ਟਾਇਟੈਨਿਕ ਦੇ ਮਲਬੇ ਨੂੰ ਦੇਖਣ ਗਈ ਪਣਡੁੱਬੀ ਨੂੰ ਕੀ ਹੋਇਆ ਇਹ ਕਿਵੇਂ ਪਤਾ ਲੱਗੇਗਾ

ਆਰਓਵੀ
ਤਸਵੀਰ ਕੈਪਸ਼ਨ, ਰਿਮੋਟ ਨਾਲ ਚੱਲਣ ਵਾਲਾ ਇਹ ਵਾਹਨ ਸਮੰਦਰ ਵਿੱਚ ਪਣਡੁੱਬੀ ਦਾ ਮਲਬਾ ਇਕੱਠਾ ਕਰੇਗਾ
    • ਲੇਖਕ, ਪਲਬ ਘੋਸ਼
    • ਰੋਲ, ਵਿਗਿਆਨ ਪੱਤਰਕਾਰ

ਸਮੁੰਦਰ ਦੇ ਅੰਦਰੋਂ ਟਾਇਟਨ ਸਬਮਰਸੀਬਲ ਪਣਡੁੱਬੀ ਦੇ ਮਲਬੇ ਦੀ ਖੋਜ ਤੋਂ ਬਾਅਦ ਹੁਣ ਇਸ ਗੱਲ ਉੱਤੇ ਜ਼ੋਰ ਰਹੇਗਾ ਕਿ ਆਖ਼ਿਰ ਇਸ ਹਾਦਸੇ ਦੀ ਵਜ੍ਹਾ ਕੀ ਰਹੀ।

ਯੂਐੱਸ ਕੋਸਟ ਗਾਰਡ ਦੇ ਰੀਅਰ ਐਡਮਿਰਲ ਜੋਹਨ ਮੌਗਰ ਮੁਤਾਬਕ ਉਨ੍ਹਾਂ ਨੇ ਜੋ ਦੇਖਿਆ ਉਹ "ਵਿਨਾਸ਼ਕਾਰੀ ਪ੍ਰਭਾਵ" ਨਾਲ ਮੇਲ ਖਾਂਦਾ ਸੀ।

ਇਹ ਇਸ ਲਈ ਹੈ ਕਿਉਂਕਿ ਉਨ੍ਹਾਂ ਨੂੰ ਮਲਬੇ ਦੇ ਦੋ ਹਿੱਸੇ ਮਿਲੇ ਹਨ। ਇੱਕ ਵਿੱਚ ਟਾਇਟਨ ਪਣਡੁੱਬੀ ਦਾ ਪਿਛਲਾ ਹਿੱਸਾ ਅਤੇ ਦੂਜਾ ਇਸ ਦਾ ਲੈਂਡਿੰਗ ਫਰੇਮ ਸੀ, ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਪਣਡੁੱਬੀ ਖਿੱਲਰ ਗਈ।

ਬ੍ਰਿਟੇਨ ਦੀ ਰਾਇਲ ਨੇਵੀ ਦੇ ਸਾਬਕਾ ਪਣਡੁੱਬੀ ਕਪਤਾਨ ਰਾਇਨ ਰੈਮਸੀ ਮੁਤਾਬਕ ਇਸ ਸਵਾਲ ਦਾ ਜਵਾਬ ਦੇਣ ਲਈ ਕਿ ਅਜਿਹਾ ਕਿਉਂ ਹੋਇਆ ਅਤੇ ਇਸ ਨੂੰ ਰੋਕਣ ਲਈ ਕੀ ਕੀਤਾ ਜਾ ਸਕਦਾ ਸੀ, ਅਧਿਕਾਰੀ ਮਲਬੇ ਦੇ ਹਰ ਉਸ ਟੁਕੜੇ ਨੂੰ ਜੋ ਉਹ ਲੱਭ ਸਕਦੇ ਹਨ, ਇਕੱਠਾ ਕਰਨਗੇ।

ਰੈਮਸੀ ਕਹਿੰਦੇ ਹਨ, "ਕੋਈ ਬਲੈਕ ਬਾਕਸ ਨਹੀਂ ਹੈ, ਇਸ ਲਈ ਤੁਸੀਂ ਆਪਣੇ ਆਪ ਹੀ ਜਹਾਜ਼ ਦੀ ਆਖਰੀ ਹਰਕਤ ਨੂੰ ਟਰੈਕ ਕਰਨ ਦੇ ਯੋਗ ਨਹੀਂ ਹੋਵੋਗੇ।"

ਪਰ ਉਹ ਇਹ ਵੀ ਕਹਿੰਦੇ ਹਨ ਕਿ ਜਾਂਚ ਦੀ ਪ੍ਰਕਿਰਿਆ ਹਵਾਈ ਜਹਾਜ਼ ਦੇ ਹਾਦਸੇ ਤੋਂ ਵੱਖਰੀ ਨਹੀਂ ਹੈ।

ਉਹ ਇਸ ਬਾਰੇ ਅੱਗੇ ਕਹਿੰਦੇ ਹਨ ਕਿ ਇੱਕ ਵਾਰ ਜਦੋਂ ਜਾਂਚਕਰਤਾ ਟੁਕੜਿਆਂ ਨੂੰ ਵਾਪਸ ਲਿਆਉਂਦੇ ਹਨ ਤਾਂ ਉਹ ਕਾਰਬਨ ਫਾਈਬਰ ਢਾਂਚੇ ਵਿੱਚ ਟੁੱਟੇ ਢਾਂਚੇ ਦੀ ਖੋਜ ਕਰਨਗੇ। ਇਹ ਉਨ੍ਹਾਂ ਨੂੰ ਇਹ ਸਮਝਣ ਵਿੱਚ ਮਦਦ ਕਰਨ ਲਈ ਕੁੰਜੀ ਹੈ ਕਿ ਉਨ੍ਹਾਂ ਆਖਰੀ ਪਲਾਂ ਵਿੱਚ ਕੀ ਹੋਇਆ ਸੀ। ਹਰ ਇੱਕ ਹਿੱਸੇ ਨੂੰ ਬਾਰੀਕੀ ਨਾਲ ਘੋਖਿਆ ਜਾਵੇਗਾ।

ਕਾਰਬਨ ਫਾਈਬਰ ਫਿਲਾਮੈਂਟਸ ਦੀ ਦਿਸ਼ਾ ਦਾ ਮੁਆਇਨਾ ਕਰਨ ਲਈ ਹਰ ਇੱਕ ਟੁਕੜੇ ਦੀ ਇੱਕ ਮਾਈਕ੍ਰੋਸਕੋਪ ਦੇ ਹੇਠਾਂ ਧਿਆਨ ਨਾਲ ਜਾਂਚ ਕੀਤੀ ਜਾਵੇਗੀ।

ਜਾਂਚਕਰਤਾ ਵੱਡੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਨਗੇ ਕਿ ਕੀ ਇਸ ਦਾ ਕਾਰਨ ਇੱਕ ਢਾਂਚਾਗਤ ਅਸਫਲਤਾ ਸੀ।

ਯੂਨੀਵਰਸਿਟੀ ਆਫ਼ ਸਾਊਥੈਂਪਟਨ ਦੇ ਪ੍ਰੋਫ਼ੈਸਰ ਬਲੇਅਰ ਥੋਰਟਨ ਦਾ ਕਹਿਣਾ ਹੈ ਕਿ ਜੇ ਅਜਿਹਾ ਹੁੰਦਾ ਤਾਂ ਪਣਡੁੱਬੀ 'ਤੇ ਆਈਫਲ ਟਾਵਰ ਦੇ ਭਾਰ ਦੇ ਬਰਾਬਰ ਬਹੁਤ ਜ਼ਿਆਦਾ ਦਬਾਅ ਹੋਵੇਗਾ।

ਉਹ ਕਹਿੰਦੇ ਹਨ, ‘‘ਅਸੀਂ ਮੁੱਖ ਰਿਹਾਇਸ਼ ਦੇ ਇੱਕ ਬਹੁਤ ਸ਼ਕਤੀਸ਼ਾਲੀ ਪ੍ਰਭਾਵ ਬਾਰੇ ਗੱਲ ਕਰ ਰਹੇ ਹਾਂ।"

ਕਿਹੜੀ ਏਜੰਸੀ ਕਰੇਗੀ ਜਾਂਚ?

ਪਣਡੁੱਬੀ

ਤਸਵੀਰ ਸਰੋਤ, Getty Images

ਕੁਝ ਮਾਹਰ ਸੁਝਾਅ ਦਿੰਦੇ ਹਨ ਕਿ ਨਾਜ਼ੁਕ ਸਵਾਲ ਇਹ ਹੈ ਕਿ ਕੀ ਅਜਿਹਾ ਹੋਇਆ ਹੈ, ਕੀ ਇਹ ਸਹੀ ਜਾਂਚ ਦੀ ਘਾਟ ਕਾਰਨ ਸੀ।

ਇੰਪੀਰੀਅਲ ਕਾਲਜ ਲੰਡਨ ਦੇ ਪ੍ਰੋਫ਼ੈਸਰ ਰੋਡਰਿਕ ਏ ਸਮਿਥ ਕਹਿੰਦੇ ਹਨ, "ਕਾਰਬਨ ਫਾਈਬਰ ਇਸ ਦੇ ਨਿਰਮਾਣ ਵਿੱਚ ਅੰਦਰੂਨੀ ਖ਼ਾਮੀਆਂ ਕਰਕੇ ਅਸਫ਼ਲ ਹੋ ਜਾਂਦਾ ਹੈ।"

ਉਹ ਕਹਿੰਦੇ ਹਨ ਕਿ ਕਾਰਬਨ ਫਾਈਬਰ ਅਤੇ ਟਾਈਟੇਨੀਅਮ ਦੇ ਵਿਚਕਾਰ ਜੋੜਾਂ ਨੂੰ ਬਹੁਤ ਧਿਆਨ ਨਾਲ ਨਿਰੀਖਣ ਦੀ ਲੋੜ ਹੁੰਦੀ ਹੈ।

ਧਮਾਕੇ ਦੀ ਹਿੰਸਾ ਦਾ ਮਤਲਬ ਹੈ ਕਿ ਘਟਨਾਵਾਂ ਦੇ ਸਿਲਸਿਲੇ ਨੂੰ ਨਿਰਧਾਰਤ ਕਰਨਾ ਬਹੁਤ ਔਖਾ ਹੋ ਸਕਦਾ ਹੈ।

ਉਹ ਅੱਗੇ ਕਹਿੰਦੇ ਹਨ, "ਇਸ ਲਈ ਜੇ ਸੰਭਵ ਹੋਵੇ ਤਾਂ ਮੁੜ ਪ੍ਰਾਪਤੀ ਤੇ ਮਿਹਨਤੀ ਪ੍ਰੀਖਿਆ ਦੀ ਲੋੜ ਹੈ।"

ਇਸ ਪੜਾਅ 'ਤੇ ਇਹ ਸਾਫ਼ ਨਹੀਂ ਹੈ ਕਿ ਕਿਹੜੀ ਏਜੰਸੀ ਜਾਂਚ ਦੀ ਅਗਵਾਈ ਕਰੇਗੀ ਕਿਉਂਕਿ ਸਬਮਰਸੀਬਲ ਨਾਲ ਅਜਿਹੀਆਂ ਘਟਨਾਵਾਂ ਲਈ ਕੋਈ ਪ੍ਰੋਟੋਕੋਲ ਨਹੀਂ ਹੈ।

ਯੂਐੱਸ ਕੋਸਟ ਗਾਰਡ ਦੇ ਰੀਅਰ ਐਡਮਿਰਲ ਮੌਗਰ ਨੇ ਕਿਹਾ ਕਿ ਇਹ ਖਾਸ ਤੌਰ 'ਤੇ ਗੁੰਝਲਦਾਰ ਸੀ ਕਿਉਂਕਿ ਇਹ ਘਟਨਾ ਸਮੁੰਦਰ ਦੇ ਦੂਰ-ਦੁਰਾਡੇ ਹਿੱਸੇ ਵਿੱਚ ਵਾਪਰੀ ਸੀ ਅਤੇ ਇਸ ਵਿੱਚ ਕਈ ਵੱਖ-ਵੱਖ ਮੁਲਕਾਂ ਦੇ ਲੋਕ ਸ਼ਾਮਲ ਸਨ।

ਪਰ ਕਿਉਂਕਿ ਅਮਰੀਕਾ ਦੇ ਕੋਸਟ ਗਾਰਡ ਨੇ ਹੁਣ ਤੱਕ ਆਪਰੇਸ਼ਨ ਵਿੱਚ ਮੋਹਰੀ ਭੂਮਿਕਾ ਅਦਾ ਕੀਤੀ ਹੈ, ਇਸ ਲਈ ਇਨ੍ਹਾਂ ਵੱਲੋਂ ਅਹਿਮ ਭੂਮਿਕਾ ਨਿਭਾਉਣ ਦੀ ਸੰਭਾਵਨਾ ਹੈ।

ਲਾਈਨ

ਇਹ ਵੀ ਪੜ੍ਹੋ:

ਲਾਈਨ

ਕਿਵੇਂ ਮਿਲਿਆ ਪਣਡੁੱਬੀ ਦਾ ਮਲਬਾ?

ਪਣਡੁੱਬੀ

ਤਸਵੀਰ ਸਰੋਤ, Oceangate

18 ਜੂਨ ਤੋਂ ਅਟਲਾਂਟਿਕ ਮਹਾਸਾਗਰ ਵਿੱਚ ਲਾਪਤਾ ਹੋਈ ਟਾਇਟਨ ਸਬਮਰਸੀਬਲ ਵਿੱਚ ਸਵਾਰ ਸਾਰੇ ਪੰਜਾਂ ਲੋਕਾਂ ਦੀ ਮੌਤ ਹੋ ਗਈ ਹੈ। ਇਸ ਗੱਲ ਦੀ ਪੁਸ਼ਟੀ ਯੂਐੱਸ ਕੋਸਟ ਗਾਰਡ ਨੇ ਕੀਤੀ ਹੈ, ਜੋ ਹੋਰ ਏਜੰਸੀਆਂ ਦੇ ਨਾਲ ਇਸ ਪਣਡੁੱਬੀ ਦੀ ਭਾਲ ਵਿੱਚ ਲੱਗੇ ਸਨ।

ਪਣਡੁੱਬੀ ਦੇ ਕੁਝ ਹਿੱਸੇ ਵੀਰਵਾਰ (22 ਜੂਨ) ਨੂੰ ਟਾਇਟੈਨਿਕ ਦੇ ਮਲਬੇ ਤੋਂ ਲਗਭਗ 1,600 ਫੁੱਟ ਦੀ ਦੂਰੀ 'ਤੇ ਮਿਲੇ।

ਟਾਇਟਨ ਸਬਮਰਸੀਬਲ ਪਣਡੁੱਬੀ ਦੇ ਮਲਬੇ ਨੂੰ ਪਾਣੀ ਦੇ ਅੰਦਰ ਰਿਮੋਟ ਰਾਹੀਂ ਚੱਲਣ ਵਾਲੇ ਇੱਕ ਵਾਹਨ ਰਾਹੀਂ ਲੱਭਿਆ ਗਿਆ। ਇਸ ਨੂੰ ਆਰਓਵੀ ਕਿਹਾ ਜਾਂਦਾ ਹੈ।

ਪਣਡੁੱਬੀ ਦੇ ਵੱਖ-ਵੱਖ ਹਿੱਸੇ ਮਿਲੇ ਸਨ, ਜਿਸ ਤੋਂ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਟਾਇਟਨ ਸਬਮਰਸੀਬਲ ਦੇ ਹਨ। ਇਸ ਵਿੱਚ ਪਣਡੁੱਬੀ ਦਾ ਪਿਛਲਾ ਹਿੱਸਾ ਵੀ ਸ਼ਾਮਲ ਸੀ।

ਯੂਐੱਸ ਕੋਸਟ ਗਾਰਡ ਦੇ ਰੀਅਰ ਐਡਮਿਰਲ ਜੌਹਨ ਮੌਗਰ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਬਾਰੇ ਕੋਈ ਜਵਾਬ ਨਹੀਂ ਹੈ ਕਿ ਕੀ ਜਹਾਜ਼ ਵਿੱਚ ਸਵਾਰ ਪੰਜ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਹੋਣ ਦੀ ਸੰਭਾਵਨਾ ਹੈ।

ਮੌਗਰ ਨੇ ਅੱਗੇ ਕਿਹਾ ਕਿ ਆਰਓਵੀ ਵਾਹਨ ਅਜੇ ਖ਼ੇਤਰ ਵਿੱਚ ਹੀ ਰਹਿਣਗੇ ਕਿਉਂਕਿ ਜੋ ਕੁਝ ਵਾਪਰਿਆ ਹੈ ਉਸ ਦੀ ਜਾਂਚ ਜਾਰੀ ਹੈ। ਪਰ ਖੋਜ ਕਰਮਚਾਰੀਆਂ, ਮੈਡੀਕਲ ਮਾਹਰਾਂ ਅਤੇ ਤਕਨੀਕੀ ਲੋਕਾਂ ਨੂੰ ਅਗਲੇ 24 ਘੰਟਿਆਂ ਵਿੱਚ ਘਰ ਭੇਜ ਦਿੱਤਾ ਜਾਵੇਗਾ।

ਕੌਣ ਸਨ ਪਣਡੁੱਬੀ ਵਿੱਚ ਸਵਾਰ ਪੰਜ ਲੋਕ?

ਪਣਡੁੱਬੀ

ਤਸਵੀਰ ਸਰੋਤ, DAWOOD FAMILY/LOTUS EYE PHOTOGRAPHY/REUTERS

ਤਸਵੀਰ ਕੈਪਸ਼ਨ, (ਉੱਤੋਂ ਖੱਬੇ - ਸ਼ਹਿਜ਼ਾਦਾ ਦਾਊਦ ਆਪਣੇ ਪੁੱਤਰ ਸੁਲੇਮਾਨ ਦਾਊਦ ਨਾਲ, (ਉੱਤੋਂ ਸੱਜੇ - ਹਾਮਿਸ਼ ਹਾਰਡਿੰਗ), (ਹੇਠੋਂ ਖੱਬੇ - ਪਾਲ ਹੈਨਰੀ ਨਰਗਲੇਟ), (ਹੇਠੋਂ ਸੱਜੇ - ਓਸ਼ੀਅਨਗੇਟ ਦੇ ਸੀਈਓ ਸਟਾਕਟਨ ਰਸ਼)

ਇਸ ਪਣਡੁੱਬੀ 'ਤੇ ਸਵਾਰ ਪੰਜ ਯਾਤਰੀਆਂ 'ਚ ਪਾਕਿਸਤਾਨੀ ਮੂਲ ਦੇ ਅਰਬਪਤੀ ਕਾਰੋਬਾਰੀ ਸ਼ਹਿਜ਼ਾਦਾ ਦਾਊਦ ਅਤੇ ਉਨ੍ਹਾਂ ਦੇ ਪੁੱਤਰ ਸੁਲੇਮਾਨ ਦਾਊਦ, ਬ੍ਰਿਟਿਸ਼ ਅਰਬਪਤੀ ਕਾਰੋਬਾਰੀ ਹਾਮਿਸ਼ ਹਾਰਡਿੰਗ, ਫਰਾਂਸੀਸੀ ਖੋਜੀ ਪਾਲ ਹੈਨਰੀ ਨਰਗਲੇਟ ਅਤੇ ਯਾਤਰਾ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਓਸ਼ੀਅਨਗੇਟ ਦੇ ਮੁੱਖ ਕਾਰਜਕਾਰੀ ਸਟਾਕਟਨ ਰਸ਼ ਸ਼ਾਮਲ ਸਨ।

ਹਾਮਿਸ਼ ਹਾਰਡਿੰਗ: ਬ੍ਰਿਟੇਨ ਦੇ ਅਰਬਪਤੀ ਕਾਰੋਬਾਰੀ ਦੇ ਪਰਿਵਾਰ ਮੁਤਾਬਕ ਉਹ ਵੀ ਇਸ ਪਣਡੁੱਬੀ ਵਿੱਚ ਸਵਾਰ ਸਨ।

58 ਸਾਲ ਦੇ ਹਾਮਿਸ਼ ਨੇ ਟੂਰ ਉੱਤੇ ਜਾਣ ਤੋਂ ਐਨ ਪਹਿਲਾਂ ਸੋਸ਼ਲ ਮੀਡੀਆ ਉੱਤੇ ਕਿਹਾ ਸੀ, ‘‘ਮੈਨੂੰ ਇਹ ਦੱਸਦਿਆਂ ਮਾਣ ਹੋ ਰਿਹਾ ਹੈ ਕਿ ਮੈਂ ਟਾਇਟੈਨਿਕ ਦੇ ਮਲਬੇ ਤੱਕ ਜਾਣ ਵਾਲੀ ਮੁਹਿੰਮ ਵਿੱਚ ਸ਼ਾਮਲ ਹਾਂ।’’

ਹਾਰਡਿੰਗ ਦੀ ਕੰਪਨੀ ਨੇ ਪਰਿਵਾਰ ਵੱਲੋਂ ਜਾਰੀ ਆਪਣੇ ਬਿਆਨ ਵਿੱਚ ਕਿਹਾ, ‘‘ਉਹ ਇੱਕ ਜਨੂੰਨੀ ਖੋਜੀ ਸਨ, ਉਨ੍ਹਾਂ ਨੇ ਆਪਣੀ ਜ਼ਿੰਦਗੀ ਆਪਣੇ ਪਰਿਵਾਰ, ਕਾਰੋਬਾਰ ਅਤੇ ਰੋਮਾਂਚ ਲਈ ਗੁਜ਼ਾਰੀ।’’

ਪਣਡੁੱਬੀ

ਤਸਵੀਰ ਸਰੋਤ, DAWOOD FAMILY

ਤਸਵੀਰ ਕੈਪਸ਼ਨ, ਸੁਲੇਮਾਨ ਦਾਊਦ ਅਤੇ ਸ਼ਹਿਜ਼ਾਦਾ ਦਾਊਦ

ਸ਼ਹਿਜ਼ਾਦਾ ਦਾਊਦ ਅਤੇ ਉਨ੍ਹਾਂ ਦੇ ਪੁੱਤਰ ਸੁਲੇਮਾਨ: ਸ਼ਹਿਜ਼ਾਦਾ ਦਾਊਦ ਪਾਕਿਸਤਾਨ ਦੇ ਸਭ ਤੋਂ ਅਮੀਰ ਪਰਿਵਾਰਾਂ ਵਿੱਚੋਂ ਇੱਕ ਹਨ। ਦਾਊਦ 48 ਸਾਲ ਦੇ ਸਨ ਅਤੇ ਉਨ੍ਹਾਂ ਦੇ ਪੁੱਤਰ ਦੀ ਉਮਰ 19 ਸਾਲ ਸੀ।

ਪਾਕਿਸਤਾਨ ਮੂਲ ਦੇ ਸ਼ਹਿਜ਼ਾਦਾ ਦਾਊਦ ਅੱਜ ਕੱਲ ਬ੍ਰਿਟੇਨ ਵਿੱਚ ਰਹਿੰਦੇ ਸਨ। ਉਨ੍ਹਾਂ ਦਾ ਪਰਿਵਾਰ ਬ੍ਰਿਟੇਨ ਦੇ ਸਰੇ ਇਲਾਕੇ ਵਿੱਚ ਰਹਿੰਦਾ ਹੈ।

ਦਾਊਦ ਦੇ ਪਰਿਵਾਰ ਨੇ ਜਾਰੀ ਬਿਆਨ ਵਿੱਚ ਬਚਾਅ ਟੀਮਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ‘‘ਮਿਲੇ ਪਿਆਰ ਅਤੇ ਸਮਰਥਨ ਨਾਲ ਗਦਗਦ ਹਨ ਅਤੇ ਮਨੁੱਖਤਾ ਦਿਖਾਉਣ ਲਈ ਧੰਨਵਾਦੀ’’ ਹਨ।

ਪਾਲ ਹੈਨਰੀ ਨਰਗਲੇਟ: ਪਣਡੁੱਬੀ ਵਿੱਚ ਸਵਾਰ ਫਰਾਂਸੀਸੀ ਖੋਜੀ ਬਾਰੇ ਮਾਹਰ ਡੇਵਿਡ ਮੀਰਨਜ਼ ਨੇ ਕਿਹਾ ਕਿ ਉਨ੍ਹਾਂ ਆਪਣੇ ਦੋਸਤ ਨੂੰ ਗੁਆ ਦਿੱਤਾ ਹੈ।

ਡੇਵਿਡ ਮੁਤਾਬਕ ਨਰਗਲੇਟ ਡੁੰਘੇ ਸਮੁੰਦਰ ਦੀ ਖੋਜ ਵਿੱਚ ‘‘ਵੱਡਾ ਨਾਮ’’ ਸਨ।

ਨਰਗਲੇਟ ਦੇ ਮਤਰੇਏ ਪੁੱਤਰ ਨੇ ਕਿਹਾ ‘‘ਉਨ੍ਹਾਂ ਦਾ ਦੂਜਾ ਘਰ ਸਮੰਦਰ ਸੀ।’’

ਪਣਡੁੱਬੀ
ਤਸਵੀਰ ਕੈਪਸ਼ਨ, ਸਟਾਕਟਨ ਰਸ਼ ਨੇ 2009 ਵਿੱਚ ਓਸ਼ੀਅਨਗੇਟ ਕੰਪਨੀ ਦੀ ਸਥਾਪਨਾ ਕੀਤੀ ਸੀ

ਸਟਾਕਟਨ ਰਸ਼: ਉਹ ਪਣਡੁੱਬੀ ਦੇ ਟੂਰ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਓਸ਼ੀਅਨਗੇਟ ਦੇ ਸੀਈਓ ਸਨ।

ਉਹ ਇੱਕ ਤਜਰਬੇਕਾਰ ਇੰਜੀਨੀਅਰ ਸਨ, ਉਨ੍ਹਾਂ ਨੇ ਕਈ ਏਅਰਕ੍ਰਾਫ਼ਟ ਬਣਾਏ ਸਨ। ਰਸ਼ ਨੇ ਕਈ ਛੋਟੀਆਂ ਪਣਡੁੱਬੀਆਂ ਉੱਤੇ ਵੀ ਕੰਮ ਕੀਤਾ ਸੀ।

ਸਟਾਕਟਨ ਰਸ਼ ਨੇ 2009 ਵਿੱਚ ਓਸ਼ੀਅਨਗੇਟ ਕੰਪਨੀ ਦੀ ਸਥਾਪਨਾ ਕੀਤੀ ਸੀ, ਇਹ ਕੰਪਨੀ ਆਪਣੇ ਗਾਹਕਾਂ ਨੂੰ ਡੁੰਘੇ ਸਮੰਦਰ ਵਿੱਚ ਸਫ਼ਰ ਕਰਨ ਦਾ ਮੌਕਾ ਦਿੰਦੀ ਹੈ।

ਇਹ ਕੰਪਨੀ 2021 ਵਿੱਚ ਉਦੋਂ ਸੁਰਖੀਆਂ ਵਿੱਚ ਆਈ ਜਦੋਂ ਇਸ ਨੇ ਟਾਇਟੈਨਿਕ ਦੇ ਮਲਬੇ ਵਾਲੀ ਥਾਂ ਤੱਕ ਜਾਨ ਲਈ ਟੂਰ ਦੀ ਸ਼ੁਰੂਆਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)