ਚਿਕਨ ਬਣਾਉਣ ਵੇਲੇ ਉਸ ਨੂੰ ਧੋਣਾ ਕਿਵੇਂ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ

ਚਿਕਨ ਧੋਣਾ

ਤਸਵੀਰ ਸਰੋਤ, Getty Images

ਬਹੁਤ ਸਾਰੇ ਲੋਕ ਸੋਚ ਸਕਦੇ ਹਨ ਕਿ ਚਿਕਨ ਨੂੰ ਧੋਣਾ ਚੰਗਾ ਹੈ ਪਰ ਇਹ ਪੂਰੇ ਤਰੀਕੇ ਨਾਲ ਸੱਚ ਨਹੀਂ ਹੈ। ਕੱਚੇ ਚਿਕਨ ਨੂੰ ਧੋਣ ਨਾਲ ਫੂਡ ਪੋਇਜ਼ਨਿੰਗ ਯਾਨੀ ਤੁਹਾਡਾ ਪੇਟ ਖਰਾਬ ਹੋਣ ਦਾ ਖ਼ਤਰਾ ਵਧ ਜਾਂਦਾ ਹੈ।

ਯੂਕੇ ਫੂਡ ਸਟੈਂਡਰਡਜ਼ ਏਜੰਸੀ, ਐਫਐੱਸਏ ਨੇ ਲੰਮੇ ਸਮੇਂ ਤੋਂ ਚਿਤਾਵਨੀ ਦਿੱਤੀ ਹੈ ਕਿ ਚਿਕਨ ਨੂੰ ਪਕਾਉਣ ਤੋਂ ਪਹਿਲਾਂ ਧੋਣ ਨਾਲ ਹੱਥਾਂ, ਕੰਮ ਕਰਨ ਦੀਆਂ ਸਤਹਾਂ, ਕੱਪੜਿਆਂ ਅਤੇ ਖਾਣਾ ਬਣਾਉਣ ਵਾਲੇ ਭਾਂਡਿਆਂ 'ਤੇ ਕੈਂਪੀਲੋਬੈਕਟਰ ਬੈਕਟੀਰੀਆ ਫੈਲਣ ਦਾ ਜੋਖ਼ਮ ਵੱਧ ਜਾਂਦਾ ਹੈ।

ਚਿਕਨ ਧੋਂਦੇ ਸਮੇਂ ਪਾਣੀ ਦੇ ਛਿੱਟਿਆਂ ਨਾਲ ਰਸੋਈ ਘਰ 'ਚ ਵੀ ਇਹ ਬੈਕਟੀਰੀਆ ਜਾਂ ਜੀਵਾਣੂ ਫੈਲ ਜਾਂਦੇ ਹਨ।

ਪਰ ਫਿਰ ਵੀ ਕਈ ਲੋਕ ਉਹੀ ਗਲਤੀ ਵਾਰ-ਵਾਰ ਦੁਰਹਾਉਂਦੇ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਜੀਵਾਣੂ ਫੈਲਾਉਂਦੇ ਹਨ ਜ਼ਹਿਰ

ਜਦੋਂ ਤੁਸੀਂ ਚਿਕਨ ਨੂੰ ਟੂਟੀ ਦੇ ਹੇਠਾਂ ਰੱਖਦੇ ਹੋ ਤਾਂ ਇਹ ਲਾਜ਼ਮੀ ਹੀ ਹੈ ਕਿ ਇਸ ਦੇ ਛਿੱਟੇ ਆਲੇ-ਦੁਆਲੇ ਪਈਆਂ ਚੀਜ਼ਾਂ ਜਾਂ ਨੇੜੇ ਦੀ ਜਗ੍ਹਾ 'ਤੇ ਜ਼ਰੂਰ ਪੈਣਗੇ। ਇਸ ਤਰ੍ਹਾਂ ਨਾਲ ਜੀਵਾਣੂ ਸਾਡੇ ਸਰੀਰ 'ਚ ਦਾਖਲ ਹੋ ਸਕਦਾ ਹੈ।

ਮਿਸਾਲ ਦੇ ਤੌਰ 'ਤੇ ਇੱਕ ਚਾਕੂ ਜੋ ਕਿ ਸਿੰਕ ਦੇ ਨੇੜੇ ਪਿਆ ਸੀ, ਉਸ ’ਤੇ ਵੀ ਜੀਵਾਣੂ ਆ ਸਕਦੇ ਹਨ।

ਪਰ ਹਰ ਕੋਈ ਇਸ ਬਾਰੇ ਨਹੀਂ ਸੋਚਦਾ। ਐਫਐਸਏ ਦੇ ਅਨੁਸਾਰ ਯੂਕੇ 'ਚ 44% ਲੋਕ ਚਿਕਨ ਨੂੰ ਪਕਾਉਣ ਤੋਂ ਪਹਿਲਾਂ ਧੋਂਦੇ ਹਨ। ਅਜਿਹਾ ਕਰਨ ਪਿੱਛੇ ਸਭ ਤੋਂ ਵੱਧ ਦੱਸੇ ਗਏ ਕਾਰਨਾਂ 'ਚ ਇੱਕ ਗੰਦਗੀ ਜਾਂ ਕੀਟਾਣੂਆਂ ਨੂੰ ਹਟਾਉਣਾ ਸੀ ਜਾਂ ਫਿਰ ਇਸ ਲਈ ਕਿਉਂਕਿ ਉਹ ਹਮੇਸ਼ਾ ਹੀ ਅਜਿਹਾ ਕਰਦੇ ਹਨ।

ਚਿਕਨ
ਇਹ ਵੀ ਪੜ੍ਹੋ-

ਕੈਂਪੀਲੋਬੈਕਟਰ ਐਂਟਰਾਈਟਿਸ ਫੂਡ ਪੋਇਜ਼ਨਿੰਗ ਦੇ ਸਭ ਤੋਂ ਆਮ ਕਾਰਨਾਂ 'ਚੋਂ ਇੱਕ ਹੈ। ਖਾਸ ਤੌਰ 'ਤੇ ਸਫ਼ਰ ਕਰਦੇ ਸਮੇਂ, ਜਿਸ ਕਾਰਨ ਇਸ ਨੂੰ ਟਰੈਵਲਰਜ਼ ਡਾਇਰੀਆ/ਦਸਤ ਵਜੋਂ ਵੀ ਜਾਣਿਆ ਜਾਂਦਾ ਹੈ।

ਇਹ ਲਾਗ ਆਮ ਤੌਰ 'ਤੇ ਕੱਚੇ ਪੋਲਟਰੀ, ਤਾਜ਼ੀਆਂ ਸਬਜ਼ੀਆਂ ਜਾਂ ਗੈਰ-ਪਾਸਚੁਰਾਈਜ਼ਡ ਦੁੱਧ ਦੇ ਸੇਵਨ ਕਾਰਨ ਹੁੰਦੀ ਹੈ।

ਮੈਡਲਾਈਨ ਪਲੱਸ ਸਾਈਟ ਦੇ ਅਨੁਸਾਰ ਇਹ ਜੀਵਾਣੂ ਸੰਕਰਮਿਤ ਭੋਜਨ ਖਾਣ ਜਾਂ ਪੀਣ ਨਾਲ ਫੈਲਦਾ ਹੈ ਅਤੇ ਦਸਤ, ਢਿੱਡ ਪੀੜ, ਬੁਖਾਰ, ਉਲਟੀਆਂ ਆਦਿ ਦਾ ਕਾਰਨ ਬਣ ਸਕਦਾ ਹੈ।

ਚਿਕਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰ ਦੇ ਅਨੁਸਾਰ ਮਾਸ ਅਤੇ ਅੰਡੇ ਨੂੰ ਚੰਗੀ ਤਰ੍ਹਾਂ ਪਕਾਉਣਾ ਬਹੁਤ ਜ਼ਰੂਰੀ ਹੈ

ਚਿਕਨ ਤੋਂ ਬੈਕਟੀਰੀਆ ਨੂੰ ਕਿਵੇਂ ਹਟਾਇਆ ਜਾਵੇ?

ਸਾਓ ਪੌਲੋ ਯੂਨੀਵਰਸਿਟੀ ਦੇ ਫੂਡ ਰਿਸਰਚ ਸੈਂਟਰ ਦੇ ਮਾਈਕ੍ਰੋਬਾਇਓਲੋਜੀ ਦੇ ਪ੍ਰੋਫੈਸਰ ਯੂਲਿੰਟਨ ਪਿੰਟੋ ਨੇ ਹਾਲ 'ਚ ਹੀ ਬੀਬੀਸੀ ਬ੍ਰਾਜ਼ੀਲ ਨੂੰ ਦਿੱਤੀ ਆਪਣੀ ਇੱਕ ਇੰਟਰਵਿਊ 'ਚ ਦੱਸਿਆ ਕਿ "ਚਿਕਨ 'ਚ ਕੁਦਰਤੀ ਤੌਰ 'ਤੇ ਕੁਝ ਬੈਕਟੀਰੀਆ ਹੁੰਦੇ ਹਨ ਅਤੇ ਉਨ੍ਹਾਂ ਨੂੰ ਖ਼ਤਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਖਾਣਾ ਪਕਾਉਣ ਦੀ ਪ੍ਰਕਿਰਿਆ ਹੈ।"

ਮਾਹਰ ਦੇ ਅਨੁਸਾਰ ਮਾਸ ਅਤੇ ਅੰਡੇ ਨੂੰ ਚੰਗੀ ਤਰ੍ਹਾਂ ਪਕਾਉਣਾ ਬਹੁਤ ਜ਼ਰੂਰੀ ਹੈ। ਆਦਰਸ਼ਕ ਤੌਰ 'ਤੇ ਭੋਜਨ ਦਾ ਕੋਰ ਘੱਟ ਤੋਂ ਘੱਟ 70 ਡਿਗਰੀ ਸੈਲਸੀਅਸ ਤਾਪਮਾਨ ਤੱਕ ਪਹੁੰਚਣਾ ਚਾਹੀਦਾ ਹੈ।

ਇਹ ਯਕੀਨੀ ਬਣਾਉਂਦਾ ਹੈ ਕਿ ਵਧੇਰੇਤਰ ਸੂਖਮ ਜੀਵਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਸ ਨੂੰ ਯਕੀਨੀ ਬਣਾਉਣ ਦਾ ਇੱਕ ਖ਼ਾਸ ਤਰੀਕਾ ਇਹ ਹੈ ਕਿ ਕੂਕਿੰਗ ਥਰਮਾਮੀਟਰ ਦੀ ਵਰਤੋਂ ਕੀਤੀ ਜਾਵੇ।

ਜੇ ਇਸ ਹਦਾਇਤ ਦੇ ਬਾਵਜੂਦ, ਤੁਸੀਂ ਚਿਕਨ ਨੂੰ ਪਕਾਉਣ ਤੋਂ ਪਹਿਲਾਂ ਧੋਣਾ ਚਾਹੁੰਦੇ ਹੋ ਤਾਂ ਇਸ ਨੂੰ ਬਹੁਤ ਹੀ ਧਿਆਨ ਨਾਲ ਕਰਨ ਦੀ ਲੋੜ ਹੈ। ਟੂਟੀ ਨੂੰ ਬਹੁਤ ਹੀ ਘੱਟ ਖੋਲ੍ਹਿਆ ਜਾਵੇ ਤਾਂ ਜੋ ਨੇੜੇ ਪਈਆਂ ਚੀਜ਼ਾਂ 'ਤੇ ਇਸ ਦੇ ਛਿੱਟੇ ਨਾ ਪੈਣ।

ਚਿਕਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੱਚੇ ਅਤੇ ਬਜ਼ੁਰਗ ਇਸ ਦੀ ਮਾਰ ਹੇਠ ਸਭ ਤੋਂ ਵੱਧ ਆਉਂਦੇ ਹਨ

ਜ਼ਿਆਦਾਤਰ ਲੋਕ ਸਿਰਫ ਕੁਝ ਹੀ ਦਿਨਾਂ ਲਈ ਬਿਮਾਰ ਹੁੰਦੇ ਹਨ, ਪਰ ਇਹ ਲੰਮੇ ਸਮੇਂ ਲਈ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ।

ਮਲ ਤਿਆਗਣ 'ਚ ਦਿੱਕਤ ਅਤੇ ਗੁਇਲੇਨ-ਬੈਰੇ ਸਿੰਡਰੋਮ, ਜੋ ਕਿ ਪੈਰੀਫਿਰਲ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਦੇ ਹਨ, ਉਹ ਇਸ ਜੀਵਾਣੂ ਦੀ ਲਾਗ ਦੇ ਨਤੀਜੇ ਵਜੋਂ ਹੋ ਸਕਦੇ ਹਨ।

ਇਹ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਬੱਚੇ ਅਤੇ ਬਜ਼ੁਰਗ ਇਸ ਦੀ ਮਾਰ ਹੇਠ ਸਭ ਤੋਂ ਵੱਧ ਆਉਂਦੇ ਹਨ।

ਆਮ ਤੌਰ 'ਤੇ ਇਸ ਜੀਵਾਣੂ ਦੀ ਲਾਗ ਦੇ ਇਲਾਜ ਲਈ ਬਹੁਤ ਸਾਰਾ ਪਾਣੀ ਪੀਣ ਦੀ ਹਦਾਇਤ ਕੀਤੀ ਜਾਂਦੀ ਹੈ ਅਤੇ ਨਾਲ ਹੀ ਨਾਸ਼ਤੇ, ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ 'ਚ ਵੱਡੀ ਮਾਤਰਾ 'ਚ ਖਾਣ ਦੀ ਬਜਾਏ ਸਾਰਾ ਦਿਨ ਛੋਟੇ-ਛੋਟੇ ਹਿੱਸਿਆਂ 'ਚ ਭੋਜਨ ਖਾਣ ਲਈ ਕਿਹਾ ਜਾਂਦਾ ਹੈ।

ਪੋਟਾਸ਼ੀਅਮ ਭਰਪੂਰ ਖੁਰਾਕ ਖਾਣਾ ਅਤੇ ਨਮਕੀਨ ਭੋਜਨ ਖਾਣਾ ਵੀ ਇਸ ਦੇ ਇਲਾਜ ਦਾ ਹਿੱਸਾ ਹੈ।

ਹਾਲਾਂਕਿ ਹਰੇਕ ਕੇਸ ਵੱਖ ਹੋ ਸਕਦਾ ਹੈ, ਇਸ ਲਈ ਹਮੇਸ਼ਾ ਹੀ ਡਾਕਟਰ ਤੋਂ ਸਲਾਹ ਲੈਣ ਲਈ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)