ਕਰਤਾਰਪੁਰ ਲਾਂਘੇ ਨੇ ਜਗਾਈ ਪਾਕਿਸਤਾਨ 'ਚ ਕੈਦ ਆਸਾ ਸਿੰਘ ਦੀ ਪਤਨੀ ਦੀ ਆਸ

ਸੂਬੇਦਾਰ ਆਸਾ ਸਿੰਘ ਦੀ ਪਤਨੀ

ਤਸਵੀਰ ਸਰੋਤ, MOHIT Kandhari/BBC

    • ਲੇਖਕ, ਮੋਹਿਤ ਕੰਧਾਰੀ
    • ਰੋਲ, ਜੰਮੂ ਤੋਂ, ਬੀਬੀਸੀ ਲਈ

ਤਕਰੀਬਨ 47 ਸਾਲ ਤੋਂ ਨਿਰਮਲ ਕੌਰ ਆਪਣੇ ਪਤੀ ਸੂਬੇਦਾਰ ਆਸਾ ਸਿੰਘ ਦੇ ਘਰ ਪਰਤਨ ਦਾ ਇੰਤਜ਼ਾਰ ਕਰ ਰਹੇ ਹਨ।

ਪਰ ਇੱਕ ਲੰਬਾ ਵਕਤ ਗੁਜ਼ਰਨ ਤੋਂ ਬਾਅਦ ਵੀ ਇੰਤਜ਼ਾਰ ਦੀਆਂ ਘੜੀਆਂ ਅਜੇ ਖ਼ਤਮ ਨਹੀਂ ਹੋਈਆਂ ਹਨ।

ਉਨ੍ਹਾਂ ਦੀ ਉਮਰ 81 ਸਾਲ ਹੋ ਗਈ ਹੈ। ਅੱਜ-ਕੱਲ੍ਹ ਉਹ ਜ਼ਿਆਦਾ ਚੱਲ-ਫਿਰ ਨਹੀਂ ਸਕਦੇ ਪਰ ਫਿਰ ਵੀ ਮੌਕਾ ਮਿਲਣ 'ਤੇ ਉਹ ਪਾਕਿਸਤਾਨ ਦੀ ਜੇਲ੍ਹ ਵਿੱਚ ਕੈਦ ਆਪਣੇ ਪਤੀ ਦੀ ਰਿਹਾਈ ਲਈ ਗੁਹਾਰ ਲਗਾਉਂਦੇ ਹਨ।

ਕੁਝ ਵਕਤ ਪਹਿਲਾਂ ਤੱਕ ਉਹ ਰੋਜ਼ਾਨਾ ਗੁਰਦੁਆਰੇ ਜਾਂਦੇ ਸਨ ਅਤੇ ਪਤੀ ਨੂੰ ਮਿਲਣ ਦੀ ਦੁਆ ਕਰਦੇ ਸਨ ਪਰ ਹੁਣ ਉਹ ਘਰ ਰਹਿ ਕੇ ਪਾਠ ਕਰਦੇ ਹਨ।

ਉਨ੍ਹਾਂ ਦੀ ਇੱਕੋ ਇੱਛਾ ਹੈ ਕਿ ਅੱਖਾਂ ਬੰਦ ਹੋਣ ਤੋਂ ਪਹਿਲਾਂ ਇੱਕ ਵਾਰ ਆਪਣੇ ਪਤੀ ਨੂੰ ਮਿਲ ਸਕਣ।

ਇਹ ਵੀ ਪੜ੍ਹੋ:

ਨਿਰਮਲ ਕੌਰ ਦੇ ਪਤੀ ਸੂਬੇਦਾਰ ਆਸਾ ਸਿੰਘ 5 ਸਿੱਖ ਰੈਜੀਮੈਂਟ ਵਿੱਚ ਸਨ। ਸਾਲ 1971 ਵਿੱਚ ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਛਿੜੀ ਭਾਰਤ-ਪਾਕਿਸਤਾਨ ਜੰਗ ਵਿੱਚ ਹਿੱਸਾ ਲੈਣ ਲਈ ਉਹ ਛੰਬ ਸੈਕਟਰ ਵਿੱਚ ਮੋਰਚੇ 'ਤੇ ਗਏ ਸਨ।

ਜੰਗ ਦੌਰਾਨ ਪਾਕਿਸਤਾਨ ਦੀ ਫੌਜ ਨੇ ਉਨ੍ਹਾਂ ਭਾਰਤੀ ਫੌਜੀਆਂ ਨੂੰ ਬੰਦੀ ਬਣਾ ਲਿਆ ਸੀ ਅਤੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਆਸਾ ਸਿੰਘ ਦੇ ਪਰਿਵਾਰ ਦੇ ਲੋਕ ਉਨ੍ਹਾਂ ਦੇ ਘਰ ਵਾਪਸ ਆਉਣ ਦੀ ਰਾਹ ਦੇਖ ਰਹੇ ਹਨ।

ਪ੍ਰਿਜ਼ਨਰ ਆਫ਼ ਵਾਰ

ਤਸਵੀਰ ਸਰੋਤ, MOHIT Kandhari/BBC

ਕਰਤਾਰਪੁਰ ਲਾਂਘੇ ਤੋਂ ਜਗੀ ਉਮੀਦ

ਜਦੋਂ ਤੋਂ ਭਾਰਤ-ਪਾਕਿਸਤਾਨ ਵਿਚਾਲੇ ਕਰਤਾਰਪੁਰ ਸਾਹਿਬ ਗੁਰਦੁਆਰੇ ਲਈ ਲਾਂਘਾ ਬਣਾਉਣ ਦਾ ਐਲਾਨ ਹੋਇਆ ਹੈ ਨਿਰਮਲ ਕੌਰ ਨੇ ਆਪਣੀ ਮੁਹਿੰਮ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਨੇ ਦੋਵਾਂ ਦੇਸਾਂ ਦੇ ਪ੍ਰਧਾਨ ਮੰਤਰੀਆਂ ਤੋਂ ਇਹ ਅਪੀਲ ਕੀਤੀ ਹੈ ਕਿ ਜਿਸ ਤਰੀਕੇ ਨਾਲ ਉਨ੍ਹਾਂ ਦੀਆਂ ਸਰਕਾਰਾਂ ਨੇ ਦਹਾਕਿਆਂ ਪੁਰਾਣੀਆਂ ਸਿੱਖਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਹੈ, ਠੀਕ ਉਸੇ ਤਰ੍ਹਾਂ 1971 ਦੀ ਜੰਗ ਦੇ ਕੈਦੀਆਂ ਦੀ ਰਿਹਾਈ ਲਈ ਵੀ ਫੈਸਲਾ ਹੋਵੇ ਅਤੇ ਕੈਦੀਆਂ ਨੂੰ ਉਨ੍ਹਾਂ ਦੇ ਪਰਿਵਾਰ ਦੇ ਹਵਾਲੇ ਕੀਤੇ ਜਾਵੇ।

ਨਿਰਮਲ ਕੌਰ ਨੇ ਕਿਹਾ, "ਲੰਬੇ ਸੰਘਰਸ਼ ਤੋਂ ਬਾਅਦ ਸਾਲ 2007 ਵਿੱਚ ਉਨ੍ਹਾਂ ਨੂੰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਸੀ ਪਰ ਦੋਹਾਂ ਦੇਸਾਂ ਦੀਆਂ ਸਰਕਾਰਾਂ ਵਿਚਾਲੇ ਤਾਲਮੇਲ ਦੀ ਕਮੀ ਕਾਰਨ ਉਨ੍ਹਾਂ ਦੀ ਕੋਸ਼ਿਸ਼ ਨਾਕਾਮ ਰਹੀ। ਅਸੀਂ ਉੱਥੇ ਪਾਕਿਸਤਾਨ ਦੀ ਜੇਲ੍ਹ ਤਾਂ ਗਏ ਪਰ ਸਿਰਫ ਜੇਲ੍ਹ ਸੁਪਰੀਡੈਂਟੈਂਟ ਦੇ ਦਫ਼ਤਰ ਵਿੱਚ ਬੈਠ ਕੇ ਵਾਪਸ ਆ ਗਏ।''

ਆਸਾ ਸਿੰਘ ਦੀ ਤਾਲਾਸ਼ ਵਿੱਚ ਨਿਰਮਲ ਕੌਰ ਪਾਕਿਸਤਾਨ ਦੀ ਲਾਹੌਰ, ਸੁੱਕੂਰ, ਮੁਲਤਾਨ, ਸਾਹੀਵਾਲ, ਫੈਸਲਾਬਾਦ ਅਤੇ ਮਿਆਂਵਾਲੀ ਜੇਲ੍ਹ ਤੱਕ ਗਏ ਪਰ ਨਾਕਾਮ ਰਹੇ।

ਕਿਵੇਂ ਤੈਅ ਕੀਤਾ ਇੰਨਾ ਲੰਬਾ ਸਫ਼ਰ?

ਨਿਰਮਲ ਕੌਰ ਨੇ ਦੱਸਿਆ, "ਜੂਨ 2007 ਵਿੱਚ ਭਾਰਤ ਤੋਂ 14 ਮੈਂਬਰੀ ਵਫ਼ਦ ਪਾਕਿਸਤਾਨ ਗਿਆ ਸੀ ਪਰ ਭਾਰਤ ਦੇ ਸਫੀਰ ਦੇ ਦਫ਼ਤਰ ਤੋਂ ਉੱਥੇ ਸਾਡੇ ਨਾਲ ਕੋਈ ਨਹੀਂ ਆਇਆ, ਸਾਨੂੰ ਉਰਦੂ ਨਹੀਂ ਆਉਂਦੀ ਸੀ ਇਸ ਲਈ ਅਸੀਂ ਕਿਸੇ ਵੀ ਰਿਕਾਰਡ ਦੀ ਪੁਸ਼ਟੀ ਨਹੀਂ ਕਰ ਸਕੇ ਅਤੇ ਖਾਲੀ ਹੱਥ ਵਾਪਸ ਆ ਗਏ।''

"ਜੇ ਦੋਵੇਂ ਦੇਸਾਂ ਦੀਆਂ ਸਰਕਾਰਾਂ ਸੰਜੀਦਾ ਹੁੰਦੀਆਂ ਤਾਂ ਅਸੀਂ ਜੇਲ੍ਹ ਵਿੱਚ ਬੰਦ ਆਪਣੇ ਲੋਕਾਂ ਤੋਂ ਮਿਲ ਸਕਦੇ ਸੀ ਪਰ ਅਜਿਹਾ ਨਹੀਂ ਹੋਇਆ। ਸਾਨੂੰ ਨਹੀਂ ਪਤਾ ਇਸ ਦੇ ਲਈ ਕਿਸ ਨੂੰ ਦੋਸ਼ੀ ਠਹਿਰਾਇਆ ਜਾਵੇ।''

ਇੰਡੀਅਨ ਪ੍ਰਿਜ਼ਨਰ ਆਫ਼ ਵਾਰ ਇਨ ਪਾਕਿਸਤਾਨ ਕਿਤਾਬ ਦਾ ਇੱਕ ਅੰਸ਼

ਤਸਵੀਰ ਸਰੋਤ, MOhit kandhari/bbc

ਤਸਵੀਰ ਕੈਪਸ਼ਨ, ਪਾਕਸਿਤਾਨ ਵਿੱਚ ਕੈਦ ਭਾਰਤੀਆਂ ਫੌਜੀਆਂ ਦੇ ਰਿਸ਼ਤੇਦਾਰ ਤਤਕਾਲੀ ਰੱਖਿਆ ਮੰਤਰੀ ਏ ਕੇ ਐਂਟਨੀ ਦੇ ਨਾਲ

ਨਿਰਮਲ ਕੌਰ ਕਹਿੰਦੀ ਨੇ, "17 ਦਸੰਬਰ 1971 ਨੂੰ ਇਹ ਜਾਣਕਾਰੀ ਮਿਲੀ ਸੀ ਕਿ ਜੰਗ ਦੌਰਾਨ ਉਹ ਸ਼ਹੀਦ ਹੋ ਗਏ ਹਨ। ਸਾਨੂੰ ਇਹ ਖ਼ਬਰ ਸੁਣ ਕੇ ਉਸ ਵਕਤ ਵੀ ਯਕੀਨ ਨਹੀਂ ਹੁੰਦਾ ਸੀ। ਇੱਕ ਆਸ ਦਿਲ ਵਿੱਚ ਬਣੀ ਰਹਿੰਦੀ ਸੀ ਕਿ ਸੂਬੇਦਾਰ ਆਸਾ ਸਿੰਘ ਘਰ ਵਾਪਸ ਆਉਣਗੇ।''

"ਮੈਂ ਬੱਚਿਆਂ ਨੂੰ ਕਾਫੀ ਮੁਸ਼ਕਿਲ ਨਾਲ ਪਾਲਿਆ। ਉਸ ਵਕਤ ਮੈਨੂੰ 323 ਰੁਪਏ ਪੈਨਸ਼ਨ ਮਿਲਦੀ ਸੀ। ਪੈਸਿਆਂ ਦੀ ਕਮੀ ਨੂੰ ਪੂਰਾ ਕਰਨ ਲਈ ਮੈਂ ਕੰਮ ਕਰਿਆ ਕਰਦੀ ਸੀ ਜਿਸ ਦੇ ਨਾਲ ਮੇਰਾ ਗੁਜ਼ਾਰ ਚੱਲ ਸਕੇ।''

ਨਿਰਮਲ ਕੌਰ ਨੂੰ 1971 ਦੀ ਦਿਵਾਲੀ ਅੱਜ ਵੀ ਯਾਦ ਹੈ ਜੋ ਉਨ੍ਹਾਂ ਨੇ ਆਪਣੇ ਪਤੀ ਦੇ ਨਾਲ ਆਪਣੇ ਘਰ ਵਿੱਚ ਮਨਾਈ ਸੀ।

ਉਹ ਕਹਿੰਦੇ ਨੇ, "ਉਸ ਤੋਂ ਬਾਅਦ ਉਹ ਡਿਊਟੀ 'ਤੇ ਚਲੇ ਗਏ। ਨਿਕਲਣ ਤੋਂ ਪਹਿਲਾਂ ਉਹ ਸਾਡੇ ਲਈ ਘਰ ਦੇ ਵਿਹੜੇ ਵਿੱਚ ਬੰਕਰ ਬਣਾਉਣ ਦੀ ਗੱਲ ਕਹਿ ਗਏ ਸਨ ਤਾਂ ਜੋ ਮੁਸ਼ਕਿਲ ਵੇਲੇ ਉਨ੍ਹਾਂ ਦਾ ਪਰਿਵਾਰ ਆਪਣੀ ਜਾਨ ਬਚਾ ਸਕੇ।''

"ਉਹ ਮੈਨੂੰ ਥੋੜ੍ਹੇ ਛੋਲੇ ਤੇ ਗੁੜ ਖਰੀਦ ਕੇ ਦੇ ਗਏ ਸਨ ਤਾਂ ਜੋ ਜੰਗ ਦੌਰਾਨ ਜੇ ਕਿਤੇ ਭੱਜਣਾ ਪਏ ਤਾਂ ਬੱਚਿਆਂ ਦੇ ਖਾਣ ਲਈ ਕੁਝ ਸਾਮਾਨ ਹੋਣਾ ਚਾਹੀਦਾ ਹੈ। ਉਸ ਵੇਲੇ ਮੈਂ ਚਾਰ ਧੀਆਂ ਅਤੇ ਦੋ ਮੁੰਡਿਆਂ ਨਾਲ ਜੰਮੂ ਦੇ ਨਾਨਕ ਨਗਲ ਇਲਾਕੇ ਵਿੱਚ ਵੀ ਰਹਿੰਦੀ ਸੀ।''

ਸੂਬੇਦਾਰ ਆਸਾ ਸਿੰਘ ਦੀ ਪਤਨੀ

ਤਸਵੀਰ ਸਰੋਤ, MOHIT Kandhari/BBC

ਤਸਵੀਰ ਕੈਪਸ਼ਨ, ਸੂਬੇਦਾਰ ਆਸਾ ਸਿੰਘ ਦੀ ਪਤਨੀ ਨਿਰਮਲ ਕੌਰ

ਨਿਰਮਲ ਕੌਰ ਦੀ ਸਭ ਤੋਂ ਛੋਟੀ ਧੀ ਦਾ ਜਨਮ ਉਨ੍ਹਾਂ ਦੇ ਪਿਤਾ ਦੇ ਫੜ੍ਹੇ ਜਾਣ ਦੇ ਦੋ ਮਹੀਨੇ ਬਾਅਦ ਹੋਇਆ ਸੀ।

ਉਹ ਦੱਸਦੇ ਨੇ ਕਿ ਉਨ੍ਹਾਂ ਦੇ ਪਤੀ ਦੀ ਗੈਰ ਹਾਜ਼ਰੀ ਵਿੱਚ ਉਨ੍ਹਾਂ ਦੀ ਪਲਟਨ ਨੇ ਉਨ੍ਹਾਂ ਦੇ ਪਰਿਵਾਰ ਦੀ ਮਦਦ ਕੀਤੀ ਸੀ।

"ਮੇਰੇ ਪੁੱਤਰ ਦੀ 10ਵੀਂ ਜਮਾਤ ਤੱਕ ਪੜ੍ਹਾਈ ਕਰਵਾਉਣ ਅਤੇ ਧੀਆਂ ਦਾ ਵਿਆਹ ਵਿੱਚ ਆਰਥਿਕ ਮਦਦ ਵੀ ਕੀਤੀ।''

ਕਿਵੇਂ ਪਤਾ ਲੱਗਿਆ ਸੂਬੇਦਾਰ ਜ਼ਿੰਦਾ ਹਨ?

ਸਭ ਤੋਂ ਪਹਿਲਾਂ 20 ਅਗਸਤ 1972 ਨੂੰ ਪਾਕਿਸਤਾਨ ਰੇਡੀਓ 'ਤੇ ਕੁਝ ਭਾਰਤੀ ਕੈਦੀਆਂ ਦੋ ਉਨ੍ਹਾਂ ਦੇ ਘਰ ਵਾਲਿਆਂ ਦੇ ਨਾਂ ਸੰਦੇਸ਼ ਪ੍ਰਸਾਰਿਤ ਕੀਤੇ ਗਏ ਜਿਸ ਵਿੱਚ ਆਸ ਜਗੀ ਸੀ ਕਿ ਭਾਰਤ ਦੇ ਜੰਗ ਦੇ ਕੈਦੀ ਪਾਕਿਸਤਾਨ ਦੀ ਜੇਲ੍ਹ ਵਿੱਚ ਕੈਦ ਹਨ। ਆਸਾ ਸਿੰਘ ਉਨ੍ਹਾਂ ਵਿੱਚੋਂ ਇੱਕ ਸਨ।

ਠੀਕ ਇੱਕ ਮਹੀਨੇ ਬਾਅਦ ਪਤਾ ਚੱਲਿਆ ਸੂਬੇਦਾਰ ਆਸਾ ਸਿੰਘ ਨੇ ਫਿਰ ਤੋਂ ਪਾਕਿਸਤਾਨ ਰੇਡੀਓ 'ਤੇ ਆਪਣਾ ਹਾਲ ਸੁਣਾਇਆ ਸੀ ਅਤੇ ਜੰਮੂ ਵਿੱਚ ਆਪਣੇ ਘਰ ਦਾ ਪਤਾ ਵੀ ਦੱਸਿਆ ਸੀ।

ਨਿਰਮਲ ਕੌਰ ਨੇ ਕਿਹਾ ਕਿ ਇਹ ਸੂਚਨਾ ਮਿਲਣ 'ਤੇ ਅਸੀਂ ਵਾਰ-ਵਾਰ ਕੇਂਦਰ ਸਰਕਾਰ ਦੇ ਅੱਗੇ ਗੁਹਾਰ ਲਗਾਈ ਪਰ ਕਿਸੇ ਨੇ ਸਾਡੀ ਆਵਾਜ਼ ਨਹੀਂ ਸੁਣੀ।

ਇੰਡੀਅਨ ਪ੍ਰਿਜ਼ਨਰ ਆਫ਼ ਵਾਰ ਇਨ ਪਾਕਿਸਤਾਨ ਕਿਤਾਬ ਦਾ ਕਵਰ ਪੇਜ

ਤਸਵੀਰ ਸਰੋਤ, Indian Prisoners of War in Pakistan

ਤਸਵੀਰ ਕੈਪਸ਼ਨ, ਇੰਡੀਅਨ ਪ੍ਰਿਜ਼ਨਰ ਆਫ਼ ਵਾਰ ਇਨ ਪਾਕਿਸਤਾਨ ਕਿਤਾਬ ਦਾ ਕਵਰ ਪੇਜ

ਉਹ ਕਹਿੰਦੀ ਨੇ, "ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੱਤਾ ਵਿੱਚ ਸਨ ਤਾਂ ਭਾਰਤੀ ਜਨਤਾ ਪਾਰਟੀ ਦੇ ਵੱਡੇ-ਵੱਡੇ ਨੇਤਾ ਸਾਡੇ ਨਾਲ ਇਨਸਾਫ ਮੰਗਣ ਲਈ ਖੜ੍ਹੇ ਹੁੰਦੇ ਪਰ ਅੱਜ ਉਨ੍ਹਾਂ ਦੀ ਆਪਣੀ ਸਰਕਾਰ ਹੈ ਅਤੇ ਹੁਣ ਇਨ੍ਹਾਂ ਨੇ ਚੁੱਪ ਧਾਰ ਰੱਖੀ ਸੀ। ਕੋਈ ਸਾਡੀ ਮਦਦ ਲਈ ਅੱਗੇ ਨਹੀਂ ਆਉਂਦਾ। ਦੇਸ ਦੇ ਫੌਜੀਆਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਦਿੱਤਾ ਹੈ ਪਾਕਿਸਤਾਨ ਦੀ ਜੇਲ੍ਹ ਵਿੱਚ ਸੜਨ ਲਈ।''

ਇਹ ਵੀ ਪੜ੍ਹੋ:

ਸਾਲ 2006 ਵਿੱਚ ਸਾਹਮਣੇ ਆਈ ਕਿਤਾਬ 'ਇੰਡੀਅਨ ਪ੍ਰਿਜ਼ਨਰਸ ਆਫ ਵਾਰ - ਹੈਪਲੈਸ ਐਂਡ ਹੈਲਪਲੈਸ' ਵਿੱਚ ਲੈਫਟੀਨੈਂਟ ਕਰਨਲ ਆਰ ਕੇ ਪੱਟੂ ਅਤੇ ਬ੍ਰਿਗੇਡੀਅਰ ਮਨਮੋਹਨ ਸ਼ਰਮਾ ਦਾਅਵਾ ਕਰਦੇ ਹਨ ਕਿ 1975 ਵਿੱਚ ਇੱਕ ਕੈਦੀ ਨੇ ਆਪਣੇ ਪਿਤਾ ਨੂੰ ਚਿੱਠੀ ਲਿਖ ਕੇ ਦੱਸਿਆ ਸੀ ਕਿ ਪਾਕਿਸਤਾਨ ਦੀ ਜੇਲ੍ਹਾਂ ਵਿੱਚ ਜੰਗ ਦੌਰਾਨ ਕੈਦ ਕੀਤੇ ਗਏ 54 ਭਾਰਤੀ ਕੈਦੀ ਫਸੇ ਹੋਏ ਹਨ ਅਤੇ ਉਨ੍ਹਾਂ ਦੀ ਰਿਹਾਈ ਦੀ ਕਾਰਵਾਈ ਸ਼ੁਰੂ ਹੋਣ ਚਾਹੀਦੀ ਹੈ।''

1999 ਵਿੱਚ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੇ ਵੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਹ ਗੱਲ ਕਹੀ ਸੀ ਕਿ ਉਨ੍ਹਾਂ ਦੇਸ ਵਿੱਚ 43 ਜੰਗ ਦੇ ਕੈਦੀ ਹਨ।

ਨਿਰਮਲ ਕੌਰ ਨੇ ਦੱਸਿਆ, "1988 ਵਿੱਚ ਪਰਿਵਾਰ ਦੀ ਉਮੀਦ ਇੱਕ ਵਾਰ ਫਿਰ ਜਾਗੀ ਜਦੋਂ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਇੱਕ ਕੈਦੀ ਨੇ ਦੱਸਿਆ ਕਿ ਪਾਕਿਸਤਾਨ ਦੀ ਜੇਲ੍ਹ ਵਿੱਚ ਉਨ੍ਹਾਂ ਦੀ ਮੁਲਾਕਾਤਾ ਸੂਬੇਦਾਰ ਆਸਾ ਸਿੰਘ ਨਾਲ ਹੋਈ ਹੈ।

ਪਾਕਿਸਤਾਨੀ ਨਾਗਰਿਕ ਦੀ ਭੇਜੀ ਗਈ ਚਿੱਠੀ

ਤਸਵੀਰ ਸਰੋਤ, MOHIT Kandhari/BBC

ਤਸਵੀਰ ਕੈਪਸ਼ਨ, ਪਾਕਿਸਤਾਨੀ ਨਾਗਰਿਕ ਦੀ ਭੇਜੀ ਗਈ ਚਿੱਠੀ

1990 ਵਿੱਚ ਵੀ ਪਰਿਵਾਰ ਨੂੰ ਸੂਚਨਾ ਮਿਲੀ ਕਿ ਸੂਬੇਦਾਰ ਆਸਾ ਸਿੰਘ ਦੀ ਮੁਲਾਕਾਤ ਜੇਲ੍ਹ ਹਸਪਤਾਲ ਵਿੱਚ ਇੱਕ ਦੂਜੇ ਭਾਰਤੀ ਕੈਦੀ ਨਾਲ ਹੋਈ ਸੀ ਅਤੇ ਉਸ ਨੇ ਘਰ ਵਾਪਸ ਆ ਕੇ ਉਨ੍ਹਾਂ ਦੇ ਪਰਿਵਾਰ ਨੂੰ ਇਹ ਸੂਚਨਾ ਵੀ ਦਿੱਤੀ ਸੀ।

2003 ਵਿੱਚ ਲਾਹੌਰ ਦੀ ਕੋਟ ਲੱਖਪਤ ਜੇਲ੍ਹ ਦਾ ਨਿਰੀਖਣ ਕਰਨ ਗਈ ਮਨੁੱਖੀ ਹੱਕਾਂ ਦੀ ਟੀਮ ਨੇ ਵੀ ਉੱਥੇ ਘੱਟੋਂ-ਘੱਟ 11 ਭਾਰਤੀ ਜੰਗ ਬੰਦੀਆਂ ਨਾਲ ਮੁਲਾਕਾਤ ਕੀਤੀ ਸੀ ਜਿਸ ਵਿੱਚ ਆਸਾ ਸਿੰਘ ਵੀ ਸ਼ਾਮਿਲ ਸਨ।

ਲੰਬੀ ਕਾਨੂੰਨੀ ਲੜਾਈ

ਸੂਬੇਦਾਰ ਆਸਾ ਸਿੰਘ ਦੀ ਸਭ ਤੋਂ ਛੋਟੀ ਧੀ ਰਵਿੰਦਰ ਕੌਰ ਨੇ ਬੀਬੀਸੀ ਨੂੰ ਦੱਸਿਆ, "ਮੈਂ ਆਪਣੇ ਪਾਪਾ ਨੂੰ ਕਦੇ ਦੇਖਿਆ ਵੀ ਨਹੀਂ। ਮੈਂ ਤਾਂ ਕੇਵਲ ਉਨ੍ਹਾਂ ਦੀ ਤਸਵੀਰ ਦੇਖ ਦੇ ਵੱਡੀ ਹੋਈ ਹਾਂ। ਉਨ੍ਹਾਂ ਦੀ ਯਾਦ ਵਿੱਚ ਮੈਂ ਕਵਿਤਾ ਵੀ ਲਿਖੀ ਅਤੇ ਆਪਣੀ ਮਾਂ ਨਾਲ ਲੰਬਾ ਸੰਘਰਸ਼ ਵੀ ਕੀਤਾ ਪਰ ਅੱਜ ਤੱਕ ਕਾਮਯਾਬੀ ਹੱਥ ਨਹੀਂ ਲੱਗੀ।''

"ਪਿਤਾ ਦੇ ਬਿਨਾ ਘਰ ਵਿੱਚ ਬੱਚਿਆਂ ਦਾ ਕੀ ਹਾਲ ਹੁੰਦਾ ਹੈ ਇਹ ਸਾਡੇ ਤੋਂ ਵੱਧ ਕੋਈ ਨਹੀਂ ਜਾਣ ਸਕਦਾ ਸਾਡੀ ਮਾਂ ਨੇ ਸਾਡੇ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਇਕੱਲੇ ਆਪਣੇ ਦਮ 'ਤੇ ਸਾਨੂੰ ਪਾਲਿਆ ਹੈ। ਸਾਡੇ ਪਿਤਾ ਨੇ ਆਪਣਾ ਸਾਰਾ ਜੀਵਨ ਦੇਸ ਦੇ ਲੇਖੇ ਲਾ ਦਿੱਤਾ ਪਰ ਅਸੀਂ ਅੱਜ ਵੀ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਤਰਸ ਰਹੇ ਹਾਂ।''

ਸੂਬੇਦਾਰ ਆਸਾ ਸਿੰਘ ਨੂੰ ਕੈਪਟਨ ਦਾ ਦਰਜਾ ਦਿੱਤੇ ਜਾਣ ਦੀ ਪੁਸ਼ਟੀ ਕਰਨ ਵਾਲਾ ਦਸਤਾਵੇਜ਼

ਤਸਵੀਰ ਸਰੋਤ, MOHIT Kandhari/BBC

ਤਸਵੀਰ ਕੈਪਸ਼ਨ, ਸੂਬੇਦਾਰ ਆਸਾ ਸਿੰਘ ਨੂੰ ਕੈਪਟਨ ਦਾ ਦਰਜਾ ਦਿੱਤੇ ਜਾਣ ਦੀ ਪੁਸ਼ਟੀ ਕਰਨ ਵਾਲਾ ਦਸਤਾਵੇਜ਼

ਸੂਬੇਦਾਰ ਆਸਾ ਸਿੰਘ ਦੇ ਬੇਟੇ ਹਰਚਰਨ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਆਪਣੇ ਪਿਤਾ ਦੀ ਰਿਹਾਈ ਨੂੰ ਲੈ ਕੇ ਉਨ੍ਹਾਂ ਨੇ ਬਾਕੀ ਜੰਗ ਦੇ ਕੈਦੀਆਂ ਦੇ ਪਰਿਵਾਰਾਂ ਨਾਲ ਮਿਲ ਕੇ ਇੱਕ ਲੰਬੀ ਕਾਨੂੰਨੀ ਲੜਾਈ ਲੜੀ ਹੈ।''

"ਇਸ ਲੜਾਈ ਦੇ ਚੱਲਦੇ ਭਾਰਤ ਸਰਕਾਰ ਨੇ ਦਸੰਬਰ 2011 ਵਿੱਚ ਗੁਜਰਾਤ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਭਾਰਤੀ ਫੌਜੀਆਂ ਦੇ ਪਰਿਵਾਰਾਂ ਨੂੰ ਰਾਹਤ ਰਾਸ਼ੀ ਵੰਡੀ ਅਤੇ ਨਾਲ ਹੀ ਸਾਰਿਆਂ ਫੌਜੀਆਂ ਨੂੰ ਸਨਮਾਨ ਨਾਲ ਉਨ੍ਹਾਂ ਦੇ ਅਹੁਦੇ ਦਿੱਤੇ।''

ਸੂਬੇਦਾਰ ਆਸਾ ਸਿੰਘ ਨੂੰ ਕੈਪਟਨ ਦੇ ਅਹੁਦੇ ਨਾਲ ਨਿਵਾਜਿਆ ਗਿਆ। ਜੰਗ ਦੇ ਕੈਦੀਆਂ ਦੇ ਪਰਿਵਾਰਾਂ ਨੂੰ ਇਸ ਫੈਸਲੇ ਤੋਂ ਬਾਅਦ ਇੱਕ ਤਰੀਕੇ ਨਾਲ ਵੱਡੀ ਰਾਹਤ ਮਿਲੀ ਅਤੇ ਦੂਜੇ ਪਾਸੇ ਇਸ ਗੱਲ ਦੀ ਵੀ ਚਰਚਾ ਸ਼ੁਰੂ ਹੋ ਗਈ ਕਿ ਉਨ੍ਹਾਂ ਦਾ ਹੱਕ ਦਿਵਾਉਣ ਲਈ ਅਤੇ ਉਨ੍ਹਾਂ ਨੂੰ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਕਰਵਾਉਣ ਲਈ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਗੁਹਾਰ ਲਾਈ ਜਾਵੇ।

ਇਹ ਵੀ ਪੜ੍ਹੋ:

ਹਰਚਰਨ ਸਿੰਘ ਨੇ ਦੱਸਿਆ ਭਾਰਤ ਸਰਕਾਰ ਤਾਂ ਇਸ ਗੱਲ 'ਤੇ ਅਜੇ ਤੱਕ ਰਾਜ਼ੀ ਨਹੀਂ ਹੋਈ ਹੈ ਅਤੇ ਇਹੀ ਕਾਰਨ ਹੈ ਕਿ ਇਨ੍ਹਾਂ ਜੰਗ ਦੇ ਕੈਦੀਆਂ ਦੀ ਰਿਹਾਈ ਦਾ ਫੈਸਲਾ ਰੁਕਿਆ ਹੋਇਆ ਹੈ।

ਹਰਚਰਨ ਸਿੰਘ ਕਹਿੰਦੇ ਹਨ, "ਇੰਨੀ ਲੰਬੀ ਲੜਾਈ ਦੇ ਬਾਅਦ ਵੀ ਅੱਜ ਤੱਕ ਇਸ ਸਵਾਲ ਦਾ ਜਵਾਬ ਨਹੀਂ ਮਿਲਿਆ ਕਿ ਜੇ ਭਾਰਤ ਦੇਸ ਨੇ ਪਾਕਿਸਤਾਨ ਦੇ 90,000 ਜੰਗ ਦੇ ਕੈਦੀਆਂ ਨੂੰ ਫੌਜੀ ਸਮਝੌਤੇ ਤੋਂ ਬਾਅਦ ਰਿਹਾਅ ਕਰ ਦਿੱਤਾ ਸੀ ਤਾਂ ਅਤੇ ਉਨ੍ਹਾਂ ਦਾ ਇਲਾਕਾ ਵੀ ਵਾਪਸ ਦਿੱਤਾ ਸੀ ਫਿਰ ਭਾਰਤ ਆਪਣੇ ਜੰਗ ਦੇ ਕੈਦੀਆਂ ਨੂੰ ਰਿਹਾਅ ਕਿਉਂ ਨਹੀਂ ਕਰਵਾ ਸਕਿਆ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)