ਸਾਊਦੀ ਅਰਬ: ਪ੍ਰਦਰਸ਼ਨ ਕਰਨ ਵਾਲੇ 11 ਰਾਜਕੁਮਾਰ ਗ੍ਰਿਫ਼ਤਾਰ

ਰਿਆਦ

ਤਸਵੀਰ ਸਰੋਤ, AFP

ਸਾਊਦੀ ਪ੍ਰਸ਼ਾਸਨ ਨੇ ਰਿਆਦ ਵਿੱਚ ਸ਼ਾਹੀ ਮਹਿਲ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੇ 11 ਰਾਜਕੁਮਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਦਰਅਸਲ ਇਹ ਰਾਜਕੁਮਾਰ ਸਰਕਾਰੀ ਖਜ਼ਾਨੇ 'ਚੋਂ ਸ਼ਾਹੀ ਘਰਾਣਿਆਂ ਦੇ ਪਾਣੀ-ਬਿਜਲੀ ਦੇ ਬਿੱਲ ਨਾ ਭਰੇ ਜਾਣ ਤੋਂ ਨਰਾਜ਼ ਹੋ ਕੇ ਪ੍ਰਦਰਸ਼ਨ ਕਰ ਰਹ ਸਨ।

ਸਥਾਨਕ ਸਰਕਾਰ ਨੇ ਤੇਲ ਤੋਂ ਹੋਣ ਵਾਲੀ ਕਮਾਈ 'ਤੇ ਆਪਣੀ ਨਿਰਭਰਤਾ ਨੂੰ ਘਟਾਉਣ ਵਾਸਤੇ ਅਰਥਚਾਰੇ ਦਾ ਨਿਰੀਖਣ ਕਰਕੇ ਇਹ ਫੈਸਲਾ ਲਿਆ ਹੈ।

ਜਨਤਕ ਖਰਚਿਆਂ 'ਚ ਕਟੌਤੀ ਕੀਤੀ ਗਈ ਹੈ ਅਤੇ ਕਈ ਸਬਸਿਡੀਆਂ ਵੀ ਬੰਦ ਕੀਤੀਆਂ ਗਈਆਂ ਹਨ।

ਸਾਊਦੀ ਅਰਬ ਨੇ ਸਥਾਨਕ ਬਜ਼ਾਰਾਂ 'ਚ ਪੈਟ੍ਰੋਲ ਦੀਆਂ ਕੀਮਤਾਂ ਵੀ ਦੁਗਣੀਆਂ ਕਰ ਦਿੱਤੀਆਂ ਸਨ ਅਤੇ ਜ਼ਿਆਦਾਤਰ ਸੇਵਾਵਾਂ ਅਤੇ ਚੀਜ਼ਾਂ 'ਤੇ 5 ਫੀਸਦ ਟੈਕਸ ਵੀ ਲਗਾ ਦਿੱਤਾ ਸੀ।

ਇਹ ਖ਼ਬਰ ਸਭ ਤੋਂ ਪਹਿਲਾਂ ਸਾਊਦੀ ਵੈਬਸਾਈਟ ਸਦਕ ਨੇ ਛਾਪੀ ਸੀ।

ਸਦਕ ਮੁਤਾਬਕ ਇਹ ਰਾਜਕੁਮਾਰ ਉਨ੍ਹਾਂ ਦੇ ਇੱਕ ਭਰਾ ਨੂੰ ਬਿਨਾਂ ਜੁਰਮ ਸਪੱਸ਼ਟ ਕੀਤੇ ਫਾਂਸੀ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਮੁਆਵਜ਼ੇ ਦੀ ਵੀ ਮੰਗ ਕਰ ਰਹੇ ਹਨ।

ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ ਸਾਊਦੀ ਅਰਬ ਦੇ ਸਰਕਾਰੀ ਵਕੀਲ ਨੇ ਇੱਕ ਬਿਆਨ ਜਾਰੀ ਕਰਕੇ ਇਨ੍ਹਾਂ ਰਾਜਕੁਮਾਰਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

ਪਿਛਲੇ ਸਾਲ ਵੀ ਸਾਊਦੀ ਅਰਬ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਕੀਤੀ ਗਈ ਕਾਰਵਾਈ ਦੌਰਾਨ ਦਰਜਨਾਂ ਰਾਜਕੁਮਾਰਾਂ, ਮੰਤਰੀਆਂ ਅਤੇ ਸਾਬਕਾ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਸਾਊਦੀ ਅਰਬ ਵਿੱਚ ਸ਼ਾਹੀ ਪਰਿਵਾਰ ਵਿੱਚ ਹਜ਼ਾਰਾਂ ਲੋਕ ਸ਼ਾਮਿਲ ਹਨ ਪਰ ਧਨ ਅਤੇ ਸਮਾਜਕ ਮਾਣ ਸਨਮਾਨ ਦੇ ਲਿਹਾਜ਼ ਨਾਲ ਸ਼ਾਹੀ ਪਰਿਵਾਰ 'ਚ ਗ਼ੈਰ-ਬਰਾਬਰੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)