ਕੌਣ ਹਨ ਪ੍ਰੀਤਮ ਸਿੰਘ ਜਿਨ੍ਹਾਂ ਕਾਰਨ ਨੇਪਾਲ ਦੇ ਪ੍ਰਧਾਨ ਮੰਤਰੀ ਵਿਵਾਦਾਂ ਵਿੱਚ ਆ ਗਏ

ਪ੍ਰੀਤਮ ਸਿੰਘ

ਤਸਵੀਰ ਸਰੋਤ, PRITAM SINGH'S COLLECTION

ਤਸਵੀਰ ਕੈਪਸ਼ਨ, ਕਾਰੋਬਾਰੀ ਪ੍ਰੀਤਮ ਸਿੰਘ
    • ਲੇਖਕ, ਵਿਸ਼ਨੂੰ ਪੋਖਰੇਲ
    • ਰੋਲ, ਬੀਬੀਸੀ ਪੱਤਰਕਾਰ

ਨੇਪਾਲ ਦੇ ਕਾਰੋਬਾਰੀ ਪ੍ਰੀਤਮ ਸਿੰਘ ਇਨ੍ਹੀਂ ਦਿਨੀਂ ਇੱਕ ਵਾਰ ਫ਼ਿਰ ਤੋਂ ਸੁਰਖੀਆਂ ’ਚ ਹਨ।

ਨੇਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਨੇ ਉਨ੍ਹਾਂ ਨਾਲ ਆਪਣੀ ਨੇੜਤਾ ਸਬੰਧੀ ਇੱਕ ਬਿਆਨ ਦਿੱਤਾ ਹੈ, ਜਿਸ ’ਚ ਉਨ੍ਹਾਂ ਨੇ ਕਿਹਾ ਹੈ ਕਿ ਪ੍ਰੀਤਮ ਸਿੰਘ ਨੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ’ਚ ਬਹੁਤ ਮਦਦ ਕੀਤੀ ਅਤੇ ਇਸ ਲਈ ਉਹ ਕਈ ਵਾਰ ਭਾਰਤ ਦੇ ਦੌਰੇ ’ਤੇ ਵੀ ਗਏ।

ਇਸ ਬਿਆਨ ਤੋਂ ਬਾਅਦ ਪ੍ਰਚੰਡ ਦੀਆਂ ਸਿਆਸੀ ਦਿੱਕਤਾਂ ’ਚ ਇਜ਼ਾਫਾ ਹੋਇਆ ਹੈ ਅਤੇ ਵਿਰੋਧੀ ਧਿਰ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕਰ ਰਹੀ ਹੈ। ਇਸ ਵਿਵਾਦ ਦੇ ਵਿਚਾਲੇ ਇੱਕ ਵਾਰ ਫ਼ਿਰ ਨੇਪਾਲ ’ਚ ਪ੍ਰੀਤਮ ਸਿੰਘ ਦੀ ਖਾਸੀ ਚਰਚਾ ਹੋ ਰਹੀ ਹੈ।

ਅੱਜ ਤੋਂ ਚਾਰ ਸਾਲ ਪਹਿਲਾਂ ਕਾਠਮੰਡੂ ਦੇ ਬਾਬਰਮਹਿਲ ਤੋਂ ਜਣੇਪਾ ਹਸਪਤਾਲ ਵੱਲ ਜਾਣ ਵਾਲੀ ਗਲੀ ’ਚ ਇੱਕ ਵੱਡੇ ਵਰਾਂਡੇ ’ਚ ਸਥਿਤ ਇੱਕ ਪੁਰਾਣੇ ਜ਼ਮਾਨੇ ਦੇ ਘਰ ’ਚ ਮੈਂ ਉਨ੍ਹਾਂ ਨੂੰ ਮਿਲਣ ਲਈ ਗਿਆ ਸੀ।

ਘਰ ਦੇ ਮੁੱਖ ਗੇਟ ’ਤੇ ਸੋਨੇ ਦੀ ਤਖ਼ਤੀ ’ਤੇ ਉਕਰਿਆ ਸੀ- ਸਿੰਘ ਨਿਵਾਸ।

ਪ੍ਰੀਤਮ ਸਿੰਘ ਆਪਣੇ ਕੁਝ ਸਹਾਇਕਾਂ ਦੇ ਨਾਲ ਉੱਚੇ ਦਰੱਖਤਾਂ ਨਾਲ ਘਿਰੇ ਇਸ ਘਰ ’ਚ ਰਹਿੰਦੇ ਹਨ। ਭਾਰਤੀ ਮੂਲ ਦੇ ਸਿੰਘ ਦੀ ਪਛਾਣ ਕਾਠਮੰਡੂ ਘਾਟੀ ’ਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਆਗੂ ਅਤੇ ਇੱਕ ਵਪਾਰੀ ਵੱਜੋਂ ਹੁੰਦੀ ਹੈ।

ਉਹ ਨੇਪਾਲ ਕਿਵੇਂ ਆਏ ਅਤੇ ਇੱਥੇ ਹੀ ਕਿਵੇ ਵੱਸੇ, ਇਸ ਦੀ ਕਹਾਣੀ ਬਹੁਤ ਹੀ ਦਿਲਚਸਪ ਹੈ।

ਭਾਰਤ ਪ੍ਰਸ਼ਾਸਿਤ ਕਸ਼ਮੀਰ ’ਚ ਜਨਮੇ ਪ੍ਰੀਤਮ ਸਿੰਘ 1958 ’ਚ ਵਪਾਰ ਕਰਨ ਲਈ ਨੇਪਾਲ ਆਏ ਸਨ ਅਤੇ ਅੱਜ ਵੀ ਸਰਗਰਮ ਹਨ।

6 ਦਹਾਕਿਆਂ ਤੱਕ ਨੇਪਾਲ ’ਚ ਰਹਿਣ ਤੋਂ ਬਾਅਦ ਵੀ ਸਿੰਘ ਕਈ ਵਾਰ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ ਅਤੇ ਕਈ ਵਾਰ ਰੋਮਾਂਚਿਤ ਵੀ ਵਿਖਾਈ ਦਿੰਦੇ ਹਨ।

ਉਹ ਇਤਫਾਕਨ ਹੀ ਜੰਮੂ-ਕਸ਼ਮੀਰ ਤੋਂ ਨੇਪਾਲ ਆਏ ਸਨ। ਅਸਲ ’ਚ 1960 ਦੀ ਇੱਕ ਘਟਨਾ ਨੇ ਉਨ੍ਹਾਂ ਦੀ ਜ਼ਿੰਦਗੀ ’ਚ ਨਵਾਂ ਮੋੜ ਲਿਆ ਦਿੱਤਾ ਸੀ।

ਪ੍ਰੀਤਮ ਸਿੰਘ

ਤਸਵੀਰ ਸਰੋਤ, PRITAM SINGH'S COLLECTION

ਤਸਵੀਰ ਕੈਪਸ਼ਨ, ਪ੍ਰੀਤਮ ਸਿੰਘ ਦਾ ਘਰ

ਕਸ਼ਮੀਰ ’ਚ ਰਾਜਾ ਮਹੇਂਦਰ ਨਾਲ ਮੁਲਾਕਾਤ

ਜੁਲਾਈ 1960 ਦੇ ਦੂਜੇ ਹਫ਼ਤੇ ’ਚ ਪ੍ਰੀਤਮ ਸਿੰਘ ਨੇ ਭਾਰਤ ਪ੍ਰਸ਼ਾਸਿਤ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ’ਚ ਰਾਜਾ ਮਹੇਂਦਰ ਨਾਲ ਮੁਲਾਕਾਤ ਕੀਤੀ। ਹਾਲਾਂਕਿ ਇਸ ਮਿਲਣੀ ਤੋਂ ਦੋ ਸਾਲ ਪਹਿਲਾਂ ਵੀ ਉਹ ਕਾਠਮੰਡੂ ਦੇ ਨਾਰਾਇਣਹਿਤੀ ਪੈਲੇਸ ’ਚ ਰਾਜਾ ਮਹੇਂਦਰ ਨੂੰ ਮਿਲ ਚੁੱਕੇ ਸਨ।

ਪਰ ਸ਼੍ਰੀਨਗਰ ਦੀ ਉਹ ਮੁਲਾਕਾਤ ਉਨ੍ਹਾਂ ਲਈ ਖਾਸ ਸੀ। ਉਨ੍ਹਾਂ ਨੂੰ ਤਤਕਾਲੀ ਪ੍ਰਧਾਨ ਮੰਤਰੀ ਵੱਲੋਂ ਸੱਦਾ ਦਿੱਤਾ ਗਿਆ ਸੀ ਅਤੇ ਰਾਜਾ ਮਹੇਂਦਰ ਨਾਲ ਉਨ੍ਹਾਂ ਦੀ ਬੈਠਕ ਹੋਈ ਸੀ।

ਉਸ ਸਮੇਂ ਦੀ ਘਟਨਾ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਦੱਸਿਆ ਸੀ, “ਮੈਂ ਆਪਣੇ ਮਾਤਾ-ਪਿਤਾ ਨੂੰ ਮਿਲਣ ਲਈ ਨੇਪਾਲ ਤੋਂ ਸ਼੍ਰੀਨਗਰ ਗਿਆ ਸੀ।”

ਉਨ੍ਹਾਂ ਨੂੰ ਇਹ ਤਾਂ ਪਤਾ ਸੀ ਕਿ ਨੇਪਾਲ ਦੇ ਤਤਕਾਲੀ ਰਾਜਾ ਮਹੇਂਦਰ ਉਸ ਸਮੇਂ ਕਸ਼ਮੀਰ ਆਏ ਹੋਏ ਹਨ, ਪਰ ਉਹ ਇਸ ਗੱਲ ਤੋਂ ਜਾਣੂ ਨਹੀਂ ਸਨ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਮਿਲਣ ਲਈ ਬੁਲਾਇਆ ਹੈ।

ਉਨ੍ਹਾਂ ਨੇ ਸਾਲ 2019 ’ਚ ਬੀਬੀਸੀ ਨਾਲ ਹੋਈ ਇੱਕ ਇੰਟਰਵਿਊ ’ਚ ਦੱਸਿਆ ਸੀ, “ਮੈਂ ਦੁਪਹਿਰ ਦੇ ਤਕਰੀਬਨ 4 ਵਜੇ ਘਰ ਤੋਂ ਰਾਜਭਵਨ ਵਿਖੇ ਪਹੁੰਚਿਆ। ਰਾਜਾ ਮਹੇਂਦਰ ਅਤੇ ਬਖਸ਼ੀ ਸਾਹਿਬ ਉੱਥੇ ਬੈਠੇ ਹੋਏ ਸਨ।”

ਫ਼ਿਰ ਪ੍ਰੀਤਮ ਸਿੰਘ ਨੂੰ ਰਾਜਾ ਮਹੇਂਦਰ ਨਾਲ ਹੋਈ ਮਿਲਣੀ ਯਾਦ ਆਉਂਦੀ ਹੈ। ਇਸ ਦਾ ਜ਼ਿਕਰ ਕਰਦੇ ਹੋਏ ਉਹ ਕਹਿੰਦੇ ਹਨ, “ਰਾਜਾ ਮਹੇਂਦਰ ਨੇ ਪੁੱਛਿਆ ‘ਨੇਪਾਲ ’ਚ ਵਪਾਰ ਕਰਨਾ ਕਿੰਨਾ ਕੁ ਸੌਖਾ ਹੈ? ਕੋਈ ਸਮੱਸਿਆ ਤਾਂ ਨਹੀਂ ਹੈ ਨਾ?”

ਮੈਂ ਕਿਹਾ, ‘ਸਭ ਕੁਝ ਠੀਕ ਹੈ’।”

ਉਨ੍ਹਾਂ ਮੁਤਾਬਕ ਰਾਜਾ ਮਹੇਂਦਰ ਨੇ ਪ੍ਰੀਤਮ ਸਿੰਘ ਨੂੰ ਆਪਣੇ ਮੇਜਰ ਜਨਰਲ ਸ਼ੇਰ ਬਹਾਦੁਰ ਮੱਲ ਨਾਲ ਮਿਲਵਾਇਆ ਅਤੇ ਕਿਹਾ, “ਜੇਕਰ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਮੱਲ ਨੂੰ ਦੱਸੋ, ਮੈਂ ਹੱਲ ਕਰਾਂਗਾ।”

ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਰਾਜਾ ਮਹੇਂਦਰ ਨੇ ਜੂਨ 1960 ’ਚ ਜਾਪਾਨ, ਅਮਰੀਕਾ ਅਤੇ ਕੈਨੇਡਾ ਦੇ ਸਰਕਾਰੀ ਦੌਰੇ ਤੋਂ ਪਰਤਦਿਆਂ ਕਸ਼ਮੀਰ ਦਾ ਗ਼ੈਰ-ਰਸਮੀ ਦੌਰਾ ਕੀਤਾ ਸੀ। ਪਰ ਇਤਿਹਾਸਕਾਰਾਂ ਨੇ ਇਸ ਦੌਰੇ ਦੇ ਮਕਸਦ ਬਾਰੇ ਕੁਝ ਵੀ ਸਪੱਸ਼ਟ ਤੌਰ ’ਤੇ ਨਹੀਂ ਲਿਖਿਆ ਹੈ।

ਰਾਜਾ ਮਹੇਂਦਰ ਸਿੰਘ ਦੀ ਫੇਰੀ ਦਾ ਮਕਸਦ ਦੱਸਦੇ ਹੋਏ ਪ੍ਰੀਤਮ ਸਿੰਘ ਕਹਿੰਦੇ ਹਨ, “ਰਾਜਾ ਮਹੇਂਦਰ ਅਤੇ ਰਾਣੀ ਰਤਨਾ ਸਮੇਤ ਕਰੀਬ 30-40 ਲੋਕਾਂ ਦਾ ਇੱਕ ਸੈਲਾਨੀ ਸਮੂਹ ਅਮਰਨਾਥ ਯਾਤਰਾ ’ਤੇ ਗਿਆ ਸੀ।”

“ਜਦੋਂ ਉਹ ਅਮਰਨਾਥ ਯਾਤਰਾ ਲਈ ਰਵਾਨਾ ਹੋਏ ਤਾਂ ਮੈਂ ਵੀ ਉਨ੍ਹਾਂ ਦੇ ਨਾਲ ਪਹਿਲਗਾਮ ਤੱਕ ਗਿਆ ਸੀ।”

ਮਹੇਂਦਰ ਨਾਲ ਉਸ ਛੋਟੀ ਜਿਹੀ ਮਿਲਣੀ ਤੋਂ ਕੁਝ ਦਿਨ ਬਾਅਦ ਸਿੰਘ ਨੇਪਾਲ ਪਰਤ ਆਏ ਅਤੇ ਸ਼ਿਪਿੰਗ ਦੇ ਕਾਰੋਬਾਰ ’ਚ ਸ਼ਾਮਲ ਹੋ ਗਏ।

ਪ੍ਰੀਤਮ ਸਿੰਘ

ਤਸਵੀਰ ਸਰੋਤ, PRITAM SINGH'S COLLECTION

ਤਸਵੀਰ ਕੈਪਸ਼ਨ, ਪ੍ਰੀਤਮ ਸਿੰਘ ਆਪਣੇ ਪਿਤਾ ਤੇ ਚਾਚਾ ਨਾਲ

ਅਕਾਲ ਅਤੇ ਚੌਲਾਂ ਦੀ ਉਹ ਖੇਪ

ਇਸ ਮੁਲਾਕਾਤ ਤੋਂ ਲਗਭਗ ਦੋ ਸਾਲ ਬਾਅਦ ਇੱਕ ਦਿਨ ਉਨ੍ਹਾਂ ਨੂੰ ਸਰਕਲ ਅਫ਼ਸਰ ਦੇ ਦਫ਼ਤਰ ਤੋਂ ਫੋਨ ਆਉਂਦਾ ਹੈ।

ਪ੍ਰੀਤਮ ਕਹਿੰਦੇ ਹਨ, “ਉੱਥੇ ਇੱਕ ਸਰਕਲ ਅਧਿਕਾਰੀ ਸਨ, ਮੈਂ ਉਨ੍ਹਾਂ ਦਾ ਨਾਮ ਭੁੱਲ ਗਿਆ ਹਾਂ, ਉਨ੍ਹਾਂ ਨੇ ਮੈਨੂੰ ਕਿਹਾ , ਰਾਜਾ ਦਾ ਹੁਕਮ ਹੈ ਕਿ ਭਾਰਤ ਤੋਂ ਫੌਰੀ ਤੌਰ ’ਤੇ 10,000 ਟਨ ਚੌਲ ਲਿਆਉਣੇ ਹਨ। ਤੁਸੀਂ ਇਸ ਖੇਪ ਨੂੰ ਕਿਵੇਂ ਲਿਆਓਗੇ?”

ਉਸ ਸਮੇਂ ਮਹਿਜ਼ 5-7 ਟਰੱਕਾਂ ਨਾਲ ਆਪਣਾ ਕਾਰੋਬਾਰ ਚਲਾਉਣ ਵਾਲੇ ਪ੍ਰੀਤਮ ਸਿੰਘ ਲਈ ਕੁਝ ਹੀ ਦਿਨਾਂ ’ਚ ਇੰਨੇ ਚੌਲ ਲਿਆਉਣਾ ਬਹੁਤ ਹੀ ਮੁਸ਼ਕਲ ਵਾਲਾ ਕਾਰਜ ਸੀ।

ਹਾਲਾਂਕਿ ਉਨ੍ਹਾਂ ਨੇ ਸਰਕਲ ਅਧਿਕਾਰੀ ਨੂੰ ਕਿਹਾ, “ਜੇਕਰ ਤੁਸੀਂ ਮੈਨੂੰ ਕੁਝ ਸਹੂਲਤਾਂ ਮੁਹੱਈਆ ਕਰਵਾਉਣ ਦਾ ਭਰੋਸਾ ਦੇ ਸਕਦੇ ਹੋ ਤਾਂ ਮੈਂ ਇਸ ਖੇਪ ਨੂੰ ਲਿਆ ਸਕਦਾ ਹਾਂ।”

ਸਰਕਲ ਅਧਿਕਾਰੀ ਨੇ ਉਨ੍ਹਾਂ ਨੂੰ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ ਅਤੇ ਇਸ ਤੋਂ ਬਾਅਦ ਸਿੰਘ ਨੇ ਤਿੰਨ ਮੰਗਾਂ ਰੱਖੀਆਂ ਕਿ – ਟਰੱਕ ਨੰਬਰ ਪਲੇਟਾਂ ਦੀ ਸੌਖੀ ਰਜਿਸਟ੍ਰੇਸ਼ਨ, ਟੈਕਸ ਛੋਟ ਅਤੇ ਮਾਲ ਦੀ ਆਸਾਨੀ ਨਾਲ ਲੋਡਿੰਗ ਅਤੇ ਅਨਲੋਡਿੰਗ।

ਉਨ੍ਹਾਂ ਨੇ ਭਾਰਤੀ ਟਰੱਕਾਂ ਤੋਂ ਸ਼ਿਪਿੰਗ ਲਈ ਅਜਿਹੀਆਂ ਸ਼ਰਤਾਂ ਰੱਖੀਆਂ ਸਨ। ਨੇਪਾਲ ਸਰਕਾਰ ਨੇ ਨਾ ਸਿਰਫ ਉਨ੍ਹਾਂ ਦੀਆਂ ਤਿੰਨੇ ਮੰਗਾਂ ਮੰਨੀਆਂ ਸਗੋਂ ਉਨ੍ਹਾਂ ਨੂੰ ਭਾਰਤੀ ਟਰੱਕਾਂ ’ਤੇ ਆਰਜ਼ੀ ਨੰਬਰ ਪਲੇਟ ਲਗਾਉਣ ਦਾ ਕੰਮ ਵੀ ਸੌਂਪ ਦਿੱਤਾ।

ਪ੍ਰੀਤਮ ਸਿੰਘ

ਤਸਵੀਰ ਸਰੋਤ, Getty Images

ਉਹ ਯਾਦ ਕਰਦੇ ਹੋਏ ਦੱਸਦੇ ਹਨ, “ਉਸ ਸਮੇਂ ਮੈਨੂੰ ਇੱਕਲੇ ਨੂੰ 500 ਤੋਂ 650 ਨੰਬਰ ਪਲੇਟਾਂ ਵੰਡਣ ਦੀ ਇਜਾਜ਼ਤ ਸੀ। ਇਸ ਲਈ ਮੈਂ ਉਨ੍ਹਾਂ ਸਾਰਿਆਂ ਨੂੰ ਨੰਬਰ ਦਿੱਤੇ ਅਤੇ ਚੌਲ ਭੇਜ ਦਿੱਤੇ।”

“ਸਰਕਾਰ ਨੇ ਸੋਚਿਆ ਸੀ ਕਿ ਇਸ ਕੰਮ ਨੂੰ ਪੂਰਾ ਕਰਨ ’ਚ 2-3 ਮਹੀਨੇ ਲੱਗਣਗੇ ਪਰ ਮੈਂ 15 ਤੋਂ 20 ਦਿਨਾਂ ਦੇ ਅੰਦਰ ਹੀ ਸਾਰੇ ਚੌਲ ਲੈ ਆਇਆ ਸੀ।”

ਪ੍ਰੀਤਮ ਸਿੰਘ ਮੁਤਾਬਕ ਉਹ ਚੌਲਾਂ ਦੀ ਖੇਪ ਨੇਪਾਲ ਦੇ ਪਹਾੜੀ ਇਲਾਕਿਆਂ ’ਚ ਅਕਾਲ ਤੋਂ ਬਾਅਦ ਮਦਦ ਵੱਜੋਂ ਨੇਪਾਲ ਨੂੰ ਮੁਹੱਈਆ ਕਰਵਾਈ ਗਈ ਸੀ।

ਚੌਲਾਂ ਦੀ ਖੇਪ ਨੂੰ ਸਫਲਤਾਪੂਰਵਕ ਲਿਆਉਣ ਤੋਂ ਬਾਅਦ, ਸਿੰਘ ਨੂੰ ਰਾਜਾ ਮਹੇਂਦਰ ਨੇ ਨਾਰਾਇਣਹਿਤੀ ਮਹਿਲ ਵਿਖੇ ਬੁਲਾਇਆ।

ਪ੍ਰੀਤਮ ਸਿੰਘ ਇਸ ਮੁਲਾਕਾਤ ਦਾ ਜ਼ਿਕਰ ਕਰਦੇ ਹੋਏ ਦੱਸਦੇ ਹਨ, “ਉਸ ਸਮੇਂ ਮੈਨੂੰ ਇਨਾਮ ਵੱਜੋਂ 1000 ਰੁਪਏ, ਇੱਕ ਪ੍ਰਮਾਣ ਪੱਤਰ ਅਤੇ ਧੰਨਵਾਦ ਪੱਤਰ ਮਿਲਿਆ ਸੀ। ਪਰ ਪ੍ਰਮਾਣ ਪੱਤਰ ’ਤੇ ਰਾਜਾ ਦੇ ਦਸਤਖ਼ਤ ਨਹੀਂ ਹਨ। ਇਸ ’ਤੇ ਤਤਕਾਲੀ ਖੁਰਾਕ ਮੰਤਰੀ ਦੇ ਦਸਤਖ਼ਤ ਹਨ।”

ਪ੍ਰੀਤਮ ਸਿੰਘ

ਤਸਵੀਰ ਸਰੋਤ, PRITAM SINGH'S COLLECTION

ਤਸਵੀਰ ਕੈਪਸ਼ਨ, ਨੇਪਾਲ ਵਿੱਚ ਪ੍ਰੀਤਮ ਸਿੰਘ ਸਨਮਾਨ ਹਾਸਿਲ ਕਰਦੇ ਹੋਏ

ਰਾਜੇ ਦੇ ਹੁਕਮਾਂ ਨਾਲ ਪੁੱਤਰ ਨੂੰ ਮਿਲੀ ਨਾਗਰਿਕਤਾ

ਉਸ ਸਮੇਂ ਰਾਜਾ ਮਹੇਂਦਰ ਨੇ ਪੁੱਛਿਆ ਕਿ ਕੀ ਉਨ੍ਹਾਂ ਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੈ?

ਪ੍ਰੀਤਮ ਸਿੰਘ ਦੱਸਦੇ ਹਨ, “ਉਸ ਸਮੇਂ ਮੇਰਾ ਪੁੱਤਰ ਚਾਰ ਸਾਲਾਂ ਦਾ ਸੀ। ਮੈਂ ਉਨ੍ਹਾਂ ਨੂੰ ਨਾਗਰਿਕਤਾ ਲੈਣ ਲਈ ਕਿਹਾ। ਇਹ ਰਾਜਾ ਸਾਹਿਬ ਦਾ ਹੁਕਮ ਸੀ ਅਤੇ ਬਾਅਦ ’ਚ ਮੈਨੂੰ ਉਸ ਦੇ ਆਧਾਰ ’ਤੇ ਆਪਣੇ ਬੇਟੇ ਦੀ ਨਾਗਰਿਕਤਾ ਮਿਲ ਗਈ ਸੀ।”

ਰਾਜਾ ਮਹੇਂਦਰ ਨਾਲ ਇਹ ਉਨ੍ਹਾਂ ਦੀ ਤੀਜੀ ਮੁਲਾਕਾਤ ਸੀ। ਇਸ ਤੋਂ ਕੁਝ ਸਾਲ ਬਾਅਦ ਪ੍ਰੀਤਮ ਸਿੰਘ ਨੂੰ ਰਾਜਾ ਮਹੇਂਦਰ ਦੀ ਸਭ ਤੋਂ ਵੱਡੀ ਧੀ ਸ਼ਾਂਤੀ ਰਾਜਲਕਸ਼ਮੀ ਦੇ ਘਰੋਂ ਸੱਦਾ ਆਇਆ। ਜਦੋਂ ਉਹ ਉੱਥੇ ਗਏ ਤਾਂ ਰਾਜਾ ਮਹੇਂਦਰ ਵੀ ਉੱਥੇ ਮੌਜੂਦ ਸਨ।

ਰਾਜਾ ਨੇ ਸਿੰਘ ਨੂੰ ਕਿਹਾ, “ਮੇਰੀ ਧੀ ਅਤੇ ਜਵਾਈ ਨੇ ਅਮਰਨਾਥ ਦੀ ਯਾਤਰਾ ਦੀ ਇੱਛਾ ਕੀਤੀ ਹੈ। ਤੁਹਾਨੂੰ ਉਨ੍ਹਾਂ ਨੂੰ ਘੁੰਮਾਉਣਾ ਚਾਹੀਦਾ ਹੈ।”

ਕੁਝ ਹੀ ਦਿਨਾਂ ਬਾਅਦ ਪ੍ਰੀਤਮ ਸਿੰਘ, ਸ਼ਾਂਤੀ ਅਤੇ ਉਨ੍ਹਾਂ ਦੇ ਪਤੀ ਦੀਪਕ ਜੰਗ ਬਹਾਦੁਰ ਸਿੰਘ ਅਤੇ ਕੁਝ ਹੋਰ ਲੋਕਾਂ ਦੇ ਨਾਲ ਅਮਰਨਾਥ ਦੀ ਯਾਤਰਾ ਲਈ ਰਵਾਨਾ ਹੋਏ।

ਦੀਪਕ ਅਤੇ ਸ਼ਾਂਤੀ ਦਾ ਵਿਆਹ 1965 ’ਚ ਹੋਇਆ ਸੀ । ਸਿੰਘ ਨੂੰ ਉਸ ਅਮਰਨਾਥ ਯਾਤਰਾ ਦੀ ਤਰੀਕ ਯਾਦ ਤਾਂ ਨਹੀਂ ਹੈ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਵਿਆਹ ਤੋਂ 1-2 ਸਾਲ ਬਾਅਦ ਦੀ ਗੱਲ ਹੈ।

ਨੇਪਾਲੀ ਸ਼ਾਹੀ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੇ ਅਮਰਨਾਥ ਯਾਤਰਾ ਦੌਰਾਨ ਪ੍ਰੀਤਮ ਸਿੰਘ ਦੇ ਨਾਲ ਲਗਭਗ 1 ਮਹੀਨੇ ਤੱਕ ਯਾਤਰਾ ਕੀਤੀ। ਉਹ ਇੱਕ ਗਾਈਡ ਵੱਜੋਂ ਉਨ੍ਹਾਂ ਦੇ ਨਾਲ ਸਨ ਅਤੇ ਅਮਰਨਾਥ ਸਮੇਤ ਕਸ਼ਮੀਰ ਦੇ ਸਾਰੇ ਸੈਰ-ਸਪਾਟਾ ਅਤੇ ਧਾਰਮਿਕ ਖੇਤਰਾਂ ਦਾ ਵੀ ਦੌਰਾ ਕੀਤਾ।

ਉਹ ਖੁਸ਼ ਹੋ ਕੇ ਦੱਸਦੇ ਹਨ, “ਉਹ ਤਕਰੀਬਨ 10 ਦਿਨਾਂ ਤੱਕ ਸਾਡੇ ਘਰ ਵੀ ਰਹੇ।”

ਉਨ੍ਹਾਂ ਦਾ ਕਹਿਣਾ ਹੈ ਕਿ ਉਦੋਂ ਤੋਂ ਲੈ ਕੇ ਅੱਜ ਤੱਕ ਸ਼ਾਂਤੀ ਦੀ ਪਰਿਵਾਰ ਨਾਲ ਨੇੜਤਾ ਕਾਇਮ ਹੈ।

ਉਨ੍ਹਾਂ ਅੱਗੇ ਦੱਸਿਆ, “ਉਹ ਹੁਣ ਇਸ ਦੁਨੀਆ ’ਚ ਨਹੀਂ ਹਨ ਪਰ ਮੈਂ ਅੱਜ ਵੀ ਉਨ੍ਹਾਂ ਦੇ ਬੱਚਿਆਂ ਨੂੰ ਮਿਲਦਾ ਰਹਿੰਦਾ ਹਾਂ। ਉਨ੍ਹਾਂ ਦੇ ਬੱਚੇ ਵੀ ਮੇਰੇ ਬਾਰੇ ਪੁੱਛਦੇ ਰਹਿੰਦੇ ਹਨ।”

ਸਾਲ 2001 ’ਚ ਰਾਜ ਦਰਬਾਰ ਕਤਲੇਆਮ ’ਚ ਰਾਜਾ ਵੀਰੇਂਦਰ ਦੇ ਪਰਿਵਾਰ ਸਮੇਤ ਅਧਿਰਾਜਕੁਮਾਰੀ ਸ਼ਾਂਤੀ ਦੀ ਵੀ ਮੌਤ ਹੋ ਗਈ ਸੀ।

ਪ੍ਰੀਤਮ ਸਿੰਘ

ਤਸਵੀਰ ਸਰੋਤ, PRITAM SINGH'S COLLECTION

ਪਹਿਲੀ ਮੁਲਾਕਾਤ

ਰਾਜਾ ਮਹੇਂਦਰ ਨਾਲ ਪ੍ਰੀਤਮ ਸਿੰਘ ਦੀ ਪਹਿਲੀ ਮੁਲਾਕਾਤ ਦੀ ਕਹਾਣੀ ਵੀ ਦਿਲਚਸਪ ਹੈ। ਜੰਮੂ ’ਚ ਜਨਮੇ ਪ੍ਰੀਤਮ ਸਿੰਘ ਨੇ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਪਾਇਲਟ ਬਣਨ ਦਾ ਸੁਪਨਾ ਵੇਖਿਆ।

ਉਨ੍ਹਾਂ ਦਾ ਇਹੀ ਸੁਪਨਾ ਉਨ੍ਹਾਂ ਨੂੰ ਲਖਨਊ ਲੈ ਆਇਆ। ਉੱਥੇ ਉਨ੍ਹਾਂ ਨੇ ਪਾਇਲਟ ਬਣਨ ਦੀ ਸਿਖਲਾਈ ਲਈ। ਸਿਖਲਾਈ ਦੌਰਾਨ ਉਨ੍ਹਾਂ ਦਾ ਦੁਲਤ ਨਾਮ ਦਾ ਇੱਕ ਚੰਗਾ ਦੋਸਤ ਬਣਿਆ।

ਬਾਅਦ ’ਚ ਉਹ ਦੋਸਤ ਨੇਪਾਲੀ ਜਹਾਜ਼ ਉਡਾਉਣ ਲੱਗਿਆ ਅਤੇ ਕੈਪਟਨ ਬਣ ਗਿਆ। ਰਾਜਾ ਮਹੇਂਦਰ ਦੇ ਦੌਰੇ ’ਤੇ ਜਹਾਜ਼ ਉਡਾਉਣ ਦੇ ਕਾਰਨ ਉਨ੍ਹਾਂ ਦਾ ਰਾਜਾ ਮਹੇਂਦਰ ਦੇ ਨਾਲ ਨਜ਼ਦੀਕੀ ਰਿਸ਼ਤਾ ਬਣ ਗਿਆ ਸੀ।

ਉਸੇ ਦੋਸਤ ਦੇ ਜ਼ਰੀਏ ਜਦੋਂ ਸਿੰਘ ਪਹਿਲੀ ਵਾਰ 1958 ’ਚ ਨੇਪਾਲ ਆਏ ਤਾਂ ਉਨ੍ਹਾਂ ਦੀ ਪਹਿਲੀ ਵਾਰ ਰਾਜਾ ਮਹੇਂਦਰ ਨਾਲ ਮਹਿਲ ’ਚ ਮੁਲਾਕਾਤ ਹੋਈ ਸੀ।

ਪ੍ਰੀਤਮ ਸਿੰਘ ਯਾਦ ਕਰਦੇ ਹੋਏ ਦੱਸਦੇ ਹਨ, “ਉਸ ਬੈਠਕ ਦੌਰਾਨ ਰਾਜਾ ਮਹੇਂਦਰ ਨੇ ਮੈਨੂੰ ਪੁੱਛਿਆ ਕਿ ਮੈਂ ਕੀ ਕਰਾਂਗਾ। ਸਾਡਾ ਜੰਮੂ-ਕਸ਼ਮੀਰ ’ਚ ਰਵਾਇਤੀ ਤੌਰ ’ਤੇ ਟਰਾਂਸਪੋਰਟ ਦਾ ਕਾਰੋਬਾਰ ਹੈ, ਇਹ ਜਾਣਨ ਤੋਂ ਬਾਅਦ ਉਨ੍ਹਾਂ ਨੇ ਕਿਹਾ, “ਨੇਪਾਲ ਆਓ ਅਤੇ ਕਾਰੋਬਾਰ ਕਰੋ, ਸਾਨੂੰ ਕੁਝ ਮਦਦ ਦੀ ਜ਼ਰੂਰਤ ਹੈ।”

ਰਾਜਾ ਮਹੇਂਦਰ ਦੀ ਗੁਜ਼ਾਰਿਸ਼ ਦੇ ਨਾਲ-ਨਾਲ ਆਪਣੀ ਦਿਲਚਸਪੀ ਦੇ ਕਾਰਨ ਉਨ੍ਹਾਂ ਨੇ ਨੇਪਾਲ ਨੂੰ ਵਪਾਰ ਕਰਨ ਦੀ ਥਾਂ ਬਣਾਉਣ ਬਾਰੇ ਸੋਚਿਆ ਅਤੇ ਕੁਝ ਹੀ ਮਹੀਨਿਆਂ ’ਚ ਉਹ ਤਿੰਨ ਟਰੱਕ ਲੈ ਕੇ ਨੇਪਾਲ ਆ ਗਏ।

ਪ੍ਰੀਤਮ ਸਿਘ

ਉਨ੍ਹਾਂ ਨੂੰ ਯਾਦ ਹੈ ਕਿ ਉਹ ਕਈ ਦਿਨਾਂ ਦੇ ਸਫ਼ਰ ਤੋਂ ਬਾਅਦ ਪਟਨਾ ਰਾਹੀਂ ਕਾਠਮੰਡੂ ਪਹੁੰਚੇ ਸਨ।

ਪ੍ਰੀਤਮ ਉਸ ਸਮੇਂ ਦੇ ਨੇਪਾਲ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, “ਸੜਕ ਕਿਤੇ ਵੀ ਵਧੀਆ ਹਾਲਤ ’ਚ ਨਹੀਂ ਸੀ। ਤਰਾਈ ’ਚ ਤਾਂ ਸਿਰਫ ਛੋਟੇ ਵਾਹਨਾਂ ਲਈ ਹੀ ਰਾਹ ਸੀ। ਕਾਂਤੀ ਰਾਜਪਥ ਤੋਂ ਟਰੱਕ ਲਿਆਉਣਾ ਹੋਰ ਵੀ ਮੁਸ਼ਕਲ ਸੀ। ਅਸੀਂ ਇੱਕ ਤੋਂ ਬਾਅਦ ਇੱਕ ਟਰੱਕ ਲੈ ਕੇ ਆਏ। ਜੀਪਾਂ ਦੇ ਲਈ ਬਣੀ ਸੜਕ ’ਤੇ ਬਹੁਤ ਪਰੇਸ਼ਾਨੀ ਹੁੰਦੀ ਸੀ।”

ਟਰੱਕਾਂ ਨੂੰ ਕਾਠਮੰਡੂ ਘਾਟੀ ’ਚ ਲਿਆਉਣ ਤੋਂ ਬਾਅਦ ਸਿੰਘ ਹਨੂਮਾਨਢੋਕਾ ਗਏ ਅਤੇ ਤਿੰਨੇ ਟਰੱਕਾਂ ਦੀ ਰਜਿਸਟ੍ਰੇਸ਼ਨ ਕਰਵਾਈ। ਉਨ੍ਹਾਂ ਨੂੰ ਉਸ ਸਮੇਂ ਰਜਿਸਟਰਡ ਟਰੱਕਾਂ ਦੇ ਨੰਬਰ ਅੱਜ ਵੀ ਯਾਦ ਹਨ- 238, 239 ਅਤੇ 240।

ਟਰਾਂਸਪੋਰਟ ਦੇ ਕਾਰੋਬਾਰ ਦੇ ਨਾਲ ਜੁੜੇ ਦੇ ਕਾਰਨ ਹੋਰਨਾਂ ਡਰਾਇਵਰਾਂ ਦੇ ਨਾਲ ਉਨ੍ਹਾਂ ਨੂੰ ਵੀ ਡਰਾਈਵਿੰਗ ਲਾਈਸੈਂਸ ਮਿਲ ਗਿਆ। ਉਨ੍ਹਾਂ ਨੇ ਆਪਣੀ ਦਾੜੀ ਸੈੱਟ ਕਰਦੇ ਹੋਏ ਕਿਹਾ, “ਮੇਰਾ ਲਾਈਸੈਂਸ ਨੰਬਰ 5200 ਹੈ।”

ਪ੍ਰੀਤਮ ਸਿੰਘ

ਮੌਜੂਦਾ ਸਮੇਂ ਕਿਹੜਾ-ਕਿਹੜਾ ਕਾਰੋਬਾਰ ਚੱਲਦਾ ਹੈ

ਪ੍ਰੀਤਮ ਸਿੰਘ ਲੰਮੇ ਅਰਸੇ ਤੱਕ ਸ਼ਿਪਿੰਗ ਕਾਰੋਬਾਰ ਨਾਲ ਜੁੜੇ ਰਹੇ, ਪਰ ਹੁਣ ਉਨ੍ਹਾਂ ਦਾ ਪਰਿਵਾਰ ਇਸ ਕਾਰੋਬਾਰ ਨੂੰ ਛੱਡ ਚੁੱਕਿਆ ਹੈ। ਲਗਭਗ 14 ਸਾਲ ਪਹਿਲਾਂ ਆਪਣੇ ਪੁੱਤਰ ਅਤੇ ਇਸ ਤੋਂ ਛੇ ਮਹੀਨੇ ਬਾਅਦ ਪਤਨੀ ਦੇ ਦੇਹਾਂਤ ਤੋਂ ਬਾਅਦ, ਉਹ ਹੌਲੀ-ਹੌਲੀ ਸ਼ਿਪਿੰਗ ਕਾਰੋਬਾਰ ਤੋਂ ਪਿੱਛੇ ਹੱਟ ਗਏ ਸਨ।

ਉਨ੍ਹਾਂ ਨੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਕੁਝ ਦਹਾਕੇ ਪਹਿਲਾਂ ਹੀ ਮਾਡਰਨ ਇੰਡੀਅਨ ਸਕੂਲ ਦੀ ਸਥਾਪਨਾ ਕੀਤੀ ਸੀ। ਉਹ ਅੱਜ ਵੀ ਇਸ ਦੀ ਦੇਖਭਾਲ ਕਰ ਰਹੇ ਹਨ। ਸਿੰਘ ਸਕੂਲ ਲਈ ਲੋੜੀਂਦੀਆਂ ਬੱਸਾਂ ਦਾ ਪ੍ਰਬੰਧ ਵੀ ਵੇਖਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਟਰਾਂਸਪੋਰਟ ਕਾਰੋਬਾਰ ’ਚ ਉਨ੍ਹਾਂ ਦਾ ਸਾਲਾਂ ਦਾ ਤਜ਼ਰਬਾ ਸਕੂਲ ਪ੍ਰਬੰਧਨ ’ਚ ਵੀ ਕੰਮ ਆ ਰਿਹਾ ਹੈ।

ਉਨ੍ਹਾਂ ਦੀਆਂ 3 ਧੀਆਂ ਆਪੋ-ਆਪਣੇ ਪਰਿਵਾਰਾਂ ਸਮੇਤ ਵਿਦੇਸ਼ ’ਚ ਹਨ। ਉਨ੍ਹਾਂ ਦਾ ਸਭ ਤੋਂ ਵੱਡਾ ਪੋਤਾ ਨੇਪਾਲ ’ਚ ਹੀ ਹੈ। ਉਹ ਲਲਿਤਪੁਰ ’ਚ ਰਹਿੰਦਾ ਹੈ ਅਤੇ ਆਪਣਾ ਸਕੂਲ ਚਲਾਉਂਦਾ ਹੈ।

ਪ੍ਰੀਤਮ ਸਿੰਘ

ਤਸਵੀਰ ਸਰੋਤ, PRITAM SINGH'S COLLECTION

ਕਸ਼ਮੀਰ ਬਾਰੇ ਰਾਏ

ਪ੍ਰੀਤਮ ਸਿੰਘ ਕਸ਼ਮੀਰ ਆਉਂਦੇ-ਜਾਂਦੇ ਰਹਿੰਦੇ ਹਨ। ਉਹ ਉੱਥੋਂ ਦੀ ਆਪਣੀ ਕੁਝ ਜ਼ਮੀਨ ਵੇਚਣਾ ਚਾਹੁੰਦੇ ਹਨ, ਪਰ ਅਜੇ ਤੱਕ ਵੇਚ ਨਹੀਂ ਪਾਏ ਹਨ।

ਹਾਲਾਂਕਿ ਉਹ ਕਸ਼ਮੀਰ ਨੂੰ ਮਿਲੇ ਵਿਸ਼ੇਸ਼ ਅਧਿਕਾਰਾਂ ਨੂੰ ਰੱਦ ਕਰਨ ਦੇ ਭਾਰਤ ਸਰਕਾਰ ਦੇ ਫੈਸਲੇ ਦੇ ਸਮਰਥਕ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਫੈਸਲੇ ਨਾਲ ਕਸ਼ਮੀਰ ਦੇ ਆਮ ਨਾਗਰਿਕਾਂ ਨੂੰ ਫਾਇਦਾ ਹੋਇਆ ਹੈ।

2019 ’ਚ ਡੇਢ ਘੰਟੇ ਦੀ ਲੰਮੀ ਗੱਲਬਾਤ ਤੋਂ ਬਾਅਦ ਸਿੰਘ ਲਿਵਿੰਗ ਰੂਮ ਤੋਂ ਉੱਠ ਕੇ ਪੌੜੀਆਂ ਕੋਲ ਪਹੁੰਚੇ ਅਤੇ ਦੋਵੇਂ ਹੱਥ ਹਿਲਾਉਂਦੇ ਹੋਏ ਬੋਲੇ, “ਤੁਸੀਂ ਤਾਂ ਮੈਨੂੰ 60 ਸਾਲ ਪਹਿਲਾਂ ਦੀਆਂ ਯਾਦਾਂ ’ਚ ਪਹੁੰਚਾ ਦਿੱਤਾ ਹੈ। ਉਸ ਸਮੇਂ ਦੀਆਂ ਗੱਲਾਂ ਹੁਣ ਮੇਰੀਆਂ ਅੱਖਾਂ ਸਾਹਮਣੇ ਘੁੰਮਣ ਲੱਗੀਆਂ ਹਨ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)