‘ਗੁਲਾਮ’ ਔਰਤਾਂ ਤੇ ਬੱਚਿਆਂ ਦੀ ਕਹਾਣੀ ਜਿਨ੍ਹਾਂ ਨੂੰ ਖੁਦ ਨਹੀਂ ਪਤਾ ਕਿ ਉਹ ਕਿੰਨੀ ਵਾਰ ਤੇ ਕਿੱਥੇ ਵਿਕਣਗੇ

ਤਸਵੀਰ ਸਰੋਤ, Getty Images
- ਲੇਖਕ, ਰੇਚਲ ਵਾਈਟ
- ਰੋਲ, ਬੀਬੀਸੀ ਪੱਤਰਕਾਰ
ਸਾਲ 2014 ਵਿੱਚ ਹਜ਼ਾਰਾਂ ਯਜ਼ੀਦੀ ਔਰਤਾਂ ਅਤੇ ਬੱਚੇ ਇਸਲਾਮਿਕ ਸਟੇਟ ਗਰੁੱਪ ਵੱਲੋਂ ਈਰਾਕ ਤੇ ਸੀਰੀਆ ਵਿੱਚ ਗੁਲਾਮ ਬਣਾਏ ਗਏ।
ਯਜ਼ੀਦੀ ਧਰਮ ਦੇ ਹੋਰ ਲੋਕਾਂ ਨੇ ਤਕਰੀਬਨ ਉਸ ਸਮੇਂ ਤੋਂ ਹੀ ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸੀ, ਪਰ ਕਰੀਬ ਇੱਕ ਦਹਾਕੇ ਬਾਅਦ ਵੀ ਕੰਮ ਹਾਲੇ ਅਧੂਰਾ ਹੈ।
ਨਵੰਬਰ, 2015 ਵਿੱਚ ਬਾਹਾਰ ਅਤੇ ਉਸ ਦੇ ਤਿੰਨ ਬੱਚੇ ਪੰਜਵੀਂ ਵਾਰ ਵੇਚੇ ਗਏ।
ਬਾਹਾਰ, ਉਨ੍ਹਾਂ ਬਹੁਤ ਸਾਰੀਆਂ ਯਜ਼ੀਦੀ ਔਰਤਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੂੰ ਆਈਐੱਸ ਨੇ ਉਸ ਸਮੇਂ ਬੰਧਕ ਬਣਾਇਆ ਜਦੋਂ ਉਹ ਅਠਾਰਾਂ ਮਹੀਨੇ ਪਹਿਲਾਂ ਉੱਤਰੀ ਇਰਾਕ ਦੇ ਸਿੰਜਾਰ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਪਿੰਡ ਵੜੇ ਸਨ।
ਯਜ਼ੀਦੀ ਇਰਾਕ ਵਿੱਚ 6000 ਸਾਲਾਂ ਤੋਂ ਰਹਿ ਰਿਹਾ ਘੱਟ-ਗਿਣਤੀ ਭਾਈਚਾਰਾ ਹੈ, ਇਸ ਸਮੂਹ ਨੂੰ ਆਈਐੱਸ ਵੱਲੋਂ ਕਾਫ਼ਿਰ ਸਮਝਿਆ ਜਾਂਦਾ ਹੈ।
ਬਾਹਾਰ ਦੇ ਪਤੀ ਅਤੇ ਵੱਡੇ ਬੇਟੇ ਨੂੰ ਉਹ ਨਾਲ ਲੈ ਗਏ ਸੀ। ਬਾਹਾਰ ਮੰਨਦੀ ਹੈ ਕਿ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਹੋਏਗੀ ਅਤੇ ਕਈ ਹੋਰ ਲੋਕਾਂ ਨੂੰ ਦਫ਼ਨਾ ਦਿੱਤਾ ਗਿਆ ਹੋਏਗਾ।
ਬਾਹਾਰ ਨੂੰ ਯਾਦ ਹੈ ਕਿ ਕਿਵੇਂ ਉਸ ਨੂੰ ਅਤੇ ਉਸ ਦੇ ਤਿੰਨ ਬੱਚਿਆਂ ਨੂੰ ਇੱਕ ਕਮਰੇ ਵਿੱਚ ਕਤਾਰ ਬਣਾ ਕੇ ਖੜ੍ਹਾਇਆ ਗਿਆ ਸੀ। ਉਹ ਰੋ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਉਨ੍ਹਾਂ ਦੇ ਸਿਰ ਕਲਮ ਕਰ ਦਿੱਤੇ ਜਾਣਗੇ। ਪਰ ਅਜਿਹਾ ਕਰਨ ਦੀ ਬਜਾਏ, ਉਨ੍ਹਾਂ ਨੂੰ ਵੇਚ ਦਿੱਤਾ ਗਿਆ।

ਤਸਵੀਰ ਸਰੋਤ, Reuters
ਡਰ ਤੇ ਗੁਲਾਮੀ ਦੀ ਸ਼ੁਰੂਆਤ
ਉਦੋਂ ਹੀ ਭੈ ਦੀ ਅਸਲ ਕਹਾਣੀ ਸ਼ੁਰੂ ਹੋਈ। ਬਾਹਾਰ ਕਹਿੰਦੀ ਹੈ ਕਿ ਉਹ ਜਿਨ੍ਹਾਂ ਆਈਐੱਸ ਲੜਾਕਿਆਂ ਦੀ ਜਾਗੀਰ ਬਣ ਗਈ ਸੀ, ਉਨ੍ਹਾਂ ਦੀ ਸੇਵਾ ਕਰਨੀ ਪਈ।
ਉਹ ਕਹਿੰਦੀ ਹੈ, “ਜਦੋਂ ਉਹ ਚਾਹੁੰਦੇ ਮੈਨੂੰ ਉਨ੍ਹਾਂ ਦੀ ਪਤਨੀ ਬਣਨਾ ਪੈਂਦਾ ਸੀ। ਜਦੋਂ ਉਹ ਚਾਹੁੰਦੇ ਮੈਨੂੰ ਕੁੱਟਦੇ।”
ਉਸ ਦੇ ਬੱਚਿਆਂ (ਸਾਰੇ ਦਸ ਸਾਲ ਉਮਰ ਤੋਂ ਛੋਟੇ) ਨੂੰ ਵੀ ਕੁੱਟਿਆ ਜਾਂਦਾ ਸੀ। ਉਸ ਦੀ ਇੱਕ ਧੀ ਦੇ ਚਿਹਰੇ ‘ਤੇ ਰਫ਼ਲ ਦੇ ਹੱਥੇ ਨਾਲ ਮਾਰਿਆ ਗਿਆ।
ਉਸ ਦਾ ਚੌਥਾ ਮਾਲਿਕ ਇੱਕ ਟੂਨੀਸ਼ੀਅਨ ਸੀ ਜਿਸ ਦਾ ਨਾਮ ਅਬੂ ਖੱਤਾਬ ਸੀ।

ਤਸਵੀਰ ਸਰੋਤ, Getty Images
ਉਹ ਦੱਸਦੀ ਹੈ, “ਅਸੀਂ ਉਸ ਦੇ ਘਰ ਰਹੇ। ਪਰ ਉਸ ਨੇ ਦੋ ਹੋਰ ਆਈਐੱਸ ਬੇਸ ਕੈਂਪਾਂ ‘ਤੇ ਸਾਫ਼-ਸਫ਼ਾਈ ਦਾ ਕੰਮ ਕਰਨ ਲਈ ਮੇਰਾ ਸੌਦਾ ਕੀਤਾ ਹੋਇਆ ਸੀ। ਇਨ੍ਹਾਂ ਸਾਰੀਆਂ ਥਾਂਵਾਂ ’ਤੇ, ਮੈਂ ਕੰਮ ’ਤੇ ਜਾਂਦੀ, ਸਫ਼ਾਈ ਕਰਦੀ ਅਤੇ ਮੇਰੇ ਨਾਲ ਰੇਪ ਕੀਤਾ ਜਾਂਦਾ।”
ਬਾਹਾਰ ਕਹਿੰਦੀ ਹੈ, “ਹਰ ਵੇਲੇ ਹਵਾਈ ਰੇਡਾਂ ਹੁੰਦੀਆਂ ਰਹਿੰਦੀਆਂ ਸੀ। ਆਈਐੱਸ ਫਾਈਟਰ ਇੱਧਰ-ਉਧਰ ਭੱਜ ਰਹੇ ਹੁੰਦੇ ਸੀ, ਹਥਿਆਰ ਲਿਜਾ ਰਹੇ ਹੁੰਦੇ ਸੀ ਜਾਂ ਬੰਬ-ਬਾਰੀ ਤੋਂ ਲੁਕ ਰਹੇ ਹੁੰਦੇ ਸੀ। ਹਫੜਾ-ਦਫੜੀ ਵਾਲਾ ਮਾਹੌਲ ਸੀ, ਇਹ ਸਭ ਇੱਕ ਬੁਰੇ ਸੁਫ਼ਨੇ ਤੋਂ ਵੀ ਭੈੜਾ ਸੀ।”
ਇੱਕ ਦਿਨ, ਜਦੋਂ ਬਾਹਾਰ ਅਤੇ ਉਸ ਦੇ ਬੱਚੇ ਅਬੂ ਖੱਤਾਬ ਦੇ ਘਰ ਵਿੱਚ ਸਨ ਤਾਂ ਕਾਲੇ ਸ਼ੀਸ਼ਿਆਂ ਵਾਲੀ ਇੱਕ ਕਾਲੀ ਕਾਰ ਉੱਥੇ ਰੁਕੀ। ਡਰਾਈਵਰ ਨੇ ਕਾਲੇ ਕੱਪੜੇ ਪਾਏ ਹੋਏ ਸੀ ਅਤੇ ਲੰਬੀ ਦਾੜੀ ਸੀ ਅਤੇ ਕਿਸੇ ਵੀ ਤਰ੍ਹਾਂ ਦੂਜੇ ਆਈਐੱਸ ਲੜਾਕਿਆਂ ਤੋਂ ਵੱਖ ਨਹੀਂ ਸੀ ਲਗਦਾ।
ਬਾਹਾਰ ਨੂੰ ਜਾਪਿਆ ਕਿ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਇੱਕ ਵਾਰ ਫਿਰ ਵੇਚਿਆ ਜਾ ਰਿਹਾ ਹੈ। ਹਾਲਾਤ ਤੋਂ ਅੱਕ ਚੁੱਕੀ ਬਾਹਾਰ ਨੇ ਆਦਮੀ ਨੂੰ ਚੀਕ ਕੇ ਉਸ ਨੂੰ ਮਾਰਨ ਲਈ ਕਿਹਾ, ਕਿਉਂਕਿ ਉਹ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਸੀ।
ਪਰ ਅੱਗੇ ਜੋ ਹੋਇਆ, ਉਸ ਨਾਲ ਸਭ ਕੁਝ ਬਦਲ ਗਿਆ।

ਯਜ਼ੀਦੀਆਂ ਬਾਰੇ ਖਾਸ ਗੱਲਾਂ:
- ਯਜ਼ੀਦੀ ਇਰਾਕ ਵਿੱਚ 6000 ਸਾਲਾਂ ਤੋਂ ਰਹਿ ਰਿਹਾ ਘੱਟ-ਗਿਣਤੀ ਭਾਈਚਾਰਾ ਹੈ
- ਇਸ ਸਮੂਹ ਨੂੰ ਆਈਐੱਸ ਵੱਲੋਂ ਕਾਫ਼ਿਰ ਸਮਝਿਆ ਜਾਂਦਾ ਹੈ
- 2017 ਵਿੱਚ ਆਈਐੱਸ ਦੀ ਹਾਰ ਤੋਂ ਲੈ ਕੇ, ਯਜ਼ੀਦੀ ਭਾਈਚਾਰੇ ਨੇ ਰਿਕਵਰ ਹੋਣ ਦੀ ਕੋਸ਼ਿਸ਼ ਕੀਤੀ
- ਹਾਲੇ ਤੱਕ, 1 ਲੱਖ ਯਜ਼ੀਦੀ ਕੈਂਪਾਂ ਵਿੱਚ ਫਸੇ ਹਨ ਤੇ ਆਪਣੇ ਘਰਾਂ ਨੂੰ ਪਰਤ ਨਹੀਂ ਸਕੇ।
- ਬਚਾਅ ਵਿੱਚ ਲੱਗੇ ਲੋਕਾਂ ਦਾ ਕਹਿਣਾ ਹੈ ਕਿ ਔਰਤਾਂ ਤੇ ਬੱਚਿਆਂ ਦਾ ਸੌਦਾ ਆਨਲਾਈਨ ਹੁੰਦਾ ਹੈ

ਫ਼ਿਲਮੀ ਤਰੀਕੇ ਨਾਲ ਬਚਾਅ
ਜਿਵੇਂ ਹੀ ਕਾਰ ਵਿੱਚ ਸਵਾਰ ਹੋ ਕੇ ਅੱਗੇ ਵਧੇ, ਡਰਾਈਵਰ ਨੇ ਕਿਹਾ, ਮੈਂ ਤੁਹਾਨੂੰ ਕਿਤੇ ਹੋਰ ਲਿਜਾ ਰਿਹਾ ਹਾਂ। ਬਾਹਾਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੋ ਕੀ ਰਿਹਾ ਹੈ, ਕੀ ਉਸ ਆਦਮੀ ‘ਤੇ ਭਰੋਸਾ ਕਰਨਾ ਚਾਹੀਦਾ ਹੈ ਜਾਂ ਨਹੀਂ।
ਡਰਾਈਵਰ ਨੇ ਕਾਰ ਰੋਕੀ ਅਤੇ ਕਿਸੇ ਨੂੰ ਫ਼ੋਨ ਕੀਤਾ। ਫਿਰ ਉਸ ਨੇ ਫ਼ੋਨ ਬਾਹਾਰ ਨੂੰ ਦਿੱਤਾ। ਇਹ ਅਵਾਜ਼ ਅਬੂ ਸ਼ੂਜਾ ਦੀ ਸੀ, ਜਿਸ ਨੂੰ ਕਈ ਬੀਬੀਆਂ ਤੇ ਬੱਚਿਆਂ ਦੇ ਰੈਸਕਿਉ ਲਈ ਜਾਣਿਆ ਜਾਂਦਾ ਹੈ।
ਹੁਣ ਬਾਹਾਰ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਬਚਾਉਣ ਲਈ ਲਿਆਂਦਾ ਗਿਆ ਹੈ।

ਤਸਵੀਰ ਸਰੋਤ, Getty Images
ਬਾਹਾਰ ਨੂੰ ਸੀਰੀਆ ਦੇ ਰੱਕਾ ਨੇੜੇ ਇੱਕ ਨਿਰਮਾਣ ਅਧੀਨ ਇਮਾਰਤ ਤੱਕ ਛੱਡਿਆ ਗਿਆ। ਉਸ ਨੂੰ ਉੱਥੇ ਛੱਡ ਕੇ ਕਿਹਾ ਗਿਆ ਕਿ ਇੱਕ ਆਦਮੀ ਆਵੇਗਾ ਅਤੇ ਕੋਡ ਵਰਡ ‘ਸਈਦ’ ਦੱਸੇਗਾ। ਉਸ ਨਾਲ ਚਲੇ ਜਾਣਾ ਹੈ।
ਸਚਮੁੱਚ ਹੀ ਕੋਈ ਮੋਟਰ ਬਾਈਕ ’ਤੇ ਆਇਆ ਅਤੇ ਕੋਡ ਵਰਡ ਬੋਲਿਆ।
ਉਸ ਨੇ ਬਾਹਾਰ ਅਤੇ ਉਸ ਦੇ ਤਿੰਨ ਬੱਚਿਆਂ ਨੂੰ ਆਪਣੇ ਨਾਲ ਬਿਠਾਇਆ ਅਤੇ ਕਿਹਾ, “ਸੁਣੋ, ਅਸੀਂ ਆਈਐੱਸ ਦੇ ਖੇਤਰ ਵਿੱਚ ਹਾਂ, ਇੱਥੇ ਨਾਕੇ ਵੀ ਹਨ। ਜੇ ਉਹ ਕੁਝ ਪੁੱਛਣ ਤਾਂ ਤੁਸੀਂ ਚੁੱਪ ਰਹਿਣਾ ਹੈ ਤਾਂ ਕਿ ਉਹ ਤੁਹਾਡੇ ਬੋਲਣ ਦੇ ਲਹਿਜ਼ੇ ਤੋਂ ਜਾਣ ਨਾ ਲੈਣ ਕੇ ਤੁਸੀਂ ਯਜ਼ੀਦੀ ਹੋ।”
ਇਰਾਕ ਦੇ ਯਜ਼ੀਦੀਆਂ ਨਾਲ ਕੀ ਹੋਇਆ ?
ਸਾਲ 2017 ਵਿੱਚ ਆਈਐੱਸ ਦੀ ਹਾਰ ਤੋਂ ਲੈ ਕੇ, ਯਜ਼ੀਦੀ ਭਾਈਚਾਰੇ ਨੇ ਰਿਕਵਰ ਹੋਣ ਦੀ ਕੋਸ਼ਿਸ਼ ਕੀਤੀ ਹੈ। ਹਾਲੇ ਤੱਕ, 100,000 ਯਜ਼ੀਦੀ ਕੈਂਪਾਂ ਵਿੱਚ ਫਸੇ ਹਨ ਅਤੇ ਆਪਣੇ ਘਰਾਂ ਨੂੰ ਪਰਤ ਨਹੀਂ ਸਕੇ।
ਬਾਹਾਰ ਕਹਿੰਦੀ ਹੈ ਕਿ ਉਹ ਆਦਮੀ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ।
“ਉਨ੍ਹਾਂ ਨੇ ਸਾਡੇ ਨਾਲ਼ ਚੰਗਾ ਵਰਤਾਅ ਕੀਤਾ। ਅਸੀਂ ਨਹਾਏ, ਉਨ੍ਹਾਂ ਨੇ ਸਾਨੂੰ ਖਾਣਾ ਦਿੱਤਾ, ਦਵਾਈਆਂ ਦਿੱਤੀਆਂ ਅਤੇ ਉਨ੍ਹਾਂ ਨੇ ਕਿਹਾ, ਤੁਸੀਂ ਹੁਣ ਸੁਰੱਖਿਅਤ ਹੋ।”
ਇੱਕ ਹੋਰ ਆਦਮੀ ਨੇ ਬਾਹਾਰ ਅਤੇ ਉਸ ਦੇ ਬੱਚਿਆਂ ਦੀ ਤਸਵੀਰ ਲਈ ਅਤੇ ਅਬੂ ਸ਼ੂਜਾ ਨੂੰ ਭੇਜੀ ਤਾਂ ਕਿ ਸਾਬਿਤ ਕਰ ਸਕੇ ਕਿ ਉਸ ਕੋਲ ਸਹੀ ਲੋਕ ਹਨ।
ਫਿਰ ਅਗਲੀ ਸਵੇਰ ਕਰੀਬ ਤਿੰਨ ਵਜੇ, ਉਨ੍ਹਾਂ ਨੂੰ ਜਗਾਇਆ ਗਿਆ ਅਤੇ ਕਿਤੇ ਜਾਣ ਲਈ ਕਿਹਾ ਹੈ। ਜਿਸ ਆਦਮੀ ਦੇ ਘਰ ਵਿੱਚ ਉਹ ਰਹਿ ਰਹੇ ਸੀ, ਉਸ ਨੇ ਬਾਹਾਰ ਨੂੰ ਆਪਣੀ ਮਾਂ ਦਾ ਪਛਾਣ ਪੱਤਰ ਦਿੱਤਾ ਅਤੇ ਕਿਹਾ ਕਿ ਕੋਈ ਰੋਕੇ ਅਤੇ ਪੁੱਛੇ ਤਾਂ ਕਹਿਣਾ ਕੇ ਉਹ ਆਪਣੇ ਬੇਟੇ ਨੂੰ ਡਾਕਟਰ ਕੋਲ ਲਿਜਾ ਰਹੀ ਹੈ।

“ਅਸੀਂ ਆਈਐੱਸ ਦੇ ਕਈ ਨਾਕਿਆਂ ਵਿੱਚੋਂ ਗੁਜ਼ਰੇ ਪਰ ਕਿਸੇ ਨੇ ਸਾਨੂੰ ਰੋਕਿਆ ਨਹੀਂ।”
ਆਖਿਰਕਾਰ ਉਹ ਸੀਰੀਆ-ਇਰਾਕ ਦੇ ਬਾਰਡਰ ਸਥਿਤ ਇੱਕ ਪਿੰਡ ਵਿੱਚ ਪਹੁੰਚੇ ਜਿੱਥੇ ਅਬੂ ਸ਼ੂਜਾ ਅਤੇ ਉਸ ਦਾ ਭਰਾ ਉਸ ਨੂੰ ਮਿਲੇ।
ਉਹ ਕਹਿੰਦੀ ਹੈ, “ਮੈਂ ਬੱਸ ਡਿਗਣ ਹੀ ਵਾਲੀ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਕਿ ਉਸ ਤੋਂ ਬਾਅਦ ਕੀ ਹੋਇਆ।”
ਕਿਹਾ ਜਾ ਰਿਹਾ ਹੈ ਕਿ ਆਈਐੱਸ ਦੇ ਸਿੰਜਾਰ ‘ਤੇ ਕਬਜ਼ਾ ਕਰਨ ਤੋਂ ਬਾਅਦ 6400 ਤੋਂ ਵੱਧ ਯਜ਼ੂਦੀ ਬੀਬੀਆਂ ਤੇ ਬੱਚਿਆਂ ਨੂੰ ਵੇਚਿਆ ਗਿਆ।
5,000 ਯਜ਼ੀਦੀਆਂ ਨੂੰ ਮਾਰ ਦਿੱਤਾ ਗਿਆ, ਇਸ ਨੂੰ ਸੰਯੁਕਤ ਰਾਸ਼ਟਰ ਨੇ ਕਤਲੇਆਮ ਦਾ ਨਾਮ ਦਿੱਤਾ।
ਬਾਹਾਰ ਨੂੰ ਰੈਸੇਕਿਉ ਕਰਵਾਉਣ ਵਾਲੇ ਅਬੂ ਸ਼ੂਜਾ, ਇਨ੍ਹਾਂ ਔਰਤਾਂ ਤੇ ਬੱਚਿਆਂ ਬਾਰੇ ਫ਼ਿਕਰ ਕਰਨ ਵਾਲੇ ਇਕੱਲੇ ਨਹੀਂ ਹਨ।
ਆਈਐੱਸ ਕਬਜ਼ੇ ਵਾਲੇ ਖੇਤਰ ਤੋਂ ਬਾਹਰ ਰਹਿਣ ਵਾਲੇ ਕਾਰੋਬਾਰੀ ਬਹਿਜ਼ਾਦ ਫਹਰਾਨ ਨੇ ਕਿਨਾਇਤ ਨਾਮ ਦਾ ਇੱਕ ਗਰੁਪ ਬਣਾਇਆ ਹੈ ਤਾਂ ਕਿ ਯਜ਼ੀਦੀ ਬੀਬੀਆਂ ਤੇ ਬੱਚਿਆਂ ਨੂੰ ਬਚਾਇਆ ਜਾ ਸਕੇ ਅਤੇ ਆਈਐੱਸ ਲੜਾਕਿਆਂ ਦੇ ਜੁਰਮਾਂ ਨੂੰ ਰਿਕਾਰਡ ਕੀਤਾ ਜਾ ਸਕੇ।

‘ਔਰਤਾਂ ਤੇ ਬੱਚਿਆਂ ਦਾ ਆਨਲਾਈਨ ਸੌਦਾ’
ਕਿਨਾਇਤ ਨੂੰ ਪਤਾ ਲੱਗਿਆ ਕਿ ਆਈਐੱਸ ਲੜਾਕੇ ਯਜ਼ੀਦੀ ਔਰਤਾਂ ਤੇ ਬੱਚਿਆਂ ਦਾ ਸੌਦਾ ਆਨਲਾਈਨ ਖਾਸ ਕਰਕੇ ਟੈਲੀਗਰਾਮ ਜ਼ਰੀਏ ਕਰ ਰਹੇ ਹਨ।
ਬਹਿਜ਼ਾਦ ਕਹਿੰਦੇ ਹਨ, “ਅਸੀਂ ਆਈਐੱਸ ਲੜਾਕਿਆਂ ਦੇ ਨਾਮ ਵਰਤ ਕੇ ਅਜਿਹੇ ਹੀ ਆਨਲਾਈਨ ਗਰੁਪਾਂ ਵਿੱਚ ਸ਼ਾਮਲ ਹੋ ਗਏ।”
ਇਰਾਕ ਦੇ ਕੁਰਦਿਸ਼ ਖੇਤਰ ਸਥਿਤ ਬਹਿਜ਼ਾਦ ਦੇ ਦਫ਼ਤਰ ਦੀ ਕੰਧ ’ਤੇ ਉਸ ਨੇ ਇੱਕ ਟੈਲੀਗਰਾਮ ਚੈਟ ਦੇ ਸਕਰੀਨ ਸ਼ੌਟ ਸਾਨੂੰ ਦਿਖਾਏ।
ਉਨ੍ਹਾਂ ਵਿੱਚੋਂ ਇੱਕ ਅੰਗਰੇਜ਼ੀ ਵਿੱਚ ਵੀ ਸੀ ਜਿਸ ਵਿੱਚ ਇੱਕ ਲੜਕੀ ਵੇਚਣ ਦਾ ਇਸ਼ਤਿਹਾਰ ਸੀ।
“12 ਸਾਲ ਉਮਰ, ਕੁਆਰੀ ਨਹੀਂ, ਬਹੁਤ ਖ਼ੂਬਸੂਰਤ।”
ਉਸ ਦੀ ਕੀਮਤ 13,000 ਡਾਲਰ ਲਗਾਈ ਗਈ ਸੀ ਅਤੇ ਸੀਰੀਆ ਦੇ ਰੱਕਾ ਵਿੱਚ ਸੀ। ਫਿਰ ਉਹ ਮੈਨੂੰ ਸੋਫ਼ੇ ’ਤੇ ਦੱਸੇ ਹੋਏ ਪੋਜ਼ ਵਿੱਚ ਬੈਠੀ ਲੜਕੀ ਦੀ ਤਸਵੀਰ ਦਿਖਾਉਂਦੇ ਹਨ।
ਬਚਾਅ ਲਈ ਦਾਅ ਪੇਚ
ਬਹਿਜ਼ਾਦ ਕਹਿੰਦੇ ਹਨ ਕਿ ਇਹ ਟੈਲੀਗਰਾਮ ਚੈਟ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਅਗਵਾ ਯਜ਼ੀਦੀ ਕਿੱਥੇ ਹਨ। ਅਸੀਂ ਆਲੇ-ਦੁਆਲੇ ਰਹਿੰਦੇ ਲੋਕਾਂ ਨਾਲ ਸੰਪਰਕ ਕਰਕੇ ਉਕਤ ਬੱਚਾ ਲੱਭਣ ਲਈ ਕਹਿੰਦੇ ਸੀ।
ਬਹਿਜ਼ਾਦ ਨੇ ਕਿਹਾ, “ਛੋਟੇ ਮੁੰਡਿਆਂ ਨੂੰ ਲੱਭਣਾ ਸੌਖਾ ਸੀ ਕਿਉਂਕਿ ਉਨ੍ਹਾਂ ਨੂੰ ਘਰਾਂ ਤੋਂ ਬਾਹਰ ਜਾਣ ਦੀ ਇਜਾਜ਼ਤ ਮਿਲ ਜਾਂਦੀ ਸੀ। ਅਸੀਂ ਅਗਵਾ ਬੰਦੇ ਦੇ ਪਰਿਵਾਰ ਨੂੰ ਵੀ ਜਾਣਕਾਰੀ ਭੇਜਦੇ ਸੀ ਤਾਂ ਕਿ ਜਦੋਂ ਉਸ ਦੇ ਸਾਹਮਣੇ ਹੋਈਏ ਤਾਂ ਸਬੂਤ ਦੇ ਸਕੀਏ ਕਿ ਅਸੀਂ ਉਨ੍ਹਾਂ ਦੀ ਮਦਦ ਲਈ ਹਾਂ।”
“ਜਦੋਂ ਅਸੀਂ ਪਰਿਵਾਰਾਂ ਨੂੰ ਰੈਸਕਿਊ ਕਰ ਰਹੇ ਸੀ, ਜਿਵੇਂ ਕਿ ਔਰਤਾਂ ਤੇ ਉਨ੍ਹਾਂ ਦੇ ਨਾਲ ਬੱਚੇ, ਸਾਨੂੰ ਕਈ ਸਾਰੇ ਕੋਡ ਵਰਡ ਜਾਂ ਇਸ਼ਾਰੇ ਰੱਖਣੇ ਪੈਂਦੇ ਸੀ ਤਾਂ ਕਿ ਅਸੀਂ ਉਨ੍ਹਾਂ ਨੂੰ ਦੱਸ ਸਕਦੇ ਕਿ ਅਸੀਂ ਉਨ੍ਹਾਂ ਨੂੰ ਬਚਾਉਣ ਲਈ ਆ ਰਹੇ ਹਾਂ ਜਾਂ ਫਿਰ ਉਹ ਸਾਨੂੰ ਦੱਸ ਸਕਣ ਕਿ ਉਹ ਕਦੋਂ ਇਕੱਲੇ ਹੋਣਗੇ।”
ਹਰ ਕੇਸ ਦੀ ਪ੍ਰਕਿਰਿਆ ਵੱਖਰੀ ਹੁੰਦੀ ਸੀ, ਪਰ ਹਰ ਤਰੀਕੇ ਵਿੱਚ ਪੈਸਾ ਲਗਦਾ ਸੀ। ਨਕਲੀ ਦਸਤਾਵੇਜ਼ ਚਾਹੀਦੇ ਹੁੰਦੇ ਸੀ ਤਾਂ ਕਿ ਆਈਐੱਸ ਦੇ ਨਾਕਿਆਂ ਤੋਂ ਬਚ ਕੇ ਨਿਕਲ ਸਕੀਏ।
ਯਜ਼ੀਦੀਆਂ ਲਈ ਆਈਐਸ ਦੇ ਖੇਤਰਾਂ ਵਿੱਚ ਜਾਣਾ ਬਹੁਤ ਜੋਖਮ ਭਰਿਆ ਸੀ। ਇਸ ਲਈ ਰੈਸਕਿਊ ਦਾ ਕੰਮ ਸਥਾਨਕ ਸ਼ਰਾਬ ਤੇ ਤੰਬਾਕੂ ਦੇ ਤਸਕਰਾਂ ਜ਼ਰੀਏ ਕਰਵਾਇਆ ਜਾਂਦਾ ਸੀ।
ਬਹਿਜ਼ਾਦ ਮੁਤਾਬਕ, “ਉਹ ਪੈਸੇ ਲਈ ਸਾਡੀ ਮਦਦ ਕਰਦੇ ਸੀ। ਇਹੀ ਉਨ੍ਹਾਂ ਦਾ ਇਕਲੌਤਾ ਮਕਸਦ ਸੀ। ਕਈ ਲੋਕਾਂ ਨੂੰ ਕੁੜੀਆਂ ਨੂੰ ਵਾਪਸ ਲਿਆਉਣ ਖਾਤਰ ਹਜ਼ਾਰਾਂ ਡਾਲਰ ਅਦਾ ਕੀਤੇ ਗਏ।”

‘2700 ਯਜ਼ੀਦੀ ਬੀਬੀਆਂ ਤੇ ਬੱਚੇ ਹਾਲੇ ਵੀ ਲਾਪਤਾ’
ਕਿਨਾਇਤ ਮੁਤਾਬਕ 6,417 ਯਜ਼ੀਦੀ ਬੰਧਕ ਬਣਾਏ ਗਏ ਸੀ ਪਰ 3,568 ਜਾਂ ਤਾਂ ਬਚ ਨਿਕਲੇ ਜਾਂ ਰੈਸਕਿਊ ਕੀਤੇ ਗਏ।
ਬਹਿਜ਼ਾਦ ਨੇ ਖ਼ੁਦ 55 ਲੋਕ ਰੈਸਕਿਊ ਕੀਤੇ ਪਰ ਪਰਵਾਸ ਲਈ ਕੌਮਾਂਤਰੀ ਸੰਸਥਾ(IOM) ਦੇ ਮੁਤਾਬਕ, 2700 ਯਜ਼ੀਦੀ ਬੀਬੀਆਂ ਤੇ ਬੱਚੇ ਹਾਲੇ ਵੀ ਲਾਪਤਾ ਹਨ। ਉਨ੍ਹਾਂ ਵਿੱਚੋਂ ਕਈ ਹਾਲੇ ਵੀ ਅਗਵਾਕਾਰਾਂ ਕੋਲ ਹੋ ਸਕਦੇ ਹਨ।
ਬਹਿਜ਼ਾਦ ਕਹਿੰਦੇ ਹਨ ਕਿ ਪੀੜਤਾਂ ਤੱਕ ਪਹੁੰਚਣਾ ਹੋਰ ਵੀ ਗੁੰਝਲਦਾਰ ਹੋ ਗਿਆ ਹੈ। ਆਈਐੱਸ ਦੀ ਹਾਰ ਤੋਂ ਬਾਅਦ, ਲੜਾਕੇ ਅਤੇ ਉਨ੍ਹਾਂ ਦੇ ਪਰਿਵਾਰ ਹੋਰ ਖੇਤਰਾਂ ਵਿੱਚ ਚਲੇ ਗਏ ਹਨ। ਕੁਝ ਤੁਰਕੀ, ਈਰਾਕ, ਸੀਰੀਆ ਅਤੇ ਇੱਥੋਂ ਤੱਕ ਕਿ ਕੁਝ ਯੂਰਪ ਵਿੱਚ ਵੀ।
ਬਹਿਜ਼ਾਦ ਕਹਿੰਦੇ ਹਨ ਕਿ ਅਗਵਾ ਹੋਣ ਵੇਲੇ ਜੋ ਯਜ਼ੀਦੀ ਬੱਚੇ ਪੰਜ-ਛੇ ਸਾਲ ਦੇ ਸੀ, ਉਹ ਆਪਣੀ ਭਾਸ਼ਾ ਜਾਂ ਪਛਾਣ ਪੂਰੀ ਤਰ੍ਹਾਂ ਭੁੱਲ ਚੁੱਕੇ ਹਨ। ਉਨ੍ਹਾਂ ਨੂੰ ਯਜ਼ੀਦੀ ਹੋਣ ਬਾਰੇ ਕੁਝ ਪਤਾ ਨਹੀਂ। ਉਹ ਆਪਣੇ ਪਰਿਵਾਰਾਂ ਨੂੰ ਵੀ ਭੁੱਲ ਚੁੱਕੇ ਹਨ।
ਭਵਿੱਖ ਦੀ ਧੁੰਦਲੀ ਤਸਵੀਰ
ਯਜ਼ੀਦੀ ਲੋਕਾਂ ਲਈ ਭਵਿੱਖ ਵੀ ਅਨਿਸ਼ਚਿਤਾਵਾਂ ਵਾਲਾ ਹੈ।
ਯਜ਼ੀਦੀਆਂ ਦੀ ਵਕਾਲਤ ਕਰਦੀ ਸਭ ਤੋਂ ਵੱਡੀ ਸੰਸਥਾ ਯਜ਼ਦਾ ਦੇ ਮੁਖੀ ਹੈਦਰ ਕਹਿੰਦੇ ਹਨ, “ਯਜ਼ੀਦੀ ਕਈ ਸਦੀਆਂ ਤੋਂ ਹਮਲੇ ਦਾ ਸ਼ਿਕਾਰ ਰਹੇ ਹਨ ਅਤੇ ਕਾਫ਼ੀ ਮੁਸਲਿਮ ਅਬਾਦੀ ਭਾਵੇਂ ਉਹ ਵੱਡੇ ਹੋਣ ਜਾਂ ਛੋਟੇ ਹਾਲੇ ਵੀ ਮੰਨਦੇ ਹਨ ਕਿ ਉਨ੍ਹਾਂ ਨੂੰ ਧਰਮ ਬਦਲ ਲੈਣਾ ਚਾਹੀਦਾ ਹੈ ਜਾਂ ਮਰ ਜਾਣਾ ਚਾਹੀਦਾ ਹੈ।”
ਉਹ ਕਹਿੰਦੇ ਹਨ, “ਇਸੇ ਲਈ ਅਸੀਂ ਮੰਨਦੇ ਹਾਂ ਕਿ ਖ਼ਤਰਾ ਸਿਰਫ਼ ਆਈਐੱਸ ਤੱਕ ਹੀ ਸੀਮਤ ਨਹੀਂ ਅਤੇ ਇਹੀ ਗੱਲ ਯਜ਼ੀਦੀਆਂ ਲਈ ਹੋਰ ਵੱਡਾ ਖ਼ਤਰਾ ਹੈ।”
ਆਈਐੱਸ ਤੋਂ ਬਚ ਕੇ ਸਿੰਜਾਰ ਛੱਡ ਕੇ ਆਏ ਕਰੀਬ 300,000 ਯਜ਼ੀਦੀਆਂ ਵਿੱਚੋਂ ਤਕਰੀਬਨ ਅੱਧੇ ਬਾਹਾਰ ਦੀ ਤਰ੍ਹਾਂ ਇਰਾਕ ਦੇ ਕੁਰਦਿਸ਼ ਖੇਤਰ ਵਿੱਚ ਕੈਂਪਾਂ ਵਿੱਚ ਰਹਿ ਰਹੇ ਹਨ। ਉਹ ਸਿੰਜਾਰ ਸਥਿਤ ਆਪਣੇ ਘਰਾਂ ਨੂੰ ਨਹੀਂ ਪਰਤ ਸਕਦੇ ਕਿਉਂਕਿ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ।
ਹੈਦਰ ਕਹਿੰਦੇ ਹਨ ਕਿ ਇਹ ਭਾਈਚਾਰਾ ਕਿਸੇ ਵੀ ਸਮੇਂ ਇੱਕ ਹੋਰ ਕਤਲੇਆਮ ਦਾ ਸ਼ਿਕਾਰ ਹੋ ਸਕਦਾ ਹੈ ਅਤੇ ਹੁਣ ਜਿਵੇਂ ਕਿ ਬਹੁਤ ਸਾਰੇ ਯਜ਼ੀਦੀ ਪਰਵਾਸ ਕਰ ਰਹੇ ਹਨ।
“ਉਨ੍ਹਾਂ ਲਈ ਸੁਰੱਖਿਆ ਭਾਵਨਾ ਮਹਿਸੂਸ ਕਰ ਸਕਣਾ ਬਹੁਤ ਅਹਿਮ ਹੈ। ਇਹ ਵੱਡੀ ਗੱਲ ਹੈ। ਉਹ ਸੁਰੱਖਿਅਤ ਮਹਿਸੂਸ ਨਹੀਂ ਕਰਦੇ।”
ਬਾਹਾਰ ਦੀ ਅਜ਼ਾਦੀ ਖ਼ਰੀਦਣ ਦੀ ਕੀਮਤ 20,000 ਡਾਲਰ ਰਹੀ। ਉਸ ਦੀ ਉਮਰ ਹੁਣ 40 ਹੈ, ਪਰ ਉਹ ਆਪਣੀ ਉਮਰ ਤੋਂ ਵੱਡੀ ਦਿਸਦੀ ਹੈ। ਉਸ ਦੇ ਸਿਰ ਦੇ ਜ਼ਿਆਦਾ ਵਾਲ ਸਫ਼ੇਦ ਹੋ ਗਏ ਹਨ।
ਉਹ ਰੈਸਕਿਊ ਬਾਅਦ ਕਰੀਬ ਅੱਠ ਸਾਲ ਕੈਂਪ ਵਿੱਚ ਰਹੀ ਹੈ। ਆਪਣੇ ਟੈਂਟ ਵਿੱਚ ਇੱਕ ਗੱਦੇ ‘ਤੇ ਬੈਠ ਕੇ ਉਹ ਪਲਾਸਿਟਕ ਦਾ ਇੱਕ ਫੋਲਡਰ ਕੱਢਦੀ ਹੈ ਜਿਸ ਵਿੱਚ ਉਸ ਦੇ ਲਾਪਤਾ ਪਰਿਵਾਰਕ ਜੀਆਂ ਦੀਆਂ ਤਸਵੀਰਾਂ ਹਨ।
‘ਜਿਉਂਦੇ ਜੀਅ ਮਰਿਆਂ ਵਰਗੇ ਹਾਂ’
ਪਤੀ ਅਤੇ ਬੇਟੇ ਨਾਲ ਕੀ ਹੋਇਆ, ਉਸ ਨੂੰ ਨਾ ਪਤਾ ਹੋਣਾ ਅਤੇ ਵਾਰ ਵਾਰ ਰੇਪ ਦਾ ਸ਼ਿਕਾਰ ਹੋਣ ਦੇ ਸਦਮੇ ਨੇ ਬਾਹਾਰ ਨੂੰ ਬਹੁਤ ਬਿਮਾਰ ਕਰ ਦਿੱਤਾ ਹੈ-ਸਰੀਰਕ ਪੱਖੋਂ ਵੀ ਅਤੇ ਮਾਨਸਿਕ ਪੱਖੋਂ ਵੀ।
ਉਸ ਦੇ ਬਾਕੀ ਬੱਚੇ ਹੁਣ ਵੀ ਉਸ ਦੇ ਨਾਲ ਹਨ ਪਰ ਉਹ ਕਹਿੰਦੀ ਹੈ ਕਿ ਬੱਚੇ ਹਾਲੇ ਵੀ ਸਦਮੇ ਵਿੱਚ ਹਨ ਅਤੇ ਹਰ ਵੇਲੇ ਘਬਰਾਏ ਰਹਿੰਦੇ ਹਨ। “ਹਾਲੇ ਵੀ ਮੇਰੀ ਬੇਟੇ ਦੇ ਕੁੱਟ-ਮਾਰ ਕਾਰਨ ਆਏ ਜਖਮ ਮੌਜੂਦ ਹਨ।”
ਬਾਹਾਰ ਕਹਿੰਦੀ ਹੈ, “ਮੈਨੂੰ ਲੜਦੇ ਰਹਿਣਾ ਪਵੇਗਾ ਅਤੇ ਅੱਗੇ ਵਧਦੇ ਰਹਿਣਾ ਪਵੇਗਾ। ਪਰ ਇਸ ਵੇਲੇ, ਜਿਸ ਤਰ੍ਹਾਂ ਦੇ ਹਾਲਾਤ ਵਿੱਚ ਹਾਂ ਅਸੀਂ ਜਿਉਂਦੇ ਜੀਅ ਮਰਿਆਂ ਵਰਗੇ ਹਾਂ।”












