ਜਸਵੰਤ ਸਿੰਘ ਚੈਲ ਕੌਣ ਹੈ, ਜਿਸ ਨੂੰ ਬ੍ਰਿਟੇਨ ਦੀ ਮਰਹੂਮ ਰਾਣੀ ਅਲਿਜ਼ਾਬੈੱਥ ਦੇ ਕਤਲ ਦੀ ਕੋਸ਼ਿਸ਼ ਕੇਸ ਵਿੱਚ ਹੋਈ 9 ਸਾਲ ਦੀ ਸਜ਼ਾ

ਤਸਵੀਰ ਸਰੋਤ, Family handout
- ਲੇਖਕ, ਮਾਰੀਆ ਜ਼ੋਕੈਰੋ, ਨਿਕ ਜੋਹਨਸਨ ਅਤੇ ਪੀਏ ਮੀਡੀਆ
- ਰੋਲ, ਬੀਬੀਸੀ ਨਿਊਜ਼
ਇੰਗਲੈਂਡ ਦੀ ਮਰਹੂਮ ਰਾਣੀ ਐਲਿਜ਼ਾਬੈਥ II ਦੇ ਕਤਲ ਦੀ ਕੋਸ਼ਿਸ਼ ਕਰਨ ਵਾਲੇ ਪੰਜਾਬੀ ਜਸਵੰਤ ਸਿੰਘ ਚੈਲ ਨੂੰ 9 ਸਾਲਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਇਸਦੇ ਨਾਲ ਹੀ ਉਸ ਨੂੰ ਪੰਜ ਸਾਲ ਲਾਇਸੈਂਸ ਉੱਤੇ ਭਾਵ ਨਿਗਰਾਨੀ ਤਹਿਤ ਰੱਖਿਆ ਜਾਵੇਗਾ।
ਬ੍ਰਿਟੇਨ ਦੀ ਮਰਹੂਮ ਮਹਾਰਾਣੀ ਨੂੰ ਕਥਿਤ ਤੌਰ ’ਤੇ "ਮਾਰਨ" ਲਈ ਵਿੰਡਸਰ ਕੈਸਲ ਪਹੁੰਚੇ ਵਿਅਕਤੀ ਨੇ "ਸੋਚ ਸਮਝ ਕੇ ਰਾਣੀ ਨੂੰ ਮਾਰਨ ਦੀ ਯੋਜਨਾ ਬਣਾਈ ਸੀ।"
ਇੰਗਲੈਂਡ ਦੀ ਰਾਣੀ ਐਲਿਜ਼ਾਬੈਥ II ਦੇ ਕਤਲ ਦੀ ਕੋਸ਼ਿਸ਼ ਕਰਨ ਵਾਲੇ ਪੰਜਾਬੀ ਜਸਵੰਤ ਸਿੰਘ ਚੈਲ ਨੂੰ 9 ਸਾਲਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਇਸਦੇ ਨਾਲ ਹੀ ਉਸ ਨੂੰ ਪੰਜ ਸਾਲ ਲਾਇਸੈਂਸ ਉੱਤੇ ਭਾਵ ਨਿਗਰਾਨੀ ਤਹਿਤ ਰੱਖਿਆ ਜਾਵੇਗਾ।

ਤਸਵੀਰ ਸਰੋਤ, JULIA QUENZLER
21 ਸਾਲਾ ਜਸਵੰਤ ਸਿੰਘ ਚੈਲ ਸਾਲ 2021 ਵਿੱਚ ਕ੍ਰਿਮਸਮ ਵਾਲੇ ਦਿਨ ਵਿੰਡਸਰ ਮਹਿਲ ਵਿੱਚ ਤੀਰ ਕਮਾਨ ਲੈ ਕੇ ਰਾਣੀ ਨੂੰ ਮਾਰਨ ਦਾਖ਼ਲ ਹੋਇਆ ਸੀ।
ਜਸਵੰਤ ਸਿੰਘ ਚੈਲ ਨੂੰ ਸੁਣਾਈ ਗਈ ਸਜ਼ਾ ਦੇ ਮੁਤਾਬਕ ਉਸ ਨੂੰ ਉਦੋਂ ਤੱਕ ਬਰੌਡਮੂਰ ਹਾਈ ਸਕਿਓਰਟੀ ਮਨੋਰੋਗ ਹਸਪਤਾਲ ਵਿੱਚ ਰੱਖਿਆ ਜਾਵੇਗਾ ਜਦੋਂ ਤੱਕ ਉਹ ਜੇਲ੍ਹ ਵਿੱਚ ਭੇਜੇ ਜਾਣ ਦੇ ਯੋਗ ਨਹੀਂ ਹੋ ਜਾਂਦਾ।
3 ਮਾਮਲੇ, ਜਿਨ੍ਹਾਂ ਚੈਲ ਨੂੰ ਦੋਸ਼ੀ ਠਹਿਰਾਇਆ
• ਜਾਨੋਂ ਮਾਰਨ ਦੀਆਂ ਧਮਕੀਆਂ ਦੇਣਾ
• ਅਪਰਾਧਿਕ ਹਥਿਆਰ ਰੱਖਣਾ
• ਮਹਾਰਾਣੀ ਦੇ ਨੇੜੇ ਹੋਣਾ, ਰਾਜਧ੍ਰੋਹ ਐਕਟ 1842 ਦੇ ਉਲਟ, ਜਾਣਬੁੱਝ ਕੇ ਮਹਾਰਾਣੀ ਨੂੰ ਜਖ਼ਮੀ ਕਰਨ ਦੇ ਇਰਾਦੇ ਨਾਲ ਇੱਕ ਭਰਿਆ ਹੋਇਆ ਤੀਰ-ਕਮਾਨ ਤਿਆਰ ਕਰਨਾ

ਤਸਵੀਰ ਸਰੋਤ, Met Police
ਚੈਲ ਦਾ ਪਰਿਵਾਰ ਸਹਿਮਿਆ ਹੋਇਆ ਨਜ਼ਰ ਆਇਆ
ਡੈਨੀਅਲ ਸੈਂਟਫੋਰਡ ਮੁਤਾਬਕ ਜਸਟਿਸ ਹਿਲੀਅਰਡ ਵੱਲੋਂ ਸਜ਼ਾ ਸੁਣਾਉਣ ਤੋਂ ਤੁਰੰਤ ਬਾਅਦ, ਜਸਵੰਤ ਸਿੰਘ ਚੈਲ ਨੂੰ ਕੋਠੜੀਆਂ ਵੱਲ ਜਾਣ ਵਾਲੀਆਂ ਪੌੜੀਆਂ ਰਾਹੀਂ ਕਠਹਿਰੇ ਤੋਂ ਬਾਹਰ ਕੱਢਿਆ ਗਿਆ।
ਉਸ ਕੋਲ ਪ੍ਰਤੀਕਿਰਿਆ ਜ਼ਾਹਿਰ ਕਰਨ ਲਈ ਸਮਾਂ ਨਹੀਂ ਸੀ।
ਉਸਦਾ ਪਰਿਵਾਰ ਜਨਤਕ ਗੈਲਰੀ ਵਿੱਚ ਥੋੜ੍ਹਾ ਜਿਹਾ ਸਹਿਮਿਆ ਹੋਇਆ ਬੈਠਿਆ ਹੋਇਆ ਨਜ਼ਰ ਆ ਰਿਹਾ ਸੀ।
ਸੋਚ ਸਮਝ ਕੇ ਬਣਾਈ ਯੋਜਨਾ
ਜੱਜ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਹਸਪਤਾਲ ਵਿੱਚ ਬਿਤਾਏ ਸਮੇਂ ਨੂੰ ਉਸ ਦੀ ਜੇਲ੍ਹ ਦੀ ਸਜ਼ਾ ਵਿਚਲੇ ਸਮੇਂ ਵਿੱਚੋਂ ਘਟਾ ਦਿੱਤਾ ਜਾਵੇਗਾ।
ਇਹ ਗੱਲ ਜੁਲਾਈ 2023 ਨੂੰ ਇੱਕ ਅਦਾਲਤ ਵਿੱਚ ਸੁਣਾਵਾਈ ਦੌਰਾਨ ਵੀਰਵਾਰ ਨੂੰ ਸਾਹਮਣੇ ਆਈ।
21 ਸਾਲਾ ਮੁਲਜ਼ਮ ਜਸਵੰਤ ਸਿੰਘ ਚੈਲ ਨੂੰ ਹੈਂਪਸ਼ਾਇਰ ਤੋਂ 2021 ਵਿੱਚ ਕ੍ਰਿਸਮਿਸ ਵਾਲੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਸਮੇਂ ਮਹਾਰਾਣੀ ਐਲਿਜ਼ਾਬੈਥ II ਮਹਾਂਮਾਰੀ ਕਾਰਨ ਵਿੰਡਸਰ ਵਿੱਚ ਰਹਿ ਰਹੇ ਸੀ।
ਜਾਣਕਾਰੀ ਮੁਤਾਬਕ ਚੈਲ ਕਥਿਤ ਤੌਰ ’ਤੇ 1919 ਦੇ ਜਲ੍ਹਿਆਂਵਾਲਾ ਬਾਗ ਕਤਲੇਆਮ ਦੀ "ਬੇਇਨਸਾਫ਼ੀ" ਤੋਂ "ਚਿੰਤਤ" ਸੀ ਅਤੇ ਉਹ ਬਦਲਾ ਲੈਣਾ ਚਾਹੁੰਦਾ ਸੀ।
ਉਸ ਨੇ ਦੇਸ਼ਧ੍ਰੋਹ ਐਕਟ ਦੇ ਤਹਿਤ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਨਜਾਇਜ਼ ਹਥਿਆਰ ਰੱਖਣ ਦੇ ਇਲਜ਼ਾਮ ਨੂੰ ਕਬੂਲ ਕੀਤਾ ਹੈ।
ਜੱਜ ਫੈਸਲਾ ਕਰ ਰਿਹਾ ਹੈ ਕਿ ਕੀ ਉਸਨੂੰ ਜੇਲ੍ਹ ਵਿੱਚ ਬੰਦ ਕੀਤਾ ਜਾਵੇ ਜਾਂ ਹਸਪਤਾਲ ਭੇਜਣ ਦੇ ਹੁਕਮ ਦਿੱਤੇ ਜਾਣ।
ਮੁਕੱਦਮੇ ਲਈ ਗਵਾਹੀ ਦਿੰਦੇ ਹੋਏ, ਮਨੋਵਿਗਿਆਨੀ ਡਾਕਟਰ ਨਾਈਜੇਲ ਬਲੈਕਵੁੱਡ ਨੇ ਦੱਸਿਆ ਕਿ ਚੈਲ ਦੀ ਕਾਰਵਾਈ "ਸੋਚ ਸਮਝ ਕੇ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਸੀ।"

ਤਸਵੀਰ ਸਰੋਤ, PA Media
‘ਚੈਲ ਨੇ ਕਿੰਗ ਚਾਰਲਸ ਤੋਂ ਮੁਆਫ਼ੀ ਮੰਗੀ’
ਮਰਹੂਮ ਮਹਾਰਾਣੀ ਐਲਿਜ਼ਾਬੈਥ II ਨੂੰ ਕਥਿਤ ਤੌਰ ’ਤੇ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਜਸਵੰਤ ਨੇ ਕਿੰਗ ਚਾਰਲਸ III ਅਤੇ ਸ਼ਾਹੀ ਪਰਿਵਾਰ ਤੋਂ ਮੁਆਫ਼ੀ ਮੰਗੀ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਚੈਲ ਦੀ ਬੈਰਿਸਟਰ ਨਾਦੀਆ ਚਬਤ ਨੇ ਅਦਾਲਤ ਨੂੰ ਦੱਸਿਆ, “ਉਸਨੇ ਸ਼ਾਹੀ ਪਰਿਵਾਰ ਅਤੇ ਰਾਜਾ ਚਾਰਲਸ ਤੋਂ ਮੁਆਫੀ ਮੰਗੀ ਹੈ। ਉਹ ਸ਼ਰਮਿੰਦਾ ਹੈ ਕਿ ਉਸਨੇ ਉਨ੍ਹਾਂ ਦੇ ਦਰ 'ਤੇ ਅਜਿਹੀ ਭਿਆਨਕ ਅਤੇ ਚਿੰਤਾਜਨਕ ਘੜੀ ਲਿਆਂਦੀ।”
ਇਸ ਸਾਲ ਜੁਲਾਈ ਮਹੀਨੇ ਅਦਾਲਤ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਇੱਕ ਵਿਅਕਤੀ ਜੋ ਮਰਹੂਮ ਮਹਾਰਾਣੀ ਨੂੰ "ਮਾਰਨ" ਲਈ ਇੱਕ ਤੀਰ ਅੰਦਾਜ਼ੀ ਵਾਲੇ ਹਥਿਆਰ (ਕ੍ਰੋਸਬੋਅ) ਨਾਲ ਲੈਸ ਹੋ ਕੇ ਵਿੰਡਸਰ ਕੈਸਲ ਵਿਖੇ ਪਹੁੰਚਿਆ ਸੀ, ਉਹ ਕੁਝ ਹੱਦ ਤੱਕ ਸਟਾਰ ਵਾਰਜ਼ ਫਿਲਮਾਂ ਤੋਂ ਪ੍ਰੇਰਿਤ ਸੀ।
ਓਲਡ ਬੇਲੀ ਦੀ ਅਦਾਲਤ ਨੂੰ 5 ਜੁਲਾਈ ਨੂੰ ਦੱਸਿਆ ਗਿਆ ਸੀ ਕਿ 21 ਸਾਲ ਦੇ ਜਸਵੰਤ ਚੈਲ ਨੇ ਪਹਿਲਾਂ ਵੀ ਹਥਿਆਰਬੰਦ ਬਲਾਂ ਵਿੱਚ ਨੌਕਰੀਆਂ ਲਈ ਅਰਜ਼ੀ ਦਿੱਤੀ ਸੀ, ਜਿਸ ਨਾਲ "ਸ਼ਾਹੀ ਪਰਿਵਾਰ ਨਾਲ ਨੇੜਤਾ" ਹੋ ਸਕਦੀ ਸੀ।
ਅਦਾਲਤ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਚੈਲ ਨੇ ਪੁਰਾਣੇ ਸਾਮਰਾਜਾਂ ਨੂੰ ਨਸ਼ਟ ਕਰਨ ਅਤੇ ਨਵੇਂ ਸਾਮਰਾਜ ਬਣਾਉਣ 'ਤੇ ਕੇਂਦ੍ਰਿਤ ਇੱਕ ਵਿਆਪਕ ਵਿਚਾਰਧਾਰਾ ਨੂੰ ਪੇਸ਼ ਕੀਤਾ, ਜਿਸ ਵਿੱਚ ਸਟਾਰ ਵਾਰਜ਼ ਫ਼ਿਲਮਾਂ ਵਰਗੇ ਕਾਲਪਨਿਕ ਸੰਦਰਭ ਵੀ ਸ਼ਾਮਲ ਹਨ।

ਤਸਵੀਰ ਸਰੋਤ, Metropolitan Police
ਉਸ ਨੇ ਇੱਕ ਵੀਡੀਓ ਵਿੱਚ ਆਪਣੇ ਆਪ ਨੂੰ "ਸਿਥ" ਅਤੇ "ਡਾਰਥ ਜੋਨਸ" ਦੱਸਿਆ ਸੀ ਅਤੇ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਸਾਥੀ ਨੂੰ ਆਪਣੀ ਕਾਤਲਾਨਾ ਯੋਜਨਾ ਬਾਰੇ ਦੱਸਿਆ ਸੀ।
ਅਦਾਲਤ ਨੂੰ ਇਸ ਮਾਮਲੇ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਚੈਲ ਨੇ ਮਿਨੀਸਟਰੀ ਆਫ਼ ਡਿਫੈਂਸ ਪੁਲਿਸ, ਬ੍ਰਿਟਿਸ਼ ਫੌਜ, ਰਾਇਲ ਮਰੀਨ ਅਤੇ ਰਾਇਲ ਨੇਵੀ ਵਿੱਚ ਅਹੁਦਿਆਂ ਲਈ ਅਪਲਾਈ ਕੀਤਾ ਸੀ ਪਰ ਉਸ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ।
ਅਦਾਲਤ ਨੂੰ ਦੱਸਿਆ ਗਿਆ ਕਿ ਚੈਲ ਨੇ ਕਿਹਾ ਕਿ ਉਸ ਨੂੰ ਅਹਿਸਾਸ ਹੋਇਆ ਹੈ ਕਿ "ਉਹ ਗਲਤ ਸੀ" ਅਤੇ ਉਹ "ਕਾਤਲ" ਨਹੀਂ ਸੀ।
ਇੱਕ ਡਾਕਟਰ ਦੀ ਜਾਂਚ ਨੇ ਸਿੱਟਾ ਕੱਢਿਆ ਕਿ ਬਚਾਅ ਪੱਖ ਨੂੰ "ਫੋਰੈਂਸਿਕ ਮਨੋਵਿਗਿਆਨਕ ਸੇਵਾ ਵੱਲੋਂ ਲੰਬੇ ਸਮੇਂ ਦੇ ਪ੍ਰਬੰਧਨ" ਦੀ ਲੋੜ ਹੈ।
ਉਸ ਨੇ ਆਪਣੇ ਪਰਿਵਾਰ ਨੂੰ ਝੂਠ ਬੋਲਿਆ ਕਿ ਉਹ ਕ੍ਰਿਸਮਸ ਤੋਂ ਪਹਿਲਾਂ ਦੇ ਦਿਨਾਂ ਵਿੱਚ ਕਿੱਥੇ ਜਾ ਰਿਹਾ ਸੀ, ਉਸ ਦੀ ਭੈਣ ਨੂੰ ਵਿਸ਼ਵਾਸ ਸੀ ਕਿ ਉਹ "ਫੌਜ ਦੀ ਸਿਖਲਾਈ" ਲਈ ਜਾ ਰਿਹਾ ਸੀ।

ਤਸਵੀਰ ਸਰੋਤ, Met Police

ਜਸਵੰਤ ਸਿੰਘ ਚੈਲ ਅਤੇ ਉਸ ਦੇ ਕੇਸ ਬਾਰੇ ਮੁੱਖ ਗੱਲਾਂ
- ਯੂਕੇ ਦੇ ਜਸਵੰਤ ਸਿੰਘ ਚੈਲ ਨੂੰ 2021 ਵਿੱਚ ਕ੍ਰਿਸਮਿਸ ਵਾਲੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ।
- ਉਸ ਉੱਤੇ ਮਰਹੂਮ ਮਹਾਰਾਣੀ ਨੂੰ ਮਾਰਨ ਦਾ ਇਲਜ਼ਾਮ ਹੈ।
- ਗ੍ਰਿਫ਼ਤਾਰੀ ਵੇਲੇ ਉਸ ਕੋਲੋਂ ਕ੍ਰੋਸਬੋਅ ਅਤੇ ਮਾਸਕ ਮਿਲਿਆ ਸੀ।
- ਸ਼ਾਹੀ ਪਰਿਵਾਰ ਦੇ ਨੇੜੇ ਆਉਣ ਲਈ ਚੈਲ ਨੇ ਮਿਨੀਸਟਰੀ ਆਫ਼ ਡਿਫੈਂਸ ਪੁਲਿਸ, ਬ੍ਰਿਟਿਸ਼ ਫੌਜ, ਰਾਇਲ ਮਰੀਨ ਅਤੇ ਰਾਇਲ ਨੇਵੀ ਵਿੱਚ ਅਹੁਦਿਆਂ ਲਈ ਅਪਲਾਈ ਕੀਤਾ ਸੀ ਪਰ ਉਸ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ।
- ਅਦਾਲਤ ਨੂੰ ਦੱਸਿਆ ਗਿਆ ਕਿ ਚੈਲ 1919 ਦੇ ਜਲ੍ਹਿਆਂਵਾਲਾ ਬਾਗ ਕਤਲੇਆਮ ਦੀ "ਬੇਇਨਸਾਫ਼ੀ" ਤੋਂ "ਚਿੰਤਤ" ਸੀ ਅਤੇ ਬਦਲਾ ਚਾਹੁੰਦਾ ਸੀ।
- ਚੈਲ ਦਾ ਜਨਮ ਵਿਨਚੈਸਟਰ ਵਿੱਚ ਸਿੱਖ ਪਰਿਵਾਰ ਵਿੱਚ ਹੋਇਆ ਸੀ।

ਜਲ੍ਹਿਆਂਵਾਲਾ ਬਾਗ ਸਾਕੇ ਦਾ ਬਦਲਾ ਲੈਣਾ ਚਾਹੁੰਦਾ ਸੀ ਚੈਲ
ਅਦਾਲਤ ’ਚ ਦੱਸਿਆ ਗਿਆ ਕਿ ਚੈਲ 1919 ਦੇ ਜਲ੍ਹਿਆਂਵਾਲਾ ਬਾਗ ਕਤਲੇਆਮ ਦੀ "ਬੇਇਨਸਾਫ਼ੀ" ਤੋਂ "ਚਿੰਤਤ" ਸੀ।
ਇਹ ਘਟਨਾ ਉਦੋਂ ਵਾਪਰੀ ਸੀ ਜਦੋਂ ਬ੍ਰਿਟਿਸ਼ ਫੌਜਾਂ ਨੇ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਇਕੱਠੇ ਹੋਏ ਹਜ਼ਾਰਾਂ ਲੋਕਾਂ 'ਤੇ ਗੋਲੀਬਾਰੀ ਕੀਤੀ ਸੀ।
ਸਾਊਥੈਂਪਟਨ ਨੇੜੇ ਉੱਤਰੀ ਬੈਡਸਲੇ ਤੋਂ ਆਉਣ ਵਾਲੇ ਚੈਲ ਦਾ ਜਨਮ ਵਿਨਚੈਸਟਰ ਵਿੱਚ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਰਿਵਾਰ ਦਾ ਤਾਅਲੁਕ ਭਾਰਤ ਨਾਲ ਹੈ।
ਚੈਲ ਅਪਰਾਧ ਸਮੇਂ 19 ਸਾਲ ਦਾ ਸੀ। ਅਦਾਲਤ ਨੂੰ ਉਸ ਸਮੇਂ ਦੀ ਦਿਖਾਈ ਗਈ ਇੱਕ ਵੀਡੀਓ ਵਿੱਚ ਉਸ ਨੇ ਕਾਲੇ ਕੱਪੜੇ ਪਹਿਨੇ ਹੋਏ ਸਨ, ਮੂੰਹ ਉੱਤੇ ਮਾਸਕ ਪਹਿਨਿਆ ਸੀ ਅਤੇ ਹੱਥ ਵਿੱਚ ਇੱਕ ਕ੍ਰੋਸਬੋਅ ਫੜੀ ਹੋਈ ਸੀ। ਇਸ ਵੀਡੀਓ ਵਿੱਚ ਉਹ ਕੈਮਰੇ ਵੱਲ ਮੂੰਹ ਕਰਕੇ ਕਹਿ ਰਿਹਾ ਸੀ: "ਮੈਨੂੰ ਮਾਫ ਕਰਨਾ। ਮੈਨੂੰ ਮਾਫ ਕਰਨਾ ਜੋ ਮੈਂ ਕੀਤਾ ਹੈ ਅਤੇ ਜੋ ਮੈਂ ਕਰਾਂਗਾ। ਮੈਂ ਸ਼ਾਹੀ ਪਰਿਵਾਰ ਦੀ ਮਹਾਰਾਣੀ ਐਲਿਜ਼ਾਬੈਥ ਨੂੰ ਮਾਰਨ ਦੀ ਕੋਸ਼ਿਸ਼ ਕਰਨ ਜਾ ਰਿਹਾ ਹਾਂ।’’
"ਇਹ ਉਨ੍ਹਾਂ ਲੋਕਾਂ ਦਾ ਬਦਲਾ ਹੈ ਜੋ 1919 ਦੇ ਜਲ੍ਹਿਆਂਵਾਲਾ ਬਾਗ ਸਾਕੇ ਵਿੱਚ ਮਾਰੇ ਗਏ ਸਨ। ਇਹ ਉਨ੍ਹਾਂ ਲੋਕਾਂ ਦਾ ਵੀ ਬਦਲਾ ਹੈ, ਜਿਨ੍ਹਾਂ ਨੂੰ ਉਨ੍ਹਾਂ ਦੀ ਨਸਲ ਕਾਰਨ ਮਾਰਿਆ ਗਿਆ, ਅਪਮਾਨਿਤ ਕੀਤਾ ਗਿਆ ਅਤੇ ਵਿਤਕਰਾ ਕੀਤਾ ਗਿਆ।"


ਇਹ ਵੀ ਪੜ੍ਹੋ:

ਸਟਾਰ ਵਾਰਜ਼ ਫ਼ਿਲਮਾਂ ਤੋਂ ਪ੍ਰਭਾਵਿਤ
ਵਕੀਲ ਐਲੀਸਨ ਮੋਰਗਨ ਕੇਸੀ ਨੇ ਕਿਹਾ ਕਿ "ਮੁਲਜ਼ਮ ਦਾ ਮੁੱਖ ਮਕਸਦ ਯੂਕੇ ਵਿੱਚ ਬ੍ਰਿਟਿਸ਼ ਸਾਮਰਾਜ ਦੇ ਅਵਸ਼ੇਸ਼ਾਂ ਨੂੰ ਨਸ਼ਟ ਕਰਕੇ ਇੱਕ ਨਵਾਂ ਸਾਮਰਾਜ ਬਣਾਉਣਾ ਸੀ" ਅਤੇ "ਕੇਂਦਰ ਬਿੰਦੂ ਸ਼ਾਹੀ ਪਰਿਵਾਰ ਦੇ ਮੁਖੀ ਨੂੰ ਹਟਾਉਣਾ ਬਣ ਗਿਆ।"
ਵਕੀਲ ਕੇਸੀ ਨੇ ਕਿਹਾ ਕਿ ਚੈਲ ਦੀ ਸੋਚ ਅੰਸ਼ਕ ਤੌਰ 'ਤੇ ਸਟਾਰ ਵਾਰਜ਼ ਫ਼ਿਲਮਾਂ ਦੀ ਕਲਪਨਾ ਭਰੀ ਦੁਨੀਆ ਅਤੇ "ਸੰਸਾਰ ਨੂੰ ਆਕਾਰ ਦੇਣ ਵਿੱਚ ਸਿਥ ਲਾਰਡਜ਼ ਦੀ ਭੂਮਿਕਾ" ਤੋਂ ਪ੍ਰਭਾਵਿਤ ਸੀ।
ਉਨ੍ਹਾਂ ਅੱਗੇ ਕਿਹਾ, ‘‘ਉਹ ਉਸ ਬਦਨਾਮੀ ਵੱਲ ਆਕਰਸ਼ਿਤ ਹੋਇਆ ਸੀ ਜੋ ਉਸਦੇ 'ਮਿਸ਼ਨ' ਦੇ ਪੂਰਾ ਹੋਣ ਦੀ ਸੂਰਤ ਵਿੱਚ ਇਕੱਠੀ ਹੋਵੇਗੀ।"
ਕਦੋਂ ਫੜ੍ਹਿਆ ਗਿਆ ਚੈਲ

ਤਸਵੀਰ ਸਰੋਤ, Getty Images
ਚੈਲ ਨੂੰ ਇੱਕ ਰਾਇਲ ਪ੍ਰੋਟੈਕਸ਼ਨ ਅਫ਼ਸਰ ਵੱਲੋਂ 25 ਦਸੰਬਰ 2021 ਨੂੰ ਯੂਕੇ ਦੇ ਸਮੇਂ ਮੁਤਾਬਕ ਸਵੇਰੇ 8:10 ਵਜੇ ਤੋਂ ਬਾਅਦ ਕਿਲ੍ਹੇ ਦੇ ਮੈਦਾਨ ਦੇ ਇੱਕ ਨਿੱਜੀ ਹਿੱਸੇ ਵਿੱਚ ਦੇਖਿਆ ਗਿਆ ਸੀ।
ਬਾਅਦ ਵਿੱਚ ਉਸ ਨੇ ਦੇਸ਼ਧ੍ਰੋਹ ਕਾਨੂੰਨ ਤਹਿਤ ਦੋਸ਼ ਕਬੂਲ ਕਰ ਲਿਆ ਅਤੇ ਉਸ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਹਥਿਆਰ ਰੱਖਣ ਬਾਰੇ ਵੀ ਮੰਨਿਆ।
ਪੁਲਿਸ ਨੇ ਦਸੰਬਰ 2021 ਵਿੱਚ ਦੱਸਿਆ ਕਿ ਵਿੰਡਸਰ ਕੈਸਲ ਦੇ ਮੈਦਾਨ ਵਿੱਚ ਇੱਕ ਕ੍ਰੋਸਬੋਅ ਨਾਲ ਮਿਲਣ ਤੋਂ ਬਾਅਦ ਇੱਕ ਵਿਅਕਤੀ 'ਤੇ ਮਾਨਸਿਕ ਸਿਹਤ ਐਕਟ ਦੇ ਤਹਿਤ ਧਾਰਾ ਲਗਾਈ ਗਈ ਹੈ।
ਮੈਟਰੋਪੋਲੀਟਨ ਪੁਲਿਸ ਨੇ ਦੱਸਿਆ ਸੀ ਕਿ ਸਾਊਥੈਂਪਟਨ ਤੋਂ ਇੱਕ 19 ਸਾਲਾ ਵਿਅਕਤੀ ਨੂੰ ਕ੍ਰਿਸਮਸ ਵਾਲੇ ਦਿਨ ਸਵੇਰੇ ਲਗਭਗ 8:30 ਵਜੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੁਲਿਸ ਵੱਲੋਂ ਕਿਹਾ ਗਿਆ ਕਿ ਆਦਮੀ ਨੂੰ ਮੈਦਾਨ ਵਿਚ ਦਾਖਲ ਹੋਣ ਦੇ ਕੁਝ ਪਲਾਂ ਵਿਚ ਹੀ ਰੋਕ ਦਿੱਤਾ ਗਿਆ ਸੀ ਅਤੇ ਉਹ ਕਿਸੇ ਵੀ ਇਮਾਰਤ ਵਿਚ ਦਾਖਲ ਨਹੀਂ ਹੋਇਆ ਸੀ।
ਪੁਲਿਸ ਨੇ ਅੱਗੇ ਇਹ ਵੀ ਦੱਸਿਆ ਸੀ ਕਿ ਚੈਲ ਦੀ ਤਲਾਸ਼ੀ ਲਈ ਗਈ ਅਤੇ ਉਸ ਤੋਂ ਇੱਕ ਕ੍ਰੋਸਬੋਅ ਮਿਲਿਆ।

ਤਸਵੀਰ ਸਰੋਤ, CPS
ਚੈਲ ਨੂੰ ਸ਼ੁਰੂ ਵਿੱਚ ਇੱਕ ਸੁਰੱਖਿਅਤ ਥਾਂ ਦੀ ਉਲੰਘਣਾ ਜਾਂ ਘੁਸਪੈਠ ਕਰਨ ਅਤੇ ਇੱਕ ਹਥਿਆਰ ਰੱਖਣ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਪੁਲਿਸ ਨੇ ਉਸ ਵੇਲੇ ਇਹ ਵੀ ਦੱਸਿਆ ਸੀ ਸ਼ਾਹੀ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਸੀ।
ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਸ ਦੀ ਕਾਨੂੰਨੀ ਪ੍ਰਕਿਰਿਆ ਤਹਿਤ ਮਾਨਸਿਕ ਸਿਹਤ ਦੀ ਜਾਂਚ ਹੋਈ।
ਉਸ ਨੇ ਇੱਕ ਨਰਸ ਨੂੰ ਦੱਸਿਆ ਕਿ ਉਸ ਨੇ ਆਪਣੇ ਆਪ ਨੂੰ ਖ਼ੁਦਕੁਸ਼ੀ ਕਰਨ ਵਾਲਾ ਨਹੀਂ ਸਮਝਿਆ ਅਤੇ ਉਹ ਆਪਣੇ ਪਰਿਵਾਰ ਵਿੱਚ ਕਿਸੇ ਨੂੰ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੁੜੇ ਹੋਣ ਬਾਰੇ ਨਹੀਂ ਜਾਣਦਾ ਸੀ।
ਫਰਵਰੀ 2022 ਵਿੱਚ ਉਸ ਨੂੰ ਇੰਟਰਵਿਊ ਲਈ ਯੋਗ ਸਮਝਿਆ ਗਿਆ ਸੀ।
1842 ਦੇ ਦੇਸ਼ਧ੍ਰੋਹ ਐਕਟ ਤਹਿਤ ਬਾਦਸ਼ਾਹ 'ਤੇ ਹਮਲਾ ਕਰਨਾ ਜਾਂ ਉਨ੍ਹਾਂ ਦੀ ਮੌਜੂਦਗੀ ਵਿੱਚ ਹਥਿਆਰ ਰੱਖਣਾ ਜਾਂ ਉਨ੍ਹਾਂ ਨੂੰ ਜ਼ਖਮੀ ਕਰਨ ਜਾਂ ਚੇਤਾਵਨੀ ਦੇਣ ਦੇ ਇਰਾਦੇ ਨਾਲ ਜਾਂ ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਅਪਮਾਨਜਨਕ ਹਥਿਆਰ ਰੱਖਣਾ ਇੱਕ ਅਪਰਾਧ ਹੈ।
1981 ਵਿੱਚ ਮਾਰਕਸ ਸਾਰਜੈਂਟ ਨੂੰ ਦੇਸ਼ਧ੍ਰੋਹ ਐਕਟ ਦੀ ਧਾਰਾ ਦੇ ਤਹਿਤ ਪੰਜ ਸਾਲਾਂ ਜੇਲ੍ਹ ਦੀ ਸਜ਼ਾ ਹੋਈ ਸੀ ਕਿਉਂਕਿ ਉਸ ਨੇ ਮਹਾਰਾਣੀ 'ਤੇ ਖਾਲ੍ਹੀ ਗੋਲੀਆਂ ਚਲਾਈਆਂ ਸਨ ਜਦੋਂ ਉਹ ਟਰੂਪਿੰਗ ਦਿ ਕਲਰ ਪਰੇਡ ਦੌਰਾਨ ਲੰਡਨ ਵਿੱਚ ਦਿ ਮਾਲ ਤੋਂ ਹੇਠਾਂ ਜਾ ਰਹੇ ਸੀ।












