ਗਗਨਯਾਨ ਮਿਸ਼ਨ: ਕੌਣ ਜਾਵੇਗਾ, ਕਿੰਨਾ ਖਰਚ ਹੋਵੇਗਾ, ਕੀ ਹਾਸਿਲ ਹੋਵੇਗਾ, ਸਾਰੇ ਸਵਾਲਾਂ ਦੇ ਜਵਾਬ

ਤਸਵੀਰ ਸਰੋਤ, ANI
ਭਾਰਤ ਸਰਕਾਰ ਨੇ ਮੰਗਲਵਾਰ ਨੂੰ ਗਗਨਯਾਨ ਮਿਸ਼ਨ ਦੇ ਤਹਿਤ ਪੁਲਾੜ ਵਿੱਚ ਭਾਰਤ ਦੀ ਪਹਿਲੀ ਉਡਾਣ ਲਈ ਚੁਣੇ ਗਏ ਹਵਾਈ ਫੌਜ ਦੇ ਚਾਰ ਪਾਇਲਟਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ।
ਇਸ ਮਿਸ਼ਨ ਤਹਿਤ ਤਿੰਨ ਪੁਲਾੜ ਯਾਤਰੀਆਂ ਨੂੰ 400 ਕਿਲੋਮੀਟਰ ਦੀ ਔਰਬਿਟ 'ਚ ਭੇਜਿਆ ਜਾਵੇਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤਿੰਨ ਦਿਨਾਂ ਬਾਅਦ ਵਾਪਸ ਪਰਤਣਾ ਹੋਵੇਗਾ।
ਭਾਰਤ ਦੀ ਪੁਲਾੜ ਏਜੰਸੀ ਇਸਰੋ ਇਸ ਮਿਸ਼ਨ ਦੀ ਤਿਆਰੀ ਲਈ ਲਗਾਤਾਰ ਪ੍ਰੀਖਣ ਕਰ ਰਹੀ ਹੈ।
ਪਿਛਲੇ ਸਾਲ ਅਕਤੂਬਰ 'ਚ ਕੀਤੇ ਗਏ ਇਕ ਅਹਿਮ ਪ੍ਰੀਖਣ ਵਿੱਚ ਸਾਹਮਣੇ ਆਇਆ ਕਿ ਰਾਕੇਟ 'ਚ ਕਿਸੇ ਤਰ੍ਹਾਂ ਦੀ ਗੜਬੜੀ ਹੋਣ 'ਤੇ ਚਾਲਕ ਦਲ ਸੁਰੱਖਿਅਤ ਬਾਹਰ ਨਿਕਲ ਸਕਦਾ ਹੈ।

ਤਸਵੀਰ ਸਰੋਤ, ANI
ਚਾਰ ਪਾਇਲਟ ਕੌਣ ਹਨ?
ਇਸਰੋ ਮੁਤਾਬਕ 2024 ਵਿੱਚ ਇੱਕ ਟੈਸਟ ਫਲਾਈਟ ਰੋਬੋਟ ਨੂੰ ਪੁਲਾੜ ਵਿੱਚ ਲੈ ਕੇ ਜਾਵੇਗੀ। ਇਸ ਤੋਂ ਬਾਅਦ 2025 ਵਿੱਚ ਪੁਲਾੜ ਯਾਤਰੀਆਂ ਨੂੰ ਭੇਜਿਆ ਜਾਵੇਗਾ।
ਇਸਰੋ ਦੇ ਤਿਰੂਵਨੰਤਪੁਰਮ ਵਿੱਚ ਸਥਿਤ ਕੇਂਦਰ ਵਿੱਚ ਕਰਵਾਏ ਗਏ ਇੱਕ ਪ੍ਰੋਗਰਾਮ ਵਿੱਚ ਇਨ੍ਹਾਂ ਚਾਰ ਪੁਲਾੜ ਯਾਤਰੀਆਂ ਨੂੰ ਦੇਸ਼ ਦੇ ਰੂ-ਬ-ਰੂ ਕੀਤਾ ਗਿਆ।
ਭਾਰਤੀ ਹਵਾਈ ਫੌਜ ਤੋਂ ਚੁਣੇ ਗਏ ਇਨ੍ਹਾਂ ਚਾਰ ਅਧਿਕਾਰੀਆਂ ਦੇ ਨਾਂ ਹਨ, ਗਰੁੱਪ ਕੈਪਟਨ ਪ੍ਰਸ਼ਾਂਤ ਬਾਲਾਕ੍ਰਿਸ਼ਨਨ ਨਾਇਰ, ਗਰੁੱਪ ਕੈਪਟਨ ਅਜੀਤ ਕ੍ਰਿਸ਼ਨਨ, ਗਰੁੱਪ ਕੈਪਟਨ ਅੰਗਦ ਪ੍ਰਤਾਪ ਅਤੇ ਵਿੰਗ ਕਮਾਂਡਰ ਸ਼ੁਭਾਂਸ਼ੂ ਸ਼ੁਕਲਾ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਸਰੋ ਦੇ ਮੁਖੀ ਐੱਸ ਸੋਮਨਾਥ ਨੇ ਉਨ੍ਹਾਂ ਦੀ ਵਰਦੀ 'ਤੇ ਸੁਨਹਿਰੀ ਪਰਾਂ ਦੇ ਡਿਜ਼ਾਈਨ ਵਾਲਾ ਬੈਜ ਲਗਾਇਆ, ਉਸ ਨੂੰ 'ਭਾਰਤ ਦਾ ਸਨਮਾਨ' ਆਖਿਆ ਗਿਆ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਇਹ ਚਾਰ ਨਾਂ ਜਾਂ ਚਾਰ ਲੋਕ ਨਹੀਂ ਹਨ। 140 ਕਰੋੜ ਇੱਛਾਵਾਂ ਨੂੰ ਪੁਲਾੜ ਵਿੱਚ ਲੈ ਕੇ ਜਾਣ ਵਾਲੀਆਂ ਸ਼ਕਤੀਆਂ ਹਨ।"
"40 ਸਾਲ ਬਾਅਦ ਕੋਈ ਭਾਰਤੀ ਪੁਲਾੜ 'ਚ ਜਾਣ ਵਾਲਾ ਹੈ। ਇਸ ਵਾਰ ਸਮਾਂ ਵੀ ਸਾਡਾ ਹੈ, ਕਾਊਂਟਡਾਊਨ ਵੀ ਸਾਡਾ ਹੈ ਅਤੇ ਰਾਕੇਟ ਵੀ ਸਾਡਾ ਹੈ।"

ਤਸਵੀਰ ਸਰੋਤ, ANI
ਪੁਲਾੜ ਯਾਤਰੀਆਂ ਨੂੰ ਕਿਵੇਂ ਚੁਣਿਆ ਗਿਆ?
ਅਧਿਕਾਰੀਆਂ ਨੇ ਦੱਸਿਆ ਹੈ ਕਿ ਇਨ੍ਹਾਂ ਅਧਿਕਾਰੀਆਂ ਨੂੰ ਮੁਸ਼ਕਲ ਸਰੀਰਕ ਅਤੇ ਮਾਨਸਿਕ ਟੈਸਟਾਂ ਵਿੱਚੋਂ ਲੰਘੇ ਹਵਾਈ ਫੌਜ ਦੇ ਪਾਇਲਟਾਂ ਦੇ ਇੱਕ ਵੱਡੇ ਸਮੂਹ ਵਿੱਚੋਂ ਚੁਣਿਆ ਗਿਆ ਹੈ।
ਇਨ੍ਹਾਂ ਅਧਿਕਾਰੀਆਂ ਨੇ ਰੂਸ ਵਿੱਚ 13 ਮਹੀਨਿਆਂ ਦੀ ਸਖ਼ਤ ਸਿਖਲਾਈ ਲਈ ਹੈ ਅਤੇ ਹੁਣ ਉਹ ਭਾਰਤ ਵਿੱਚ ਵੀ ਇਸੇ ਸਿਖਲਾਈ ਨੂੰ ਜਾਰੀ ਰੱਖ ਰਹੇ ਹਨ।
ਇਸ ਪ੍ਰੋਗਰਾਮ ਦੌਰਾਨ ਇੱਕ ਵੀਡੀਓ ਜਾਰੀ ਹੋਇਆ, ਜਿਸ ਵਿੱਚ ਇਹ ਅਧਿਕਾਰੀ ਜਿੰਮ ਵਿੱਚ ਸਖ਼ਤ ਮਿਹਨਤ ਕਰਨ ਤੋਂ ਲੈ ਕੇ ਅਤੇ ਤੈਰਾਕੀ ਤੇ ਯੋਗਾ ਵਰਗੀਆਂ ਕਸਰਤਾਂ ਕਰਦੇ ਨਜ਼ਰ ਆ ਰਹੇ ਹਨ।
ਇਸਰੋ ਨੇ ਮੰਗਲਵਾਰ ਨੂੰ ਵਿਓਮ-ਮਿੱਤਰ ਦੀ ਝਲਕ ਵੀ ਦਿਖਾਈ। ਵਿਓਮ-ਮਿੱਤਰ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਪੁਲਾੜ ਦਾ ਮਿੱਤਰ। ਇਹ ਇੱਕ ਰੋਬੋਟ ਹੈ ਜਿਸ ਨੂੰ ਇਸ ਸਾਲ ਪੁਲਾੜ ਵਿੱਚ ਭੇਜਣਾ ਹੈ।
ਗਗਨਯਾਨ ਮਿਸ਼ਨ ਪੁਲਾੜ ਵਿੱਚ ਭਾਰਤ ਦੀ ਪਹਿਲੀ ਮਨੁੱਖੀ ਉਡਾਣ ਹੈ ਜਿਸ ਲਈ ਇਸਰੋ ਕੇਂਦਰ ਵਿੱਚ ਬਹੁਤ ਸਾਰੀਆਂ ਤਿਆਰੀਆਂ ਚੱਲ ਰਹੀਆਂ ਹਨ।

ਤਸਵੀਰ ਸਰੋਤ, AFP
ਕਿੰਨਾ ਹੋਵੇਗਾ ਖਰਚ ?
ਇਸ ਪ੍ਰੋਜੈਕਟ 'ਤੇ ਕੁੱਲ ਨੱਬੇ ਅਰਬ ਰੁਪਏ ਦੀ ਲਾਗਤ ਆਈ ਹੈ।
ਜੇਕਰ ਭਾਰਤ ਇਸ ਪ੍ਰੋਜੈਕਟ 'ਚ ਸਫ਼ਲ ਹੋ ਜਾਂਦਾ ਹੈ ਤਾਂ ਉਹ ਪੁਲਾੜ 'ਚ ਮਨੁੱਖਾਂ ਨੂੰ ਭੇਜਣ ਵਾਲਾ ਚੌਥਾ ਦੇਸ਼ ਬਣ ਜਾਵੇਗਾ। ਇਸ ਤੋਂ ਪਹਿਲਾਂ ਸੋਵੀਅਤ ਸੰਘ, ਅਮਰੀਕਾ ਅਤੇ ਚੀਨ ਨੇ ਪੁਲਾੜ ਵਿੱਚ ਮਨੁੱਖਾਂ ਨੂੰ ਭੇਜਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਪਿਛਲੇ ਸਾਲ ਭਾਰਤ ਨੇ ਪੁਲਾੜ ਵਿਗਿਆਨ ਦੇ ਖੇਤਰ ਵਿੱਚ ਨਵੀਂ ਸਫ਼ਲਤਾ ਹਾਸਲ ਕੀਤੀ ਸੀ।

ਸਾਲ 2023 ਦੇ ਅਗਸਤ ਮਹੀਨੇ ਵਿੱਚ, ਭਾਰਤ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਉਤਰਨ ਵਾਲਾ ਪਹਿਲਾ ਦੇਸ਼ ਬਣਿਆ।
ਕੁਝ ਹਫ਼ਤਿਆਂ ਬਾਅਦ, ਇਸਰੋ ਨੇ ਸੂਰਜ ਵੱਲ ਭਾਰਤ ਦਾ ਪਹਿਲਾ ਨਿਰੀਖਣ ਮਿਸ਼ਨ ਆਦਿਤਿਆ-ਐਲ1 ਭੇਜਿਆ। ਇਸ ਸਮੇਂ, ਉਹ ਓਰਬਿਟ ਵਿੱਚ ਮੌਜੂਦ ਸੂਰਜ 'ਤੇ ਨਜ਼ਰ ਰੱਖ ਰਿਹਾ ਹੈ।
ਭਾਰਤ ਨੇ ਇਨ੍ਹਾਂ ਸਾਰੀਆਂ ਮੁਹਿੰਮਾਂ ਦੇ ਨਾਲ-ਨਾਲ ਅਗਲੇ ਕੁਝ ਦਹਾਕਿਆਂ ਲਈ ਵੀ ਵੱਡੀ ਉਡੀਕ ਵਾਲੇ ਐਲਾਨ ਵੀ ਕੀਤੇ ਹਨ।
ਭਾਰਤ ਨੇ ਕਿਹਾ ਹੈ ਕਿ ਉਹ 2035 ਤੱਕ ਪਹਿਲਾ ਪੁਲਾੜ ਸਟੇਸ਼ਨ ਖੋਲ੍ਹੇਗਾ ਅਤੇ 2040 ਤੱਕ ਚੰਦਰਮਾ 'ਤੇ ਆਪਣੇ ਪੁਲਾੜ ਯਾਤਰੀਆਂ ਨੂੰ ਭੇਜੇਗਾ।

ਤਸਵੀਰ ਸਰੋਤ, ANI
ਕਿੰਨੇ-ਕਿੰਨੇ ਦਿੱਤੀ ਵਧਾਈ
ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਇਸ ਮੌਕੇ 'ਤੇ ਹਵਾਈ ਫੌਜ ਦੇ ਪਾਇਲਟਾਂ ਨੂੰ ਵਧਾਈ ਦਿੱਤੀ ਹੈ।
ਉਨ੍ਹਾਂ ਨੇ ਆਪਣੇ ਐਕਸ ਅਕਾਊਂਟ 'ਤੇ ਲਿਖਿਆ ਹੈ, "ਸਾਡੇ ਪਹਿਲੇ ਸਪੇਸ ਫਲਾਈਟ ਪ੍ਰੋਗਰਾਮ ਗਗਨਯਾਨ ਲਈ ਚੁਣੇ ਜਾਣ 'ਤੇ ਏਅਰ ਫੋਰਸ ਦੇ ਪਾਇਲਟਾਂ ਨੂੰ ਬਹੁਤ-ਬਹੁਤ ਮੁਬਾਰਕਾਂ।"

ਤਸਵੀਰ ਸਰੋਤ, Piyush Goel/X
ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਵੀ ਇਸ ਮੌਕੇ ਨੂੰ ਭਾਰਤ ਲਈ ਮਾਣ ਵਾਲਾ ਪਲ਼ ਦੱਸਿਆ ਹੈ।
ਉਨ੍ਹਾਂ ਨੇ ਐਕਸ 'ਤੇ ਇਕ ਵੀਡੀਓ ਪੋਸਟ ਕੀਤਾ ਹੈ ਜਿਸ 'ਚ ਪ੍ਰਧਾਨ ਮੰਤਰੀ ਮੋਦੀ ਇਸ ਮੁਹਿੰਮ ਲਈ ਚੁਣੇ ਗਏ ਹਵਾਈ ਫੌਜ ਦੇ ਪਾਇਲਟਾਂ ਨੂੰ ਮਿਲਦੇ ਨਜ਼ਰ ਆ ਰਹੇ ਹਨ।

ਤਸਵੀਰ ਸਰੋਤ, Rajiv Chandrasekhar/X
ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਹੈ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਅਤੇ ਸਹਿਯੋਗ ਕਾਰਨ ਅੱਜ ਇਹ ਸੰਭਵ ਹੋ ਸਕਿਆ ਹੈ ਕਿ ਭਾਰਤ ਪੁਲਾੜ ਖੇਤਰ 'ਚ ਮੋਹਰੀ ਭੂਮਿਕਾ ਨਿਭਾਉਣ ਵੱਲ ਵਧ ਰਿਹਾ ਹੈ।"

ਤਸਵੀਰ ਸਰੋਤ, Dr. Jatindra Singh/X
ਗੋਆ ਦੇ ਮੁੱਖ ਮੰਤਰੀ ਡਾਕਟਰ ਪ੍ਰਮੋਦ ਸਾਵੰਤ ਨੇ ਇਸ ਮੌਕੇ 'ਤੇ ਪੀਐੱਮ ਮੋਦੀ ਦੇ ਭਾਸ਼ਣ ਦੀਆਂ ਲਾਈਨਾਂ ਨੂੰ ਦੁਹਰਾਉਂਦੇ ਹੋਏ ਲਿਖਿਆ ਹੈ, "ਇਹ ਸਮਾਂ ਵੀ ਸਾਡਾ ਹੈ, ਕਾਉਂਟਡਾਊਨ ਵੀ ਸਾਡਾ ਹੈ ਅਤੇ ਰਾਕੇਟ ਵੀ ਸਾਡਾ ਹੈ।"












