ਸੁਰਿੰਦਰ ਛਿੰਦਾ : ਨਹੀਂ ਰਿਹਾ ਜਿਊਣਾ ਮੌੜ ਤੇ ਜੱਗੇ ਡਾਕੂ ਵਰਗੇ ਪੰਜਾਬੀ ਨਾਇਕਾਂ ਦੇ ਕਿੱਸੇ ਗਾਉਣ ਵਾਲਾ

- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
ਮਸ਼ਹੂਰ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ।
ਸੁਰਿੰਦਰ ਛਿੰਦਾ ਦਾ ਇਲਾਜ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਚੱਲ ਰਿਹਾ ਸੀ।
ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਨੂੰ ਸੁਰਿੰਦਰ ਛਿੰਦਾ ਦੇ ਪੁੱਤਰ ਮਨਿੰਦਰ ਛਿੰਦਾ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਸੁਰਿੰਦਰ ਛਿੰਦਾ ਨੇ ਸਿਰਫ਼ ਪੰਜਾਬੀ ਗਾਇਕੀ ਵਿੱਚ ਹੀ ਆਪਣਾ ਲੋਹਾ ਨਹੀਂ ਮਨਵਾਇਆ ਸਗੋਂ ਉਨ੍ਹਾਂ ਪੰਜਾਬੀ ਫ਼ਿਲਮਾਂ ਵਿੱਚ ਵੀ ਚੰਗੀ ਅਦਕਾਰੀ ਦੀ ਮਿਸਾਲ ਪੈਦਾ ਕੀਤੀ ਹੈ।
ਛਿੰਦਾ ਜਦੋਂ ਉੱਚੀ ਹੇਕ ਵਿੱਚ ‘ਬਦਲਾ ਲੈ ਲਈ ਜਿਉਣਿਆ, ਜੇ ਮਾਂ ਦਾ ਜਾਇਆ’ ਗਾਉਂਦੇ ਤਾਂ ਸਰੋਤਿਆਂ ਵਿੱਚ ਇੱਕ ਵੱਖਰਾ ਜੋਸ਼ ਭਰ ਜਾਂਦਾ।
‘ਜਿਉਣਾ ਮੌੜ’ ਪੰਜਾਬ ਦਾ ਉਹ ਨਾਇਕ ਸੀ ਜਿਸ ਨੇ ਬੇਜ਼ਮੀਨੇ ਕਿਸਾਨਾਂ ਲਈ ਲੜਾਈਆਂ ਲੜੀਆਂ। ਜਿਉਣੇ ਦੇ ਭਰਾ ਕਿਸ਼ਨੇ ਨਾਲ ਇੱਕ ਦੋਸਤ ਡੋਗਰ ਵੱਲੋਂ ਕੀਤੀ ‘ਗਦਾਰੀ’ ਕਾਰਨ ਜਿਉਣੇ ਨੇ ਬਦਲਾ ਲੈਣ ਲਈ ਹਥਿਆਰ ਚੁੱਕੇ ਸਨ।
ਗਾਇਕੀ ਦੇ ਆਪਣੇ ਸਿਖਰਲੇ ਦਿਨਾਂ ਦੌਰਾਨ ਸੁਰਿੰਦਰ ਛਿੰਦਾ ਪਿੰਡਾਂ ਦੀਆਂ ਸੱਥਾਂ ਵਿੱਚ ਅਖਾੜੇ ਲਾਉਂਦੇ ਸਨ।
ਸਰੋਤਿਆਂ ਦੀ ਮੰਗ ’ਤੇ ਜਦੋਂ ਉਹ ‘ਪੁੱਤ ਜੱਟਾਂ ਦੇ ਬਲਾਉਂਦੇ ਬੱਕਰੇ’ ਅਤੇ ‘ਜਿਉਣਾ ਮੌੜ ਛੱਤਰ ਚੜ੍ਹਾਉਣ ਚੱਲਿਆ’ ਗੀਤ ਗਾਉਂਦੇ ਤਾਂ ਅਖਾੜੇ ਵਾਲੀ ਕਾਇਨਾਤ ਦਾ ਹਰ ਹਿੱਸਾ ਝੂਮਣ ਲੱਗ ਜਾਂਦਾ।
ਇਸ ਨਾਮਵਰ ਗਾਇਕ ਦਾ ਜਨਮ 20 ਮਈ 1953 ਨੂੰ ਜ਼ਿਲਾ ਲੁਧਿਆਣਾ ਵਿੱਚ ਪੈਂਦੇ ਪਿੰਡ ਛੋਟੀ ਇਯਾਲੀ ’ਚ ਹੋਇਆ ਸੀ
ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਦਾ ਨਾਂ ਸੁਰਿੰਦਰ ਪਾਲ ਰੱਖਿਆ ਸੀ ਪਰ ਗਾਇਕੀ ਦੇ ਖੇਤਰ ਵਿੱਚ ਆਉਣ ਮਗਰੋਂ ਉਹ ਸੁਰਿੰਦਰ ਛਿੰਦਾ ਦੇ ਨਾਂ ਨਾਲ ਮਸ਼ਹੂਰ ਹੋ ਗਏ।
ਸਮਾਜ ਦੇ ਹਰ ਵਰਗ ਦਾ ਗਾਇਕ

ਤਸਵੀਰ ਸਰੋਤ, Surinder Shinda FB
ਸੁਰਿੰਦਰ ਛਿੰਦਾ ਤੋਂ ਸੰਗੀਤ ਦਾ ਗਿਆਨ ਹਾਸਲ ਕਰਨ ਵਾਲੇ ਕੈਨੇਡਾ ਰਹਿੰਦੇ ਉੱਘੇ ਪੰਜਾਬੀ ਗਾਇਕ ਗਿੱਲ ਹਰਦੀਪ ਦੱਸਦੇ ਹਨ ਕਿ ਛਿੰਦਾ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਸਮਕਾਲੀ ਸਨ।
ਗਿੱਲ ਹਰਦੀਪ ਕਹਿੰਦੇ ਹਨ, “ਅਸਲ ਵਿੱਚ ਛਿੰਦਾ ਜੀ ਨੇ ਕਲੀਆਂ ਨਾਲ ਹੀ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ‘ਉੱਚਾ ਬੁਰਜ ਲਾਹੌਰ ਦਾ’ ਅਤੇ ‘ਸੁੱਚਾ ਸੂਰਮਾ’ ਤੋਂ ਇਲਾਵਾ ‘ਜੱਗਾ ਜੱਟ’ ਉਨ੍ਹਾਂ ਵੱਲੋਂ ਗਾਏ ਚਰਚਿਤ ਕਿੱਸੇ ਹਨ।”
ਗਿੱਲ ਹਰਦੀਪ ਮੁਤਾਬਕ, ਸੁਰਿੰਦਰ ਛਿੰਦਾ ਨੇ ਪ੍ਰਸਿੱਧ ਸੰਗੀਤਕਾਰ ਜਸਵੰਤ ਭੰਵਰਾ ਤੋਂ ਸਾਲ 1972 ਵਿੱਚ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕੀਤੀ ਸੀ।
ਪੰਜਾਬੀ ਦੇ ਨਾਮਵਰ ਸਾਹਿਤਕਾਰ ਪ੍ਰੋਫੈਸਰ ਗੁਰਭਜਨ ਗਿੱਲ ਮੁਤਾਬਕ, ਸੁਰਿੰਦਰ ਛਿੰਦਾ ਲੋਕ ਗੀਤ ਗਾਉਣ ਤੋਂ ਇਲਾਵਾ ਕਲਾਸੀਕਲ ਸੰਗੀਤ ਦੇ ਵੀ ਮਾਹਰ ਸਨ।
ਉਨ੍ਹਾਂ ਦਾ ਪਹਿਲਾ ਗੀਤ ‘ਘੱਗਰਾ ਸੂਫ ਦਾ’ ਐੱਚਐੱਮਵੀ ਕੰਪਨੀ ਨੇ ਰਿਕਾਰਡ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਸਿੰਗਲ ਗੀਤ ਗਾਉਣ ਵਾਲੀ ਝੜੀ ਲਗਾ ਦਿੱਤੀ।
ਸੁਰਿੰਦਰ ਛਿੰਦਾ ਨੇ ਆਪਣੇ ਗੀਤਾਂ ਰਾਹੀਂ ਸਮਾਜ ਦੇ ਹਰ ਵਰਗ ਦੀਆਂ ਗੱਲਾਂ ਨੂੰ ਲੋਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਗੀਤ ਹਰ ਉਮਰ ਤੇ ਵਰਗ ਵਿੱਚ ਮਕਬੂਲ ਹੋਏ।
ਤੂੰਬੀ ਦੀ ਟੁਣਕਵੀਂ ਤਾਰ 'ਤੇ ਛਿੰਦੇ ਨੇ ਜਦੋਂ ‘ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀਂ ਬਾਬਿਆਂ ਦੇ ਚੱਲ ਚਲੀਏ’ ਕੱਢਿਆ ਤਾਂ ਇਸ ਗੀਤ ਟਰੱਕ ਡਰਾਇਵਰਾਂ ਨੇ ਬਹੁਤ ਪਸੰਦ ਕੀਤਾ।
ਸਾਹਿਤ ਅਕਾਦਮੀ ਪੁਰਸਕਾਰ ਜੈਤੂ ਨਵਾਲਕਾਰ ਬਲਦੇਵ ਸਿੰਘ ਸੜਕਨਾਮਾ ਕਹਿੰਦੇ ਹਨ ਕਿ ''ਜਦੋਂ ਸੁਰਿੰਦਰ ਛਿੰਦਾ ਨੇ ਇਹ ਗੀਤ ਗਾਇਆ ਸੀ ਤਾਂ ਕਰੀਬ ਹਰ ਟਰੱਕ ਡਰਾਇਵਰ ਨੇ ਇਹ ਗਾਣਾ ਆਪਣੇ ਟਰੱਕ ਵਿੱਚ ਵਜਾਇਆ ਸੀ।"
ਉਹ ਕਹਿੰਦੇ ਹਨ, "ਅਸਲ ਵਿੱਚ ਜਦੋਂ ਇਹ ਗੀਤ ਛਿੰਦੇ ਨੇ ਗਾਇਆ ਸੀ ਤਾਂ ਮੈਨੂੰ ਇਹ ਲੱਗਿਆ ਸੀ ਕਿ ਇਹ ਗੀਤ ਟਰੱਕਾਂ ਵਾਲਿਆਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ।"

ਦੁਗਾਣੇ ਅਤੇ ਪੰਜਾਬੀ ਫ਼ਿਲਮਾਂ
ਅਜਿਹਾ ਨਹੀਂ ਹੈ ਕਿ ਸੁਰਿੰਦਰ ਛਿੰਦਾ ਨੇ ਬੀਰ-ਰਸੀ ਕਿੱਸੇ ਜਾਂ ਸਿੰਗਲ ਗੀਤ ਹੀ ਗਾਏ, ਇਸ ਦੇ ਨਾਲ-ਨਾਲ ਉਨ੍ਹਾਂ ਨੇ ਪ੍ਰਸਿੱਧ ਗਾਇਕਾਵਾਂ ਨਾਲ ਦੁਗਾਣੇ (ਡੁਇਟ) ਵੀ ਗਾਏ।
ਸੁਰਿੰਦਰ ਛਿੰਦਾ ਨੇ ਅਨੁਰਾਧਾ ਪੌਡਵਾਲ ਅਤੇ ਨਰਿੰਦਰ ਬੀਬਾ ਤੋਂ ਇਲਾਵਾ ਪਰਮਿੰਦਰ ਸੰਧੂ, ਸੁਦੇਸ਼ ਕੁਮਾਰੀ, ਗੁਲਸ਼ਨ ਕੋਮਲ ਨਾਲ ਕਈ ਚਰਚਿਤ ਡੁਇਟ ਵੀ ਰਿਕਾਰਡ ਕਰਵਾਏ ਸਨ।
ਪੰਜਾਬੀ ਗਾਇਕੀ ਦੇ ਨਾਲ ਸੁਰਿੰਦਰ ਛਿੰਦਾ ਨੇ ਕੁੱਝ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਸੀ। ਉਨਾਂ ਦੀ ਅਦਾਕਾਰੀ ਦਾ ਕ੍ਰਿਸ਼ਮਾ ਪੰਜਾਬੀ ਫ਼ਿਲਮਾਂ ‘ਪੁੱਤ ਜੱਟਾਂ ਦੇ’ ਅਤੇ ‘ਉੱਚਾ ਦਰ ਬਾਬੇ ਨਾਨਕ ਦਾ’ ਵਿੱਚ ਦੇਖਣ ਨੂੰ ਮਿਲਿਆ ਸੀ।
ਇਨ੍ਹਾਂ ਫ਼ਿਲਮਾਂ ਵਿੱਚ ਉਨ੍ਹਾਂ ਵੱਲੋਂ ਠੇਠ ਪੰਜਾਬੀ ਵਿੱਚ ਬੋਲੇ ਡਾਇਲਾਗ ਅੱਜ ਵੀ ਪੰਜਾਬੀਆਂ ਦੀ ਜ਼ਬਾਨ ਤੋਂ ਸੁਣਨ ਨੂੰ ਮਿਲ ਜਾਂਦੇ ਹਨ।
ਪੰਜਾਬੀ ਗਾਇਕ ਬਲਵੀਰ ਚੋਟੀਆਂ ਨੇ ਸੁਰਿੰਦਰ ਛਿੰਦਾ ਦੀ ਗਾਇਕੀ ਬਾਰੇ ਕਿਹਾ ਕਿ ਜਿਸ ਦਮਦਾਰ ਆਵਾਜ਼ ਵਿੱਚ ਉਨ੍ਹਾਂ ਨੇ ਪੰਜਾਬੀ ਸੱਭਿਆਚਾਰ ਨਾਲ ਜੁੜੀ ਗਾਇਕੀ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈ, ਉਹ ਸਦੀਵੀ ਹੈ।
ਉਨ੍ਹਾਂ ਕਿਹਾ, "ਯਮਲਾ ਜੱਟ, ਕੁਲਦੀਪ ਮਾਣਕ, ਸੁਰਿੰਦਰ ਕੌਰ, ਨਰਿੰਦਰ ਬੀਬਾ ਅਤੇ ਛਿੰਦਾ ਜੀ ਵਰਗੇ ਕਲਾਕਾਰਾਂ ਵੱਲੋਂ ਪੰਜਾਬੀਅਤ ਨੂੰ ਦਿੱਤੀ ਦੇਣ ਨੂੰ ਹਰ ਪੰਜਾਬੀ ਯਾਦ ਰੱਖੇਗਾ।"

ਤਸਵੀਰ ਸਰੋਤ, Surinder Shinda FB
'ਧਰਤੀ ਦੀ ਜ਼ਬਾਨ ’ਚ ਧਰਤੀ ਦੇ ਗੀਤ ਗਾਉਣ ਵਾਲਾ'
ਪ੍ਰੋਫੈਸਰ ਗੁਰਭਜਨ ਗਿੱਲ ਇਸ ਗਾਇਕ ਨੂੰ 'ਧਰਤੀ ਦੀ ਜੁਬਾਨ ਵਿੱਚ ਧਰਤੀ ਦੇ ਗੀਤ' ਗਾਉਣ ਵਾਲਾ ਗਾਇਕ ਮੰਨਦੇ ਹਨ।
ਉਹ ਕਹਿੰਦੇ ਹਨ, "ਮੈਂ ਜੁਲਾਈ 1974 ਵਿੱਚ ਪਹਿਲੀ ਵਾਰ ਸੁਰਿੰਦਰ ਛਿੰਦਾ ਨੂੰ ਜਸਵੰਤ ਭੰਵਰਾ ਵੱਲੋਂ ਦਿੱਤੇ ਗਏ ਸੰਗੀਤ ਨਾਲ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਗਾਉਂਦੇ ਸੁਣਿਆ ਸੀ। ਉਸ ਵੇਲੇ ਲੱਗਿਆ ਸੀ, ਜਿਵੇਂ ਦਮਦਾਰ ਆਵਾਜ਼ ਵਿੱਚ ਪੰਜਾਬੀ ਗਾਇਕੀ ਦਾ ਸਮੁੰਦਰ ਵਗਣ ਲੱਗਾ ਹੋਵੇ।"
ਗਿੱਲ ਦੱਸਦੇ ਹਨ, "ਅਸਲ ਵਿੱਚ ਸੁਰਿੰਦਰ ਛਿੰਦਾ ਦੇ ਪਿਤਾ ਕਲਾਸੀਕਲ ਸੰਗੀਤ ਦੇ ਮਾਹਰ ਸਨ। ਉਨ੍ਹਾਂ ਕੋਲੋਂ ਹੀ ਛਿੰਦਾ ਨੂੰ ਗਾਉਣ ਦੇ ਚੇਟਕ ਲੱਗੀ ਸੀ। ਇਸ ਮਗਰੋਂ ਉਨ੍ਹਾਂ ਨੇ ਉਸਤਾਦ ਗੋਵਰਧਨ ਦਾਸ ਅੱਪਰੇ ਵਾਲਿਆਂ ਤੋਂ ਬਾਕਾਇਦਾ ਤੌਰ 'ਤੇ ਕਲਾਸੀਕਲ ਸੰਗੀਤ ਦੀ ਬਾਰੀਕੀ ਨਾਲ ਸਿੱਖਿਆ ਲਈ ਸੀ। ਇਹੀ ਕਾਰਨ ਰਿਹਾ ਕੇ ਉਹ ਸੰਗੀਤ ਦੀ ਦੁਨੀਆਂ ਵਿੱਚ ਆਪਣੀ ਕਿਸਮ ਦੇ ਇਕੱਲੇ ਦਮਦਾਰ ਗਾਇਕ ਬਣੇ।"
ਸੁਰਿੰਦਰ ਛਿੰਦਾ ਦੇ ਪਿਤਾ ਬਚਨਾ ਰਾਮ ਦਾ ਨਾਂ ਆਪਣੇ ਸਮੇਂ ਵਿੱਚ ਕਲਾਸੀਕਲ ਗਾਇਕ ਵਜੋਂ ਚੜ੍ਹਦੇ ਤੇ ਲਹਿੰਦੇ ਪੰਜਾਬ ਵਿੱਚ ਪ੍ਰਸਿੱਧ ਕਲਾਕਾਰਾਂ ਵਿੱਚ ਸ਼ਾਮਿਲ ਸਨ।
ਆਪਣੇ ਪਿਤਾ ਨੂੰ ਵੱਖ-ਵੱਖ ਰਾਗਾਂ ਵਿੱਚ ਗਾਉਂਦੇ ਦੇਖ ਕੇ ਸੁਰਿੰਦਰ ਛਿੰਦਾ ਨੇ ਬਚਪਨ ਵਿੱਚ ਹੀ ਗੁਣਗੁਣਾਉਣਾ ਸ਼ੁਰੂ ਕਰ ਦਿੱਤਾ ਸੀ।

‘ਪੰਜਾਬ ਦਾ ਪੁੱਤ’
ਪ੍ਰੋਫੈਸਰ ਗੁਰਭਜਨ ਗਿੱਲ ਜੁਲਾਈ 1974 ਨੂੰ ਯਾਦ ਕਰਦੇ ਹਨ।
ਉਹ ਕਹਿੰਦੇ ਹਨ, "ਸਟੇਡੀਅਮ ਖਚਾ-ਖਚ ਭਰਿਆ ਹੋਇਆ ਸੀ। ਉਨ੍ਹਾਂ ਦਿਨਾਂ ਵਿੱਚ ਇਸ ਨੌਜਵਾਨ ਗਾਇਕ ਨੂੰ ਸੁਣਨ ਲਈ 30-35 ਹਜ਼ਾਰ ਲੋਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹੋਏ ਸਨ।"
ਗੁਰਭਜਨ ਗਿੱਲ ਦੱਸਦੇ ਹਨ, "ਮੈਂ ਆਪਣੀ ਜਾਣ-ਪਛਾਣ ਵਾਲੇ ਕਈ ਸਾਹਿਤਕਾਰਾਂ, ਸੰਗੀਤਕਾਰਾਂ, ਗੀਤਕਾਰਾਂ ਅਤੇ ਗਾਇਕਾਂ ਨਾਲ ਅਖਾੜੇ ਵਾਲੀ ਜਗ੍ਹਾ ’ਤੇ ਗਾਉਣ ਵਾਲਿਆਂ ਨੂੰ ਸੁਣ ਰਿਹਾ ਸੀ। ਅਚਾਨਕ ਸੁਰਿੰਦਰ ਛਿੰਦਾ ਦੀ ਆਵਾਜ਼ ਗੂੰਜੀ ਤੇ ਪੰਡਾਲ ਵਿਚ ਜੋਸ਼ ਨਾਲ ਤਾੜੀਆਂ ਵੱਜਣ ਲੱਗੀਆਂ। ਦੇਖਦੇ ਹੀ ਦੇਖਦੇ ਛਿੰਦਾ ਆਪਣੀ ਦਮਦਾਰ ਹੇਕ ਨਾਲ ਮੇਲਾ ਲੁੱਟ ਕੇ ਲੈ ਗਿਆ।"
ਇਸ ਵੇਲੇ ਅਖਾੜੇ ਵਿੱਚ ਸ਼ਾਮਲ ਹੋਣ ਵਾਲੇ ਬਜ਼ੁਰਗ ਦੱਸਦੇ ਹਨ ਕਿ ਅਖਾੜੇ ਵਿੱਚੋਂ ਇੱਕ ਆਵਾਜ਼ ਉੱਠੀ ਸੀ, ‘ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ’ ਤੇ ‘ਯਾਰੀ ਜੱਟ ਦੀ ਤੂਤ ਦਾ ਮੋਛਾ’। ਇਸ ਨੇ ਸਾਬਤ ਕਰ ਦਿੱਤਾ ਸੀ ਕਿ ‘ਛਿੰਦਾ ਜੱਟ ਦਾ ਨਹੀਂ ਪੰਜਾਬ ਦਾ ਪੁੱਤ ਹੋ ਨਿਬੜੇਗਾ।’
ਪ੍ਰੋਫੈਸਰ ਗੁਰਭਜਨ ਗਿੱਲ ਤਾਂ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੇ ਸੁਰਿੰਦਰ ਛਿੰਦਾ ਨਾਲ ਆਪਣੀ ਯਾਰੀ ਦੇ 50 ਸਾਲ ਪੂਰੇ ਹੋਣ ਦੀ ਯਾਦ ਵਿੱਚ ਜੁਲਾਈ 2024 ਨੂੰ ਉਸੇ ਸਟੇਡੀਅਮ ਵਿੱਚ ਇੱਕ ਵੱਡਾ ਸੰਗੀਤਕ ਪ੍ਰੋਗਰਾਮ ਕਰਨ ਦੀ ਯੋਜਨਾ ਬਣਾਈ ਸੀ।
ਉਹ ਕਹਿੰਦੇ ਹਨ, "ਮੇਰੀ 50 ਸਾਲਾਂ ਦੀ ਯਾਰੀ ਹੁਣ ਨਹੀਂ ਰਹੀ। ਰੱਬ ਨੂੰ ਸ਼ਾਇਦ ਇਹੀ ਮਨਜ਼ੂਰ ਸੀ। ਇਹ ਪੰਜਾਬੀਆਂ ਲਈ ਘਾਟਾ ਤਾਂ ਹੈ ਹੀ, ਪਰ ਮੇਰੀਆਂ ਯਾਦਾਂ ਉਸ ਦੇ ਤੁਰ ਜਾਣ ਨਾਲ ਵਗਦੇ ਦਰਿਆ ਦੇ ਵਹਿਣ ਵਿੱਚ ਵਹਿ ਗਈਆਂ ਲੱਗਦੀਆਂ ਹਨ।"
ਸੁਰਿੰਦਰ ਛਿੰਦਾ ਆਪਣੇ ਪਿੱਛੇ ਦੋ ਧੀਆਂ ਤੇ ਦੋ ਪੁੱਤਰ ਛੱਡ ਗਏ ਹਨ। ਉਨ੍ਹਾਂ ਦਾ ਪੁੱਤਰ ਮਨਿੰਦਰ ਛਿੰਦਾ ਪੰਜਾਬੀ ਗਾਇਕ ਹਨ।
ਸੁਰਿੰਦਰ ਸ਼ਿੰਦਾ ਨੇ ਧਨੀ ਰਾਮ ਨੂੰ ਬਣਾਇਆ ਸੀ ‘ਚਮਕੀਲਾ’

ਤਸਵੀਰ ਸਰੋਤ, Surinder Shinda/FB
ਸੁਰਿੰਦਰ ਸ਼ਿੰਦਾ ਨੇ ਮਾਰਚ 2022 ਵਿੱਚ ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਨਾਲ ਗੱਲਬਾਤ ਕੀਤੀ ਸੀ। ਸੁਰਿੰਦਰ ਸ਼ਿੰਦਾ ਦੇ ਸਿਰ ਉੱਤੇ ਹੀ ਅਮਰ ਸਿੰਘ ਚਮਕੀਲਾ ਦੀ ਖੋਜ ਦਾ ਸਿਹਰਾ ਬੰਨਿਆ ਜਾਂਦਾ ਹੈ।
ਜਦੋਂ ਧਨੀ ਰਾਮ ਉਰਫ ਅਮਰ ਸਿੰਘ ਚਮਕੀਲਾ ਫੈਕਟਰੀਆਂ ਵਿੱਚ ਦਿਹਾੜੀਆਂ ਕਰ ਰਹੇ ਸੀ, ਉਸ ਵੇਲੇ ਸੁਰਿੰਦਰ ਛਿੰਦਾ ਨੇ ਗਾਇਕੀ ਵਿੱਚ ਆਪਣਾ ਚੰਗਾ ਨਾਂ ਕਮਾ ਲਿਆ ਸੀ।
ਸੁਰਿੰਦਰ ਛਿੰਦਾ ਨੇ ਚਮਕੀਲਾ ਨਾਲ ਆਪਣੀ ਪਹਿਲੀ ਮੁਲਾਕਾਤ ਬਾਰੇ ਇੰਝ ਦੱਸਿਆ, “ਮੈਂ ਆਪਣੇ ਇੱਕ ਦੋਸਤ ਨਾਲ ਮੋਗਾ ਵਿੱਚ ਬੈਠਾ ਸੀ ਉੱਥੇ ਉਸੇ ਵੇਲੇ ਢੋਲਕ ਮਾਸਟਰ ਵਜੋਂ ਕੰਮ ਕਰਦੇ ਕੇਸਰ ਸਿੰਘ ਟਿੱਕੀ ਮੇਰੇ ਕੋਲ ਆਏ।”
“ਉਹ ਕਹਿੰਦੇ ਇੱਕ ਮੁੰਡਾ ਹੈ, ਜਿਸ ਦਾ ਨਾਮ ਹੈ ਧਨੀ ਰਾਮ ਡੁੱਗਰੀ ਵਾਲਾ, ਉਹ ਗੀਤ ਬਹੁਤ ਸੋਹਣੇ ਲਿਖਦਾ ਹੈ, ਤੁਸੀਂ ਇੱਕ ਵਾਰ ਸੁਣ ਲਓ। ਪਹਿਲਾਂ ਮੈਂ ਨਾ-ਨੁਕਰ ਕੀਤੀ ਪਰ ਫਿਰ ਮਿਲਣ ਲਈ ਤਿਆਰ ਹੋ ਗਿਆ।”
“ਮੈਂ ਵੇਖਿਆ ਸਾਹਮਣੇ ਇੱਕ ਹਲਕੀ ਦਾੜ੍ਹੀ ਵਾਲੇ ਮੁੰਡੇ ਨੇ ਪੱਗ ਬੰਨੀ ਹੋਈ ਹੈ ਤੇ ਆਪਣਾ ਸਾਇਕਲ ਉਸ ਨੇ ਬਾਹਰ ਖੜ੍ਹਾ ਕੀਤਾ ਹੋਇਆ ਸੀ, ਉਸ ਉੱਤੇ ਦਰੀ ਵਾਲਾ ਝੋਲਾ ਟੰਗਿਆ ਹੋਇਆ ਸੀ।”
“ਅਸੀਂ ਉਸ ਨੂੰ ਰੋਟੀ ਬਾਰੇ ਪੁੱਛਿਆ ਤਾਂ ਕਹਿੰਦਾ ਮੇਰੇ ਕੋਲ ਸਭ ਕੁਝ ਹੈ, ਮੇਰੀ ਰੋਟੀ ਝੋਲੇ ਵਿੱਚ ਹੈ। ਉਹ ਇੱਕ ਬਿਲਕੁੱਲ ਪੇਂਡੂ ਸਟਾਈਲ ਦਾ ਮੁੰਡਾ ਸੀ। ਉਸ ਦਿਨ ਜ਼ਿਆਦਾ ਗੱਲਬਾਤ ਤਾਂ ਨਹੀਂ ਹੋਈ ਪਰ ਹਾਂ ਮੈਂ ਉਸ ਨੂੰ ਪੁੱਛਿਆ ਕਿ ਤੂੰ ਕੀ ਕਰਦਾ ਹੈ, ਤਾਂ ਉਸ ਨੇ ਕਿਹਾ ਕਿ ਮੈਨੂੰ ਗੀਤ ਲਿਖਣ ਦਾ ਸ਼ੌਕ ਹੈ।”
ਡੁੱਗਰੀ ਦੇ ਧਨੀ ਰਾਮ ਨੂੰ ਚਮਕੀਲਾ ਬਣਾਉਣ ਵਾਲੇ ਵੀ ਸੁਰਿੰਦਰ ਛਿੰਦਾ ਹੀ ਹਨ।
ਉਹ ਇਸ ਬਾਰੇ ਕਿੱਸਾ ਦੱਸਦੇ ਹੋਏ ਕਹਿੰਦੇ ਹਨ, “ਚੰਡੀਗੜ੍ਹ ਦੇ ਬੁੜੈਲ ਵਿੱਚ ਰਾਮਲੀਲਾ ਮੌਕੇ ਸਾਡੀ ਬੁਕਿੰਗ ਸੀ। ਉੱਥੇ ਚਮਕੀਲਾ ਸਾਡੇ ਨਾਲ ਹੈਲਪਰ ਵਜੋਂ ਸੀ।”
“ਉੱਥੇ ਚਮਕੀਲਾ ਨੇ ਸਾਡੀ ਬੜੀ ਸੇਵਾ ਕੀਤੀ ਅਤੇ ਸੇਵਾ ਤੋਂ ਖੁਸ਼ ਹੋ ਕੇ ਮੈਂ ਤੇ ਮੇਰੇ ਸਾਥੀਆਂ ਨੇ ਉਸ ਦਾ ਨਾਂ ਉੱਥੇ ਰੱਖਿਆ, ‘ਅਮਰ ਸਿੰਘ ਚਮਕੀਲਾ’।”












