉਹ ਕਹਿੰਦੇ ਹਨ, ''ਇੱਕ ਨਵਾਂ ਰਾਸ਼ਟਰਪਤੀ ਚੁਣਿਆ ਜਾਂਦਾ ਹੈ। ਪ੍ਰਸਿੱਧੀ ਦੀ ਸ਼ੁਰੂਆਤੀ ਲਹਿਰ ਤੋਂ ਬਾਅਦ ਉੁਨ੍ਹਾਂ ਨੂੰ ਆਪਣਾ ਏਜੰਡਾ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਵਿੱਚ ਵਿਰੋਧ ਝੱਲਣਾ ਪੈਂਦਾ ਹੈ।
ਉਹ ਪਾਰਟੀ ਜਿਸ ਨੇ ਤਾਜ਼ਾ ਹਾਰ ਕਾਰਨ ਆਪਣੀ ਤਾਕਤ ਗੁਆਈ ਹੁੰਦੀ ਹੈ, ਵਿਰੋਧੀ ਧਿਰ ਵਿੱਚ ਇਕੱਠੀ ਹੁੰਦੀ ਹੈ। ਜਦਕਿ ਸੱਤਾਧਾਰੀ ਪਾਰਟੀ ਅੰਦਰੂਨੀ ਪਾੜਿਆਂ ਤੋਂ ਪੀੜਤ ਹੋ ਜਾਂਦੀ ਹੈ।'
ਇਹ ਰੁਝਾਨ ਇਸ ਤੋਂ ਪਹਿਲੇ ਰਾਸ਼ਟਰਪਤੀ- ਬਿਲ ਕਲਿੰਟਨ, ਬਰਾਕ ਓਬਾਮਾ ਅਤੇ ਖ਼ੁਦ ਟਰੰਪ ਦੇ ਕਾਰਜਕਾਲ ਦੌਰਾਨ ਅਤੇ ਜਾਰਜ ਬੁਸ਼ ਦੇ ਦੂਜੇ ਕਾਰਜਕਾਲ ਦੌਰਾਨ ਦੇਖਿਆ ਜਾ ਚੁੱਕਿਆ ਹੈ।
ਬਾਇਡਨ ਫਿਲਹਾਲ ਆਪਣੀ ਪਾਰਟੀ ਵੱਲੋਂ ਸੰਸਦ ਨੂੰ ਆਪਣੀਆਂ ਮਹੱਤਵਕਾਂਸ਼ੀ ਸਮਾਜਿਕ ਸੁਰੱਖਿਆ ਸਕੀਮਾਂ ਅਤੇ ਕਲਾਈਮੇਟ ਚੇਂਜ ਲਈ ਤਜਵੀਜ਼ ਕੀਤੇ ਖ਼ਰਚਿਆਂ ਲਈ ਨਾ ਮਨਾਅ ਸਕਣ ਦਾ ਖ਼ਾਮਿਆਜ਼ਾ ਭੁਗਤ ਰਹੇ ਹਨ।

ਤਸਵੀਰ ਸਰੋਤ, Getty Images
ਡੈਮੋਕ੍ਰੇਟ ਵੀ ਬਾਇਡਨ ਦੀਆਂ ਸਕੀਮਾਂ ਬਾਰੇ ਇੱਕ ਰਾਇ ਨਹੀਂ ਹਨ, ਕਿਸੇ ਦਾ ਕਿਹਣਾ ਸੀ ਕਿ ਇਹ ਬਹੁਤ ਤੁੱਛ ਹਨ ਤੇ ਦੂਜਿਆਂ ਨੇ ਇਹ ਕਹਿ ਕੇ ਨਕਾਰ ਦਿੱਤੀਆਂ ਕਿ ਇਹ ਬਹੁਤ ਜ਼ਿਆਦਾ ਮਹਿੰਗੀਆਂ ਹਨ।
ਇਸ ਦੇ ਉੱਪਰੋਂ ਅਗਸਤ ਵਿੱਚ ਆਇਆ ਅਫ਼ਗਾਨਿਸਤਾਨ ਵਿੱਚੋਂ ਫ਼ੌਜਾਂ ਸੱਦਣ ਦਾ ਫ਼ੈਸਲਾ ਅਤੇ ਉਸ ਦੌਰਾਨ ਫ਼ੈਲੀ ਅਫ਼ਰਾ-ਤਫ਼ਰੀ।
ਓਪੀਨੀਅਨ ਪੋਲ ਦਰਸਾਉਂਦੇ ਹਨ ਕਿ ਬਾਇਡਨ ਪ੍ਰਸ਼ਾਸਨ ਨੇ ਜਿਸ ਤਰੀਕੇ ਨਾਲ ਫ਼ੌਜਾਂ ਕੱਢਣ ਦੇ ਕੰਮ ਦਾ ਇੰਤਜ਼ਾਮ ਕੀਤਾ ਜਨਤਾ ਉਸ ਤੋਂ ਨਾਖੁਸ਼ ਹੈ।
ਟਰੰਪ ਅਤੇ ਰਿਪਬਲੀਕਨ ਕੀ ਕਰ ਰਹੇ ਹਨ
ਦਸ ਮਹੀਨੇ ਪਹਿਲਾਂ ਬਾਇਡਨ ਨੂੰ ਰਾਸ਼ਟਰਪਤੀ ਬਣਨ ਤੋਂ ਰੋਕਣ ਲਈ ਟਰੰਪ ਪੱਖੀਆਂ ਦੇ ਹਜੂਮ ਨੇ ਵਾਸ਼ਿੰਗਟਨ ਡੀਸੀ ਵਿੱਚ ਸਥਿਤ ਕੈਪੀਟਲ ਹਿੱਲ ਬਿਲਡਿੰਗ ਵਿੱਚ ਵੜ ਕੇ ਜੋ ਹਾਹਾਕਾਰ ਮਚਾਈ ਸੀ ਉਸ ਗੱਲ ਨੂੰ ਸਮਾਂ ਬੀਤ ਚੁੱਕਿਆ ਹੈ ਅਤੇ ਰਿਪਬਲੀਕਨ ਆਪਣੀ ਜ਼ਮੀਨੀ ਪਕੜ ਮੁੜ ਤੋਂ ਮਜ਼ਬੂਤ ਕਰ ਰਹੇ ਹਨ।
ਟਰੰਪ ਜੋ ਲਗਾਤਾਰ ਬਿਨਾਂ ਸਬੂਤ ਦੇ ਦਾਅਵੇ ਕਰਦੇ ਰਹੇ ਕਿ ਬਾਇਡਨ ਧੋਖਾਧੜੀ ਨਾਲ ਚੋਣਾਂ ਜਿੱਤੇ ਹਨ।
ਉਹ ਸਿਆਸਤ ਵਿੱਚ ਅਜੇ ਸਰਗਰਮ ਹਨ ਅਤੇ 2024 ਦੀਆਂ ਰਾਸ਼ਟਰਪਤੀ ਚੋਣਾਂ ਵੀ ਲੜ ਸਕਦੇ ਹਨ।

ਤਸਵੀਰ ਸਰੋਤ, PETE MAROVICH / GETTY
ਰਿਪਬਲੀਕਨ ਪਾਰਟੀ ਵਿੱਚੋਂ ਬਹੁਤ ਘੱਟ ਆਗੂ ਹਨ ਜੋ ਕੈਪਟੀਲ ਹਿੱਲ ਦੀ ਘਟਨਾ ਤੋਂ ਬਾਅਦ ਟਰੰਪ ਨਾਲੋਂ ਅਲਹਿਦਾ ਹੋਏ ਹੋਣ।
ਇਸ ਦੀ ਵੱਡੀ ਵਜ੍ਹਾ ਵੋਟਰਾਂ ਨੂੰ ਖ਼ਫ਼ਾ ਕਰ ਲੈਣ ਦਾ ਡਰ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ:
ਹਾਲਾਂਕਿ ਕੁਝ ਰਿਪਬਲੀਕਨ ਸਿਆਸਤਦਾਨਾਂ ਨੇ ਕਈ ਵਿਸ਼ਿਆ ਉੱਪਰ ਟਰੰਪ ਨਾਲ ਜੁਗਲਬੰਦੀ ਕੀਤੀ ਸੀ।
ਉਨ੍ਹਾਂ ਨੇ ਮੈਕਸੀਕੋ ਦੀ ਸਰਹੱਦ ਉੱਪਰ ਦਿਨੋਂ-ਦਿਨ ਵਿਗੜ ਰਹੇ ਪ੍ਰਵਾਸੀਆਂ ਦੇ ਸੰਕਟ ਦੀ ਗੱਲ ਚੁੱਕੀ ਹੈ। ਉਨ੍ਹਾਂ ਨੇ ਬਾਇਡਨ ਵੱਲੋਂ ਲਿਆਂਦੀ ਲਾਜ਼ਮੀ ਮਾਸਕ ਪਾਉਣ ਦੀ ਨੀਤੀ ਦਾ ਵਿਰੋਧ ਕੀਤਾ ਹੈ।
(ਪਰ) ਹੁਣ ਉਨ੍ਹਾਂ ਵਿੱਚੋ ਕੁਝ ਵੱਖਰੇ ਸੁਰਾਂ ਵਿੱਚ ਹਨ ਅਤੇ ਟਰੰਪ ਤੋਂ ਦੂਰੀ ਬਣਾ ਰਹੇ ਹਨ।

ਤਸਵੀਰ ਸਰੋਤ, EPA
ਯੰਗਕਿਨ ਨੇ ਵਰਜੀਨੀਆ ਦੀ ਗਵਰਨਰੀ ਦੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਸਾਬਕਾ ਰਾਸ਼ਟਰਪਤੀ ਤੋਂ ਵਕਫ਼ਾ ਬਣਾ ਕੇ ਰੱਖਿਆ ਪਰ ਬਾਇਡਨ ਪ੍ਰਸ਼ਾਸਨ ਦੀ ਆਲੋਚਨਾ ਉੱਪਰ ਆਪਣਾ ਪੂਰਾ ਧਿਆਨ ਲਗਾ ਕੇ ਰੱਖਿਆ।
ਚੋਣਾਂ ਦੌਰਾਨ ਯੰਗਕਿਨ ਨੇ ਆਰਥਿਕਤਾ ਦੀ ਸੁਸਤ ਰਫ਼ਤਾਰ ਅਤੇ ਵਧਦੀ ਮਹਿੰਗਾਈ ਨੂੰ ਮੁੱਦਾ ਬਣਾਇਆ।
ਹਾਲਾਂਕਿ ਸਾਬਕਾ ਰਾਸ਼ਟਰਪਤੀ ਚੋਣ ਪ੍ਰਚਾਰ ਵਿੱਚ ਨਹੀਂ ਸਨ ਫਿਰ ਵੀ ਡੈਮੋਕ੍ਰੇਟਾਂ ਨੂੰ ਆਪਣੇ ਵੋਟਰਾਂ ਨੂੰ ਸੰਜੋਈ ਰੱਖਣ ਵਿੱਚ ਔਕੜਾਂ ਦਾ ਸਾਹਣਾ ਕਰਨਾ ਪਿਆ।
ਬੀਬੀਸੀ ਪੱਤਰਕਾਰ ਤਾਰਾ ਮੈਕਲਵੀ ਕਹਿੰਦੇ ਹਨ, ''ਯੰਗਕਿਨ ਨੇ ਅਮਨ ਕਾਨੂੰਨ ਨੂੰ ਮੁੱਦਾ ਬਣਾਇਆ ਅਤੇ ਲਾਜ਼ਮੀ ਮਾਸਕ ਪਾਉਣ ਦਾ ਵਿਰੋਧ ਕੀਤਾ, ਸੁਨੇਹਾ ਉਹ ਟੰਰਪ ਵਾਲਾ ਹੀ ਦੇ ਰਹੇ ਸਨ ਪਰ ਉਨ੍ਹਾਂ ਤੋਂ ਦੂਰੀ ਵੀ ਬਣਾ ਕੇ ਰੱਖੀ। ਇਸ ਤਰ੍ਹਾਂ ਉਹ, ਉਨ੍ਹਾਂ ਵੋਟਰਾਂ ਨੂੰ ਖਿੱਚਣ ਵਿੱਚ ਸਫ਼ਲ ਹੋਏ ਜਿਨ੍ਹਾਂ ਨੂੰ ਟਰੰਪ ਦੀਆਂ ਨੀਤੀਆਂ ਤਾਂ ਪਸੰਦ ਹਨ ਪਰ ਸ਼ਖ਼ਸ਼ੀਅਤ ਤੋਂ ਔਕੜ ਹੈ।''

ਮੈਕਲਵੀ ਮੁਤਾਬਕ ਹੋਰ ਰਿਪਬਲੀਕਨ ਆਗੂ/ਉਮੀਦਵਾਰ ਵੀ ਇਹ ਪੈਂਤੜਾ ਵਰਤ ਸਕਦੇ ਹਨ।
ਹੁਣ ਕੀ ਹੋ ਸਕਦਾ ਹੈ
ਜਿਵੇਂ ਕਿ ਉੱਪਰ ਦੱਸਿਆ ਹੈ ਚੋਣਾਂ ਵਿੱਚ ਅਜੇ ਇੱਕ ਸਾਲ ਦਾ ਸਮਾਂ ਪਿਆ ਹੈ। ਇਸ ਅਰਸੇ ਦਾ ਘਟਨਾਕ੍ਰਮ ਹੀ ਦੱਸੇਗਾ ਕਿ ਅੱਗੇ ਵ੍ਹਾਈਟ ਹਾਊਸ ਦੀ ਦੌੜ ਕਦੋਂ ਅਤੇ ਕਿਸ ਰੂਪ ਵਿੱਚ ਸ਼ੁਰੂ ਹੁੰਦੀ ਹੈ।
ਫਿਰ ਵੀ ਹੁਣ ਤੱਕ ਜੋ ਹੋਇਆ ਹੈ, ਉਸ ਨੇ ਡੈਮੋਕ੍ਰੇਟ ਪਾਰਟੀ ਵਿੱਚ ਮਧਾਣੀ ਤਾਂ ਫੇਰ ਦਿੱਤੀ ਹੈ। ਵਿਚਾਰ ਉੱਠ ਰਹੇ ਹਨ ਕਿ ਪਾਰਟੀ ਨੂੰ ਉਮੀਦਵਾਰਾਂ ਦੀ ਚੋਣ ਵਿੱਚ ਜ਼ਿਆਦਾ ਵਿਭਿੰਨਤਾ ਲੈ ਕੇ ਆਉਣੀ ਚਾਹੀਦੀ ਹੈ, ਤਾਂ ਜੋ ਸਿਆਹਫ਼ਾਮ ਵੋਟਰਾਂ ਨੂੰ ਆਪਣੇ ਨਾਲ ਜੋੜਿਆ ਜਾ ਸਕੇ।
ਜ਼ਰਕਰ ਦਾ ਮੰਨਣਾ ਹੈ, ''ਮੱਧਵਰਤੀ ਚੋਣਾਂ ਵਿੱਚ ਹਾਰ ਦੀ ਬਦਸਗਨੀ ਡੈਮੋਕ੍ਰੇਟ ਸਾਂਸਦਾਂ ਵਿੱਚ ਭੈਅ ਦਾ ਮਹੌਲ ਬਣਾ ਸਕਦੀ ਹੈ, ਹੋ ਸਕਦਾ ਹੈ ਇਸ ਨਾਲ ਉਹ ਸਰਗਰਮ ਹੋ ਜਾਣ'' ਤਾਂ ਜੋ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਾਰਟੀ ਕੋਲ ਵੋਟਰਾਂ ਨੂੰ ਵੇਚਣ ਲਈ ਕੁਝ ਤਾਂ ਹੱਥ-ਪੱਲੇ ਹੋਵੇ।,''
ਇਸ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਹੈ ਕਿ ਉਹ ਕਾਂਗਰਸ ਵਿੱਚ ਆਪਣੇ ਕਾਗਜ਼ੀ ਬਹੁਮਤ ਨੂੰ ਬਚਾਅ ਸਕਣ।
ਟਰੰਪ ਹਾਲਾਂਕਿ ਇਸ ਦੌਰਨ ਮੁੜ ਚੋਣ ਲੜਨ ਵਿੱਚ ਆਪਣੇ ਨਫ਼ੇ-ਨੁਕਸਾਨ 'ਤੇ ਵਿਚਾਰ ਕਰ ਸਕਦੇ ਹਨ। ਜਦਕਿ ਰਿਪਬਲੀਕਨ ਪਾਰਟੀ ਵਿੱਚ ਹੀ ਟਰੰਪ ਦੇ ਮੁਕਾਬਲੇਦਾਰ ਇਹ ਸੋਚ ਸਕਦੇ ਹਨ ਕਿ ਜੇ ਟਰੰਪ ਨੇ ਉਮੀਦਵਾਰੀ ਦਾ ਦਾਅਵਾ ਕੀਤਾ ਤਾਂ ਉਨ੍ਹਾਂ ਨੂੰ ਚੁਣੌਤੀ ਕਿਵੇਂ ਦੇਣੀ ਹੈ।

ਤਸਵੀਰ ਸਰੋਤ, Reuters
ਕੁੱਲ ਮਿਲਾ ਕੇ ਅਮਰੀਕਾ ਦੇ ਸਿਆਸੀ ਰੰਗਮੰਚ ਉੱਪਰ ਸੰਭਾਵਨਾਵਾਂ ਤੇ ਸਪਸ਼ਤਾਵਾਂ ਦੀ ਭਰਮਾਰ ਹੈ।
ਇਸ ਸਭ ਵਿੱਚ ਜ਼ਰਕਰ ਦੇ ਕਹੇ ਮੁਤਾਬਕ ਜੋ ਗੱਲ ਸਪਸ਼ਟ ਹੈ, ਉਹ ਹੈ ਕਿ, ਅਮਰੀਕਾ ਇੱਕ ਉੱਚ ਧਰੁਵੀਕਰਨ ਵਾਲਾ ਅਤੇ ਸਿਆਸੀ ਤੌਰ 'ਤੇ ਵੰਡਿਆ ਹੋਇਆ ਦੇਸ਼ ਰਿਹਾ ਹੈ ਅਤੇ ਅਜੇ ਵੀ ਹੈ।
ਸੱਤਾ ਦੀ ਇਸ ਨਿਰੰਤਰ ਪੈਂਦੀ ਛਿੰਝ ਵਿੱਚ ਕਿਸੇ ਦੀ ਵੀ ਸਦੀਵੀ ਝੰਡੀ ਨਹੀਂ ਰਹਿੰਦੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post















