ਅਮਰੀਕੀ ਆਪਣੇ ਮੁਲਕ ਦੇ ਰਾਸ਼ਟਰਪਤੀਆਂ ਦੀ ਨਿੱਜੀ ਜ਼ਿੰਦਗੀ ਅਤੇ ਉਨ੍ਹਾਂ ਦੀਆਂ ਰੰਗੀਨੀਆਂ 'ਤੇ ਰੱਖਦੇ ਨੇ ਨਜ਼ਰ

ਤਸਵੀਰ ਸਰੋਤ, Getty Images
2018 ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਵ੍ਹਾਈਟ ਹਾਊਸ ਦੀ ਮੁਲਾਜ਼ਮ ਮੋਨਿਕਾ ਲਵੈਸਿੰਕੀ ਨਾਲ ਰਿਸ਼ਤਿਆਂ ਨੂੰ ਵੀਹ ਸਾਲ ਹੋ ਰਹੇ ਹਨ।
ਮੌਜੂਦਾ ਰਾਸ਼ਟਰਪਤੀ ਡੌਨਲਡ ਟਰੰਪ ਬਾਰੇ ਵੀ ਸੀਨੀਅਰ ਪੱਤਰਕਾਰ ਵੁਲਫ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਦੋਸਤਾਂ ਦੀਆਂ ਘਰਵਾਲੀਆਂ ਵਿੱਚ 'ਦਿਲਚਸਪੀ' ਹੈ।
ਕਿਤਾਬ ਦੇ ਇੱਕ ਅਧਿਆਏ 'ਚ ਲਿਖਿਆ ਗਿਆ ਹੈ ਕਿ ਡੌਨਲਡ ਟਰੰਪ ਆਪਣੇ ਦੋਸਤਾਂ ਦੀਆਂ ਪਤਨੀਆਂ ਨਾਲ ਹਮਬਿਸਤਰ ਹੋਣਾ ਪਸੰਦ ਕਰਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਜ਼ਿੰਦਗੀ ਜੀਵਨਦਾਇਕ ਬਣ ਜਾਂਦੀ ਹੈ।
"ਉਹ ਆਪਣੇ ਮਿੱਤਰਾਂ ਦੀਆਂ ਪਤਨੀਆਂ ਦਾ ਪਿੱਛਾ ਕਰਦੇ ਹਨ। ਉਹ ਕੋਸ਼ਿਸ਼ ਕਰਦੇ ਹਨ ਕਿ ਉਹ ਉਨ੍ਹਾਂ ਦੋਸਤਾਂ ਦੀਆਂ ਪਤਨੀਆਂ ਦੇ ਨੇੜੇ ਹੋ ਸਕਣ ਜੋ ਆਪਣੇ ਪਤੀਆਂ ਤੋਂ ਨਾਖੁਸ਼ ਹਨ।"
ਵ੍ਹਾਈਟ ਹਾਊਸ ਦੇ ਪਿਆਰ ਦੀਆਂ ਕਹਾਣੀਆਂ
ਵੇਖਿਆ ਜਾਵੇ ਤਾਂ ਇਸ ਮਾਮਲੇ ਵਿੱਚ ਹੋਰ ਅਮਰੀਕੀ ਰਾਸ਼ਟਰਪਤੀਆਂ ਦੀ ਨਿੱਜੀ ਜ਼ਿੰਦਗੀ ਵੀ ਜਨਤਾ ਲਈ ਦਿਲਚਸਪ ਰਹੀ ਹੈ।

ਤਸਵੀਰ ਸਰੋਤ, Getty Images
ਜਨਵਰੀ 1998 ਵਿੱਚ 49 ਸਾਲਾ ਬਿਲ ਕਲਿੰਟਨ ਦੇ ਵ੍ਹਾਈਟ ਹਾਊਸ ਦੀ 22 ਸਾਲਾ ਕਰਮਚਾਰੀ ਮੋਨਿਕਾ ਲਵੈਸਿੰਕੀ ਨਾਲ ਰਿਸ਼ਤਿਆਂ ਦੀਆਂ ਮੁਢਲੀਆਂ ਖਬਰਾਂ ਬਾਹਰ ਆਈਆਂ।
ਕਲਿੰਟਨ ਪਹਿਲੇ ਰਾਸ਼ਟਰਪਤੀ ਨਹੀਂ ਸਨ, ਜਿਨ੍ਹਾਂ ਦੀ ਨਿੱਜੀ ਜ਼ਿੰਦਗੀ ਨੇ ਲੋਕਾਂ ਦੀ ਚਾਹ ਦਾ ਸੁਆਦ ਵਧਾਇਆ ਸੀ।
ਅਮਰੀਕਾ ਦੇ ਸੱਤਵੇਂ ਰਾਸ਼ਟਰਪਤੀ ਐਂਡਰਿਊ ਜੈਕਸਨ ਨੇ ਵੀ ਉਸ ਔਰਤ ਨਾਲ ਵਿਆਹ ਕਰਵਾਇਆ ਸੀ, ਜਿਸ ਦੇ ਤਲਾਕ ਦੀ ਕਨੂੰਨੀ ਕਾਰਵਾਈ ਹਾਲੇ ਅਧੂਰੀ ਸੀ।
ਦੇਸ ਦੇ 29ਵੇਂ ਰਾਸ਼ਟਰਪਤੀ ਵਾਰਨ ਹਾਰਡਿੰਗ ਦੇ ਵੀ ਆਪਣੇ ਨਜ਼ਦੀਕੀ ਮਿੱਤਰ ਦੀ ਪਤਨੀ ਨਾਲ ਰਿਸ਼ਤੇ ਸਨ। ਉਨ੍ਹਾਂ ਦੀ ਆਪਣੇ ਕਾਰਜਕਾਲ ਵਿੱਚ ਹੀ ਮੌਤ ਹੋ ਗਈ ਸੀ।
ਇਹ ਰਿਸ਼ਤਾ ਇੰਨਾ ਕੁ ਗੂੜ੍ਹਾ ਸੀ ਕਿ ਬੀਬੀ ਨੇ ਰਾਸ਼ਟਰਪਤੀ ਨੂੰ ਚਿੱਠੀਆਂ ਵੀ ਲਿਖੀਆਂ ਅਤੇ ਇਹ 2014 ਵਿੱਚ ਜਾ ਕੇ ਹੀ ਜਨਤਕ ਕੀਤੀਆਂ ਜਾ ਸਕੀਆਂ।

ਤਸਵੀਰ ਸਰੋਤ, Getty Images
ਐਂਡਰਿਊ ਜੈਕਸਨ
ਅਠਾਰਵੀਂ ਸਦੀ ਦੇ ਅਖੀਰ ਤੱਕ ਅਮਰੀਕਾ ਬਰਤਾਨੀਆ ਅਤੇ ਫਰਾਂਸ ਤੋਂ ਵੀ ਕਿਤੇ ਜ਼ਿਆਦਾ ਪਿਤਾ ਪੁਰਖੀ ਸੀ। ਵਿਆਹ ਮਜ਼ਬੂਤ ਹੁੰਦੇ ਸਨ ਤੇ ਪਤੀ-ਪਤਨੀ ਇੱਕ ਦੂਜੇ ਦੇ ਸਰਨੇਮ ਨਾਲ ਬੁਲਾਉਂਦੇ ਸਨ। ਤਲਾਕ ਤਾਂ ਪਾਪ ਸਮਝਿਆ ਜਾਂਦਾ ਸੀ, ਬਹੁਤੇ ਜੋੜਿਆਂ ਦੇ ਕਈ ਸਾਰੇ ਬੱਚੇ ਹੁੰਦੇ ਸਨ।
ਵਿਧਵਾ ਵਿਆਹ ਚੰਗਾ ਸਮਝਿਆ ਜਾਂਦਾ ਸੀ ਪਰ ਤਲਾਕ ਕਰਕੇ ਜਿਸ ਔਰਤ ਦੀ ਇਜ਼ਤ 'ਤੇ ਧੱਬਾ ਲੱਗਿਆ ਹੋਵੇ ਉਸ ਨਾਲ ਵਿਆਹ ਇੱਕ ਵੱਖਰਾ ਮਸਲਾ ਸੀ।
ਰਸ਼ੈਲ ਡੌਨੇਲਸਨ ਨੂੰ ਆਪਣੇ ਪਹਿਲੇ ਵਿਆਹ ਵਿੱਚ ਘਰੇਲੂ ਹਿੰਸਾ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦਾ ਪਤੀ ਸ਼ਰਾਬ ਪੀ ਕੇ ਅਕਸਰ ਉਨ੍ਹਾਂ ਦੀ ਕੁੱਟ ਮਾਰ ਕਰਦਾ ਸੀ।
ਜਿਸ ਕਰਕੇ ਉਹ ਪੇਕੇ ਚਲੀ ਗਈ ਤੇ ਉੱਥੇ ਹੀ ਉਨ੍ਹਾਂ ਦੀ ਮੁਲਾਕਾਤ ਐਂਡਰਿਊ ਜੈਕਸਨ ਨਾਲ ਹੋਈ।

ਤਸਵੀਰ ਸਰੋਤ, Getty Images
1871 ਵਿੱਚ ਦੋਹਾਂ ਨੇ ਪਹਿਲੀ ਵਾਰ ਵਿਆਹ ਕਰਵਾ ਲਿਆ। ਪਤੀ ਤੋਂ ਵੱਖ ਹੋਣ ਦੇ ਕੁੱਝ ਦੇਰ ਬਾਅਦ ਰਸ਼ੈਲ ਨੇ ਤਲਾਕ ਲਈ ਅਰਜ਼ੀ ਲਾ ਦਿੱਤੀ।
ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਉਹ ਤਲਾਕ ਦੀ ਅਰਜ਼ੀ ਵਕੀਲ ਕੋਲ ਛੱਡ ਕੇ ਜੈਕਸਨ ਨਾਲ ਰਹਿਣ ਲੱਗ ਪਏ ਸਨ ਜਦਕਿ ਪਹਿਲਾ ਵਿਆਹ ਹਾਲੇ ਟੁੱਟਿਆ ਨਹੀਂ ਸੀ। ਜਿਸ ਕਰਕੇ ਦੂਜੇ ਵਿਆਹ ਦੀ ਕੋਈ ਕਾਨੂੰਨੀ ਮਾਨਤਾ ਨਹੀਂ ਸੀ।
ਜੈਕਸਨ ਨੂੰ ਇਨ੍ਹਾਂ ਗੱਲਾਂ ਦੀ ਕੋਈ ਬਹੁਤੀ ਪ੍ਰਵਾਹ ਨਹੀਂ ਸੀ। ਇਸ ਲਈ ਉਨ੍ਹਾਂ ਇਹ ਵਿਆਹ ਵੀ ਕੀਤਾ ਤੇ ਸਿਆਸਤ ਵਿੱਚ ਜਾਣ ਦਾ ਇਰਾਦਾ ਵੀ ਕਰ ਲਿਆ।
ਜੈਕਸਨ ਤੇ ਰਸ਼ੈਲ ਨੇ 1874 ਵਿੱਚ ਦੂਜੀ ਵਾਰ ਵਿਆਹ ਕਰਵਾਇਆ ਤੇ ਵਰ੍ਹਿਆਂ ਤੱਕ ਪ੍ਰਸੰਨਤਾ ਸਹਿਤ ਇੱਕ ਦੂਜੇ ਨਾਲ ਰਹੇ। ਰਸ਼ੈਲ ਦੀ 1828 ਵਿੱਚ ਜੈਕਸਨ ਦੇ ਸਹੁੰ ਚੁੱਕ ਸਮਾਗਮ ਤੋ ਕੁੱਝ ਦਿਨ ਪਹਿਲਾਂ ਹੀ ਕ੍ਰਿਸਮਿਸ ਦੇ ਦਿਨਾਂ ਵਿੱਚ ਮੌਤ ਹੋ ਗਈ।
ਇਸ ਤਰ੍ਹਾਂ ਜੈਕਸਨ ਅਮਰੀਕੀ ਇਤਿਹਾਸ ਦੇ ਕੁੱਝ ਕੁ ਇੱਕਲੇ ਰਾਸ਼ਟਰਪਤੀਆਂ ਵਿੱਚੋਂ ਇੱਕ ਬਣ ਗਏ ਜਿਨ੍ਹਾਂ ਦੇ ਹੁੰਦਿਆਂ ਪ੍ਰਥਮ ਮਹਿਲਾ ਦੀ ਭੂਮਿਕਾ ਉਨ੍ਹਾਂ ਦੀਆਂ ਰਿਸ਼ਤੇਦਾਰਾਂ ਨੇ ਨਿਭਾਈ।
ਰਸ਼ੈਲ ਦੀ ਮੌਤ ਮਗਰੋਂ ਜੈਕਸਨ ਨੇ ਆਪਣੀ ਮਰਹੂਮ ਪਤਨੀ ਦੀ ਭਤੀਜੀ ਐਮਲੀ ਡੋਨੈਲਸਨ ਨੂੰ ਵ੍ਹਾਈਟ ਹਾਊਸ ਵਿੱਚ ਹੋਸਟਸ ਵਜੋਂ ਸੱਦਿਆ।
ਐਮਲੀ ਜੈਕਸਨ ਦੇ ਨਿੱਜੀ ਸਹਾਇਕ ਅਤੇ ਮਗਰੋਂ ਉਪ ਰਾਸ਼ਟਰਪਤੀ ਦੀ ਚੋਣ ਲੜਨ ਵਾਲੇ ਐਂਡਰਿਊ ਜੈਕਸਨ ਡੋਨੈਲਸਨ ਨਾਲ ਵਿਆਹੀ ਹੋਈ ਸੀ। ਦੋਹਾਂ ਵਿੱਚ ਰਿਸ਼ਤਾ ਬਣਿਆ ਜੋ ਪੇਟੀ ਕੋਟ ਅਫੇਅਰ ਵਜੋਂ ਪ੍ਰਸਿੱਧ ਹੈ।
ਵਾਰਨ ਹਾਰਡਿੰਗ
ਵਾਰਨ ਹਾਰਡਿੰਗ ਜੋ ਕਿ ਅਮਰੀਕਾ ਦੇ 29ਵੇਂ ਰਾਸ਼ਟਰਪਤੀ ਬਣੇ ਕੋਈ ਵੱਡੀਆਂ ਸਿਆਸੀ ਇੱਛਾਵਾਂ ਵਾਲੇ ਵਿਅਕਤੀ ਨਹੀਂ ਸਨ। ਹਾਂ ਉਨ੍ਹਾਂ ਦੀ ਪਤਨੀ ਇੱਕ ਮਨਸੂਬਿਆਂ ਵਾਲੀ ਔਰਤ ਸੀ ਜਿਸਨੇ ਉਨ੍ਹਾਂ ਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਦੀ ਪਤਨੀ ਇੱਕ ਉਦਾਰ ਖਿਆਲਾਂ ਵਾਲੀ ਔਰਤ ਸੀ। ਵਾਰਨ ਹਾਰਡਿੰਗ ਆਪਣੀ ਸੰਪਾਦਕ ਵਾਲੀ ਜ਼ਿੰਦਗੀ ਤੋਂ ਜ਼ਿਆਦਾ ਖੁਸ਼ ਸਨ। ਉਨ੍ਹਾਂ ਦੇ ਕਾਰਜਕਾਲ ਵਿੱਚ ਭ੍ਰਿਸ਼ਟਾਚਾਰ ਵੀ ਹੋਏ ਤੇ ਉਨ੍ਹਾਂ ਦੇ ਵਿਆਹੋਂ ਬਾਹਰ ਰਿਸ਼ਤੇ ਵੀ ਰਹੇ।

ਤਸਵੀਰ ਸਰੋਤ, Getty Images
ਵਾਰਨ ਹਾਰਡਿੰਗ ਦਾ ਕੈਰੀ ਫੁਲਟਨ ਫ਼ਿਲਿਪਸ ਨਾਲ ਪੰਦਰਾਂ ਸਾਲਾਂ ਤੱਕ ਸੰਬੰਧ ਰਹੇ। ਇਸ ਸਬੰਧ ਦਾ ਖੁਲਾਸਾ ਉਨ੍ਹਾਂ ਦੇ ਜੀਵਨੀਕਾਰ ਫ੍ਰਾਂਸਿਸ ਰਸਲ ਨੇ ਦੋਹਾਂ ਵਿਚਲੇ ਪੱਤਰਾਂ ਦੇ ਅਧਾਰ 'ਤੇ ਕੀਤਾ।
ਫ੍ਰਾਂਸਿਸ ਨੇ ਪੱਤਰਾਂ ਤੋਂ ਇਹ ਨਤੀਜਾ ਕੱਢਿਆ ਕਿ ਫ਼ਿਲਿਪਸ ਹੀ ਅਸਲ ਵਿੱਚ ਹਾਰਡਿੰਗ ਦੀ ਜ਼ਿੰਦਗੀ ਦਾ ਅਸਲ ਪਿਆਰ ਸੀ ਜਿਸ ਵਿੱਚ ਹਾਰਡਿੰਗ ਦੀਆਂ ਸਾਰੀਆਂ ਕਲਪਨਾਵਾਂ ਸਾਕਾਰ ਹੁੰਦੀਆਂ ਸਨ।
ਹੈਰੀ ਐਸ. ਟਰੂਮੈਨ
ਅਮਰੀਕਾ ਦੇ 33ਵੇਂ ਰਾਸ਼ਟਰਪਤੀ ਹੈਰੀ ਐੱਸ. ਟਰੂਮੈਨ ਆਪਣੀ ਮੌਤ ਤੱਕ ਇਸ ਅਹੁਦੇ 'ਤੇ ਰਹੇ। ਉਨ੍ਹਾਂ ਨੇ ਪਹਿਲੀ ਸੰਸਾਰ ਜੰਗ ਵਿੱਚ ਹਿੱਸਾ ਲਿਆ ਤੇ ਦੂਜੀ ਸੰਸਾਰ ਜੰਗ ਦੇ ਅੰਤਲੇ ਦਿਨਾਂ ਵਿੱਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ।
1945 ਵਿੱਚ ਜਦੋਂ ਉਹ ਰਾਸ਼ਟਰਪਤੀ ਬਣ ਕੇ ਵ੍ਹਾਈਟ ਹਾਊਸ ਆਏ ਤਾਂ ਵੇਖਿਆ ਕਿ ਇਮਾਰਤ ਕਾਫ਼ੀ ਜਰਜਰੀ ਹੋ ਚੁੱਕੀ ਸੀ ਤੇ ਕਿਸੇ ਵੀ ਵਖ਼ਤ ਖਤਰੇ ਦਾ ਸਬੱਬ ਬਣ ਸਕਦੀ ਸੀ।
ਉਨ੍ਹਾਂ ਨੇ ਇਸ ਦੀ ਮੁਰੰਮਤ ਕਰਵਾਈ ਜੋ ਤਿੰਨ ਸਾਲ ਚੱਲੀ। ਇਸ ਦੌਰਾਨ ਉਹ ਸਟਾਫ ਸਮੇਤ ਬਲੇਅਰ ਹਾਊਸ ਵਿੱਚ ਰਹੇ।
ਟਰੂਮੈਨ ਦੀ ਪਤਨੀ ਐਲੀਜ਼ਾਬੈਥ ਬੈਸ ਨੂੰ ਵਾਸ਼ਿੰਗਟਨ ਪਸੰਦ ਨਹੀਂ ਸੀ ਤੇ ਨਾਂ ਹੀ ਉਨ੍ਹਾਂ ਨੂੰ ਖ਼ੁਦ ਦੀ ਆਪਣੇ ਤੋਂ ਪਹਿਲੀ ਪ੍ਰਥਮ ਮਹਿਲਾ ਐਲੀਨਰ ਰੂਜ਼ਵੈਲਟ ਨਾਲ ਤੁਲਨਾ ਕੀਤੇ ਜਾਣਾ ਪਸੰਦ ਸੀ।
ਉਹ ਤਾਂ ਸਿਰਫ਼ ਆਪਣੇ ਪਤੀ ਦੀ ਪਤਨੀ ਬਣ ਕੇ ਰਹਿਣਾ ਚਾਹੁੰਦੀ ਸੀ। ਉਨ੍ਹਾਂ ਨੂੰ ਇਸ ਗੱਲ ਨਾਲ ਫਰਕ ਨਹੀਂ ਸੀ ਪੈਂਦਾ ਕਿ ਪਤੀ ਇੱਕ ਰਾਸ਼ਟਰਪਤੀ ਹੈ। ਦੋਵੇਂ ਇੱਕ ਦੂਜੇ ਨੂੰ ਸਕੂਲ ਵੇਲੇ ਤੋਂ ਜਾਣਦੇ ਸਨ। ਸਾਲਾਂ ਦੇ ਵਿਆਹੁਤਾ ਰਿਸ਼ਤੇ ਮਗਰੋਂ ਵੀ ਦੋਹਾਂ ਦਾ ਰਿਸ਼ਤਾ ਕਾਫ਼ੀ ਨਿੱਘਾ ਸੀ।

ਤਸਵੀਰ ਸਰੋਤ, Getty Images
ਇੱਕ ਵਾਰ ਜਦੋਂ ਉਹ ਕਾਫ਼ੀ ਲੰਬੇ ਸਮੇਂ ਤੱਕ ਬਾਹਰ ਰਹਿਣ ਮਗਰੋਂ ਬਲੇਅਰ ਹਾਊਸ ਵਿੱਚ ਪਰਤੇ ਤਾਂ ਉਨ੍ਹਾਂ ਰਾਸ਼ਟਰਪਤੀ ਦੀ ਖਾਣੇ ਦੇ ਮੇਜ ਉੱਪਰ ਮੋਮਬੱਤੀਆਂ ਲਾ ਕੇ ਉਡੀਕ ਕੀਤੀ।
ਖੁਫ਼ੀਆ ਸਟਾਫ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਦੋਵੇਂ ਅਜਿਹੇ ਅੱਲੜਾਂ ਵਾਂਗ ਵਿਹਾਰ ਕਰ ਰਹੇ ਸਨ, ਜਿਨ੍ਹਾਂ ਦੇ ਮਾਪੇ ਘਰੋਂ ਬਾਹਰ ਸ਼ਹਿਰ ਗਏ ਹੋਣ।
ਦੋਹਾਂ ਨੇ ਸੇਵਾਦਾਰਾਂ ਦੀ ਛੁੱਟੀ ਕਰ ਦਿੱਤੀ।
ਅਗਲੀ ਸਵੇਰ ਝਿਜਕਦੀ ਹੋਈ ਐਲੀਜ਼ਾਬੈਥ ਬੈਸ ਨੇ ਬੈਰ੍ਹੇ ਨੂੰ ਕਿਹਾ, 'ਰਾਤ ਰਾਸ਼ਟਰਪਤੀ ਵਾਲੇ ਤੇ ਮਹਿਮਾਨਾਂ ਵਾਲੇ ਕਮਰਿਆਂ ਵਿੱਚ ਚਾਰ ਪਲੰਘ ਟੁੱਟ ਗਏ। ਕੀ ਮੈਂ ਬਦਲਵਾ ਸਕਦੀ ਹਾਂ?
ਇਸ ਸਮੇਂ ਰਾਸ਼ਟਰਪਤੀ ਦੀ ਉਮਰ 65 ਸਾਲ ਤੇ ਉਨ੍ਹਾਂ ਦੀ ਪਤਨੀ ਦੀ ਉਮਰ 64 ਸਾਲ ਸੀ।












