ਭਾਰਤੀ ਪੁਲਾੜ ਸਟੇਸ਼ਨ: ਇਸਰੋ ਪੁਲਾੜ ਵਿੱਚ ਕਿਹੜੀ ਪ੍ਰਯੋਗਸ਼ਾਲਾ ਬਣਾ ਰਿਹਾ ਹੈ? ਇਸ ਸਟੇਸ਼ਨ ’ਚ ਕੀ ਕੁਝ ਹੋਵੇਗਾ?

ਤਸਵੀਰ ਸਰੋਤ, ISRO
- ਲੇਖਕ, ਸ਼ਾਰਧਾ ਵੀ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਪੁਲਾੜ ਖੋਜ ਏਜੰਸੀ (ਇਸਰੋ) ਪੁਲਾੜ ਵਿੱਚ ਸਾਲ 2025 ਤੱਕ ਇੱਕ ਭਾਰਤੀ ਪੁਲਾੜ ਸਟੇਸ਼ਨ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਉੱਤੇ ਕੰਮ ਸ਼ੁਰੂ ਹੋ ਚੁੱਕਿਆ ਹੈ।
ਇਸਰੋ ਦੇ ਚੇਅਰਮੈਨ ਐੱਸ ਸੋਮਨਾਥ ਨੇ ਦੱਸਿਆ ਕਿ ਇਸ ਬਾਰੇ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ ਅਤੇ ਇਸਦਾ ਪਹਿਲਾ ਪੜਾਅ 2028 ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਸ ਪ੍ਰੋਜੈਕਟ ਨੂੰ ਪਿਛਲੇ ਮਹੀਨੇ ਕੇਂਦਰੀ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ।
ਪਹਿਲਾ ਪੜਾਅ ਸ਼ੁਰੂ ਹੋਣ ਤੋਂ ਸੱਤ ਸਾਲ ਬਾਅਦ ਭਾਰਤ ਦਾ ਪੁਲਾੜ ਸਟੇਸ਼ਨ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਵੇਗਾ।
ਸਾਲ 1984 ਵਿੱਚ ਭਾਰਤੀ ਪੁਲਾੜ ਯਾਤਰੀ ਰਕੇਸ਼ ਸ਼ਰਮਾ ਸੋਵੀਅਤ ਰੂਸ ਦੇ ਪੁਲਾੜੀ ਯਾਨ ਜ਼ਰੀਏ ਪੁਲਾੜ ਵਿੱਚ ਗਏ ਸਨ। ਉਸ ਤੋਂ ਬਾਅਦ ਕੋਈ ਵੀ ਭਾਰਤੀ ਪੁਲਾੜ ਵਿੱਚ ਨਹੀਂ ਗਿਆ ਹੈ।
ਹਾਲਾਂਕਿ ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਛੇਤੀ ਹੀ ਪੁਲਾੜ ਵਿੱਚ ਜਾਣ ਵਾਲੇ ਦੂਜੇ ਯਾਤਰੀ ਬਣ ਸਕਦੇ ਹਨ। ਉਨ੍ਹਾਂ ਨੂੰ ਇਸਰੋ ਅਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਸਾਂਝੇ ਮਿਸ਼ਨ ਲਈ ਚੁਣ ਲਿਆ ਗਿਆ ਹੈ।

ਇਹ ਪੁਲਾੜ ਸਟੇਸ਼ਨ ਭਾਰਤ ਦੇ ਚੰਦ ਅਤੇ ਮੰਗਲ ਉੱਤੇ ਮਨੁੱਖੀ ਮਿਸ਼ਨ ਭੇਜਣ ਦੇ ਪ੍ਰੋਗਰਾਮ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਇਆ।
ਡਾਕਟਰ ਟੀਵੀ ਵੈਂਕਟੇਸ਼ਵਰਨ ਵਿਗਿਆਨ ਪ੍ਰਸਾਰ ਵਿੱਚ ਵਿਗਿਆਨੀ ਰਹਿ ਚੁੱਕੇ ਹਨ। ਮੌਜੂਦਾ ਸਮੇਂ ਵਿੱਚ ਉਹ ਮੁਹਾਲੀ ਸਥਿਤ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਵਿੱਚ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਵੈਂਕਟੇਸ਼ਵਰਨ ਮੁਤਾਬਕ, “ਇਹ ਭਾਰਤੀ ਪੁਲਾੜ ਸਟੇਸ਼ਨ ਕਾਇਮ ਹੋ ਜਾਣ ਨਾਲ ਭਾਰਤ ਦੀ ਕੌਮਾਂਤਰੀ ਪੁਲਾੜ ਭਾਈਚਾਰੇ ਵਿੱਚ ਖਾਸ ਥਾਂ ਪੱਕੀ ਕਰੇਗਾ।”

ਤਸਵੀਰ ਸਰੋਤ, Getty Images
ਪੁਲਾੜ ਸਟੇਸ਼ਨ ਕੀ ਹੈ?
ਪੁਲਾੜ ਸਟੇਸ਼ਨ ਇੱਕ ਵਿਸ਼ਾਲ ਮਨੁੱਖ-ਨਿਰਮਿਤ ਢਾਂਚਾ ਹੁੰਦਾ ਹੈ ਜੋ ਧਰਤੀ ਦੀ ਪਰਿਕਰਮਾ ਕਰਦਾ ਰਹਿੰਦਾ ਹੈ। ਇਹ ਇਸ ਤਰ੍ਹਾਂ ਤਿਆਰ ਕੀਤਾ ਹੁੰਦਾ ਹੈ ਕਿ ਪੁਲਾੜ ਯਾਤਰੀ ਆਪਣੀ ਖੋਜ ਯਾਤਰਾ ਦੌਰਾਨ ਇਸ ਵਿੱਚ ਰਹਿ ਸਕਣ।
ਧਰਤੀ ਤੋਂ ਛੱਡੇ ਗਏ ਪੁਲਾੜੀ ਵਾਹਨ ਕਿਸੇ ਨਿਸ਼ਚਿਤ ਬਿੰਦੂ ਤੱਕ ਪੁਲਾੜ ਵਿੱਚ ਜਾਂਦੇ ਹਨ। ਲੇਕਿਨ ਪੁਲਾੜ ਸਟੇਸ਼ਨ ਪੁਲਾੜ ਵਿੱਚ ਹੀ ਇੱਕ ਨਿਸ਼ਚਿਤ ਥਾਂ ਉੱਤੇ ਟਿਕਿਆ ਰਹਿੰਦਾ ਹੈ।
ਫ਼ਿਲਹਾਲ ਧਰਤੀ ਦੇ ਪਰਿਕਰਮਾ ਪੱਥ ਵਿੱਚ ਦੋ ਪੁਲਾੜ ਸਟੇਸ਼ਨ ਹਨ –ਕੌਂਮਾਂਤਰੀ ਪੁਲਾੜ ਸਟੇਸ਼ਨ ਅਤੇ ਦੂਜਾ ਚੀਨ ਦਾ – ਟਿਆਂਗੌਂਗ ਪੁਲਾੜ ਸਟੇਸ਼ਨ।
ਇਨ੍ਹਾਂ ਪੁਲਾੜ ਸਟੇਸ਼ਨਾਂ ਵਿੱਚ ਸਾਇੰਸਦਾਨ ਉਹ ਪ੍ਰਯੋਗ ਕਰਦੇ ਹਨ ਜੋ ਧਰਤੀ ਉੱਤੇ ਇਸਦੀ ਚੁੰਬਕੀ ਖਿੱਚ ਕਾਰਨ ਨਹੀਂ ਕੀਤੇ ਜਾ ਸਕਦੇ। ਇਨ੍ਹਾਂ ਪ੍ਰਯੋਗਾਂ ਦੇ ਵਿਸ਼ੇ ਬੜੇ ਵੰਨ-ਸੁਵੰਨੇ ਹੁੰਦੇ ਹਨ। ਜਿਵੇਂ— ਜੀਵ ਵਿਗਿਆਨ, ਭੌਤਿਕ ਵਿਗਿਆਨ ਆਦਿ।
ਇਨ੍ਹਾਂ ਪੁਲਾੜ ਸਟੇਸ਼ਨਾਂ ਉੱਤੇ ਵਿਗਿਆਨੀ ਕਈ ਮਹੀਨਿਆਂ ਤੱਕ ਰਹਿ ਸਕਦੇ ਹਨ। ਇਨ੍ਹਾਂ ਵਿੱਚ ਯਾਤਰੀਆਂ ਲਈ ਰਸੋਈ, ਗੁਸਲਖਾਨੇ ਵਗੈਰਾ ਸਾਰਾ ਕੁਝ ਹੁੰਦਾ ਹੈ।
ਪੁਲਾੜ ਸਟੇਸ਼ਨਾਂ ਨੂੰ ਸੂਰਜ ਤੋਂ ਊਰਜਾ ਮਿਲਦੀ ਹੈ। ਇਨ੍ਹਾਂ ਉੱਤੇ ਹਵਾ ਅਤੇ ਪਾਣੀ ਨੂੰ ਵਾਰ-ਵਾਰ ਵਰਤੋਂ ਯੋਗ ਬਣਾਉਣ ਦੀਆਂ ਪ੍ਰਣਾਲੀਆਂ ਵੀ ਲੱਗੀਆਂ ਹੁੰਦੀਆਂ ਹਨ।
ਜਦੋਂ ਵੀ ਕੋਈ ਪੁਲਾੜੀ ਵਾਹਨ ਧਰਤੀ ਤੋਂ ਇਨ੍ਹਾਂ ਪੁਲਾੜ ਸਟੇਸ਼ਨਾਂ ਉੱਤੇ ਰਸਦ ਜਾਂ ਯਾਤਰੀ ਛੱਡਣ ਪਹੁੰਚਦੇ ਹਨ ਤਾਂ ਉਹ ਸੁਖਾਲੇ ਹੀ ਇਨ੍ਹਾਂ ਨਾਲ ਜੁੜ ਸਕਦੇ ਹਨ।

ਤਸਵੀਰ ਸਰੋਤ, ISRO
ਭਾਰਤੀ ਪੁਲਾੜ ਸਟੇਸ਼ਨ ਵਿੱਚ ਕੀ ਕੁਝ ਹੋਵੇਗਾ?
ਇਸਰੋ ਮੁਤਾਬਕ ਭਾਰਤੀ ਪੁਲਾੜ ਸਟੇਸ਼ਨ ਦੇ ਪੰਜ ਹਿੱਸੇ ਹੋਣਗੇ।
ਬੇਸ ਮੌਡਿਊਲ— ਇਹ ਇਸ ਸਟੇਸ਼ਨ ਦਾ ਬੁਨਿਆਦੀ ਹਿੱਸਾ ਹੈ। ਇਹੀ ਉਹ ਥਾਂ ਹੈ ਜਿੱਥੇ ਪੁਲਾੜ ਯਾਤਰੀ ਬਹੁਤ ਹੀ ਘੱਟ ਗੁਰੂਤਾ ਖਿੱਚ ਵਿੱਚ ਵੀ ਜ਼ਿੰਦਾ ਰਹਿਣ ਲਈ ਢੁੱਕਵੇਂ ਹਾਲਾਤ ਪੈਦਾ ਕਰਦੇ ਹਨ।
ਭਾਰਤੀ ਪੁਲਾੜ ਸਟੇਸ਼ਨ ਦਾ ਇਹ ਬੁਨਿਆਦੀ ਹਿੱਸਾ 2028 ਤੱਕ ਲਾਂਚ ਕੀਤਾ ਜਾਵੇਗਾ। ਇਸ ਦੀ ਰੂਪ-ਰੇਖਾ ਤੈਅ ਕਰ ਲਈ ਗਈ ਹੈ।
ਪਹਿਲਾਂ ਇਸ ਨੂੰ ਬਿਨਾਂ ਮਨੁੱਖ ਦੇ ਪੁਲਾੜ ਵਿੱਚ ਭੇਜਿਆ ਜਾਵੇਗਾ, ਬਾਅਦ ਵਿੱਚ ਪ੍ਰੀਖਣਾਂ ਤੋਂ ਬਾਅਦ ਮਨੁੱਖ ਭੇਜੇ ਜਾਣਗੇ।
ਡੌਕਿੰਗ ਮੌਡਿਊਲ— ਇਹ ਉਹ ਹਿੱਸਾ ਹੈ ਜੋ ਧਰਤੀ ਤੋਂ ਗਏ ਪੁਲਾੜੀ ਵਾਹਨਾਂ ਅਤੇ ਸਟੇਸ਼ਨ ਨੂੰ ਆਪਸ ਵਿੱਚ ਜੋੜੇਗਾ। ਇਹ ਹਿੱਸਾ ਹੰਗਾਮੀ ਹਾਲਤ ਵਿੱਚ ਪੁਲਾੜ ਸਟੇਸ਼ਨ ਵਿੱਚੋਂ ਵਿਗਿਆਨੀਆਂ ਨੂੰ ਕੱਢਣ ਲਈ ਵੀ ਵਰਤਿਆ ਜਾਂਦਾ ਹੈ।
ਪੁਲਾੜ ਯਾਤਰੀ, ਉਨ੍ਹਾਂ ਲਈ ਲੋੜੀਂਦੇ ਯੰਤਰ, ਪੁਲਾੜ ਯਾਤਰੀਆਂ ਦੇ ਰਹਿਣ ਲਈ ਲੋੜੀਂਦਾ ਸਮਾਨ, ਸਭ ਕੁਝ ਇਸ ਜ਼ਰੀਏ ਪਹੁੰਚਾਇਆ ਜਾਂਦਾ ਹੈ।
ਰਿਸਰਚ ਮੌਡਿਊਲ— ਇਹ ਵਿਗਿਆਨ ਦੇ ਵੱਖ-ਵੱਖ ਖੇਤਰਾਂ ਜਿਵੇਂ- ਜੀਵ ਵਿਗਿਆਨ, ਭੌਤਿਕ ਵਿਗਿਆਨ ਆਦਿ ਵਿੱਚ ਘੱਟ ਗੁਰੂਤਾ ਖਿੱਚ ਦੀ ਸਥਿਤੀ ਵਿੱਚ ਪ੍ਰਯੋਗ ਕੀਤੇ ਜਾਂਦੇ ਹਨ।
ਲੈਬੋਰਟਰੀ ਮੌਡਿਊਲ— ਇਹ ਵਿਗਿਆਨੀਆਂ ਨੂੰ ਪ੍ਰਯੋਗ ਕਰਨ ਲਈ ਹੋਰ ਜ਼ਿਆਦਾ ਥਾਂ ਮੁਹੱਈਆ ਕਰਵਾਏਗਾ।
ਕਾਮਨ ਵਰਕਿੰਗ ਮੌਡਿਊਲ— ਇਸ ਮੌਡਿਊਲ ਵਿੱਚ ਵਿਗਿਆਨੀ ਆਪਣੇ ਰੋਜ਼ਾਨਾ ਦੇ ਕੰਮ ਤੋਂ ਇਲਾਵਾ ਆਰਾਮ, ਆਦਿ ਕਰ ਸਕਣਗੇ।
ਇਸ ਪੁਲਾੜ ਸਟੇਸ਼ਨ ਵਿੱਚ 3-4 ਪੁਲਾੜ ਯਾਤਰੀ ਰਹਿ ਸਕਣਗੇ। ਜਦਕਿ ਥੋੜ੍ਹੇ ਸਮੇਂ ਲਈ ਇਹ ਸਟੇਸ਼ਨ ਛੇ ਜਣਿਆਂ ਤੱਕ ਨੂੰ ਸਾਂਭ ਸਕੇਗਾ।

ਤਸਵੀਰ ਸਰੋਤ, Getty Images
ਭਾਰਤੀ ਪੁਲਾੜ ਸਟੇਸ਼ਨ ਬਾਰੇ ਬੀਬੀਸੀ ਤਮਿਲ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਵੈਂਕਟੇਸ਼ਵਰਨ ਨੇ ਕਿਹਾ, “ਮੌਜੂਦਾ ਸਪੇਸ ਸਟੇਸ਼ਨ ਦੀ ਮਿਆਦ 2031 ਵਿੱਚ ਖ਼ਤਮ ਹੋ ਜਾਵੇਗੀ। ਉਸ ਤੋਂ ਬਾਅਦ ਕੌਮਾਂਤਰੀ ਪੁਲਾੜ ਸਟੇਸ਼ਨ ਨੂੰ ਪੁਲਾੜ ਵਿੱਚ ਮੁੜ ਸਥਾਪਿਤ ਕੀਤਾ ਜਾਵੇਗਾ।”
“ਇਸ ਪ੍ਰੋਜੈਕਟ ਵਿੱਚ ਕਿਹੜੇ-ਕਿਹੜੇ ਦੇਸ ਹਿੱਸਾ ਲੈਣਗੇ ਇਹ ਅਜੇ ਤੈਅ ਨਹੀਂ ਹੋਇਆ ਹੈ। ਇਸ ਸੂਰਤੇ ਹਾਲ ਵਿੱਚ ਭਾਰਤ ਲਈ ਆਪਣਾ ਪੁਲਾੜ ਸਟੇਸ਼ਨ ਕਾਇਮ ਕਰਨਾ ਇੱਕ ਮਹੱਤਵਪੂਰਨ ਕਦਮ ਹੈ।”
ਕੌਮਾਂਤਰੀ ਪੁਲਾੜ ਸਟੇਸ਼ਨ ਨਵੰਬਰ 2000 ਵਿੱਚ ਲਾਂਚ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਕੰਮ ਕਰ ਰਿਹਾ ਹੈ।
ਇਹ ਅਮਰੀਕੀ ਪੁਲਾੜ ਏਜੰਸੀ, ਯੂਰਪੀ ਪੁਲਾੜ ਏਜੰਸੀ, ਜਪਾਨੀ ਪੁਲਾੜ ਖੋਜ ਸੰਗਠਨ, ਕੈਨੇਡੀਅਨ ਪੁਲਾੜ ਏਜੰਸੀ ਅਤੇ ਰਸ਼ੀਅਨ ਸਟੇਟ ਕਾਰਪੋਰੇਸ਼ਨ ਫ਼ਾਰ ਸਪੇਸ ਐਕਟੀਵੀਟੀਜ਼ ਨੇ ਰਲਵੇਂ-ਮਿਲਵੇਂ ਸਹਿਯੋਗ ਨਾਲ ਬਣਾਇਆ ਸੀ।
ਹੁਣ ਤੱਕ 20 ਦੇਸਾਂ ਦੇ 250 ਤੋਂ ਜ਼ਿਆਦਾ ਪੁਲਾੜ ਯਾਤਰੀ ਇਸ ਉੱਤੇ ਜਾ ਚੁੱਕੇ ਹਨ। ਇਹ ਸਾਇੰਸਦਾਨਾਂ ਨੂੰ ਪੁਲਾੜ ਬਾਰੇ ਹੋਰ ਸਿੱਖਣ ਅਤੇ ਮਨੁੱਖ ਪੁਲਾੜ ਵਿੱਚ ਕਿਵੇਂ ਰਹਿ ਸਕਦੇ ਹਨ ਤੇ ਕੰਮ ਕਰ ਸਕਦੇ ਹਨ ਬਾਰੇ ਅਧਿਐਨ ਕਰਨ ਦਾ ਮੌਕਾ ਦਿੰਦਾ ਹੈ।

ਤਸਵੀਰ ਸਰੋਤ, Getty Images
ਪੁਲਾੜ ਸਟੇਸ਼ਨ ਨੂੰ ਊਰਜਾ ਕਿੱਥੋਂ ਲੈਂਦੇ ਹਨ?
ਜਿਸ ਮੋਬਾਈਲ ਫੋਨ ਦੀ ਅਸੀਂ ਰੋਜ਼ਾਨਾ ਵਰਤੋਂ ਕਰਦੇ ਹਾਂ, ਉਸ ਨੂੰ ਰੀਚਾਰਜ ਵੀ ਜ਼ਿਆਦਾ ਕਰਨਾ ਪੈਂਦਾ ਹੈ। ਲੇਕਿਨ ਇੱਕ ਪੁਲਾੜ ਸਟੇਸ਼ਨ ਨੂੰ ਪੁਲਾੜ ਵਿੱਚ ਕਾਰਜਸ਼ੀਲ ਰਹਿਣ ਲਈ ਕਿਤੇ ਜ਼ਿਆਦਾ ਊਰਜਾ ਦੀ ਲੋੜ ਪੈਂਦੀ ਹੈ।
ਊਰਜਾ ਦੀ ਇਹ ਲੋੜ ਧਰਤੀ ਤੋਂ ਪੁਲਾੜ ਵੱਲ ਤਾਰਾਂ ਲਗਾ ਕੇ ਪੂਰੀ ਨਹੀਂ ਕੀਤੀ ਜਾ ਸਕਦੀ। ਇਸ ਲਈ ਇਨ੍ਹਾਂ ਸਟੇਸ਼ਨਾਂ ਨੂੰ ਪੁਲਾੜ ਵਿੱਚ ਹੀ ਸੂਰਜੀ-ਊਰਜਾ ਤੋਂ ਆਪਣੀਆਂ ਊਰਜਾ ਲੋੜਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ।
ਇਸਰੋ ਨੇ ਕਿਹਾ ਹੈ ਕਿ ਇਸ ਦੇ ਸਾਰੇ ਕੰਪੋਨੈਂਟਸ (ਕਾਮਨ ਵਰਕਿੰਗ ਮੌਡਿਊਲ ਨੂੰ ਛੱਡ ਕੇ) ਦੀਆਂ ਊਰਜਾ ਲੋੜਾਂ ਸੌਰ-ਊਰਜਾ ਨਾਲ ਹੀ ਪੂਰੀਆਂ ਹੋਣਗੀਆਂ।
ਨਾਸਾ ਦਾ ਮੁਤਾਬਕ ਕੌਮਾਂਤਰੀ ਪੁਲਾੜ ਸਟੇਸ਼ਨ ਉੱਤੇ 27,000 ਵਰਗ ਫੁੱਟ ਦੇ ਸੋਲਰ ਪੈਨਲ ਲੱਗੇ ਹੋਏ ਹਨ।
ਇਨ੍ਹਾਂ ਪਲੇਟਾਂ ਨੂੰ ਹਰ ਰੋਜ਼ ਪੂਰਾ ਸਮਾਂ ਸੂਰਜ ਦੀ ਧੁੱਪ ਮਿਲਦੀ ਹੈ। ਇਹ ਸਿਰਫ ਉਨੀਂ ਦੇਰ ਹੀ ਬਿਨਾਂ ਧੁੱਪ ਤੋਂ ਰਹਿੰਦੇ ਹਨ ਜਿੰਨੀ ਦੇਰ ਤੱਕ ਸੂਰਜ ਅਤੇ ਪੁਲਾੜ ਸਟੇਸ਼ਨ ਦੇ ਦਰਮਿਆਨ ਧਰਤੀ ਆ ਜਾਂਦੀ ਹੈ। ਇਸ ਸਥਿਤੀ ਵਿੱਚ ਧਰਤੀ ਦਾ ਪਰਛਾਵਾਂ ਇਸ ਦੀਆਂ ਸੌਰ-ਊਰਜਾ ਵਾਲੀਆਂ ਪਲੇਟਾਂ ਉੱਤੇ ਪੈ ਜਾਂਦਾ ਹੈ।
ਇਸ ਦੌਰਾਨ ਪੁਲਾੜ ਸਟੇਸ਼ਨ ਦੀਆਂ ਬੈਟਰੀਆਂ ਇਸ ਦੀ ਬਿਜਲੀ ਦੀ ਲੋੜ ਪੂਰੀ ਕਰਦੀਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












