ਡਾ. ਮਨਮੋਹਨ ਸਿੰਘ ਨੂੰ ਮਿਲ ਕੇ ਓਬਾਮਾ ਦੀ ਉਨ੍ਹਾਂ ਬਾਰੇ ਕਿਹੜੀ ਧਾਰਨਾ ਪੱਕੀ ਹੋਈ

ਤਸਵੀਰ ਸਰੋਤ, AFP
- ਲੇਖਕ, ਸ਼ੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਨਵੀਂ ਕਿਤਾਬ ਨੇ ਜਾਰੀ ਹੋਣ ਤੋਂ ਪਹਿਲਾਂ ਹੀ ਭਾਰਤ ਵਿੱਚ ਹਲਚਲ ਛੇੜ ਦਿੱਤੀ ਹੈ।
ਓਬਾਮਾ ਦੀ ਰਾਹੁਲ ਗਾਂਧੀ ਬਾਰੇ ਕੀਤੀ ਬੇਬਾਕ, ਕੋਰੀ ਟਿੱਪਣੀ ਨੇ ਜਿੱਥੇ ਰਾਹੁਲ ਦੇ ਹਮਾਇਤੀਆਂ ਦੇ ਮੱਥੇ ਤਿਉੜੀਆਂ ਚਾੜ੍ਹੀਆਂ ਉੱਥੇ ਹੀ ਉਨ੍ਹਾਂ ਦੇ ਆਲੋਚਕਾ ਨੂੰ ਹਮਲਾ ਕਰਨ ਦਾ ਇੱਕ ਮੌਕਾ ਵੀ ਦਿੱਤਾ।
'ਏ ਪਰੌਮਿਸਡ ਲੈਂਡ' ਬਰਾਕ ਓਬਾਮਾ ਦੇ ਸਿਆਸੀ ਸਫ਼ਰ ਦੀਆਂ ਯਾਦਾਂ ਦਾ ਪਹਿਲਾ ਸੰਗ੍ਰਿਹ ਹੈ। ਇਹ ਇੱਕ ਜੀਵੰਤ ਅਤੇ ਸੁਆਦਲਾ ਵਰਨਣ ਹੈ।
ਇਹ ਵੀ ਪੜ੍ਹੋ:
ਇਸ ਵਿੱਚ ਉਨ੍ਹਾਂ ਨੇ ਲਗਭਗ 1400 ਸ਼ਬਦਾਂ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਾਲ 2010 ਵਿਚਲੀ ਆਪਣੀ ਪਹਿਲੀ ਭਾਰਤ ਫੇਰੀ ਦਾ ਜ਼ਿਕਰ ਕੀਤਾ ਹੈ, ਜਦੋਂ ਅੱਜ ਵਿਰੋਧੀ ਧਿਰ ਵਿੱਚ ਬੈਠੀ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਦੀ ਸਰਕਾਰ ਸੀ।
ਇਸ ਹਿੱਸੇ ਵਿੱਚ ਉਨ੍ਹਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਬਾਰੇ ਆਪਣੇ ਪ੍ਰਭਾਵ ਕਲਮਬੱਧ ਕੀਤੇ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਡਾ. ਮਨਮੋਹਨ ਸਿੰਘ

ਤਸਵੀਰ ਸਰੋਤ, Getty Images
ਓਬਾਮਾ ਲਿਖਦੇ ਹਨ ਕਿ ਜਦੋਂ ਉਹ ਡਾ. ਮਨਮੋਹਨ ਸਿੰਘ ਨੂੰ ਮਿਲੇ ਸਨ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਡਰ ਹੈ ਕਿ "ਜ਼ੋਰ ਫ਼ੜ ਰਹੇ ਮੁਸਲਿਮ ਵਿਰੋਧੀ ਜ਼ਜਬੇ ਨੇ ਹਿੰਦੂ ਰਾਸ਼ਟਰਵਾਦੀ ਭਾਜਪਾ ਦੇ ਪ੍ਰਭਾਵ ਨੂੰ ਮਜ਼ਬੂਤ ਕੀਤਾ ਸੀ"। ਭਾਜਪਾ ਉਸ ਸਮੇਂ ਵਿਰੋਧੀ ਧਿਰ ਸੀ।
ਓਬਾਮਾ ਲਿਖਦੇ ਹਨ ਕਿ ਜਦੋਂ ਬੰਦੂਕਧਾਰੀਆਂ ਵੱਲੋਂ ਮੁੰਬਈ ਵਿੱਚ 166 ਜਣਿਆਂ ਨੂੰ ਮਾਰ ਦੇਣ ਤੋਂ ਬਾਅਦ ਡਾ. ਮਨਮੋਹਨ ਸਿੰਘ ਪਾਕਿਸਤਾਨ ਖ਼ਿਲਾਫ਼ ਕਾਰਵਾਈ ਤੋਂ ਝਿਜਕੇ, ਇਸ "ਝਿਜਕ ਦੀ ਉਨ੍ਹਾਂ ਨੂੰ ਸਿਆਸੀ ਕੀਮਤ ਚੁਕਾਉਣੀ ਪਈ।"
ਡਾ. ਮਨਮੋਹਨ ਸਿੰਘ ਨੇ ਉਨ੍ਹਾਂ ਨੂੰ ਦੱਸਿਆ, "ਅਨਿਸ਼ਚਿਤ ਸਮਿਆਂ ਵਿੱਚ, ਰਾਸ਼ਟਰਪਤੀ ਜੀ, ਧਾਰਮਿਕ ਅਤੇ ਨਸਲੀ ਇੱਕਜੁਟਤਾ ਦਾ ਸੱਦਾ ਨਸ਼ੀਲਾ ਹੋ ਸਕਦਾ ਹੈ। ਅਤੇ ਸਿਆਸਤਦਾਨਾਂ ਲਈ ਭਾਰਤ ਜਾਂ ਦੁਨੀਆਂ ਵਿੱਚ ਕਿਤੇ ਵੀ ਹੋਰ ਇਸ ਦਾ ਸ਼ੋਸ਼ਣ ਕਰਨਾ ਬਹੁਤਾ ਮੁਸ਼ਕਲ ਨਹੀਂ ਹੈ।"
ਓਬਾਮਾ ਨੇ ਡਾ. ਸਾਹਿਬ ਦੇ ਇਸ ਵਿਚਾਰ ਨਾਲ ਸਹਿਮਤੀ ਦਿੰਦਿਆਂ ਚੈਕ ਗਣਰਾਜ ਦੇ ਪਹਿਲੇ ਰਾਸ਼ਟਰਪਤੀ ਵੈਕਲੈਵ ਹਾਵੇਲ ਨਾਲ ਵੈਲਵਟ ਕ੍ਰਾਂਤੀ ਤੋਂ ਬਾਅਦ ਪਰਾਗ ਫੇਰੀ ਦੌਰਾਨ ਹੋਈ ਮੁਲਾਕਾਤ ਅਤੇ "ਉਨ੍ਹਾਂ ਦੀ ਯੂਰਪ ਵਿੱਚ ਇਲ-ਲਿਬਰਲਿਜ਼ਮ ਦੇ ਉਭਾਰ ਬਾਰੇ ਚੇਤਾਵਨੀ" ਨੂੰ ਯਾਦ ਕੀਤਾ।
ਇਹ ਵੀ ਪੜ੍ਹੋ:-
ਓਬਾਮਾ ਲਿਖਦੇ ਹਨ, "ਜੇ ਮੁਕਾਬਲਤਨ ਧਨਾਢ ਮੁਲਕਾਂ ਵਿੱਚ ਵਿਸ਼ਵੀਕਰਨ ਅਤੇ ਇਤਿਹਾਸਕ ਆਰਥਿਕ ਸੰਕਟ ਇਨ੍ਹਾਂ ਰੁਝਾਨਾਂ ਨੂੰ ਹਵਾ ਦੇ ਰਹੇ ਸਨ- ਜੇ ਮੈਂ ਇਸ ਨੂੰ ਅਮਰੀਕਾ ਵਿੱਚ ਵੀ ਟੀ ਪਾਰਟੀ ਨਾਲ ਦੇਖ ਰਿਹਾ ਸੀ ਤਾਂ- ਭਾਰਤ ਇਸ ਤੋਂ ਕਿਵੇਂ ਬਚ ਸਕਦਾ ਸੀ।"
ਓਬਾਮਾ ਦੀ ਭਾਰਤ ਵਿੱਚ ਪਹਿਲੀ ਸ਼ਾਮ ਨੂੰ ਡਾ. ਮਨਮੋਹਨ ਸਿੰਘ ਵੱਲੋਂ ਦਿੱਤੇ ਰਾਤ ਦੇ ਖਾਣੇ ਮੌਕੇ ਡਾ. ਮਨਮੋਹਨ ਸਿੰਘ "ਉਨ੍ਹਾਂ ਬੱਦਲਾਂ ਬਾਰੇ ਖੁੱਲ੍ਹ ਕੇ ਬੋਲੇ ਜੋ ਉਨ੍ਹਾਂ ਨੇ ਦੇਖੇ ਸਨ"।
ਉਨ੍ਹਾਂ ਨੇ ਮੱਧਮ ਹੁੰਦੇ ਅਰਥਚਾਰੇ ਦਾ ਜ਼ਿਕਰ ਕੀਤਾ- ਸਾਲ 2007 ਦੇ ਅਮਰੀਕਾ ਵਿਚਲੇ ਸਬਮਰੀਨ ਸੰਕਟ ਦਾ ਜ਼ਿਕਰ ਕੀਤਾ।
ਓਬਾਮਾ ਲਿਖਦੇ ਹਨ ਕਿ ਡਾ. ਮਨਮੋਹਨ ਸਿੰਘ ਪ੍ਰਮਾਣੂ ਹਥਿਆਰਾਂ ਨਾਲ ਲੈਸ ਸਰੀਕ ਅਤੇ ਗੁਆਂਢੀ ਪਾਕਿਸਤਾਨ ਨਾਲ ਵਧਦੇ ਤਣਾਅ ਬਾਰੇ ਵੀ ਫਿਕਰਮੰਦ ਸਨ।
ਫਿਰ ਪਾਕਿਸਤਾਨ ਦੀ ਸਮੱਸਿਆ ਅਤੇ 2008 ਦੇ ਮੁੰਬਈ ਵਿੱਚ ਹੋਟਲਾਂ ਅਤੇ ਹੋਰ ਥਾਵਾਂ ਉੱਪਰ ਅੱਤਵਾਦੀ ਹਮਲੇ ਬਾਰੇ ਇਸ ਦੀ ਭਾਰਤ ਨਾਲ ਮਿਲ ਕੇ ਕੰਮ ਨਾ ਕਰ ਸਕਣ ਦੀ ਨਿਰੰਤਰ ਅਸਫ਼ਲਤਾ ਨੇ ਦੋਵਾਂ ਦੇਸ਼ਾਂ ਵਿੱਚ ਤਣਾਅ ਬਹੁਤ ਵਧਾ ਦਿੱਤਾ ਸੀ। ਕੁਝ ਇਸ ਕਰ ਕੇ ਵੀ ਕਿ ਮੰਨਿਆਂ ਜਾਂਦਾ ਸੀ ਕਿ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਤਨਜ਼ੀਮ ਲਸ਼ਕਰੇ-ਤਇਬਾ ਦੇ ਪਾਕਿਸਤਾਨ ਦੀ ਸੂਹੀਆ ਏਜੰਸੀ ਨਾਲ ਲਿੰਕ ਸਨ।"
ਓਬਾਮਾ ਨੇ ਮਨਮੋਹਨ ਸਿੰਘ ਨੂੰ "ਭਾਰਤੀ ਆਰਥਿਕ ਰੂਪਾਂਤਰਣ ਦੇ ਮੁੱਖ ਇਮਾਰਤਸਾਜ਼" ਅਤੇ ਇੱਕ "ਸੁਘੜ, ਵਿਚਾਰਵਾਨ, ਅਤੇ ਅਸੂਲਪ੍ਰਸਤੀ ਨਾਲ ਇਮਾਨਦਾਰ" ਦੱਸਿਆ ਹੈ।
ਓਬਾਮਾ ਲਿਖਦੇ ਹਨ ਮਨਮੋਹਨ ਸਿੰਘ ਇੱਕ "ਖ਼ੁਦ ਨੂੰ ਮਾਤ ਦੇਣ ਵਾਲੇ ਟੈਕਨੋਕ੍ਰੇਟ ਸਨ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਨੂੰ ਵਲਵਲਿਆਂ ਨੂੰ ਅਪੀਲ ਕਰ ਕੇ ਨਹੀਂ ਸਗੋਂ ਉੱਚੇ ਜੀਵਨ ਮਾਪਦੰਡ ਲਿਆ ਕੇ ਤੇ ਭ੍ਰਿਸ਼ਟ ਨਾ ਹੋਣ ਦੇ ਕਮਾਏ ਹੋਏ ਰੁਤਬੇ ਸਦਕਾ ਜਿੱਤਿਆ ਸੀ।"
ਓਬਾਮਾ ਲਿਖਦੇ ਹਨ, "ਜਿੱਥੇ ਉਹ ਵਿਦੇਸ਼ ਨੀਤੀ ਬਾਰੇ ਸੁਚੇਤ ਹੋਣਗੇ, ਭਾਰਤੀ ਅਫ਼ਸਰਸ਼ਾਹੀ ਜੋ ਅਮਰੀਕਾ ਦੇ ਮਨਸ਼ਿਆਂ ਬਾਰੇ ਸੰਦੇਹ ਰਖਦੀ ਹੈ ਤੋਂ ਅਗਾਂਹ ਲੰਘਣਾ ਨਹੀਂ ਚਾਹੁਣਗੇ (ਪਰ) ਸਾਡੇ ਇਕੱਠਿਆਂ ਬਿਤਾਏ ਸਮੇਂ ਨੇ ਮੇਰੀ ਉਨ੍ਹਾਂ ਦੇ ਇੱਕ ਅਸਧਾਰਣ ਸੂਝ ਅਤੇ ਸੁੱਘੜਤਾ ਵਾਲੇ ਵਿਅਕਤੀ ਵਾਲੀ ਧਾਰਨਾ ਦੀ ਪੁਸ਼ਟੀ ਕਰ ਦਿੱਤੀ।"
ਸੋਨੀਆ ਗਾਂਧੀ

ਤਸਵੀਰ ਸਰੋਤ, Getty Images
ਸੋਨੀਆ ਗਾਂਧੀ ਜੋ ਕਿ ਓਬਾਮਾ ਦੀ ਭਾਰਤ ਫੇਰੀ ਸਮੇਂ ਕਾਂਗਰਸ ਦੇ ਪ੍ਰਧਾਨ ਸਨ, ਬਾਰੇ ਓਬਾਮਾ ਲਿਖਦੇ ਹਨ "ਰਵਾਇਤੀ ਸਾੜੀ ਪਾਈ, ਆਪਣੇ ਸੱਠਵਿਆਂ ਵਿੱਚ ਪ੍ਰਭਾਵਸ਼ਾਲੀ ਔਰਤ, ਜਿਸ ਦੀਆਂ ਗੂੜ੍ਹੀਆਂ, ਸਵਾਲੀਆ ਅੱਖਾਂ ਸਨ ਤੇ ਜਿਸ ਦੀ ਸ਼ਾਂਤ, ਸ਼ਾਹੀ ਮੌਜੂਦਗੀ ਸੀ।"
ਉਹ ਲਿਖਦੇ ਹਨ, "ਉਹ- ਯੂਰਪੀ ਵੰਸ਼ਜ ਇੱਕ ਘਰੇ ਰਹਿਣ ਵਾਲੀ ਬੱਚਿਆਂ ਦੀ ਮਾਂ ਜੋ 1991 ਵਿੱਚ ਇੱਕ ਸ੍ਰੀਲੰਕਨ ਵੱਖਵਾਦੀ ਦੇ ਖ਼ੁਦਕੁਸ਼ ਬੰਬ ਵਿੱਚ ਮਾਰੇ ਜਾਣ ਤੋਂ ਬਾਅਦ ਦੁੱਖ ਵਿੱਚੋਂ ਇੱਕ ਉੱਘੀ ਕੌਮੀ ਸਿਆਸਤਦਾਨ ਬਣ ਕੇ ਉੱਭਰੀ- ਹੰਢਣਸਾਰ ਵੰਸ਼ ਦੀ ਤਾਕਤ ਦੀ ਗਵਾਹੀ ਦਿੰਦੀ ਹੈ।
ਇਟਲੀ ਵਿੱਚ ਜਨਮੀ ਸੋਨੀਆ ਗਾਂਧੀ ਦੇ ਪਤੀ ਰਾਜੀਵ ਗਾਂਧੀ ਜੋ ਇੱਕ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵੀ ਰਹੇ- ਨੂੰ ਸਾਲ 1991 ਵਿੱਚ ਤਾਮਿਲਨਾਡੂ ਵਿੱਚ ਇੱਕ ਖ਼ੁਦਕੁਸ਼ ਹਮਲਾਵਰ ਨੇ ਬੰਬ ਧਮਾਕੇ ਨਾਲ ਕਤਲ ਕਰ ਦਿੱਤਾ ਸੀ।
ਉਸ ਡਿਨਰ ਵਿੱਚ ਓਬਾਮਾ ਲਿਖਦੇ ਹਨ ਕਿ ਸੋਨੀਆ ਗਾਂਧੀ ਜਿੰਨਾ ਬੋਲੇ ਉਸ ਤੋਂ ਵੱਧ ਉਨ੍ਹਾਂ ਨੇ ਸੁਣਿਆ, "ਜਦੋਂ ਨੀਤੀ ਦੇ ਮਸਲੇ ਉੱਠੇ ਤਾਂ (ਸ਼੍ਰੀ) ਸਿੰਘ ਨੇ ਜੋ ਕਿਹਾ ਉਸ ਨਾਲੋਂ ਇਖ਼ਤਿਲਾਫ਼ ਹੋਣ ਤੋਂ ਸਾਵਧਾਨ, ਅਤੇ ਅਕਸਰ ਗੱਲਬਾਤ ਆਪਣੇ ਪੁੱਤਰ ਵੱਲ ਮੋੜ ਦਿੱਤੀ।"
"ਮੈਨੂੰ ਇਸ ਸਪਸ਼ਟ ਹੋ ਗਿਆ ਕਿ, ਉਨ੍ਹਾਂ ਦੀ ਤਾਕਤ ਇੱਕ ਪ੍ਰਬਲ ਤੇ ਤਿੱਖੀ ਬੁੱਧੀ ਸਦਕਾ ਸੀ।"
ਰਾਹੁਲ ਗਾਂਧੀ

ਤਸਵੀਰ ਸਰੋਤ, Pti
ਓਬਾਮਾ ਕਹਿੰਦੇ ਹਨ, "ਰਾਹੁਲ ਗਾਂਧੀ ਸਮਾਰਟ ਅਤੇ ਗੰਭੀਰ ਜਾਪੇ, ਉਨ੍ਹਾਂ ਦੀ ਚੰਗੀ ਦਿੱਖ ਮਾਂ ਵਰਗੀ ਹੈ।"
ਉਨ੍ਹਾਂ ਨੇ ਪ੍ਰਗਤੀਸ਼ੀਲ ਸਿਆਸਤ ਬਾਰੇ ਆਪਣੇ ਵਿਚਾਰ ਰੱਖੇ, ਰੁਕ-ਰੁਕ ਕੇ 2008 ਦੀ ਮੇਰੀ ਮੁਹਿੰਮ ਬਾਰੇ ਸਵਾਲ ਕੀਤੇ।"
ਪਰ ਉਨ੍ਹਾਂ ਬਾਰੇ ਇੱਕ ਭਾਵੁਕ, ਅਘੜ ਗੁਣ ਹੈ, ਜਿਵੇਂ ਉਹ ਕੋਈ ਅਜਿਹਾ ਪਾੜ੍ਹਾ ਹੋਵੇ ਜਿਸ ਨੇ ਕੋਰਸਵਰਕ ਕੀਤਾ ਸੀ ਅਤੇ ਅਧਿਆਪਕ ਨੂੰ ਪ੍ਰਭਾਵਤ ਕਰਨ ਲਈ ਉਤਾਵਲਾ ਸੀ ਪਰ ਅੰਦਰੋਂ ਜਾਂ ਤਾਂ ਉਸ ਵਿੱਚ ਵਿਸ਼ੇ ਉੱਪਰ ਮੁਹਾਰਤ ਹਾਸਲ ਕਰਨ ਲਈ ਲਿਆਕਤ ਜਾਂ ਜਨੂੰਨ ਦੀ ਕਮੀ ਹੋਵੇ।"
ਜਦੋਂ ਰਾਹੁਲ ਗਾਂਧੀ ਬਾਰੇ ਇਹ ਟਿੱਪਣੀਆਂ, ਓਬਾਮਾ ਦੀ ਕਿਤਾਬ ਦੇ ਨਿਊਯਾਰਕ ਟਾਈਮਜ਼ ਵਿੱਚ ਛਪੇ ਅਤੇ ਚਿਮਾਂਨਡਾ ਨਿਗੋਜ਼ੀ ਦੇ ਲਿਖੇ ਰਿਵੀਊ ਵਿੱਚ ਪਹਿਲੀ ਵਾਰ ਸਾਹਮਣੇ ਆਈਆਂ ਤਾਂ ਕਾਂਗਰਸ ਪਾਰਟੀ ਦੇ ਇੱਕ ਲੀਡਰ ਨੇ ਕਿਹਾ ਕਿ ਉਨ੍ਹਾਂ ਨੇ ਵਿਰੋਧ ਵਜੋਂ ਓਬਾਮਾ ਨੂੰ ਟਵਿੱਟਰ ਉੱਪਰ ਅਨਫਾਲੌ ਕਰ ਦਿੱਤਾ ਹੈ।


ਭਾਰਤ ਦਾ ਭਵਿੱਖ
ਓਬਾਮਾ ਲਿਖਦੇ ਹਨ ਕਿ ਅੱਜ ਦਾ ਭਾਰਤ ਵਾਰ-ਵਾਰ ਬਦਲਦੀਆਂ ਸਰਕਾਰਾਂ, ਸਿਆਸੀ ਪਾਰਟੀਆਂ ਦੇ ਆਪਸੀ ਕੁਸੈਲੇ ਝਗੜਿਆਂ, ਕਈ ਹਥਿਆਰਬੰਦ ਲਹਿਰਾਂ ਅਤੇ ਹਰ ਕਿਸਮ ਦੇ ਕਰਪੱਸ਼ਨ ਸਕੈਂਡਲਾਂ ਵਿੱਚੋਂ ਬਚ ਨਿਕਲ ਕੇ ਸਫ਼ਲਤਾ ਦੀ ਕਹਾਣੀ ਹੈ।"
ਫਿਰ ਵੀ ਪੱਲਰਦੇ ਲੋਕਤੰਤਰ ਅਤੇ ਮੁਕਤ ਆਰਥਿਕਤਾ ਦੇ ਬਾਵਜੂਦ ਭਾਰਤ ਵਿੱਚ ਸਮਤਾ ਵਾਲੇ, ਸ਼ਾਂਤ ਅਤੇ ਹੰਢਣਸਾਰ ਸਮਾਜ ਦਾ ਬਹੁਤ ਘੱਟ ਝਲਕਾਰਾ ਹੈ ਜਿਸ ਦਾ ਸੁਪਨਾ ਗਾਂਧੀ ਨੇ ਦੇਖਿਆ ਸੀ"। ਗੈਰ-ਬਰਾਬਰੀ ਵਿਆਪਕ ਸੀ ਅਤੇ ਹਿੰਸਾ "ਭਾਰਤੀ ਜੀਵਨ ਦੀ ਇੱਕ ਬਹੁਤ ਵੱਡਾ ਹਿੱਸਾ ਰਹੀ"।
ਓਬਾਮਾ ਲਿਖਦੇ ਹਨ ਕਿ ਨਵੰਬਰ ਦੀ ਉਸ ਸ਼ਾਮ ਨੂੰ ਜਦੋਂ ਉਨ੍ਹਾਂ ਨੇ ਮਨਮੋਹਨ ਸਿੰਘ ਦੀ ਰਿਹਾਇਸ਼ ਛੱਡੀ ਤਾਂ ਉਹ ਸੋਚ ਰਹੇ ਸਨ ਕਿ ਜਦੋਂ ਇਹ 78 ਸਾਲਾ (ਉਸ ਸਮੇਂ) ਪ੍ਰਧਾਨ ਮੰਤਰੀ ਦਫ਼ਤਰ ਛੱਡੇਗਾ ਤਾਂ ਕੀ ਹੋਵੇਗਾ?
ਉਹ ਸੋਚਦੇ ਹਨ, "ਕੀ ਉਨ੍ਹਾਂ ਦੀ ਮਾਂ ਵੱਲੋਂ ਤੈਅ ਨੀਅਤੀ ਮੁਤਾਬਕ ਮਸ਼ਾਲ ਸਫ਼ਲਤਾ ਪੂਰਬਕ ਰਾਹੁਲ ਨੂੰ ਫੜਾ ਦਿੱਤੀ ਜਾਵੇਗੀ ਅਤੇ ਭਾਜਪਾ ਵੱਲੋਂ ਉਭਾਰੇ ਜਾਂਦੇ ਫੁੱਟਪਾਊ ਰਾਸ਼ਟਰਵਾਦ ਉੱਪਰ ਕਾਂਗਰਸ ਦੇ ਦਬਦਬੇ ਨੂੰ ਬਚਾ ਲਿਆ ਜਾਵੇਗਾ?"
"ਕਿਵੇਂ ਨਾ ਕਿਵੇਂ ਮੈਨੂੰ ਸ਼ੱਕ ਸੀ। ਇਹ ਸਿੰਘ ਦੀ ਗਲਤੀ ਨਹੀਂ ਸੀ। ਉਨ੍ਹਾਂ ਨੇ ਉਦਾਰਵਾਦੀ ਦੇਸ਼ਾਂ ਦੀ ਪਲੇਬੁੱਕ ਦੀ ਪਾਲਣਾ ਕਰਦਿਆਂ : ਸੰਵਿਧਾਨਕ ਆਰਡਰ ਨੂੰ ਸੰਭਾਲ ਕੇ ਰੱਖਦਿਆਂ, ਰੋਜ਼ਾਨਾ ਦੇ ਕੰਮ ਅਕਸਰ ਜੀਡੀਪੀ ਨੂੰ ਬੂਸਟ ਦੇਣ ਦਾ ਤਕਨੀਕੀ ਕੰਮ ਕਰਦਿਆਂ ਅਤੇ ਸਮਾਜਿਕ ਸੁਰੱਖਿਆ ਦੇ ਘੇਰ ਨੂੰ ਵਸੀਹ ਕਰਦਿਆਂ ਆਪਣੀ ਭੂਮਿਕਾ ਨਿਭਾਈ ਸੀ।"
ਮੇਰੇ ਵਾਂਗ ਉਹ ਵੀ ਮੰਨਣ ਲੱਗੇ ਸਨ ਕਿ ਲੋਕਤੰਤਰ ਤੋਂ ਅਸੀਂ ਇਹੀ ਉਮੀਦ ਰੱਖ ਸਕਦੇ ਹਾਂ, ਖ਼ਾਸ ਕਰ ਕੇ ਭਾਰਤ ਅਤੇ ਅਮਰੀਕਾ ਵਰਗੇ ਵੱਡੇ, ਬਹੁ-ਨਸਲੀ ਅਤੇ ਬਹੁ-ਧਾਰਮਿਕ ਸਮਾਜਾਂ ਵਿੱਚ।"

ਤਸਵੀਰ ਸਰੋਤ, Getty Images
ਪਰ ਓਬਾਮਾ ਸੋਚਦੇ ਹਨ ਕਿ "ਹਿੰਸਾ ਦੇ ਉਹ ਵੇਗ, ਲਾਲਚ, ਭ੍ਰਿਸ਼ਟਾਚਾਰ, ਰਾਸ਼ਟਰਵਾਦ, ਨਸਲਵਾਦ ਅਤੇ ਧਾਰਿਮਕ ਅਸਹਿਣਸ਼ੀਲਤਾ, ਆਪਣੀ ਅਨਿਸ਼ਚਿਤਤਾ ਅਤੇ ਨਾਸ਼ਵਾਨਤਾ ਅਤੇ ਦੂਜਿਆਂ ਨੂੰ ਅਧੀਨ ਕਰ ਕੇ ਆਪਣੇ ਗੈਰ-ਮਹੱਤਵਪੂਰਣ ਹੋਣ ਦੀ ਭਾਵਨਾ ਨੂੰ ਹਰਾਉਣ ਦੀ ਅਤੀ-ਮਨੁੱਖੀ-ਇੱਛਾ—ਕਿਸੇ ਲੋਕਤੰਰ ਲਈ ਹਮੇਸ਼ਾ ਲਈ ਕਾਬੂ ਹੇਠ ਰੱਖਣ ਲਈ ਬਹੁਤ ਤਾਕਤਵਰ ਹੈ।"
"ਕਿਉਂਕਿ ਲਗਦਾ ਹੈ - ਵਾਧਾ ਦਰਾਂ ਦੇ ਰੁਕਣ ਜਾਂ ਜਨ-ਸੰਖਿਅਕੀਆਂ ਦੇ ਬਦਲਣ ਜਾਂ ਕਿਸੇ ਕ੍ਰਿਸ਼ਮਾਈ ਆਗੂ ਲੋਕਾਂ ਦੇ ਡਰਾਂ ਅਤੇ ਨਾਰਾਜ਼ਗੀਆਂ ਦੀ ਸਵਾਰੀ ਕਰਨੀ ਚਾਹੇ ਤਾਂ ਮੁੜ ਉਭਰਨ ਦੀ ਉਡੀਕ ਵਿੱਚ ਹਰ ਥਾਂ ਹੀ ਪਏ ਜਾਪਦੇ ਹਨ।"
ਓਬਾਮਾ ਦੇ ਸਵਾਲਾਂ ਦਾ ਜਵਾਬ 2014 ਵਿੱਚ ਮਿਲਿਆ ਜੋ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹਿੰਦੂ ਰਾਸ਼ਟਰਵਾਦੀ ਭਾਜਪਾ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ।
ਓਬਾਮਾ ਸਾਲ 2015 ਵਿੱਚ ਇੱਕ ਵਾਰ ਫਿਰ ਭਾਰਤ ਆਏ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸਨ। ਅਜਿਹਾ ਕਰ ਕੇ ਉਹ ਅਹੁਦੇ 'ਤੇ ਰਹਿੰਦਿਆਂ ਦੂਹਰੀ ਵਾਰ ਆਉਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣ ਗਏ।
ਪਰ ਓਬਾਮਾ ਦੀਆਂ ਯਾਦਾਂ ਦਾ ਇਹ ਪਹਿਲਾ ਸੰਗ੍ਰਹਿ ਸਾਲ 2011 ਵਿੱਚ ਓਸਾਮਾ ਬਿਨ ਲਾਦੇਨ ਦੀ ਮੌਤ ਨਾਲ ਆਪਣੇ ਅੰਤ ਨੂੰ ਪਹੁੰਚਦਾ ਹੈ।
ਸੰਭਾਵਨਾ ਹੈ ਕਿ ਦੂਜੀ ਕਿਤਾਬ ਵਿੱਚ ਉਹ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਆਪਣੇ ਵਿਚਾਰ ਰੱਖਣ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












