ਜਾਰਜ ਬੁਸ਼ ਸੀਨੀਅਰ : ਸੱਦਾਮ ਹੂਸੈਨ ਖ਼ਿਲਾਫ਼ ਜੰਗ ਛੇੜਨ ਵਾਲੇ ਅਮਰੀਕੀ ਰਾਸ਼ਟਰਪਤੀ ਦਾ ਸਿਆਸੀ ਸਫ਼ਰ

ਸਾਬਕਾ ਅਮਰੀਕੀ ਰਾਸ਼ਟਰਪਤੀ ਜੌਰਜ ਐੱਚ. ਡਬਲਿਊ ਬੁੱਸ਼ ਦੀ 2012 ਦੀ ਤਸਵੀਰ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸਾਬਕਾ ਅਮਰੀਕੀ ਰਾਸ਼ਟਰਪਤੀ ਜੌਰਜ ਐੱਚ. ਡਬਲਿਊ ਬੁੱਸ਼ ਦੀ 2012 ਦੀ ਤਸਵੀਰ।

ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ ਐਚ ਡਬਲਿਊ ਬੁਸ਼ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪੁੱਤਰ ਜਾਰਜ ਡਬਲਿਊ ਬੁਸ਼ ਨੇ ਆਪਣੇ 94 ਸਾਲਾ ਪਿਤਾ ਸੀਨੀਅਰ ਬੁਸ਼ ਦੇ ਦੇਹਾਂਤ ਦਾ ਰਸਮੀ ਐਲਾਨ ਕਰ ਦਿੱਤਾ ਹੈ।

ਜਾਰਜ ਬੁਸ਼ ਸੀਨੀਅਰ ਵਜੋਂ ਜਾਣੇ ਜਾਂਦੇ ਅਮਰੀਕੀ ਆਗੂ ਦੇ ਪਰਿਵਾਰ ਦੀ ਤਰਫ਼ੋ ਜਾਰੀ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਸ਼ੁੱਕਰਵਾਰ ਨੂੰ ਆਖ਼ਰੀ ਸਾਹ ਲਏ।

ਉਨ੍ਹਾਂ ਦਾ ਜਨਮ 12 ਜੁਲਾਈ 1924 ਨੂੰ ਅਮਰੀਕਾ ਦੇ ਮਿਲਟਨ, ਮੈਸਾਚਿਊਸਿਟਸ ਵਿੱਚ ਹੋਇਆ।

ਜਾਰਜ ਬੁਸ਼ ਸੀਨੀਅਰ

ਤਸਵੀਰ ਸਰੋਤ, CORBIS

ਤਸਵੀਰ ਕੈਪਸ਼ਨ, ਆਪਣੇ ਪਿਤਾ ਜਾਰਜ ਬੁਸ਼ ਸੀਨੀਅਰ ਦੇ ਮੋਢਿਆਂ ’ਤੇ ਬੈਠੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼।

ਬੁਸ਼ ਸੀਨੀਅਰ ਅਮਰੀਕਾ ਦੇ ਇਕਤਾਲੀਵੇਂ ਰਾਸ਼ਟਰਪਤੀ ਸਨ। 1989 ਵਿੱਚ ਅਹੁਦੇ ਲਈ ਚੁਣੇ ਜਾਣ ਤੋਂ ਪਹਿਲਾਂ ਅੱਠ ਸਾਲ ਉਹ ਤਤਕਾਲੀ ਰਾਸ਼ਟਰਪਤੀ ਰੌਨਾਲਡ ਰੀਗਨ ਦੇ ਕਾਰਜਕਾਲ ਦੌਰਾਨ ਉਪ-ਰਾਸ਼ਟਰਪਤੀ ਰਹੇ।

ਉਹ ਅਮਰੀਕੀ ਇਤਿਹਾਸ ਦੇ ਪਹਿਲੇ ਉਪ-ਰਾਸ਼ਟਰਪਤੀ ਸਨ, ਜਿਨ੍ਹਾਂ ਨੂੰ ਅਹੁਦੇ ਤੇ ਰਹਿੰਦਿਆਂ ਰਾਸ਼ਟਰਪਤੀ ਚੁਣਿਆ ਗਿਆ।

ਉਨ੍ਹਾਂ ਦਾ ਕਾਰਜਕਾਲ ਉਨ੍ਹਾਂ ਦੀ ਵਿਦੇਸ਼ ਨੀਤੀ ਲਈ ਜਾਣਿਆ ਜਾਂਦਾ ਹੈ ਜਦੋਂ ਪੂਰਬੀ ਯੂਰਪ ਵਿੱਚ ਕਮਿਊਨਿਜ਼ਮ ਦਾ ਪਤਨ ਹੋ ਰਿਹਾ ਸੀ। ਇਸੇ ਦੌਰਾਨ ਸੋਵੀਅਤ ਰੂਸ ਦਾ ਪਤਨ ਹੋਇਆ ਅਤੇ ਅਮਰੀਕਾ ਵਿਸ਼ਵ ਦੀ ਇਕਲੌਤੀ ਸ਼ਕਤੀ ਵਜੋਂ ਉੱਭਰਿਆ।

ਉਨ੍ਹਾਂ ਉੱਪਰ ਘਰੇਲੂ ਮਸਲਿਆਂ ਦੀ ਅਣਦੇਖੀ ਦੇ ਇਲਜ਼ਾਮ ਵੀ ਲਗਦੇ ਰਹੇ ਸਨ। ਸਾਲ 1992 ਵਿੱਚ ਰਾਸ਼ਟਰਪਤੀ ਕਲਿੰਟਨ ਉਨ੍ਹਾਂ ਨੂੰ ਹਰਾ ਕੇ ਅਮਰੀਕਾ ਦੇ ਰਾਸ਼ਟਰਪਤੀ ਬਣੇ।

ਇਹ ਵੀ ਪੜ੍ਹੋ:

ਖਾੜੀ ਯੁੱਧ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1991 ਦਾ ਖਾੜੀ ਯੁੱਧ ਜਾਰਜ ਬੁਸ਼ ਸੀਨੀਅਰ ਦੀ ਅਸਲੀ ਪਰਖ ਦੀ ਘੜੀ ਸੀ। 100 ਘੰਟੇ ਚੱਲੀ ਇਸ ਲੜਾਈ ਤੋਂ ਬਾਅਦ ਵੀ ਅਮਰੀਕਾ ਇਰਾਕ ਵਿੱਚ ਸਦਾਮ ਹੁਸੈਨ ਦਾ ਤਖ਼ਤਾ ਨਾ ਪਲਟ ਸਕਿਆ।

ਸਿਆਸੀ ਜੀਵਨ ਦੇ ਮੁੱਖ ਪੜਾਅ

  • 1966:ਹਾਊਸ ਆਫ਼ ਰਿਪਰਿਜ਼ੈਂਟੇਟਿਵਸ ਦੇ ਮੈਂਬਰ ਚੁਣੇ ਗਏ।
  • 1971: ਰਾਸ਼ਟਰਪਤੀ ਨਿਕਸਨ ਨੇ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਸਫੀਰ ਲਾਇਆ।
  • 1974: ਉਨ੍ਹਾਂ ਨੇ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਨਵੇਂ ਕਾਇਮ ਕੀਤੇ ਅਮਰੀਕੀ ਮਿਸ਼ਨ ਦੀ ਅਗਵਾਈ ਕੀਤੀ।
  • 1981-1989: ਰੋਨਾਲਡ ਰੀਗਨ ਦੇ ਉਪ- ਰਾਸ਼ਟਰਪਤੀ ਰਹੇ।
  • 1989-1993: ਅਮਰੀਕਾ ਦੇ ਰਾਸ਼ਟਰਪਤੀ ਵਜੋਂ ਉਨ੍ਹਾਂ ਨੇ ਦੇਸ ਦੀ ਪਹਿਲੇ ਖਾੜੀ ਯੁੱਧ ਵਿੱਚ ਅਗਵਾਈ ਕੀਤੀ ਅਤੇ ਪੂਰਬੀ ਯੂਰਪ ਵਿੱਚ ਕਮਿਊਨਿਜ਼ਮ ਦਾ ਪਤਨ ਦੇਖਿਆ
ਜਾਰਜ ਬੁਸ਼ ਸੀਨੀਅਰ

ਤਸਵੀਰ ਸਰੋਤ, GEORGE BUSH PRESIDENTIAL LIBRARY

ਤਸਵੀਰ ਕੈਪਸ਼ਨ, ਜਾਰਜ ਬੁਸ਼ ਸੀਨੀਅਰ ਅਤੇ ਬਾਰਬਰਾ ਦਾ ਵਿਆਹ 72 ਸਾਲ ਨਿਭਿਆ ਅਤੇ ਉਨ੍ਹਾਂ ਦੇ ਛੇ ਬੱਚੇ ਹੋਏ।

ਨਿੱਜੀ ਜੀਵਨ

ਜਾਰਜ ਹਰਬਰਟ ਵਾਕਰ ਬੁਸ਼ ਨੇ ਪਰਲ ਹਾਰਬਰ ਦੀ ਘਟਨਾ ਤੋਂ ਬਾਅਦ ਆਪਣੇ ਆਪ ਨੂੰ ਫੌਜ ਦੀ ਸੇਵਾ ਲਈ ਪੇਸ਼ ਕੀਤਾ। ਉਨ੍ਹਾਂ ਨੂੰ ਲੜਾਕੂ ਪਾਇਲਟ ਵਜੋਂ ਸਿਖਲਾਈ ਦਿੱਤੀ ਗਈ ਅਤੇ ਉਹ ਦੂਸਰੀ ਵਿਸ਼ਵ ਜੰਗ ਵਿੱਚ ਪੈਸਫਿਕ ਮਹਾਂਸਾਗਰ ਵਿੱਚ ਤੈਨਾਤ ਰਹੇ, ਜਿੱਥੇ ਜਪਾਨ ਖਿਲਾਫ਼ ਕਰਵਾਈ ਦਾ ਹਿੱਸਾ ਬਣੇ।

ਉਸ ਸਮੇਂ ਉਨ੍ਹਾਂ ਦੀ ਉਮਰ ਮਹਿਜ਼ 18 ਸਾਲ ਸੀ ਅਤੇ ਸੰਭਾਵੀ ਤੌਰ ਤੇ ਉਹ ਉਸ ਸਮੇਂ ਅਮਰੀਕਾ ਦੇ ਸਭ ਤੋਂ ਛੋਟੀ ਉਮਰ ਦੇ ਜੰਗੀ ਪਾਇਲਟ ਹੋਣਗੇ।

1945 ਵਿੱਚ ਫੌਜੀ ਸੇਵਾ ਤੋਂ ਮੁਕਤ ਹੋਣ ਉਪਰੰਤ ਉਨ੍ਹਾਂ ਨੇ 18 ਸਾਲਾ ਬਾਰਬਰਾ ਪੀਰਿਸ ਨਾਲ ਵਿਆਹ ਕਰਵਾਇਆ। ਉਨ੍ਹਾਂ ਦਾ ਵਿਆਹ 72 ਸਾਲ ਨਿਭਿਆ ਅਤੇ ਉਨ੍ਹਾਂ ਦੇ ਛੇ ਬੱਚੇ ਹੋਏ।

ਵਿਆਹ ਤੋਂ ਇੱਕ ਸਾਲ ਬਾਅਦ ਉਨ੍ਹਾਂ ਦੇ ਘਰ ਅਮਰੀਕਾ ਦੇ ਭਵਿੱਖ ਦੇ ਰਾਸ਼ਟਰਪਤੀ ਅਤੇ ਜੇਠੇ ਪੁੱਤਰ ਜਾਰਜ ਬੁਸ਼ ਦਾ ਜਨਮ ਹੋਇਆ।

ਜਾਰਜ ਬੁਸ਼ ਸੀਨੀਅਰ

ਤਸਵੀਰ ਸਰੋਤ, Empics

ਤਸਵੀਰ ਕੈਪਸ਼ਨ, ਸਾਲ 1973 ਵਿੱਚ ਰਿਪਬਲਿਕਨ ਨੈਸ਼ਨਲ ਚੇਅਰਮੈਨ ਵਜੋਂ ਤਤਕਾਲੀ ਉਪ-ਰਾਸ਼ਟਰਪਤੀ ਜਿਰਾਲਡ ਫੋਰਡ ਨੂੰ ਮਿਲਦੇ ਹੋਏ।

ਫੌਜ ਵਿੱਚੋਂ ਸੇਵਾ ਮੁਕਤ ਹੋਣ ਉਪਰੰਤ ਉਨ੍ਹਾਂ ਨੇ ਯੇਲ ਯੂਨੀਵਰਸਿਟੀ ਤੋਂ ਪੜ੍ਹਾਈ ਜਾਰੀ ਰੱਖੀ ਅਤੇ ਬੀਏ ਪੂਰੀ ਕੀਤੀ।

ਤੇਲ ਦੇ ਕਾਰੋਬਾਰ ਵਿੱਚ ਪਿਤਾ ਦੇ ਹਵਾਲੇ ਨਾਲ ਉਨ੍ਹਾਂ ਨੂੰ ਨੌਕਰੀ ਮਿਲ ਗਈ ਅਤੇ 45 ਸਾਲ ਦੀ ਉਮਰ ਤੱਕ ਪਹੁੰਚਦਿਆਂ ਉਹ ਇੱਕ ਲੱਖਪਤੀ ਬਣ ਚੁੱਕੇ ਸਨ।

ਉਨ੍ਹਾਂ ਦੀ ਇੱਕ ਬੇਟੀ ਦੀ ਲਿਊਕੀਮੀਆ ਕਾਰਨ ਮੌਤ ਹੋ ਗਈ ਸੀ। ਉਸ ਦੀ ਮੌਤ ਦਾ ਪਰਿਵਾਰ ਉੱਪਰ ਗਹਿਰਾ ਅਸਰ ਹੋਇਆ। ਜਦੋਂ 65 ਸਾਲ ਬਾਅਦ ਬਾਰਬਰਾ ਦੀ ਮੌਤ ਹੋਈ ਤਾਂ ਪਰਿਵਾਰ ਨੇ ਇੱਕ ਭਾਵੁਕ ਨੋਟ ਲਿਖਿਆ: " ਮਾਂ, ਰੌਬਿਨ ਨੂੰ ਸਾਡੇ ਵੱਲੋਂ ਇੱਕ ਜੱਫ਼ੀ ਪਾਇਓ।"

ਸਿਆਸੀ ਸਫ਼ਰ

ਸਮੇਂ ਨਾਲ ਉਨ੍ਹਾਂ ਦੀ ਰੁਚੀ ਸਿਆਸਤ ਵੱਲ ਮੁੜੀ। 1966 ਵਿੱਚ ਉਹ ਹਾਊਸ ਆਫ ਰਿਪਰਿਜ਼ੈਂਟੇਟਿਵਸ ਦੇ ਮੈਂਬਰ ਚੁਣੇ ਗਏ ਅਤੇ ਲਗਾਤਾਰ ਦੋ ਵਾਰ ਮੈਂਬਰ ਰਹੇ।

ਰਾਸ਼ਟਰਪਤੀ ਨਿਕਸਨ ਦੀ ਪ੍ਰੇਰਣਾ ਸਦਕਾ ਉਨ੍ਹਾਂ ਨੇ 1970 ਵਿੱਚ ਮੁੜ ਚੋਣ ਲੜੀ ਪਰ ਡੈਮੋਕ੍ਰੇਟਿਕ ਵਿਰੋਧੀ ਤੋਂ ਹਾਰ ਗਏ। ਫਿਰ ਨਿਕਸਨ ਨੇ ਉਨ੍ਹਾਂ ਨੂੰ ਸਾਲ 1971 ਵਿੱਚ ਸੰਯੁਕਤ ਰਾਸ਼ਟਰ ਦੇ ਸਫੀਰ ਬਣਾ ਕੇ ਭੇਜਿਆ ਅਤੇ ਫਿਰ ਰਿਪਬਲਿਕਨ ਪਾਰਟੀ ਦੇ ਪ੍ਰੈਜ਼ੀਡੈਂਟ ਬਣਾਇਆ।

1974 ਵਿੱਚ ਜਦੋਂ ਨਿਕਸਨ ਨੂੰ ਅਸਤੀਫ਼ਾ ਦੇਣਾ ਪਿਆ ਤਾਂ ਉਨ੍ਹਾਂ ਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਦੇ ਪ੍ਰਚਾਰ ਲਈ ਦੇਸ ਵਿੱਚ ਦੌਰੇ ਕੀਤੇ। ਸਾਲ ਦੇ ਅੰਤ ਵਿੱਚ ਉਹ ਅਮਰੀਕਾ ਦੇ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਅਮਰੀਕਾ ਦੇ ਨਵੇਂ ਕਾਇਮ ਕੀਤੇ ਗਏ ਮਿਸ਼ਨ ਦੀ ਅਗਵਾਈ ਕਰਨ ਚਲੇ ਗਏ।

ਇੱਕ ਸਾਲ ਬਾਅਦ ਹੀ ਉਨ੍ਹਾਂ ਨੂੰ ਰਾਸ਼ਟਰਪਤੀ ਫੋਰਡ ਨੇ ਵਾਪਸ ਬੁਲਾ ਕੇ ਕੇਂਦਰੀ ਖੂਫੀਆ ਏਜੰਸੀ ਦਾ ਕਾਰਜਭਾਰ ਸੌਂਪ ਦਿੱਤਾ। ਉਸ ਸਮੇਂ ਸੀਆਈਏ ਕਈ ਵਿਵਾਦਾਂ ਵਿੱਚ ਘਿਰੀ ਹੋਈ ਸੀ।

ਇਸੇ ਦੌਰਾਨ ਉਨ੍ਹਾਂ ਦੀ ਪਤਨੀ ਦੀ ਮਾਨਸਿਕ ਸਿਹਤ ਨਿੱਘਰਨੀ ਸ਼ੁਰੂ ਹੋ ਗਈ।

ਸਾਲ 1978 ਵਿੱਚ ਸੀਆਈਏ ਛੱਡਣ ਮਗਰੋਂ ਉਨ੍ਹਾਂ ਨੇ ਇੱਕ ਰਿਪਬਲਿਕਨ ਉਮੀਦਵਾਰ ਵਜੋਂ 1980 ਦੀਆਂ ਰਾਸ਼ਟਰਪਤੀ ਚੋਣਾਂ ਲਈ ਪ੍ਰਚਾਰ ਸ਼ੁਰੂ ਕੀਤਾ।

1980 ਤੱਕ ਉਹ ਰੌਨਾਲਡ ਰੀਗਨ ਦੇ ਇੱਕ ਮਜ਼ਬੂਤ ਵਿਰੋਧੀ ਉਮੀਦਵਾਰ ਵਜੋਂ ਉੱਭਰ ਚੁੱਕੇ ਸਨ।

ਜਾਰਜ ਬੁਸ਼ ਸੀਨੀਅਰ

ਤਸਵੀਰ ਸਰੋਤ, KEYSTONE/GETTY IMAGES

ਇਸੇ ਦੌਰਾਨ ਉਨ੍ਹਾਂ ਨੂੰ ਸਮਝ ਆਇਆ ਕਿ ਉਨ੍ਹਾਂ ਦਾ ਪ੍ਰਾਪਤੀਆਂ ਭਰਿਆ ਅਤੀਤ ਇੱਕ ਰੁਕਾਵਟ ਸਾਬਤ ਹੋ ਰਿਹਾ ਸੀ।

ਉਨ੍ਹਾਂ ਕਿਹਾ, “ ਸਰਬਸ੍ਰੇਸ਼ਟ ਹੋਣ ਵਿੱਚ ਕੀ ਗਲਤ ਹੈ? ਚੰਗਾ ਪੜ੍ਹਿਆ ਲਿਖਿਆ ਹੋਣ ਵਿੱਚ ਕੀ ਗਲਤ ਹੈ? ਆਪਣੀ ਜ਼ਿੰਦਗੀ ਤੇ ਕਾਰੋਬਾਰ ਵਿੱਚ ਕਾਮਯਾਬ ਹੋਣ ਅਤੇ ਚੀਨ ਅਤੇ ਸੰਯੁਕਤ ਰਾਸ਼ਟਰ ਵਿੱਚ ਵਧੀਆ ਸਫ਼ੀਰ ਰਹਿਣ ਜਾਂ ਸੀਆਈਏ ਵਿੱਚ ਵਧੀਆ ਕੰਮ ਕੀਤੇ ਹੋਣ ਦਾ ਕੀ ਨੁਕਸਾਨ ਹੈ? ਮੈਨੂੰ ਪਤਾ ਹੈ ਕਿ ਇਹ ਨਿਮਰ ਨਹੀਂ ਹੈ ਹੈ ਪਰ ਇਹੀਂ ਮੇਰਾ ਰਿਕਾਰਡ ਹੈ।”

ਉਹ ਰੀਗਨ ਤੋਂ ਹਾਰ ਗਏ ਪਰ ਉਹ ਵ੍ਹਾਈਟ ਹਾਊਸ ਵਿੱਚ ਉਨ੍ਹਾਂ ਦੇ ਸਹਾਇਕ ਬਣ ਗਏ ਜਿੱਥੇ ਉਨ੍ਹਾਂ ਨੂੰ ਦੇਸ ਦੇ ਸਭ ਤੋਂ ਸਿਖਰਲੇ ਅਹੁਦੇ ਲਈ 8 ਸਾਲ ਸਿਖਲਾਈ ਹਾਸਲ ਕਰਨ ਦਾ ਮੌਕਾ ਮਿਲਿਆ।

ਜਾਰਜ ਬੁਸ਼ ਸੀਨੀਅਰ
ਤਸਵੀਰ ਕੈਪਸ਼ਨ, ਜਦੋਂ ਜਾਰਜ ਬੁਸ਼ ਸੀਨੀਅਰ ਰਾਸ਼ਟਰਪਤੀ ਬਣੇ ਉਹ ਸਮਾਂ ਵਿਸ਼ਵੀ ਉਥਲ-ਪੁਥਲ ਦਾ ਸਮਾਂ ਸੀ।

ਆਖਰ 1988 ਦੀਆਂ ਰਾਸ਼ਟਰਪਤੀ ਚੋਣਾਂ ਵਿੱਚੋਂ ਉਹ ਜੇਤੂ ਹੋ ਕੇ ਨਿਕਲੇ ਅਤੇ ਰਾਸ਼ਟਰਪਤੀ ਬਣੇ।

ਉਨ੍ਹਾਂ ਲਈ ਪਰਖ ਦੀ ਅਸਲੀ ਘੜੀ 1990 ਵਿੱਚ ਅਮਰੀਕਾ ਦਾ ਇਰਾਕ ਦੇ ਹੁਕਮਰਾਨ ਸਦਾਮ ਹੁਸੈਨ ਖਿਲਾਫ ਯੁੱਧ ਸੀ। ਹਾਲਾਂਕਿ ਬੁਸ਼ ਸਦਾਮ ਦਾ ਤਖ਼ਤਾ ਪਲਟ ਨਹੀਂ ਕਰ ਸਕੇ ਪਰ ਉਨ੍ਹਾਂ ਸਾਊਦੀ ਅਰਬ ਵਿੱਚ ਆਮਰੀਕੀ ਟਿਕਾਣਾ ਬਣਾ ਲਿਆ ਜੋ ਅੱਗੇ ਜਾ ਕੇ ਅਮਰੀਕਾ ਲਈ ਲਾਹੇਵੰਦ ਸਾਬਤ ਹੋਇਆ।

ਉਨ੍ਹਾਂ ਨੇ ਇਰਾਕ ਉੱਪਰ ਕਾਰਵਾਈ ਦੀ ਸੰਯੁਕਤ ਰਾਸ਼ਟਕ ਤੋਂ ਪ੍ਰਵਾਨਗੀ ਲੈਣ ਲਈ ਦੇਰੀ ਕੀਤੀ। ਇਸ ਤੋਂ ਬਾਅਦ 100 ਘੰਟੇ ਲੜਾਈ ਚੱਲੀ ਜਿਸ ਵਿੱਚ ਅਮਰੀਕਾ ਅਤੇ ਮਿੱਤਰ ਦੇਸਾਂ ਦੀ ਫੌਜ ਦੀ ਜਿੱਤ ਹੋਈ ਅਤੇ ਜਿਸ ਨਾਲ ਅਮਰੀਕਾ ਦੇ ਮਨੋਬਲ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ।

ਹਾਲਾਂਕਿ ਮਿੱਤਰ ਮੁਲਕਾਂ ਦੀਆਂ ਫੌਜਾਂ ਬਗਦਾਦ ਤੱਕ ਨਹੀਂ ਪਹੁੰਚ ਸਕੀਆਂ ਜਿਸ ਕਾਰਨ ਸਦਾਮ ਹੁਸੈਨ ਦਾ ਇਰਾਕ ਉੱਪਰ ਰਾਜ ਕਾਇਮ ਰਹਿ ਸਕਿਆ। ਉਨ੍ਹਾਂ ਦੇ ਇਸ ਅਧੂਰੇ ਕੰਮ ਨੂੰ ਉਨ੍ਹਾਂ ਦੇ ਪੁੱਤਰ ਅਤੇ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੇ ਸਦਾਮ ਨੂੰ ਗੱਦੀਓਂ ਲਾਹ ਕੇ ਪੂਰਾ ਕੀਤਾ।

ਜਾਰਜ ਬੁਸ਼ ਸੀਨੀਅਰ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਪਿਓ-ਪੁੱਤਰ ਦੇ ਰਿਸ਼ਤਿਆਂ ਵਿੱਚ ਕਦੇ-ਕਦੇ ਤਲਖੀ ਵੀ ਸਾਹਮਣੇ ਆਉਦੀ ਸੀ।

ਘਰੇਲੂ ਮੋਰਚੇ ਉੱਪਰ ਉਨ੍ਹਾਂ ਦੀਆਂ ਨੀਤੀਆਂ ਗਲਤੀਆਂ ਨਾਲ ਭਰੀਆਂ ਹੋਈਆਂ ਸਨ। ਉਨ੍ਹਾਂ ਦੇ ਕਾਰਜਕਾਲ ਵਿੱਚ ਅਮਰੀਕਾ ਨੇ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਦੀ ਸਭ ਤੋਂ ਭਿਆਨਕ ਆਰਥਿਕ ਤੰਗੀ ਦੇਖੀ ਅਤੇ ਉਨ੍ਹਾਂ ਦੀ ਸਭ ਤੋਂ ਵੱਡੀ ਭੁੱਲ ਸੀ ਟੈਕਸ ਵਿੱਚ ਵਾਧਾ ਜਿਸ ਦਾ ਉਨ੍ਹਾਂ ਵਾਅਦਾ ਕੀਤਾ ਸੀ ਕਿ ਕਦੇ ਨਹੀਂ ਵਧਾਉਣਗੇ।

ਕਲਿੰਟਨ ਤੋਂ ਮਾਤ

ਬੁਸ਼ ਆਪਣੇ ਵਿਰੋਧੀ ਦੀ ਸ਼ਕਤੀ ਦਾ ਮੁਕਾਬਲਾ ਨਹੀਂ ਕਰ ਸਕੇ। ਬਿਲ ਕਲਿੰਟਨ ਉਸ ਸਮੇਂ ਅਰਕਾਨਸ ਸੂਬੇ ਦੇ ਡੈਮੋਕਰੇਟਿਕ ਗਵਰਨਰ ਸਨ। ਕਲਿੰਟਨ ਨੇ ਦੇਸ ਵਾਸੀਆਂ ਸਾਹਮਣੇ ਅਮਰੀਕਾ ਦਾ ਅਜਿਹਾ ਨਜ਼ਰੀਆਂ ਰੱਖਿਆ ਜੋ ਬੁਸ਼ ਕਦੇ ਨਹੀਂ ਰੱਖ ਸਕੇ।

ਕਲਿੰਟਨ ਤੋਂ ਹਾਰਨ ਮਗਰੋਂ ਉਨ੍ਹਾਂ ਨੇ ਇੱਕ ਬਜ਼ੁਰਗ ਸਿਆਸਤਦਾਨ ਵਜੋਂ ਦੁਨੀਆਂ ਦਾ ਭਰਮਣ ਕੀਤਾ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਆਪਣੇ ਪੁੱਤਰ ਜਾਰਜ ਬੁਸ਼ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਦਿਆਂ ਦੇਖਣ ਦੀ ਖੁਸ਼ੀ ਮਿਲੀ ਪਰ ਦੋਹਾਂ ਵਿੱਚਲੇ ਰਿਸ਼ਤੇ ਕਦੇ ਵੀ ਇੱਕ ਸਾਰ ਨਹੀਂ ਰਹੇ ਅਤੇ ਤਲਖੀ ਹੋ ਜਾਂਦੀ ਸੀ।

ਸਾਲ 2014 ਵਿੱਚ ਉਨ੍ਹਾਂ ਨੇ ਆਪਣਾ ਨੱਬੇਵਾਂ ਜਨਮ ਦਿਨ ਪੈਰਾਸ਼ੂਟ ਨਾਲ ਛੋਟੀ ਜਿਹੀ ਛਲਾਂਗ ਲਾ ਕੇ ਆਪਣੇ ਘਰ ਹੀ ਮਨਾਇਆ। ਇਸ ਮਗਰੋਂ ਉਨ੍ਹਾਂ ਦਾ ਜਨਤਕ ਇਕੱਠਾਂ ਵਿੱਚ ਦਿਸਣਾ ਘਟ ਗਿਆ ਤ ਉਹ ਵ੍ਹੀਲਚੇਅਰ ਨਾਲ ਬੱਝ ਗਏ।

ਉਨ੍ਹਾਂ ਉੱਪਰ ਕਈ ਔਰਤਾਂ ਨੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਾਏ। ਸਾਬਕਾ ਰਾਸ਼ਟਰਪਤੀ ਨੇ ਇਨ੍ਹਾਂ ਇਲਜ਼ਾਮਾਂ ਤੋਂ ਭਾਵੇਂ ਇਨਕਾਰ ਕੀਤੀ ਪਰ ਇਸ ਦੇ ਨਾਲ ਹੀ ਉਨ੍ਹਾਂ ਜਾਣੇ-ਅਣਜਾਣੇ ਕਿਸੇ ਦਾ ਦਿਲ ਦੁਖਾਉਣ ਲਈ ਮਾਫੀ ਵੀ ਮੰਗੀ ।

ਜਾਰਜ ਬੁਸ਼ ਸੀਨੀਅਰ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਆਪਣੀ ਪਤਨੀ ਦੀਆਂ ਅੰਤਿਮ ਰਸਮਾਂ ਸਮੇਂ ਅਮਰੀਕੀ ਰਾਸ਼ਟਰਪਤੀਆਂ ਅਤੇ ਉਨ੍ਹਾਂ ਦੀਆਂ ਪਤਨੀਆਂ ਨਾਲ ਜਾਰਜ ਬੁਸ਼ ਸੀਨੀਅਰ।

ਉਨ੍ਹਾਂ ਦੀ ਪਤਨੀ ਦੀ ਵਿਆਹ ਦੇ ਸੱਤ ਦਹਾਕਿਆਂ ਬਾਅਦ ਮੌਤ ਹੋ ਗਈ। ਬਾਰਬਰਾ ਦੀਆਂ ਅੰਤਿਮ ਰਸਮਾਂ ਵਿੱਚ ਜਾਰਜ ਬੁਸ਼ ਸਮੇਤ ਬਿਲ ਕਲਿੰਟਨ, ਬਰਾਕ ਓਬਾਮਾ ਸ਼ਾਮਲ ਹੋਏ। ਪਰ ਰਾਸ਼ਟਰਪਤੀ ਟਰੰਪ ਇਨ੍ਹਾਂ ਰਸਮਾਂ ਤੋਂ ਦੂਰ ਹੀ ਰਹੇ।

ਇੱਕ ਰਾਸ਼ਟਰਪਤੀ ਵਜੋਂ ਉਹ ਇੱਕ ਪ੍ਰਬੰਧਕ ਵਧੇਰੇ ਅਤੇ ਇੱਕ ਪ੍ਰੇਰਿਤ ਕਰਨ ਵਾਲੇ ਆਗੂ ਵਜੋਂ ਘੱਟ ਜਾਣੇ ਜਾਂਦੇ ਹਨ। ਕੁਝ ਲੋਕਾਂ ਨੂੰ ਲਗਦਾ ਸੀ ਕਿ ਉਨ੍ਹਾਂ ਵਿੱਚ ਕੌਮਨ ਟੱਚ ਦੀ ਕਮੀ ਸੀ।

ਉਨ੍ਹਾਂ ਦੀ ਵਿਦੇਸ਼ ਨੀਤੀ ਦੀ ਘਰੇਲੂ ਨੀਤੀ ਨਾਲੋਂ ਵਧੇਰੇ ਪ੍ਰਸ਼ੰਸ਼ਾ ਕੀਤੀ ਗਈ। ਆਲੋਚਕਾਂ ਮੁਤਾਬਕ ਉਹ ਇੱਕ ਅਜਿਹੇ ਰਾਸ਼ਟਰਪਤੀ ਸਨ ਜਿਸ ਦੀ ਆਰਥਿਕਤਾ ਉੱਪਰ ਪਕੜ ਨਹੀਂ ਸੀ।

ਇੱਕ ਇਨਸਾਨ ਵਜੋਂ ਉਨ੍ਹਾਂ ਨੂੰ ਇੱਕ ਸਭਿਅਕ ਪਰਿਵਾਰਕ ਵਿਅਕਤੀ ਵਜੋਂ ਯਾਦ ਕੀਤਾ ਜਾਵੇਗਾ ਜਿਸ ਨੂੰ ਸਿਆਸਤ ਦੀ ਅਨਿਸ਼ਚਿਤਤਾ ਨਹੀਂ ਸੀ ਸੁਖਾਂਦੀ।

ਉਨ੍ਹਾਂ ਇੱਕ ਵਾਰ ਕਿਹਾ ਸੀ, ਤੁਸੀਂ ਇੱਕ ਦੂਸਰੇ ਖਿਲਾਫ ਦੌੜਦੇ ਹੋ ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਦੁਸ਼ਮਣ ਹੋ।” “ਸਿਆਸਤ ਅਸਭਿਆ ਅਤੇ ਗੰਦੀ ਨਹੀਂ ਹੋਣੀ ਚਾਹੀਦੀ।”

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)