ਚੰਨ ’ਤੇ ਜ਼ਿੰਦਗੀ: ਨਵੀਂ ਹੈਰਾਨੀਜਨਕ ਖੋਜ, ਜਿਸ ਨੇ 40 ਸਾਲ ਦੇ ਵਿਗਿਆਨਕ ਸਿਧਾਤਾਂ ਨੂੰ ਪਲਟ ਦਿੱਤਾ

ਤਸਵੀਰ ਸਰੋਤ, Getty Images
- ਲੇਖਕ, ਪਲਬ ਘੋਸ਼
- ਰੋਲ, ਬੀਬੀਸੀ ਵਿਗਿਆਨ ਪੱਤਰਕਾਰ
ਯੂਰੇਨਸ ਗ੍ਰਹਿ ਅਤੇ ਇਸਦੇ ਪੰਜ ਸਭ ਤੋਂ ਵੱਡੇ ਉੱਪ-ਗ੍ਰਹਿ ਸ਼ਾਇਦ ਜ਼ਿੰਦਗੀ ਰਹਿਤ ਨਿਰਜੀਵ ਸੰਸਾਰ ਨਹੀਂ ਹਨ, ਜਿਸ ਤਰ੍ਹਾਂ ਕਿ ਵਿਗਿਆਨੀ ਲੰਬੇ ਸਮੇਂ ਤੋਂ ਸੋਚ ਰਹੇ ਹਨ।
ਬਲਕਿ, ਵਿਗਿਆਨੀਆਂ ਨੇ ਸੰਭਾਵਨਾ ਜਤਾਈ ਹੈ ਕਿ ਇਹ ਪੰਜ ਉੱਪ-ਗ੍ਰਹਿ ਅਜਿਹੇ ਹਨ, ਜਿਨ੍ਹਾਂ ’ਤੇ ਸਮੁੰਦਰ ਹੋ ਸਕਦੇ ਹਨ ਅਤੇ ਹੋ ਸਕਦਾ ਹੈ ਕਿ ਜ਼ਿੰਦਗੀ ਦੇ ਸਮਰੱਥ ਵਾਤਾਵਰਣ ਰੱਖਦੇ ਹੋਣ।
ਅਸੀਂ ਉਨ੍ਹਾਂ ਬਾਰੇ ਜੋ ਕੁਝ ਜਾਣਦੇ ਹਾਂ ਉਸ ਦਾ ਬਹੁਤਾ ਹਿੱਸਾ ਨਾਸਾ ਦੇ ਵੋਏਜਰ 2 ਪੁਲਾੜ ਯਾਨ ਵੱਲੋਂ ਇਕੱਠਾ ਕੀਤਾ ਗਿਆ ਸੀ। ਇਹ ਕਰੀਬ 40 ਸਾਲ ਪਹਿਲਾਂ ਪੁਲਾੜ ਵਿੱਚ ਗਿਆ ਸੀ।
ਪਰ ਇੱਕ ਨਵਾਂ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਵੋਏਜਰ ਦੀ ਫੇਰੀ ਇੱਕ ਸ਼ਕਤੀਸ਼ਾਲੀ ਸੂਰਜੀ ਤੂਫ਼ਾਨ ਤੋਂ ਬਾਅਦ ਕੱਢੇ ਗਏ ਨਤੀਜਿਆਂ ਨਾਲ ਮੇਲ ਖਾਂਦੀ ਹੈ, ਜਿਸ ਤੋਂ ਯੂਰੇਨੀਅਨ ਪ੍ਰਣਾਲੀ ਅਸਲ ਵਿੱਚ ਕਿਹੋ ਜਿਹੀ ਹੈ, ਬਾਰੇ ਇੱਕ ਗੁੰਮਰਾਹਕੁੰਨ ਵਿਚਾਰ ਪੈਦਾ ਹੋਇਆ ਸੀ।

ਯੂਰੇਨਸ ਸਾਡੇ ਸੂਰਜੀ ਸਿਸਟਮ ਦੀ ਬਾਹਰੀ ਪਹੁੰਚ ਵਿੱਚ ਇੱਕ ਸੁੰਦਰ, ਬਰਫ਼ੀਲਾ ਮੁੰਦਰੀਨੁਮਾ ਸੰਸਾਰ ਹੈ। ਇਹ ਸਭ ਤੋਂ ਠੰਡੇ ਗ੍ਰਹਿਆਂ ਵਿੱਚੋਂ ਇੱਕ ਹੈ।
ਇਹ ਹੋਰ ਸਾਰੇ ਸੰਸਾਰਾਂ ਦੇ ਮੁਕਾਬਲੇ ਇਸ ਦੇ ਪਾਸੇ ਝੁਕਿਆ ਵੀ ਹੋਇਆ ਹੈ, ਜਿਵੇਂ ਕਿ ਇਸਨੂੰ ਧੱਕਾ ਮਾਰਿਆ ਗਿਆ ਹੋਵੇ ਅਤੇ ਇਹ ਹੀ ਇਸ ਨੂੰ ਸਭ ਤੋਂ ਅਜੀਬ ਬਣਾਉਂਦਾ ਹੈ।
ਸਾਨੂੰ 1986 ਵਿੱਚ ਇਸ ਦਾ ਪਹਿਲਾ ਨਜ਼ਦੀਕੀ ਦ੍ਰਿਸ਼ ਮਿਲਿਆ, ਜਦੋਂ ਵੋਏਜਰ 2 ਉੱਥੋਂ ਲੰਘਿਆ ਅਤੇ ਉਸ ਤੋਂ ਗ੍ਰਹਿ ਅਤੇ ਇਸਦੇ ਪੰਜ ਮੁੱਖ ਉੱਪ-ਗ੍ਰਹਿਆਂ ਦੀਆਂ ਸਨਸਨੀਖੇਜ਼ ਤਸਵੀਰਾਂ ਹਾਸਲ ਹੋਈਆਂ ਸਨ।
ਪਰ ਵਿਗਿਆਨੀਆਂ ਨੂੰ ਹੋਰ ਵੀ ਹੈਰਾਨ ਕਰਨ ਵਾਲੀ ਗੱਲ ਇਹ ਲੱਗੀ ਸੀ ਕਿ ਵੋਏਜਰ 2 ਵੱਲੋਂ ਭੇਜਿਆ ਗਿਆ ਡਾਟਾ ਇਹ ਦਰਸਾਉਂਦਾ ਹੈ ਕਿ ਯੂਰੇਨੀਅਨ ਪ੍ਰਣਾਲੀ ਉਨ੍ਹਾਂ ਦੀ ਸੋਚ ਨਾਲੋਂ ਵੀ ਅਜੀਬ ਸੀ।
ਪੁਲਾੜ ਯਾਨ ਦੇ ਯੰਤਰਾਂ ਨੇ ਜੋ ਮਾਪ ਲਏ ਉਹ ਸੰਕੇਤ ਦਿੰਦੇ ਹਨ ਕਿ ਗ੍ਰਹਿ ਅਤੇ ਇਸ ਦੇ ਉੱਪ-ਗ੍ਰਹਿ ਬਾਹਰੀ ਸੂਰਜੀ ਪ੍ਰਣਾਲੀ ਦੇ ਹੋਰ ਉੱਪ-ਗ੍ਰਹਿਆਂ ਦੇ ਉੱਲਟ ਅਕਿਰਿਆਸ਼ੀਲ ਸਨ।
ਉਨ੍ਹਾਂ ਨੇ ਇਹ ਵੀ ਦਿਖਾਇਆ ਕਿ ਯੂਰੇਨਸ ਦਾ ਸੁਰੱਖਿਆਤਮਕ ਚੁੰਬਕੀ ਖੇਤਰ ਅਜੀਬ ਢੰਗ ਨਾਲ ਵਿਗੜਿਆ ਹੋਇਆ ਸੀ।
ਇਹ ਥੋੜ੍ਹਾ ਕੁਚਲਿਆ ਗਿਆ ਪ੍ਰਤੀਤ ਹੁੰਦਾ ਹੈ ਅਤੇ ਸੂਰਜ ਤੋਂ ਦੂਰ ਧੱਕਿਆ ਗਿਆ ਲੱਗਦਾ ਹੈ।
ਇੱਕ ਗ੍ਰਹਿ ਦਾ ਚੁੰਬਕੀ ਖੇਤਰ ਗ੍ਰਹਿ ਅਤੇ ਇਸਦੇ ਚੰਦਰਮਾ ਤੋਂ ਆਉਣ ਵਾਲੀਆਂ ਗੈਸਾਂ ਅਤੇ ਹੋਰ ਸਮੱਗਰੀ ਨੂੰ ਰੋਕਦਾ ਹੈ। ਇਹ ਸਮੁੰਦਰਾਂ ਜਾਂ ਭੂ-ਵਿਗਿਆਨਕ ਗਤੀਵਿਧੀਆਂ ਦੇ ਸੰਕੇਤ ਹੋ ਸਕਦੇ ਹਨ।
ਵੋਏਜਰ 2 ਨੂੰ ਅਜਿਹਾ ਕੁਝ ਵੀ ਨਹੀਂ ਮਿਲਿਆ, ਇਹ ਦੱਸਦਾ ਹੈ ਕਿ ਯੂਰੇਨਸ ਅਤੇ ਇਸਦੇ ਪੰਜ ਸਭ ਤੋਂ ਵੱਡੇ ਚੰਦਰਮਾ ਨਿਰਜੀਵ ਅਤੇ ਅਕਿਰਿਆਸ਼ੀਲ ਸਨ।
ਇਹ ਬਹੁਤ ਹੈਰਾਨੀ ਵਾਲੀ ਗੱਲ ਸੀ ਕਿਉਂਕਿ ਇਹ ਸੂਰਜੀ ਸਿਸਟਮ ਦੇ ਹੋਰ ਗ੍ਰਹਿਆਂ ਅਤੇ ਉਨ੍ਹਾਂ ਦੇ ਉੱਪ-ਗ੍ਰਹਿਆਂ ਦੇ ਵਿਵਹਾਰ ਦੇ ਉਲਟ ਸੀ। ਪਰ ਨਵੇਂ ਵਿਸ਼ਲੇਸ਼ਣ ਨੇ ਦਹਾਕਿਆਂ ਤੋਂ ਬਣੇ ਹੋਏ ਭੇਤ ਤੋਂ ਕੁਝ ਪਰਦਾ ਹਟਾਇਆ ਹੈ।

ਤਸਵੀਰ ਸਰੋਤ, NASA
ਜੀਵਨ ਦੀ ਆਸ
ਮੌਜੂਦਾ ਤੱਥ ਦਰਸਾਉਂਦੇ ਹਨ ਕਿ ਵੋਏਜਰ 2 ਨੇ ਇੱਕ ਮਾੜੇ ਦਿਨ ਉਡਾਨ ਭਰੀ ਸੀ।
ਨਵੀਂ ਖੋਜ ਦਰਸਾਉਂਦੀ ਹੈ ਕਿ ਜਿਵੇਂ ਹੀ ਵੋਏਜਰ 2 ਨੇ ਯੂਰੇਨਸ ਤੋਂ ਅੱਗੇ ਉਡਾਣ ਭਰੀ ਸੀ, ਸੂਰਜ ਤੇਜ਼ ਹੋ ਰਿਹਾ ਸੀ, ਇੱਕ ਸ਼ਕਤੀਸ਼ਾਲੀ ਸੂਰਜੀ ਹਵਾ ਪੈਦਾ ਕਰ ਰਿਹਾ ਸੀ ਜਿਸ ਨੇ ਸਮੱਗਰੀ ਨੂੰ ਉਡਾ ਦਿੱਤਾ ਅਤੇ ਚੁੰਬਕੀ ਖੇਤਰ ਨੂੰ ਅਸਥਾਈ ਤੌਰ 'ਤੇ ਵਿਗਾੜ ਦਿੱਤਾ ਸੀ।
ਇਸ ਲਈ, ਯੂਨੀਵਰਸਿਟੀ ਕਾਲਜ ਲੰਡਨ ਦੇ ਡਾਕਟਰ ਵਿਲੀਅਮ ਡਨ ਦੇ ਮੁਤਾਬਕ, 40 ਸਾਲਾਂ ਤੋਂ ਸਾਡੇ ਕੋਲ ਯੂਰੇਨਸ ਅਤੇ ਇਸਦੇ ਪੰਜ ਸਭ ਤੋਂ ਵੱਡੇ ਉੱਪ-ਗ੍ਰਹਿਆਂ ਬਾਰੇ ਆਮ ਜਾਣਕਾਰੀ, ਕਿ ਇਹ ਕਿਸ ਤਰ੍ਹਾਂ ਦੇ ਹੁੰਦੇ ਹਨ, ਬਾਰੇ ਵਿਗਿਆਨਿਕ ਨਜ਼ਰੀਆ ਗ਼ਲਤ ਰਿਹਾ ਹੈ।
“ਇਹ ਨਤੀਜੇ ਸੁਝਾਅ ਦਿੰਦੇ ਹਨ ਕਿ ਯੂਰੇਨੀਅਨ ਪ੍ਰਣਾਲੀ ਜਿਸ ਤਰ੍ਹਾਂ ਇਸ ਬਾਰੇ ਪਹਿਲਾਂ ਸੋਚਿਆ ਗਿਆ ਸੀ ਦੇ ਮੁਕਾਬਲੇ ਕਿਤੇ ਜ਼ਿਆਦਾ ਦਿਲਚਸਪ ਹੋ ਸਕਦੀ ਹੈ।”
“ਉੱਥੇ ਅਜਿਹੇ ਉੱਪ-ਗ੍ਰਹਿ ਹੋ ਸਕਦੇ ਹਨ ਜੋ ਜੀਵਨ ਲਈ ਲੋੜੀਂਦੀਆਂ ਸਥਿਤੀਆਂ ਰੱਖਦੇ ਹੋਣ, ਹੋ ਸਕਦਾ ਹੈ ਉਨ੍ਹਾਂ ਕੋਲ ਕੋਲ ਸਮੁੰਦਰ ਹੋਵੇ, ਜਿਸ ਦੀ ਸਤ੍ਹਾ ਮੱਛੀਆਂ ਨਾਲ ਭਰੀ ਹੋਵੇ।”

ਤਸਵੀਰ ਸਰੋਤ, NASA
ਜਦੋਂ ਯੂਰੇਨਸ ਡੇਟਾ ਆਇਆ ਸੀ ਉਸ ਸਮੇਂ ਲਿੰਡਾ ਸਪਿਲਕਰ ਇੱਕ ਨੌਜਵਾਨ ਵਿਗਿਆਨੀ ਹੀ ਸਨ, ਜੋ ਵੋਏਜਰ ਪ੍ਰੋਗਰਾਮ 'ਤੇ ਕੰਮ ਕਰ ਰਹੇ ਸਨ।
ਉਹ ਹੁਣ ਵੀ ਵੋਏਜਰ ਮਿਸ਼ਨਾਂ ਲਈ ਪ੍ਰੋਜੈਕਟ ਵਿਗਿਆਨੀ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਉਹ ਜਰਨਲ ਨੇਚਰ ਐਸਟ੍ਰੋਨੋਮੀ ਵਿੱਚ ਪ੍ਰਕਾਸ਼ਿਤ ਕੀਤੇ ਗਏ, ਨਵੇਂ ਨਤੀਜਿਆਂ ਬਾਰੇ ਸੁਣ ਕੇ ਬਹੁਤ ਖੁਸ਼ ਹਨ।
ਉਨ੍ਹਾਂ ਨੇ ਬੀਬੀਸੀ ਨਿਊਜ਼ ਨੂੰ ਦੱਸਿਆ, "ਨਤੀਜੇ ਦਿਲਚਸਪ ਹਨ ਅਤੇ ਮੈਂ ਇਹ ਦੇਖ ਕੇ ਬਹੁਤ ਉਤਸ਼ਾਹਿਤ ਹਾਂ ਕਿ ਯੂਰੇਨੀਅਨ ਪ੍ਰਣਾਲੀ ਵਿੱਚ ਜੀਵਨ ਦੀ ਸੰਭਾਵਨਾ ਹੈ।"
“ਮੈਂ ਇਸ ਗੱਲ ਤੋਂ ਵੀ ਖੁਸ਼ ਹਾਂ ਕਿ ਵੋਏਜਰ ਡਾਟਾ ਤੋਂ ਨਤੀਜੇ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।”
“ਇਹ ਹੈਰਾਨੀਜਨਕ ਹੈ ਕਿ ਵਿਗਿਆਨੀ ਸਾਡੇ ਵੱਲੋਂ 1986 ਵਿੱਚ ਇਕੱਠੇ ਕੀਤੇ ਗਏ ਡਾਟਾ ਨੂੰ ਵੀ ਦੇਖ ਰਹੇ ਹਨ ਅਤੇ ਨਵੇਂ ਨਤੀਜੇ ਅਤੇ ਨਵੀਆਂ ਖੋਜਾਂ ਲੱਭ ਰਹੇ ਹਨ।”

ਤਸਵੀਰ ਸਰੋਤ, NASA
ਪੁਰਾਣੇ ਅੰਕੜਿਆਂ ਨੂੰ ਘੋਖਣਾ
ਡਬਲਿਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਦੇ ਡਾਕਟਰ ਅਫੇਲੀਆ ਵਿਬੀਸੋਨੋ, ਜੋ ਖੋਜ ਟੀਮ ਤੋਂ ਸੁਤੰਤਰ ਹਨ, ਨੇ ਨਤੀਜਿਆਂ ਨੂੰ ‘ਬਹੁਤ ਦਿਲਚਸਪ’ ਦੱਸਿਆ।
"ਇਹ ਦਰਸਾਉਂਦਾ ਹੈ ਕਿ ਪੁਰਾਣੇ ਡਾਟਾ ਨੂੰ ਮੁੜ ਤੋਂ ਦੇਖਣਾ ਕਿੰਨਾ ਅਹਿਮ ਹੈ, ਕਿਉਂਕਿ ਕਈ ਵਾਰ, ਉਨ੍ਹਾਂ ਨਾਲ ਕਈ ਅਜਿਹੇ ਤੱਥ ਵੀ ਜੁੜੇ ਹੁੰਦੇ ਹਨ ਜੋ ਉਸ ਸਮੇਂ ਸਾਹਮਣੇ ਨਾ ਆਏ ਹੋਣ। ਅਜਿਹੇ ਤੱਥ ਪੁਲਾੜ ਖੋਜ ਮਿਸ਼ਨਾਂ ਦੀ ਅਗਲੀ ਪੀੜ੍ਹੀ ਨੂੰ ਖੋਜ ਦੀ ਨਵੀਂ ਰਾਹ ਦੇਣ ਵਿੱਚ ਮਦਦਗਾਰ ਹੋ ਸਕਦੇ ਹਨ।”
ਇਹ ਬਿਲਕੁਲ ਉਹੀ ਹੈ ਜੋ ਨਾਸਾ ਕਰ ਰਿਹਾ ਹੈ, ਅੰਸ਼ਕ ਤੌਰ 'ਤੇ ਨਵੀਂ ਖੋਜ ਦੇ ਨਤੀਜੇ ਵਜੋਂ।
ਵੋਏਜਰ 2 ਨੂੰ ਬਰਫ਼ੀਲੇ ਸੰਸਾਰ ਅਤੇ ਇਸਦੇ ਉੱਪ-ਗ੍ਰਹਿਆਂ ਤੋਂ ਪਾਰ ਲੰਘੇ ਤਕਰੀਬਨ 40 ਸਾਲ ਹੋ ਗਏ ਹਨ।

ਤਸਵੀਰ ਸਰੋਤ, NASA
ਨਾਸਾ ਨੇ 10 ਸਾਲਾਂ ਦੇ ਸਮੇਂ ਨੂੰ ਨੇੜਿਓਂ ਘੋੜਣ ਲਈ ਇੱਕ ਨਵਾਂ ਮਿਸ਼ਨ, ਯੂਰੇਨਸ ਆਰਬਿਟਰ ਅਤੇ ਪ੍ਰੋਬ ਲਾਂਚ ਕਰਨ ਦੀ ਯੋਜਨਾ ਬਣਾਈ ਹੈ।
ਨਾਸਾ ਦੇ ਡਾਕਟਰ ਜੈਮੀ ਜੈਸਿੰਸਕੀ ਦਾ ਵਿਚਾਰ ਹੈ ਕਿ ਵੋਏਜਰ 2 ਡਾਟਾ ਦੀ ਦੁਬਾਰਾ ਜਾਂਚ ਕਰਨੀ ਚਾਹੀਦੀ ਸੀ, ਮਿਸ਼ਨ ਨੂੰ ਆਪਣੇ ਯੰਤਰਾਂ ਨੂੰ ਡਿਜ਼ਾਈਨ ਕਰਨ ਅਤੇ ਵਿਗਿਆਨਿਕ ਸਰਵੇਖਣ ਦੀ ਯੋਜਨਾ ਬਣਾਉਣ ਵੇਲੇ ਉਸਦੇ ਨਤੀਜਿਆਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੋਵੇਗੀ।
"ਭਵਿੱਖ ਦੇ ਪੁਲਾੜ ਯੰਤਰ ਤਿਆਰ ਕਰਨ ਵੇਲੇ ਅਸੀਂ ਬਹੁਤ ਕੁਝ ਪੁਰਾਣੇ ਯੰਤਰਾਂ ਤੋਂ ਸਿੱਖਿਆਂ ਜਿਵੇਂ ਕਿ ਵੋਏਜਰ 2 ਤੋਂ ਜਦੋਂ ਇਹ ਇੱਕ ਅਸਧਾਰਨ ਘਟਨਾ ਦਾ ਅਨੁਭਵ ਕਰ ਰਿਹਾ ਸੀ ਜਦੋਂ ਇਹ ਸਿਸਟਮ ਤੋਂ ਲੰਘਿਆ ਸੀ।”
“ਇਸ ਲਈ ਸਾਨੂੰ ਇਸ ਗੱਲ 'ਤੇ ਮੁੜ ਵਿਚਾਰ ਕਰਨ ਦੀ ਲੋੜ ਹੈ ਕਿ ਅਸੀਂ ਨਵੇਂ ਮਿਸ਼ਨ 'ਤੇ ਯੰਤਰਾਂ ਨੂੰ ਕਿਵੇਂ ਡਿਜ਼ਾਈਨ ਕਰਨਾ ਹੈ ਤਾਂ ਜੋ ਅਸੀਂ ਖੋਜ ਕਰਨ ਲਈ ਲੋੜੀਂਦੇ ਵਿਗਿਆਨਕ ਡਾਟਾ ਨੂੰ ਬਿਹਤਰ ਢੰਗ ਨਾਲ ਹਾਸਲ ਕਰ ਸਕੀਏ।”
ਨਾਸਾ ਦੀ ਯੂਰੇਨਸ ਜਾਂਚ 2045 ਤੱਕ ਮੁਕੰਮਲ ਹੋਣ ਦੀ ਉਮੀਦ ਹੈ, ਜਿਸ ਤਹਿਤ ਵਿਗਿਆਨੀ ਇਹ ਪਤਾ ਲਗਾਉਣ ਦੀ ਉਮੀਦ ਕਰਦੇ ਹਨ ਕਿ ਕੀ ਇਹ ਦੂਰ-ਦੁਰਾਡੇ ਦੇ ਬਰਫੀਲੇ ਉੱਪ-ਗ੍ਰਹਿਆਂ ਬਾਰੇ ਇੱਕ ਅਜਿਹੀ ਦੁਨੀਆਂ ਹੀ ਹੋਂਦ ਵਜੋਂ ਸੋਚਿਆ ਜਾ ਸਕਦਾ ਹੈ ਜਿੱਥੇ ਕਦੇ ਪਹਿਲਾਂ ਜ਼ਿੰਦਗੀ ਸੀ ਤੇ ਹੁਣ ਮੁੜ ਤੋਂ ਅਜਿਹਾ ਹੋਣ ਦੀ ਸੰਭਾਵਨਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












