ਕੁਝ ਲੋਕਾਂ ਲਈ ਭਾਰ ਘਟਾਉਣਾ ਇੰਨਾ ਮੁਸ਼ਕਿਲ ਕਿਉਂ ਹੁੰਦਾ ਹੈ?

ਕੇਕ
ਤਸਵੀਰ ਕੈਪਸ਼ਨ, ਬ੍ਰਿਟੇਨ ਵਿੱਚ ਸਰਕਾਰ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਰੇਗੂਲੇਸ਼ਨ ਪਾਬੰਦੀਆਂ ਦਾ ਸਹਾਰਾ ਲਿਆ
    • ਲੇਖਕ, ਨਿਕ ਟ੍ਰਿਗਲ
    • ਰੋਲ, ਬੀਬੀਸੀ ਨਿਊਜ਼

"ਮੋਟੇ ਲੋਕਾਂ ਨੂੰ ਸਿਰਫ਼ ਆਪਣੇ-ਆਪ 'ਤੇ ਹੋਰ ਵੱਧ ਕੰਟ੍ਰੋਲ ਕਰਨ ਦੀ ਲੋੜ ਹੈ, ਇਹ ਨਿੱਜੀ ਜ਼ਿੰਮੇਵਾਰੀ ਦੀ ਗੱਲ ਹੈ। ਇਹ ਕਰਨਾ ਆਸਾਨ ਹੈ, ਬੱਸ ਘੱਟ ਖਾਓ।"

ਇਹ ਲਾਈਨਾਂ ਉਨ੍ਹਾਂ 1,946 ਟਿੱਪਣੀਆਂ ਵਿੱਚ ਸ਼ਾਮਲ ਸਨ, ਜੋ ਪਿਛਲੇ ਸਾਲ ਮੇਰੇ ਲਿਖੇ ਇੱਕ ਲੇਖ ਦੇ ਹੇਠਾਂ ਪਾਠਕਾਂ ਵੱਲੋਂ ਪੋਸਟ ਕੀਤੀਆਂ ਗਈਆਂ ਸਨ। ਇਹ ਲੇਖ ਵਜ਼ਨ ਘਟਾਉਣ ਵਾਲੇ ਟੀਕਿਆਂ ਬਾਰੇ ਸੀ।

ਬਹੁਤ ਸਾਰੇ ਲੋਕ ਮੰਨਦੇ ਹਨ ਕਿ ਮੋਟਾਪਾ ਘਟਾਉਣਾ ਸਿਰਫ਼ ਇੱਛਾ-ਸ਼ਕਤੀ ਦੀ ਗੱਲ ਹੈ। ਅਜਿਹੀ ਸੋਚ ਰੱਖਣ ਵਾਲਿਆਂ ਵਿੱਚ ਕੁਝ ਮੈਡੀਕਲ ਪ੍ਰੋਫੈਸ਼ਨਲ ਵੀ ਸ਼ਾਮਲ ਹਨ।

ਬ੍ਰਿਟੇਨ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਅਮਰੀਕਾ ਦੇ ਲੋਕਾਂ 'ਤੇ ਕੀਤੀ ਗਈ ਇੱਕ ਅਧਿਐਨ ਅਨੁਸਾਰ ਦਸ ਵਿੱਚੋਂ ਅੱਠ ਲੋਕਾਂ ਨੇ ਕਿਹਾ ਕਿ ਮੋਟਾਪੇ ਨੂੰ ਪੂਰੀ ਤਰ੍ਹਾਂ ਜੀਵਨ-ਸ਼ੈਲੀ ਰਾਹੀਂ ਰੋਕਿਆ ਜਾ ਸਕਦਾ ਹੈ। ਇਹ ਅਧਿਐਨ ਮੈਡੀਕਲ ਜਰਨਲ ਦਿ ਲਾਂਸੇਟ ਵਿੱਚ ਪ੍ਰਕਾਸ਼ਿਤ ਹੋਇਆ ਸੀ।

ਪਰ 20 ਸਾਲਾਂ ਤੱਕ ਮੋਟੇ ਅਤੇ ਵੱਧ ਵਜ਼ਨ ਵਾਲੇ ਲੋਕਾਂ ਨਾਲ ਕੰਮ ਕਰ ਚੁੱਕੀ ਡਾਇਟੀਸ਼ੀਅਨ ਬਿਨੀ ਸੁਰੇਸ਼ ਇਸ ਨਾਲ ਸਹਿਮਤ ਨਹੀਂ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਿਰਫ਼ ਅਧੂਰੀ ਤਸਵੀਰ ਹੈ।

ਉਹ ਕਹਿੰਦੇ ਹਨ, "ਮੈਂ ਅਕਸਰ ਅਜਿਹੇ ਮਰੀਜ਼ ਵੇਖਦੀ ਹਾਂ ਜੋ ਬਹੁਤ ਪ੍ਰੇਰਿਤ ਹੁੰਦੇ ਹਨ, ਜਾਣਕਾਰੀ ਰੱਖਦੇ ਹਨ ਅਤੇ ਲਗਾਤਾਰ ਕੋਸ਼ਿਸ਼ ਕਰਦੇ ਹਨ, ਫਿਰ ਵੀ ਵਜ਼ਨ ਘਟਾਉਣ ਵਿੱਚ ਮੁਸ਼ਕਲ ਮਹਿਸੂਸ ਕਰਦੇ ਹਨ।"

'ਵੇਟਵਾਚਰਜ਼' ਦੀ ਮੈਡੀਕਲ ਡਾਇਰੈਕਟਰ ਡਾ. ਕਿਮ ਬੋਇਡ ਵੀ ਇਸ ਗੱਲ ਨਾਲ ਸਹਿਮਤ ਹਨ। ਉਹ ਕਹਿੰਦੇ ਹਨ, "ਇੱਛਾ-ਸ਼ਕਤੀ ਅਤੇ 'ਸੈਲਫ਼-ਕੰਟ੍ਰੋਲ' ਵਰਗੇ ਸ਼ਬਦ ਗ਼ਲਤ ਹਨ। ਦਹਾਕਿਆਂ ਤੋਂ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਘੱਟ ਖਾਓ ਅਤੇ ਵੱਧ ਕਸਰਤ ਕਰੋ, ਇਸ ਨਾਲ ਵਜ਼ਨ ਘਟ ਜਾਵੇਗਾ… ਪਰ ਮੋਟਾਪਾ ਇਸ ਨਾਲੋਂ ਕਿਤੇ ਵੱਧ ਜਟਿਲ ਮਾਮਲਾ ਹੈ।"

ਉਹ ਅਤੇ ਹੋਰ ਜਿਨ੍ਹਾਂ ਮਾਹਰਾਂ ਨਾਲ ਮੈਂ ਗੱਲ ਕੀਤੀ, ਦੱਸਦੇ ਹਨ ਕਿ ਕਿਸੇ ਵਿਅਕਤੀ ਦੇ ਮੋਟਾਪੇ ਦੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿੱਚੋਂ ਕੁਝ ਅਜੇ ਤੱਕ ਪੂਰੀ ਤਰ੍ਹਾਂ ਸਮਝੇ ਨਹੀਂ ਜਾ ਸਕੇ। ਪਰ ਇਹ ਸਪਸ਼ਟ ਹੈ ਕਿ ਹਰ ਕਿਸੇ ਲਈ ਹਾਲਾਤ ਇੱਕੋ ਜਿਹੇ ਨਹੀਂ ਹੁੰਦੇ।

ਬ੍ਰਿਟੇਨ ਵਿੱਚ ਸਰਕਾਰ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਰੇਗੂਲੇਸ਼ਨ ਪਾਬੰਦੀਆਂ ਦਾ ਸਹਾਰਾ ਲਿਆ ਹੈ।

ਇਸ ਸੰਦਰਭ ਵਿੱਚ ਸਭ ਤੋਂ ਤਾਜ਼ਾ ਕਦਮ ਰਾਤ 9 ਵਜੇ ਤੋਂ ਪਹਿਲਾਂ ਟੈਲੀਵਿਜ਼ਨ 'ਤੇ ਜੰਕ ਫੂਡ ਦੇ ਇਸ਼ਤਿਹਾਰਾਂ ਅਤੇ ਆਨਲਾਈਨ ਪ੍ਰਚਾਰ 'ਤੇ ਪੂਰੀ ਪਾਬੰਦੀ ਹੈ, ਜੋ ਹੁਣ ਲਾਗੂ ਹੋ ਚੁੱਕੀ ਹੈ।

ਫਿਰ ਵੀ, ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਕਦਮ ਵੀ ਬਰਤਾਨੀਆ ਵਿੱਚ ਮੋਟਾਪੇ ਦੀ ਵੱਧ ਰਹੀ ਸਮੱਸਿਆ ਨਾਲ ਨਜਿੱਠਣ ਵਿੱਚ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਹੋਵੇਗਾ, ਜਿੱਥੇ ਔਸਤਨ ਹਰ ਚਾਰ ਵਿੱਚੋਂ ਇੱਕ ਤੋਂ ਵੱਧ ਬਾਲਗ਼ ਇਸ ਸਮੱਸਿਆ ਨਾਲ ਪ੍ਰਭਾਵਿਤ ਹੈ।

ਬਾਓਲਾਜੀ ਖ਼ਿਲਾਫ਼ ਇੱਕ ਲੜਾਈ

ਭਾਰ ਵਧਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੰਡਨ ਦੇ ਕਲੀਵਲੈਂਡ ਕਲੀਨਿਕ ਵਿੱਚ ਡਾਇਟੈਟਿਕਸ ਦੇ ਮੁਖੀ, ਬਿੰਨੀ ਸੁਰੇਸ਼ ਦਾ ਕਹਿਣਾ ਹੈ ਕਿ ਸਿਰਫ਼ ਇੱਛਾ ਸ਼ਕਤੀ ਦੇ ਸਹਾਰੇ ਭਾਰ ਨੂੰ ਸੰਭਾਲਣ ਅਤੇ ਬਣਾਈ ਰੱਖਣ ਦੀ ਉਮੀਦ ਕਰਨਾ ਅਵਿਸ਼ਵਾਸੀ ਅਤੇ ਅਨੁਚਿਤ ਹੈ (ਸੰਕੇਤਕ ਤਸਵੀਰ)

ਪ੍ਰੋਫੈਸਰ ਸਦਫ਼ ਫ਼ਾਰੂਕੀ ਇੱਕ ਕੰਸਲਟੈਂਟ ਐਂਡੋਕ੍ਰਿਨੋਲੋਜਿਸਟ ਹਨ ਅਤੇ ਗੰਭੀਰ ਮੋਟਾਪੇ ਤੇ ਇਸ ਨਾਲ ਜੁੜੀਆਂ ਐਂਡੋਕ੍ਰਾਈਨ ਬਿਮਾਰੀਆਂ ਵਾਲੇ ਮਰੀਜ਼ਾਂ ਦਾ ਇਲਾਜ ਕਰਦੇ ਹਨ।

ਉਹ ਦਸਦੇ ਹਨ, "ਕਿਸੇ ਵਿਅਕਤੀ ਦਾ ਵਜ਼ਨ ਕਿੰਨਾ ਵਧਦਾ ਹੈ, ਇਹ ਉਸ ਦੇ ਜੀਨਜ਼ ਤੋਂ ਕਾਫ਼ੀ ਹੱਦ ਤੱਕ ਪ੍ਰਭਾਵਿਤ ਹੁੰਦਾ ਹੈ ਅਤੇ ਇਹ ਜੀਨ ਹਰ ਕਿਸੇ ਲਈ ਮਹੱਤਵ ਰੱਖਦੇ ਹਨ।"

ਉਹ ਕਹਿੰਦੇ ਹਨ ਕਿ ਕੁਝ ਖ਼ਾਸ ਜੀਨ ਦਿਮਾਗ਼ ਦੇ ਉਨ੍ਹਾਂ ਹਿੱਸਿਆਂ 'ਤੇ ਅਸਰ ਕਰਦੇ ਹਨ, ਜੋ ਪੇਟ ਵੱਲੋਂ ਦਿਮਾਗ਼ ਨੂੰ ਭੇਜੇ ਗਏ ਸੰਕੇਤਾਂ ਦੇ ਜਵਾਬ ਵਿੱਚ ਭੁੱਖ ਅਤੇ ਖਾਣ-ਪੀਣ ਨੂੰ ਕਾਬੂ ਕਰਦੇ ਹਨ।

"ਮੋਟਾਪੇ ਨਾਲ ਪ੍ਰਭਾਵਿਤ ਲੋਕਾਂ ਵਿੱਚ ਇਨ੍ਹਾਂ ਜੀਨਾਂ ਵਿੱਚ ਤਬਦੀਲੀਆਂ ਜਾਂ ਵੈਰੀਐਂਟ ਮਿਲਦੇ ਹਨ, ਜਿਸਦਾ ਮਤਲਬ ਹੈ ਕਿ ਉਨ੍ਹਾਂ ਨੂੰ ਵੱਧ ਭੁੱਖ ਲੱਗਦੀ ਹੈ ਅਤੇ ਸੰਭਾਵਨਾ ਹੈ ਕਿ ਖਾਣ ਤੋਂ ਬਾਅਦ ਵੀ ਉਨ੍ਹਾਂ ਨੂੰ ਪੇਟ ਭਰਨ ਦਾ ਅਹਿਸਾਸ ਘੱਟ ਹੁੰਦਾ ਹੈ।"

ਘੱਟੋ-ਘੱਟ ਹੁਣ ਤੱਕ ਜਿੰਨੇ ਜੀਨਜ਼ ਬਾਰੇ ਪਤਾ ਲੱਗਿਆ ਹੈ, ਉਨ੍ਹਾਂ ਵਿੱਚੋਂ ਸ਼ਾਇਦ ਸਭ ਤੋਂ ਮਹੱਤਵਪੂਰਨ ਐੱਮਸੀ4ਆਰ ਜੀਨ ਹੈ। ਇਸ ਜੀਨ ਵਿੱਚ ਇੱਕ ਮਿਊਟੇਸ਼ਨ ਹੁੰਦੀ ਹੈ, ਜੋ ਵਧੇਰੇ ਖਾਣ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਇਸਦਾ ਮਤਲਬ ਹੈ ਕਿ ਸਾਨੂੰ ਘੱਟ ਮਹਿਸੂਸ ਹੁੰਦਾ ਹੈ ਕਿ ਸਾਡਾ ਪੇਟ ਭਰ ਗਿਆ ਹੈ। ਇਹ ਜੀਨ ਲਗਭਗ ਦੁਨੀਆ ਦੇ ਹਰ ਪੰਜ ਵਿੱਚੋਂ ਇੱਕ ਵਿਅਕਤੀ ਵਿੱਚ ਪਾਇਆ ਜਾਂਦਾ ਹੈ।

ਪ੍ਰੋਫੈਸਰ ਫ਼ਾਰੂਕੀ ਦਾ ਕਹਿਣਾ ਹੈ, "ਹੋਰ ਜੀਨ ਮੈਟਾਬੋਲਿਜ਼ਮ ਨੂੰ ਪ੍ਰਭਾਵਿਤ ਕਰਦੇ ਹਨ ਭਾਵ ਅਸੀਂ ਕਿੰਨੀ ਤੇਜ਼ੀ ਨਾਲ ਊਰਜਾ ਵਰਤਦੇ ਹਾਂ। ਇਸਦਾ ਮਤਲਬ ਹੈ ਕਿ ਕੁਝ ਲੋਕਾਂ ਦਾ ਵਜ਼ਨ ਇਕੋ ਜਿਹੀ ਮਾਤਰਾ ਵਿੱਚ ਖਾਣ ਨਾਲ ਵੀ ਦੂਜਿਆਂ ਦੇ ਮੁਕਾਬਲੇ ਵੱਧ ਵਧੇਗਾ ਅਤੇ ਉਨ੍ਹਾਂ ਵਿੱਚ ਚਰਬੀ ਜ਼ਿਆਦਾ ਇਕੱਠੀ ਹੋਵੇਗੀ ਜਾਂ ਫਿਰ ਕਸਰਤ ਕਰਦੇ ਸਮੇਂ ਉਹ ਘੱਟ ਕੈਲੋਰੀਆਂ ਬਰਨ ਕਰਨਗੇI"

ਉਨ੍ਹਾਂ ਦਾ ਅੰਦਾਜ਼ਾ ਹੈ ਕਿ ਅਜਿਹੇ ਹਜ਼ਾਰਾਂ ਜੀਨ ਹੋ ਸਕਦੇ ਹਨ ਜੋ ਵਜ਼ਨ 'ਤੇ ਅਸਰ ਪਾਉਂਦੇ ਹਨ ਅਤੇ ਸਾਨੂੰ ਉਨ੍ਹਾਂ ਵਿੱਚੋਂ ਸਿਰਫ਼ 30 ਤੋਂ 40 ਜੀਨਾਂ ਬਾਰੇ ਹੀ ਵਿਸਥਾਰ ਨਾਲ ਜਾਣਕਾਰੀ ਹੈ।

ਯੋ-ਯੋ ਡਾਈਟਿੰਗ ਪਿੱਛੇ ਵਿਗਿਆਨ

ਖਾਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੋਟਾਪਾ ਦਿਲ ਦੀ ਬਿਮਾਰੀ, ਸਟ੍ਰੋਕ, ਟਾਈਪ 2 ਸ਼ੂਗਰ ਅਤੇ ਕੁਝ ਕਿਸਮਾਂ ਦੇ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ (ਸੰਕੇਤਕ ਤਸਵੀਰ)

ਪਰ ਇਸ ਕਹਾਣੀ ਦੇ ਕਈ ਹਿੱਸੇ ਹਨ।

ਬੈਰੀਐਟ੍ਰਿਕ ਸਰਜਨ ਅਤੇ 'ਵ੍ਹਾਈ ਵੀ ਈਟ ਟੂ ਮਚ' ਦੇ ਲੇਖਕ, ਐਂਡਰਿਊ ਜੇਨਕਿੰਸਨ ਦੱਸਦੇ ਹਨ ਕਿ ਹਰ ਕਿਸੇ ਦਾ ਇੱਕ ਭਾਰ ਹੁੰਦਾ ਹੈ ਜਿਸਨੂੰ ਉਨ੍ਹਾਂ ਦਾ ਦਿਮਾਗ਼ ਉਨ੍ਹਾਂ ਲਈ ਸਹੀ ਭਾਰ ਸਮਝਦਾ ਹੈ ਭਾਵੇਂ ਇਹ ਭਾਰ ਜ਼ਿਆਦਾ ਹੋਵੇ ਜਾਂ ਨਾ।

ਇਸਨੂੰ 'ਸੈੱਟ ਵੇਟ ਪੁਆਇੰਟ ਥਿਊਰੀ' ਵਜੋਂ ਜਾਣਿਆ ਜਾਂਦਾ ਹੈ।

ਉਹ ਕਹਿੰਦੇ ਹਨ, "ਇਹ ਭਾਰ ਜੈਨੇਟਿਕਸ ਦੁਆਰਾ ਤੈਅ ਹੁੰਦਾ ਹੈ, ਪਰ ਇਸਦੇ ਪਿੱਛੇ ਹੋਰ ਕਾਰਕ ਵੀ ਹਨ, ਜਿਵੇਂ ਕਿ ਤੁਹਾਡਾ ਖਾਣ-ਪੀਣ ਦਾ ਵਾਤਾਵਰਣ, ਤੁਹਾਡਾ ਤਣਾਅ ਦਾ ਪੱਧਰ ਅਤੇ ਤੁਹਾਡੀ ਨੀਂਦ।"

ਇਸਦਾ ਮਤਲਬ ਹੈ ਕਿ ਸਰੀਰ ਦਾ ਭਾਰ ਇੱਕ ਥਰਮੋਸਟੇਟ ਵਾਂਗ ਹੈ। ਤੁਹਾਡਾ ਸਰੀਰ ਉਸ ਪਸੰਦੀਦਾ ਸੀਮਾ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕਰਦਾ ਹੈ।

ਉਸ ਸਿਧਾਂਤ ਦੇ ਅਨੁਸਾਰ, ਜੇਕਰ ਭਾਰ ਇਸ 'ਸੈੱਟ ਪੁਆਇੰਟ' ਤੋਂ ਹੇਠਾਂ ਆ ਜਾਂਦਾ ਹੈ, ਤਾਂ ਭੁੱਖ ਵੱਧ ਜਾਂਦੀ ਹੈ ਅਤੇ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ, ਜਿਵੇਂ ਇੱਕ ਥਰਮੋਸਟੇਟ ਬਹੁਤ ਠੰਢੇ ਹੋਣ 'ਤੇ ਗਰਮੀ ਨੂੰ ਵਧਾ ਦਿੰਦਾ ਹੈ।

ਡਾ. ਜੇਨਕਿੰਸਨ ਕਹਿੰਦੇ ਹਨ ਕਿ ਇੱਕ ਵਾਰ ਜਦੋਂ ਤੁਹਾਡਾ ਪੁਆਇੰਟ ਤੈਅ ਹੋ ਜਾਂਦਾ ਹੈ, ਤਾਂ ਇਸਨੂੰ ਇੱਛਾ ਸ਼ਕਤੀ ਨਾਲ ਬਦਲਣਾ ਬਹੁਤ ਮੁਸ਼ਕਲ ਹੁੰਦਾ ਹੈ।

ਇਹ ਯੋ-ਯੋ ਡਾਈਟਿੰਗ ਦੀ ਵੀ ਵਿਆਖਿਆ ਕਰ ਸਕਦਾ ਹੈ।

ਉਹ ਕਹਿੰਦੇ ਹਨ, "ਉਦਾਹਰਣ ਵਜੋਂ, ਜੇਕਰ ਤੁਹਾਡਾ ਭਾਰ 20 ਸਟੋਨ (ਲਗਭਗ 127 ਕਿਲੋਗ੍ਰਾਮ) ਹੈ ਅਤੇ ਤੁਹਾਡਾ ਦਿਮਾਗ਼ ਚਾਹੁੰਦਾ ਹੈ ਕਿ ਤੁਸੀਂ 20 ਸਟੋਨ 'ਤੇ ਹੀ ਰਹੇ ਅਤੇ ਤੁਸੀਂ ਘੱਟ ਕੈਲੋਰੀ ਵਾਲੀ ਖੁਰਾਕ 'ਤੇ ਜਾਂਦੇ ਹੋ ਅਤੇ ਦੋ ਸਟੋਨ ਦਾ ਭਾਰ ਘੱਟ ਜਾਂਦਾ ਹੈ, ਤਾਂ ਤੁਹਾਡਾ ਸਰੀਰ ਇਸ ਤਰ੍ਹਾਂ ਪ੍ਰਤੀਕਿਰਿਆ ਕਰੇਗਾ ਜਿਵੇਂ ਤੁਸੀਂ ਭੁੱਖੇ ਹੋ।"

ਉਹ ਦਸਦੇ ਹਨ, "ਨਤੀਜਾ ਇਹ ਹੋਵੇਗਾ ਕਿ ਤੁਹਾਨੂੰ ਬਹੁਤ ਭੁੱਖ ਲੱਗੇਗੀ, ਤੁਹਾਡੇ ਵਿਹਾਰ ਵਿੱਚ ਭੋਜਨ ਲੱਭਣਾ ਸ਼ਾਮਲ ਹੋ ਜਾਵੇਗਾ ਅਤੇ ਤੁਹਾਡੀ ਪਾਚਕ ਕਿਰਿਆ ਹੌਲੀ ਹੋ ਜਾਵੇਗੀ। ਇਹ ਭੁੱਖ ਦੇ ਸੰਕੇਤ ਬਹੁਤ ਸ਼ਕਤੀਸ਼ਾਲੀ ਹੁੰਦੇ ਹਨ। ਇਹ ਪਿਆਸ ਦੇ ਸੰਕੇਤਾਂ ਵਾਂਗ ਹੀ ਸ਼ਕਤੀਸ਼ਾਲੀ ਹੁੰਦੇ ਹਨ, ਇਹ ਸਾਨੂੰ ਜ਼ਿੰਦਾ ਰਹਿਣ ਵਿੱਚ ਮਦਦ ਕਰਨ ਲਈ ਹੁੰਦੇ ਹਨ।"

ਉਨ੍ਹਾਂ ਨੇ ਕਿਹਾ,"ਬਹੁਤ ਜ਼ਿਆਦਾ ਭੁੱਖ ਇੱਕ ਅਜਿਹੀ ਚੀਜ਼ ਹੈ ਜਿਸਨੂੰ ਨਜ਼ਰਅੰਦਾਜ਼ ਕਰਨਾ ਸੱਚਮੁੱਚ ਔਖਾ ਹੈI"

ਮੋਟਾਪਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਂਬਰਿਜ ਯੂਨੀਵਰਸਿਟੀ ਦੇ ਜੈਨੇਟਿਕਸ ਆਫ਼ ਓਬੇਸਿਟੀ ਸਟੱਡੀ ਦੇ ਮੁਖੀ ਪ੍ਰੋਫੈਸਰ ਫਾਰੂਕੀ ਦੇ ਅਨੁਸਾਰ, ਕੁਝ ਲੋਕਾਂ ਦਾ ਭਾਰ ਜ਼ਿਆਦਾ ਵਧਦਾ ਹੈ, ਕੁਝ ਦਾ ਘੱਟ, ਭਾਵੇਂ ਉਹੀ ਭੋਜਨ ਖਾਂਦੇ ਹਨ (ਸੰਕੇਤਕ ਤਸਵੀਰ)

ਡਾ. ਜੇਨਕਿੰਸਨ ਇਸ ਪਿੱਛੇ ਵਿਗਿਆਨ ਅਤੇ ਲੈਪਟਿਨ ਦੀ ਭੂਮਿਕਾ ਬਾਰੇ ਦੱਸਦੇ ਹਨ।

ਉਹ ਕਹਿੰਦੇ ਹਨ, "ਇਹ ਇੱਕ ਹਾਰਮੋਨ ਹੈ ਜੋ ਚਰਬੀ ਸੈੱਲ ਬਣਾਉਂਦੇ ਹਨI ਇਹ ਹਾਈਪੋਥੈਲਮਸ ਲਈ ਇੱਕ ਸੰਕੇਤ ਵਜੋਂ ਕੰਮ ਕਰਦਾ ਹੈ, ਜੋ ਕਿ ਦਿਮਾਗ਼ ਦਾ ਉਹ ਹਿੱਸਾ ਹੈ ਜੋ ਮੂਲ ਰੂਪ ਵਿੱਚ ਤੁਹਾਡੇ ਭਾਰ ਤੈਅ ਬਿੰਦੂ ਨੂੰ ਇਹ ਦੱਸਣ ਲਈ ਕੰਟ੍ਰੋਲ ਕਰਦਾ ਹੈ ਕਿ ਸਰੀਰ ਵਿੱਚ ਕਿੰਨੀ ਊਰਜਾ ਸਟੋਰ ਕੀਤੀ ਗਈ ਹੈ।"

"ਹਾਈਪੋਥੈਲੇਮਸ ਲੇਪਟਿਨ ਦੇ ਪੱਧਰਾਂ ਨੂੰ ਦੇਖਦਾ ਹੈ ਅਤੇ ਜੇਕਰ ਇਸਨੂੰ ਲੱਗਦਾ ਹੈ ਕਿ ਅਸੀਂ ਬਹੁਤ ਜ਼ਿਆਦਾ ਊਰਜਾ ਜਾਂ ਬਹੁਤ ਜ਼ਿਆਦਾ ਚਰਬੀ ਸਟੋਰ ਕਰ ਰਹੇ ਹਾਂ, ਤਾਂ ਇਹ ਆਪਣੇ ਆਪ ਹੀ ਸਾਡੇ ਵਿਹਾਰ ਨੂੰ ਬਦਲ ਦੇਵੇਗਾ, ਸਾਡੀ ਭੁੱਖ ਨੂੰ ਘਟਾਏਗਾ ਅਤੇ ਸਾਡੇ ਮੈਟਾਬੋਲਿਜ਼ਮ ਨੂੰ ਵਧਾਏਗਾ।"

ਡਾ. ਜੇਨਕਿੰਸਨ ਦੱਸਦੇ ਹਨ ਕਿ ਲੈਪਟਿਨ ਨੂੰ ਇਸੇ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ, ਪਰ ਅਕਸਰ, ਇਹ ਪੱਛਮੀ ਖੁਰਾਕਾਂ ਕਾਰਨ ਅਸਫ਼ਲ ਹੋ ਜਾਂਦਾ ਹੈI

ਇਹ ਇਸ ਲਈ ਹੈ ਕਿਉਂਕਿ ਲੈਪਟਿਨ ਸਿਗਨਲ ਇਨਸੁਲਿਨ ਨਾਲ ਇੱਕ ਸਿਗਨਲਿੰਗ ਪਾਥਵੇਅ ਸਾਂਝਾ ਕਰਦੇ ਹਨ।

ਡਾ. ਜੇਨਕਿੰਸਨ ਦੇ ਅਨੁਸਾਰ, "ਇਸ ਲਈ ਜੇਕਰ ਇਨਸੁਲਿਨ ਦਾ ਪੱਧਰ ਬਹੁਤ ਜ਼ਿਆਦਾ ਹੁੰਦਾ ਹੈ, ਤਾਂ ਇਹ ਅਸਲ ਵਿੱਚ ਲੈਪਟਿਨ ਸਿਗਨਲ ਨੂੰ ਕਮਜ਼ੋਰ ਕਰ ਦਿੰਦਾ ਹੈ ਅਤੇ ਅਚਾਨਕ ਦਿਮਾਗ਼ ਇਹ ਨਹੀਂ ਸਮਝ ਸਕਦਾ ਕਿ ਕਿੰਨੀ ਚਰਬੀ ਸਟੋਰ ਕੀਤੀ ਗਈ ਹੈ।"

ਚੰਗੀ ਖ਼ਬਰ ਇਹ ਹੈ ਕਿ ਇਹ ਸੈੱਟ ਪੁਆਇੰਟ ਫਿਕਸ ਨਹੀਂ ਹੁੰਦਾ। ਇਹ ਲਗਾਤਾਰ ਲਾਈਫ ਸਟਾਇਲ ਵਿੱਚ ਬਦਲਾਅ, ਬਿਹਤਰ ਨੀਂਦ, ਤਣਾਅ ਘੱਟ ਕਰਨ ਅਤੇ ਲੰਬੇ ਸਮੇਂ ਤੱਕ ਸਿਹਤ ਨਾਲ ਜੁੜੀਆਂ ਚੰਗੀਆਂ ਆਦਤਾਂ ਨੂੰ ਅਪਨਾਉਣ ਨਾਲ ਹੌਲੀ-ਹੌਲੀ ਬਦਲ ਸਕਦਾ ਹੈ।

ਇਹ ਇੱਕ ਥਰਮੋਸਟੈਟ ਨੂੰ ਰੀਸੈਟ ਕਰਨ ਵਾਂਗ ਹੈ। ਸਮੇਂ ਦੇ ਨਾਲ, ਹੌਲੀ-ਹੌਲੀ ਅਤੇ ਲਗਾਤਾਰ ਐਡਜਸਟਮੈਂਟ ਸਰੀਰ ਨੂੰ ਇੱਕ ਨਵੀਂ, ਸਿਹਤਮੰਦ ਸੀਮਾ ਨੂੰ ਅਪਨਾਉਣ ਵਿੱਚ ਮਦਦ ਕਰ ਸਕਦਾ ਹੈ।

ਮੋਟਾਪੇ ਦੀ ਖ਼ਤਰਨਾਕ ਸਥਿਤੀ

ਖਾਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਛਲੇ ਦਹਾਕੇ ਦੌਰਾਨ ਜ਼ਿਆਦਾ ਭਾਰ ਜਾਂ ਮੋਟੇ ਵਜੋਂ ਸ਼੍ਰੇਣੀਬੱਧ ਕੀਤੇ ਗਏ ਬਾਲਗਾਂ ਦਾ ਅਨੁਪਾਤ ਲਗਾਤਾਰ ਵਧਿਆ ਹੈ

ਇਹ ਸਭ ਮੋਟਾਪੇ ਦੇ ਵਾਧੇ ਦਾ ਕਾਰਨ ਨਹੀਂ ਦੱਸਦਾ। ਆਖ਼ਰਕਾਰ, ਸਾਡੇ ਜੀਨ ਅਤੇ ਸਾਡਾ ਜੈਵਿਕ ਬਣਤਰ ਨਹੀਂ ਬਦਲਿਆ ਹੈ।

ਪਿਛਲੇ ਦਹਾਕੇ ਦੌਰਾਨ ਜ਼ਿਆਦਾ ਭਾਰ ਜਾਂ ਮੋਟੇ ਵਜੋਂ ਸ਼੍ਰੇਣੀਬੱਧ ਕੀਤੇ ਗਏ ਬਾਲਗਾਂ ਦਾ ਅਨੁਪਾਤ ਲਗਾਤਾਰ ਵਧਿਆ ਹੈ। ਹੈਲਥ ਫਾਊਂਡੇਸ਼ਨ ਦੁਆਰਾ 2025 ਲਈ ਕੀਤੇ ਗਏ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਯੂਕੇ ਦੇ 60% ਤੋਂ ਵੱਧ ਬਾਲਗ ਹੁਣ ਇਸ ਸ਼੍ਰੇਣੀ ਵਿੱਚ ਆਉਂਦੇ ਹਨ, ਜਿਨ੍ਹਾਂ ਵਿੱਚ ਲਗਭਗ 28% ਮੋਟੇ ਵੀ ਸ਼ਾਮਲ ਹਨ।

ਇਸਦਾ ਇੱਕ ਕਾਰਨ ਘਟੀਆ-ਗੁਣਵੱਤਾ ਵਾਲੇ ਅਤੇ ਜ਼ਿਆਦਾ ਕੈਲੋਰੀ ਵਾਲੇ ਭੋਜਨਾਂ ਦੀ ਖਪਤ ਹੈ, ਖ਼ਾਸ ਕਰਕੇ ਅਲਟਰਾ-ਪ੍ਰੋਸੈਸਡ ਭੋਜਨਾਂ ਦੀ ਉੱਚ ਮਾਤਰਾ ਅਤੇ ਘੱਟ ਕੀਮਤ।

ਇਸ ਵਿੱਚ ਫਾਸਟ ਫੂਡ ਅਤੇ ਮਿੱਠੇ ਪੀਣ ਵਾਲੇ ਪਦਾਰਥਾਂ ਦੀ ਜ਼ਬਰਦਸਤ ਮਾਰਕੀਟਿੰਗ ਅਤੇ ਇਸ਼ਤਿਹਾਰਬਾਜ਼ੀ, ਭੋਜਨ ਵਿੱਚ ਵੱਧਦੀ ਮਾਤਰਾ ਅਤੇ ਸਰੀਰਕ ਗਤੀਵਿਧੀਆਂ ਲਈ ਸੀਮਤ ਮੌਕੇ ਜੋੜ ਦਈਏ ਜੋ ਅਕਸਰ ਸ਼ਹਿਰੀ ਜੀਵਨ ਜਾਂ ਸਮੇਂ ਦੀ ਕਮੀ ਕਾਰਨ ਹੁੰਦਾ ਹੈ, ਤਾਂ ਕਾਫੀ ਖ਼ਤਰਨਾਕ ਸਥਿਤੀ ਬਣ ਜਾਂਦੀ ਹੈ।

ਪ੍ਰੋਫੈਸਰ ਫ਼ਾਰੂਕੀ ਕਹਿੰਦੇ ਹਨ, "ਇਸ ਦਾ ਨਤੀਜਾ ਇਹ ਹੈ ਕਿ ਅਸੀਂ ਇੱਕ ਆਬਾਦੀ ਦੇ ਰੂਪ ਵਿੱਚ ਹੋਰ ਮੋਟੇ ਹੋ ਗਏ ਹਾਂ ਅਤੇ ਬੇਸ਼ੱਕ ਜੈਨੇਟਿਕ ਤੌਰ 'ਤੇ ਵਜ਼ਨ ਵੱਧਣ ਦੀ ਸੰਭਾਵਨਾ ਜ਼ਿਆਦਾ ਸੀ, ਉਨ੍ਹਾਂ ਦਾ ਵਜ਼ਨ ਹੋਰ ਵਧਿਆ ਹੈ।"

ਪਬਲਿਕ ਹੈਲਥ ਐਕਸਪਰਟ ਇਸਨੂੰ ਓਬੇਸੋਜੈਨਿਕ ਐਨਵਾਇਰਨਮੈਂਟ ਕਹਿੰਦੇ ਹਨ।

ਇਹ ਸ਼ਬਦ ਪਹਿਲੀ ਵਾਰ 1990 ਦੇ ਦਹਾਕੇ ਵਿੱਚ ਵਰਤਿਆ ਗਿਆ ਸੀ, ਜਦੋਂ ਖੋਜਕਾਰਾਂ ਨੇ ਵੱਧ ਰਹੀ ਮੋਟਾਪੇ ਦੀ ਦਰ ਨੂੰ ਭੋਜਨ ਦੀ ਆਸਾਨ ਉਪਲਬਧਤਾ, ਮਾਰਕੀਟਿੰਗ ਅਤੇ ਸ਼ਹਿਰੀ ਜੀਵਨ-ਸ਼ੈਲੀ ਵਰਗੇ ਕਾਰਨਾਂ ਨਾਲ ਜੋੜਨਾ ਸ਼ੁਰੂ ਕੀਤਾ ਸੀ।

ਕਈ ਮਾਹਰਾਂ ਦਾ ਤਰਕ ਹੈ ਕਿ ਇਹ ਸਾਰੇ ਕਾਰਨ ਮਿਲ ਕੇ ਵੱਧ ਖਾਣ ਅਤੇ ਸਰੀਰਕ ਗਤੀਵਿਧੀ ਦੀ ਘਾਟ ਵੱਲ ਲੈ ਜਾਂਦੇ ਹਨ। ਇਸਦਾ ਮਤਲਬ ਇਹ ਹੈ ਕਿ ਬਹੁਤ ਜ਼ਿਆਦਾ ਪ੍ਰੇਰਿਤ ਲੋਕਾਂ ਨੂੰ ਵੀ ਸੰਤੁਲਿਤ ਵਜ਼ਨ ਬਣਾਈ ਰੱਖਣ ਵਿੱਚ ਮੁਸ਼ਕਿਲਾਂ ਆਉਂਦੀਆਂ ਹਨ।

ਪਰ ਇਸ ਤੋਂ ਪਤਾ ਲੱਗਦਾ ਹੈ ਕਿ ਇੱਛਾ-ਸ਼ਕਤੀ ਵੀ ਇੰਨਾ ਮੁਸ਼ਕਲ ਸ਼ਬਦ ਕਿਉਂ ਬਣ ਗਿਆ ਹੈ।

'ਮੋਟਾਪਾ ਇੱਕ ਨਿੱਜੀ ਜ਼ਿੰਮੇਵਾਰੀ' ਨਾਲ ਜੁੜੀ ਬਹਿਸ

ਖਾਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿ ਫੂਡ ਫਾਊਂਡੇਸ਼ਨ ਦੀ ਪਿਛਲੇ ਸਾਲ ਦੀ ਇੱਕ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਸਿਹਤਮੰਦ ਖਾਣਾ, ਘੱਟ ਸਿਹਤਮੰਦ ਖਾਣੇ ਦੇ ਮੁਕਾਬਲੇ ਪ੍ਰਤੀ ਕੈਲੋਰੀ ਦੋ ਗੁਣਾ ਤੋਂ ਵੀ ਵੱਧ ਮਹਿੰਗਾ ਹੁੰਦਾ ਹੈ

ਨਿਊਕੈਸਲ ਸਿਟੀ ਕੌਂਸਲ ਵਿੱਚ ਆਪਣੇ ਦਫ਼ਤਰ ਵਿੱਚ ਬੈਠੀ ਪਬਲਿਕ ਹੈਲਥ ਡਾਇਰੈਕਟਰ ਐਲਿਸ ਵਾਈਜ਼ਮੈਨ ਨੂੰ ਹਰ ਥਾਂ ਖਾਣਾ ਹੀ ਖਾਣਾ ਨਜ਼ਰ ਆਉਂਦਾ ਹੈ।

ਉਨ੍ਹਾਂ ਦਾ ਕਹਿਣਾ ਹੈ, "ਉੱਥੇ ਕੌਫੀ ਸ਼ਾਪ, ਬੇਕਰੀ ਅਤੇ ਟੇਕਅਵੇ ਹਨ। ਤੁਸੀਂ ਕਿਸੇ ਫੂਡ ਪਲੇਸ ਕੋਲੋਂ ਲੰਘੇ ਬਿਨਾਂ ਸਕੂਲ ਜਾਂ ਕੰਮ ਤੱਕ ਨਹੀਂ ਜਾ ਸਕਦੇ। ਅਤੇ ਇਹ ਨਜ਼ਰ ਆਉਣਾ ਮਾਇਨੇ ਰੱਖਦਾ ਹੈ।"

"ਜੇ ਤੁਸੀਂ ਕੰਮ 'ਤੇ ਜਾਂਦੇ ਸਮੇਂ ਬਹੁਤ ਸਾਰੇ ਟੇਕਅਵੇ ਕੋਲੋਂ ਲੰਘਦੇ ਹੋ, ਤਾਂ ਇਸ ਗੱਲ ਦੀ ਸੰਭਾਵਨਾ ਵੱਧ ਜਾਂਦੀ ਹੈ ਕਿ ਤੁਸੀਂ ਉਨ੍ਹਾਂ ਵਿੱਚੋਂ ਕੁਝ ਖਰੀਦ ਲਵੋਗੇ। ਤੁਹਾਡਾ ਸਰੀਰ ਆਪਣੇ ਆਲੇ-ਦੁਆਲੇ ਦੇ ਖਾਣੇ ਨੂੰ ਵੇਖ ਕੇ ਲਗਭਗ ਆਪਣੇ ਆਪ ਹੀ ਪ੍ਰਤੀਕਿਰਿਆ ਕਰਦਾ ਹੈ।"

ਵਾਈਜ਼ਮੈਨ ਗੇਟਸਹੈਡ ਵਿੱਚ ਪਬਲਿਕ ਹੈਲਥ ਡਾਇਰੈਕਟਰ ਹਨ। ਇੱਥੇ ਸਾਲ 2015 ਤੋਂ ਕਿਸੇ ਵੀ ਨਵੇਂ ਹਾਟ ਫੂਡ ਟੇਕਅਵੇ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ।

ਪਰ ਪੂਰੇ ਦੇਸ਼ ਵਿੱਚ ਫਾਸਟ-ਫੂਡ ਅਤੇ ਟੇਕਅਵੇ ਉਦਯੋਗ ਲਗਾਤਾਰ ਵੱਧ ਰਿਹਾ ਹੈ। ਇਹ ਹਰ ਸਾਲ 30 ਅਰਬ ਡਾਲਰ ਤੋਂ ਵੀ ਵੱਧ ਦਾ ਕਾਰੋਬਾਰ ਹੈ।

ਆਫਕੌਮ ਦੀ ਕਮਿਊਨੀਕੇਸ਼ਨ ਮਾਰਕੀਟ ਬਾਰੇ ਸਭ ਤੋਂ ਤਾਜ਼ਾ ਰਿਪੋਰਟ ਮੁਤਾਬਕ, ਬ੍ਰਿਟੇਨ ਵਿੱਚ ਫੂਡ ਇਸ਼ਤਿਹਾਰਬਾਜ਼ੀ 'ਤੇ ਉਨ੍ਹਾਂ ਉਤਪਾਦਾਂ ਦਾ ਦਬਦਬਾ ਹੈ ਜਿਨ੍ਹਾਂ ਵਿੱਚ ਚਰਬੀ, ਲੂਣ ਅਤੇ ਖੰਡ ਦੀ ਮਾਤਰਾ ਵੱਧ ਹੁੰਦੀ ਹੈ, ਜਿਵੇਂ ਕਿ ਕਨਫੈਕਸ਼ਨਰੀ, ਮਿੱਠੇ ਡ੍ਰਿੰਕ, ਫਾਸਟ ਫੂਡ ਅਤੇ ਸਨੈਕਸ।

ਪਰ ਵਾਈਜ਼ਮੈਨ ਦਾ ਕਹਿਣਾ ਹੈ ਕਿ ਜੰਕ ਫੂਡ ਜਾਂ ਅਧਿਕਾਰਤ ਤੌਰ 'ਤੇ "ਘੱਟ ਸਿਹਤਮੰਦ ਖਾਣੇ" ਦੇ ਟੀਵੀ ਅਤੇ ਆਨਲਾਈਨ ਇਸ਼ਤਿਹਾਰਾਂ ਨੂੰ ਰੋਕਣ ਲਈ ਲਾਗੂ ਕੀਤੇ ਗਏ ਨਵੇਂ ਕਦਮ ਸਿਰਫ਼ ਕੁਝ ਹੱਦ ਤੱਕ ਹੀ ਪ੍ਰਭਾਵੀ ਹੋਣਗੇ।

ਦਿ ਫੂਡ ਫਾਊਂਡੇਸ਼ਨ ਦੀ ਪਿਛਲੇ ਸਾਲ ਦੀ ਇੱਕ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਸਿਹਤਮੰਦ ਖਾਣਾ, ਘੱਟ ਸਿਹਤਮੰਦ ਖਾਣੇ ਦੇ ਮੁਕਾਬਲੇ ਪ੍ਰਤੀ ਕੈਲੋਰੀ ਦੋ ਗੁਣਾ ਤੋਂ ਵੀ ਵੱਧ ਮਹਿੰਗਾ ਹੁੰਦਾ ਹੈ।

ਵਾਈਜ਼ਮੈਨ ਕਹਿੰਦੀ ਹੈ, "ਜਿਨ੍ਹਾਂ ਪਰਿਵਾਰਾਂ ਕੋਲ ਪੈਸਿਆਂ ਦੀ ਘਾਟ ਹੁੰਦੀ ਹੈ, ਉਨ੍ਹਾਂ ਲਈ ਸਿਹਤਮੰਦ ਖਾਣਾ ਲੈਣਾ ਮੁਸ਼ਕਲ ਹੁੰਦਾ ਹੈ।"

ਉਹ ਕਹਿੰਦੀ ਹੈ, "ਮੈਂ ਇਹ ਨਹੀਂ ਕਹਿ ਰਹੀ ਕਿ ਨਿੱਜੀ ਜ਼ਿੰਮੇਵਾਰੀ ਦੀ ਕੋਈ ਭੂਮਿਕਾ ਨਹੀਂ ਹੁੰਦੀ। ਪਰ ਜਦੋਂ ਤੁਸੀਂ ਇਸ ਬਾਰੇ ਸੋਚਦੇ ਹੋ, ਤਾਂ ਤੁਹਾਨੂੰ ਪੁੱਛਣਾ ਪੈਂਦਾ ਹੈ ਕਿ ਬਦਲਿਆ ਕੀ ਹੈ। ਸਾਡੀ ਇੱਛਾਸ਼ਕਤੀ ਅਚਾਨਕ ਘੱਟ ਨਹੀਂ ਹੋ ਗਈ।"

ਸੁਰੇਸ਼ ਵੀ ਇਸ ਨਾਲ ਸਹਿਮਤ ਹਨ। ਉਹ ਕਹਿੰਦੇ ਹਨ, "ਅਸੀਂ ਅਜਿਹੇ ਮਾਹੌਲ ਵਿੱਚ ਰਹਿ ਰਹੇ ਹਾਂ ਜੋ ਵੱਧ ਖਾਣ ਲਈ ਤਿਆਰ ਕੀਤਾ ਗਿਆ ਹੈ। ਮੋਟਾਪਾ ਕਿਰਦਾਰ ਦੀ ਕਮੀ ਨਹੀਂ ਹੈ। ਇਹ ਇੱਕ ਜਟਿਲ ਅਤੇ ਪੁਰਾਣੀ ਹਾਲਤ ਹੈ, ਜੋ ਜੀਵ ਵਿਗਿਆਨ (ਬਾਓਲਾਜੀ) ਅਤੇ ਬਹੁਤ ਜ਼ਿਆਦਾ ਮੋਟਾਪਾ ਵਧਾਉਣ ਵਾਲੇ ਮਾਹੌਲ ਤੋਂ ਬਣਦੀ ਹੈ।"

ਉਹ ਕਹਿੰਦੇ ਹਨ, "ਸਿਰਫ਼ ਇੱਛਾਸ਼ਕਤੀ ਕਾਫ਼ੀ ਨਹੀਂ ਹੁੰਦੀ ਅਤੇ ਵਜ਼ਨ ਘਟਾਉਣ ਨੂੰ ਸਿਰਫ਼ ਅਨੁਸ਼ਾਸਨ ਦਾ ਮਸਲਾ ਮੰਨਣਾ ਨੁਕਸਾਨ ਪਹੁੰਚਾ ਸਕਦਾ ਹੈ।"

ਹਾਲਾਂਕਿ ਇੱਛਾਸ਼ਕਤੀ ਨੂੰ ਲੈ ਕੇ ਲੋਕਾਂ ਦੀ ਰਾਇ ਵਿੱਚ ਫ਼ਰਕ ਵੀ ਹੈ।

'ਏ ਕੈਲੋਰੀ ਇਜ਼ ਏ ਕੈਲੋਰੀ' ਕਿਤਾਬ ਦੇ ਲੇਖਕ ਪ੍ਰੋਫੈਸਰ ਕੀਥ ਫ੍ਰੇਅਨ ਮੰਨਦੇ ਹਨ ਕਿ 40 ਸਾਲ ਪਹਿਲਾਂ ਸ਼ਾਇਦ ਇੰਨੇ ਵੱਧ ਵਜ਼ਨ ਵਾਲੇ ਲੋਕ ਨਹੀਂ ਹੁੰਦੇ ਸਨ।

ਉਹ ਕਹਿੰਦੇ ਹਨ, "ਮਾਹੌਲ ਬਦਲਿਆ ਹੈ, ਲੋਕਾਂ ਦੀ ਇੱਛਾਸ਼ਕਤੀ ਜਾਂ ਕੁਝ ਹੋਰ ਨਹੀਂ। ਮੈਨੂੰ ਚਿੰਤਾ ਹੈ ਕਿ 'ਵਿਲਪਾਵਰ' ਨੂੰ ਨਜ਼ਰਅੰਦਾਜ਼ ਕਰਨ ਨਾਲ ਲੋਕ ਆਸਾਨੀ ਨਾਲ ਉਸ ਵਜ਼ਨ ਨੂੰ ਸਵੀਕਾਰ ਕਰ ਲੈਂਦੇ ਹਨ ਜੋ ਸ਼ਾਇਦ ਉਨ੍ਹਾਂ ਦੀ ਇੱਛਾ ਅਨੁਸਾਰ ਨਾ ਹੋਵੇ ਜਾਂ ਉਨ੍ਹਾਂ ਦੀ ਸਿਹਤ ਲਈ ਠੀਕ ਨਾ ਹੋਵੇ।"

ਉਹ ਉਨ੍ਹਾਂ ਲੋਕਾਂ ਦੇ ਵੱਡੇ ਡੇਟਾਬੇਸ ਵੱਲ ਇਸ਼ਾਰਾ ਕਰਦੇ ਹਨ ਜਿਨ੍ਹਾਂ ਨੇ ਸਫ਼ਲਤਾਪੂਰਵਕ ਵਜ਼ਨ ਘਟਾਇਆ ਹੈ ਅਤੇ ਉਸ ਵਜ਼ਨ ਨੂੰ ਕਾਇਮ ਵੀ ਰੱਖਿਆ ਹੈ।

ਉਦਾਹਰਨ ਵਜੋਂ, ਅਮਰੀਕਾ ਵਿੱਚ ਨੈਸ਼ਨਲ ਵੇਟ ਕੰਟ੍ਰੋਲ ਰਜਿਸਟਰੀ, ਜਿਸ ਵਿੱਚ ਦਸ ਹਜ਼ਾਰ ਤੋਂ ਵੱਧ ਲੋਕ ਸ਼ਾਮਲ ਹਨ।

ਕੀਥ ਫ੍ਰੇਅਨ ਦੇ ਮੁਤਾਬਕ, "ਉਹ ਲੋਕ ਵਜ਼ਨ ਘਟਾਉਣ ਅਤੇ ਉਸ ਨੂੰ ਕਾਇਮ ਰੱਖਣ ਦੋਵਾਂ ਨੂੰ ਹੀ 'ਮੁਸ਼ਕਲ' ਦੱਸਦੇ ਹਨ। ਇਨ੍ਹਾਂ ਵਿੱਚੋਂ ਵਜ਼ਨ ਕਾਇਮ ਰੱਖਣਾ ਹੋਰ ਵੀ ਜ਼ਿਆਦਾ ਮੁਸ਼ਕਲ ਹੈ। ਮੈਂ ਇਹ ਕਹਿਣਾ ਚਾਹਾਂਗਾ ਕਿ ਜੇ ਤੁਸੀਂ ਉਨ੍ਹਾਂ ਲੋਕਾਂ ਨੂੰ ਕਹੋ ਕਿ ਇਸ ਵਿੱਚ 'ਇੱਛਾਸ਼ਕਤੀ' ਦੀ ਕੋਈ ਭੂਮਿਕਾ ਨਹੀਂ ਹੈ, ਤਾਂ ਉਨ੍ਹਾਂ ਨੂੰ ਬਹੁਤ ਬੁਰਾ ਲੱਗੇਗਾ।"

ਕਾਨੂੰਨ ਦੇ ਜ਼ਰੀਏ ਲੋਕਾਂ ਨੂੰ ਸਹੀ ਰਾਹ 'ਤੇ ਲਿਆਂਦਾ ਕਿੰਨਾ ਸੰਭਵ ਹੈ

ਖਾਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਲੋਕਾਂ ਦਾ ਮੰਨਣਾ ਹੈ ਕਿ ਮੋਟਾਪੇ ਨਾਲ ਨਜਿੱਠਣ ਲਈ ਨਿਯਮ ਜ਼ਰੂਰੀ ਹਨ (ਸੰਕੇਤਕ ਤਸਵੀਰ)

ਇਸ ਮਾਮਲੇ ਵਿੱਚ ਸਭ ਤੋਂ ਵੱਡੀ ਬਹਿਸ ਇਹ ਹੈ ਕਿ ਇਸ ਲਈ ਸਰਕਾਰ ਨੂੰ ਕਿੰਨੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।

ਵਾਈਜ਼ਮੈਨ ਦਾ ਮੰਨਣਾ ਹੈ ਕਿ ਮੋਟਾਪੇ ਨਾਲ ਨਜਿੱਠਣ ਲਈ ਰੈਗੂਲੇਸ਼ਨ ਇੱਕ ਜ਼ਰੂਰੀ ਸਾਧਨ ਹੈ।

ਉਨ੍ਹਾਂ ਦਾ ਤਰਕ ਹੈ ਕਿ ਬਾਇ-ਵਨ-ਗੈਟ-ਵਨ ਫ੍ਰੀ ਵਰਗੀਆਂ ਪੇਸ਼ਕਸ਼ਾਂ ਲੋਕਾਂ ਨੂੰ ਬਿਨਾਂ ਸੋਚੇ-ਸਮਝੇ ਖਰੀਦਦਾਰੀ ਕਰਨ ਵੱਲ ਉਤਸ਼ਾਹਿਤ ਕਰਦੀਆਂ ਹਨ।

ਪਰ ਰਾਈਟ-ਵਿੰਗ ਥਿੰਕ ਟੈਂਕ ਪਾਲਿਸੀ ਐਕਸਚੇਂਜ ਵਿੱਚ ਹੈਲਥ ਅਤੇ ਸੋਸ਼ਲ ਕੇਅਰ ਦੇ ਮੁਖੀ ਗੈਰੇਥ ਲਿਓਨ ਦਾ ਤਰਕ ਹੈ ਕਿ ਹੋਰ ਵੱਧ ਕਾਨੂੰਨ ਬਣਾਉਣਾ ਅੱਗੇ ਵਧਣ ਦਾ ਸਹੀ ਤਰੀਕਾ ਨਹੀਂ ਹੈ।

ਉਹ ਕਹਿੰਦੇ ਹਨ, "ਤੁਸੀਂ ਕਾਨੂੰਨ ਬਣਾ ਕੇ ਲੋਕਾਂ ਨੂੰ ਫਿਟ ਨਹੀਂ ਬਣਾ ਸਕਦੇ। ਜੋ ਖਾਣਾ ਲੋਕ ਸ਼ੌਂਕ ਨਾਲ ਖਾਂਦੇ ਹਨ, ਉਸ 'ਤੇ ਪਾਬੰਦੀ ਅਤੇ ਟੈਕਸ ਲਗਾਉਣ ਨਾਲ ਸਿਰਫ਼ ਲੋਕਾਂ ਦੀ ਜ਼ਿੰਦਗੀ ਔਖੀ ਹੋਵੇਗੀ, ਜੀਵਨ ਦਾ ਆਨੰਦ ਘਟੇਗਾ ਅਤੇ ਚੀਜ਼ਾਂ ਹੋਰ ਮਹਿੰਗੀਆਂ ਹੋ ਜਾਣਗੀਆਂ। ਉਹ ਵੀ ਅਜਿਹੇ ਸਮੇਂ ਵਿੱਚ, ਜਦੋਂ ਬ੍ਰਿਟੇਨ ਪਹਿਲਾਂ ਹੀ ਮਹਿੰਗਾਈ ਨਾਲ ਜੂਝ ਰਿਹਾ ਹੈ।"

ਇੰਸਟੀਟਿਊਟ ਆਫ਼ ਇਕਨੌਮਿਕ ਅਫੇਅਰਜ਼, ਜੋ ਇੱਕ ਰਾਈਟ-ਵਿੰਗ ਥਿੰਕ ਟੈਂਕ ਹੈ, ਵਿੱਚ ਲਾਈਫਸਟਾਈਲ ਇਕਨੌਮਿਕਸ ਦੇ ਮੁਖੀ ਕ੍ਰਿਸਟੋਫਰ ਸਨੋਡਨ ਦਾ ਵੀ ਮੰਨਣਾ ਹੈ ਕਿ ਮੋਟਾਪਾ ਇੱਕ "ਨਿੱਜੀ ਸਮੱਸਿਆ" ਹੈ, ਨਾ ਕਿ ਪਬਲਿਕ ਹੈਲਥ ਦੀ ਸਮੱਸਿਆ।

ਉਹ ਤਰਕ ਦਿੰਦੇ ਹਨ, "ਮੋਟਾਪਾ ਵਿਅਕਤੀ ਦੇ ਨਿੱਜੀ ਫ਼ੈਸਲਿਆਂ ਕਾਰਨ ਹੁੰਦਾ ਹੈ। ਇਸ ਲਈ ਤੁਸੀਂ ਕਿਸੇ ਨਿੱਜੀ ਵਿਅਕਤੀ ਤੋਂ ਅੱਗੇ ਨਹੀਂ ਵੱਧ ਸਕਦੇ। ਮੈਨੂੰ ਇਹ ਕਾਫ਼ੀ ਅਜੀਬ ਵਿਚਾਰ ਲੱਗਦਾ ਹੈ ਕਿ ਲੋਕਾਂ ਨੂੰ ਪਤਲਾ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ।"

ਉਹ ਕਹਿੰਦੇ ਹਨ, "ਮੈਂ ਇਨ੍ਹਾਂ ਨਵੀਆਂ ਨੀਤੀਆਂ ਦੀ ਇੱਕ ਗੰਭੀਰ ਅਤੇ ਸੁਤੰਤਰ ਮੁਲਾਂਕਣ ਦੇਖਣਾ ਚਾਹੁੰਦਾ ਹਾਂ ਅਤੇ ਜੇ ਇਹ ਕੰਮ ਨਹੀਂ ਕਰਦੀਆਂ, ਤਾਂ ਇਨ੍ਹਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ।"

ਖਾਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਾਸਟ-ਫੂਡ ਅਤੇ ਟੇਕਅਵੇਅ ਉਦਯੋਗ ਵਧਦਾ ਜਾ ਰਿਹਾ ਹੈ (ਸੰਕੇਤਕ ਤਸਵੀਰ)

ਜਿੱਥੇ ਤੱਕ ਇੱਛਾਸ਼ਕਤੀ ਦੀ ਗੱਲ ਹੈ, ਇਹ ਹਮੇਸ਼ਾ ਕਿਸੇ ਨਾ ਕਿਸੇ ਤਰੀਕੇ ਨਾਲ ਭੂਮਿਕਾ ਨਿਭਾਏਗੀ। ਫ਼ਰਕ ਸਿਰਫ਼ ਇਹ ਹੈ ਕਿ ਮਾਹਰਾਂ ਨੂੰ ਲੱਗਦਾ ਹੈ ਕਿ ਇਹ ਕਿੰਨੀ ਹੱਦ ਤੱਕ ਭੂਮਿਕਾ ਨਿਭਾ ਸਕਦੀ ਹੈ।

ਸੁਰੇਸ਼ ਦਾ ਮੰਨਣਾ ਹੈ ਕਿ ਇਹ ਵੱਡੀ ਤਸਵੀਰ ਦਾ ਸਿਰਫ਼ ਇੱਕ ਹਿੱਸਾ ਹੈ। ਇਸ ਵਿੱਚ ਪਹਿਲਾ ਕਦਮ ਲੋਕਾਂ ਨੂੰ ਇਹ ਦੱਸਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਕਿਹੜੇ ਤੱਥ ਕੰਮ ਕਰ ਰਹੇ ਹਨ।

ਉਹ ਕਹਿੰਦੇ ਹਨ, "ਇਹ ਨਜ਼ਰੀਆ ਵਿਲਪਾਵਰ ਬਾਰੇ ਨੈਤਿਕ ਫ਼ੈਸਲਿਆਂ ਤੋਂ ਧਿਆਨ ਹਟਾਉਂਦਾ ਹੈ। ਇਹ ਕਰੁਣਾ ਅਤੇ ਵਿਗਿਆਨ ਆਧਾਰਿਤ ਸਹਾਇਤਾ ਪ੍ਰਣਾਲੀ ਵੱਲ ਲੈ ਜਾਂਦਾ ਹੈ, ਜੋ ਆਖ਼ਰਕਾਰ ਲੰਬੇ ਸਮੇਂ ਵਿੱਚ ਕਾਮਯਾਬੀ ਦੇ ਵਧੀਆ ਮੌਕੇ ਦਿੰਦੀ ਹੈ।"

ਬ੍ਰੈਡਫ਼ੋਰਡ ਯੂਨੀਵਰਸਿਟੀ ਦੀ ਮਨੋਵਿਗਿਆਨੀ ਡਾਕਟਰ ਐਲਿਨੋਰ ਬ੍ਰਾਇੰਟ ਦਾ ਕਹਿਣਾ ਹੈ ਕਿ ਵਿਲਪਾਵਰ ਨੂੰ ਮਜ਼ਬੂਤ ਕਰਨ ਦੇ ਤਰੀਕੇ ਵੀ ਹੁੰਦੇ ਹਨ।

ਉਹ ਕਹਿੰਦੀ ਹੈ, "ਇਹ ਹਰ ਵੇਲੇ ਇੱਕੋ ਜਿਹਾ ਨਹੀਂ ਰਹਿੰਦਾ। ਇਹ ਤੁਹਾਡੇ ਮੂਡ 'ਤੇ, ਤੁਸੀਂ ਕਿੰਨੇ ਥੱਕੇ ਹੋ ਅਤੇ ਤੁਹਾਨੂੰ ਕਿੰਨੀ ਭੁੱਖ ਲੱਗੀ ਹੈ, ਇਸ 'ਤੇ ਨਿਰਭਰ ਕਰਦਾ ਹੈ।"

ਇਹ ਵੀ ਮਹੱਤਵ ਰੱਖਦਾ ਹੈ ਕਿ ਤੁਸੀਂ ਇਸ ਬਾਰੇ ਕਿਵੇਂ ਸੋਚਦੇ ਹੋ।

ਇੱਛਾਸ਼ਕਤੀ ਦੋ ਤਰ੍ਹਾਂ ਦੀ ਹੁੰਦੀ ਹੈ, ਫ਼ਲੈਕਸੀਬਲ ਅਤੇ ਰਿਜਿਡ, ਭਾਵ ਲਚਕੀਲੀ ਅਤੇ ਕਠੋਰ।

ਜੋ ਵਿਅਕਤੀ ਇਸ ਮਾਮਲੇ ਵਿੱਚ ਰਿਜਿਡ ਹੁੰਦਾ ਹੈ, ਉਹ ਇਸਨੂੰ ਬਲੈਕ ਐਂਡ ਵ੍ਹਾਈਟ ਤਰੀਕੇ ਨਾਲ ਵੇਖਦਾ ਹੈ।

ਡਾਕਟਰ ਐਲਿਨੋਰ ਬ੍ਰਾਇੰਟ ਮੁਤਾਬਕ, "ਜੇ ਤੁਸੀਂ ਟੈਂਪਟੇਸ਼ਨ ਅੱਗੇ ਝੁਕ ਜਾਂਦੇ ਹੋ, ਤਾਂ ਤੁਸੀਂ ਹਾਰ ਮੰਨ ਲੈਂਦੇ ਹੋ। ਤੁਸੀਂ ਉਹ ਬਿਸਕੁਟ ਖਾਂਦੇ ਹੋ ਅਤੇ ਫਿਰ ਖਾਂਦੇ ਹੀ ਰਹਿੰਦੇ ਹੋ।"

ਮਨੋਵਿਗਿਆਨਕ ਸ਼ਬਦਾਵਲੀ ਵਿੱਚ ਇਸਨੂੰ ਡਿਸਇਨਹਿਬਿਟੇਡ ਈਟਿੰਗ ਕਿਹਾ ਜਾਂਦਾ ਹੈ।

ਬ੍ਰਾਇੰਟ ਕਹਿੰਦੀ ਹੈ, "ਜਦਕਿ ਜੋ ਵਿਅਕਤੀ ਫ਼ਲੈਕਸੀਬਲ ਹੁੰਦਾ ਹੈ, ਉਹ ਕਹਿੰਦਾ ਹੈ, 'ਠੀਕ ਹੈ, ਮੈਂ ਇੱਕ ਬਿਸਕੁਟ ਖਾ ਲਿਆ ਹੈ, ਪਰ ਮੈਂ ਇੱਥੇ ਹੀ ਰੁਕ ਜਾਵਾਂਗਾ।' ਕਹਿਣ ਦੀ ਲੋੜ ਨਹੀਂ ਕਿ ਫ਼ਲੈਕਸੀਬਲ ਹੋਣਾ ਵਧੇਰੇ ਸਫ਼ਲ ਰਹਿੰਦਾ ਹੈ।"

ਪਰ ਉਹ ਕਹਿੰਦੀ ਹੈ, "ਖਾਣ-ਪੀਣ ਦੇ ਮਾਮਲੇ ਵਿੱਚ ਵਿਲਪਾਵਰ ਦੀ ਵਰਤੋਂ ਕਰਨੀ ਸ਼ਾਇਦ ਜ਼ਿੰਦਗੀ ਦੇ ਹੋਰ ਮਸਲਿਆਂ ਦੇ ਮੁਕਾਬਲੇ ਵੱਧ ਮੁਸ਼ਕਲ ਹੁੰਦੀ ਹੈ।"

ਸੁਰੇਸ਼ ਵੀ ਇਸ ਗੱਲ ਨਾਲ ਸਹਿਮਤ ਹਨ, ਹਾਲਾਂਕਿ ਉਹ ਕਹਿੰਦੇ ਹਨ ਕਿ ਜਦੋਂ ਲੋਕ ਵਿਲਪਾਵਰ ਦੀਆਂ ਹੱਦਾਂ ਨੂੰ ਸਮਝ ਲੈਂਦੇ ਹਨ, ਤਾਂ ਅਸਲ ਵਿੱਚ ਇਸਦੀ ਵਰਤੋਂ ਕਰਨ ਦੀ ਉਨ੍ਹਾਂ ਦੀ ਸਮਰੱਥਾ ਹੋਰ ਮਜ਼ਬੂਤ ਹੋ ਜਾਂਦੀ ਹੈ।

ਉਨ੍ਹਾਂ ਦਾ ਮੰਨਣਾ ਹੈ, "ਜਦੋਂ ਇਹ ਮਰੀਜ਼ ਸਮਝਦੇ ਹਨ ਕਿ ਉਨ੍ਹਾਂ ਦੀ ਸਮੱਸਿਆ ਬਾਓਲਾਜੀ ਨਾਲ ਸਬੰਧਤ ਹੈ, ਅਨੁਸ਼ਾਸਨ ਦੀ ਘਾਟ ਨਾਲ ਨਹੀਂ, ਅਤੇ ਉਹਨਾਂ ਨੂੰ ਢਾਂਚਾਗਤ ਪੋਸ਼ਣ, ਇਕਸਾਰ ਖਾਣ-ਪੀਣ ਦੇ ਪੈਟਰਨ, ਮਨੋਵਿਗਿਆਨਕ ਰਣਨੀਤੀਆਂ ਅਤੇ ਵਿਵਹਾਰਕ ਟੀਚਿਆਂ ਨਾਲ ਸਮਰਥਨ ਪ੍ਰਾਪਤ ਹੁੰਦਾ ਹੈ, ਤਾਂ ਭੋਜਨ ਨਾਲ ਉਨ੍ਹਾਂ ਦਾ ਸਬੰਧ ਕਾਫ਼ੀ ਸੁਧਰ ਜਾਂਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)