ਮਹਾਰਾਣੀ ਜਿੰਦਾਂ: ਜਿੰਦ ਕੌਰ, ਜੋ ਰਣਜੀਤ ਸਿੰਘ ਤੋਂ ਬਾਅਦ ਪੰਜਾਬ ਲਈ 'ਸ਼ੇਰਨੀ' ਵਾਂਗ ਲੜੀ

ਤਸਵੀਰ ਸਰੋਤ, Nikita Deshpande /BBC
- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
‘‘ਤੁਸੀਂ ਮੈਨੂੰ ਪਿੰਜਰੇ ਵਿੱਚ ਕੈਦ ਰੱਖਿਆ, ਮੇਰੇ ਆਲ਼ੇ-ਦੁਆਲੇ ਸੰਤਰੀਆਂ ਦਾ ਪਹਿਰਾ ਬਿਠਾਈ ਰੱਖਿਆ, ਤੁਸੀਂ ਸੋਚ ਲਿਆ ਕਿ ਤੁਸੀਂ ਰਾਣੀ ਜਿੰਦਾਂ ਨੂੰ ਕੈਦ ਕਰ ਰੱਖੋਗੇ, ਪਰ ਮੈਂ ਜਾ ਰਹੀ ਹਾਂ, ਮੈਂ ਜਾਦੂਮਈ ਤਰੀਕੇ ਨਾਲ ਤੁਹਾਡੇ ਨੱਕ ਥੱਲਿਓਂ ਜਾ ਰਹੀ ਹਾਂ।’’
ਲੇਖਿਕਾ ਚਿਤਰਾ ਬੈਨਰਜੀ ਦਿਵਾਕਰੁਣੀ ਨੇ ਆਪਣੀ ਕਿਤਾਬ “ਦਿ ਲਾਸਟ ਕੁਈਨ” ਵਿੱਚ ਇਸ ਇਬਾਰਤ ਨੂੰ ਮਹਾਰਾਣੀ ਜਿੰਦ ਕੌਰ (ਜਿੰਦਾਂ) ਦੀ ਜੇਲ੍ਹ ਵਾਰਡਨ ਨੂੰ ਲਿਖੀ ਤੰਜ਼ਮਈ ਚਿੱਠੀ ਵਜੋਂ ਦਰਜ ਕੀਤਾ ਹੈ।
ਜੋ ਉਨ੍ਹਾਂ ਨੇ ਚੁਨਾਰ ਕਿਲ਼ੇ (ਉੱਤਰ ਪ੍ਰਦੇਸ਼) ਦੀ ਜੇਲ੍ਹ ਵਿੱਚੋਂ ਫਰਾਰ ਹੋਣ ਵੇਲੇ ਲਿਖੀ ਸੀ।
ਜਿੰਦਾਂ ਨੂੰ ਇੱਥੇ ਲਾਹੌਰ ਕਿਲੇ ਵਿੱਚ ਕੈਦੀਆਂ ਵਾਂਗ ਰੱਖਣ ਅਤੇ ਫੇਰ ਸ਼ੇਖੂਪੁਰਾ ਦੀ ਜੇਲ੍ਹ ਦੀ ਬੰਦੀ ਬਣਾਉਣ ਤੋਂ ਬਾਅਦ ਪੰਜਾਬ ਤੋਂ ਬਾਹਰ ਭੇਜਿਆ ਗਿਆ ਸੀ।
ਜਿੰਦਾਂ, ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਤੇ ਆਖ਼ਰੀ ਰਾਣੀ ਸਨ। ਭਾਵੇਂ ਰਣਜੀਤ ਸਿੰਘ ਦੀਆਂ ਹੋਰ ਕਈ ਰਾਣੀਆਂ ਸਨ ਪਰ ਮਹਾਰਾਣੀ ਦਾ ਖ਼ਿਤਾਬ ਜਿੰਦਾਂ ਨੂੰ ਮਿਲਿਆ ਹੋਇਆ ਸੀ।
ਉਨ੍ਹਾਂ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਦੇ ਸਿੱਖ ਰਾਜ ਨੂੰ ਹਥਿਆਉਣ ਅਤੇ ਪੰਜਾਬ ਨੂੰ ਆਪਣੇ ਅਧੀਨ ਕਰਨ ਦੀਆਂ ਕੋਸ਼ਿਸ਼ਾਂ ਦਾ ਡਟ ਕੇ ਵਿਰੋਧ ਕੀਤਾ ਸੀ।
ਰਾਣੀ ਜਿੰਦਾਂ ਉੱਤੇ ਡਾਕੂਮੈਂਟਰੀ ਫਿਲਮ ‘‘ਬਾਗ਼ੀ ਰਾਣੀ’’ ਬਣਾਉਣ ਵਾਲੇ ਮਸ਼ਹੂਰ ਨਿਰਮਾਤਾ ਮਾਇਕਲ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ ਸੀ, ''ਮਹਾਰਾਣੀ ਜਿੰਦਾਂ ਨੇ ਆਪਣੇ ਪੁੱਤਰ ਦਲੀਪ ਸਿੰਘ ਨੂੰ ਨਾ ਸਿਰਫ਼ ਜਿਊਂਦਾ ਰੱਖਿਆ ਸਗੋਂ ਪੰਜਾਬ ਦੀ ਰਾਜਗੱਦੀ ਹਾਸਲ ਕਰਨ ਲਈ ਇੱਕ ਸ਼ੇਰਨੀ ਵਾਂਗ ਲੜਾਈ ਲੜੀ।''

ਤਸਵੀਰ ਸਰੋਤ, PETER BANCE COLLECTION
ਗ਼ਦਰ ਲ਼ਈ ਲਲਕਾਰ
ਚਿਤਰਾ ਬੈਨਰਜੀ, ਜਿੰਦਾਂ ਦੇ ਪੰਜਾਬ ਅਤੇ ਖਾਲਸਾ ਰਾਜ ਦੀ ਰਾਖੀ ਲਈ ਲੜੀ ਜੰਗ ਪਿਛਲੇ ਜਜ਼ਬੇ ਨੂੰ ਸਮਝਾਉਣ ਲਈ ਇੱਕ ਹੋਰ ਘਟਨਾ ਬਾਰੇ ਲਿਖਦੇ ਹਨ।
ਪਹਿਲੀ ਐਂਗਲੋ ਸਿੱਖ ਜੰਗ ਹਾਰਨ ਮਗਰੋਂ ਲਾਹੌਰ ਵਿੱਚ ਖਾਲਸਾ ਦਰਬਾਰ ਲੱਗਣਾ ਬੰਦ ਹੋ ਗਿਆ ਤਾਂ ਨਿਰਾਸ਼ ਤੇ ਜੰਗ ਦੇ ਝੰਬੇ ਪੰਚਾਂ ਦਾ ਵਫ਼ਦ ਦੀਵਾਨ-ਏ-ਆਮ ਵਿੱਚ ਪਹੁੰਚਿਆ।
ਉਨ੍ਹਾਂ ਕਿਹਾ, ‘‘ਅਸੀਂ ਤੁਹਾਡੇ ਲਈ ਆਪਣੀਆਂ ਜਾਨਾਂ ਵਾਰ ਰਹੇ ਹਾਂ। ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ।’’
ਉਸ ਵੇਲੇ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਗੱਦੀ ਉੱਤੇ ਬੈਠੇ ਸੀ, ਸਿਰਫ਼ 5 ਸਾਲ ਦੇ ਹੋਣ ਕਾਰਨ ਇਸ ਮਾਹੌਲ ਨੂੰ ਦੇਖ ਕੇ ਡਰ ਗਏ, ਪਰ ਮਹਾਰਾਣੀ ਜਿੰਦਾਂ ਨੇ ਉਨ੍ਹਾਂ ਨੂੰ ਸੰਭਾਲਿਆ ਅਤੇ ਪਰਦੇ ਪਿੱਛਿਓਂ, ਆਪਣਾ ਕੱਪੜਾ ਉਲਾਰਦਿਆਂ ਕੜਕ ਕੇ ਕਿਹਾ, ‘‘ਮੇਰੇ ਕੱਪੜੇ ਪਾ ਲਓ ਅਤੇ ਆਪਣੇ ਮੈਨੂੰ ਦੇ ਦਿਓ, ਤੁਸੀਂ ਮਹਿਲ ਵਿੱਚ ਰਹੋ ਤੇ ਅਰਾਮ ਕਰੋ, ਤੁਹਾਡੀ ਥਾਂ ਮੈਂ ਜੰਗ ਵਿੱਚ ਜਾਵਾਂਗੀ ਅਤੇ ਸੱਚੇ ਖਾਲਸਾ ਸਿਪਾਹੀ ਦੀ ਤਰ੍ਹਾਂ ਮਰਾਂਗੀ।’’
ਮਹਾਰਾਣੀ ਦੀ ਇਸ ਲਲਕਾਰ ਨੇ ਹਾਰੀ ਹੋਈ ਜੰਗ ਤੋਂ ਮਾਯੂਸ ਲੋਕਾਂ ਵਿੱਚ ਮੁੜ ਊਰਜਾ ਭਰ ਦਿੱਤੀ ਅਤੇ ਜਿਹੜੇ ਲੋਕ ਬਾਗ਼ੀ ਸੁਰ ਵਿੱਚ ਸਨ, ਉਨ੍ਹਾਂ ਵਿੱਚੋਂ ਹੀ ਕਿਸੇ ਨੇ ਕਿਹਾ, ‘‘ਅਸੀਂ ਲੜਾਂਗੇ, ਮਰਨੋਂ ਕੌਣ ਡਰਦਾ ਹੈ, ਜਦੋਂ ਇਹ ਕੁਰਬਾਨੀ ਹੋਵੇ, ਅਸੀਂ ਆਪਣੇ ਮਹਾਰਾਜੇ ਲਈ, ਆਪਣੇ ਪੰਜਾਬ ਲਈ ਅਤੇ ਆਪਣੀ ਮਾਈ ਲਈ ਜਾਨਾਂ ਵਾਰ ਦਿਆਂਗੇ।’’

- ਜਿੰਦ ਕੌਰ ਦਾ ਜਨਮ 1817 ਵਿੱਚ ਸਿਆਲਕੋਟ ਦੇ ਚਾੜ ਪਿੰਡ ਵਿੱਚ ਹੋਇਆ ਸੀ
- ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੈਦਾ ਹੋਏ ਹਾਲਾਤ ਦੌਰਾਨ ਮਹਾਰਾਣੀ ਜਿੰਦਾਂ ਨੇ ਪੰਜਾਬ ਦੀ ਅਗਵਾਈ ਕੀਤੀ
- ਜਿੰਦਾਂ ਨੂੰ ਖਾਲਸਾ ਦਰਬਾਰ ਦੇ ਅੰਦਰੋਂ ਅਤੇ ਬਾਹਰੋਂ ਸਾਜ਼ਿਸ਼ਾਂ ਦਾ ਸਾਹਮਣਾ ਕਰਨਾ ਪਿਆ
- ਜਿੰਦਾਂ ਨੇ ਸਿੱਖਾਂ ਨੂੰ ਦੂਜੀ ਐਂਗਲੋ-ਸਿੱਖ ਜੰਗ ਲਈ ਤਿਆਰ ਕੀਤਾ ਸੀ
- ਜਿੰਦਾਂ ਅੰਗਰੇਜ਼ ਹਕੂਮਤ ਤੋਂ ਪੰਜਾਬ ਨੂੰ ਬਚਾਉਣ ਅਤੇ ਅਜ਼ਾਦੀ ਬਹਾਲ ਰੱਖਣ ਲਈ ਸ਼ੇਰਨੀ ਵਾਂਗ ਲੜੇ
- ਉਨ੍ਹਾਂ ਨੂੰ ਕਈ ਜੇਲ੍ਹਾਂ ਵਿੱਚ ਰੱਖਿਆ ਗਿਆ ਅਤੇ ਤਸੀਹੇ ਦਿੱਤੇ ਗਏ ਪਰ ਉਨ੍ਹਾਂ ਹਾਰ ਨਾ ਮੰਨੀ
- ਉਹ ਚੁਨਾਰ ਜੇਲ੍ਹ ਵਿੱਚੋਂ ਫਰਾਰ ਹੋ ਕੇ ਨੇਪਾਲ ਪਹੁੰਚੇ ਅਤੇ ਅੰਗਰੇਜ਼ ਹਕੂਮਤ ਖ਼ਿਲਾਫ਼ ਜੱਦੋਜ਼ਹਿਦ ਕਰਦੇ ਰਹੇ


ਜਿੰਦਾਂ: ਅਣਗੌਲੀ ਨਾਇਕਾ
ਜਿੰਦ ਕੌਰ ਦਾ ਜਨਮ 1817 ਵਿੱਚ ਸਿਆਲਕੋਟ (ਹੁਣ ਪਾਕਿਸਤਾਨ) ਦੇ ਚਾੜ ਪਿੰਡ ਦੇ ਮੰਨਾ ਸਿੰਘ ਔਲਖ਼ ਦੇ ਘਰ ਹੋਇਆ ਸੀ।
ਭਾਰਤ ਸਰਕਾਰ ਦੀ ‘ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਵੈੱਬਸਾਇਟ ਉੱਤੇ ਜਿੰਦਾਂ ਦਾ ਜ਼ਿਕਰ ਅਣਗੌਲ਼ੇ ਨਾਇਕਾਂ ਵਿੱਚ ਕੀਤਾ ਗਿਆ ਹੈ।
ਇਸ ਵੈੱਬਸਾਈਟ ਉੱਤੇ ਉਪਲੱਬਧ ਜਾਣਕਾਰੀ ਮੁਤਾਬਕ, ‘‘ਮਹਾਰਾਣੀ ਜਿੰਦ ਕੌਰ 1843 ਤੋਂ 1846 ਤੱਕ ਸਿੱਖ ਸਾਮਰਾਜ ਦੀ ਆਖ਼ਰੀ ਰਾਣੀ ਸਨ। ਉਹ ਸਿੱਖ ਸਾਮਰਾਜ ਦੇ ਪਹਿਲੇ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੀ ਪਤਨੀ ਸਨ ਅਤੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਮਾਂ ਸਨ।’’
‘‘ਉਨ੍ਹਾਂ ਸਵੈ ਪ੍ਰਭੂਸੱਤਾ ਤੋਂ ਹੋਰ ਸਿੱਖਾਂ ਵਾਂਗ ਦੋ ਹੀ ਚੀਜ਼ਾਂ ਸਿੱਖੀਆਂ ਸਨ, ਰਾਜ ਕਰਨਾ ਜਾਂ ਬਗ਼ਾਵਤ ਕਰਨਾ।’’
ਮਹਾਰਾਣੀ ਜਿੰਦ ਕੌਰ ਨੂੰ ਰਾਣੀ ਜਿੰਦਾਂ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਜਿਨ੍ਹਾਂ ਦੀ ਮੁੱਢਲੀ ਪਛਾਣ ਭਾਵੇਂ ਰਣਜੀਤ ਸਿੰਘ ਦੀ ਪਤਨੀ ਹੋਣਾ ਸੀ, ਪਰ ਉਨ੍ਹਾਂ ਦੀ ਆਖ਼ਰੀ ਹਸਤੀ ਸਿੱਖ ਰਾਜ ਦੀ ਪ੍ਰਭੂਸੱਤਾ ਲਈ ਲੜਨ ਅਤੇ ‘ਮਾਂ’ ਵਜੋਂ ਮਾਨਤਾ ਹਾਸਲ ਕਰਨ ਵਾਲੀ ਸੀ।
ਕਈ ਇਤਿਹਾਸਕਾਰਾਂ ਨੇ ਉਨ੍ਹਾਂ ਨੂੰ ਆਪਣੀਆਂ ਲਿਖਤਾਂ ਵਿੱਚ ‘ਰਾਣੀ ਮਾਈ’ ਜਾਂ ‘ਰਾਣੀ ਮਾਂ’ ਵੀ ਲਿਖਿਆ, ਪਰ ਭਾਰਤ ਵਿੱਚ ਬ੍ਰਿਟਿਸ਼ ਹਕੂਮਤ ਨੇ ਉਨ੍ਹਾਂ ਨੂੰ ‘‘ਪੰਜਾਬ ਦੀ ਮੇਸਾਲੀਨਾ’’ ਵਜੋਂ ਪ੍ਰਚਾਰਿਆ।
ਭਾਵੇਂ ਕਿ ਭਾਰਤ ਸਰਕਾਰ ਦੀ ਅਧਿਕਾਰਤ ਜਾਣਕਾਰੀ ਵਿੱਚ ਦਾਅਵਾ ਕੀਤਾ ਗਿਆ ਕਿ ਜਿੰਦਾਂ ਦੀ ਰੋਮ ਸਮਾਰਾਜ ਦੀ ਮਹਾਰਾਣੀ ਵੈਲੇਰੀਆ ਮੇਸਾਲੀਨਾ ਨਾਲ ਬਹੁਤੀ ਸਮਾਨਤਾ ਨਹੀਂ ਸੀ।
ਚਿਤਰਾ ਬੈਨਰਜੀ ਵੀ ਆਪਣੀ ਕਿਤਾਬ ‘‘ਦਿ ਲਾਸਟ ਕੁਈਨ’’ ਵਿੱਚ ਜਿੰਦਾਂ ਦੇ ਮੂੰਹੋਂ ਇਹ ਬਿਆਨ ਦਰਜ ਕਰਵਾਉਂਦੇ ਹਨ, ‘‘ਬ੍ਰਿਟਿਸ਼ ਮੈਨੂੰ ‘‘ਪੰਜਾਬ ਦੀ ਮੇਸਾਲੀਨਾ’’ ਕਹਿੰਦੇ ਹਨ, ਇਸ ਪਿੱਛੇ ਗ਼ੁਲਾਬ ਸਿੰਘ ਦੀ ਸਾਜ਼ਿਸ਼ ਹੈ।’’
ਰੋਮ ਦੇ ਮਹਾਰਾਣੀ ਮੇਸਾਲੀਨਾ ਆਪਣੇ ਸਾਮਰਾਜ ਦੀ ਬਹਾਲੀ ਲ਼ਈ ਸਾਜ਼ਿਸ਼ਾਂ ਕਰਨ ਅਤੇ ਬੇਕਾਬੂ ਜਿਨਸੀ ਭੁੱਖ ਲ਼ਈ ਮਸ਼ਹੂਰ ਸਨ।
ਅੰਮ੍ਰਿਤ ਮਹਾਉਤਸਵ ਵੈੱਬਸਾਇਟ ਉੱਤੇ ਲਿਖਿਆ ਹੈ, ‘‘ਬ੍ਰਿਟਿਸ਼ ਨੇ ਜਿੰਦਾਂ ਦੀ ਮੇਸਾਲੀਨਾ ਨਾਲ ਤੁਲਨਾ ਇਸ ਲਈ ਕੀਤੀ ਤਾਂ ਜੋ ਉਹ ਉਨ੍ਹਾਂ ਦੇ ਅਕਸ ਨੂੰ ਵਿਗਾੜ ਸਕਣ ਅਤੇ ਬਦਨਾਮ ਕਰਕੇ ਪੰਜਾਬ 'ਤੇ ਰਾਜ ਕਰ ਸਕਣ।’’
ਜਦੋਂ ਜਿੰਦਾਂ ਨੇ ਪੰਜਾਬ ਦੀ ਅਗਵਾਈ ਕੀਤੀ
ਪੰਜਾਬ ਵਿੱਚ ਸੁਤੰਤਰਤਾ ਸੰਗਰਾਮ ਦੀਆਂ ਪ੍ਰਮੁੱਖ ਧਾਰਾਵਾਂ ਕਿਤਾਬ ਵਿੱਚ ਪ੍ਰਿਥੀਪਾਲ ਸਿੰਘ ਕਪੂਰ ਲਿਖਦੇ ਹਨ ਕਿ ਜਿੰਦ ਕੌਰ ਦੀ ਵਿਲੱਖਣ ਸੁੰਦਰਤਾ ਅਤੇ ਸਤਿਵਾਦੀ ਸੁਭਾਅ ਕਰਕੇ ਰਣਜੀਤ ਸਿੰਘ ਨੇ ਉਨ੍ਹਾਂ ਨਾਲ ਵਿਆਹ ਕਰਵਾਇਆ ਸੀ।
ਪਰ ਜਦੋਂ ਉਨ੍ਹਾਂ ਨੇ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਨੂੰ ਜਨਮ ਦਿੱਤਾ, ਉਸ ਤੋਂ 10 ਮਹੀਨੇ ਬਾਅਦ ਹੀ ਮਹਾਰਾਜਾ ਦਾ ਦੇਹਾਂਤ ਹੋ ਗਿਆ। ਜਿਸ ਤੋਂ ਬਾਅਦ ਘਟਨਾਵਾਂ ਬਹੁਤ ਤੇਜ਼ੀ ਨਾਲ ਵਾਪਰੀਆਂ।
ਰਣਜੀਤ ਸਿੰਘ ਦੇ ਵੱਡੇ ਪੁੱਤਰ ਖੜਕ ਸਿੰਘ, ਪੋਤਰੇ ਨੌਨਿਹਾਲ ਸਿੰਘ ਦੀ ਮੌਤ, ਮਹਾਰਾਜਾ ਸ਼ੇਰ ਸਿੰਘ, ਕੰਵਰ ਪ੍ਰਤਾਪ ਸਿੰਘ, ਰਾਜਾ ਧਿਆਨ ਦੇ ਕਤਲਾਂ ਪਿੱਛੋਂ ਰਾਣੀ ਜਿੰਦ ਕੌਰ ਦੇ ਪੰਜ ਸਾਲਾਂ ਦੇ ਪੁੱਤਰ ਦਲੀਪ ਸਿੰਘ ਨੂੰ ਹੀਰਾ ਸਿੰਘ ਨੇ ਸਾਹਮਣੇ ਲਿਆ ਖੜ੍ਹਾ ਕੀਤਾ ਅਤੇ ਜਿੰਦਾਂ ਨੂੰ ਸਰਪ੍ਰਸਤ ਬਣਾ ਦਿੱਤਾ।
ਕਪੂਰ ਲਿਖਦੇ ਹਨ, ‘‘ਜਿਵੇਂ ਹੀ ਜਿੰਦਾਂ ਨੇ ਸਰਪ੍ਰਸਤੀ ਸੰਭਾਲੀ, ਉਨ੍ਹਾਂ ਨੂੰ ਰਾਜ ਦੇ ਅੰਦਰੋਂ ਤੇ ਬਾਹਰੋਂ ਸਖ਼ਤ ਵਿਰੋਧ ਝੱਲਣਾ ਪਿਆ।’’
ਇੱਕ ਵਿਰੋਧ ਬਰਤਾਨਵੀਂ ਹਕੂਮਤ ਦਾ ਸੀ ਅਤੇ ਦੂਜਾ ਉਨ੍ਹਾਂ ਨਾਲ ਰਲੇ਼ੇ ਹੋਏ ਦਰਬਾਰੀਆਂ ਦਾ ਜੋ ਰਾਣੀ ਖ਼ਿਲਾਫ਼ ਸਾਜਿਸ਼ਾਂ ਰਚ ਰਹੇ ਸਨ।
ਪਰ ਰਾਣੀ ਨੇ ਨਾ ਤਾਂ ਦਲੀਪ ਸਿੰਘ ਦੀ ਨਾਬਾਲਗ਼ੀ ਦੇ ਰਾਜਕਾਲ ਵਿੱਚ ਬਰਤਾਨਵੀਂ ਫੌਜਾਂ ਨੂੰ ਲਾਹੌਰ ਵਿੱਚ ਤੈਨਾਤ ਕਰਨ ਦੀ ਗੱਲ ਪ੍ਰਵਾਨ ਕੀਤੀ ਅਤੇ ਨਾ ਹੀ ਵੈਰੋਵਾਲ ਦੀ ਸੰਧੀ ਦਾ ਖਰੜਾ ਪਰਵਾਨ ਕੀਤਾ ਸੀ।
ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ ਕਿਤਾਬ ‘‘ਪ੍ਰਮੁੱਖ ਸਿੱਖ ਸ਼ਖਸੀਅਤਾਂ’’ ਵਿੱਚ ਜਿੰਦ ਕੌਰ ਬਾਰੇ ਲੇਖ ਵਿੱਚ ਸਿਮਰਨ ਕੌਰ ਲਿਖਦੇ ਹਨ, ‘‘ਅੰਗਰੇਜ਼-ਸਿੱਖਾਂ ਦੀ ਪਹਿਲੀ ਜੰਗ ਮਗਰੋਂ 15 ਦਸੰਬਰ 1849 ਈਸਵੀ ਨੂੰ ਲਾਹੌਰ ਵਿੱਚ ਸੰਧੀ ਦੀਆਂ ਸ਼ਰਤਾਂ ਤੈਅ ਕਰਨ ਲਈ ਜਦ ਗੱਲਬਾਤ ਹੋ ਰਹੀ ਸੀ ਤਾਂ ਦੀਵਾਨ ਦੀਨਾ ਨਾਥ ਨੇ ਰਾਇ ਦਿੱਤੀ ਸੀ ਕਿ ਸੰਧੀ ਕਰਨ ਤੋਂ ਪਹਿਲਾਂ ਮਹਾਰਾਣੀ ਜਿੰਦਾਂ ਕੋਲੋਂ ਵੀ ਪੁੱਛ ਲਿਆ ਜਾਵੇ, ਤਾਂ ਫਰੈਡਰਿਕ ਕਿਊਰੀ ਨੇ ਕਿਹਾ ਸੀ, ਗਵਰਨਰ ਜਨਰਲ ਮਹਾਰਾਣੀ ਦੀ ਨਹੀਂ ਸਰਦਾਰਾਂ ਅਤੇ ਸਿੱਖ ਰਾਜ ਦੇ ਥੰਮਾਂ ਦੀ ਰਾਇ ਪੁੱਛਦੇ ਹਨ।’’
‘‘ਸਰਦਾਰ ਤਾਂ ਸਰਦਾਰੀਆਂ ਛੱਡਣ ਲਈ ਪਹਿਲਾਂ ਹੀ ਬੈਠੇ ਸਨ ਅਤੇ ਥੰਮ ਢਿੱਗ ਚੁੱਕੇ ਸਨ, ਅਜਿਹੇ ਹਾਲਾਤ ਵਿੱਚ ਇੱਕ ਆਸ ਜਿੰਦਾਂ ਹੀ ਸੀ।’’

ਤਸਵੀਰ ਸਰੋਤ, Getty Images
ਜਿੰਦਾਂ ਨੂੰ ਸੱਤਾ ਤੋਂ ਬਾਹਰ ਕਰਕੇ ਕੈਦ ਕਰਨਾ
ਰਾਜ ਦੇ ਅੰਦਰੋਂ ਤੇ ਬਾਹਰੋਂ ਹੋ ਰਹੀਆਂ ਸਾਜ਼ਿਸ਼ਾਂ ਦਾ ਜਿੰਦਾਂ ਡਟ ਕੇ ਵਿਰੋਧ ਕਰ ਰਹੇ ਸਨ। ਉਨ੍ਹਾਂ ਨੂੰ ਆਮ ਲੋਕਾਂ ਦਾ ਭਰਵਾਂ ਸਮਰਥਨ ਹਾਸਲ ਸੀ।
ਪਰ ਜਦੋਂ ਅੰਗਰੇਜ਼ਾਂ ਨੇ ਤੇਜ ਸਿੰਘ ਨੂੰ ਵਜ਼ੀਰ ਦੀ ਪਦਵੀ ਦੇ ਕੇ ਬਾਲਕ ਮਹਾਰਾਜਾ ਦਲੀਪ ਸਿੰਘ ਤੋਂ ਟਿੱਕਾ ਲਗਾਉਣ ਲਈ ਕਿਹਾ ਗਿਆ ਤਾਂ ਜਿੰਦਾਂ ਦੇ ਦਿਸ਼ਾ ਨਿਰਦੇਸ਼ ਮੁਤਾਬਕ ਮਹਾਰਾਜੇ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਰਾਣੀ ਅਤੇ ਦਲੀਪ ਸਿੰਘ ਨੂੰ ਸ਼ਾਹੀ ਕਿਲੇ ਅੰਦਰ ਹੀ ਕੈਦ ਕਰ ਦਿੱਤਾ ਗਿਆ।
ਪ੍ਰਿਥੀਪਾਲ ਸਿੰਘ ਕਪੂਰ ਲਿਖਦੇ ਹਨ, ‘‘ਹੈਨਰੀ ਲਾਰੈਂਸ (ਪੰਜਾਬ ਗਵਰਨਰ) ਅਤੇ ਉਸ ਨਾਲ ਰਲ਼ੇ ਦਰਬਾਰੀਆਂ ਨੇ ਨਵੀਂ ਪ੍ਰਬੰਧਕ ਵਿਵਸਥਾ ਵਿੱਚੋਂ ਰਾਣੀ ਨੂੰ ਬਾਹਰ ਰੱਖਣ ਦੀ ਯੋਜਨਾ ਬਣਾਈ।’’
‘‘ਇਸ ਦੌਰਾਨ ਰਾਣੀ ਨੂੰ ਸ਼ਾਹੀ ਕਿਲੇ ਦੇ ਸੁੰਮਨ ਬੁਰਜ ਵਿੱਚ ਕੈਦੀਆਂ ਵਾਂਗ ਰੱਖਿਆ ਗਿਆ।’’
ਲੰਬਾ ਸਮਾਂ ਖਾਲਸਾ ਦਰਬਾਰ ਦੇ ਵਿਰੋਧੀ ਰਹੇ ਅਫ਼ਗਾਨੀ ਸ਼ਾਸਕ ਦੋਸਤ ਮੁਹੰਮਦ ਦੇ ਅੰਗਰੇਜ਼ਾਂ ਨੂੰ ਲਿਖੇ ਪੱਤਰ ਦੇ ਹਵਾਲੇ ਨਾਲ ਸਿਮਰਨ ਕੌਰ ਲਿਖਦੇ ਹਨ, ‘‘ਮਹਾਰਾਣੀ ਨੂੰ ਇੰਨਾ ਤੰਗ ਕੀਤਾ ਗਿਆ ਸੀ ਕਿ ਪਾਣੀ ਤੱਕ ਨਾ ਦਿੱਤਾ ਗਿਆ, ਤਲਾਸ਼ੀ ਲਈ ਗਈ।’’
ਦੋਸਤ ਮੁਹੰਮਦ ਨੇ ਕਿਹਾ ਸੀ, ‘‘ਇੰਨਾ ਅਨਿਆ ਨਾ ਕਰੀਂ, ਉਸ ਨੂੰ ਕਿਹੜਾ ਤਸੀਹਾ ਹੈ, ਜੋ ਅੰਗਰੇਜ਼ ਸਰਕਾਰ ਨੇ ਨਹੀਂ ਦਿੱਤਾ।’’

ਤਸਵੀਰ ਸਰੋਤ, Getty Images
ਬਗ਼ਾਵਤ ਲਈ ਪ੍ਰੇਰਣਾ
ਮਹਾਰਾਣੀ ਜਿੰਦਾਂ ਲਗਾਤਾਰ ਚਿੱਠੀਆਂ ਲਿਖ ਕੇ ਆਪਣੇ ਉੱਤੇ ਥੋਪੇ ਜਾ ਰਹੇ ਹਾਲਾਤ ਬਾਰੇ ਖਾਲਸਾ ਦਰਬਾਰ ਦੇ ਸਮਰਥਕਾਂ ਅਤੇ ਹਮਦਰਦਾਂ ਨੂੰ ਜਾਣੂ ਕਰਵਾਉਂਦੇ ਰਹੇ।
ਇਸ ਦਾ ਲੋਕਾਂ ਉੱਤੇ ਗਹਿਰਾ ਅਸਰ ਹੁੰਦਾ ਸੀ ਅਤੇ ਇਸੇ ਕਾਰਨ ਅੰਗਰੇਜ਼ਾਂ ਨੇ ਮਹਾਰਾਣੀ ਨੂੰ ਲਾਹੌਰ ਤੋਂ ਬਾਹਰ ਭੇਜ ਦਿੱਤਾ।
ਜਿੰਦਾਂ ਨੂੰ ਦਲੀਪ ਸਿੰਘ ਤੋਂ ਵੱਖ ਕਰਨ ਲਈ ਸ਼ੇਖੂਪੁਰਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ, ਉੱਥੇ ਉਨ੍ਹਾਂ ਨਾਲ ਆਮ ਕੈਦੀਆਂ ਵਾਲਾ ਸਲੂਕ ਕੀਤਾ ਜਾ ਰਿਹਾ ਸੀ। ਪਰ ਉਨ੍ਹਾਂ ਕੋਲ਼ ਇੱਕ ਸਹਾਇਕ ਸੀ ਮਾਹੀ, ਜੋ ਖਾਲਸਾ ਦਰਬਾਰ ਦੇ ਵਫ਼ਾਦਾਰ ਜਾਸੂਸ ਅਵਤਾਰ ਨੇ ਕਿਸੇ ਤਰ੍ਹਾਂ ਜੇਲ੍ਹ ਵਿੱਚ ਨੌਕਰੀ ਦੁਆ ਕੇ ਭੇਜੀ ਸੀ।
ਜਿੰਦਾਂ ਨੇ ਆਪਣੇ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਚਿੱਠੀਆਂ ਲਿਖ ਕੇ ਜਨਤਕ ਕਰ ਦਿੱਤੀਆਂ। ਜਿਸ ਤੋਂ ਬਾਅਦ ਪੰਜਾਬ ਵਿੱਚ ਅੰਗਰੇਜ਼ਾਂ ਖਿਲਾਫ਼ ਬਗ਼ਾਵਤ ਖੜ੍ਹੀ ਹੋ ਗਈ। ਖਾਲਸਾ ਆਪਣੀ ‘ਮਾਈ’ ਦੀ ਬੇਇੱਜ਼ਤੀ ਤੋਂ ਰੋਹ ਵਿੱਚ ਆ ਗਿਆ।
ਚਿਤਰਾ ਬੈਨਰਜੀ ਲਿਖਦੇ ਹਨ, ‘‘ਮੁਲਤਾਨ ਵਿੱਚ ਮੂਲ ਰਾਜ ਨੂੰ ਬਗ਼ਾਵਤ ਲਈ ਪ੍ਰੇਰਿਆ, ਸ਼ੇਰ ਸਿੰਘ ਅਟਾਰੀ ਵਾਲਾ ਅਤੇ ਉਨ੍ਹਾਂ ਦੇ ਪਿਤਾ ਚਤਰ ਸਿੰਘ ਨੇ ਫੌਜੀ ਲਾਮਬੰਦੀ ਕੀਤੀ ਤੇ ਅੰਗਰੇਜ਼ਾਂ ਉੱਤੇ ਰਾਮ ਨਗਰ ਵਿੱਚ ਧਾਵਾ ਬੋਲਿਆ, ਦੋਸਤ ਮੁਹੰਮਦ ਨੇ ਆਪਣੇ ਪੁੱਤਰ ਦੀ ਅਗਵਾਈ ਵਿੱਚ ਅਫ਼ਗਾਨੀ ਘੋੜ ਸਵਾਰ ਦਸਤਾ ਮਦਦ ਲਈ ਭੇਜਿਆ।’’
ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਪੰਜਾਬ ਮੁੜ ਅਜ਼ਾਦੀ ਹਾਸਲ ਕਰ ਲਏਗਾ, ਪਰ ਇਸ ਲੜਾਈ ਵਿੱਚ ਅੰਗਰੇਜ਼ਾਂ ਦੀ ਹਿੰਦੁਸਤਾਨ ਭਰ ਤੋਂ ਫੌਜਾਂ ਦੀ ਤੈਨਾਤੀ ਕਰਨ ਕਾਰਨ ਅਤੇ ਗੁਲਾਬ ਸਿੰਘ ਜੰਮੂ ਵੱਲੋਂ ਇੱਕ ਵਾਰ ਫਿਰ ਗੱਦਾਰੀ ਕਰਨ ਕਰਕੇ ਇਹ ਜਿੱਤ ਸੰਭਵ ਨਾ ਹੋ ਸਕੀ।
ਸਿੱਖ ਫੌਜਾਂ ਬਹਾਦਰੀ ਨਾਲ ਲੜੀਆਂ, ਸ਼ੇਰ ਸਿੰਘ ਦੀ ਸਵਾਰੀ ਵਾਲੇ ਤਿੰਨ ਘੋੜੇ ਲੜਦਿਆਂ ਮਾਰੇ ਗਏ, ਫੌਜ ਕੋਲ ਗੋਲ਼ਾ ਬਾਰੂਦ ਖ਼ਤਮ ਹੋ ਗਿਆ, ਆਖ਼ਰ ਅਟਾਰੀਵਾਲਾ ਨੂੰ ਆਤਮ ਸਮਰਪਣ ਕਰਨਾ ਪਿਆ।
ਇਹ ਵੀ ਜਿੰਦਾਂ ਦਾ ਹੀ ਦਿਮਾਗ਼ ਸੀ ਕਿ ਭਾਈ ਮਹਾਰਾਜ ਸਿੰਘ ਵਰਗੇ ਧਾਰਮਿਕ ਆਗੂ ਵੀ ਬਗ਼ਾਵਤ ਵਿੱਚ ਆ ਗਏ। ਇਸ ਵਿੱਚ ਹੈਨਰੀ ਲਾਰੈਂਸ ਅਤੇ ਤੇਜ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਵੀ ਸ਼ਾਮਲ ਸੀ। ਜੋ ਜਾਣਕਾਰੀ ਲੀਕ ਹੋਣ ਕਾਰਨ ਸਿਰੇ ਨਹੀਂ ਚੜ੍ਹ ਸਕੀ ਸੀ।
ਕਪੂਰ ਲਿਖਦੇ ਹਨ, ‘‘ਅੰਗਰੇਜ਼ਾਂ ਵਿਰੁੱਧ ਪੰਜਾਬ ਵਿੱਚ ਜਿਹੜੇ ਮੁੱਢਲੇ ਵਿਦਰੋਹ ਉੱਠੇ, ਉਨ੍ਹਾਂ ਵਿੱਚ ਦਿਮਾਗ਼ ਮਹਾਰਾਣੀ ਜਿੰਦਾਂ ਦਾ ਸੀ ਅਤੇ ਆਤਮਾ ਭਾਈ ਮਹਾਰਾਜ ਸਿੰਘ ਸਨ।’’
‘‘ਉਸ ਜ਼ਮਾਨੇ ਵਿੱਚ ਬਰਤਾਨਵੀਂ ਹਕੂਮਤ ਨੇ ਭਾਈ ਮਹਾਰਾਜ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੇ ਸਿਰ ਦਾ ਮੁੱਲ ਇੱਕ ਲੱਖ ਰੁਪਏ ਰੱਖਿਆ ਸੀ।’’

ਤਸਵੀਰ ਸਰੋਤ, Getty Images
ਆਜ਼ਾਦੀ ਦੀ ਪਹਿਲੀ ਲੜਾਈ ਦੀ ਅਗਵਾਈ
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਅਤੇ ਗੁਰਦਰਸ਼ਨ ਸਿੰਘ ਬਾਹੀਆ ਨੇ ਆਪਣੀ ਕਿਤਾਬ ‘‘ਕਾਲਾਪਾਣੀ’’ ਵਿੱਚ ਪੰਜਾਬ ਜਾਂ ਪੰਜਾਬੀਆਂ ਨਾਲ ਸਬੰਧਤ ਅਜ਼ਾਦੀ ਲਹਿਰਾਂ ਦਾ ਜ਼ਿਕਰ ਕੀਤਾ ਹੈ।
ਲੇਖਕ, ਜਿੰਦਾਂ ਦੇ ਯਤਨਾਂ ਸਦਕਾ ਭਾਈ ਮਹਾਰਾਜ ਸਿੰਘ ਦੀ ਅਗਵਾਈ ਵਾਲੀ ਅੰਗਰੇਜ਼ ਹਕੂਮਤ ਵਿਰੋਧੀ ਬਗ਼ਾਵਤ ਨੂੰ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਮੰਨਦੇ ਹਨ।
ਪੰਜਾਬੀ ਅਤੇ ਸਿੱਖ ਇਤਿਹਾਸਕਾਰਾਂ ਦੇ ਇਸ ਦ੍ਰਿਸ਼ਟੀਕੋਣ ਨੂੰ ਭਾਵੇਂ ਕਿ ਭਾਰਤ ਵਿੱਚ ਕੌਮੀ ਪੱਧਰ 'ਤੇ ਮਾਨਤਾ ਨਹੀਂ ਦਿੱਤੀ ਗਈ ਹੈ। ਭਾਰਤ ਵਿੱਚ 1857 ਦੇ ਗ਼ਦਰ ਨੂੰ ਹੀ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਕਿਹਾ ਜਾਂਦਾ ਹੈ।
ਉਹ ਕਈ ਇਤਿਹਾਸਕਾਰਾਂ ਦੇ ਹਵਾਲਿਆਂ ਨਾਲ ਅੰਗਰੇਜ਼ ਹਕੂਮਤ ਖ਼ਿਲਾਫ਼ 1849 ਵਿੱਚ ਲੜੀ ਗਈ ਜੰਗ ਨੂੰ ਮੌਜੂਦਾ ਹਿੰਦੁਸਤਾਨ, ਪਾਕਿਸਤਾਨ ਅਤੇ ਬੰਗਲਾ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਕਰਾਰ ਦਿੰਦੇ ਹਨ।
ਉਹ ਲਿਖਦੇ ਹਨ, ‘‘1857 ਦੇ ਗ਼ਦਰ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਕਹਿਣਾ ਬਹਿਸ ਦਾ ਮੁੱਦਾ ਹੈ, ਪੰਜਾਬ ਨਾਲ ਸਬੰਧਤ ਇਤਿਹਾਸਕਾਰਾਂ ਨੇ ਸੰਤੁਸ਼ਟੀਜਨਕ ਦਲੀਲਾਂ ਨਾਲ ਦੂਜੀ ਐਗਲੋਂ ਸਿੱਖ ਜੰਗ (1849) ਨੂੰ ਆਜ਼ਾਦੀ ਦੀ ਪਹਿਲੀ ਲੜਾਈ ਮੰਨਿਆ ਹੈ।”
ਕਿਤਾਬ ਵਿੱਚ ਅੱਗੇ ਲਿਖਿਆ ਗਿਆ ਹੈ, ‘‘1848-1849 ਦੀ ਐਂਗਲੋ ਸਿੱਖ ਜੰਗ ਨੂੰ ਮੁਕਤੀ ਅਜ਼ਾਦੀ ਦੀ ਪਹਿਲੀ ਲੜਾਈ ਕਿਹਾ ਜਾ ਸਕਦਾ ਹੈ। ਭਾਈ ਮਹਾਰਾਜ ਸਿੰਘ ਇਸ ਜੰਗ ਦਾ ਹਿੱਸਾ ਸਨ ਅਤੇ ਭਾਈ ਮਹਾਰਾਜ ਸਿੰਘ ਮੁਕਤੀ ਦੀ ਲੜਾਈ ਦਾ ਚਿੰਨ੍ਹ ਬਣੇ ਸਨ।’’

ਤਸਵੀਰ ਸਰੋਤ, BRITISH LIBRARY
ਨੇਪਾਲ ਤੋਂ ਗਤੀਵਿਧੀਆਂ
ਚੁਨਾਰ ਜੇਲ੍ਹ ਵਿੱਚੋਂ ਸਾਧਵੀਂ ਦੇ ਰੂਪ ਵਿੱਚ ਫਰਾਰ ਹੋਣ ਤੋਂ ਬਾਅਦ ਜਿੰਦਾਂ ਨੇਪਾਲ ਪਹੁੰਚ ਗਏ, ਜੋ ਉਦੋਂ ਅੰਗਰੇਜ਼ ਸਾਮਰਾਜ ਦੀ ਬਸਤੀ ਨਹੀਂ ਸੀ। ਨੇਪਾਲ ਦੇ ਤਤਕਾਲੀ ਪ੍ਰਧਾਨ ਮੰਤਰੀ ਜੰਗ ਬਹਾਦਰ ਨੇ ਜਿੰਦਾਂ ਨੂੰ ਪਨਾਹ ਦੇ ਦਿੱਤੀ ਇਸ ਨਾਲ ਭਾਰਤ ਦੀ ਬਰਨਤਾਵੀ ਸਰਕਾਰ ਲਈ ਕਸੂਤੀ ਸਥਿਤੀ ਪੈਦਾ ਹੋ ਗਈ।
ਪ੍ਰਿਥੀਪਾਲ ਸਿੰਘ ਕਪੂਰ ਲਿਖਦੇ ਹਨ, ‘‘ਨੇਪਾਲ ਵਿੱਚ ਰਹਿੰਦਿਆਂ ਮਹਾਰਾਣੀ ਜਿੰਦਾਂ ਨੇ ਪੰਜਾਬ ਦੇ ਬਾਗ਼ੀਆਂ ਅਤੇ ਅਲਾਹਾਬਾਦ ਵਿੱਚ ਬੰਦ ਰਾਜਸੀ ਕੈਦੀਆਂ ਨਾਲ ਸੰਪਰਕ ਬਣਾ ਲਿਆ।’’
‘‘ਉਹ ਪੰਜਾਬ ਵਿੱਚ ਅੰਗਰੇਜ਼ ਸ਼ਕਤੀ ਨੂੰ ਢਾਹ ਲਾਉਣਾ ਚਾਹੁੰਦੀ ਸੀ। ਉਸ ਨੇ ਸਾਰੀਆਂ ਸੰਭਾਵਨਾਵਾਂ ਨੂੰ ਵਰਤਣ ਲਈ ਤਾਣ ਲਾਇਆ, ਪਰ ਹਰ ਵਾਰ ਕਿਸਮਤ ਉਸ ਦਾ ਸਾਥ ਦੇਣ ਤੋਂ ਇਨਕਾਰੀ ਰਹੀ।’’
ਇੱਥੋਂ ਹੀ ਉਨ੍ਹਾਂ ਦਲੀਪ ਸਿੰਘ ਨਾਲ ਸੰਪਰਕ ਸਾਧਣ ਦੀ ਕੋਸ਼ਿਸ਼ ਵੀ ਕੀਤੀ। ਉੱਦੋਂ ਤੱਕ ਰਾਣੀ ਦੇ ਜੰਗ ਬਹਾਦਰ ਨਾਲ ਸਬੰਧ ਪੇਤਲੇ ਪੈ ਗਏ ਸਨ ਅਤੇ ਉਨ੍ਹਾਂ ਦੀਆਂ ਅੱਖਾਂ ਦੀ ਜੋਤ ਵੀ ਕਮਜ਼ੋਰ ਹੋ ਗਈ, ਪਰ ਉਹ ਆਪਣੇ ਅੰਮ੍ਰਿਤਸਰ ਅਤੇ ਪਟਨਾ ਵਿਚਲੇ ਏਜੰਟਾਂ ਰਾਹੀਂ ਦਲੀਪ ਸਿੰਘ ਨਾਲ ਸੰਪਰਕ ਸਥਾਪਿਤ ਕਰਨ ਵਿੱਚ ਸਫ਼ਲ ਹੋ ਗਏ।
ਕਪੂਰ ਮੁਤਾਬਕ, ‘‘ਜਦੋਂ 1857 ਦਾ ਗ਼ਦਰ ਹੋਇਆ ਤਾਂ ਜਿੰਦਾਂ ਨੇ ਪੱਤਰ ਲਿਖ ਕੇ ਪੰਜਾਬ ਵਿੱਚ ਅੰਗਰੇਜ਼ਾਂ ਦੇ ਬਾਗ਼ੀਆਂ ਅਤੇ ਭਾਰਤੀ ਰੈਂਜਮੈਂਟਾਂ ਦੇ ਬਨਾਰਸ ਅਤੇ ਅਲਾਹਬਾਦ ਦੇ ਕਮਾਂਡਰਾਂ ਨਾਲ ਸੰਪਰਕ ਸਾਧਿਆ ਤੇ ਕਿਹਾ ਕਿ ਹਿੰਦੁਸਤਾਨ ਵਿੱਚ ਅੰਗਰੇਜ਼ਾਂ ਕੋਲ਼ ਇੰਨੀ ਫੌਜ ਨਹੀਂ ਸੀ ਕਿ ਉਹ ਆਪਣੇ ਤੌਰ ਉੱਤੇ ਹੀ ਬਗ਼ਾਵਤ ਦਾ ਮੁਕਾਬਲਾ ਕਰ ਸਕੇ।’’
ਜਿੰਦਾਂ ਦੀਆਂ ਭਾਰਤ ਵਿੱਚ ਅੰਗਰੇਜ਼ ਵਿਰੋਧੀ ਗਤੀਵਿਧੀਆਂ ਤੋਂ ਤੰਗ ਆ ਕੇ ਆਖ਼ਰ 1860 ਵਿੱਚ ਦਲੀਪ ਸਿੰਘ ਨੂੰ ਆਪਣੀ ਮਾਂ ਨੂੰ ਇੰਗਲੈਂਡ ਲੈ ਜਾਣ ਦੀ ਆਗਿਆ ਦਿੱਤੀ ਗਈ।

ਤਸਵੀਰ ਸਰੋਤ, NORFOLK COUNTY COUNCIL
ਦਲੀਪ ਸਿੰਘ ਦਾ ਕਾਇਆ ਕਲਪ
ਇਤਿਹਾਸਕ ਹਵਾਲਿਆਂ ਮੁਤਾਬਕ ਮਾਂ-ਪੁੱਤ (ਜਿੰਦਾਂ ਤੇ ਦਲੀਪ ਸਿੰਘ) ਦੀ ਅਪ੍ਰੈਲ 1861 ਵਿੱਚ ਮਿਲਣੀ ਹੋਈ ਪਰ ਜਦੋਂ ਰਾਣੀ ਨੇ ਦਲੀਪ ਸਿੰਘ ਨੂੰ ਕੱਟੇ ਹੋਏ ਕੇਸਾਂ ਨਾਲ ਦੇਖਿਆ ਤਾਂ ਉਹ ਨਿਰਾਸ਼ ਹੋ ਗਏ।
ਸਿਮਰਨ ਕੌਰ ਲਿਖਦੇ ਹਨ ਕਿ ਜਦੋਂ ਮਾਂ ਜਿੰਦਾਂ ਆਪਣੇ ਪੁੱਤ ਨੂੰ ਮਿਲੀ ਤਾਂ ਉਨ੍ਹਾਂ ਨੇੇ ਤਿੰਨ ਗੱਲ ਕਹੀਆਂ।
1. ਤੇਰਾ ਧਰਮ ਸਿੱਖ ਧਰਮ ਹੈ। ਤੈਨੂੰ ਅੰਮ੍ਰਿਤ ਛਕ ਕੇ ਸਿੰਘ ਸਜਣਾ ਚਾਹੀਦਾ ਹੈ।
2. ਅੰਗਰੇਜ਼ਾਂ ਨੇ ਤੇਰੇ ਨਾਲ ਧੋਖਾ ਕਰਕੇ ਰਾਜ ਖੋਹਿਆ
3. ਭੈਰੋਵਾਲ ਦੇ ਮੁਆਦੇ ਉੱਤੇ ਦਸਤਖ਼ਤ ਕਰਾਏ ਹਨ। ਉਹ ਤੇਰੇ ਸਰਪ੍ਰਸਤ ਸਨ ਤੇ ਤਖ਼ਤ ਤੋਂ ਨਹੀਂ ਲਾਹ ਸਕਦੇ ਸਨ।
ਸਿਮਰਨ ਕੌਰ ਆਪਣੀ ਲਿਖਤ ਵਿੱਚ ਦਾਅਵਾ ਕਰਦੇ ਹਨ ਕਿ ਜਿੰਦਾਂ ਦੀ ਪ੍ਰੇਰਣਾ ਸਦਕਾ ਹੀ ਦਲੀਪ ਸਿੰਘ ਮੁੜ ਕੇ ਸਿੰਘ ਸਜੇ ਅਤੇ ਉਨ੍ਹਾਂ ਅੰਮ੍ਰਿਤਪਾਨ ਕੀਤਾ ਸੀ।
ਇੰਗਲੈਂਡ ਆਉਣ ਦੇ ਬਾਵਜੂਦ ਦਲੀਪ ਸਿੰਘ ਨੂੰ ਜਿੰਦਾਂ ਨਾਲ ਬਹੁਤਾ ਮਿਲਣ ਨਹੀਂ ਦਿੱਤਾ ਜਾਂਦਾ ਸੀ। ਇਸ ਦੌਰਾਨ ਜਿੰਦਾ ਦੀ ਸਿਹਤ ਲਗਾਤਾਰ ਵਿਗੜ ਰਹੀ ਸੀ, ਜਿਸ ਕਰਕੇ ਦਲੀਪ ਸਿੰਘ ਨੇ ਕੋਰਟ ਆਫ਼ ਡਾਇਰੈਕਟਰਜ਼ ਕੋਲ਼ੋਂ ਮਹਾਰਾਣੀ ਨੂੰ ਯਾਰਕਸ਼ਾਇਰ ਵਿਖੇ ਮਲਗਰੂਵ ਕੈਸਲ ਵਿੱਚ, ਜਿਹੜਾ ਉਨ੍ਹਾਂ ਨੇ ਲਾਰਡ ਨਾਰਮੰਡੀ ਕੋਲ਼ੋਂ ਪੱਟੇ ਉੱਤੇ ਲਿਆ ਹੋਇਆ ਸੀ, ਵਿਖੇ ਲੈ ਆਉਣ ਦੀ ਇਜਾਜ਼ਤ ਮੰਗੀ, ਜੋ ਕਿ ਉਨ੍ਹਾਂ ਨੂੰ ਮਿਲ ਗਈ।
ਇੱਥੇ ਜਿੰਦਾਂ ਕੋਲ ਦਲੀਪ ਸਿੰਘ ਨੂੰ ਸਿੱਖ ਰਾਜ ਦੇ ਛਲ-ਕਪਟ ਨਾਲ ਖੋਹੇ ਜਾਣ ਦੀਆਂ ਕਹਾਣੀਆਂ ਸੁਣਾਉਣ ਦਾ ਖੁੱਲ੍ਹਾ ਸਮਾਂ ਸੀ। ਇਨ੍ਹਾਂ ਆਪਣੀ ਮਾਂ-ਪੁੱਤਰ ਦੀ ਦੁੱਖਦਾਈ ਕਹਾਣੀ ਨੂੰ ਦਲੀਪ ਸਿੰਘ ਅੱਗੇ ਰੱਖਿਆ।
ਜਿੰਦਾਂ ਨੇ ਪੁੱਤ ਨੂੰ ਨਸੀਹਤ ਦਿੱਤੀ ਕਿ ਉਨ੍ਹਾਂ ਸਸਕਾਰ ਗੋਰਿਆਂ ਦੀ ਧਰਤੀ ਉੱਤੇ ਨਾ ਕਰੇ। 1863 ਵਿੱਚ ਉਨ੍ਹਾਂ ਦੀ ਇੰਗਲੈਂਡ ਵਿੱਚ ਹੀ ਮੌਤ ਹੋ ਗਈ।
ਮਾਂ ਦੀ ਪ੍ਰੇਰਣਾ ਸਦਕਾ ਹੀ ਦਲੀਪ ਸਿੰਘ ਉਨ੍ਹਾਂ ਦੀ ਮ੍ਰਿਤਕ ਦੇਹ ਲੈ ਕੇ ਭਾਰਤ ਆਏ ਪਰ ਉਨ੍ਹਾਂ ਨੂੰ ਹਕੂਮਤ ਨੇ ਪੰਜਾਬ ਨਾ ਆਉਣ ਦਿੱਤਾ। ਇਸ ਲਈ ਉਨ੍ਹਾਂ ਦਾ ਅੰਤਿਮ ਸੰਸਕਾਰ ਨਾਸਿਕ ਵਿੱਚ ਗੋਦਾਵਰੀ ਕੰਢੇ ਕਰ ਦਿੱਤਾ ਗਿਆ ਅਤੇ ਇੱਕ ਛੋਟੀ ਜਿਹੀ ਸਮਾਧੀ ਉਸਾਰ ਦਿੱਤੀ ਗਈ।
ਬਾਅਦ ਵਿੱਚ ਦਲੀਪ ਸਿੰਘ ਦੀ ਧੀ ਸ਼ਹਿਜਾਦੀ ਬੰਬਾ ਨੇ ਆਪਣੀ ਦਾਦੀ ਦੀਆਂ ਅਸਥੀਆਂ ਉੱਥੋਂ ਕੱਢ ਕੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਵਿੱਚ ਰੱਖਣ ਲਈ ਲਾਹੌਰ ਲਿਆਂਦੀਆਂ।
ਬੇਸ਼ੱਕ ਜਿੰਦਾਂ ਦੀ ਸਮਾਧੀ ਪਹਿਲਾਂ ਮੁੰਬਈ ਅਤੇ ਫਿਰ ਲਾਹੌਰ ਵਿੱਚ ਬਣੀ ਪਰ ਮਹਾਰਾਣੀ ਪੰਜਾਬ ਦੇ ਇਤਿਹਾਸ ਦੀ ਅਹਿਮ ਕਿਰਦਾਰ ਹੈ ਜਿਸ ਨੂੰ ਪੰਜਾਬੀ ਬਤੌਰ ਨਾਇਕਾ ਹਮੇਸ਼ਾ ਯਾਦ ਕਰਦੇ ਹਨ।













