ਸਿਰ ’ਤੇ ਸਜੀ ਦਸਤਾਰ ਪਰ ਬੋਲਚਾਲ ਤੋਂ ਬਿਹਾਰੀ, ਕਿੱਥੇ ਵਸਿਆ ਹੈ ਇਹ ‘ਮਿੰਨੀ ਪੰਜਾਬ’?

ਬਿਹਾਰ ਵਿੱਚ ਮਿੰਨੀ ਪੰਜਾਬ

ਤਸਵੀਰ ਸਰੋਤ, BBC/SEETU TEWARY

    • ਲੇਖਕ, ਸੀਟੂ ਤਿਵਾਰੀ
    • ਰੋਲ, ਬੀਬੀਸੀ ਲਈ

ਬਿਹਾਰ ਵਿੱਚ ਮਿੰਨੀ ਪੰਜਾਬ, ਤੁਹਾਨੂੰ ਯਕੀਨ ਨਹੀਂ ਹੋਵੇਗਾ ਪਰ ਅਸਲ ਵਿੱਚ ਅਜਿਹਾ ਹੀ ਹੈ।

ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿੱਚ ਇੱਕ ਮਿੰਨੀ ਪੰਜਾਬ ਵੱਸਦਾ ਹੈ।

ਕਟਿਹਾਰ ਸ਼ਹਿਰ ਤੋਂ 35 ਕਿਲੋਮੀਟਰ ਦੂਰ ਜ਼ਿਲ੍ਹੇ ਦੇ ਬਰਾਰੀ ਬਲਾਕ ਵਿੱਚ ਸਥਿਤ ਨੌਂ ਗੁਰਦੁਆਰੇ ਇੱਥੋਂ ਦੀ ਪੰਜਾਬੀਅਤ ਦੀ ਗਵਾਹੀ ਭਰਦੇ ਹਨ।

ਗਿਆਨਪਾਲ ਸਿੰਘ ਦੈਨਿਕ ਜਾਗਰਣ ਅਖਬਾਰ ਦੇ ਸਥਾਨਕ ਬਿਊਰੋ ਚੀਫ਼ ਸਨ ਅਤੇ ਖੁਦ ਸਿੱਖ ਹਨ।

ਉਹ ਕਹਿੰਦੇ ਹਨ, "ਪੂਰੇ ਭਾਰਤ ਵਿੱਚ ਤੁਹਾਨੂੰ ਸ਼ਹਿਰਾਂ ਵਿੱਚ ਸਿੱਖਾਂ ਦੀ ਆਬਾਦੀ ਦੇਖਣ ਨੂੰ ਮਿਲੇਗੀ, ਪਰ ਕਿਸੇ ਵੀ ਰਾਜ ਦੇ ਅੰਦਰੂਨੀ ਇਲਾਕਿਆਂ ਵਿੱਚ ਇਹ ਘੱਟ ਹੀ ਦੇਖਣ ਨੂੰ ਮਿਲੇਗਾ।"

ਗੁਰੂ ਤੇਗ ਬਹਾਦਰ

ਤਸਵੀਰ ਸਰੋਤ, BBC/SEETU TEWARY

ਤਸਵੀਰ ਕੈਪਸ਼ਨ, ਸ੍ਰੀ ਗੁਰੂ ਤੇਗ ਬਹਾਦਰ ਦਾ ਇਤਿਹਾਸਕ ਗੁਰਦੁਆਰਾ ਬੁਰਾਰੀ ਦੇ ਲਕਸ਼ਮੀਪੁਰ ਪਿੰਡ ਵਿੱਚ 1857 ਵਿੱਚ ਬਣਾਇਆ ਗਿਆ ਸੀ।

ਮਿੰਨੀ ਪੰਜਾਬ ਦਾ ਇਤਿਹਾਸ

ਬਰਾਰੀ ਬਲਾਕ ਦੇ ਮਿੰਨੀ ਪੰਜਾਬ ਬਣਨ ਦੀ ਪ੍ਰਕਿਰਿਆ 1666 ਈ: ਤੋਂ ਸ਼ੁਰੂ ਹੁੰਦੀ ਹੈ ਜਦੋਂ ਸਿੱਖਾਂ ਦੇ ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਜੀ ਬਰਾਰੀ ਦੇ ਕਾਂਤਨਗਰ ਆਏ ਸਨ।

ਕਟਿਹਾਰ ਜ਼ਿਲ੍ਹੇ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ, "ਗੁਰੂ ਤੇਗ ਬਹਾਦਰ ਅਸਾਮ ਤੋਂ ਪਟਨਾ ਵਾਪਸ ਆਉਂਦੇ ਸਮੇਂ ਇੱਥੇ ਠਹਿਰੇ ਸਨ। ਪਿੰਡ ਦੇ ਲੋਕ ਉਨ੍ਹਾਂ ਦੇ ਪੈਰੋਕਾਰ ਬਣ ਗਏ ਅਤੇ ਸਿੱਖ ਧਰਮ ਵਿੱਚ ਤਬਦੀਲ ਹੋ ਗਏ।"

ਗੁਰੂ ਤੇਗ ਬਹਾਦਰ ਜੀ ਨੇ ਆਪਣੇ ਕੁਝ ਸ਼ਰਧਾਲੂਆਂ ਨੂੰ ਕਾਂਤਨਗਰ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ। ਜਿਸ ਤੋਂ ਬਾਅਦ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਦੇ ਨਾਲ-ਨਾਲ ਇੱਥੇ ਇੱਕ ਗੁਰਦੁਆਰਾ ਵੀ ਸਥਾਪਿਤ ਕੀਤਾ ਗਿਆ।

ਪਰ ਗੰਗਾ ਦੇ ਟੁੱਟ ਕਾਰਨ ਕਾਂਤਾਨਗਰ ਗੁਰਦੁਆਰਾ ਨਦੀ ਵਿੱਚ ਬਹਿ ਗਿਆ।

ਬਾਅਦ ਵਿੱਚ, ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ, ਸ਼੍ਰੀ ਗੁਰੂ ਤੇਗ ਬਹਾਦਰ ਇਤਿਹਾਸਕ ਗੁਰਦੁਆਰਾ ਬਰਾਰੀ ਦੇ ਪਿੰਡ ਲਕਸ਼ਮੀਪੁਰ ਵਿੱਚ 1857 ਵਿੱਚ ਬਣਾਇਆ ਗਿਆ ਸੀ।

ਸ੍ਰੀ ਗੁਰੂ ਤੇਗ ਬਹਾਦਰ ਇਤਿਹਾਸਕ ਗੁਰਦੁਆਰੇ ਦੇ ਸਾਬਕਾ ਮੁਖੀ ਸਨਿੰਦਰ ਸਿੰਘ ਕਹਿੰਦੇ ਹਨ, "ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਇੱਥੇ ਆਏ ਸਨ ਜਦੋਂ ਉਹ ਆਪਣੀ ਚੀਨ ਯਾਤਰਾ 'ਤੇ ਸਨ। ਉਹਨਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਆਏ ਸਨ। ਇੱਥੋਂ ਦੇ ਸਿੱਖਾਂ ਦਾ ਵੀ ਗੁਰੂ ਗੋਬਿੰਦ ਸਿੰਘ ਨਾਲ ਸਿੱਧਾ ਸਬੰਧ ਸੀ। ਗੁਰੂ ਗੋਬਿੰਦ ਸਿੰਘ ਦੇ ਹੁਕਮਨਾਮੇ ਅਤੇ ਉਨ੍ਹਾਂ ਦੇ ਜੀਵਨ ਦੇ ਆਖਰੀ ਸਮੇਂ ਦੇ ਦਸਤਾਵੇਜ ਇਸੇ ਗੁਰਦੁਆਰੇ ਵਿੱਚ ਹੀ ਹੈ। ਇਹਨਾਂ ਦਾ ਜ਼ਿਕਰ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਵੀ ਮਿਲਦਾ ਹੈ।"

ਕਟਿਹਾਰ

ਤਸਵੀਰ ਸਰੋਤ, BBC /SEETU TEWARY

ਤਸਵੀਰ ਕੈਪਸ਼ਨ, ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿੱਚ ਇੱਕ ਮਿੰਨੀ ਪੰਜਾਬ ਰਹਿੰਦਾ ਹੈ।

ਲਾਹੌਰ ਤੋਂ ਪਟਨਾ ਸਾਹਿਬ ਤੱਕ ਮਦਦ ਦਾ ਹੁਕਮ

ਇਤਿਹਾਸਕ ਲਕਸ਼ਮੀਪੁਰ ਗੁਰਦੁਆਰੇ ਵਿੱਚ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਨਾਲ ਸਬੰਧਤ ਇਤਿਹਾਸਕ ਹੁਕਮਨਾਮੇ ਹਨ। ਇਨ੍ਹਾਂ ਹੁਕਮਾਂ ਵਿੱਚ ਸਿੱਖਾਂ ਨੂੰ ਪਿਆਰ ਨਾਲ ਰਹਿਣ ਦਾ ਹੁਕਮ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ 1930 ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਲਾਹੌਰ ਦਾ ਇਤਿਹਾਸਿਕ ਹੁਕਮਨਾਮਾ ਲਕਸ਼ਮੀਪੁਰ ਗੁਰਦੁਆਰਾ ਸਾਹਿਬ ਵਿੱਚ ਹੈ। ਇਸ ਪਟਨਾ ਸਾਹਿਬ ਗੁਰਦੁਆਰਾ ਨੂੰ ਲਕਸ਼ਮੀਪੁਰ ਗੁਰਦੁਆਰਾ ਸਾਹਿਬ ਦੀ ਮਦਦ ਕਰਨ ਦਾ ਹੁਕਮ ਦਿੱਤਾ ਗਿਆ ਹੈ।

ਮੁੱਖ ਗ੍ਰੰਥੀ ਜਰਨੈਲ ਸਿੰਘ ਸੋਢੀ ਦਾ ਕਹਿਣਾ ਹੈ, "ਇਹਨਾਂ ਦਸਤਾਵੇਜ਼ਾਂ ਨੂੰ ਦੇਖਣ ਲਈ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਸਮੇਤ ਦੁਨੀਆਂ ਦੇ ਕਈ ਹਿੱਸਿਆਂ ਤੋਂ ਲੋਕ ਆਉਂਦੇ ਹਨ। ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਨਦੀ 'ਚ ਡੁਬ ਗਈ ਸੀ ਪਰ ਇਸ ਦੀ ਵਿਸ਼ੇਸ਼ ਕਿਸਮ ਦੀ ਸਿਆਹੀ ਜੋ ਕਿ ਭਰਿੰਗਰਾਜ ਅਤੇ ਬਾਬੂਲ ਆਦਿ ਤੋਂ ਬਣਾਈ ਜਾਂਦੀ ਹੈ, ਉਸ ਕਰਕੇ ਸੁਰੱਖਿਅਤ ਰਹੀ।"

ਬਰਾਰੀ ਬਲਾਕ ਦੇ ਲਕਸ਼ਮੀਪੁਰ, ਹੁਸੈਨਾ, ਭੈਂਸਦੀਰਾ, ਭਵਾਨੀਪੁਰ, ਭੰਡਾਰਤਲ, ਉਚਾਲਾ ਸਮੇਤ ਨੌਂ ਪਿੰਡਾਂ ਵਿੱਚ ਪੰਜ ਹਜ਼ਾਰ ਦੇ ਕਰੀਬ ਸਿੱਖ ਦੀ ਵਸੋਂ ਹੈ।

ਬਿਹਾਰ ਸਰਕਾਰ ਦੇ ਸਿੱਖ ਸਰਕਟ ਵਿੱਚ ਸ਼ਾਮਲ ਲਕਸ਼ਮੀਪੁਰ ਗੁਰਦੁਆਰੇ ਤੋਂ ਇਲਾਵਾ ਬੁਰਾੜੀ ਵਿੱਚ ਇਤਿਹਾਸਕ ਗੁਰਦੁਆਰਾ ਭਵਾਨੀਪੁਰ, ਮਾਤਾ ਮੁਖੋ-ਸੰਪਤੋ ਕੌਰ ਟਰੱਸਟ ਗੁਰਦੁਆਰਾ ਅਤੇ ਕਾਂਤਨਗਰ ਵਿੱਚ ਬਣੇ ਨਵੇਂ ਗੁਰਦੁਆਰੇ ਸਮੇਤ 9 ਗੁਰਦੁਆਰੇ ਹਨ।

ਸਿੱਖ

ਬਿਹਾਰ ਦੇ ਮਿੰਨੀ ਪੰਜਾਬ ਬਾਰੇ ਖਾਸ ਗੱਲਾਂ:

  • ਬਿਹਾਰ ਦੇ ਕਾਂਤਨਗਰ ਵਿੱਚ ਵੱਡੀ ਗਿਣਤੀ ਸਿੱਖ ਰਹਿੰਦੇ ਹਨ
  • ਇਸ ਇਲਾਕੇ ਦੇ ਸਬੰਧ ਗੁਰੂ ਤੇਗ ਬਹਾਦਰ ਨਾਲ ਹਨ
  • ਇੱਥੇ ਸਿੱਖ ਤੇ ਹਿੰਦੂ ਆਪਸ ਵਿੱਚ ਵਿਆਹ ਕਰ ਲੈਂਦੇ ਹਨ
  • ਇਸ ਇਲਾਕੇ ਵਿੱਚ ਸਹੂਲਤਾਂ ਦੀ ਕਾਫ਼ੀ ਕਮੀ ਹੈ
  • ਸਿੱਖ ਇੱਥੇ ਘੱਟ ਗਿਣਤੀ ਵਿੱਚ ਹਨ ਪਰ ਸਰਕਾਰ ਦੇ ਧਿਆਨ ਦੀ ਮੰਗ ਕਰਦੇ ਹਨ
ਸਿੱਖ

ਹਿੰਦੂਆਂ ਨਾਲ ਹੁੰਦੇ ਹਨ ਵਿਆਹ

ਸਿੱਖ ਧਰਮ

ਤਸਵੀਰ ਸਰੋਤ, BBC/SEETU TEWARY

ਤਸਵੀਰ ਕੈਪਸ਼ਨ, ਸਿੱਖ ਧਰਮ ਦੀ ਮਰਿਆਦਾ ਅਨੁਸਾਰ ਪ੍ਰਿਅੰਕਾ ਨੂੰ ‘ਅੰਮ੍ਰਿਤਪਾਨ’ ਕਰਵਾ ਕੇ ਸਿੱਖ ਬਣਾਇਆ ਗਿਆ ਹੈ।

ਲਕਸ਼ਮੀਪੁਰ ਪੰਚਾਇਤ ਦੀ ਉਪ ਪ੍ਰਧਾਨ ਪ੍ਰਿਅੰਕਾ ਕੌਰ ਦਾ ਵਿਆਹ 13 ਸਾਲ ਪਹਿਲਾਂ ਵਰਿੰਦਰ ਸਿੰਘ ਨਾਲ ਹੋਇਆ ਸੀ। ਵਰਿੰਦਰ ਸਿੰਘ ਸਿੱਖ ਹੈ ਅਤੇ ਪ੍ਰਿਅੰਕਾ ਵਿਆਹ ਤੋਂ ਪਹਿਲਾਂ ਕੁਰਮੀ ਸੀ।

ਸਿੱਖ ਧਰਮ ਦੀ ਮਰਿਆਦਾ ਅਨੁਸਾਰ ਪ੍ਰਿਅੰਕਾ ਨੂੰ ‘ਅੰਮ੍ਰਿਤਪਾਨ’ ਕਰਵਾ ਕੇ ਸਿੱਖ ਬਣਾਇਆ ਗਿਆ ਹੈ।

ਪ੍ਰਿਅੰਕਾ ਦੀਆਂ ਛੇ ਭੈਣਾਂ ਹਨ।

ਉਹ ਕਹਿੰਦੇ ਹਨ, "ਇਸ ਇਲਾਕੇ ਵਿੱਚ ਹਿੰਦੂਆਂ ਦਾ ਸਿੱਖਾਂ ਨਾਲ ਵਿਆਹ ਹੋਣਾ ਆਮ ਗੱਲ ਹੈ। ਮੇਰੀ ਇੱਕ ਵੱਡੀ ਭੈਣ ਦਾ ਵਿਆਹ ਵੀ ਸਿੱਖ ਪਰਿਵਾਰ ਵਿੱਚ ਹੋਇਆ ਹੈ। ਤੁਹਾਨੂੰ ਇੱਥੇ ਬਹੁਤ ਸਾਰੀਆਂ ਅਜਿਹੀਆਂ ਅਰੇਂਜ ਮੈਰਿਜ ਮਿਲ ਜਾਣਗੀਆਂ।"

ਦਿਲਚਸਪ ਗੱਲ ਇਹ ਹੈ ਕਿ ਜਦੋਂ ਵਿਆਹ ਦੇ ਰੀਤੀ-ਰਿਵਾਜਾਂ ਦੀ ਗੱਲ ਆਉਂਦੀ ਹੈ ਤਾਂ ਸਥਾਨਕ ਗੁਰਦੁਆਰੇ ਵਿੱਚ ਸਵੇਰੇ ਆਨੰਦ ਕਾਰਜ ਹੁੰਦੇ ਹਨ ਅਤੇ ਇਸ ਤੋਂ ਬਾਅਦ ਬਿਹਾਰੀ ਵਿਆਹਾਂ ਦੀਆਂ ਕਈ ਪਰੰਪਰਾਵਾਂ ਇਸ ਵਿੱਚ ਰਲ ਜਾਂਦੀਆਂ ਹਨ।

ਪ੍ਰਿਅੰਕਾ ਦੇ ਪਤੀ ਵੀਰੇਂਦਰ ਸਿੰਘ ਕਹਿੰਦੇ ਹਨ, "ਵਿਆਹ ਦੇ ਗੀਤ ਵੀ ਅੰਗਿਕਾ ਵਿੱਚ ਗਾਏ ਜਾਂਦੇ ਹਨ। ਸਾਡਾ ਮਾਮਲਾ ਇਹੀ ਹੈ ਕਿ ਸਾਡੇ ਸਿਰ 'ਤੇ ਪੱਗ ਹੈ, ਚਿਹਰੇ 'ਤੇ ਦਾੜ੍ਹੀ ਹੈ, ਪਰ ਸਾਡੇ ਰਹਿਣੀ ਬਹਿਣੀ ਬਿਹਾਰੀਆਂ ਵਾਲੀ ਹੈ।"

ਪਰ ਕੀ ਸਿੱਖ ਕੁੜੀਆਂ ਦਾ ਵਿਆਹ ਵੀ ਹਿੰਦੂ ਨੌਜਵਾਨਾਂ ਨਾਲ ਹੋ ਜਾਂਦਾ ਹੈ?

ਬਰਾਰੀ ਦੇ ਭੰਡਾਰਤਲ ਸਥਿਤ ਮਾਤਾ ਮੁਖੋ-ਸੰਪਤੋ ਕੌਰ ਟਰੱਸਟ ਗੁਰਦੁਆਰੇ ਦੇ ਮੁਖੀ ਅਮਰਜੀਤ ਸਿੰਘ ਨੇ ਬੀਬੀਸੀ ਨੂੰ ਦੱਸਦਿਆ, "ਸਿੱਖ ਮੁੰਡਿਆਂ ਦੇ ਵਿਆਹ ਹਿੰਦੂਆਂ ਵਿੱਚ ਅਰੇਂਜ ਮੈਰਿਜ ਨਾਲ ਹੋ ਜਾਂਦੇ ਹਨ, ਪਰ ਸਿੱਖ ਕੁੜੀਆਂ ਦੇ ਵਿਆਹ ਗੈਰ-ਸਿੱਖਾਂ ਨਾਲ ਘੱਟ ਹੀ ਹੁੰਦੇ ਹਨ।"

ਬੁਰਾਰੀ

ਤਸਵੀਰ ਸਰੋਤ, SEETU TEWARY

ਤਸਵੀਰ ਕੈਪਸ਼ਨ, ਬੁਰਾਰੀ ਵਿੱਚ ਵਸੇ ਇਸ ਮਿੰਨੀ ਪੰਜਾਬ ਵਿੱਚ ਕੋਈ ਵਧੀਆ ਸਕੂਲ, ਹਸਪਤਾਲ ਅਤੇ ਸੜਕਾਂ ਨਹੀਂ ਹਨ।

ਤੁਸੀਂ ਤਾਂ ਸਰਦਾਰ ਜੀ ਹੋ, ਤੁਹਾਨੂੰ ਕੀ ਚਾਹੀਦਾ ਹੈ?

ਬੁਰਾਰੀ ਵਿੱਚ ਵੱਸਦੇ ਸਿੱਖ ਪਰਿਵਾਰਾਂ ਦੇ ਘਰਾਂ ਵਿੱਚ ਸਿੱਖ ਗੁਰੂਆਂ ਦੇ ਨਾਲ-ਨਾਲ ਹਿੰਦੂ ਦੇਵੀ-ਦੇਵਤਿਆਂ ਦੀਆਂ ਲੱਗੀਆਂ ਮੂਰਤੀਆਂ ਅਤੇ ਤਸਵੀਰਾਂ ਆਸਾਨੀ ਨਾਲ ਮਿਲ ਜਾਣਗੀਆ।

ਪਿੰਡ ਭੰਡਾਰਤਲ ਦੇ ਕੁਲਵੰਤ ਕੌਰ ਅਤੇ ਬਚਨ ਕੌਰ ਕਹਿੰਦੇ ਹਨ, "ਜਦੋਂ ਪਿੰਡ ਵਿੱਚ ਰਹਿੰਦੇ ਹਾਂ ਤਾਂ ਸਾਨੂੰ ਇਹ ਸਭ ਮੰਨਣਾ ਹੀ ਪੈਂਦਾ ਹੈ। ਅਸੀਂ ਦੀਵਾਲੀ, ਛਠ, ਹੋਲੀ ਅਤੇ ਲੋਹੜੀ ਮਨਾਉਂਦੇ ਹਾਂ। ਦੀਵਾਲੀ ’ਤੇ ਅਸੀਂ ਗੁਰਦੁਆਰੇ ਵਿੱਚ ਦੀਵੇ ਜਗਾਉਂਦੇ ਹਾਂ ਅਤੇ ਪ੍ਰਸ਼ਾਦ ਵਜੋਂ ਸ਼ਕਰਪਾਰੇ ਵੰਡਦੇ ਹਾਂ। ਬਾਅਦ ਵਿੱਚ ਪਟਾਕੇ ਚਲਾਉਂਦੇ ਹਾਂ।"

ਇਹਨਾਂ ਗੁਰਦੁਆਰਿਆਂ ਵਿੱਚ ਹਿੰਦੂ ਵੀ ਕੰਮ ਕਰਦੇ ਪਾਏ ਜਾਂਦੇ ਹਨ।

ਅਰਵਿੰਦ ਕੁਮਾਰ ਚੌਧਰੀ ਦੋ ਦਹਾਕਿਆਂ ਤੋਂ ਲਕਸ਼ਮੀਪੁਰ ਗੁਰਦੁਆਰਾ ਸਾਹਿਬ ਵਿੱਚ ਲੰਗਰ ਦੀ ਸੇਵਾ ਕਰ ਰਹੇ ਹਨ।

ਸਿੱਖ ਗੁਰੂਆਂ

ਤਸਵੀਰ ਸਰੋਤ, BBC/SEETU TEWARY

ਤਸਵੀਰ ਕੈਪਸ਼ਨ, ਬਰਾਰੀ ਵਿੱਚ ਵੱਸਦੇ ਸਿੱਖ ਪਰਿਵਾਰਾਂ ਦੇ ਘਰਾਂ ਵਿੱਚ ਸਿੱਖ ਗੁਰੂਆਂ ਦੇ ਨਾਲ-ਨਾਲ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੇ ਤਸਵੀਰਾਂ ਲੱਗੀਆਂ ਹਨ

ਉਹ ਕਹਿੰਦੇ ਹਨ, "ਇਹ ਲੋਕ ਬਹੁਤ ਸੇਵਾ ਭਾਵਨਾ ਵਾਲਾ ਵਿਹਾਰ ਕਰਦੇ ਹਨ, ਤਾਂ ਫਿਰ ਅਸੀਂ ਇਨ੍ਹਾਂ ਦੇ ਧਰਮ ਨੂੰ ਕਿਉਂ ਨਾ ਪਿਆਰ ਕਰੀਏ?"

ਇਸੇ ਤਰ੍ਹਾਂ ਕਾਂਤਨਗਰ ਦੀ ਇੱਕ ਖੇਤ ਮਜ਼ਦੂਰ ਰਾਣੀ ਦੇਵੀ ਕਹਿੰਦੇ ਹਨ, "ਸਾਡੀ ਜ਼ਮੀਨ ਗੰਗਾ ਨੇ ਖੋਹ ਲਈ ਹੈ। ਹੁਣ ਸਰਦਾਰ ਜੀ ਦੀਆਂ ਜ਼ਮੀਨਾਂ 'ਤੇ ਕੰਮ ਕਰਕੇ ਹੀ ਰੋਟੀ ਖਾਂਦੇ ਹਨ। ਇਹ ਲੋਕ ਕਦੇ ਤੰਗ ਪਰੇਸ਼ਾਨ ਨਹੀਂ ਹੁੰਦੇ।"

ਇਨ੍ਹਾਂ ਸਿੱਖ ਪਰਿਵਾਰਾਂ ਦੇ ਨੌਜਵਾਨ ਹੁਣ ਸਰਕਾਰੀ ਨੌਕਰੀਆਂ ਕਰਨ ਲੱਗੇ ਹਨ। ਪਹਿਲਾਂ ਉਹ ਮੁੱਖ ਤੌਰ 'ਤੇ ਖੇਤੀਬਾੜੀ ਅਤੇ ਕਾਰੋਬਾਰ ਨਾਲ ਜੁੜੇ ਹੁੰਦੇ ਸਨ।

ਹਲਾਂਕਿ, ਘੱਟ ਗਿਣਤੀ ਦਾ ਦਰਜਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਨਾ ਤਾਂ ਰਾਖਵਾਂਕਰਨ ਮਿਲਿਆ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀਆਂ ਸਹੂਲਤਾਂ ਮਿਲ ਰਹੀਆਂ ਹਨ।

ਬਰਾਰੀ ਦੇ ਕੜਾਗੋਲਾ ਦੇ ਇਤਿਹਾਸਕ ਗੁਰਦੁਆਰਾ ਭਵਾਨੀਪੁਰ ਦੇ ਉਪ ਮੁਖੀ ਅਰਜਨ ਸਿੰਘ ਨੇ ਬੀਬੀਸੀ ਨੂੰ ਦੱਸਦੇ ਹਨ, "ਅਸੀਂ ਜਿੱਥੇ ਵੀ ਜਾਂਦੇ ਹਾਂ, ਸਾਨੂੰ ਜਵਾਬ ਮਿਲਦਾ ਹੈ ਕਿ ਤੁਸੀਂ ਤਾਂ ਸਰਦਾਰ ਜੀ ਹੋ, ਤੁਹਾਨੂੰ ਕਿਸੇ ਚੀਜ਼ ਦੀ ਕੀ ਲੋੜ ਹੈ? ਜੇ ਅਸੀਂ ਜਾਤੀ ਸਰਟੀਫਿਕੇਟ ਲੈਣ ਜਾਂਦੇ ਹਾਂ ਤਾਂ ਕਹਿੰਦੇ ਹਨ ਕਿ ਤੁਸੀਂ ਉਂਝ ਹੀ ਸਰਦਾਰ ਨਜ਼ਰ ਆਉਂਦੇ ਹੋ।”

ਸਿੱਖ

ਤਸਵੀਰ ਸਰੋਤ, Twitter

'ਸਰਕਾਰ ਸਾਡੀ ਸੁਰੱਖਿਆ ਯਕੀਨੀ ਬਣਾਵੇ'

ਬਰਾਰੀ ਵਿੱਚ ਸਥਿਤ ਇਹ ਮਿੰਨੀ ਪੰਜਾਬ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਲਈ ਚੰਗੇ ਸਕੂਲ, ਹਸਪਤਾਲ ਅਤੇ ਸੜਕਾਂ ਹਾਲੇ ਦੂਰ ਹਨ।

ਭੰਡਾਰਤਲ ਪੰਚਾਇਤ ਦੇ ਅਵਧ ਕਿਸ਼ੋਰ ਸਿੰਘ ਦਾ ਕਹਿਣਾ ਹੈ, "ਸਾਡਾ ਪਹਿਲਾ ਹੈਲਥ ਸੈਂਟਰ ਕੜਾਘੋਲਾ ਵਿੱਚ ਸਥਿਤ ਹੈ, ਜੋ ਛੇ ਕਿਲੋਮੀਟਰ ਦੀ ਦੂਰੀ 'ਤੇ ਹੈ। ਉੱਥੇ ਪਹੁੰਚਣ ਲਈ ਸੜਕ ਅਜਿਹੀ ਹੈ ਕਿ ਮਰੀਜ਼ ਦੀ ਸਿਹਤ ਹੋਰ ਖਰਾਬ ਹੋ ਜਾਵੇਗਾ। ਇੱਥੇ 12ਵੀਂ ਜਮਾਤ ਤੱਕ ਸਕੂਲ ਹੈ ਪਰ ਅਧਿਆਪਕ ਨਹੀਂ। ਬੱਚੇ ਪੜਨ ਬਾਹਰ ਜਾਂਦੇ ਹਨ। ਸਾਡੇ ਬਾਕੀ ਲੋਕਾਂ ਦੀਆਂ ਇੱਥੇ ਹੱਤਿਆਵਾਂ ਵੀ ਹੁੰਦੀਆਂ ਹਨ, ਅਸੀਂ ਘੱਟ ਗਿਣਤੀ ਹਾਂ ਅਤੇ ਸਰਕਾਰ ਸਾਡੀ ਸੁਰੱਖਿਆ ਕਰੇ।"

ਗੰਗਾ ਦੇ ਇਲਾਕੇ ਵਿੱਚ ਸਥਿਤ ਕਾਂਤਨਗਰ ਤੱਕ ਜਾਣ ਵਾਲੀ ਸੜਕ ਕੱਚੀ ਅਤੇ ਮਾੜੀ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਆਏ ਸਨ।

ਕਾਂਤਨਗਰ ਦੇ ਸਰਦਾਰ ਪ੍ਰਭੂ ਸਿੰਘ ਕਹਿੰਦੇ ਹਨ, "ਇਹ ਇਤਿਹਾਸਕ ਸਥਾਨ ਹੈ। ਗੁਰੂ ਸਾਹਿਬ ਇੱਥੇ ਆਏ ਸਨ। ਪਰ ਅੱਜ ਸਾਡੇ ਕੋਲ ਸੜਕ ਤੱਕ ਨਹੀਂ ਹੈ ਅਤੇ ਹਸਪਤਾਲ ਲਈ 14 ਕਿਲੋਮੀਟਰ ਜਾਣਾ ਪੈਂਦਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)