ਜਦੋਂ ਸਮੁੰਦਰ ਵਿੱਚ 1600 ਫੁੱਟ ਹੇਠਾਂ 76 ਘੰਟੇ ਤੱਕ ਫਸੇ ਦੋ ਲੋਕਾਂ ਨੂੰ ਜ਼ਿੰਦਾ ਕੱਢਿਆ ਗਿਆ ਸੀ

ਤਸਵੀਰ ਸਰੋਤ, PA Media
- ਲੇਖਕ, ਵੈਨੇਸਾ ਬੈਰਫੋਰਡ
- ਰੋਲ, ਬੀਬੀਸੀ ਲਈ
ਟਾਈਟੈਨਿਕ ਦੇ ਮਲਬੇ ਨੂੰ ਦਿਖਾਉਣ ਗਈ ਟਾਈਟੈਨਿਕ ਪਣਡੁੱਬੀ ਹਾਲੇ ਵੀ ਲਾਪਤਾ ਹੈ ਅਤੇ ਇਸ ਅੰਦਰਲੇ 5 ਲੋਕਾਂ ਦੀ ਭਾਲ ਜਾਰੀ ਹੈ। ਪਰ ਇਹ ਪਹਿਲੀ ਵਾਰ ਨਹੀਂ ਹੈ ਕਿ ਲੋਕ ਇਸ ਤਰ੍ਹਾਂ ਸਮੁੰਦਰ ਦੇ ਅੰਦਰ ਫਸੇ ਹੋਣ।
ਲਗਭਗ 50 ਸਾਲ ਪਹਿਲਾਂ ਦੋ ਬ੍ਰਿਟਿਸ਼ ਸੈਨਿਕਾਂ ਨੂੰ ਛੇ ਫੁੱਟ ਚੌੜੀ ਸਟੀਲ ਦੀ ਬਾਲ ਵਿੱਚ ਤਿੰਨ ਦਿਨ ਪਾਣੀ ਦੇ ਹੇਠਾਂ ਬਿਤਾਉਣੇ ਪਏ ਸਨ।
ਇਹ ਘਟਨਾ ਆਇਰਲੈਂਡ ਤੋਂ ਕਰੀਬ 150 ਮੀਲ ਦੂਰ ਵਾਪਰੀ। ਜਦੋਂ ਇਨ੍ਹਾਂ ਲੋਕਾਂ ਨੂੰ ਬਚਾਇਆ ਗਿਆ ਤਾਂ ਉਸ ਸਮੇਂ ਇਹ ਪਣਡੁੱਬੀ ਸਮੁੰਦਰ ਤੋਂ 1600 ਫੁੱਟ ਹੇਠਾਂ ਸੀ ਅਤੇ ਇਸ ਵਿੱਚ ਸਿਰਫ਼ 12 ਮਿੰਟ ਦੀ ਹੀ ਆਕਸੀਜਨ ਬਚੀ ਸੀ।
ਇਹ ਕਹਾਣੀ ਪਾਏਸੀਸ III ਦੀ ਹੈ।
29 ਅਗਸਤ 1973 ਨੂੰ, ਰਾਇਲ ਨੇਵੀ ਦੇ ਕਰਮਚਾਰੀ ਰੋਜਰ ਚੈਪਮੈਨ (28) ਅਤੇ ਇੰਜੀਨੀਅਰ ਰੋਜਰ ਮੈਲਿਨਸਨ ਇੱਕ ਦੁਰਘਟਨਾ ਤੋਂ ਬਾਅਦ ਅਟਲਾਂਟਿਕ ਮਹਾਂਸਾਗਰ ਵਿੱਚ ਡੂੰਘੇ ਚਲੇ ਗਏ।
ਉਨ੍ਹਾਂ ਨੂੰ ਬਚਾਉਣ ਲਈ 76 ਘੰਟੇ ਦਾ ਬਚਾਅ ਅਭਿਆਨ ਚਲਾਇਆ ਗਿਆ।

ਤਸਵੀਰ ਸਰੋਤ, OTHERS
ਉਸ ਦਿਨ ਕੀ ਹੋਇਆ?
ਘਟਨਾ ਵਾਲੇ ਦਿਨ, ਰੋਜਰ ਚੈਪਮੈਨ ਅਤੇ ਰੋਜਰ ਮੈਲਿਨਸਨ ਆਇਰਲੈਂਡ ਤੋਂ ਲਗਭਗ 150 ਮੀਲ ਦੂਰ ਐਟਲਾਂਟਿਕ ਮਹਾਂਸਾਗਰ ਵਿੱਚ ਟੈਲੀਫੋਨ ਦੀਆਂ ਕੇਬਲਾਂ ਵਿਛਾਉਣ ਦਾ ਕੰਮ ਕਰ ਰਹੇ ਸਨ।
2013 ਵਿੱਚ, ਬੀਬੀਸੀ ਨੇ ਇਸ ਘਟਨਾ ਬਾਰੇ ਰੋਜਰ ਚੈਪਮੈਨ ਅਤੇ ਰੋਜਰ ਮੈਲਿਨਸਨ ਨਾਲ ਗੱਲ ਕੀਤੀ।
ਚੈਪਮੈਨ ਨੇ ਬੀਬੀਸੀ ਨੂੰ ਦੱਸਿਆ ਸੀ, "ਅਸੀਂ ਪਾਣੀ ਦੇ ਹੇਠਾਂ ਅੱਧਾ ਮੀਲ ਪ੍ਰਤੀ ਘੰਟਾ ਜਾਂਦੇ ਸੀ, ਸਤ੍ਹਾ ਤੋਂ ਉੱਥੇ ਪਹੁੰਚਦੇ ਸੀ।" ਪੰਪ ਅਤੇ ਜੈੱਟ ਦੀ ਵਰਤੋਂ ਕਰਨ ਤੋਂ ਬਾਅਦ ਕੇਬਲ ਵਿਛਾਉਂਦੇ ਸੀ।”
ਘਟਨਾ ਨੂੰ ਯਾਦ ਕਰਦੇ ਹੋਏ ਰੋਜਰ ਮੈਲਿਨਸਨ ਨੇ ਕਿਹਾ, "ਇਹ ਸਭ ਕਰਦੇ ਸਮੇਂ ਬਹੁਤ ਥਕਾਵਟ ਹੁੰਦੀ ਸੀ। ਅਜਿਹਾ ਲੱਗਦਾ ਸੀ ਜਿਵੇਂ ਅਸੀਂ ਸੰਘਣੀ ਧੁੰਦ ਵਿਚ ਸੜਕ 'ਤੇ ਗੱਡੀ ਚਲਾ ਰਹੇ ਹਾਂ ਅਤੇ ਅਸੀਂ ਸਿਰਫ ਇਕ ਚਿੱਟੀ ਲਾਈਨ ਦੇ ਅਧਾਰ 'ਤੇ ਗੱਡੀ ਚਲਾ ਰਹੇ ਹਾਂ।”

ਤਸਵੀਰ ਸਰੋਤ, PA Media
ਮੈਲਿਨਸਨ ਮੁਤਾਬਕ ਉਸ ਸਮੇਂ ਉਨ੍ਹਾਂ ਨੂੰ ਲਗਾਤਾਰ 26-26 ਘੰਟੇ ਕੰਮ ਕਰਨਾ ਪੈਂਦਾ ਸੀ, ਉਹ ਵੀ ਬਿਨਾਂ ਨੀਂਦ ਲਏ।
ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਪਣਡੁੱਬੀ ਛੋਟੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਜਿਸ ਤੋਂ ਬਾਅਦ ਇਸ ਦੇ ਆਕਸੀਜਨ ਟੈਂਕ ਨੂੰ ਬਦਲ ਦਿੱਤਾ ਗਿਆ ਸੀ।
ਉਨ੍ਹਾਂ ਨੇ ਅੱਗੇ ਦੱਸਿਆ, “ਅਸੀਂ ਆਪਣੀ ਪਣਡੁੱਬੀ ਨੂੰ ਰੱਸੀ ਨਾਲ ਖਿੱਚੇ ਜਾਣ ਦਾ ਇੰਤਜ਼ਾਰ ਕਰ ਰਹੇ ਸੀ। ਅਸੀਂ ਰੱਸੀਆਂ ਅਤੇ ਬੇੜੀਆਂ ਦੀਆਂ ਆਵਾਜ਼ਾਂ ਸੁਣ ਸਕਦੇ ਸੀ, ਅਜਿਹਾ ਹਮੇਸ਼ਾ ਹੁੰਦਾ ਸੀ। ਪਰ ਫਿਰ ਅਚਾਨਕ ਅਸੀਂ ਡੁੱਬਣ ਲੱਗੇ, ਪਣਡੁੱਬੀ ਬੁਰੀ ਤਰ੍ਹਾਂ ਝਟਕੇ ਮਾਰ ਰਹੀ ਸੀ। ਇਹ ਬਹੁਤ ਡਰਾਉਣਾ ਸੀ।”
ਇਸ ਤੋਂ ਬਾਅਦ ਦੋਵੇਂ ਮਲਾਹਾਂ ਨੇ ਪਣਡੁੱਬੀ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ। ਇਹ ਪਣਡੁੱਬੀ ਸਮੁੰਦਰ ਦੀ ਸਤ੍ਹਾ ਤੋਂ 1575 ਫੁੱਟ ਹੇਠਾਂ ਆ ਕੇ ਰੁਕ ਗਈ।
ਰਾਹਤ ਦੀ ਗੱਲ ਇਹ ਸੀ ਕਿ ਇਸ ਦੌਰਾਨ ਦੋਵਾਂ ਮਲਾਹਾਂ ਨੂੰ ਕੋਈ ਖਾਸ ਸੱਟ ਨਹੀਂ ਲੱਗੀ।
ਬਚਾਅ ਕਾਰਜ
ਚੈਪਮੈਨ ਅਤੇ ਮੈਲਿਨਸਨ ਨੇ ਫਿਰ ਫੋਨ ਕਰਕੇ ਮਦਦ ਮੰਗੀ। ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਪਣਡੁੱਬੀ ਵਿੱਚ 66 ਘੰਟੇ ਦੀ ਆਕਸੀਜਨ ਬਚੀ ਹੋਈ ਸੀ।
ਪਾਏਸੀਸ III ਤੋਂ ਮਦਦ ਮੰਗੇ ਜਾਣ ਤੋਂ ਬਾਅਦ, ਉਹਨਾਂ ਦੇ ਸਾਥੀ ਨੇ ਜਹਾਜ਼ ਵਿਕਰਸ ਵੋਏਜਰ ਨੂੰ ਕਾਰਕ ਸ਼ਹਿਰ ਲਈ ਰਵਾਨਾ ਕੀਤਾ। ਫਿਰ ਵੋਏਜਰ ਪਾਏਸੀਸ III ਨਾਲ ਮਿਲਦੀਆਂ ਪਾਏਸੀਸ II ਅਤੇ ਪਾਏਸੀਸ V ਵਰਗੀਆਂ ਦੋ ਪਣਡੁੱਬੀਆਂ ਨਾਲ ਘਟਨਾ ਸਥਾਨ 'ਤੇ ਪਹੁੰਚਿਆ।
ਇਸ ਤੋਂ ਇਲਾਵਾ ਬਚਾਅ ਕਾਰਜ ਵਿਚ ਮਦਦ ਲਈ ਕੁਝ ਹੋਰ ਜਹਾਜ਼ ਅਤੇ ਇਕ ਹਵਾਈ ਜਹਾਜ਼ ਘਟਨਾ ਸਥਾਨ ਦੇ ਨੇੜੇ ਤਾਇਨਾਤ ਕੀਤਾ ਗਿਆ।

ਤਿੰਨ ਤਿੰਨ ਬਾਅਦ ਨਿੱਕਲੀ ਪਣਡੁੱਬੀ ਬਾਰੇ ਖਾਸ ਗੱਲਾਂ
- 50 ਸਾਲ ਪਹਿਲਾਂ ਦੋ ਬ੍ਰਿਟਿਸ਼ ਸੈਨਿਕਾਂ ਨੂੰ ਛੇ ਫੁੱਟ ਚੌੜੀ ਸਟੀਲ ਦੀ ਬਾਲ ਵਿੱਚ ਤਿੰਨ ਦਿਨ ਪਾਣੀ ਦੇ ਹੇਠਾਂ ਬਿਤਾਉਣੇ ਪਏ।
- ਉਸ ਸਮੇਂ ਉਨ੍ਹਾਂ ਨੂੰ ਲਗਾਤਾਰ 26-26 ਘੰਟੇ ਕੰਮ ਕਰਨਾ ਪੈਂਦਾ ਸੀ, ਉਹ ਵੀ ਬਿਨਾਂ ਨੀਂਦ ਲਏ।
- ਉਨ੍ਹਾਂ ਨੂੰ ਬਚਾਉਣ ਲਈ 76 ਘੰਟੇ ਦਾ ਬਚਾਅ ਅਭਿਆਨ ਚਲਾਇਆ ਗਿਆ।
- ਜਦੋਂ ਉਹ ਬਾਹਰ ਆਏ ਤਾਂ ਉਹਨਾਂ ਕੋਲ ਸਿਲੰਡਰ ਵਿੱਚ ਆਕਸੀਜਨ ਸਿਰਫ਼ 12 ਮਿੰਟ ਲਈ ਹੀ ਬਚੀ ਸੀ।

ਬਹੁਤ ਮੁਸ਼ਕਲਾਂ ਭਰਿਆ ਸੀ ਬਚਾਅ ਅਭਿਆਨ
ਤਿੰਨ ਦਿਨਾਂ ਤੱਕ ਚੱਲੇ ਇਸ ਬਚਾਅ ਕਾਰਜ ਵਿੱਚ ਸਭ ਤੋਂ ਪਹਿਲਾਂ ਰੱਸੀ ਦੀ ਮਦਦ ਨਾਲ ਸਮੁੰਦਰ ਦੇ ਤਲ 'ਤੇ ਫਸੇ ਪਾਏਸੀਸ III ਕੋਲ ਭੇਜਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਰੱਸੀ ਟੁੱਟ ਗਈ ਤਾਂ ਉਸ ਨੂੰ ਵਾਪਿਸ ਲਿਆਂਦਾ ਗਿਆ।
ਬਾਅਦ ਵਿੱਚ, ਪਾਏਸੀਸ V ਨੂੰ ਰੱਸੀ ਦੀ ਮਦਦ ਨਾਲ ਪਣਡੁੱਬੀ ਲੱਭਣ ਲਈ ਭੇਜਿਆ ਗਿਆ ਸੀ, ਪਰ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਵੀ ਇਹ ਮਿਲੀ ਨਹੀਂ। ਇਸ ਦਾ ਈਂਦਨ ਖਤਮ ਹੋਣ ਕਾਰਨ ਵਾਪਿਸ ਬੁਲਾ ਲਿਆ ਗਿਆ।
ਹਾਲਾਂਕਿ, ਕੁਝ ਸਮੇਂ ਬਾਅਦ ਪਾਏਸੀਸ V ਨੂੰ ਡੁੱਬੀ ਹੋਈ ਪਣਡੁੱਬੀ ਨੂੰ ਲੱਭਣ ਲਈ ਦੁਬਾਰਾ ਭੇਜਿਆ ਗਿਆ। ਇਸ ਵਾਰ ਪਾਏਸੀਸੀ V ਪਾਏਸੀਸ III ਨੂੰ ਲੱਭਣ ਵਿੱਚ ਕਾਮਯਾਬ ਹੋ ਗਈ ਸੀ।
ਸਮੁੰਦਰ ਦੀ ਸਤ੍ਹਾ 'ਤੇ ਫਸੇ ਦੋ ਮਰੀਨਾਂ ਨੂੰ ਪਹਿਲਾਂ ਦੱਸਿਆ ਗਿਆ ਸੀ ਕਿ ਮਹਾਰਾਣੀ ਐਲਿਜ਼ਾਬੈਥ ਨੇ ਉਨ੍ਹਾਂ ਲਈ ਸ਼ੁਭਕਾਮਨਾਵਾਂ ਦਾ ਸੰਦੇਸ਼ ਭੇਜਿਆ ਹੈ।
ਮੈਲਿਨਸਨ ਨੇ ਯਾਦ ਕਰਦਿਆਂ ਕਿਹਾ, "ਅਸੀਂ ਗੰਭੀਰ ਸੰਕਟ ਵਿੱਚ ਸੀ, ਠੰਡ ਕਾਰਨ ਹਲਾਤ ਬਹੁਤ ਖਰਾਬ ਸਨ ਪਰ ਮਹਾਰਾਣੀ ਦੇ ਸੰਦੇਸ਼ ਨੇ ਸਾਨੂੰ ਗਰਮਜੋਸ਼ੀ ਨਾਲ ਭਰ ਦਿੱਤਾ।"
ਹਾਲਾਂਕਿ ਬਾਅਦ 'ਚ ਪਤਾ ਲੱਗਾ ਕਿ ਜੋ ਸੰਦੇਸ਼ ਆਇਆ ਸੀ, ਉਹ ਮਹਾਰਾਣੀ ਵੱਲੋਂ ਨਹੀਂ ਸੀ, ਸਗੋਂ ਮਹਾਰਾਣੀ ਐਲਿਜ਼ਾਬੈਥ-2 ਨਾਂ ਦੇ ਜਹਾਜ਼ ਦਾ ਸੀ।

ਤਸਵੀਰ ਸਰੋਤ, PA Media
ਤਿੰਨ ਦਿਨ ਬਾਅਦ ਬਾਹਰ ਨਿੱਕਲੇ
ਅਖ਼ੀਰ ਬਹੁਤ ਮੁਸ਼ੱਕਤ ਤੋਂ ਬਾਅਦ 1 ਸਤੰਬਰ 1973 ਨੂੰ ਦੋਵਾਂ ਨੂੰ ਬਾਹਰ ਕੱਢਿਆ ਗਿਆ।
ਉਸ ਸਮੇਂ ਤੱਕ ਪਾਏਸੀਸੀ III 'ਤੇ ਸਵਾਰ ਹੋਏ ਪਾਈਲਟ ਨੇ 84 ਘੰਟੇ 30 ਮਿੰਟ ਬਿਤਾਏ ਸਨ।
ਚੈਪਮੈਨ ਨੇ ਕਿਹਾ, "ਜਦੋਂ ਅਸੀਂ ਪਾਣੀ ਵਿੱਚ ਡੁਬਕੀ ਲਗਾਈ, ਤਾਂ ਸਾਡੇ ਕੋਲ 72 ਘੰਟੇ ਦੀ ਲਾਈਫ਼ ਸਪੋਰਟ ਸੀ। ਇਸ ਲਈ ਅਸੀਂ ਕਿਸੇ ਤਰ੍ਹਾਂ 12.5 ਘੰਟੇ ਕੱਢਣ ਵਿੱਚ ਕਾਮਯਾਬ ਹੋ ਗਏ। ਜਦੋਂ ਸਾਨੂੰ ਕੱਢਿਆ ਗਿਆ ਤਾਂ ਸਾਡੇ ਕੋਲ ਸਿਲੰਡਰ ਵਿੱਚ ਆਕਸੀਜਨ ਸਿਰਫ਼ 12 ਮਿੰਟ ਲਈ ਹੀ ਬਚੀ ਸੀ।”
ਰੋਜਰ ਚੈਪਮੈਨ ਨੇ ਇਸ ਘਟਨਾ ਤੋਂ ਬਾਅਦ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਰੱਖਿਆ ਦੇ ਖੇਤਰ ਵਿੱਚ ਆਪਣੀ ਕੰਪਨੀ ਸ਼ੁਰੂ ਕਰ ਲਈ।
ਰੋਜਰ ਮੈਲਿਨਸਨ ਅਗਲੇ 5 ਸਾਲਾਂ ਤੱਕ ਉਸੇ ਕੰਪਨੀ ਵਿੱਚ ਕੰਮ ਕਰਦੇ ਰਹੇ। ਘਟਨਾ ਦੇ ਕਈ ਸਾਲਾਂ ਬਾਅਦ ਵੀ ਦੋਵੇਂ ਸੰਪਰਕ ਵਿੱਚ ਰਹੇ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)












