ਟਾਇਟੈਨਿਕ ਜਹਾਜ਼ ਡੁੱਬਣ ਦੇ 112 ਸਾਲ ਬਾਅਦ ਵੀ ਇਹ ਚਾਰ ਰਹੱਸ ਬਰਕਰਾਰ ਹਨ

ਤਸਵੀਰ ਸਰੋਤ, Getty Images
- ਲੇਖਕ, ਐਡਿਸਨ ਵੇਗਾ
- ਰੋਲ, ਬੀਬੀਸੀ ਨਿਊਜ਼ ਬ੍ਰਾਜ਼ੀਲ ਤੋਂ
ਠੀਕ 112 ਸਾਲ ਪਹਿਲਾਂ, ਟਾਇਟੈਨਿਕ ਇੱਕ ਹਨੇਰੀ ਰਾਤ ਦੌਰਾਨ ਇੱਕ ਆਈਸਬਰਗ ਨਾਲ ਟਕਰਾ ਗਿਆ ਸੀ। ਉਸ ਸਮੇਂ ਜ਼ਿਆਦਾਤਰ ਯਾਤਰੀ ਨੀਂਦ ਵਿੱਚ ਸਨ।
ਹਾਦਸੇ ਦੇ ਸਮੇਂ, ਟਾਇਟੈਨਿਕ 41 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਇੰਗਲੈਂਡ ਦੇ ਸਾਊਥੈਂਪਟਨ ਤੋਂ ਅਮਰੀਕਾ ਦੇ ਨਿਊਯਾਰਕ ਵੱਲ ਜਾ ਰਿਹਾ ਸੀ।
ਸਿਰਫ਼ ਤਿੰਨ ਘੰਟਿਆਂ ਦੇ ਅੰਦਰ, 14 ਅਤੇ 15 ਅਪ੍ਰੈਲ, 1912 ਦੀ ਵਿਚਕਾਰਲੀ ਰਾਤ ਨੂੰ, ਟਾਇਟੈਨਿਕ ਅਟਲਾਂਟਿਕ ਮਹਾਂਸਾਗਰ ਵਿੱਚ ਡੁੱਬ ਗਿਆ।
ਜਿਸ ਜਹਾਜ਼ ਦੇ ਕਦੇ ਨਾ ਡੁੱਬਣ ਬਾਰੇ ਕਿਹਾ ਜਾਂਦਾ ਸੀ, ਉਹ ਡੁੱਬ ਗਿਆ। ਇਸ ਹਾਦਸੇ ਵਿੱਚ 1500 ਦੇ ਕਰੀਬ ਲੋਕ ਮਾਰੇ ਗਏ ਸਨ। ਇਸ ਨੂੰ 112 ਸਾਲ ਬਾਅਦ ਵੀ ਸਭ ਤੋਂ ਵੱਡਾ ਸਮੁੰਦਰੀ ਹਾਦਸਾ ਮੰਨਿਆ ਜਾ ਰਿਹਾ ਹੈ।
ਸਤੰਬਰ 1985 ਵਿੱਚ ਹਾਦਸੇ ਵਾਲੀ ਥਾਂ ਤੋਂ ਮਲਬਾ ਹਟਾਇਆ ਗਿਆ। ਹਾਦਸੇ ਤੋਂ ਬਾਅਦ ਜਹਾਜ਼ ਕੈਨੇਡਾ ਤੋਂ 650 ਕਿਲੋਮੀਟਰ ਦੀ ਦੂਰੀ 'ਤੇ 3,843 ਮੀਟਰ ਦੀ ਡੂੰਘਾਈ 'ਤੇ ਦੋ ਹਿੱਸਿਆਂ ਵਿੱਚ ਟੁੱਟ ਗਿਆ ਸੀ।
ਦੋਵੇਂ ਹਿੱਸੇ ਇੱਕ ਦੂਜੇ ਤੋਂ 800 ਮੀਟਰ ਦੀ ਦੂਰੀ 'ਤੇ ਸਨ।
ਇਸ ਹਾਦਸੇ ਦੇ 112 ਸਾਲ ਬਾਅਦ ਵੀ ਇਸ ਹਾਦਸੇ ਨੂੰ ਲੈ ਕੇ ਰਹੱਸ ਬਣਿਆ ਹੋਇਆ ਹੈ।
ਬੀਬੀਸੀ ਨਿਊਜ਼ ਬ੍ਰਾਜ਼ੀਲ ਨੇ ਕੁਝ ਮਾਹਿਰਾਂ ਨਾਲ ਗੱਲ ਕਰਕੇ ਇਨ੍ਹਾਂ ਰਹੱਸਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਹੈ।
1. 'ਇਹ ਜਹਾਜ਼ ਡੁੱਬ ਨਹੀਂ ਸਕਦਾ'
ਇਸ ਵੱਡੇ ਜਹਾਜ਼ ਬਾਰੇ ਕਿਹਾ ਜਾਂਦਾ ਸੀ ਕਿ ਇਹ ਡੁੱਬ ਨਹੀਂ ਸਕਦਾ, ਰੱਬ ਵੀ ਇਸ ਨੂੰ ਡੋਬ ਨਹੀਂ ਸਕਦਾ। ਇਸ ਭਰੋਸੇ ਦੇ ਆਪਣੇ ਹੀ ਕਾਰਨ ਸਨ।
ਫੈਡਰਲ ਯੂਨੀਵਰਸਿਟੀ ਆਫ਼ ਰੀਓ ਡੀ ਜੇਨੇਰੀਓ ਦੇ ਨੇਵਲ ਅਤੇ ਸਮੁੰਦਰੀ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਅਤੇ ਇੰਜੀਨੀਅਰ ਅਲੈਗਜ਼ੈਂਡਰ ਡੀ ਪਿਨਹੋ ਅਲਹੋ ਨੇ ਕਿਹਾ, "ਇੰਜੀਨੀਅਰਿੰਗ ਪੱਖੋ, ਇਹ ਡਿਜ਼ਾਈਨ ਦੇ ਆਧਾਰ 'ਤੇ ਵਿਕਸਤ ਕੀਤਾ ਗਿਆ ਪਹਿਲਾ ਜਹਾਜ਼ ਸੀ। ਜੇਕਰ ਜਹਾਜ਼ ਦਾ ਇੱਕ ਕਮਰਾ ਪਾਣੀ ਨਾਲ ਭਰ ਜਾਵੇ ਤਾਂ ਦੂਜੇ ਕਮਰੇ ਨੂੰ ਡੋਬ ਨਹੀਂ ਸਕਦਾ ਸੀ।”
ਇਸ ਜਹਾਜ਼ ਨੂੰ ਤਿਆਰ ਕਰਨ ਸਮੇਂ ਕੁਝ ਮੁਸ਼ਕਲਾਂ ਵੀ ਆਈਆਂ ਸਨ। ਜਹਾਜ਼ ਦੀ ਉੱਚਾਈ ਜ਼ਿਆਦਾ ਰੱਖੀ ਗਈ ਤਾਂ ਜੋ ਬਿਜਲੀ ਦੀਆਂ ਤਾਰਾਂ ਅਤੇ ਪਾਣੀ ਦੀਆਂ ਪਾਈਪਾਂ ਸਹੀ ਢੰਗ ਨਾਲ ਕੰਮ ਕਰਨ। ਇਸ 'ਤੇ ਕਾਫੀ ਸੋਚ-ਵਿਚਾਰ ਕੀਤੀ ਗਈ ਸੀ।
ਪ੍ਰੋਫੈਸਰ ਅਲਹੋ ਦੇ ਅਨੁਸਾਰ, "ਇਸ 'ਤੇ ਵਿਚਾਰ ਕਰਨ ਤੋਂ ਬਾਅਦ, ਉਨ੍ਹਾਂ ਨੇ ਜਹਾਜ਼ ਦੀ ਉੱਚਾਈ ਨਿਰਧਾਰਤ ਕੀਤੀ, ਹੜ੍ਹ ਆਉਣ ਦੀ ਸਥਿਤੀ ਵਿੱਚ ਵੀ, ਉਨ੍ਹਾਂ ਨੇ ਅੰਦਾਜ਼ਾ ਲਗਾਇਆ ਕਿ ਪਾਣੀ ਛੱਤ ਦੀ ਉੱਚਾਈ ਤੱਕ ਨਹੀਂ ਪਹੁੰਚੇਗਾ। ਉਨ੍ਹਾਂ ਨੇ ਛੱਤ 'ਤੇ ਸੁਰੱਖਿਅਤ ਡੱਬੇ ਵੀ ਬਣਾਏ ਸਨ।"
ਪਰ ਕਿਸੇ ਨੇ ਆਈਸਬਰਗ ਨਾਲ ਜ਼ਬਰਦਸਤ ਟੱਕਰ ਬਾਰੇ ਨਹੀਂ ਸੋਚਿਆ ਹੋਵੇਗਾ।

ਤਸਵੀਰ ਸਰੋਤ, Getty Images
ਪ੍ਰੋਫੈਸਰ ਅਲਹੋ ਨੇ ਕਿਹਾ, "ਟੱਕਰ ਇੰਨੀ ਜ਼ਬਰਦਸਤ ਸੀ ਕਿ ਜਹਾਜ਼ ਦੇ ਮੁੱਖ ਹਿੱਸੇ ਵਿੱਚ ਅੱਧੀ ਲੰਬਾਈ ਤੱਕ ਇੱਕ ਸੁਰਾਖ ਹੋ ਗਿਆ। ਅਜਿਹੀ ਸਥਿਤੀ ਵਿੱਚ, ਪਾਣੀ ਛੱਤ ਤੱਕ ਪਹੁੰਚ ਗਿਆ।"
"ਜਹਾਜ਼ ਪਾਣੀ ਨਾਲ ਭਰਨ ਲੱਗਾ ਸੀ। ਅਜਿਹੀ ਸਥਿਤੀ ਵਿੱਚ ਬਚਾਅ ਸੰਭਵ ਨਹੀਂ ਹੈ। ਤੁਸੀਂ ਪਾਣੀ ਨੂੰ ਕੱਢਣ ਲਈ ਸਾਰੇ ਪੰਪਾਂ ਨੂੰ ਲਗਾ ਸਕਦੇ ਹੋ, ਪਰ ਜਿਸ ਰਫ਼ਤਾਰ ਨਾਲ ਪਾਣੀ ਅੰਦਰ ਆ ਰਿਹਾ ਹੈ, ਉਸ ਗਤੀ ਨਾਲ ਬਾਹਰ ਨਹੀਂ ਕੱਢ ਸਕਦੇ।"
ਜਹਾਜ਼ ਨਿਰਮਾਤਾ ਅਤੇ ਨੇਵੀਗੇਟਰ ਸਿਵਲ ਇੰਜੀਨੀਅਰ ਥੀਏਰੀ ਦੱਸਦੇ ਹਨ, "ਟਾਇਟੈਨਿਕ ਦਾ ਪ੍ਰਚਾਰ ਇਸ ਤਰੀਕੇ ਨਾਲ ਕੀਤਾ ਗਿਆ ਕਿ ਇਹ ਡੁੱਬ ਨਹੀਂ ਸਕਦਾ ਸੀ। ਇਸ ਦਾ ਕਾਰਨ ਇਹ ਸੀ ਕਿ ਬਹੁਤ ਸਾਰੇ ਤਹਿਖਾਨੇ ਬਣਾਏ ਗਏ ਸਨ ਜੋ ਪਾਣੀ ਨਾ ਲੰਘਣ ਦੇਣ ਵਾਲੀਆਂ ਕੰਧਾਂ ਦੇ ਬਣੇ ਹੋਏ ਸਨ।”
“ਤਹਿਖਾਨਿਆਂ ਦੀਆਂ ਦੋ ਕਤਾਰਾਂ ਵਿੱਚ ਪਾਣੀ ਭਰ ਜਾਣ ਦੇ ਬਾਵਜੂਦ ਵੀ ਜਹਾਜ਼ ਡੁੱਬਣ ਵਾਲਾ ਨਹੀਂ ਸੀ। ਪਰ ਆਈਸਬਰਗ ਨਾਲ ਟਕਰਾਉਣ ਕਾਰਨ ਜਹਾਜ਼ ਦਾ ਕਾਫ਼ੀ ਨੁਕਸਾਨ ਹੋਇਆ ਅਤੇ ਵਾਟਰਟਾਈਟ ਕੰਪਾਰਟਮੈਂਟਸ ਦੀਆਂ ਕਈ ਕੰਧਾਂ ਨਸ਼ਟ ਹੋ ਗਈਆਂ।”
ਫਲੂਮਿਨੈਂਸ ਫੈਡਰਲ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਟਰਾਂਸਪੋਰਟ ਇੰਜੀਨੀਅਰ ਔਰਿਲੋ ਸੋਰਾਸ ਮੂਰਤਾ ਮੁਤਾਬਕ, ''ਟਾਈਟੈਨਿਕ ਦਾ ਵਾਟਰ ਟਾਈਟ ਕੰਪਾਰਟਮੈਂਟ ਬੰਦ ਕਰਨ ਵਾਲਾ ਸਿਸਟਮ ਵੀ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ।''
ਉਸ ਸਮੇਂ ਜਹਾਜ਼ ਬਣਾਉਣ ਲਈ ਵਰਤੀ ਜਾਂਦੀ ਧਾਤੂ ਮੌਜੂਦਾ ਸਮੇਂ ਦੀ ਸਟੀਲ ਜਿੰਨੀ ਮਜ਼ਬੂਤ ਨਹੀਂ ਸੀ।

ਤਸਵੀਰ ਸਰੋਤ, Getty Images
ਸੋਰਾਸ ਮੂਰਤਾ ਨੇ ਕਿਹਾ, "ਟੱਕਰ ਤੋਂ ਬਾਅਦ ਜਹਾਜ਼ ਦੀ ਬਣਤਰ ਵਿੱਚ ਬਦਲਾਅ ਆਇਆ। ਦਰਵਾਜ਼ੇ ਬੰਦ ਨਹੀਂ ਹੋ ਰਹੇ ਸਨ, ਉਹ ਫਸ ਗਏ ਸਨ। ਉਸ ਸਮੇਂ ਵੀ ਟਾਇਟੈਨਿਕ ਸ਼ੁੱਧ ਸਟੀਲ ਦਾ ਬਣਿਆ ਹੋਇਆ ਸੀ, ਪਰ ਉਸ ਸਮੇਂ ਦਾ ਸਟੀਲ ਅੱਜ ਦੇ ਸਟੀਲ ਵਾਂਗ ਮਜ਼ਬੂਤ ਨਹੀਂ ਸੀ।"
ਸਾਓ ਪੌਲੋ ਵਿੱਚ ਮੈਕੇਂਜੀ ਪਰਸਬੀਟੇਰੀਅਨ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਅਤੇ ਧਾਤੂ ਵਿਗਿਆਨਿਕ ਇੰਜੀਨੀਅਰ, ਜਾਨ ਵੈਤਾਵੁਕ ਦੱਸਦੇ ਹਨ ਕਿ 1940 ਦੇ ਦਹਾਕੇ ਤੱਕ, ਇੱਕ ਜਹਾਜ਼ ਦਾ ਮੁੱਖ ਹਿੱਸਾ ਸ਼ੀਟ ਮੈਟਲ ਦਾ ਬਣਿਆ ਹੁੰਦਾ ਸੀ।
ਹਾਲਾਂਕਿ, ਬਾਅਦ ਵਿੱਚ ਧਾਤਾਂ ਨੂੰ ਪਿਘਲਾ ਕੇ ਜਹਾਜ਼ਾਂ ਦਾ ਮੁੱਖ ਹਿੱਸਾ ਬਣਾਉਣ ਲਈ ਵਰਤਿਆ ਗਿਆ।
ਵੈਤਾਵੁਕ ਦੱਸਦੇ ਹਨ, "ਉਦੋਂ ਤੋਂ ਲੈ ਕੇ ਹੁਣ ਤੱਕ ਤਕਨੀਕ ਅਤੇ ਸਮੱਗਰੀ ਬਹੁਤ ਬਦਲ ਗਈ ਹੈ। ਹੁਣ ਧਾਤ ਨੂੰ ਪਿਘਲਾ ਕੇ ਸੀਟਾਂ ਨੂੰ ਜੋੜਿਆ ਜਾਂਦਾ ਹੈ। ਸਟੀਲ ਬਣਾਉਣ ਵਿੱਚ ਵੀ ਕਾਰਬਨ ਦੀ ਵਰਤੋਂ ਘਟਣ ਲੱਗੀ ਹੈ ਅਤੇ ਮੈਂਗਨੀਜ਼ ਦੀ ਵਰਤੋਂ ਵੱਧਣ ਲੱਗੀ ਹੈ। ਅੱਜ ਦਾ ਸਟੀਲ ਬਹੁਤ ਮਜ਼ਬੂਤ ਹੈ।"
ਵੈਤਾਵੁਕ ਦੇ ਅਨੁਸਾਰ, ਅੱਜ ਦੇ ਜਹਾਜ਼ ਪਾਣੀ, ਸਮੁੰਦਰੀ ਲਹਿਰਾਂ ਦੇ ਉਤਰਾਅ-ਚੜ੍ਹਾਅ ਅਤੇ ਸਮੁੰਦਰੀ ਤੂਫਾਨਾਂ ਦੇ ਅਨੁਕੂਲ ਹੋਣ ਦੇ ਜ਼ਿਆਦਾ ਸਮਰੱਥ ਹਨ।

ਤਸਵੀਰ ਸਰੋਤ, Getty Images
2. 'ਬਲੂ ਬੈਂਡ' ਦੀ ਦੌੜ
ਵੱਡੇ ਹਾਦਸਿਆਂ ਤੋਂ ਬਾਅਦ ਇਸ ਦੇ ਕਾਰਨਾਂ ਵਿੱਚ ਹਮੇਸ਼ਾ ਮਨੁੱਖੀ ਗਲਤੀਆਂ ਪਾਈਆਂ ਜਾਂਦੀਆਂ ਹਨ।
ਮਾਹਰਾਂ ਦੇ ਅਨੁਸਾਰ, ਆਈਸਬਰਗ ਨਾਲ ਵਾਲੇ ਖੇਤਰ ’ਚੋਂ ਲੰਘਣ ਦੀਆਂ ਮੁਸ਼ਕਲਾਂ ਦੇ ਬਾਵਜੂਦ ਸਫਰ ਨੂੰ ਜਲਦੀ ਪੂਰਾ ਕਰਨ ਲਈ ਬਹੁਤ ਦਬਾਅ ਸੀ।
ਅਸਲ 'ਚ ਇਹ ਦਬਾਅ 'ਨੀਲਾ ਬੈਂਡ' ਹਾਸਿਲ ਕਰਨ ਦਾ ਸੀ। ਸਾਲ 1839 ਵਿੱਚ ਸ਼ੁਰੂ ਹੋਇਆ, ਇਹ ਸਨਮਾਨ ਸਭ ਤੋਂ ਤੇਜ਼ੀ ਨਾਲ ਅਟਲਾਂਟਿਕ ਮਹਾਸਾਗਰ ਨੂੰ ਪਾਰ ਕਰਨ ਵਾਲੇ ਜਹਾਜ਼ ਨੂੰ ਦਿੱਤਾ ਗਿਆ। ਟਾਇਟੈਨਿਕ ਨੂੰ ਇਸ ਸਨਮਾਨ ਦਾ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨਿਆ ਜਾਂਦਾ ਸੀ।
ਪ੍ਰੋਫੈਸਰ ਅਲਹੋ ਨੇ ਕਿਹਾ, "ਉਸ ਸਮੇਂ ਦੇ ਹਿਸਾਬ ਨਾਲ ਟਾਇਟੈਨਿਕ ਨੂੰ ਬਣਾਉਣ ਲਈ ਸਭ ਤੋਂ ਵਧੀਆ ਇੰਜਨੀਅਰਿੰਗ ਅਤੇ ਤਕਨੀਕ ਦੀ ਵਰਤੋਂ ਕੀਤੀ ਗਈ ਸੀ। ਉਸ ਸਮੇਂ ਇਸ ਜਹਾਜ਼ ਨੂੰ ਬਣਾਉਣ ਲਈ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਵਿਚਕਾਰ ਮੁਕਾਬਲਾ ਸੀ। ਉਸ ਸਮੇਂ ਇੰਗਲੈਂਡ ਅਤੇ ਜਰਮਨੀ ਵਿਚਕਾਰ ਸਭ ਤੋਂ ਲੰਬਾ ਅਤੇ ਸਭ ਤੋਂ ਤੇਜ਼ ਜਹਾਜ਼ ਬਣਾਉਣ ਦੀ ਦੌੜ ਸੀ।"

ਟਾਇਟੈਨਿਕ ਬਾਰੇ ਖਾਸ ਗੱਲਾਂ:
- ਟਾਇਟੈਨਿਕ ਨਾਮ ਦਾ ਇਹ ਜਹਾਜ਼ 269 ਮੀਟਰ ਲੰਬਾ ਸੀ ਅਤੇ ਉਸ ਵਕਤ ਸਟੀਲ ਨਾਲ ਬਣਾਇਆ ਗਿਆ ਸੀ।
- ਪਾਣੀ ਵਿੱਚ ਡੁੱਬੇ ਇਸ ਜਹਾਜ਼ ਦਾ ਮਲਬਾ ਅੱਜ ਤੱਕ ਉੱਥੇ ਹੀ ਪਿਆ ਹੈ। ਇਸ ਨੂੰ ਹਾਲੇ ਤੱਕ ਕੱਢਿਆ ਨਹੀਂ ਜਾ ਸਕਿਆ ਹੈ।
- ਟਾਈਟੈਨਿਕ ਨੂੰ ਬਣਾਉਣ ਵਾਲੀ ਕੰਪਨੀ ਵ੍ਹਾਈਟ ਸਟਾਰ ਲਾਈਨ ਦੇ ਮੈਨੇਜਿੰਗ ਡਾਇਰੈਕਟਰ ਜੇ ਬਰੂਸ ਇਸਮੇ ਇਸ ਵਿੱਚ ਸਫ਼ਰ ਕਰ ਰਹੇ ਸਨ।
- ਬਰੂਸ ਆਖਰੀ ਲਾਈਫਬੋਟ ਰਾਹੀਂ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਗਏ ਸਨ।

ਸਭ ਤੋਂ ਵੱਡੇ ਅਤੇ ਤੇਜ਼ ਜਹਾਜ਼ ਨੂੰ ਅਧਿਕਾਰਤ ਤੌਰ 'ਤੇ ਨੀਲਾ ਬੈਂਡ ਮਿਲਦਾ ਸੀ। ਇਸ ਉਪਲਬਧੀ ਨੂੰ ਹਾਸਲ ਕਰਨ ਲਈ ਕਿਸੇ ਵੀ ਜਹਾਜ਼ ਲਈ ਪਹਿਲੀ ਯਾਤਰਾ ਸਭ ਤੋਂ ਮਹੱਤਵਪੂਰਨ ਮੰਨੀ ਜਾਂਦੀ ਸੀ।
ਅਲਹੋ ਦੇ ਅਨੁਸਾਰ, "ਪਹਿਲੀ ਸਮੁੰਦਰੀ ਯਾਤਰਾ ਦੌਰਾਨ ਜਹਾਜ਼ ਦੀ ਸਥਿਤੀ ਸਭ ਤੋਂ ਵਧੀਆ ਹੁੰਦੀ ਹੈ, ਜਹਾਜ਼ ਪਹਿਲੀ ਯਾਤਰਾ ਵਿੱਚ ਸਭ ਤੋਂ ਤੇਜ਼ ਰਫਤਾਰ ਨਾਲ ਚੱਲਦਾ ਹੈ ਅਤੇ ਟਾਇਟੈਨਿਕ ਨੇ ਵੀ ਸਭ ਤੋਂ ਤੇਜ਼ ਰਫਤਾਰ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਸੀ।"
ਹਾਦਸੇ ਵਿੱਚ ਬਚੇ ਹੋਏ ਲੋਕਾਂ ਵਿੱਚੋਂ ਕਈਆਂ ਨੇ ਦੱਸਿਆ ਕਿ ਜਹਾਜ਼ ਦੇ ਕਪਤਾਨ ਨੂੰ ਆਸ-ਪਾਸ ਦੇ ਇਲਾਕੇ ਵਿੱਚ ਆਈਸਬਰਗ ਬਾਰੇ ਜਾਣਕਾਰੀ ਮਿਲੀ ਸੀ, ਪਰ ਉਨ੍ਹਾਂ ਨੇ ਜਹਾਜ਼ ਨੂੰ ਹੌਲੀ ਨਹੀਂ ਕੀਤਾ, ਕਿਉਂਕਿ ਉਹ ਸਭ ਤੋਂ ਤੇਜ਼ ਰਫ਼ਤਾਰ ਨਾਲ ਅਟਲਾਂਟਿਕ ਮਹਾਸਾਗਰ ਨੂੰ ਪਾਰ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨਾ ਚਾਹੁੰਦੀ ਸੀ।

ਤਸਵੀਰ ਸਰੋਤ, Getty Images
3. ਟਾਈਟੈਨਿਕ ਇਕੱਲਾ ਨਹੀਂ ਸੀ
ਟਾਇਟੈਨਿਕ ਇਕੱਲਾ ਨਹੀਂ ਸੀ। ਇਸ ਜਹਾਜ਼ ਨੂੰ ਚਲਾਉਣ ਵਾਲੀ ਕੰਪਨੀ ਵ੍ਹਾਈਟ ਸਟਾਰ ਲਾਈਨ ਨੇ 20ਵੀਂ ਸਦੀ ਦੇ ਸ਼ੁਰੂ ਵਿਚ ਬੇਲਫਾਸਟ ਸ਼ਹਿਰ ਦੇ ਹਾਰਲੈਂਡ ਅਤੇ ਵੁਲਫ ਸ਼ਿਪਯਾਰਡ ਵਿੱਚ ਤਿੰਨ ਜਹਾਜ਼ ਬਣਾਉਣ ਦਾ ਆਰਡਰ ਦਿੱਤੇ ਸਨ।
ਉਮੀਦ ਕੀਤੀ ਜਾ ਰਹੀ ਸੀ ਕਿ ਵਿਸ਼ਵ ਪੱਧਰੀ ਡਿਜ਼ਾਈਨ ਟੀਮ ਵੱਲੋਂ ਬਣਾਏ ਗਏ ਇਹ ਤਿੰਨ ਜਹਾਜ਼ ਦੁਨੀਆ ਦੇ ਸਭ ਤੋਂ ਲੰਬੇ, ਸੁਰੱਖਿਅਤ ਅਤੇ ਸਹੂਲਤਾਂ ਵਾਲੇ ਹੋਣਗੇ।
ਇੰਜਨੀਅਰ ਸਟੰਪ ਨੇ ਕਿਹਾ, "ਉਸ ਸਮੇਂ ਇਨ੍ਹਾਂ ਪ੍ਰੋਜੈਕਟਾਂ ਦਾ ਵੀ ਬਹੁਤ ਪ੍ਰਚਾਰ ਕੀਤਾ ਗਿਆ ਸੀ।"
1908 ਤੋਂ 1915 ਵਿੱਚ ਬਣੇ ਇਨ੍ਹਾਂ ਜਹਾਜ਼ਾਂ ਨੂੰ ਓਲੰਪਿਕ ਸ਼੍ਰੇਣੀ ਦੇ ਜਹਾਜ਼ ਕਿਹਾ ਜਾਂਦਾ ਸੀ।
1908 ਵਿੱਚ ਓਲੰਪਿਕ ਅਤੇ 1909 ਵਿੱਚ ਟਾਇਟੈਨਿਕ ਦਾ ਨਿਰਮਾਣ ਸ਼ੁਰੂ ਹੋਇਆ। ਤੀਸਰੇ ਜਹਾਜ਼, ਦਿ ਗੈਂਟਿਕ ਦਾ ਉਤਪਾਦਨ 1911 ਵਿੱਚ ਸ਼ੁਰੂ ਹੋਇਆ ਸੀ।
ਹਾਲਾਂਕਿ, ਤਿੰਨੋਂ ਜਹਾਜ਼ ਕਿਸੇ ਨਾ ਕਿਸੇ ਹਾਦਸੇ ਵਿੱਚ ਸ਼ਾਮਲ ਸਨ। ਓਲੰਪਿਕ ਜਹਾਜ਼ ਦੀ ਸੇਵਾ ਜੂਨ 1911 ਵਿੱਚ ਸ਼ੁਰੂ ਹੋਈ ਸੀ, ਉਸੇ ਸਾਲ ਇਹ ਇੱਕ ਜੰਗੀ ਜਹਾਜ਼ ਨਾਲ ਟਕਰਾ ਗਿਆ ਸੀ। ਮੁਰੰਮਤ ਤੋਂ ਬਾਅਦ ਇਸ ਦੀ ਸੇਵਾ ਮੁੜ ਸ਼ੁਰੂ ਹੋ ਗਈ ਸੀ।
ਪਹਿਲੇ ਵਿਸ਼ਵ ਯੁੱਧ ਦੇ ਦੌਰਾਨ, ਬ੍ਰਿਟਿਸ਼ ਨੇਵੀ ਨੇ ਇਸਦੀ ਵਰਤੋਂ ਸੈਨਿਕਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਤੱਕ ਪਹੁੰਚਾਉਣ ਲਈ ਕੀਤੀ ਸੀ। ਸਾਲ 1918 ਵਿੱਚ ਇਹ ਇੱਕ ਜਰਮਨ ਪਣਡੁੱਬੀ ਨਾਲ ਟਕਰਾ ਗਿਆ ਸੀ।
ਮੁਰੰਮਤ ਤੋਂ ਬਾਅਦ, ਇਸਦੀ ਵਰਤੋਂ 1920 ਤੋਂ ਬਾਅਦ ਫਿਰ ਸ਼ੁਰੂ ਹੋਈ। ਪੁਰਾਣਾ ਅਤੇ ਭਰੋਸੇਮੰਦ ਮੰਨਿਆ ਜਾਣ ਵਾਲਾ ਇਹ ਜਹਾਜ਼ 1935 ਤੱਕ ਵਰਤਿਆ ਜਾਂਦਾ ਰਿਹਾ।
ਟਾਈਟੈਨਿਕ ਨੇ 10 ਅਪ੍ਰੈਲ 1912 ਨੂੰ ਆਪਣੀ ਪਹਿਲੀ ਯਾਤਰਾ ਸ਼ੁਰੂ ਕੀਤੀ ਸੀ। ਇਹ ਸਾਉਥੈਂਪਟਨ ਬੰਦਰਗਾਹ ਦੇ ਬਾਹਰ ਇੱਕ ਹੋਰ ਜਹਾਜ਼ ਨਾਲ ਟਕਰਾਉਂਦਾ- ਟਕਰਾਉਂਦਾ ਬੱਚ ਗਿਆ ਸੀ। ਇਹ 14 ਅਪ੍ਰੈਲ ਨੂੰ ਇਤਿਹਾਸਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
ਗੈਂਟਿਕ ਦੀ ਵੀ ਜ਼ਿਆਦਾ ਵਰਤੋਂ ਨਹੀਂ ਹੋਈ। ਇਸ ਦਾ ਨਾਂ ਬਦਲ ਕੇ ਬ੍ਰਿਟੈਨਿਕ ਰੱਖ ਦਿੱਤਾ ਗਿਆ ਸੀ।
ਬ੍ਰਿਟਿਸ਼ ਨੇਵੀ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਇਸ ਨੂੰ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਸੀ। ਇਹ ਜਹਾਜ਼ ਨਵੰਬਰ, 1916 ਵਿੱਚ ਡੁੱਬ ਗਿਆ ਸੀ।
ਇਹ ਤਿੰਨੇ ਜਹਾਜ਼ ਆਪਣੇ ਸਮੇਂ ਵਿਚ ਕਾਫੀ ਵੱਡੇ ਸਨ ਪਰ ਅੱਜ ਦੇ ਮੁਕਾਬਲੇ ਇਹ ਬਹੁਤ ਛੋਟੇ ਕਹੇ ਜਾਣਗੇ।
ਮੂਰਤਾ ਕਹਿੰਦੇ ਹਨ, "ਅੱਜ ਦੇ ਜਹਾਜ਼ਾਂ ਦੇ ਮੁਕਾਬਲੇ ਉਹ ਸਿਰਫ਼ ਇੱਕ ਕਿਸ਼ਤੀ ਸਨ।"
ਟਾਇਟੈਨਿਕ ਦੀ ਲੰਬਾਈ 269 ਮੀਟਰ ਸੀ। ਚਾਲਕ ਦਲ ਅਤੇ ਯਾਤਰੀਆਂ ਸਮੇਤ, ਇਸ ਵਿੱਚ ਲਗਭਗ 3300 ਲੋਕਾਂ ਦੇ ਠਹਿਰਣ ਦੀ ਸਹੂਲਤ ਸੀ।
ਅੱਜ ਦਾ ਸਭ ਤੋਂ ਵੱਡਾ ਸਮੁੰਦਰੀ ਜਹਾਜ਼ 'ਵੰਡਰ ਆਫ਼ ਦਿ ਸੀ' ਹੈ, ਜੋ ਕਿ 362 ਮੀਟਰ ਲੰਬਾ ਹੈ। ਇਸ ਜਹਾਜ਼ 'ਤੇ 2300 ਚਾਲਕ ਦਲ ਮੈਂਬਰਾਂ ਨਾਲ ਸੱਤ ਹਜ਼ਾਰ ਯਾਤਰੀ ਸਫ਼ਰ ਕਰ ਸਕਦੇ ਹਨ।

ਤਸਵੀਰ ਸਰੋਤ, Getty Images
4. ਵੱਡੀ ਗਿਣਤੀ ਮੌਤਾਂ ਦਾ ਕਾਰਨ ਕੀ ਸੀ?
ਟਾਇਟੈਨਿਕ ਹਾਦਸੇ 'ਚ ਕਰੀਬ 1500 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਵਿਵਸਥਾ ਨੂੰ ਸੁਧਾਰਨ ਦੀ ਕੋਸ਼ਿਸ਼ ਸ਼ੁਰੂ ਹੋ ਗਈ ਸੀ।
ਇਸ ਹਾਦਸੇ ਤੋਂ ਬਾਅਦ ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਲਈ ਰਾਡਾਰ ਵਰਗੇ ਉਪਕਰਨਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ।
ਪ੍ਰੋਫੈਸਰ ਅਲਹੋ ਦੱਸਦੇ ਹਨ, "ਰਾਡਾਰ ਦੀ ਵਰਤੋਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੀ ਸ਼ੁਰੂ ਹੋਈ ਸੀ। ਇਸ ਤੋਂ ਪਹਿਲਾਂ ਸਭ ਕੁਝ ਦੇਖਣ 'ਤੇ ਨਿਰਭਰ ਕਰਦਾ ਸੀ।''
''ਇੱਕ ਮਲਾਹ ਨੂੰ ਉੱਚਾਈ 'ਤੇ ਬਿਠਾਇਆ ਜਾਂਦਾ ਸੀ ਜਿੱਥੋਂ ਉਹ ਸਾਹਮਣੇ ਆਈਸਬਰਗ ਵਗੈਰਾ ਤੋਂ ਸੁਚੇਤ ਕਰ ਸਕਦਾ ਸੀ। ਬਸ ਇਹੋ ਤਰੀਕਾ ਵਰਤਿਆਂ ਜਾਂਦਾ ਸੀ। ਜਹਾਜ਼ ਤੇਜ਼ ਰਫਤਾਰ ਨਾਲ ਚੱਲਣ ਸਮੇਂ ਇਹ ਸੁਰੱਖਿਅਤ ਨਹੀਂ ਹੁੰਦਾ ਸੀ।"
ਟਾਇਟੈਨਿਕ ਹਾਦਸੇ ਨੇ ਸੁਰੱਖਿਆ ਪ੍ਰਬੰਧਾਂ 'ਤੇ ਜ਼ੋਰ ਦਿੱਤਾ। ਟਾਇਟੈਨਿਕ ਹਾਦਸੇ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਸਨ ਕਿਉਂਕਿ ਉਹਨਾਂ ਲਈ ਕੋਈ ਲਾਈਫਬੋਟ ਨਹੀਂ ਸੀ।
ਪ੍ਰੋਫ਼ੈਸਰ ਅਲਹੋ ਦੱਸਦੇ ਹਨ, "ਇਹ ਜਹਾਜ਼ ਕਦੇ ਵੀ ਨਹੀਂ ਡੁੱਬ ਸਕਦਾ। ਇਸ ਵਿਸ਼ਵਾਸ ਨਾਲ ਜਹਾਜ਼ ਵਿੱਚ ਸਿਰਫ਼ ਅੱਧੀਆਂ ਹੀ ਲਾਈਫਬੋਟ ਰੱਖੀਆਂ ਗਈਆਂ ਸਨ।"
ਮੂਰਤਾ ਨੇ ਕਿਹਾ, ''ਇਹ ਹਾਦਸਾ ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਤ ਹੋਇਆ। ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਲਈ ਸੰਸਥਾਗਤ ਢਾਂਚਾ ਬਣਾਇਆ ਗਿਆ ਸੀ। ਜਹਾਜ਼ਾਂ ਦੇ ਨਿਰਮਾਣ ਦੌਰਾਨ ਸੁਰੱਖਿਆ ਦੇ ਮਾਪਦੰਡਾਂ ਦਾ ਧਿਆਨ ਰੱਖਿਆ ਗਿਆ। ਇਸ 'ਚ ਲਗਾਤਾਰ ਸੁਧਾਰ ਕਰਨ ਦੀ ਯੋਜਨਾ ’ਤੇ ਕੰਮ ਹੋ ਰਿਹਾ ਹੈ।”
ਉਹ ਕਹਿੰਦੇ ਹਨ, "ਅੱਜ ਦੇ ਸਮੇਂ ਵਿੱਚ, ਰਾਡਾਰ ਅਤੇ ਸੋਨਾਰ ਬਹੁਤ ਪਹਿਲਾਂ ਆਈਸਬਰਗ ਦਾ ਪਤਾ ਲਗਾ ਲੈਂਦੇ ਹਨ। ਅੱਜ ਸਮੁੰਦਰੀ ਮੈਪਿੰਗ ਜਾਂ ਨੇਵੀਗੇਸ਼ਨਲ ਚਾਰਟ ਸਮੁੰਦਰੀ ਸਫ਼ਰ ਦੌਰਾਨ ਬਹੁਤ ਜ਼ਿਆਦਾ ਆਧੁਨਿਕ ਰੂਪ ਵਿੱਚ ਮੌਜੂਦ ਹਨ।"












