ਚੰਦਰਯਾਨ-3: ਚੰਨ 'ਤੇ ਟੋਏ ਕਿਵੇਂ ਪਏ? ਕੀ ਚੰਦ ਗੋਲ ਨਹੀਂ ਹੈ? ਜਾਣੋ ਚੰਨ ਬਾਰੇ ਅਜਿਹੀਆਂ ਹੀ 10 ਖ਼ਾਸ ਗੱਲਾਂ

ਚੰਨ

ਤਸਵੀਰ ਸਰੋਤ, Getty Images

ਨਿੱਕੇ ਹੁੰਦਿਆਂ ਜਦੋਂ ਤੁਸੀਂ ਚੰਨ ਨੂੰ ਦੇਖਦੇ ਸੀ ਤਾਂ ਕੀ ਤੁਹਾਨੂੰ ਪਤਾ ਸੀ ਕਿ ਇਸ 'ਤੇ ਇੰਨੇ ਵੱਡੇ-ਵੱਡੇ ਟੋਏ ਹਨ? ਜਾਂ ਜਿੰਨਾ ਗੋਲ ਇਹ ਤੁਹਾਨੂੰ ਦਿਖਾਈ ਦੇ ਰਿਹਾ ਹੈ, ਓਨਾ ਅਸਲ 'ਚ ਹੈ ਨਹੀਂ।

ਚੰਨ ਨੂੰ ਲੈ ਕੇ ਅਜਿਹੀਆਂ ਕਿੰਨੀਆਂ ਹੀ ਗੱਲਾਂ, ਕਹਾਣੀਆਂ ਅਤੇ ਧਾਰਨਾਵਾਂ ਹਨ।

ਅੱਜ ਜਦੋਂ ਭਾਰਤੀ ਪੁਲਾੜ ਏਜੰਸੀ ਇਸਰੋ ਦੇ ਚੰਦਰਯਾਨ-3 ਨੂੰ ਚੰਦਰਮਾ ਦੀ ਸਤ੍ਹਾ 'ਤੇ ਪਹੁੰਚਣ ਲਈ ਹੁਣ ਕੁਝ ਹੀ ਘੰਟੇ ਬਾਕੀ ਹਨ, ਤਾਂ ਦੁਨੀਆਂ ਭਰ ਦੇ ਵਿਗਿਆਨੀਆਂ ਅਤੇ ਲੋਕਾਂ ਦੀਆਂ ਨਜ਼ਰਾਂ ਇਸ 'ਤੇ ਬਣੀਆਂ ਹੋਈਆਂ ਹਨ।

ਚੰਦਰਯਾਨ-3, 23 ਅਗਸਤ ਦੀ ਸ਼ਾਮ ਕਰੀਬ 6 ਵਜੇ ਚੰਦਰਮਾ ਦੀ ਸਤ੍ਹਾ 'ਤੇ ਉਤਰ ਸਕਦਾ ਹੈ।

ਚੰਦਰਯਾਨ-3 ਦੇ ਲਾਂਚ ਹੋਣ ਦੇ ਨਾਲ-ਨਾਲ ਚੰਦਰਮਾ ਨੂੰ ਲੈ ਕੇ ਵੀ ਲੋਕਾਂ ਦੀ ਦਿਲਚਸਪੀ ਵਧਦੀ ਨਜ਼ਰ ਆ ਰਹੀ ਹੈ।

ਪਿਛਲੇ ਕੁਝ ਦਿਨਾਂ ਤੋਂ ਇੰਟਰਨੈੱਟ 'ਤੇ ਚੰਨ ਨਾਲ ਜੁੜੇ ਕਈ ਸਵਾਲ ਪੁੱਛੇ ਜਾ ਰਹੇ ਹਨ। ਇੱਥੇ ਅਸੀਂ ਤੁਹਾਨੂੰ ਚੰਦਰਮਾ ਨਾਲ ਜੁੜੀਆਂ ਅਜਿਹੀਆਂ ਹੀ 10 ਗੱਲਾਂ ਦੱਸ ਰਹੇ ਹਾਂ ਜੋ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ।

ਚੰਨ

ਤਸਵੀਰ ਸਰੋਤ, Getty Images

1. ਚੰਨ ਗੋਲ ਨਹੀਂ ਹੈ

ਪੂਰਨਮਾਸੀ ਵਾਲੇ ਦਿਨ, ਚੰਦ ਬਿਲਕੁਲ ਗੋਲ ਦਿਖਾਈ ਦਿੰਦਾ ਹੈ।

ਪਰ ਅਸਲ ਵਿੱਚ ਇੱਕ ਉਪਗ੍ਰਹਿ ਦੇ ਰੂਪ ਵਿੱਚ ਚੰਦਰਮਾ ਇੱਕ ਗੇਂਦ ਵਾਂਗ ਗੋਲ ਨਹੀਂ ਹੈ ਸਗੋਂ ਇਹ ਅੰਡਾਕਾਰ ਹੈ।

ਇਸ ਲਈ, ਜਦੋਂ ਤੁਸੀਂ ਚੰਦਰਮਾ ਨੂੰ ਦੇਖ ਰਹੇ ਹੋ, ਤਾਂ ਤੁਹਾਨੂੰ ਇਸ ਦਾ ਕੁਝ ਹਿੱਸਾ ਹੀ ਨਜ਼ਰ ਆਉਂਦਾ ਹੈ।

ਇਸ ਦੇ ਨਾਲ ਹੀ ਚੰਦਰਮਾ ਦਾ ਭਾਰ ਵੀ ਇਸ ਦੇ ਜਿਓਮੈਟ੍ਰਿਕ ਸੈਂਟਰ ਵਿੱਚ ਨਹੀਂ ਹੈ।

ਇਹ ਇਸ ਦੇ ਜਿਓਮੈਟ੍ਰਿਕ ਸੈਂਟਰ ਤੋਂ 1.2 ਮੀਲ ਦੂਰ ਹੈ।

2. ਚੰਨ ਕਦੇ ਪੂਰਾ ਨਹੀਂ ਦਿਖਾਈ ਦਿੰਦਾ

ਅਪੋਲੋ-11 ਨਾਲ ਖਿੱਚੀ ਗਈ ਤਸਵੀਰ

ਤਸਵੀਰ ਸਰੋਤ, SPACE FRONTIERS / STRINGER

ਤਸਵੀਰ ਕੈਪਸ਼ਨ, ਅਪੋਲੋ-11 ਨਾਲ ਖਿੱਚੀ ਗਈ ਤਸਵੀਰ

ਜਦੋਂ ਤੁਸੀਂ ਚੰਦਰਮਾ ਨੂੰ ਦੇਖਦੇ ਹੋ, ਤਾਂ ਤੁਸੀਂ ਇਸ ਦਾ ਵੱਧ ਤੋਂ ਵੱਧ 59 ਪ੍ਰਤੀਸ਼ਤ ਦੇਖ ਸਕਦੇ ਹੋ।

ਚੰਦ ਦਾ 41 ਫੀਸਦੀ ਹਿੱਸਾ ਧਰਤੀ ਤੋਂ ਨਜ਼ਰ ਹੀ ਨਹੀਂ ਆਉਂਦਾ।

ਜੇਕਰ ਤੁਸੀਂ ਪੁਲਾੜ 'ਚ ਜਾ ਕੇ ਉਸ 41 ਫੀਸਦੀ ਖੇਤਰ 'ਚ ਖੜ੍ਹੇ ਹੋਵੋ ਤਾਂ ਤੁਹਾਨੂੰ ਧਰਤੀ ਨਜ਼ਰ ਨਹੀਂ ਆਵੇਗੀ।

3. 'ਬਲੂ ਮੂਨ' ਦਾ ਜਵਾਲਾਮੁਖੀ ਫਟਣ ਨਾਲ ਸਬੰਧ

ਚੰਨ

ਤਸਵੀਰ ਸਰੋਤ, Getty Images

ਮੰਨਿਆ ਜਾਂਦਾ ਹੈ ਕਿ ਚੰਦਰਮਾ ਨਾਲ ਜੁੜਿਆ 'ਬਲੂ ਮੂਨ' ਸ਼ਬਦ 1883 ਵਿਚ ਇੰਡੋਨੇਸ਼ੀਆ ਦੇ ਕ੍ਰਾਕਾਤੋਆ ਟਾਪੂ ਵਿੱਚ ਜਵਾਲਾਮੁਖੀ ਫਟਣ ਕਾਰਨ ਇਸਤੇਮਾਲ ਵਿੱਚ ਆਇਆ।

ਇਸ ਨੂੰ ਧਰਤੀ ਦੇ ਇਤਿਹਾਸ ਵਿੱਚ ਸਭ ਤੋਂ ਭਿਆਨਕ ਜਵਾਲਾਮੁਖੀ ਫਟਣ ਦੀਆਂ ਘਟਨਾਵਾਂ ਵਿੱਚ ਗਿਣਿਆ ਜਾਂਦਾ ਹੈ।

ਕੁਝ ਰਿਪੋਰਟਾਂ ਮੁਤਾਬਕ, ਇਸ ਧਮਾਕੇ ਦੀ ਆਵਾਜ਼ ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ, ਮਾਰੀਸ਼ਸ ਤੱਕ ਸੁਣੀ ਗਈ ਸੀ।

ਇਸ ਧਮਾਕੇ ਤੋਂ ਬਾਅਦ ਮਾਹੌਲ 'ਚ ਇੰਨੀ ਸੁਆਹ ਫੈਲ ਗਈ ਕਿ ਸੁਆਹ ਨਾਲ ਭਰੀਆਂ ਰਾਤਾਂ 'ਚ ਚੰਦ ਨੀਲਾ ਦਿਖਾਈ ਦਿੱਤਾ। ਇਸ ਤੋਂ ਬਾਅਦ ਹੀ ਇਸ 'ਬਲੂ ਮੂਨ' ਸ਼ਬਦਾਂ ਦੀ ਸ਼ੁਰੂਆਤ ਮੰਨੀ ਜਾਂਦੀ ਹੈ।

ਲਾਈਨ

4. ਚੰਦਰਮਾ 'ਤੇ ਗੁਪਤ ਪ੍ਰੋਜੈਕਟ

ਚੰਨ

ਤਸਵੀਰ ਸਰੋਤ, Getty Images

ਇੱਕ ਸਮਾਂ ਸੀ ਜਦੋਂ ਅਮਰੀਕਾ ਚੰਦਰਮਾ 'ਤੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਸੀ।

ਇਸ ਦਾ ਮਕਸਦ ਸੋਵੀਅਤ ਯੂਨੀਅਨ ਨੂੰ ਅਮਰੀਕੀ ਫੌਜੀ ਤਾਕਤ ਤੋਂ ਜਾਣੂ ਕਰਵਾਉਣਾ ਸੀ ਤਾਂ ਜੋ ਉਸ ਨੂੰ ਦਬਾਅ ਹੇਠ ਲਿਆਂਦਾ ਜਾ ਸਕੇ।

ਇਸ ਗੁਪਤ ਪ੍ਰਾਜੈਕਟ ਦਾ ਨਾਂ 'ਏ ਸਟੱਡੀ ਆਫ ਲੂਨਰ ਰਿਸਰਚ ਫਲਾਈਟਸ' ਅਤੇ ਪ੍ਰੋਜੈਕਟ 'ਏ119' ਸੀ।

5. ਚੰਦ 'ਤੇ ਇੰਨੇ ਡੂੰਘੇ ਟੋਏ ਕਿਵੇਂ ਬਣੇ

ਚੰਨ

ਤਸਵੀਰ ਸਰੋਤ, Getty Images

ਚੀਨ 'ਚ ਇੱਕ ਪ੍ਰਾਚੀਨ ਧਾਰਨਾ ਹੈ ਕਿ ਸੂਰਜ ਗ੍ਰਹਿਣ ਇੱਕ ਡਰੈਗਨ ਦੁਆਰਾ ਸੂਰਜ ਨੂੰ ਨਿਗਲਣ ਕਾਰਨ ਹੁੰਦਾ ਹੈ।

ਇਸ ਦੀ ਪ੍ਰਤੀਕਿਰਿਆ 'ਚ ਚੀਨ ਦੇ ਲੋਕ ਜਿੰਨਾ ਹੋ ਸਕੇ ਓਨਾ ਰੌਲ਼ਾ ਪਾਉਂਦੇ ਹਨ।

ਉਨ੍ਹਾਂ ਦੀ ਇਹ ਵੀ ਮਾਨਤਾ ਹੈ ਕਿ ਚੰਨ 'ਤੇ ਇੱਕ ਡੱਡੂ ਰਹਿੰਦਾ ਹੈ, ਜੋ ਉਨ੍ਹਾਂ ਟੋਇਆਂ ਵਿੱਚ ਬੈਠਦਾ ਹੈ।

ਪਰ ਚੰਦਰਮਾ 'ਤੇ ਮੌਜੂਦ ਇਮਪੈਕਟ ਕ੍ਰੇਟਰ ਭਾਵ ਡੂੰਘੇ ਟੋਏ, ਚਾਰ ਅਰਬ ਸਾਲ ਪਹਿਲਾਂ ਆਕਾਸ਼ੀ ਪਿੰਡਾਂ ਦੇ ਟਕਰਾਉਣ ਨਾਲ ਬਣੇ ਹਨ।

6. ਚੰਦਰਮਾ ਧਰਤੀ ਦੀ ਰਫ਼ਤਾਰ ਨੂੰ ਹੌਲੀ ਕਰ ਰਿਹਾ ਹੈ

ਚੰਦਰਮਾ-ਧਰਤੀ

ਤਸਵੀਰ ਸਰੋਤ, Getty Images

ਜਦੋਂ ਚੰਦਰਮਾ ਧਰਤੀ ਦੇ ਸਭ ਤੋਂ ਨੇੜੇ ਹੁੰਦਾ ਹੈ, ਤਾਂ ਇਸ ਨੂੰ ਪ੍ਰੇਗਿਰੀ ਕਿਹਾ ਜਾਂਦਾ ਹੈ।

ਇਸ ਸਮੇਂ ਦੌਰਾਨ ਲਹਿਰਾਂ ਦਾ ਪੱਧਰ ਆਮ ਨਾਲੋਂ ਕਾਫ਼ੀ ਵੱਧ ਜਾਂਦਾ ਹੈ। ਤੁਸੀਂ ਜਵਾਰ-ਭਾਟਾ ਤਾਂ ਸੁਣਿਆ ਹੀ ਹੋਣਾ।

ਇਸ ਦੌਰਾਨ ਚੰਦਰਮਾ ਧਰਤੀ ਦੀ ਘੁੰਮਣ ਸ਼ਕਤੀ ਨੂੰ ਵੀ ਘੱਟ ਕਰ ਦਿੰਦਾ ਹੈ, ਜਿਸ ਕਾਰਨ ਧਰਤੀ ਹਰ ਸਦੀ ਵਿੱਚ 1.5 ਮਿਲੀ ਸੈਕਿੰਡ ਹੌਲੀ ਹੋ ਰਹੀ ਹੈ।

7. ਚੰਦਰਮਾ ਦੀ ਰੌਸ਼ਨੀ

ਚੰਨ

ਤਸਵੀਰ ਸਰੋਤ, Getty Images

ਪੂਰਨਮਾਸੀ ਦੇ ਚੰਨ ਦੇ ਮੁਕਾਬਲੇ, ਸੂਰਜ 14 ਗੁਣਾ ਵਧੇਰੇ ਚਮਕਦਾਰ ਹੁੰਦਾ ਹੈ।

ਜੇਕਰ ਤੁਸੀਂ ਪੂਰਨਮਾਸੀ ਦੇ ਇੱਕ ਚੰਨ ਨਾਲ ਸੂਰਜ ਦੋ ਰੌਸ਼ਨੀ ਦੀ ਬਰਾਬਰੀ ਕਰਨਾ ਚਾਹੋਗੇ ਤਾਂ ਤੁਹਾਨੂੰ 3,98,110 ਚੰਨਾਂ ਦੀ ਲੋੜ ਹੋਵੇਗੀ।

ਜਦੋਂ ਚੰਦਰ ਗ੍ਰਹਿਣ ਹੁੰਦਾ ਹੈ ਅਤੇ ਚੰਦਰਮਾ ਧਰਤੀ ਦੇ ਪਰਛਾਵੇਂ ਵਿੱਚ ਦਾਖਲ ਹੁੰਦਾ ਹੈ, ਤਾਂ ਇਸ ਦੀ ਸਤ੍ਹਾ ਦਾ ਤਾਪਮਾਨ 500 ਡਿਗਰੀ ਫਾਰਨਹਾਈਟ ਤੱਕ ਘੱਟ ਹੋ ਜਾਂਦਾ ਹੈ।

ਅਤੇ ਇਸ ਪ੍ਰਕਿਰਿਆ ਨੂੰ 90 ਮਿੰਟਾਂ ਤੋਂ ਵੀ ਘੱਟ ਸਮਾਂ ਲੱਗਦਾ ਹੈ।

8. ਲਿਓਨਾਰਡੋ ਦਾ ਵਿੰਚੀ ਨੇ ਪਤਾ ਲਗਾਇਆ ਸੀ...

ਲਿਓਨਾਰਡੋ ਦਾ ਵਿੰਚੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਿਓਨਾਰਡੋ ਦਾ ਵਿੰਚੀ

ਕਈ ਵਾਰ ਚੰਦਰਮਾ ਇੱਕ ਰਿੰਗ ਜਾਂ ਛੱਲੇ ਵਰਗਾ ਲੱਗਦਾ ਹੈ। ਅਸੀਂ ਇਸ ਨੂੰ ਅਰਧਚੰਦਰ ਜਾਂ ਬਾਲਚੰਦਰ ਵੀ ਕਹਿੰਦੇ ਹਾਂ।

ਅਜਿਹੀ ਸਥਿਤੀ ਵਿੱਚ, ਅਸੀਂ ਦੇਖਦੇ ਹਾਂ ਕਿ ਚੰਦਰਮਾ 'ਤੇ ਸੂਰਜ ਵਰਗੀ ਕੋਈ ਚੀਜ਼ ਚਮਕ ਰਹੀ ਹੁੰਦੀ ਹੈ।

ਚੰਦਰਮਾ ਦਾ ਬਾਕੀ ਹਿੱਸਾ ਬਹੁਤ ਘੱਟ ਦਿਖਾਈ ਦਿੰਦਾ ਹੈ। ਇੰਨਾ ਕਿ ਅਸੀਂ ਇਸ ਨੂੰ ਨਾ ਦੇ ਬਰਾਬਰ ਕਹਿ ਸਕਦੇ ਹਾਂ ਅਤੇ ਕੁਝ ਦਿਖਾਈ ਦੇਣਾ ਵੀ ਬਹੁਤ ਹੱਦ ਤੱਕ ਮੌਸਮ 'ਤੇ ਨਿਰਭਰ ਕਰਦਾ ਹੈ।

ਇਤਿਹਾਸ ਵਿੱਚ ਲਿਓਨਾਰਡੋ ਦਾ ਵਿੰਚੀ ਅਜਿਹੇ ਪਹਿਲੇ ਵਿਅਕਤੀ ਮੰਨੇ ਜਾਂਦੇ ਹਨ, ਜਿਨ੍ਹਾਂ ਨੇ ਇਹ ਪਤਾ ਲਗਾਇਆ ਸੀ ਕਿ ਚੰਦਰਮਾ ਸੁੰਗੜ ਜਾਂ ਫੈਲ ਨਹੀਂ ਰਿਹਾ ਹੈ, ਸਗੋਂ ਇਸ ਦਾ ਕੁਝ ਹਿੱਸਾ ਬਸ ਸਾਡੀਆਂ ਨਜ਼ਰਾਂ ਤੋਂ ਲੁਕ ਜਾਂਦਾ ਹੈ।

9. ਚੰਦਰਮਾ ਦੇ ਟੋਇਆਂ ਦੇ ਨਾਮ ਕੌਣ ਤੈਅ ਕਰਦਾ ਹੈ

ਚੰਨ

ਤਸਵੀਰ ਸਰੋਤ, Getty Images

ਇੰਟਰਨੈਸ਼ਨਲ ਐਸਟ੍ਰੋਨਾਮਿਕਲ ਯੂਨੀਅਨ ਨਾ ਸਿਰਫ਼ ਚੰਦਰਮਾ ਦੇ ਕ੍ਰੇਟਰਾਂ (ਟੋਇਆਂ) ਦੇ ਨਾਂ ਰੱਖਦਾ ਹੈ, ਸਗੋਂ ਇਹ ਹੋਰ ਕਿਸੇ ਵੀ ਖਗੋਲੀ ਵਸਤੂ ਨੂੰ ਨਾਮ ਦਿੰਦਾ ਹੈ।

ਚੰਦਰਮਾ ਦੇ ਟੋਇਆਂ ਦੇ ਨਾਮ ਮਸ਼ਹੂਰ ਵਿਗਿਆਨੀਆਂ, ਕਲਾਕਾਰਾਂ ਜਾਂ ਖੋਜੀਆਂ ਦੇ ਨਾਮ 'ਤੇ ਰੱਖੇ ਜਾਂਦੇ ਹਨ।

ਅਪੋਲੋ ਕ੍ਰੇਟਰ ਅਤੇ ਮੇਅਰ ਮੋਸਕੋਵਿੰਸ (ਮਾਸਕੋ ਦਾ ਸਾਗਰ) ਦੇ ਨੇੜੇ ਦੇ ਖੱਡਿਆਂ (ਕ੍ਰੇਟਰਾਂ) ਦੇ ਨਾਮ ਅਮਰੀਕੀ ਅਤੇ ਰੂਸੀ ਪੁਲਾੜ ਯਾਤਰੀਆਂ ਦੇ ਨਾਮ 'ਤੇ ਰੱਖੇ ਗਏ ਹਨ।

ਮੇਅਰ ਮੋਸਕੋਵਿੰਸ ਚੰਦਰਮਾ ਦਾ ਉਹ ਖੇਤਰ ਹੈ, ਜਿਸ ਨੂੰ ਚੰਦਰਮਾ ਦਾ ਸਮੁੰਦਰੀ ਖੇਤਰ ਕਿਹਾ ਜਾਂਦਾ ਹੈ।

ਚੰਦਰਮਾ ਬਾਰੇ ਬਹੁਤ ਕੁਝ ਅਜਿਹਾ ਹੈ, ਜਿਸ ਬਾਰੇ ਮਨੁੱਖ ਨਹੀਂ ਜਾਣਦੇ ਹਨ।

ਐਰੀਜ਼ੋਨਾ ਦੀ ਲੋਵੇਲ ਆਬਜ਼ਰਵੇਟਰੀ ਆਫ ਫਲੈਗਸਟਾਫ ਨੇ ਸਾਲ 1988 ਵਿੱਚ ਚੰਦਰਮਾ ਬਾਰੇ ਇੱਕ ਸਰਵੇਖਣ ਕੀਤਾ ਸੀ।

ਇਸ 'ਚ ਹਿੱਸਾ ਲੈਣ ਵਾਲੇ 13 ਫੀਸਦੀ ਲੋਕਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਚੰਦਰਮਾ ਪਨੀਰ (ਚੀਜ਼) ਨਾਲ ਬਣਿਆ ਹੋਇਆ ਹੈ।

10. ਚੰਦਰਮਾ ਦਾ ਰਹੱਸਮਈ ਦੱਖਣੀ ਧਰੁਵ

ਚੰਦਰਮਾ ਦਾ ਦੱਖਣੀ ਧਰੁਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੰਦਰਮਾ ਦਾ ਦੱਖਣੀ ਧਰੁਵ

ਚੰਦਰਮਾ ਦਾ ਦੱਖਣੀ ਧਰੁਵੀ ਖੇਤਰ ਜਿੱਥੇ ਚੰਦਰਯਾਨ-3 ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ, ਨੂੰ ਬਹੁਤ ਰਹੱਸਮਈ ਮੰਨਿਆ ਜਾਂਦਾ ਹੈ।

ਨਾਸਾ ਮੁਤਾਬਕ, ਇਸ ਖੇਤਰ 'ਚ ਕਈ ਅਜਿਹੇ ਡੂੰਘੇ ਟੋਏ ਅਤੇ ਪਹਾੜ ਹਨ, ਜਿਨ੍ਹਾਂ ਦੀ ਪਰਛਾਵੇਂ ਵਾਲੀ ਜ਼ਮੀਨ 'ਤੇ ਅਰਬਾਂ ਸਾਲਾਂ ਤੋਂ ਸੂਰਜ ਦੀ ਰੌਸ਼ਨੀ ਨਹੀਂ ਪਹੁੰਚੀ ਹੈ।

ਲਾਈਨ

ਭਾਰਤ ਦੀਆਂ ਚੰਨ ’ਤੇ ਜਾਣ ਦੀਆਂ ਕੋਸ਼ਿਸ਼ਾਂ

ਭਾਰਤ ਦਾ ਪਹਿਲਾ ਚੰਦਰਮਾ ਅਭਿਆਨ ਚੰਦਰਯਾਨ-1, ਸਾਲ 2008 ਵਿੱਚ ਲਾਂਚ ਕੀਤਾ ਗਿਆ ਸੀ ਪਰ ਉਹ ਸ਼ੈਕਲੇਟਨ ਕਰੇਟਰ (ਜਿਸ ਨੂੰ ਬਾਅਦ ਵਿੱਚ ਜਵਾਹਰ ਪੁਆਇੰਟ ਕਿਹਾ ਗਿਆ), ’ਤੇ ਕਰੈਸ਼ ਹੋ ਗਿਆ ਸੀ।

ਚੰਦਰਯਾਨ-2 ਨੇ ਵੀ ਚੰਦਰਮਾ ਉੱਤੇ ਪਾਣੀ ਦੇ ਅਣੂਆਂ ਦੀ ਖੋਜ ਵਿੱਚ ਅਹਿਮ ਭੂਮਿਕਾ ਨਿਭਾਈ।

22 ਜੁਲਾਈ 2019 ਨੂੰ ਵਿਕਰਮ ਲੈਂਡਰ ਅਤੇ ਪ੍ਰਾਗਯਾਨ ਰੋਵਰ ਨਾਲ ਚੰਦਰਯਾਨ-2 ਨੂੰ ਲਾਂਚ ਕੀਤਾ ਗਿਆ ਸੀ।

6 ਸਤੰਬਰ 2019 ਨੂੰ ਚੰਦਰਮਾ ਦੀ ਸਤ੍ਹਾ ’ਤੇ ਸੌਫਟ ਲੈਂਡਿੰਗ ਦੀ ਕੋਸ਼ਿਸ਼ ਵਿੱਚ ਵਿਕਰਮ ਲੈਂਡਰ ਦਾ ਸੰਪਰਕ ਟੁੱਟ ਗਿਆ ਸੀ। ਇਸ ਦਾ ਮਲਬਾ ਤਿੰਨ ਮਹੀਨੇ ਬਾਅਦ ਨਾਸਾ ਨੂੰ ਮਿਲਿਆ ਸੀ।

ਹੁਣ ਭਾਰਤ ਆਪਣਾ ਚੰਦਰਯਾਨ-3 ਚੰਨ 'ਤੇ ਉਤਾਰਣ ਦੀ ਤਿਆਰੀ ਵਿੱਚ ਹੈ ਅਤੇ ਤੈਅ ਪ੍ਰੋਗਰਾਮ ਮੁਤਾਬਕ ਇਸ ਨੇ ਆਉਂਦੀ 23 ਅਗਸਤ ਨੂੰ ਚੰਨ 'ਤੇ ਲੈਂਡ ਕਰਨਾ ਹੈ।

ਚੰਦਰਯਾਨ-3 ਦਾ ਪਲੇਲੋਡ ਲੂਨਰ ਔਰਬਿਟ ਤੋਂ ਧਰਤੀ ਦੇ ਸਪੈਕਟ੍ਰਲ ਅਤੇ ਪੋਲੌਰੀਮੈਟ੍ਰਿਕ ਮਾਪਾਂ ਦਾ ਅਧਿਐਨ ਕਰੇਗਾ, ਜਿਸ ਨਾਲ ਵਿਗਿਆਨੀਆਂ ਨੂੰ ਸਾਡੇ ਗ੍ਰਹਿ ਬਾਰੇ ਲਾਭਦਾਇਕ ਜਾਣਕਾਰੀ ਹਾਸਿਲ ਹੋ ਸਕੇਗੀ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)