ਟਾਈਟਨ ਪਣਡੁੱਬੀ ’ਚ ‘ਹੋਇਆ ਧਮਾਕਾ’ ਕਿਹੜੇ ਹਾਲਾਤ ’ਚ ਹੁੰਦਾ ਹੈ, ਅਸੀਂ ਇਸ ਬਾਰੇ ਕੀ ਜਾਣਦੇ ਹਾਂ

ਅਮਰੀਕਾ ਦੇ ਅਧਿਕਾਰੀਆਂ ਨੇ 18 ਜੂਨ ਨੂੰ ਟਾਇਟੈਨਿਕ ਦਾ ਮਲਬਾ ਦੇਖਣ ਗਈ ਅਤੇ ਲਾਪਤਾ ਹੋਈ ਟਾਇਟਨ ਸਬਮਰਸੀਬਲ ਪਣਡੁੱਬੀ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਹਾਦਸੇ ਦੀ ਜਾਂਚ ਜਾਰੀ ਹੈ।
ਅਮਰੀਕਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਤਰੀ ਅਟਲਾਂਟਿਕ ਵਿੱਚ ਤੈਨਾਤ ਅਤੇ ਮਲਬੇ ਦੀ ਜਾਂਚ ਕਰਨ ਵਾਲੇ ਅਧਿਕਾਰੀ ਇਸ ਸਿੱਟੇ 'ਤੇ ਪਹੁੰਚੇ ਹਨ ਕਿ ਓਸ਼ਨਗੇਟ ਦੀ ਟਾਈਟਨ ਸਬਮਰਸੀਬਲ ਪਣਡੁੱਬੀ ਇੱਕ "ਵਿਨਾਸ਼ਕਾਰੀ ਧਮਾਕੇ" (ਅੰਦਰੂਨੀ ਧਮਾਕੇ) ਦਾ ਸ਼ਿਕਾਰ ਹੋਈ ਹੈ, ਜਿਸ ਵਿੱਚ ਪਣਡੁੱਬੀ 'ਚ ਸਵਾਰ ਸਾਰੇ ਪੰਜ ਯਾਤਰੀ ਤੁਰੰਤ ਹੀ ਮਾਰੇ ਗਏ।
ਯੂਐਸ ਨੇਵੀ ਦਾ ਕਹਿਣਾ ਹੈ ਕਿ ਲੰਘੇ ਐਤਵਾਰ ਨੂੰ ਜਦੋਂ ਪਣਡੁੱਬੀ 3,800 ਮੀਟਰ (12,467 ਫੁੱਟ) 'ਤੇ ਪਏ ਟਾਈਟੈਨਿਕ ਦੇ ਮਲਬੇ ਕੋਲ ਹੇਠਾਂ ਉਤਰੀ ਤਾਂ ਉਸ ਦਾ ਸੰਪਰਕ ਆਪਣੇ ਸਹਾਇਕ ਜਹਾਜ਼ ਨਾਲ ਟੁੱਟ ਗਿਆ।
ਜਿਸ ਤੋਂ ਥੋੜ੍ਹੀ ਦੇਰ ਬਾਅਦ "ਧਮਾਕੇ ਦੀਆਂ ਇਕਸਾਰ" ਆਵਾਜ਼ਾਂ ਸੁਣਾਈ ਦਿੱਤੀਆਂ ਸਨ।
ਹਾਲਾਂਕਿ ਇਹ ਜਾਣਕਾਰੀ ਬਾਅਦ ਵਿੱਚ ਵੀਰਵਾਰ ਨੂੰ ਜਨਤਕ ਕੀਤੀ ਗਈ।
ਕੈਨੇਡਾ ਦੇ ਨਿਊਫਾਊਂਡਲੈਂਡ ਸੂਬੇ ਦੇ ਨੇੜਲੇ ਖੇਤਰ ਵਿੱਚ ਇੱਕ ਵੱਡੇ ਖੋਜ ਅਭਿਆਨ ਤੋਂ ਬਾਅਦ ਪਣਡੁੱਬੀ ਦੇ ਤਬਾਹ ਹੋਣ ਦੀ ਪੁਸ਼ਟੀ ਕੀਤੀ ਗਈ।
ਕਿਉਂ ਹੋਇਆ ਪਣਡੁੱਬੀ 'ਚ ਧਮਾਕਾ?

ਤਸਵੀਰ ਸਰੋਤ, Reuters
ਮੰਨਿਆ ਜਾ ਰਿਹਾ ਹੈ ਕਿ ਪਾਣੀ ਦਾ ਦਬਾਅ ਬਹੁਤ ਜ਼ਿਆਦਾ ਹੋਣ ਕਾਰਨ ਪਣਡੁੱਬੀ ਦੀ ਬਾਹਰਲੀ ਪਰਤ ਤਬਾਹ ਹੋ ਗਈ ਸੀ।
ਹਾਲਾਂਕਿ ਇਸ ਪਣਡੁੱਬੀ ਨੂੰ ਅਜਿਹੇ ਦਬਾਅ ਦਾ ਸਾਹਮਣਾ ਕਰਨ ਦੇ ਹਿਸਾਬ ਨਾਲ ਹੀ ਬਣਾਇਆ ਗਿਆ ਸੀ। ਮਾਹਰ ਹੁਣ ਇਹ ਜਾਣਨ ਦੀ ਕੋਸ਼ਿਸ਼ ਕਰਨਗੇ ਕਿ ਅਸਲ ਵਿੱਚ ਕੀ ਗੜਬੜੀ ਹੋਈ ਕਿ ਪਣਡੁੱਬੀ ਨਾਲ ਇਹ ਹਾਦਸਾ ਵਾਪਰਿਆ।
ਇਸ ਦੇ ਲਈ ਪਣਡੁੱਬੀ ਦੇ ਮਲਬੇ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ, ਜਿਸ ਨਾਲ ਕਾਰਨਾਂ ਦਾ ਪਤਾ ਲਗਾਉਣਾ ਸੌਖਾ ਹੋਵੇਗਾ।
ਅਨੁਮਾਨ ਹੈ ਕਿ ਜਦੋਂ ਪਣਡੁੱਬੀ ਦਾ ਸਮਹਾਇਕ ਜਹਾਜ਼ ਨਾਲ ਸੰਪਰਕ ਟੁੱਟਿਆ ਤਾਂ ਇਹ ਸਮੁੰਦਰੀ ਸਤਿਹ ਤੋਂ 3,500 ਮੀਟਰ ਹੇਠਾਂ ਸੀ।
ਟਾਈਟਨ ਪਣਡੁੱਬੀ ਇੰਨੀ ਜ਼ਿਆਦਾ ਢੂੰਘਾਈ 'ਤੇ ਸੀ ਕਿ ਇਸ 'ਤੇ ਪੈਣ ਵਾਲਾ ਪਾਣੀ ਦਾ ਭਾਰ ਆਈਫਲ ਟਾਵਰ ਦੇ ਭਾਰ ਦੇ ਬਰਾਬਰ ਹੋਵੇਗਾ, ਜਿਸ ਦਾ ਮਤਲਬ ਹੈ ਕਿ ਇਹ ਭਾਰ ਹਜ਼ਾਰਾਂ ਟਨ ਦੇ ਬਰਾਬਰ ਰਿਹਾ ਹੋਵੇਗਾ।
ਜੇਕਰ ਪਣਡੁੱਬੀ ਦਾ ਢਾਂਚਾ ਫਟ ਜਾਂਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਇਸ ਦੇ ਅੰਦਰਲੇ ਦਬਾਅ ਨਾਲੋਂ ਬਾਹਰੀ ਦਬਾਅ ਕਿਤੇ ਜ਼ਿਆਦਾ ਹੋਵੇਗਾ।
ਇੰਪਲੋਸ਼ਨ (ਅੰਦਰੂਨੀ ਧਮਾਕੇ) ਵਿੱਚ ਕੀ ਹੁੰਦਾ ਹੈ?

ਤਸਵੀਰ ਸਰੋਤ, ATLANTIC PRODUCTIONS/MAGELLAN
ਇੱਕ ਸਾਬਕਾ ਅਮਰੀਕੀ ਪ੍ਰਮਾਣੂ ਪਣਡੁੱਬੀ ਅਧਿਕਾਰੀ ਡੇਵ ਕੋਰਲੇ ਮੁਤਾਬਕ, ਜਦੋਂ ਇੱਕ ਪਣਡੁੱਬੀ ਦਾ ਬਾਹਰੀ ਢਾਂਚਾ ਤਬਾਹ ਹੋ ਜਾਂਦਾ ਹੈ ਤਾਂ ਇਹ ਲਗਭਗ 1,500mph (2,414 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਅੰਦਰ ਵੱਲ ਦਬਣ ਲੱਗਦੀ ਹੈ।
ਇਸ ਨੂੰ ਪੂਰੀ ਤਰ੍ਹਾਂ ਸੁੰਗੜਨ 'ਚ ਮਹਿਜ਼ ਲਗਭਗ ਇੱਕ ਮਿਲੀਸਕਿੰਟ, ਜਾਂ ਇੱਕ ਸਕਿੰਟ ਦਾ ਇੱਕ ਹਜ਼ਾਰਵੇਂ ਹਿੱਸੇ ਦਾ ਸਮਾਂ ਲੱਗਦਾ ਹੈ।
ਕੋਰਲੇ ਕਹਿੰਦੇ ਹਨ ਕਿ ਇੱਕ ਮਨੁੱਖੀ ਦਿਮਾਗ ਲਗਭਗ 25 ਮਿਲੀਸੈਕਿੰਡ 'ਤੇ ਕਿਸੇ ਉਤੇਜਨਾ ਲਈ ਸੁਭਾਵਕ ਤੌਰ 'ਤੇ ਜਵਾਬ ਦਿੰਦਾ ਹੈ। ਜਦਕਿ, ਕਿਸੇ ਚੀਜ਼ ਦਾ ਆਭਾਸ ਹੋਣ 'ਤੇ ਪ੍ਰਤੀਕਿਰਿਆ ਕਰਨ ਵਿੱਚ ਲਗਭਗ 150 ਮਿਲੀਸਕਿੰਟ ਦਾ ਸਮਾਂ ਮੰਨਿਆ ਜਾ ਸਕਦਾ ਹੈ।
ਇੱਕ ਪਣਡੁੱਬੀ ਦੇ ਅੰਦਰਲੀ ਹਵਾ ਵਿੱਚ ਹਾਈਡਰੋਕਾਰਬਨ ਵਾਸ਼ਪਾਂ ਦੀ ਕਾਫ਼ੀ ਜ਼ਿਆਦਾ ਮਾਤਰਾ ਹੁੰਦੀ ਹੈ।
ਕੋਰਲੇ ਕਹਿੰਦੇ ਹਨ ਕਿ ਜਦੋਂ ਬਾਹਰਲੀ ਪਰਤ ਤਬਾਹ ਹੋ ਜਾਂਦੀ ਹੈ ਤਾਂ ਪਣਡੁੱਬੀ ਦੇ ਅੰਦਰਲੀ ਹਵਾ ਵਿੱਚ ਆਪਣੇ-ਆਪ ਅੱਗ ਲੱਗ ਜਾਂਦੀ ਹੈ, ਜਿਸ ਮਗਰੋਂ ਇੱਕ ਤੇਜ਼ ਧਮਾਕਾ ਹੁੰਦਾ ਹੈ।
ਮਨੁੱਖੀ ਸਰੀਰ ਤੁਰੰਤ ਸੜ ਕੇ ਸੁਆਹ ਹੋ ਜਾਂਦੇ ਹਨ ਅਤੇ ਧੂੜ ਵਿੱਚ ਬਦਲ ਜਾਂਦੇ ਹਨ।


ਜਾਂਚ ਅੱਗੇ ਵਧਣ ਦੀ ਕੀ ਸੰਭਾਵਨਾ ਹੈ?

ਤਸਵੀਰ ਸਰੋਤ, OCEANGATE
ਕੋਈ ਵੀ ਜਾਂਚ ਟਾਈਟਨ ਪਣਡੁੱਬੀ ਦੇ ਕਾਰਬਨ ਫਾਈਬਰ ਮਿਡ-ਸੈਕਸ਼ਨ 'ਤੇ ਧਿਆਨ ਕੇਂਦਰਿਤ ਕਰਕੇ ਕੀਤੀ ਜਾਵੇਗੀ।
ਇਸ ਤਰ੍ਹਾਂ ਦੇ ਵਾਹਨ ਜੋ ਡੂੰਘਾਈ ਵਿੱਚ ਜਾਂਦੇ ਹਨ ਅਤੇ ਦਬਾਅ ਝੱਲਣ ਲਈ ਬਣਾਏ ਜਾਂਦੇ ਹਨ, ਇਨ੍ਹਾਂ ਨੂੰ ਆਮ ਤੌਰ 'ਤੇ ਟਾਈਟੇਨੀਅਮ ਵਰਗੀ ਮਜਬੂਤ ਧਾਤੂ ਨਾਲ ਬਣਾਇਆ ਜਾਂਦਾ ਹੈ।
ਯਾਤਰੀ ਬਕਸੇ ਦੇ ਆਲੇ-ਦੁਆਲੇ ਵਧੇਰੇ ਦਬਾਅ ਨੂੰ ਬਰਾਬਰ ਫੈਲਾਉਣ ਲਈ ਇਨ੍ਹਾਂ ਨੂੰ ਗੋਲਾਕਾਰ ਬਣਾਇਆ ਜਾਂਦਾ ਹੈ।
ਪਰ ਪਣਡੁੱਬੀ ਅੰਦਰ ਜ਼ਿਆਦਾ ਲੋਕਾਂ ਨੂੰ ਫਿੱਟ ਕਰਨ ਲਈ, ਓਸ਼ਨਗੇਟ ਨੇ ਇਸ ਨੂੰ ਸਿਲੰਡਰ ਆਕਾਰ ਵਿੱਚ ਬਣਾਇਆ, ਜਿਸ ਵਿੱਚ ਇੱਕ ਕਾਰਬਨ ਫਾਈਬਰ ਟਿਊਬ, ਟਾਈਟੇਨੀਅਮ ਦੇ ਸਿਰੇ 'ਤੇ ਕੈਪਸ ਦੇ ਵਿਚਕਾਰ ਪਾਈ ਗਈ ਸੀ।
ਕਾਰਬਨ ਫਾਈਬਰ ਬਹੁਤ ਸਖ਼ਤ ਹੁੰਦਾ ਹੈ। ਇਸ ਦੀ ਵਰਤੋਂ ਹਵਾਈ ਜਹਾਜ਼ ਦੇ ਖੰਭਾਂ ਅਤੇ ਰੇਸਿੰਗ ਕਾਰਾਂ ਬਣਾਉਣ ਲਈ ਕੀਤੀ ਜਾਂਦੀ ਹੈ।
ਪਰ ਕੀ ਡੂੰਘਾਈ 'ਤੇ ਬਣਿਆ ਦਬਾਅ, ਜੋ ਕਿ ਸਮੁੰਦਰ ਦੀ ਸਤਿਹ ਤੋਂ 300 ਗੁਣਾ ਜ਼ਿਆਦਾ ਹੁੰਦਾ ਹੈ, ਅਸਲ ਵਿੱਚ ਇਨਾ ਜ਼ਿਆਦਾ ਸੀ ਕਿ ਉਸ ਨੇ ਇਸ ਮਟੀਰੀਅਲ ਨੂੰ ਤਬਾਹ ਕਰ ਦਿੱਤਾ?
ਜਾਂ ਫਿਰ ਇਸ ਦੇ ਵਾਰ-ਵਾਰ ਗੋਤਾ ਲਗਾਉਣ ਕਾਰਨ ਇਹ ਅਸਰ ਵਧੇਰੇ ਹੋਇਆ ਜਾਂ ਫਿਰ ਇਸ ਵਿੱਚ ਖਾਮੀਆਂ ਕਾਰਨ ਅਜਿਹਾ ਹੋਇਆ?

ਤਸਵੀਰ ਸਰੋਤ, DAWOOD FAMILY/LOTUS EYE PHOTOGRAPHY/REUTERS
ਹਵਾਈ ਜਹਾਜ਼ਾਂ ਦੀ ਨਿਯਮਿਤ ਅਤੇ ਵੱਡੇ ਪੈਮਾਨੇ 'ਤੇ ਜਾਂਚ ਹੁੰਦੀ ਰਹਿੰਦੀ ਹੈ ਜਿਸ ਨਾਲ ਇਹ ਯਕੀਨੀ ਹੋ ਜਾਂਦਾ ਹੈ ਕਿ ਇਸ ਵਿੱਚ ਤਰੇੜਾਂ ਤਾਂ ਨਹੀਂ ਆ ਰਹੀਆਂ ਜਾਂ ਇਸ ਦੀਆਂ ਪਰਤਾਂ ਵੱਖ-ਵੱਖ ਤਾਂ ਨਹੀਂ ਹੋ ਰਹੀਆਂ।
ਸਮੁੰਦਰ ਦੇ ਤਲ 'ਤੇ ਪਾਏ ਗਏ ਟਾਈਟਨ ਦੇ ਮਲਬੇ ਦੀਆਂ ਫੋਟੋਆਂ ਅਤੇ ਉਨ੍ਹਾਂ ਦੀ ਫੋਰੈਂਸਿਕ ਲੈਬ ਵਿੱਚ ਜਾਂਚ ਇੰਜੀਨੀਅਰਾਂ ਨੂੰ ਇਹ ਪਛਾਣ ਕਰਨ 'ਚ ਮਦਦ ਕਰ ਸਕਦੀ ਹੈ ਕਿ ਵਿਨਾਸ਼ਕਾਰੀ ਵਿਸਫੋਟ ਦੀ ਸ਼ੁਰੂਆਤ ਕਿਵੇਂ ਹੋਈ।













