ਸ਼ੁਭਾਂਸ਼ੂ ਸ਼ੁਕਲਾ ਕੌਣ ਹਨ, ਜੋ ਨਾਸਾ ਦੇ ਮਿਸ਼ਨ ਰਾਹੀਂ ਪੁਲਾੜ ਵਿੱਚ ਇੰਟਰਨੈਸ਼ਨਲ ਸਪੇਸ ਸਟੇਸ਼ਨ ਜਾਣਗੇ

ਤਸਵੀਰ ਸਰੋਤ, Social Media
ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਛੇਤੀ ਹੀ ਪੁਲਾੜ ਵਿੱਚ ਜਾਣ ਵਾਲੇ ਦੂਜੇ ਯਾਤਰੀ ਬਣ ਸਕਦੇ ਹਨ।
ਕੈਪਟਨ ਸ਼ੁਕਲਾ ਨੂੰ ਇਸਰੋ ਅਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਸਾਂਝੇ ਮਿਸ਼ਨ ਲਈ ਚੁਣ ਲਿਆ ਗਿਆ ਹੈ।
ਇਸ ਸਾਲ ਅਕਤੂਬਰ ਤੋਂ ਬਾਅਦ ਵੀ ਉਹ ਕਦੇ ਵੀ ਇਸ ਮਿਸ਼ਨ ਦੇ ਤਹਿਤ ਇੰਟਰਨੈਸ਼ਨਲ ਸਪੇਸ ਸਟੇਸ਼ਨ ਜਾ ਸਕਦੇ ਹਨ।
ਜੇ ਕੈਪਟਨ ਸ਼ੁਕਲਾ ਇਸ ਮਿਸ਼ਨ ਦੇ ਤਹਿਤ ਪੁਲਾੜ ਜਾਂਦੇ ਹਨ ਤਾਂ ਪਿਛਲੇ 40 ਸਾਲਾਂ ਵਿੱਚ ਉਹ ਅਜਿਹਾ ਕਰਨ ਵਾਲੇ ਭਾਰਤ ਦੇ ਦੂਜੇ ਪੁਲਾੜ ਯਾਤਰੀ ਹੋਣਗੇ।
ਇਸ ਤੋਂ ਪਹਿਲਾਂ ਰਾਕੇਸ਼ ਸ਼ਰਮਾ 1984 ਵਿੱਚ ਸੋਵੀਅਤ ਮਿਸ਼ਨ ਦੇ ਨਾਲ ਪੁਲਾੜ ਵਿੱਚ ਗਏ ਸਨ।
ਇਸਰੋ ਨੇ ਸ਼ੁੱਕਰਵਾਰ ਨੂੰ ਏਕਸਿਓਮ-4 ਮਿਸ਼ਨ ਲਈ ਕੈਪਟਨ ਸ਼ੁਭਮ ਸ਼ੁਕਲਾ (39) ਦੇ ਨਾਲ ਗਰੁੱਪ ਕੈਪਟਨ ਬਾਲਾਕ੍ਰਿਸ਼ਣਨ ਨਾਇਰ (48) ਦੀ ਚੋਣ ਕੀਤੀ ਹੈ।
ਸ਼ੁਕਲਾ ਪ੍ਰਾਈਮ ਪੁਲਾੜ ਯਾਤਰੀ ਹੋਣਗੇ ਜਦਕਿ ਨਾਇਰ ਨੂੰ ਬੈਕਅਪ ਵਜੋਂ ਚੁਣਿਆ ਗਿਆ ਹੈ।
ਪ੍ਰਾਈਮ ਦਾ ਮਤਲਬ ਹੁੰਦਾ ਹੈ ਕਿ ਸ਼ੁਕਲਾ ਕੌਮਾਂਤਰੀ ਪੁਲਾੜ ਸਟੇਸ਼ਨ ਜਾਣਗੇ। ਲੇਕਿਨ ਜੇ ਕਿਸੇ ਕਾਰਨ ਉਨ੍ਹਾਂ ਤੋਂ ਨਹੀਂ ਜਾਇਆ ਜਾਂਦਾ ਤਾਂ ਨਾਇਰ ਉਨ੍ਹਾਂ ਦੀ ਥਾਂ ਲੈਣਗੇ।
ਇਸ ਮੌਕੇ ਉੱਤੇ ਭਾਰਤੀ ਹਵਾਈ ਫੌਜ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਪੋਸਟ ਕਰਕੇ ਦੋਵਾਂ ਜਣਿਆਂ ਨੂੰ ਵਧਾਈ ਦਿੱਤੀ ਹੈ।
ਭਾਰਤੀ ਖੋਜ ਸੰਗਠਨ ਯਾਨੀ ਇਸਰੋ ਵੱਲੋਂ ਜਾਰੀ ਇੱਕ ਪ੍ਰੈੱਸ ਰਿਲੀਜ਼ ਵਿੱਚ ਕਿਹਾ ਗਿਆ ਹੈ, “ਇਸਰੋ-ਨਾਸਾ ਦੀ ਸਾਂਝੀ ਕੋਸ਼ਿਸ਼ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇਸਰੋ ਦੇ ਮਨੁੱਖੀ ਪੁਲਾੜ ਕੇਂਦਰ ਨੇ ਆਪਣੇ ਅਗਲੇ ਪ੍ਰੋਗਰਾਮ ਲਈ ਨਾਸਾ ਤੋਂ ਮਾਨਤਾ ਪ੍ਰਾਪਤ ਸਰਵਿਸ ਪਰੋਵਾਈਡਰ ਏਕਸਿਓਮ ਸਪੇਸ ਇੰਕ (ਯੂਐੱਸਏ) ਦੇ ਨਾਲ ਇੱਕ ਪੁਲਾੜੀ ਉਡਾਣ ਸਮਝੌਤਾ (ਐੱਸਏਐੱਫ਼) ਕੀਤਾ ਹੈ। ਇਹ ਮਿਸ਼ਨ ਏਕਸਿਓਮ-4 ਹੋਵੇਗਾ।”
ਇਸ ਵਿੱਚ ਅੱਗੇ ਲਿਖਿਆ ਹੈ, “ਇੱਕ ਕੌਮੀ ਮਿਸ਼ਨ ਅਸਾਈਨਮੈਂਟ ਬੋਰਡ ਨੇ ਇਸ ਮਿਸ਼ਨ ਲਈ ਮੁਖੀ ਅਤੇ ਬੈਕ ਅੱਪ ਮਿਸ਼ਨ ਪਾਇਲਟ ਦੇ ਰੂਪ ਵਿੱਚ ਤੋਂ ਪੁਲਾੜ ਯਾਤਰੀਆਂ ਦੀ ਸਿਫ਼ਾਰਿਸ਼ ਕੀਤੀ ਹੈ। ਇਹ ਹਨ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ (ਪ੍ਰਾਈਮ) ਅਤੇ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਾਕ੍ਰਿਸ਼ਣਨ ਨਾਇਰ (ਬੈਕ ਅੱਪ)”
ਪੁਲਾੜ ਯਾਤਰੀਆਂ ਤੋਂ ਇਲਾਵਾ ਪੁਲਾੜੀ ਵਾਹਨ ਵਿੱਚ ਆਪਣੇ ਨਾਲ ਇੱਕ ਕਾਰਗੋ ਅਤੇ ਦੂਜੀ ਸਪਲਾਈ ਵੀ ਲੈ ਕੇ ਜਾਵੇਗਾ।

ਸ਼ੁਕਲਾ ਅਤੇ ਨਾਇਰ ਮਨੁੱਖਾਂ ਨੂੰ ਪੁਲਾੜ ਵਿੱਚ ਲੈ ਜਾਣ ਵਾਲੇ ਭਾਰਤ ਦੇ ਪਹਿਲੇ ਮਿਸ਼ਨ ਗਗਨਯਾਨ ਵਿੱਚ ਵੀ ਸ਼ਾਮਲ ਹਨ।
ਇਸ ਦੇ ਤਹਿਤ ਭਾਰਤੀ ਹਵਾਈ ਸੈਨਾ ਦੇ ਚਾਰ ਅਫ਼ਸਰਾਂ ਦੀ ਚੋਣ ਕੀਤੀ ਗਈ ਹੈ। ਹਾਲਾਂਕਿ ਇਹ ਮਿਸ਼ਨ ਅਗਲੇ ਸਾਲ ਪੁਲਾੜ ਵਿੱਚ ਜਾਵੇਗਾ।
ਇਸਰੋ ਨੇ ਕਿਹਾ ਕਿ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਅਤੇ ਗਰੁੱਪ ਕੈਪਟਨ ਬਾਲਾਕ੍ਰਿਸ਼ਣਨ ਨਾਇਰ ਅਗਲੇ ਅੱਠ ਮਹੀਨੇ ਮਿਸ਼ਨ ਨਾਲ ਜੁੜੀ ਟਰੇਨਿੰਗ ਕਰਨਗੇ।
ਭਾਵੇਂਕਿ ਗਗਨਯਾਨ ਲਈ ਚੁਣੇ ਗਏ ਚਾਰਾਂ ਅਫ਼ਸਰਾਂ ਨੂੰ ਸਖ਼ਤ ਸਿਖਲਾਈ ਦਿੱਤੀ ਗਈ ਹੈ।

ਤਸਵੀਰ ਸਰੋਤ, ISRO
ਕੀ ਹੈ ਮਿਸ਼ਨ ਜਿਸ ਵਿੱਚ ਸ਼ੁਭਾਂਸ਼ੂ ਪੁਲਾੜ ਵਿੱਚ ਜਾ ਰਹੇ ਹਨ
ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਜਿਸ ਏਕਸਿਓਮ-4 ਮਿਸ਼ਨ ਦੇ ਤਹਿਤ ਕੌਮਾਂਤਰੀ ਪੁਲਾੜ ਸਟੇਸ਼ਨ ਜਾਣ ਵਾਲੇ ਹਨ, ਉਹ ਇੱਕ ਨਿੱਜੀ ਪੁਲਾੜ ਏਜੰਸੀ ਏਕਸਿਓਮ ਦਾ ਚੌਥਾ ਪੁਲਾੜੀ ਮਿਸ਼ਨ ਹੈ।
ਇਹ ਮਿਸ਼ਨ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਨਾਲ ਮਿਲਕੇ ਸ਼ੁਰੂ ਹੋਵੇਗਾ। ਇਹ ਵਾਹਨ ਸਪੇਸਐਕਸ ਰਾਕਟ ਰਾਹੀਂ ਲਾਂਚ ਕੀਤਾ ਜਾਵੇਗਾ।
ਕੌਮਾਂਤਰੀ ਪੁਲਾੜ ਸਟੇਸ਼ਨ ਪਹੁੰਚਣ ਵਾਲੇ ਇਸ ਪੁਲਾੜੀ ਵਾਹਨ ਵਿੱਚ ਕੈਪਟਨ ਸ਼ੁਕਲਾ ਦੇ ਨਾਲ ਪੋਲੈਂਡ, ਹੰਗਰੀ ਅਤੇ ਅਮਰੀਕਾ ਦੇ ਪੁਲਾੜ ਯਾਤਰੀ ਵੀ ਹੋਣਗੇ।

ਤਸਵੀਰ ਸਰੋਤ, AXIOM
ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਭਾਰਤ ਅਤੇ ਅਮਰੀਕਾ ਵਿੱਚ ਇਸ ਮਿਸ਼ਨ ਬਾਰੇ ਸਹਿਮਤੀ ਬਣੀ ਸੀ।
ਨਾਸਾ ਨੇ ਏਕਸਿਓਮ-4 ਮਿਸ਼ਨ ਲਈ ਕੋਈ ਤਰੀਕ ਤੈਅ ਨਹੀਂ ਕੀਤੀ ਹੈ ਲੇਕਿਨ ਉਨ੍ਹਾਂ ਦੀ ਵੈਬਸਾਈਟ ਮੁਤਾਬਕ ਇਹ ਮਿਸ਼ਨ ਅਕਤੂਬਰ 2024 ਤੋਂ ਪਹਿਲਾਂ ਲਾਂਚ ਨਹੀਂ ਹੋਵੇਗਾ।
ਕੌਣ ਹਨ ਕੈਪਟਨ ਸ਼ੁਭਾਂਸ਼ੂ ਸ਼ੁਕਲਾ?
39 ਸਾਲ ਦੇ ਕੈਪਟਨ ਸ਼ੁਭਾਂਸ਼ੂ ਉੱਤਰ ਪ੍ਰਦੇਸ਼ ਦੇ ਲਖਨਊ ਦੇ ਰਹਿਣ ਵਾਲੇ ਹਨ।
ਫਾਈਟਰ ਪਾਇਲਟ ਸ਼ੁਕਲਾ ਨੂੰ 2006 ਵਿੱਚ ਭਾਰਤੀ ਹਵਾਈ ਫ਼ੌਜ ਵਿੱਚ ਕਮਿਸ਼ਨ ਕੀਤਾ ਗਿਆ ਸੀ।
ਉਨ੍ਹਾਂ ਨੂੰ 2000 ਘੰਟਿਆਂ ਦੀ ਉਡਾਣ ਦਾ ਤਜਰਬਾ ਹੈ।

ਤਸਵੀਰ ਸਰੋਤ, ANI
ਉਹ ਭਾਰਤੀ ਹਵਾਈ ਫ਼ੌਜ ਦੇ ਸੁਖੋਈ-30 ਐਮਕੇਆਈ, ਮਿੱਗ-21ਐੱਸ, ਮਿੱਗ-29ਐੱਸ, ਜੈਗੁਆਰ, ਹਾਕਸ ਡੋਨੀਅਰਜ਼ ਅਤੇ ਐੱਨ-32 ਵਰਗੇ ਲੜਾਕੂ ਜਹਾਜ਼ ਉਡਾ ਚੁੱਕੇ ਹਨ।
ਜਦਕਿ ਨਾਇਰ ਨੂੰ ਏਅਰ ਫੋਰਸ ਅਕੈਡਮੀ ਵਿੱਚ ਸਵੌਰਡ ਆਫ ਆਨਰ ਮਿਲ ਚੁੱਕਿਆ ਹੈ। ਉਨ੍ਹਾਂ ਨੂੰ 1998 ਵਿੱਚ ਕਮਿਸ਼ਨ ਮਿਲਿਆ ਸੀ। ਉਹ ਕੈਟੇਗਰੀ-ਵਨ ਫਲਾਇੰਗ ਇੰਸਟਰਕਟਰ ਅਤੇ ਟੈਸਟ ਪਾਇਲਟ ਹਨ।
ਉਨ੍ਹਾਂ ਕੋਲ 3000 ਘੰਟਿਆਂ ਦੀ ਉਡਾਣ ਦਾ ਅਨੁਭਵ ਹੈ। ਉਹ ਯੂਨਾਈਟਡ ਸਟੇਟਸ ਸਟਾਫ਼ ਕਾਲਜ ਵਿੱਚ ਪੜ੍ਹਾਈ ਕਰ ਚੁੱਕੇ ਹਨ। ਉਹ ਸੁਖੋਈ-30 ਸਕੁਐਡਰਨ ਦੇ ਕਮਾਂਡਰ ਵੀ ਰਹਿ ਚੁੱਕੇ ਹਨ।
ਅਸਲ ਵਿੱਚ ਗਗਨਯਾਨ ਮਿਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸ਼ੁਕਲਾ ਅਤੇ ਨਾਇਰ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ ਉੱਤੇ ਭੇਜਣ ਦਾ ਮਕਸਦ ਇਹ ਹੈ ਕਿ ਉਨ੍ਹਾਂ ਨੂੰ ਉੱਥੋਂ ਦਾ ਅਗਾਉਂ ਤਜਰਬਾ ਮਿਲ ਸਕੇ।
ਇਹ ਗਗਨਯਾਨ ਵਿੱਚ ਮਦਦਗਾਰ ਸਾਬਤ ਹੋਵੇਗਾ।
ਗਗਨਯਾਨ ਮਿਸ਼ਨ ਕੀ ਹੈ?

ਤਸਵੀਰ ਸਰੋਤ, ANI
ਇਸ ਮਿਸ਼ਨ ਲਈ ਭਾਰਤੀ ਹਵਾਈ ਫ਼ੌਜ ਦੇ ਚਾਰ ਪਾਇਲਟਾਂ ਦੀ ਚੋਣ ਕੀਤੀ ਗਈ ਹੈ। ਇਸ ਦੇ ਤਹਿਤ ਤਿੰਨ ਪੁਲਾੜ ਯਾਤਰੀਆਂ ਨੂੰ 400 ਕਿੱਲੋਮੀਟਰ ਦੇ ਘੇਰੇ ਵਿੱਚ ਭਜਿਆ ਜਾਵੇਗਾ , ਜਿੱਥੋਂ ਉਨ੍ਹਾਂ ਨੂੰ ਤਿੰਨ ਦਿਨਾਂ ਵਿੱਚ ਵਾਪਸ ਆਉਣਾ ਹੋਵੇਗਾ।
ਭਾਰਤ ਦੀ ਪੁਲਾੜ ਏਜੰਸੀ ਇਸਰੋ ਇਸ ਮਿਸ਼ਨ ਦੀ ਤਿਆਰੀ ਲਈ ਲਗਾਤਾਰ ਟੈਸਟ ਕਰ ਰਹੀ ਹੈ।
ਪਿਛਲੇ ਸਾਲ ਅਕਤੂਬਰ (2023) ਵਿੱਚ ਹੋਏ ਇੱਕ ਅਹਿਮ ਟੈਸਟ ਵਿੱਚ ਸਾਹਮਣੇ ਆਇਆ ਸੀ ਕਿ ਰਾਕਟ ਵਿੱਚ ਗੜਬੜੀ ਹੋਣ ਦੀ ਸੂਰਤ ਵਿੱਚ ਚਾਲਕ ਦਲ ਮਹਿਫੂਜ਼ ਬਾਹਰ ਆ ਸਕਦਾ ਹੈ।
ਭਾਰਤੀ ਹਵਾਈ ਫ਼ੌਜ ਵਿੱਚੋਂ ਚੁਣੇ ਗਏ ਇਨ੍ਹਾਂ ਚਾਰ ਅਫਸਰਾਂ ਦੇ ਨਾਮ ਹਨ—
ਕੈਪਟਨ ਸ਼ੁਭਾਂਸ਼ੂ ਸ਼ੁਕਲਾ, ਗਰੁੱਪ ਕੈਪਟਨ ਪ੍ਰਸ਼ਾਂਤ ਬਾਲਾਕ੍ਰਿਸ਼ਣਨ ਨਾਇਰ, ਗਰੁੱਪ ਕੈਪਟਨ ਅਜਿਤ ਕ੍ਰਿਸ਼ਣਨ, ਗਰੁੱਪ ਕੈਪਟਨ ਅੰਗਦ ਪ੍ਰਤਾਪ।
ਪ੍ਰਧਾਨ ਮੰਤਰੀ ਮੋਦੀ ਅਤੇ ਇਸਰੋ ਦੇ ਮੁਖੀ ਐੱਸ ਸੋਮਨਾਥ ਨੇ ਚੋਣ ਸਮੇਂ ਉਨ੍ਹਾਂ ਦੀਆਂ ਛਾਤੀਆਂ ਉੱਤੇ ਸਨਹਿਰੇ ਬਾਜ਼ ਦੇ ਖੰਭਾਂ ਵਾਲਾ ਬੈਜ ਲਾਉਂਦੇ ਹੋਏ ਉਨ੍ਹਾਂ ਨੂੰ “ਭਾਰਤ ਦਾ ਸਨਮਾਨ” ਦੱਸਿਆ ਸੀ।
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ, “ਇਹ ਚਾਰ ਨਾਮ ਜਾਂ ਚਾਰ ਮਨੁੱਖ ਨਹੀਂ ਹਨ। 140 ਕਰੋੜ ਇੱਛਾਵਾਂ ਨੂੰ ਪੁਲਾੜ ਵਿੱਚ ਲਿਜਾਣ ਵਾਲੀਆਂ ਸ਼ਕਤੀਆਂ ਹਨ। 40 ਸਾਲ ਬਾਅਦ ਕੋਈ ਭਾਰਤੀ ਪੁਲਾੜ ਵਿੱਚ ਜਾਣ ਵਾਲਾ ਹੈ। ਇਸ ਵਾਰ ਟਾਈਮ ਵੀ ਸਾਡਾ ਹੈ, ਪੁੱਠੀ ਗਿਣਤੀ ਵੀ ਸਾਡੀ ਹੈ ਅਤੇ ਰਾਕਟ ਵੀ ਸਾਡਾ ਹੈ।"
ਗਗਨਯਾਨ ਮਿਸ਼ਨ ਬਾਰੇ ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ।












