ਬਦਨਾਮ ‘‘ਬਾਬਾ’’ ਜੋ ਇੱਕੋ ਵੇਲ਼ੇ 18 ਔਰਤਾਂ ਨਾਲ ਰਹਿੰਦਾ ਸੀ ਤੇ ਚੇਲਿਆਂ ਤੋਂ ਕਤਲ ਕਰਵਾਉਂਦਾ ਸੀ

ਚਾਰਲਸ ਮੈਨਸਨ

ਤਸਵੀਰ ਸਰੋਤ, EVERETT COLLECTION INC/ALAM

ਤਸਵੀਰ ਕੈਪਸ਼ਨ, ਚਾਰਲਸ ਮੈਨਸਨ

ਲੈਜ਼ਲੀ ਵੈਨ ਹੂਟੇਨ, ਇੱਕ ਸੰਪ੍ਰਦਾਇ ਦੇ ਬਦਨਾਮ ਮਰਹੂਮ ਮੁਖੀ ਚਾਰਲਸ ਮੈਨਸਨ ਦੀ ਸ਼ਗਿਰਦ ਹੈ। ਉਹ ਪਿਛਲੇ ਦਿਨੀਂ ਦੋ ਬੇਰਹਿਮ ਕਤਲਾਂ ਦੀ ਪੰਜਾਹ ਸਾਲ ਕੈਦ ਕੱਟ ਕੇ ਰਿਹਾਅ ਹੋਈ ਹੈ।

73 ਸਾਲਾ ਲੈਜ਼ਲੀ 1969 ਵਿੱਚ 19 ਸਾਲਾਂ ਦੀ ਸੀ। ਉਹ ਮੈਨਸਨ ਫੈਮਿਲੀ (ਸੰਪ੍ਰਦਾਇ) ਦੀ ਇੱਕ ਮੈਂਬਰ ਸੀ ਜਦੋਂ ਉਸ ਨੇ 1969 ਵਿੱਚ ਲਾਸ ਏਂਜਲਸ 'ਚ ਇੱਕ ਕਰਿਆਨੇ ਵਾਲ਼ੇ ਕਾਰੋਬਾਰੀ ਅਤੇ ਉਸਦੀ ਪਤਨੀ ਦੇ ਕਤਲਾਂ ਵਿੱਚ ਹਿੱਸਾ ਲਿਆ।

ਕੈਲੀਫੋਰਨੀਆ ਦੇ ਪਿਛਲੇ ਗਵਰਨਰ ਉਸ ਦੀ ਜ਼ਮਾਨਤ ਦੀਆਂ ਅਰਜ਼ੀਆਂ ’ਤੇ ਰੋਕ ਲਗਾਉਂਦੇ ਰਹੇ ਪਰ ਸੂਬੇ ਦੀ ਅਦਾਲਤ ਨੇ ਉਨ੍ਹਾਂ ਦੇ ਫ਼ੈਸਲੇ ਬਾਅਦ ਵਿੱਚ ਪਲਟ ਦਿੱਤੇ।

ਲੈਜ਼ਲੀ ਵੈਨ ਹੂਟੇਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਲੀਫੋਰਨੀਆ ਦੇ ਗਵਰਨਰ ਨੇ ਲੈਜ਼ਲੀ ਵੈਨ ਹੂਟੇਨ (ਸੱਜੇ) ਨੂੰ ਛੱਡਣ ਲਈ ਪਿਛਲੀਆਂ ਅਪੀਲਾਂ ਨੂੰ ਰੋਕ ਦਿੱਤਾ ਸੀ

ਉਹ ਉਸ ਸੰਪ੍ਰਦਾਇ ਦੀ ਸਭ ਤੋਂ ਛੋਟੀ ਉਮਰ ਦੀ ਮੈਂਬਰ ਸੀ ਜਿਸ ਨੂੰ ਇਸ ਕਤਲ ਕੇਸ ਵਿੱਚ ਸਜ਼ਾ ਸੁਣਾਈ ਗਈ ਸੀ।

ਇਨ੍ਹਾਂ ਕਤਲਾਂ ਤੋਂ ਚਾਰ ਦਿਨ ਪਹਿਲਾਂ ਹੀ ਅਦਾਕਾਰਾ ਸ਼ੈਰਨ ਟੇਟੇ ਸਮੇਤ ਚਾਰ ਹੋਰ ਜਣਿਆਂ ਦੇ ਕਤਲ ਕੀਤੇ ਗਏ ਸਨ।

ਲੈਜ਼ਲੀ ਨੇ ਦੁਕਾਨਦਾਰ ਦੀ ਪਤਨੀ (ਰੋਜ਼ਮੈਰੀ) ਨੂੰ ਫੜਿਆ ਅਤੇ ਕਿਸੇ ਹੋਰ ਨੇ ਉਸ ਦੇ ਛੁਰਾ ਮਾਰਿਆ। ਲੈਜ਼ਲੀ ਨੇ ਬਾਅਦ ਵਿੱਚ ਮੰਨਿਆ ਕਿ ਉਸ ਨੇ ਰੋਜ਼ਮੈਰੀ ਦੇ ਮਰ ਜਾਣ ਤੋਂ ਬਾਅਦ ਵੀ ਉਸ ਦੇ ਛੁਰੇ ਮਾਰੇ ਸਨ।

ਲੈਜ਼ਲੀ ਦੀ ਵਕੀਲ ਨੈਨਸੀ ਟੇਟਰੀਲਟ ਨੇ ਬੀਬੀਸੀ ਨੂੰ ਦੱਸਿਆ ਕਿ ਸ਼ਾਇਦ ਉਸ ਨੂੰ ਹੁਣ ਤਿੰਨ ਸਾਲ ਲਈ ਜ਼ਮਾਨਤ ਉੱਤੇ ਰਿਹਾਅ ਕੀਤਾ ਜਾਵੇਗਾ।

ਵਕੀਲ ਨੇ ਦਾਅਵਾ ਕੀਤਾ ਕਿ “ਉਸ ਨੇ ਆਪਣੇ-ਆਪ ਨੂੰ ਸੰਪ੍ਰਦਾਇ ਤੋਂ ਵੱਖ ਕਰਨ ਅਤੇ ਆਪਣੇ ਅਪਰਾਧਾਂ ਦੀ ਜ਼ਿੰਮੇਵਾਰੀ ਸਵੀਕਾਰ ਕਰਨ ਦਾ ਲੰਬਾ ਕੰਮ ਕੀਤਾ ਹੈ। ਉਸ ਨੇ ਕਾਫ਼ੀ ਸਮਾਂ ਲਿਆ ਹੈ ਪਰ ਕਈ ਸਾਲਾਂ ਦੀ ਥੈਰਿਪੀ ਮਗਰੋਂ ਉਸ ਨੂੰ ਆਪਣੇ ਕੀਤੇ ’ਤੇ ਪਛਤਾਵਾ ਹੈ।”

ਲੈਜ਼ਲੀ ਵੈਨ ਹੂਟੇਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੈਜ਼ਲੀ ਵੈਨ ਹੂਟੇਨ (ਸੱਜੇ) ਲੇਨੋ ਲਾਬੀਅਨਕਾ ਦੀ ਮੌਤ ਵਿੱਚ ਭੂਮਿਕਾ ਲਈ ਕਤਲ ਦੀ ਦੋਸ਼ੀ ਠਹਿਰਾਈ ਜਾਣ ਵਾਲੀ ਸਭ ਤੋਂ ਘੱਟ ਉਮਰ ਦੀ ਮਾਨਸਨ ਚੇਲੀ ਸੀ

ਸੰਪ੍ਰਦਾਇ ਨੇ ਕੀ ਕੀਤਾ ਸੀ

ਚਾਰਲਸ ਮੈਨਸਨ ਨੂੰ ਅਮਰੀਕਾ ਦੇ ਸਭ ਤੋਂ ਬਦਨਾਮ ‘ਗੁਰੂਆਂ’ ਵਿੱਚੋਂ ਇੱਕ ਗਿਣਿਆ ਜਾਂਦਾ ਹੈ।

ਉਸ ਨੇ ਆਪਣੇ ਪੈਰੋਕਾਰਾਂ ਨੂੰ ਨਸਲੀ ਯੁੱਧ ਸ਼ੁਰੂ ਕਰਵਾਉਣ ਦੇ ਇਰਾਦੇ ਨਾਲ਼ ਨੌਂ ਕਤਲ ਕਰਨ ਲਈ ਪ੍ਰੇਰਿਆ ਸੀ।

ਉਸਦੀ ਉਮੀਦ ਸੀ ਕਿ ਕਤਲਾਂ ਮਗਰੋਂ ਗੋਰਿਆਂ ਅਤੇ ਕਾਲਿਆਂ ਦਰਮਿਆਨ ਇੱਕ ਨਸਲੀ ਯੁੱਧ ਸ਼ੁਰੂ ਹੋ ਜਾਵੇਗਾ।

ਇਨ੍ਹਾਂ ਸੱਤ ਬੇਰਹਿਮ ਕਤਲਾਂ ਨੇ ਚਾਰਲਸ ਦੀ ਗਿਣਤੀ ਅਮਰੀਕਾ ਦੇ ਸਭ ਤੋਂ ਬਦਨਾਮ ਸੰਪ੍ਰਦਾਇਕ ਆਗੂਆਂ ਵਿੱਚ ਕਰਵਾਈ।

ਹਾਲਾਂਕਿ ਕਤਲਾਂ ਦੇ ਸਮੇਂ ਚਾਰਲਸ ਉੱਥੇ ਆਪ ਮੌਜੂਦ ਨਹੀਂ ਸੀ ਪਰ ਉਸ ਨੂੰ ਮੁਜਰਮ ਮੰਨਦੇ ਹੋਏ ਮੌਤ ਦੀ ਸਜ਼ਾ ਸੁਣਾਈ ਗਈ।

ਬਾਅਦ ਵਿੱਚ ਜਦੋਂ ਕੈਲੀਫ਼ੋਰਨੀਆ ਸੂਬੇ ਵਿੱਚ ਸਜ਼ਾ-ਏ-ਮੌਤ ਨੂੰ ਖ਼ਤਮ ਕਰ ਦਿੱਤਾ ਤਾਂ ਚਾਰਲਸ ਦੀ ਸਜ਼ਾ ਨੂੰ ਵੀ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ।

ਸਾਲ 2017 ਵਿੱਚ 83 ਸਾਲਾਂ ਦੀ ਉਮਰੇ ਚਾਰਲਸ ਦੀ ਕੈਦ ਵਿੱਚ ਹੀ ਕੁਦਰਤੀ ਕਾਰਨਾਂ ਕਾਰਨ ਮੌਤ ਹੋ ਗਈ।

ਚਾਰਲਸ ਮੈਨਸਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਚਾਰਲਸ ਮੈਨਸਨ

ਕਿੰਨ੍ਹਾਂ ਲੋਕਾਂ ਦੇ ਕਤਲ ਕੀਤੇ ਗਏ ਸਨ

ਮੈਨਸਨ ਸੰਪ੍ਰਦਾਇ ਵੱਲੋਂ ਕਤਲ ਕੀਤੇ ਕੁਝ ਮਸ਼ਹੂਰ ਲੋਕਾਂ ਵਿੱਚ ਅਦਾਕਾਰ ਸ਼ੈਰਨ ਟੇਟੇ ਵੀ ਸ਼ਾਮਲ ਸਨ।

ਇਸੇ ਤਰ੍ਹਾਂ 9 ਅਗਸਤ 1989 ਨੂੰ ਲਾਸ ਏਂਜਲਸ ਵਿੱਚ ਆਪਣੇ ਪਤੀ ਰੋਮਨ ਪੋਲੈਂਸਕੀ ਦੇ ਕਿਰਾਏ ਦੇ ਘਰ ਵਿੱਚ ਅਬੀਗੇਲ ਫੋਲਰ ਦਾ ਕਤਲ ਕੀਤਾ ਗਿਆ ਜੋ ਕਿ ਕੌਫ਼ੀ ਕਾਰੋਬਾਰ ਦੇ ਕੁਬੇਰਾਂ ਦੀ ਉੱਤਰਾਅਧਿਕਾਰੀ ਸੀ।

ਅਗਲੀ ਰਾਤ 10 ਅਗਸਤ ਨੂੰ ਇੱਕ ਕਰਿਆਨੇ ਵਾਲੇ਼ ਅਤੇ ਉਸਦੀ ਪਤਨੀ ਸਮੇਤ ਪਰਿਵਾਰ ਦੇ ਤਿੰਨ ਹੋਰ ਜਣਿਆਂ ਦਾ ਕਤਲ ਕੀਤਾ ਗਿਆ।

ਮੈਨਸਨ ਦਾ ਆਪਣੇ ਚੇਲਿਆਂ ਨੂੰ ਕਤਲ ਜਿੰਨਾ ਭਿਆਨਕ ਹੋ ਸਕੇ, ਓਨਾ ਹੀ ਕਰਨ ਲਈ ਕਿਹਾ ਸੀ। ਪੀੜਤਾਂ ਦੇ ਛੁਰੇ ਮਾਰੇ ਗਏ, ਫਾਹੇ ਲਟਕਾਇਆ ਗਿਆ ਅਤੇ ਗੋਲੀਆਂ ਮਾਰੀਆਂ ਗਈਆਂ।

ਸੰਪ੍ਰਦਾਇ ਦਾ ਮੁਖੀ ਚਾਰਲਸ ਮੈਨਸਨ ਸੰਗੀਤ ਤੋਂ ਪ੍ਰਭਾਵਤ ਸੀ ਅਤੇ ਪੌਪ ਸਟਾਰ ਬਣਨ ਦਾ ਸੁਪਨਾ ਰੱਖਦਾ ਸੀ।ਉਸ ਨੇ ਬੀਟਲਜ਼ ਦੇ ਇੱਕ ਗੀਤ ਦਿ ਬੀਚ ਬੁਆਏਜ਼ ਰਿਕਾਰਡ ਵੀ ਕਰਵਾਇਆ ਸੀ।

ਚਾਰਲਸ ਮੈਨਸਨ

ਚਾਰਲਸ ਮੈਨਸਨ ਬਾਰੇ ਖਾਸ ਗੱਲਾਂ:

  • ਚਾਰਲਸ ਮੈਨਸਨ ਨੂੰ ਅਮਰੀਕਾ ਦੇ ਸਭ ਤੋਂ ਬਦਨਾਮ ‘ਗੁਰੂਆਂ’ ਵਿੱਚੋਂ ਇੱਕ ਗਿਣਿਆ ਜਾਂਦਾ ਹੈ
  • ਮੈਨਸਨ ਦਾ ਜਨਮ 12 ਨਵੰਬਰ 1934 ਨੂੰ ਆਪਣੀ 16 ਸਾਲਾ ਮਾਂ ਦੀ ਨਾਜਾਇਜ਼ ਸੰਤਾਨ ਵਜੋਂ ਹੋਇਆ
  • ਉਸ ਨੇ ਆਪਣੇ ਪੈਰੋਕਾਰਾਂ ਨੂੰ ਨਸਲੀ ਯੁੱਧ ਸ਼ੁਰੂ ਕਰਵਾਉਣ ਦੇ ਇਰਾਦੇ ਨਾਲ਼ ਨੌਂ ਕਤਲ ਕਰਨ ਲਈ ਪ੍ਰੇਰਿਆ
  • ਮੈਨਸਨ ਸੰਪ੍ਰਦਾਇ ਵੱਲੋਂ ਕਤਲ ਕੀਤੇ ਕੁਝ ਮਸ਼ਹੂਰ ਲੋਕਾਂ ਵਿੱਚ ਅਦਾਕਾਰ ਸ਼ੈਰਨ ਟੇਟੇ ਵੀ ਸ਼ਾਮਲ ਸੀ
  • ਮੈਨਸਨ ਦਾ ਆਪਣੇ ਚੇਲਿਆਂ ਨੂੰ ਕਤਲ ਭਿਆਨਕ ਰੂਪ ਵਿੱਚ ਕਰਨ ਲਈ ਕਹਿੰਦਾ ਸੀ
ਚਾਰਲਸ ਮੈਨਸਨ

ਉਹ ਬੀਟਲਜ਼ ਦਾ ਦੀਵਾਨਾ ਸੀ। ਖ਼ਾਸ ਕਰਕੇ ਉਨ੍ਹਾਂ ਦੇ ਪਿਗੀਜ਼ ਅਤੇ ਹੈਲਟਰ ਸਕੈਲਟਰ ਗਾਣੇ ਦਾ ਜਿਸ ਬਾਰੇ ਉਸ ਦਾ ਦਾਅਵਾ ਸੀ ਕਿ ਇਸ ਵਿੱਚ ਇੱਕ ਨਸਲੀ ਜੰਗ ਦੀ ਭਵਿੱਖਬਾਣੀ ਹੈ।

ਲਗਭਗ ਇੱਕ ਸਾਲ ਚੱਲੇ ਮੁਕੱਦਮੇ ਤੋਂ ਬਾਅਦ ਚਾਰਲਸ ਅਤੇ ਉਸਦੇ ਚਾਰ ਚੇਲਿਆਂ – ਸੁਜ਼ੈਨ ਅਟਕਿੰਸਨ, ਪੈਟਰਿਸ਼ੀਆ ਕਰੈਨਵਿੰਕਲ, ਚਾਰਲਸ ਵਾਟਸਨ ਅਤੇ ਲੈਜ਼ਲੀ ਵੈਂਨ ਹੂਟਨ– ਨੂੰ ਮੁਜਰਮ ਪਾਇਆ ਗਿਆ।

ਇੱਕ ਹੋਰ ਚੇਲੀ ਲਿਨਿਟ ਨੇ ਰਾਸ਼ਟਰਪਤੀ ਜਿਰਾਲਡ ਫੋਰਡ ਦੀ 1975 ਵਿੱਚ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦੀ ਬੰਦੂਕ ਜਾਮ ਹੋ ਗਈ।

ਜਦੋਂ ਚਾਰਲਸ ਦੀ ਸੁਣਵਾਈ ਚੱਲ ਰਹੀ ਸੀ ਤਾਂ ਉਸ ਨੇ ਸੰਪ੍ਰਦਾਇ ਦੇ ਹੋਰ ਮੈਂਬਰਾਂ ਨਾਲ ਰਲ਼ ਕੇ ਅਦਾਲਤ ਦੇ ਬਾਹਰ ਪ੍ਰਦਰਸ਼ਨ ਕੀਤਾ। ਉਸ ਨੇ ਕਾਨੂੰਨੀ ਪ੍ਰਕਿਰਿਆ ਵਿੱਚ ਵਿਘਨ ਪਾਉਣ ਦੇ ਇਲਜ਼ਾਮਾਂ ਤਹਿਤ ਕੁਝ ਕੈਦ ਵੀ ਕੱਟੀ।

ਸੰਗੀਤ ਅਧਿਆਪਕ ਗੈਰੀ ਹਿਨਮੈਨ ਦੀ ਵੀ 1969 ਵਿੱਚ ਮੈਨਸਨ ਦੇ ਦੋ ਪੈਰੋਕਾਰਾਂ ਨੇ ਹੱਤਿਆ ਕਰ ਦਿੱਤੀ ਸੀ। ਇਸੇ ਤਰ੍ਹਾਂ ਸਟੰਟਮੈਨ ਅਤੇ ਰੈਂਚ ਹੈਂਡ ਡੋਨਲਡ “ਸ਼ੋਰਟੀ” ਸ਼ੀਅ ਦਾ ਵੀ ਕਤਲ ਕਰ ਦਿੱਤਾ ਗਿਆ।

ਚਾਰਲਸ ਮੈਨਸਨ: ਮੌਤ ਦੇ ਸੰਪ੍ਰਦਾਇ ਦਾ ਮਸੀਹੀ ਲੀਡਰ

ਚਾਰਲਸ ਮੈਨਸਨ ਦਾ ਜਨਮ ਚਾਰਲਸ ਮਿਲੀਜ਼ ਮੈਡੌਕਸ ਵਜੋਂ ਸਿਨਸਿਨਾਟੀ, ਓਹਾਇਓ ਵਿੱਚ 12 ਨਵੰਬਰ 1934 ਨੂੰ ਆਪਣੀ 16 ਸਾਲਾ ਮਾਂ ਕੈਥਲੀਨ ਮੈਡੌਕਸ ਦੀ ਨਾਜਾਇਜ਼ ਸੰਤਾਨ ਵਜੋਂ ਹੋਇਆ।

ਪੁੱਤਰ ਦੇ ਜਨਮ ਤੋਂ ਕੁਝ ਸਮੇਂ ਦੇ ਅੰਦਰ ਹੀ ਮਾਂ ਨੇ ਵਿਲੀਅਮ ਮੈਨਸਨ ਨਾਲ਼ ਵਿਆਹ ਕਰਵਾ ਲਿਆ ਅਤੇ ਚਾਰਲਸ ਨੂੰ ਆਪਣੇ ਮਤਰੇਏ ਬਾਪ ਦਾ ਨਾਮ ਮਿਲ ਗਿਆ।

ਉਸ ਦਾ ਬਚਪਨ ਬੜਾ ਤਕਲੀਫ਼ਦੇਹ ਸੀ। ਉਸਦੀ ਮਾਂ ਸ਼ਰਾਬੀ ਸੀ ਅਤੇ 1939 ਵਿੱਚ ਇੱਕ ਪੈਟਰੋਲ ਪੰਪ ਨੂੰ ਲੁੱਟਣ ਮਗਰੋਂ ਕੈਦ ਵਿੱਚ ਭੇਜ ਦਿੱਤੀ ਗਈ।

1942 ਵਿੱਚ ਉਸ ਨੂੰ ਜ਼ਮਨਾਤ ’ਤੇ ਰਿਹਾਅ ਕੀਤਾ ਗਿਆ ਤਾਂ ਉਹ ਆਪਣੇ ਅੱਠ ਸਾਲ ਦੇ ਪੁੱਤਰ ਨਾਲ ਗੰਦੇ ਕਮਰਿਆਂ ਵਿੱਚ ਰਹੀ ਪਰ ਉਸ ਦੇ ਬੱਚੇ ਨੂੰ ਸਰਕਾਰੀ ਸੰਭਾਲ ਵਿੱਚ ਭੇਜਣ ਲਈ ਅਰਜ਼ੀ ਨਾ ਦੇ ਸਕੀ।

ਮੈਨਸਨ ਨੂੰ ਇੱਕ ਕੈਥੋਲਿਕ ਬਾਲ ਆਸ਼ਰਮ ਵਿੱਚ ਭੇਜ ਦਿੱਤਾ ਗਿਆ ਜਿੱਥੋਂ ਉਹ 10 ਮਹੀਨਿਆਂ ਵਿੱਚ ਹੀ ਭੱਜ ਗਿਆ।

ਮੈਨਸਨ ਪਰਿਵਾਰ

ਤਸਵੀਰ ਸਰੋਤ, EVERETT COLLECTION INC/ALAMY

ਤਸਵੀਰ ਕੈਪਸ਼ਨ, ਮੈਨਸਨ ਪਰਿਵਾਰ ਦੇ ਮੈਂਬਰ

ਉਸਦੀ ਅਪਰਾਧੀ ਜ਼ਿੰਦਗੀ ਦੀ ਸ਼ੁਰੂਆਤ ਇੱਕ ਸ਼ਰਾਬ ਦੇ ਠੇਕੇ ਦੀ ਡਕੈਤੀ ਤੋਂ ਹੋਈ। ਅੱਗੇ ਜਾਕੇ ਤਾਂ ਉਸ ਨੇ ਕਈ ਹਥਿਆਰਬੰਦ ਡਕੈਤੀਆਂ ਕੀਤੀਆਂ।

ਸਤਾਰਾਂ ਸਾਲ ਦੀ ਉਮਰ ਤੱਕ ਪਹੁੰਚਦੇ, ਉਹ ਕਈ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਜਾ ਚੁੱਕਿਆ ਸੀ।

ਇੱਕ ਜੇਲ੍ਹ ਕਰਮਚਾਰੀ ਮੁਤਾਬਕ ਉਹ ਸਮਾਜ ਵਿਰੋਧੀ ਸੀ। ਜੇਲ੍ਹ ਪ੍ਰਸ਼ਾਸਨ ਖਿਲਾਫ਼ ਬਗਾਵਤ ਕਰਨ ਤੋਂ ਬਾਅਦ ਉਸ ਨੂੰ ਖ਼ਤਰਨਾਕ ਕਰਾਰ ਦੇ ਦਿੱਤਾ ਗਿਆ।

ਸਾਲ 1954 ਵਿੱਚ ਚੰਗੇ ਵਿਹਾਰ ਕਰਾਨ ਉਸ ਨੂੰ ਜ਼ਮਾਨਤ ਤੇ ਆਪਣੀ ਮਾਂ ਨਾਲ਼ ਰਹਿਣ ਲਈ ਰਿਹਾਅ ਕਰ ਦਿੱਤਾ ਗਿਆ। ਉੱਥੇ ਰਹਿੰਦਿਆਂ ਉਸ ਨੇ 1955 ਵਿੱਚ ਰੋਜ਼ਲੀਨ ਜੀਨ ਵਿਲਸ ਨਾਲ਼ ਜੋ ਕਿ ਹਸਪਤਾਲ ਵਿੱਚ ਇੱਕ ਬਹਿਰੇ ਦਾ ਕੰਮ ਕਰਦੀ ਸੀ ਨਾਲ਼ ਵਿਆਹ ਕਰਵਾ ਲਿਆ।

ਕੁਝ ਸਮੇਂ ਬਾਅਦ ਹੀ ਉਸ ਨੂੰ ਕਾਰ ਚੋਰੀ ਦੇ ਇਲਜ਼ਾਮ ਵਿੱਚ ਪੰਜ ਸਾਲ ਦੀ ਕੱਚੀ ਕੈਦ ਦੀ ਸਜ਼ਾ ਸੁਣਾਈ ਗਈ ਪਰ ਜਦੋਂ ਉਹ ਪੇਸ਼ ਨਾ ਹੋ ਸਕਿਆ ਤਾਂ ਉਸ ਦੀ ਸਜ਼ਾ ਤਿੰਨ ਸਾਲ ਪੱਕੀ ਕਰ ਦਿੱਤੀ ਗਈ।

ਉਸ ਦੀ ਘਰ ਵਾਲ਼ੀ ਕਿਸੇ ਹੋਰ ਨਾਲ ਚਲੀ ਗਈ ਅਤੇ ਦੋਵਾਂ ਦਾ ਤਲਾਕ ਹੋ ਗਿਆ।

ਮੈਨਸਨ ਲੋਕਾਂ ਨੂੰ ਕੀ ਸਿਖਾਉਂਦਾ ਸੀ

ਮੈਨਸਨ ਨੇ ਇੱਕ ਵੇਸਵਾ ਨਾਲ਼ ਸਮਝੌਤਾ ਕੀਤਾ। ਉਸ ਨੇ ਅਦਾਲਤ ਵਿੱਚ ਭਰੀਆਂ ਅੱਖਾਂ ਨਾਲ਼ ਅਪੀਲ ਕੀਤੀ ਕਿ ਜੇ ਮੈਨਸਨ ਜੇਲ੍ਹ ਤੋਂ ਬਾਹਰ ਰਹੇ ਤਾਂ ਉਹ ਉਸ ਨਾਲ਼ ਵਿਆਹ ਕਰਵਾਏਗੀ। ਜੱਜ ਨੂੰ ਤਰਸ ਆ ਗਿਆ ਅਤੇ ਉਸ ਨੇ ਮੈਨਸਨ ਦੀ ਦਸ ਸਾਲੀ ਸਜ਼ਾ ਮੁਲਤਵੀ ਕਰ ਦਿੱਤੀ।

ਸਾਲ 1960 ਵਿੱਚ ਮੈਨਸਨ ਨੇ ਫਿਰ ਆਪਣੇ ਪਰਖ ਸਮੇਂ ਦੀ ਉਲੰਘਣਾ ਕੀਤੀ ਅਤੇ ਉਸ ਨੂੰ ਆਪਣੀ ਮੁਲਤਵੀ ਕੀਤੀ ਸਜ਼ਾ ਵੀ ਪੂਰੀ ਕਰਨ ਲਈ ਕਿਹਾ ਗਿਆ।

ਸਾਲ 1967 ਵਿੱਚ ਪ੍ਰਸ਼ਾਸਨ ਦੇ ਕਹਿਣ ਦੇ ਬਾਵਜੂਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਆਪਣੀ ਲਗਭਗ ਅੱਧੀ ਜ਼ਿੰਦਗੀ ਜੇਲ੍ਹਾਂ ਵਿੱਚ ਬਿਤਾਉਣ ਤੋਂ ਬਾਅਦ ਮੈਨਸਨ ਨੂੰ ਲੱਗਿਆ ਕਿ ਉਹ ਅਸਲ ਜੀਵਨ ਵਿੱਚ ਨਿਰਬਾਹ ਨਹੀਂ ਕਰ ਸਕਦਾ।

ਰਿਹਾਈ ਤੋਂ ਬਾਅਦ ਉਹ ਸੈਨ ਫਰਾਂਸਿਸਕੋ ਚਲਾ ਗਿਆ ਜਿੱਥੇ ਉਸਦੀ ਮੁਲਾਕਾਤ ਮੈਰੀ ਬਨਿੰਗ ਨਾਮ ਦੀ ਇੱਕ ਲਾਇਬ੍ਰੇਰੀ ਸਹਾਇਕ ਨਾਲ਼ ਹੋਈ। ਮੈਰੀ ਨੂੰ ਉਸ ਨੇ ਹੋਰ ਔਰਤਾਂ ਨੂੰ ਵੀ ਨਾਲ਼ ਰਹਿਣ ਦੇਣ ਲਈ ਮਨਾ ਲਿਆ।

ਸੰਪ੍ਰਦਾਵਾਂ

ਤਸਵੀਰ ਸਰੋਤ, Reuters

ਇੱਕ ਬਿਆਨ ਮੁਤਾਬਕ ਇੱਕ ਸਮੇਂ ਉਸ ਘਰ ਵਿੱਚ 18 ਔਰਤਾਂ ਰਹਿ ਰਹੀਆਂ ਸਨ।

ਨਸ਼ੇ ਦੀ ਵੱਡੀ ਮਾਤਰਾ ਦੇ ਅਸਰ ਹੇਠ ਜਿਸ ਵਿੱਚ ਬਹੁਤੀ ਮਾਤਰਾ ਐਲਸੀਡੀ ਸੀ, ਉਸਨੇ ਆਪਣੇ ਆਪ ਨੂੰ ਇੱਕ ਗੁਰੂ ਵਜੋਂ ਪ੍ਰਚਾਰਿਤ ਕਰਨਾ ਸ਼ੁਰੂ ਕਰ ਦਿੱਤਾ।

ਉਹ ਬਹੁਤ ਸਾਰੇ ਸੰਪ੍ਰਦਾਵਾਂ ਅਤੇ ਮਨਮਤਾਂ ਦਾ ਮਿਲਗੋਭਾ ਕਰਕੇ ਸਿੱਖਿਆ ਦਿੰਦਾ। ਇੱਥੋਂ ਤੱਕ ਕਿ ਉਸ ਨੇ ਕਈ ਚੇਲੀਆਂ ਨੂੰ ਇੱਥੋਂ ਤੱਕ ਮਨਵਾ ਲਿਆ ਕਿ ਉਹ ਈਸਾ ਮਸੀਹ ਹੈ।

ਸਾਲ 1967 ਤੋਂ ਪਹਿਲਾਂ ਮੈਨਸਨ ਅਤੇ ਕੁਝ ਚੇਲੇ-ਚੇਲੀਆਂ ਇੱਕ ਪੁਰਾਣੀ ਬੱਸ ਨੂੰ ਹਿੱਪੀਆਂ ਵਾਂਗ ਸਜਾ ਕੇ ਪੂਰੇ ਦੇਸ਼ ਦੇ ਭਰਮਣ ’ਤੇ ਨਿਕਲ ਪਏ।

ਇੱਕ ਅਰਸੇ ਲਈ ਇਹ ਪਰਿਵਾਰ ਬੀਚ ਬੁਆਇਜ਼ ਡਰਮਰ ਦੇ ਡੈਨਿਸ ਵਿਲਸਨ ਦੇ ਆਲੀਸ਼ਾਨ ਬੰਗਲੇ ਵਿੱਚ ਜਾ ਕੇ ਰਹਿਣ ਲੱਗ ਪਿਆ ਸੀ। ਇੱਥੇ ਰਹਿਣ ਕਾਰਨ ਮੈਨਸਨ ਦਾ ਪ੍ਰਭਾਵ ਤੇ ਪ੍ਰਚਾਰ ਹੋਰ ਵਧਿਆ।

ਵਿਲਸਨ ਨੇ ਮੈਨਸਨ ਨੂੰ ਆਪਣੇ ਹੋਰ ਵੀ ਕਈ ਸੰਗੀਤਕਾਰਾਂ ਅਤੇ ਸ਼ੋਅ ਬਿਜ਼ਨਸ ਦੇ ਦੋਸਤਾਂ ਨਾਲ਼ ਮਿਲਵਾਇਆ।

ਈਲੇਨ "ਸਟਾਰ" ਬਰਟਨ

ਤਸਵੀਰ ਸਰੋਤ, MANSON DIRECT/POLARIS/EYEVINE

ਤਸਵੀਰ ਕੈਪਸ਼ਨ, ਈਲੇਨ "ਸਟਾਰ" ਬਰਟਨ ਨਾਲ ਉਸਦਾ ਵਿਆਹ ਅੱਗੇ ਨਹੀਂ ਵਧਿਆ

ਨਸਲੀ ਯੁੱਧ

ਬੰਗਲੇ ਵਿੱਚੋਂ ਵਿਲਸਨ ਦੇ ਮੈਨੇਜਰ ਵੱਲੋਂ ਕੱਢੇ ਜਾਣ ਤੋਂ ਬਾਅਦ ਮੈਨਸਨ ਇੱਕ ਬੇਆਬਾਦ ਵਾੜੇ ਵਿੱਚ ਰਹਿਣ ਚਲਿਆ ਗਿਆ। ਇੱਥੇ ਮੈਨਸਨ ਬੀਟਲਜ਼ ਦੀ 1968 ਵਿੱਚ ਰਿਲੀਜ਼ ਹੋਈ ਵ੍ਹਾਈਟ ਅਲਬਮ ਦੇ ਗਾਣੇ ਹੈਲਟਰ ਸਕੈਲਟਰ ਦਾ ਸ਼ੁਦਾਈ ਹੋ ਗਿਆ।

ਬੱਚਿਆਂ ਦੇ ਖੇਡ ਮੈਦਾਨ ਨਾਲ਼ ਜੁੜੇ ਗਾਣੇ ਦੇ ਬੋਲਾਂ ਨੂੰ ਮੈਨਸਨ ਨੇ ਇੱਕ ਸੰਭਾਵੀ ਨਸਲੀ ਜੰਗ ਦੇ ਭਵਿੱਖਬਾਣੀ ਦੱਸਿਆ। ਮੈਨਸਨ ਦੇ ਬੀਮਾਰ ਦਿਮਾਗ ਮੁਤਾਬਕ ਇਸ ਜੰਗ ਵਿੱਚੋਂ ਕਾਲੇ ਲੋਕ ਜੇਤੂ ਹੋ ਕੇ ਉਭਰਨਗੇ ਪਰ ਉਨ੍ਹਾਂ ਨੂੰ ਨਵਾਂ ਸਮਾਜਿਕ ਢਾਂਚਾ ਉਸਾਰਨ ਵਿੱਚ ਪਰਿਵਾਰ ਦੀ ਮਦਦ ਅਤੇ ਮਾਰਗਦਰਸ਼ਨ ਦੀ ਲੋੜ ਹੋਵੇਗੀ।

ਅੱਠ ਅਗਸਤ 1969 ਨੂੰ ਜਦੋਂ ਮੈਨਸਨ ਨੇ ਸੰਪ੍ਰਦਾਇ ਦੇ ਚਾਰ ਮੈਂਬਰਾਂ ਨੂੰ ਰਿਕਾਰਡ ਨਿਰਮਾਤਾ ਟੈਰੀ ਮੈਲਸ਼ਰ ਦੇ ਘਰ ਭੇਜਿਆ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਜੋ ਵੀ ਮਿਲੇ ਕਤਲ ਕਰ ਦਿਓ। ਮੈਲਸ਼ਰ ਨੇ ਕਦੇ ਮੈਨਸਨ ਦੀ ਇੱਕ ਐਲਬਮ ਜਾਰੀ ਕਰਨ ਲਈ ਕਰਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਮੈਨਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਉਹ ਜਵਾਨੀ ਵਿੱਚ ਸੀ ਤਾਂ ਉਹ ਇੱਕ ਆਦਤਨ ਅਪਰਾਧੀ ਸੀ

ਜਦਕਿ ਮੈਲਸ਼ਰ ਉਹ ਘਰ ਫ਼ਿਲਮ ਨਿਰਦੇਸ਼ਕ ਰੋਮਨ ਪੋਲੰਸਕੀ ਅਤੇ ਉਸਦੀ ਅਦਾਕਾਰ ਪਤਨੀ ਸ਼ੈਰੋਨ ਟੇਟੇ ਨੂੰ ਕਿਰਾਏ ’ਤੇ ਦੇ ਗਿਆ ਸੀ।

ਗਿਰੋਹ ਨੇ ਪਹਿਲਾਂ ਤਾਂ ਘਰ ਦੇ ਬਾਹਰ ਮਿਲੇ 18 ਸਾਲਾ ਜੋੜੇ ਨੂੰ ਕਤਲ ਕੀਤਾ ਅਤੇ ਫਿਰ ਅੰਦਰ ਮੌਜੂਦ ਚਾਰ ਜਣਿਆਂ ਦੀ ਹੱਤਿਆ ਕੀਤੀ। ਜਦਕਿ ਪੋਲੰਸਕੀ ਖ਼ੁਦ ਉਸ ਸਮੇਂ ਕਾਰੋਬਾਰ ਦੇ ਸਿਲਸਿਲੇ ਵਿੱਚ ਲੰਡਨ ਵਿੱਚ ਸੀ।

ਅਦਾਕਾਰਾ ਟੇਟੇ ਉਸ ਸਮੇਂ ਸਾਢੇ ਅੱਠ ਮਹੀਨਿਆਂ ਦੀ ਗਰਭਵਤੀ ਸੀ। ਉਸ ਦੇ ਖੂਨ ਨਾਲ਼ ਘਰ ਦੇ ਬਾਹਰ ਸੂਰ ਸ਼ਬਦ ਲਿਖਿਆ ਗਿਆ।

ਅਗਲੀ ਰਾਤ ਮੈਨਸਨ ਜੋ ਪਿਛਲੇ ਕਤਲਾਂ ਵਿੱਚ ਹਿੱਸੇਦਾਰ ਨਹੀਂ ਸੀ ਸੰਪ੍ਰਦਾਇ ਦੇ ਛੇ ਹੋਰ ਮੈਂਬਰ ਲੈ ਕੇ ਕਰਿਆਨੇ ਦੇ ਦੁਕਾਨਦਾਰ ਲਿਨੋ ਲਾਬਿਨਾਕਾ ਅਤੇ ਉਸਦੀ ਪਤਨੀ ਰੋਜ਼ਮੈਰੀ ਦੇ ਘਰ ਗਿਆ। ਉਨ੍ਹਾਂ ਨੂੰ ਬੰਨ੍ਹ ਕੇ ਛੁਰੇ ਨਾਲ਼ ਕਤਲ ਕਰ ਦਿੱਤਾ ਗਿਆ। ਹਾਲਾਂਕਿ ਹਮਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੈਨਸਨ ਉੱਥੋਂ ਫਰਾਰ ਹੋ ਗਿਆ।

ਆਖਰੀ ਸ਼ਿਕਾਰ ਡੌਨਲਡ ਸ਼ੀਆ ਸੀ। ਮੈਨਸਨ ਨੇ ਸੰਪ੍ਰਦਾਇ ਦੇ ਇੱਕ ਮੈਂਬਰ ਸਟੀਵ ਜੌਰਗਨ ਨੂੰ ਡੌਨਲਡ ਨੂੰ ਖ਼ਤਮ ਕਰਨ ਭੇਜਿਆ। ਮੈਨਸਨ ਨੂੰ ਸ਼ੱਕ ਸੀ ਕਿ ਉਸੇ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ।

ਸ਼ੀਆ ਦੀ ਲਾਸ਼ 1977 ਤੱਕ ਉਦੋਂ ਤੱਕ ਨਹੀਂ ਮਿਲੀ ਜਦੋਂ ਤੱਕ ਕਿ ਸਟੀਵ ਖ਼ੁਦ ਪੁਲਿਸ ਨੂੰ ਉਸ ਥਾਂ ਤੱਕ ਨਹੀਂ ਲੈ ਗਿਆ, ਜਿੱਥੇ ਅੱਠ ਸਾਲ ਪਹਿਲਾਂ ਉਸਨੇ ਲਾਸ਼ਾਂ ਦੱਬੀਆਂ ਸਨ।

ਚੇਲੇ-ਚੇਲੀਆਂ ਦੀਆਂ ਕਰਤੂਤਾਂ

ਹਿਰਾਸਤ ਵਿੱਚ ਰਹਿੰਦਿਆਂ ਸੰਪ੍ਰਦਾਇ ਦੀ ਮੈਂਬਰ ਸੁਜ਼ੈਨ ਅਟਕਿੰਸਨ ਨੇ ਸਿਰਫ਼ ਉਨ੍ਹਾਂ ਦੋ ਹੋਰ ਸਾਥੀ ਕੈਦੀਆਂ ਦੀ ਹੱਤਿਆ ਕਬੂਲ ਕੀਤੀ ਜਿਨ੍ਹਾਂ ਨੇ ਉਸ ਬਾਰੇ ਜੇਲ੍ਹ ਪ੍ਰਸ਼ਾਸਨ ਨੂੰ ਦੱਸਿਆ ਸੀ।

ਚਾਰਲਸ ਮੈਨਸਨ ਦੇ ਸੰਪ੍ਰਦਾਇ ਦੀ ਚਰਚਾ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ। ਸਾਲ 1975 ਵਿੱਚ ਉਸ ਦੇ ਇੱਕ ਚੇਲੇ ਲਿਨਿਟ “ਸਕੁਈਕੀ” ਫਰੋਮ ਨੂੰ ਰਾਸ਼ਟਰਪਤੀ ਫੋਰਡ ਦੀ ਹੱਤਿਆ ਦੀ ਕੋਸ਼ਿਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਮੈਨਸਨ ਖ਼ੁਦ ਵੀ ਲੋਕਾਂ ਦੀਆਂ ਨਜ਼ਰਾਂ ਦੇ ਸਾਹਮਣੇ ਬਣਿਆ ਰਿਹਾ। ਉਸ ਨੇ 1980 ਦੇ ਦਹਾਕੇ ਵਿੱਚ ਜੇਲ੍ਹ ਅੰਦਰੋਂ ਚਾਰ ਟੀਵੀ ਇੰਟਰਵਿਊਜ਼ ਦਿੱਤੀਆਂ।

ਸਦੀ ਦੇ ਮੁੱਕਣ ਤੱਕ ਗੁਰੂ ਅਤੇ ਚੇਲਿਆਂ ਦਾ ਇਹ ਗਿਰੋਹ ਕੁਝ ਹੱਦ ਤੱਕ ਸੰਪ੍ਰਦਾਇ ਦਾ ਰੂਪ ਲੈ ਚੁੱਕਿਆ ਸੀ। ਮੈਨਸਨ ਨੂੰ ਸਮਰਪਿਤ ਵੈਬਸਾਈਟਾਂ ਵੀ ਬਣ ਚੁੱਕੀਆਂ ਸਨ। ਉਸ ਦੇ ਚੇਲੇ-ਚੇਲੀਆਂ ਵਿੱਚੋਂ ਕੁਝ ਤਾਂ ਹੱਤਿਆਵਾਂ ਦੇ ਸਮੇਂ ਅਜੇ ਜੰਮੇ ਵੀ ਨਹੀਂ ਸਨ।

ਮੈਨਸਨ ਦੀ ਇੱਕ ਪ੍ਰਸ਼ੰਸਕ ਅਫ਼ਟਨ ਐਲਨੀ “ਸਟਾਰ” ਬਰਟਨ ਸੀ। ਬਰਟਨ ਨੇ 2017 ਵਿੱਚ ਮੈਨਸਨ ਨਾਲ਼ ਪੱਤਰ-ਵਿਹਾਰ ਕਰਨਾ ਸ਼ੁਰੂ ਕੀਤਾ ਜਦੋਂ ਉਹ ਮਹਿਜ਼ 17 ਸਾਲ ਦੀ ਸੀ।

ਬਾਅਦ ਵਿੱਚ ਬਰਟਨ ਨੇ ਐਲਾਨ ਕੀਤਾ ਕਿ ਦੋਵਾਂ ਦੀ ਮੰਗਣੀ ਹੋ ਗਈ ਹੈ ਪਰ ਦੋਵਾਂ ਦਾ ਕਦੇ ਵਿਆਹ ਨਹੀਂ ਹੋਇਆ।

ਗਾਇਕਾ ਮਾਰਿਲ ਮੈਨਸਨ ਨੇ ਉਸ ਦਾ ਸਰਨੇਮ ਅਪਣਾ ਲਿਆ। ਜਦਕਿ ਬ੍ਰਿਟਿਸ਼ ਬੈਂਡ -ਕਸੇਬੀਅਨ- ਦਾ ਨਾਮ ਸੰਪ੍ਰਦਾਇ ਦੇ ਇੱਕ ਹੋਰ ਮੈਂਬਰ ਲਿੰਡਾ ਕਸੇਬੀਅਨ ਦੇ ਨਾਮ ’ਤੇ ਰੱਖਿਆ ਗਿਆ ਸੀ। ਸੰਪ੍ਰਦਾਇ ਮੈਂਬਰ, ਲਿੰਡਾ ਆਪਣੇ ਸਾਬਕਾ ਸਹਿਯੋਗੀਆਂ ਦੇ ਨਾਮ ਦੱਸ ਕੇ ਸਜ਼ਾ ਤੋਂ ਬਚ ਗਈ ਸੀ।

ਹੈਲਟਰ ਸੈਕਲਟਰ ਦੇ ਲੇਖਕ ਅਤੇ ਸਰਕਾਰੀ ਵਕੀਲ ਵਿੰਸਟ ਬੁਗਲੀਓਸੀ ਨੇ ਇੱਕ ਵਾਰ ਕਿਹਾ, “ਮੈਨਸਨ ਦਾ ਨਾਮ ਹੀ ਬੁਰਾਈ ਦਾ ਚਿੰਨ੍ਹ ਬਣ ਚੁੱਕਿਆ ਹੈ ਅਤੇ ਬੁਰਾਈ ਦੀ ਆਪਣੀ ਖਿੱਚ ਹੁੰਦੀ ਹੈ।”

ਮੈਨਸਨ ਨੇ ਜ਼ਮਾਨਤ ਲਈ 12 ਅਰਜ਼ੀਆਂ ਦਿੱਤੀਆਂ, ਜੋ ਕਿ ਸਾਰੀਆਂ ਹੀ ਰੱਦ ਕਰ ਦਿੱਤੀਆਂ ਗਈਆਂ।

ਅਦਲਤ ਦੀਆਂ ਸੁਣਵਾਈਆਂ ਅਤੇ ਨਾਹੀ ਕਿਸੇ ਹੋਰ ਤਰ੍ਹਾਂ ਅਜੇ ਤੱਕ ਇਹ ਸਪਸ਼ਟ ਹੋ ਸਕਿਆ ਹੈ ਕਿ ਮੈਨਸਨ ਨੂੰ ਅਜਿਹਾ ਹਿੰਸਕ ਅਤੇ ਬੇਸਿਰਪੈਰਾਂ ਦਾ ਸੰਪ੍ਰਦਾਇ ਬਣਾਉਣ ਅਤੇ ਆਪਣੇ ਚੇਲਿਆਂ ਹੱਥੋਂ ਕਤਲ ਕਰਵਾਉਣ ਦੀ ਪ੍ਰੇਰਨਾ ਕਿੱਥੋਂ ਮਿਲੀ।

ਇਸ ਤੋਂ ਵੀ ਵੱਡੀ ਬੁਝਾਰਤ ਤਾਂ ਇਹ ਹੈ ਕਿ ਉਸ ਦੇ ਪੈਰੋਕਾਰਾਂ ਨੂੰ ਉਸ ਦੇ ਪਿੱਛੇ ਲੱਗਣ ਅਤੇ ਉਸ ਲਈ ਹੱਤਿਆਵਾਂ ਵਰਗੇ ਅਪਰਾਧ ਕਰਨ ਲਈ ਕਿਸ ਚੀਜ਼ ਨੇ ਪ੍ਰੇਰਿਤ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)