ਕਰਤਾਰਪੁਰ ਸਮਾਗਮ 'ਚ ਸਿੱਧੂ ਤੇ ਲੌਂਗੋਵਾਲ ਨਾਲ ਦਿਖਿਆ ਖਾਲਿਸਤਾਨੀ ਗੋਪਾਲ ਚਾਵਲਾ ਆਖਰ ਹੈ ਕੌਣ

ਤਸਵੀਰ ਸਰੋਤ, FB/ Gopal Singh Chawla
- ਲੇਖਕ, ਦਲਜੀਤ ਅਮੀ
- ਰੋਲ, ਪੱਤਰਕਾਰ, ਬੀਬੀਸੀ ਪੰਜਾਬੀ
ਕਰਤਾਰਪੁਰ ਸਾਹਿਬ ਲਈ ਕੌਮਾਂਤਰੀ ਸਰਹੱਦ ਦੇ ਆਰ-ਪਾਰ ਲਾਂਘਾ ਬਣਾਉਣ ਲਈ ਦੋਵੇਂ ਪਾਸੇ ਨੀਂਹ-ਪੱਥਰ ਰੱਖਣ ਦੇ ਸਮਾਗਮ ਹੋਏ ਹਨ। ਇਨ੍ਹਾਂ ਸਮਾਗਮਾਂ ਨਾਲ ਕਈ ਤਰ੍ਹਾਂ ਦੀ ਚਰਚਾ ਜੁੜੀ ਹੋਈ ਹੈ। ਸਿਆਸੀ ਧਿਰਾਂ ਵਿਚਕਾਰ ਅਤੇ ਸਿਆਸੀ ਧਿਰਾਂ ਦੇ ਅੰਦਰ ਆਗੂਆਂ ਦੀ ਅਚਵੀ ਇਸ ਮੌਕੇ ਜੱਗ-ਜ਼ਾਹਿਰ ਹੋ ਰਹੀ ਹੈ।
ਨਵਜੋਤ ਸਿੰਘ ਸਿੱਧੂ ਨੂੰ ਗੱਦਾਰ ਕਰਾਰ ਦੇਣ ਵਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਸ ਮੌਕੇ ਨੂੰ ਆਪਣੀ ਸਰਕਾਰ ਦੀ ਪ੍ਰਾਪਤੀ ਕਰਾਰ ਦਿੰਦੀ ਹੈ।
ਇਸ ਮੌਕੇ ਦੇਸ਼-ਭਗਤੀ, ਗੱਦਾਰੀ, ਅਮਨ, ਜੰਗ, ਨਾਨਕ ਦੇ ਸੱਚੇ-ਪੈਰੋਕਾਰ ਵਰਗੇ ਸ਼ਬਦ ਵਿਸ਼ੇਸ਼ਣਾਂ ਵਜੋਂ ਖੁੱਲ੍ਹਦਿਲੀ ਨਾਲ ਵਰਤੇ ਜਾ ਰਹੇ ਹਨ ਜੋ ਕਈ ਵਾਰ ਤੰਗਨਜ਼ਰੀ ਦੀ ਨੁਮਾਇਸ਼ ਕਰਦੇ ਜਾਪਦੇ ਹਨ।
ਇਸ ਦੌਰਾਨ ਕਈ ਭਾਰਤੀ ਅਖ਼ਬਾਰਾਂ ਅਤੇ ਟੈਲੀਵਿਜ਼ਨ ਚੈਨਲਾਂ ਨੇ ਇਸ ਸਮੁੱਚੀ ਕਾਰਵਾਈ ਉੱਤੇ ਸੁਆਲ ਕੀਤੇ ਹਨ, ਜਿਨ੍ਹਾਂ ਰਾਹੀਂ ਭਾਰਤ-ਪਾਕਿਸਤਾਨ ਦੇ ਖੱਟੇ-ਮਿੱਠੇ ਰਿਸ਼ਤਿਆਂ ਦੇ ਚੋਣਵੇਂ ਤੱਥਾਂ ਨੂੰ ਚੇਤੇ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ:
ਪਾਕਿਸਤਾਨ ਦੀ ਸਰਜ਼ਮੀਨ ਤੋਂ ਦਹਿਸ਼ਤਗਰਦੀ ਦਾ ਪਸਾਰਾ ਅਤੇ ਭਾਰਤ ਦੇ ਵੱਖਵਾਦੀਆਂ ਨੂੰ ਹਮਾਇਤ ਹਮੇਸ਼ਾਂ ਅਹਿਮ ਸੁਆਲ ਰਿਹਾ ਹੈ ਅਤੇ ਇਹ ਇਸ ਮੌਕੇ ਤੋਂ ਵੀ ਗ਼ੈਰ-ਹਾਜ਼ਿਰ ਨਹੀਂ ਰਿਹਾ। ਇਸ ਵਾਰ ਗੋਪਾਲ ਸਿੰਘ ਚਾਵਲਾ ਨਾਮ ਦੇ ਸਖ਼ਸ਼ ਦੀਆਂ ਤਸਵੀਰਾਂ ਦੇ ਹਵਾਲੇ ਨਾਲ ਦਾਅਵੇ ਕੀਤੇ ਗਏ ਹਨ ਕਿ ਉਹ ਖਾਲਿਸਤਾਨੀ ਹਨ ਅਤੇ ਉਨ੍ਹਾਂ ਦੀ ਸਮਾਗਮ ਮੌਕੇ ਹਾਜ਼ਰੀ ਪਾਕਿਸਤਾਨੀ ਹਕੂਮਤ ਅਤੇ ਫੌਜ ਦੇ ਭਾਰਤ ਵਿਰੋਧੀ ਖ਼ਾਸੇ ਦੀ ਨੁਮਾਇੰਦਗੀ ਕਰਦੀ ਹੈ।
ਕੌਣ ਹੈ ਗੋਪਾਲ ਚਾਵਲਾ?
ਇਸ ਮੌਕੇ ਇਹ ਸੁਆਲ ਅਹਿਮ ਬਣ ਜਾਂਦੇ ਹਨ ਕਿ ਇਹ ਗੋਪਾਲ ਸਿੰਘ ਚਾਵਲਾ ਕੌਣ ਹਨ ਅਤੇ ਉਨ੍ਹਾਂ ਦੀ ਨੀਂਹ-ਪੱਥਰ ਰੱਖਣ ਵਾਲੇ ਸਮਾਗਮ ਵਿੱਚ ਸ਼ਿਰਕਤ ਦੇ ਕੀ ਮਾਅਨੇ ਹਨ? ਉਨ੍ਹਾਂ ਦੇ ਫੇਸਬੁੱਕ ਖਾਤੇ ਮੁਤਾਬਕ ਉਹ ਨਨਕਾਣਾ ਸਾਹਿਬ ਦੇ ਵਾਸੀ ਹਨ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਹਨ।

ਤਸਵੀਰ ਸਰੋਤ, FB/Gopal Singh Chawla
ਭਾਰਤੀ ਮੀਡੀਆ ਵਿੱਚ ਗੋਪਾਲ ਸਿੰਘ ਚਾਵਲਾ ਨਾਲ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਫੋਟੋ ਆਈ ਤਾਂ ਇਸ ਉੱਤੇ ਮਣਾਂਮੂੰਹੀ ਚਰਚਾ ਮੀਡੀਆ ਵਿੱਚ ਹੋਈ।
ਸਾਮਨਾ ਟੈਲੀਵਿਜ਼ਨ ਉੱਤੇ ਚਰਚਾ ਵਿੱਚ ਸ਼ਿਰਕਤ ਕਰਦਿਆਂ ਗੋਪਾਲ ਸਿੰਘ ਚਾਵਲਾ ਨੇ ਕਿਹਾ ਹੈ, "ਮੈਂ ਆਪਣੇ ਮੁਲਕ ਦੇ ਫੌਜ ਮੁਖੀ ਨਾਲ ਮਿਲਿਆ ਹਾਂ, ਮੈਂ ਕਿਸੇ ਇਸਰਾਇਲ ਜਾਂ ਇੰਡੀਆ ਦੇ ਫੌਜੀ ਨੂੰ ਤਾਂ ਨਹੀਂ ਮਿਲਿਆ। ਕਮਰ ਜਾਵੇਦ ਬਾਜਵਾ ਸਾਡੇ ਦਿਲਾਂ ਵਿੱਚ ਰਹਿੰਦੇ ਹਨ ਕਿਉਂਕਿ ਸਿੱਖ ਕੌਮ ਦਾ ਪਾਕਿਸਤਾਨ ਨਾਲ ਰਿਸ਼ਤਾ ਉਸੇ ਤਰ੍ਹਾਂ ਹੈ ਜਿਵੇਂ (ਮੁਸਲਮਾਨ) ਤੁਹਾਡਾ ਸਾਉਦੀ ਅਰਬ ਨਾਲ ਹੈ। ਜੇ ਪਾਕਿਸਤਾਨ ਤਰੱਕੀ ਕਰਦਾ ਹੈ ਤਾਂ ਸਿੱਖ ਕੌਮ ਤਰੱਕੀ ਕਰਦੀ ਹੈ …।"
ਉਹ ਸਿੱਖ ਅਤੇ ਮੁਸਲਮਾਨ ਦੇ ਰਿਸ਼ਤੇ ਬਾਬਤ ਗੁਰੂ ਨਾਨਕ ਦੇ ਹਵਾਲੇ ਨਾਲ ਕਹਿੰਦੇ ਹਨ, "ਗੁਰੂ ਨਾਨਕ ਦੀ ਪੈਦਾਇਸ਼ ਮਾਈ ਦੌਲਤਾ ਦੇ ਹੱਥਾਂ ਵਿੱਚ ਹੋਈ। ਗੁਰੂ ਸਾਹਿਬ ਦੀ ਰੂਹਾਨੀਅਤ ਨੂੰ ਸਭ ਤੋਂ ਪਹਿਲਾਂ ਤਸਲੀਮ ਕਰਨ ਵਾਲੇ ਰਾਏ ਬੁਲਾਰ ਭੱਟੀ ਸਨ।
ਉਨ੍ਹਾਂ ਦੇ ਸਭ ਤੋਂ ਕਰੀਬੀ ਸਾਥੀ ਮਰਦਾਨਾ ਸਨ। ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੀ ਨੀਂਹ ਪੱਥਰ ਹਜ਼ਰਤ ਮੀਆ ਮੀਰ ਨੇ ਰੱਖਿਆ। ਗੁਰੂ ਗੋਬਿੰਦ ਸਿੰਘ ਦਾ ਸਭ ਤੋਂ ਕਰੀਬੀ ਸਾਥੀ ਬੁੱਧੂ ਸ਼ਾਹ ਸੀ। ਗੁਰੂ ਗ੍ਰੰਥ ਸਾਹਿਬ, ਜਿਸ ਦੇ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ, ਵਿੱਚ 103 ਥਾਂ ਉੱਤੇ ਬਾਬਾ ਫਰੀਦ ਸਾਹਿਬ ਦਾ ਜ਼ਿਕਰ ਆਉਂਦਾ ਹੈ।"
ਸਿੱਖ ਤੇ ਮੁਸਲਮਾਨ ਭੈਣ-ਭਰਾਵਾਂ ਦਾ ਮੇਲ
ਉਨ੍ਹਾਂ ਦੀ ਪਛਾਣ ਦਾ ਦੂਜਾ ਪੱਖ ਪੰਜਾਬੀ ਸਿੱਖ ਸੰਗਤ ਨਾਮ ਦੀ ਤਨਜੀਮ ਦਾ ਚੇਅਰਮੈਨ ਹੋਣਾ ਹੈ ਜਿਸ ਦੇ ਫੇਸਬੁੱਕ ਪੰਨੇ ਦੇ 54,000 ਤੋਂ ਜ਼ਿਆਦਾ ਫੌਲੋਅਰ ਹਨ। ਇਸ ਤਨਜੀਮ ਨਾਲ ਜੁੜੀਆਂ ਖ਼ਬਰਾਂ ਗੋਪਾਲ ਸਿੰਘ ਨੇ ਫੇਸਬੁੱਕ ਉੱਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਦੀ ਆਖ਼ਰੀ ਖ਼ਬਰ ਤਿੰਨ ਭੈਣ-ਭਰਾਵਾਂ ਦਾ ਸੱਤਰ ਸਾਲ ਬਾਅਦ ਨਨਕਾਣਾ ਸਾਹਿਬ ਵਿੱਚ ਮੇਲ ਹੋਣਾ ਹੈ।
ਇਹ ਖ਼ਬਰ ਪਿਛਲੇ ਤਿੰਨ ਦਿਨਾਂ ਵਿੱਚ ਭਾਰਤ-ਪਾਕਿਸਤਾਨ ਦੇ ਤਕਰੀਬਨ ਹਰ ਮੀਡੀਆ ਅਦਾਰੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਨਸ਼ਰ ਕੀਤੀ ਹੈ। ਨਨਕਾਣਾ ਸਾਹਿਬ ਵਿੱਚ ਤਿੰਨ ਭੈਣ-ਭਰਾਵਾਂ ਦੀ ਮਿਲਣੀ ਵੇਲੇ ਗੋਪਾਲ ਸਿੰਘ ਚਾਵਲਾ ਹਾਜ਼ਿਰ ਸਨ।

ਤਸਵੀਰ ਸਰੋਤ, FB/Gopal Chawla
ਉਹ ਕਹਿ ਰਹੇ ਸਨ, "ਇਹ ਦੋਵੇਂ ਭੈਣਾਂ ਮੁਸਲਮਾਨ ਅਤੇ ਇਹ ਭਰਾ ਸਿੱਖ ਹੈ ਅਤੇ ਇਨ੍ਹਾਂ ਦੀ ਮੁਲਾਕਾਤ ਸੱਤਰ ਸਾਲਾਂ ਬਾਅਦ ਹੋਈ ਹੈ। ਪੰਜਾਬੀ ਸਿੱਖ ਸੰਗਤ ਨੇ ਉਪਰਾਲਾ ਕੀਤਾ ਸੀ ਅਤੇ ਅਸੀਂ ਇਹ ਐਲਾਨ ਕਰਵਾਏ ਸਨ ਕਿ ਜੇ ਕਿਸੇ ਦਾ ਭੈਣ-ਭਰਾ ਪਾਕਿਸਤਾਨ ਦੇ ਕਿਸੇ ਹਿੱਸੇ ਵਿੱਚ ਵੀ ਰਹਿ ਗਿਆ ਹੈ ਤਾਂ ਸਾਡੇ ਨਾਲ ਰਾਬਤਾ ਕਾਇਮ ਕਰੋ।"
ਇਸ ਤੋਂ ਬਾਅਦ ਉਹ ਦਾਅਵਾ ਕਰ ਰਹੇ ਹਨ ਕਿ ਉਹ ਪਾਕਿਸਤਾਨ ਵਿੱਚ ਵਿਛੜੇ ਭੈਣ-ਭਰਾਵਾਂ ਦੇ ਮੇਲ ਲਈ ਪੰਜਾਬੀ ਸਿੱਖ ਸੰਗਤ ਰਾਹੀਂ ਹਰ ਉਪਰਾਲਾ ਕਰਨਗੇ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕੀ ਕਮੇਟੀ ਨੇ ਲਗਾਤਾਰ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਵਕਾਲਤ ਕੀਤੀ ਹੈ ਅਤੇ ਇਸ ਸਮਾਗਮ ਵਿੱਚ ਉਨ੍ਹਾਂ ਦੀ ਭਾਈਵਾਲੀ ਸੁਭਾਵਿਕ ਹੈ। ਡੇਰਾ ਬਾਬਾ ਨਾਨਕ ਵਿੱਚ ਨੀਂਹ ਪੱਥਰ ਰੱਖਣ ਵਾਲੇ ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸ਼ਾਮਿਲ ਹੋਏ ਸਨ।
ਇਸ ਤਰ੍ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮਰੁਤਬਾ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਮਰੁਤਬਾ ਤਨਜੀਮ ਹੈ ਅਤੇ ਦੂਜੇ ਪਾਸੇ ਕਰਤਾਰਪੁਰ ਸਾਹਿਬ ਵਿੱਚ ਗੁਰਦੁਆਰੇ ਦੀ ਇੰਤਜਾਮੀਆ ਹੈ। ਇਸ ਲਿਹਾਜ ਨਾਲ ਉਹ ਸਮੁੱਚੇ ਸਮਾਗਮ ਦੇ ਮੇਜ਼ਬਾਨ ਸੀ ਅਤੇ ਗੋਪਾਲ ਸਿੰਘ ਚਾਵਲਾ ਇਸ ਦੇ ਨੁਮਾਇੰਦੇ ਸਨ।
ਸਿੱਧੂ ਨੂੰ ਕਿਵੇਂ ਮਿਲੇ ਗੋਪਾਲ ਚਾਵਲਾ
ਉਹ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਬਾਬਤ ਦੱਸਦੇ ਹਨ, "ਮੈਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਵਜੋਂ ਆਪਣੇ ਮੁਲਕ ਵਿੱਚ ਆਏ ਨਵਜੋਤ ਸਿੰਘ ਸਿੱਧੂ ਦੇ ਸੁਆਗਤ ਲਈ ਗਿਆ ਸਾਂ ਅਤੇ ਉੱਥੇ ਤਸਵੀਰ ਖਿਚਵਾਈ ਸੀ। ਇਸੇ ਨਾਤੇ ਮੇਰੀਆਂ ਬਾਕੀ ਮਹਿਮਾਨਾਂ ਨਾਲ ਵੀ ਤਸਵੀਰਾਂ ਖਿੱਚੀਆਂ ਗਈਆਂ ਸਨ।"
ਉਨ੍ਹਾਂ ਦੀ ਫੇਸਬੁੱਕ ਉੱਤੇ ਹੀ ਪਾਕਿਸਤਾਨੀ ਟੈਲੀਵਿਜ਼ਨ ਪੀਟੀਵੀ ਦੀ 54ਵੀਂ ਵਰੇਗੰਢ ਮੌਕੇ ਨਨਕਾਣਾ ਸਾਹਿਬ ਵਿੱਚ ਹੋਏ ਸਮਾਗਮ ਦੀ ਰਪਟ ਹੈ ਜਿਸ ਵਿੱਚ ਗੋਪਾਲ ਸਿੰਘ ਚਾਵਲਾ ਨੇ ਮਜ਼ਹਵੀ ਘੱਟ-ਗਿਣਤੀਆਂ ਦੇ ਨੁਮਾਇੰਦਿਆਂ ਨਾਲ ਸਿੱਖ ਬਰਾਬਰੀ ਦੇ ਨੁਮਾਇੰਦੇ ਵਜੋਂ ਸ਼ਿਰਕਤ ਕੀਤੀ ਸੀ।
ਇੱਕ ਵੀਡੀਓ ਵਿੱਚ ਉਹ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਬੋਲ ਰਹੇ ਹਨ ਕਿ ਪਾਕਿਸਤਾਨ ਵਿੱਚ ਸਿੱਖਾਂ ਦੀ ਮੁਕੱਦਸ ਥਾਂ ਉੱਤੇ ਦਮਦਮੀ ਟਕਸਾਲ ਤੋਂ ਲੈ ਕੇ 2020-ਮਰਦਮਸ਼ੁਮਾਰੀ ਵਾਲੇ ਆਪਣੇ ਬੈਨਰ ਲਗਾ ਸਕਦੇ ਹਨ ਕਿਉਂਕਿ ਇਸ ਥਾਂ ਉੱਤੇ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ।
ਉਹ ਦਾਅਵਾ ਕਰਦੇ ਹਨ, "ਜਿੰਨੀ ਗੁਰਸਿੱਖਾਂ ਨੂੰ ਆਜ਼ਾਦੀ ਪਾਕਿਸਤਾਨ ਵਿੱਚ ਹੈ, ਉਹ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਹੈ। ਜੇ ਹਿੰਦੋਸਤਾਨ ਨੇ ਇਸੇ ਮਾਮਲੇ ਵਿੱਚ ਸਾਡੇ ਨਾਲ ਜਿੱਦ ਕਰਨੀ ਹੈ ਤਾਂ ਇਸੇ ਤਰ੍ਹਾਂ ਦੀ ਆਜ਼ਾਦੀ ਸਿੱਖਾਂ ਨੂੰ ਉੱਥੇ ਦੇ ਦੇਵੇ।"
ਇਸ ਤੋਂ ਬਾਅਦ ਉਹ ਕੁਝ ਚੋਣਵੀਂਆਂ ਘਟਨਾਵਾਂ ਦੇ ਹਵਾਲੇ ਨਾਲ ਹਿੰਦੋਸਤਾਨ ਵਿੱਚ ਸਿੱਖਾਂ ਖ਼ਿਲਾਫ਼ ਹੁੰਦੇ ਜ਼ੁਲਮ ਦੀ ਗੱਲ ਕਰਦਾ ਹੋਇਆ ਸਾਰੇ ਮਸਲਿਆਂ ਦੇ ਹੱਲ ਵਜੋਂ ਆਜ਼ਾਦ ਖਾਲਿਸਤਾਨ ਦੀ ਮੰਗ ਕਰਦਾ ਹੈ। ਉਹ 2020-ਮਰਦਮਸ਼ੁਮਾਰੀ ਦੀ ਹਮਾਇਤ ਕਰਦਾ ਹੋਇਆ ਲੋੜ ਪੈਣ ਉੱਤੇ 'ਸਿਰ ਵਾਰਨ' ਦਾ ਵਾਅਦਾ ਕਰਦਾ ਹੈ। ਉਹ ਅਕਾਲ ਤਖ਼ਤ ਨੂੰ ਯਰਗਮਾਲ ਬਣਾ ਲਏ ਜਾਣ ਦੀ ਬਾਤ ਪਾਉਂਦਾ ਹੋਇਆ ਸਿੱਖ ਮਸਲਿਆਂ ਵਿੱਚ ਆਰ.ਐੱਸ.ਐੱਸ. ਅਤੇ ਰਾਅ (ਰੀਸਰਚ ਐਂਡ ਅਨੈਲੇਸਿਸ ਵਿੰਗ) ਦੀ ਦਖ਼ਲਅੰਦਾਜ਼ੀ ਬਾਰੇ ਗੱਲ ਕਰਦਾ ਹੈ।

ਤਸਵੀਰ ਸਰੋਤ, FB/IMRAN KHAN
ਇਸ ਤਕਰੀਰ ਦੇ ਅੰਤ ਵਿੱਚ ਉਹ ਅਕਾਲ ਤਖ਼ਤ ਦਾ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਮੰਨਣ ਦਾ ਮਤਾ ਪਾਸ ਕਰਵਾਉਂਦਾ ਹੈ ਅਤੇ ਖਾਲਿਸਤਾਨ ਦੇ ਨਾਅਰੇ ਲਗਵਾਉਂਦਾ ਹੈ। ਇਹ ਵੀਡੀਓ 25 ਨਵੰਬਰ ਨੂੰ ਪੋਸਟ ਕੀਤਾ ਗਿਆ ਹੈ।
ਇਸੇ ਮੰਚ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਮਜ਼ਹਵੀ ਮਾਮਲਿਆਂ ਦੇ ਕੇਂਦਰੀ ਮੰਤਰੀ ਪੀਰ ਨੂਰ ਹੱਕ ਕਾਦਰੀ ਤਕਰੀਰ ਕਰ ਕੇ ਗਏ ਸਨ ਅਤੇ ਗੋਪਾਲ ਸਿੰਘ ਚਾਵਲਾ ਉਨ੍ਹਾਂ ਦੇ ਪਿੱਛੇ ਖੜ੍ਹੇ ਹਨ। ਫੇਸਬੁੱਕ ਉੱਤੇ ਸਾਂਝੇ ਕੀਤੇ ਗਏ ਵੀਡੀਓ ਵਿਚ ਪੀਰ ਨੂਰ ਹੱਕ ਕਾਦਰੀ ਨੇ ਇਸ ਮੌਕੇ ਉੱਤੇ ਗੁਰੂ ਨਾਨਕ ਦਾ 550ਵਾਂ ਜਨਮ ਸਾਲ ਪਾਕਿਸਤਾਨ ਵਿੱਚ ਸ਼ਾਨ-ਓ-ਸ਼ੌਕਤ ਨਾਲ ਮਨਾਉਣ ਦਾ ਐਲਾਨ ਕੀਤਾ ਸੀ।
ਭਾਰਤੀ ਸਰਵਉੱਚ ਅਦਾਲਤ ਨੇ ਇੱਕ ਮਾਰਚ 1995 ਨੂੰ ਬਲਵੰਤ ਸਿੰਘ ਅਤੇ ਹੋਰ ਬਨਾਮ ਪੰਜਾਬ ਵਾਲੇ ਮਾਮਲੇ ਵਿੱਚ ਫ਼ੈਸਲਾ ਸੁਣਾਇਆ ਸੀ ਕਿ ਜੇ ਨਫ਼ਰਤ ਜਾਂ ਹਿੰਸਾ ਫੈਲਾਉਣ ਦਾ ਮਾਮਲਾ ਨਾ ਹੋਵੇ ਤਾਂ ਨਾਅਰੇਬਾਜ਼ੀ ਕਾਰਨ ਦੇਸ਼ਧ੍ਰੋਹ (ਧਾਰਾ 124ਏ) ਦਾ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ 'ਖਾਲਿਸਤਾਨ ਜ਼ਿੰਦਾਬਾਦ' ਅਤੇ 'ਰਾਜ ਕਰੇਗਾ ਖ਼ਾਲਸਾ' ਦੇ ਨਾਅਰੇ ਲਗਾਉਣ ਦਾ ਇਲਜ਼ਾਮ ਸੀ।
ਗੋਪਾਲ ਚਾਵਲਾ ਕਿੱਥੋਂ ਦੇ ਵਸਨੀਕ ਹਨ
ਗੋਪਾਲ ਚਾਵਲਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪੁਰਖ਼ੇ ਸਰਹੱਦੀ ਸੂਬੇ (ਖੈਬਰ ਪਖ਼ਤੂਨਖਵਾ) ਦੇ ਰਹਿਣ ਵਾਲੇ ਸਨ ਜਿੱਥੇ ਉਨ੍ਹਾਂ ਦਾ ਪਿੰਡ ਤੋਰਾਬੜੀ, ਜ਼ਿਲਾ ਕੁਹਾਟ ਅਤੇ ਤਹਿਸੀਲ ਹੰਗੂ ਸੀ। ਉਨ੍ਹਾਂ ਦੇ ਜ਼ਿਆਦਾਤਰ ਰਿਸ਼ਤੇਦਾਰ 1947 ਦੀ ਵੰਡ ਦੌਰਾਨ ਹਿਜ਼ਰਤ ਕਰ ਕੇ ਭਾਰਤ ਵਿੱਚ ਆ ਗਏ ਸਨ ਪਰ ਉਨ੍ਹਾਂ ਦੇ ਦਾਦਾ ਸੰਤ ਸਿੰਘ ਨੇ ਪਾਕਿਸਤਾਨ ਵਿੱਚ ਰਹਿਣ ਦਾ ਫ਼ੈਸਲਾ ਕੀਤਾ ਸੀ।

ਤਸਵੀਰ ਸਰੋਤ, FB/Gopal Singh Chawla
ਪਾਕਿਸਤਾਨ ਵਿੱਚ ਸਿੱਖਾਂ ਦੀ ਆਬਾਦੀ ਤਕਰੀਬਨ 20 ਹਜ਼ਾਰ ਹੈ ਜੋ ਮੁਲਕ ਦੀ ਆਬਾਦੀ ਦੀ ਤਕਰੀਬਨ 20 ਕਰੋੜ ਆਬਾਦੀ ਦਾ ਤਕਰੀਬਨ ਦਸ ਹਜ਼ਾਰਵਾਂ ਹਿੱਸਾ ਹੈ। ਇਸ ਨਿਗੂਣੀ ਗਿਣਤੀ ਵਾਲੀ ਬਰਾਦਰੀ ਦੀ ਪਾਕਿਸਤਾਨ ਵਿੱਚ ਹੈਸੀਅਤ ਦਾ ਅੰਦਾਜ਼ਾ ਲਗਾਉਣ ਲਈ ਕਿਸੇ ਵਿਦਵਾਨੀ ਦੀ ਜ਼ਰੂਰਤ ਨਹੀਂ ਹੈ।
ਸੰਨ 1971 ਵਿੱਚ ਗੋਪਾਲ ਚਾਵਲਾ ਦਾ ਨਾਨਕਾ ਪਰਿਵਾਰ ਖੈਬਰ ਪਖ਼ਤੂਨਖਵਾ ਤੋਂ ਆ ਕੇ ਨਨਕਾਣਾ ਸਾਹਿਬ ਵਸਿਆ। ਗੋਪਾਲ ਚਾਵਲਾ ਦਾ ਜਨਮ ਖੈਬਰ ਪਖ਼ਤੂਨਖਵਾ ਵਿੱਚ ਹੋਇਆ ਸੀ ਪਰ ਉਨ੍ਹਾਂ ਦਾ ਪਰਿਵਾਰ ਬਾਅਦ ਵਿੱਚ ਨਨਕਾਣਾ ਸਾਹਿਬ ਵਸ ਗਿਆ। ਉਨ੍ਹਾਂ ਦੇ ਦੱਸਣ ਮੁਤਾਬਕ ਇਸ ਵੇਲੇ ਨਨਕਾਣਾ ਸਾਹਿਬ ਵਿੱਚ ਤਕਰੀਬਨ 250 ਤੋਂ ਜ਼ਿਆਦਾ ਸਿੱਖ ਪਰਿਵਾਰ ਹਨ।
ਗੋਪਾਲ ਦੀ ਦਸਵੀਂ ਤੱਕ ਪੜ੍ਹਾਈ ਖੈਬਰ ਪਖ਼ਤੂਨਖਵਾ ਦੇ ਆਪਣੇ ਪਿੰਡ ਵਿੱਚ ਹੋਈ ਅਤੇ ਹੋਮੋਪੈਥਿਕ ਡਾਕਟਰੀ ਦੀ ਚਾਰ ਸਾਲਾ ਪੜ੍ਹਾਈ ਉਨ੍ਹਾਂ ਨੇ ਫ਼ੈਸਲਾਬਾਦ (ਪੁਰਾਣਾ ਲਾਇਲਪੁਰ) ਤੋਂ ਕੀਤੀ। ਉਹ ਹੁਣ ਪੇਸ਼ੇ ਵਜੋਂ ਡਾਕਟਰੀ ਕਰਦੇ ਹਨ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ।

ਤਸਵੀਰ ਸਰੋਤ, Facebook/ Gopal chawla
ਇੱਕ ਊਰਦੂ ਹਫ਼ਤਾਵਾਰੀ ਰਸਾਲੇ ਵਿੱਚ ਗੋਪਾਲ ਸਿੰਘ ਚਾਵਲਾ ਨਾਲ ਖ਼ਸੂਸੀ ਮੁਲਾਕਾਤ 10-16 ਨਵੰਬਰ 2013 ਦੇ ਅੰਕ ਵਿੱਚ ਛਪੀ ਸੀ ਜੋ 24 ਨਵੰਬਰ 2018 ਨੂੰ ਯਾਦ ਵਜੋਂ ਫੇਸਬੁੱਕ ਉੱਤੇ ਸਾਂਝੀ ਕੀਤੀ ਗਈ ਹੈ।
ਇਰਸ਼ਾਦ ਅਹਿਮਦ ਇਰਸ਼ਾਦ ਨਾਮ ਦੇ ਮੁਲਾਕਾਤੀ ਨੇ ਇਸ ਮੁਲਾਕਾਤ ਦਾ ਸਿਰਲੇਖ ਲਿਖਿਆ ਹੈ, "ਪਾਕਿਸਤਾਨ ਗੁਰੂ ਨਾਨਕ ਕੀ ਧਰਤੀ ਹੈ, ਇਸ ਕੀ ਹਿਫ਼ਾਜ਼ਤ ਔਰ ਮੁਹੱਬਤ ਹਮਾਰੇ ਮਜ਼ਹਵ ਕਾ ਹਿੱਸਾ ਹੈ। ਯਕੀਨ ਕਾਮਿਲ ਹੈ, ਖਾਲਿਸਤਾਨ ਕਾਇਮ ਔਰ ਮਕਬੂਜ਼ਾ ਜੰਮੂ-ਕਸ਼ਮੀਰ ਜ਼ਰੂਰ ਆਜ਼ਾਦ ਹੋਗਾ। ਮੋਦੀ ਕਾ ਜ਼ੁਲਮ ਆਜ਼ਾਦੀ ਦੀ ਜਾਰੀ ਤਹਿਰੀਕੋਂ ਕੋ ਮਜ਼ਬੂਤ ਔਰ ਨਈਂ ਤਹਿਰੀਕੋਂ ਕੋ ਜਨਮ ਦੇ ਰਹਾ ਹੈ।"
ਗੋਪਾਲ ਸਿੰਘ ਚਾਵਲਾ ਮੁਤਾਬਕ ਉਨ੍ਹਾਂ ਨੇ 'ਗੁਰੂ ਨਾਨਕ ਮਿਸ਼ਨ' ਅਤੇ 'ਗੁਰੂ ਗ੍ਰੰਥ ਸਾਹਿਬ ਸੇਵਾ ਜੱਥਾ' ਨਾਮ ਦੀਆਂ ਗ਼ੈਰ-ਸਰਕਾਰੀ ਜਥੇਬੰਦੀਆਂ ਬਣਾਉਣ ਤੋਂ ਬਾਅਦ 'ਪੰਜਾਬੀ ਸਿੱਖ ਸੰਗਤ' ਬਣਾਈ। 'ਪੰਜਾਬੀ ਸਿੱਖ ਸੰਗਤ' ਦਾ ਕੰਮ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਤੋਂ ਰੋਜ਼ਾਨਾ ਹੁਕਮਨਾਮਾ ਵੈੱਬਸਾਇਟ ਉੱਤੇ ਪਾਉਣਾ ਹੈ ਅਤੇ ਅਹਿਮ ਸਮਾਗਮ ਸਿੱਧੇ ਨਸ਼ਰ ਕੀਤੇ ਜਾਂਦੇ ਹਨ।
ਉਹ ਨਨਕਾਣਾ ਸਾਹਿਬ ਦੇ ਦਰਸ਼ਣਾਂ ਲਈ ਆਉਣ ਵਾਲੀ ਸੰਗਤ ਨੂੰ ਐਂਬੂਲੈਂਸ ਅਤੇ ਵੀਲ੍ਹ ਚੇਅਰ ਦਾ ਸੇਵਾ ਮੁਹੱਈਆ ਕਰਵਾਉਂਦੇ ਹਨ। ਇਹ ਤਨਜੀਮ 1947 ਦੇ ਵਿਛੜੇ ਪਰਿਵਾਰਾਂ ਨੂੰ ਮਿਲਾਉਣ ਦਾ ਉਪਰਾਲਾ ਕਰਦੀ ਹੈ।
'ਹੁਣ ਤਾਂ ਖਾਲਿਸਤਾਨ ਉਸੇ ਪਾਸੇ ਬਣੇਗਾ'
ਖਾਲਿਸਤਾਨ ਦੇ ਨਕਸ਼ੇ ਬਾਬਤ ਪੁੱਛੇ ਗਏ ਸੁਆਲ ਦੇ ਜੁਆਬ ਵਿੱਚ ਗੋਪਾਲ ਕਹਿੰਦੇ ਹਨ, "ਸਾਨੂੰ ਪਹਿਲਾਂ ਸਾਰਾ ਪੰਜਾਬ ਲੈਣਾ ਚਾਹੀਦਾ ਸੀ ਪਰ 1947 ਵਿੱਚ ਅਸੀਂ ਪਾਕਿਸਤਾਨ ਵਾਲੇ ਇਲਾਕੇ ਦਾ ਨੁਕਸਾਨ ਤਾਂ ਕਰ ਲਿਆ। ਹੁਣ ਪਾਕਿਸਤਾਨ ਵਾਲੇ ਪਾਸੇ ਤੋਂ ਸਾਨੂੰ ਕੋਈ ਮੁਸ਼ਕਲ ਨਹੀਂ। ਅਸੀਂ ਕਾਇਦਿ-ਆਜ਼ਮ ਦੀ ਗੱਲ ਨਹੀਂ ਮੰਨੀ ਅਤੇ ਹੁਣ ਤਾਂ ਖਾਲਿਸਤਾਨ ਉਸੇ ਪਾਸੇ ਬਣੇਗਾ।"

ਤਸਵੀਰ ਸਰੋਤ, FB/ Gopal Chawla
ਉਹ ਪਾਕਿਸਤਾਨ ਵਿੱਚ ਗੁਰਧਾਮਾਂ ਦੇ ਹਵਾਲੇ ਨਾਲ ਪੰਜਾਬ ਉੱਤੇ ਆਪਣੀ ਦਾਅਵੇਦਾਰੀ ਮੰਨਦੇ ਹਨ ਪਰ ਖਾਲਿਸਤਾਨ ਬਣਨ ਕਾਰਨ ਉਹ ਪਾਕਿਸਤਾਨ ਵਾਲੀ ਸਰਹੱਦ ਖ਼ਤਮ ਕਰਨ ਦਾ ਮਨਸੂਬਾ ਪੇਸ਼ ਕਰਦੇ ਹਨ।
ਉਨ੍ਹਾਂ ਮੁਤਾਬਕ ਖਾਲਿਸਤਾਨ ਅਤੇ ਪਾਕਿਸਤਾਨ ਇੱਕੋ ਮੁਲਕ ਹੋਵੇਗਾ। ਉਹ ਸਿੱਖ-ਮੁਸਲਮਾਨ ਦੀ ਸਾਂਝ ਦੇ ਕਈ ਹਵਾਲੇ ਦਿੰਦੇ ਹਨ। ਜਦੋਂ ਉਨ੍ਹਾਂ ਨੂੰ ਇਹੋ ਜਿਹੇ ਹਵਾਲਿਆਂ ਨਾਲ ਹਿੰਦੂ-ਸਿੱਖ ਦੀ ਸਾਂਝ ਬਾਬਤ ਪੁੱਛਿਆ ਗਿਆ ਤਾਂ ਉਨ੍ਹਾਂ ਜੁਆਬ ਦਿੱਤਾ, "ਹਿੰਦੂ ਵੀ ਸਾਡੇ ਭਰਾ ਹਨ ਪਰ ਅਸੀਂ ਹਿੰਦੂ ਨਹੀਂ ਹਾਂ। ਜਿਵੇਂ ਮੁਸਲਮਾਨ ਸਾਡੇ ਭਰਾ ਹਨ ਪਰ ਅਸੀਂ ਮੁਸਲਮਾਨ ਨਹੀਂ ਹਾਂ।"
ਉਹ ਪਾਕਿਸਤਾਨ ਦੀ ਖ਼ੁਸ਼ੀ ਵਿੱਚ ਖ਼ਾਲਸਾ ਪੰਥ ਅਤੇ ਗੁਰੂ ਨਾਨਕ ਦੇ ਅਸਥਾਨਾਂ ਦੀ ਖ਼ੁਸ਼ੀ ਵੇਖਦੇ ਹਨ। ਉਨ੍ਹਾਂ ਦੀ ਆਖ਼ਰੀ ਦਲੀਲ ਹੈ ਕਿ ਜੇ ਮੁਸਲਮਾਨਾਂ, ਈਸਾਈਆਂ, ਹਿੰਦੂਆਂ ਅਤੇ ਯਹੂਦੀਆਂ ਦੇ ਮੁਲਕ ਹਨ ਤਾਂ ਸਿੱਖਾਂ ਦਾ ਵੀ ਮੁਲਕ ਹੋਣਾ ਚਾਹੀਦਾ ਹੈ।
ਹਾਫ਼ਿਜ਼ ਸਈਦ ਨਾਲ ਕੀ ਹੈ ਰਿਸ਼ਤਾ?
ਉਹ ਹਾਫ਼ਿਜ਼ ਸਈਦ ਨਾਲ ਆਪਣੇ ਰਿਸ਼ਤਿਆਂ ਬਾਬਤ ਸੁਆਲ ਦਾ ਜੁਆਬ ਇੰਝ ਦਿੰਦੇ ਹਨ, "ਪਾਕਿਸਤਾਨ ਵਿੱਚ ਉਨ੍ਹਾਂ ਨੂੰ ਹਾਫ਼ਿਜ਼ ਸਈਦ ਸਾਹਿਬ ਕਹਿੰਦੇ ਹਨ। ਉਹ ਪਾਕਿਸਤਾਨ ਦੇ ਸ਼ਹਿਰੀ ਹਨ ਅਤੇ ਉਨ੍ਹਾਂ ਦੀ ਤਨਜੀਮ ਫਲਾਇ-ਇਨਸਾਨੀਅਤ ਸਾਰੇ ਪਾਕਿਸਤਾਨ ਵਿੱਚ ਐਂਬੂਲੈਂਸ ਦੀ ਸਹੂਲਤ ਦਿੰਦੀ ਹੈ। ਪਾਕਿਸਤਾਨ ਵਿੱਚ ਸਿੰਧ ਸੂਬੇ ਵਿੱਚ ਥਾਰ ਦਾ ਇਲਾਕਾ ਹੈ ਜਿੱਥੇ ਹਿੰਦੂ ਆਬਾਦੀ ਹੈ ਅਤੇ ਉੱਥੇ ਹਾਫ਼ਿਜ਼ ਸਈਦ ਨੇ ਹਰ ਪਿੰਡ ਵਿੱਚ ਖੂਹ ਲਗਵਾਇਆ ਹੈ। ਉੱਥੇ ਦੇ ਹਿੰਦੂ ਉਸ ਨੂੰ ਆਪਣਾ ਦੇਵਤਾ ਮੰਨਦੇ ਹਨ।"

ਤਸਵੀਰ ਸਰੋਤ, Getty Images
ਉਹ ਅੱਗੇ ਦੱਸਦੇ ਹਨ ਕਿ ਪਾਕਿਸਤਾਨ ਵਿੱਚ ਮਨੁੱਖੀ ਹਕੂਕ ਦੇ ਹਰ ਸਮਾਗਮ ਵਿੱਚ ਮੁਸਲਮਾਨਾਂ ਦੇ ਚਾਰ ਫਿਰਕਿਆਂ ਦੇ ਨੁਮਾਇੰਦੇ ਆਉਂਦੇ ਹਨ। ਇਸ ਤੋਂ ਇਲਾਵਾ ਸਿੱਖਾਂ, ਹਿੰਦੂਆਂ ਅਤੇ ਈਸਾਈਆਂ ਦੇ ਨੁਮਾਇੰਦੇ ਆਉਂਦੇ ਹਨ। ਇਨ੍ਹਾਂ ਸਮਾਗਮਾਂ ਵਿੱਚ ਸਿੱਖ ਬਰਾਦਰੀ ਦੀ ਨੁਮਾਇੰਦਗੀ ਗੋਪਾਲ ਸਿੰਘ ਚਾਵਲਾ ਕਰਦੇ ਹਨ।
ਉਹ ਮੋੜਵੇਂ ਸੁਆਲ ਕਰਦੇ ਹਨ, "ਇਹ ਮੇਰਾ ਮੁਲਕ ਹੈ ਅਤੇ ਹਾਫ਼ਿਜ਼ ਸਈਦ ਇਸ ਮੁਲਕ ਦਾ ਸ਼ਹਿਰੀ ਹੈ। ਮੈਂ ਉਨ੍ਹਾਂ ਨਾਲ ਮੰਚ ਉੱਤੇ ਬੈਠਣ ਤੋਂ ਕਿਵੇਂ ਇਨਕਾਰ ਕਰ ਦਿਆਂ? ਮੈਂ ਉਨ੍ਹਾਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਿਵੇਂ ਕਰ ਦਿਆਂ? ਉਹ ਭਾਰਤ ਲਈ ਦਹਿਸ਼ਤਗਰਦ ਹੈ ਪਰ ਸਾਡਾ ਸ਼ਹਿਰੀ ਹੈ। ਉਸ ਨਾਲ ਹੱਥ ਮਿਲਾ ਕੇ ਮੈਂ ਕਿਵੇਂ ਦਹਿਸ਼ਤਗਰਦ ਹੋ ਜਾਂਵਾਗਾ?"
ਗੋਪਾਲ ਚਾਵਲਾ ਪਾਕਿਸਤਾਨ ਦੀ ਖ਼ੂਫ਼ੀਆ ਏਜੰਸੀ ਨਾਲ ਆਪਣੇ ਰਾਬਤੇ ਬਾਬਤ ਕਹਿੰਦੇ ਹਨ ਕਿ ਉਨ੍ਹਾਂ ਨਾਲ ਆਈ.ਐੱਸ.ਆਈ. ਨਾਲ ਕੋਈ ਰਿਸ਼ਤਾ ਨਹੀਂ ਹੈ। ਉਹ ਮਜ਼ਾਕੀਆ ਲਹਿਜ਼ੇ ਵਿੱਚ ਕਹਿੰਦੇ ਹਨ, "ਮੈਂ ਟੈਲੀਵਿਜ਼ਨ ਉੱਤੇ ਦੇਖ ਰਿਹਾ ਸੀ ਕਿ ਕਿਸੇ ਨੂੰ ਹਿੰਦੋਸਤਾਨ ਵਿੱਚ ਸਿਰਦਰਦ ਹੋ ਗਿਆ। ਮੈਂ ਕਿਹਾ ਕਿ ਹੁਣ ਇਹ ਨਾ ਕਹਿ ਦਿੱਤਾ ਜਾਵੇ ਕਿ ਚਾਵਲਾ ਜਾਂ ਆਈ.ਐੱਸ.ਆਈ. ਦੀ ਭੇਜੀ ਹਵਾ ਨਾਲ ਇਹ ਸਿਰਦਰਦ ਹੋਇਆ ਹੈ।"
ਉਹ ਕਹਿੰਦੇ ਹਨ ਕਿ ਜਦੋਂ ਪਾਕਿਸਤਾਨ ਵਿੱਚ ਕੋਈ ਧਮਾਕਾ ਹੁੰਦਾ ਹੈ ਤਾਂ ਭਾਰਤੀ ਖ਼ੂਫ਼ੀਆ ਏਜੰਸੀਆਂ ਦਾ ਨਾਮ ਲਿਆ ਜਾਂਦਾ ਹੈ।
ਕੀ ਕਰਤਾਰਪੁਰ ਲਾਂਘਾ ਇਮਰਾਨ ਖਾਨ ਦੀ ਕੂਟਨੀਤਕ ਕਾਮਯਾਬੀ?
ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਉੱਤੇ ਲਗਾਤਾਰ ਨਜ਼ਰ ਰੱਖਣ ਵਾਲੇ ਪੱਤਰਕਾਰ ਗੋਬਿੰਦ ਠੁਕਰਾਲ ਦਾ ਕਹਿਣਾ ਹੈ ਕਿ ਮੌਜੂਦਾ ਦੌਰ ਵਿੱਚ ਪਾਕਿਸਤਾਨ ਮੁਲਕ ਦੇ ਅੰਦਰੋਂ ਅਤੇ ਬਾਹਰੋਂ ਜਬਰਦਸਤ ਦਬਾਅ ਵਿੱਚ ਹੈ। ਅਮਰੀਕਾ ਦੇ ਸਾਥੀ ਵਿੱਚੋਂ ਅਫ਼ਗ਼ਾਨਿਸਤਾਨ ਵਿੱਚ ਉਨ੍ਹਾਂ ਦੀ ਦਖ਼ਲਅੰਦਾਜ਼ੀ ਨਾਕਾਮਯਾਬੀ ਸਾਬਤ ਹੋਈ ਹੈ ਅਤੇ ਹੁਣ ਅਮਰੀਕਾ ਹਰ ਇਮਦਾਦ ਤੋਂ ਹੱਥ ਪਿੱਛੇ ਖਿੱਚ ਰਿਹਾ ਹੈ।
ਇਨ੍ਹਾਂ ਹਾਲਾਤਾਂ ਵਿੱਚ ਫੌਜ ਅਤੇ ਸਰਕਾਰ ਇੱਕਸੁਰ ਹੋਏ ਹਨ ਅਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਹੈ ਕਿ ਭਾਰਤ ਨਾਲ ਰਿਸ਼ਤੇ ਸੁਧਾਰਨੇ ਜ਼ਰੂਰੀ ਹਨ। ਗੋਬਿੰਦ ਠੁਕਰਾਲ ਕਹਿੰਦੇ ਹਨ, "ਇਮਰਾਨ ਖ਼ਾਨ ਨੇ ਚੋਣਾਂ ਜਿੱਤਣ ਤੋਂ ਬਾਅਦ ਤਿੰਨ ਪਹਿਲਕਦਮੀਆਂ ਕੀਤੀਆਂ ਹਨ ਜੋ ਉਨ੍ਹਾਂ ਦੀ ਕੂਟਨੀਤਕ ਕਾਮਯਾਬੀ ਬਣ ਗਈਆਂ। ਪਹਿਲਾਂ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਵਿੱਚ ਅਮਨ ਦੀ ਬਾਤ ਪਾਈ ਅਤੇ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਨਵਜੋਤ ਸਿੰਘ ਸਿੱਧੂ ਨਾਲ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਰਾਹੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਵਾਅਦਾ ਕਰ ਦਿੱਤਾ ਅਤੇ ਮੁੜ ਕੇ ਆਪਣੇ ਹਿੱਸੇ ਦਾ ਲਾਂਘਾ ਬਣਾਉਣ ਦਾ ਇੱਕਤਰਫ਼ਾ ਐਲਾਨ ਕਰ ਦਿੱਤਾ।"
ਇਹ ਵੀ ਪੜ੍ਹੋ:
ਉਨ੍ਹਾਂ ਦਾ ਮੰਨਣਾ ਹੈ ਕਿ ਲਾਂਘੇ ਦੇ ਮਾਮਲੇ ਵਿੱਚ ਭਾਰਤ ਨੂੰ ਜਲਦਬਾਜ਼ੀ ਵਿੱਚ ਫ਼ੈਸਲਾ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਸ਼ਸ਼ੋਪੰਜ ਵਿੱਚ ਅਣਮਨੇ ਮਨ ਨਾਲ ਦੋ ਮੰਤਰੀਆਂ ਨੂੰ ਨੀਂਹ ਪੱਥਰ ਰੱਖਣ ਵਾਲੇ ਸਮਾਗਮ ਵਿੱਚ ਭੇਜਣਾ ਪਿਆ। ਇਨ੍ਹਾਂ ਹਾਲਾਤ ਵਿੱਚ ਗੋਬਿੰਦ ਠੁਕਰਾਲ ਦਾ ਕਹਿਣਾ ਹੈ, "ਇਮਰਾਨ ਖ਼ਾਨ ਦੀਆਂ ਪਹਿਲਕਦਮੀਆਂ ਨੇ ਭਾਰਤੀ ਹਕੂਮਤ ਦੀ ਅਚਵੀ ਬਾਹਰ ਕੱਢ ਲਿਆਂਦੀ ਹੈ। ਇਨ੍ਹਾਂ ਹਾਲਾਤਾਂ ਵਿੱਚ ਗੋਪਾਲ ਸਿੰਘ ਚਾਵਲਾ ਸ਼ਸ਼ੋਪੰਜ ਵਿੱਚ ਫਸੀ ਭਾਰਤੀ ਹਕੂਮਤ ਲਈ ਰਾਹਤ ਦਾ ਸਬੱਬ ਬਣਿਆ ਹੈ ਕਿਉਂਕਿ ਉਸ ਦੇ ਹਵਾਲੇ ਨਾਲ ਭਾਰਤੀ ਅਚਵੀ ਨੂੰ ਮੀਡੀਆ ਵਿੱਚ ਜੁਆਨ ਮਿਲੀ ਹੈ।"
ਗੋਬਿੰਦ ਠੁਕਰਾਲ ਦਾ ਮੰਨਣਾ ਹੈ ਕਿ ਗੋਬਿੰਦ ਚਾਵਲਾ ਦੀ ਵਰਤੋਂ ਪਾਕਿਸਤਾਨ ਕਰਦਾ ਹੈ ਅਤੇ ਇਹ ਲੋੜ ਮੁਤਾਬਕ ਕਰਦਾ ਰਹੇਗਾ।
ਕਰਤਾਰਪੁਰ ਲਾਂਘੇ ਦੇ ਹਵਾਲੇ ਨਾਲ ਦਲੀਲ ਇਹ ਵੀ ਬਣਦੀ ਹੈ ਕਿ ਗੁਰਧਾਮਾਂ ਦੀ ਪਹੁੰਚ ਸੁਖਾਲੀ ਕਰਨ ਲਈ ਦੋਵੇਂ ਮੁਲਕਾਂ ਨੂੰ ਆਪਣੀਆਂ ਵਿਦੇਸ਼ ਨੀਤੀਆਂ ਦੀ ਟਕਸਾਲੀ ਸਮਝ ਦਰਕਿਨਾਰ ਕਰਨੀ ਪਈ ਹੈ। ਸਿੱਖਾਂ, ਪੰਜਾਬੀਆਂ ਅਤੇ ਮੁਕੱਦਸ ਅਸਥਾਨਾਂ ਦੇ ਨਾਲ-ਨਾਲ ਸਾਂਝੇ ਸੱਭਿਆਚਾਰ ਅਤੇ ਇਤਿਹਾਸ ਨੇ ਲੋਕਾਂ ਅੰਦਰ ਸਰਹੱਦ ਦੇ ਪਾਰ ਦੀ ਖਿੱਚ ਕਾਇਮ ਰੱਖਣੀ ਹੈ।
ਸਰਹੱਦ ਨੂੰ ਸੀਲਬੰਦ ਕਰਨ ਅਤੇ ਨਵੇਂ-ਨਵੇਂ ਲਾਂਘੇ ਖੋਲ੍ਹਣ ਦੀ ਮੰਗ ਨਾਲੋਂ-ਨਾਲੋਂ ਹੁੰਦੀ ਰਹਿਣੀ ਹੈ। ਜੇ ਅਮਨ ਦੀ ਸਿਆਸਤ ਹੋਣੀ ਹੈ ਤਾਂ ਜੰਗ ਦੀ ਵੀ ਸਿਆਸਤ ਹੋਣੀ ਹੈ। ਹੁਣ ਗੋਪਾਲ ਸਿੰਘ ਚਾਵਲਾ ਸਰਹੱਦ ਦੀ ਪੇਚੀਦਗੀ ਦਾ ਨੁਮਾਇੰਦਾ ਬਣਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕੋਈ ਹੋਰ ਹੋ ਸਕਦਾ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












