ਤੇਜਾ ਸਿੰਘ ਸਮੁੰਦਰੀ: ਅਕਾਲੀ ਆਗੂ, ਜਿਸ ਦੀਆਂ ਕਾਂਗਰਸ ਇਜਲਾਸਾਂ ਵਿੱਚ ਹੱਥੋ ਹੱਥ ਤਸਵੀਰਾਂ ਵਿਕਦੀਆਂ ਸਨ

ਤੇਜਾ ਸਿੰਘ ਸਮੁੰਦਰ

ਤਸਵੀਰ ਸਰੋਤ, ਡਾ. ਪਿਆਰ ਸਿੰਘ ਦੀ ਕਿਤਾਬ

    • ਲੇਖਕ, ਡਾ. ਗੁਰਕਿਰਪਾਲ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

97 ਸਾਲ ਪਹਿਲਾਂ 17 ਜੁਲਾਈ 1926 ਨੂੰ ਬ੍ਰਿਟਿਸ਼ ਰਾਜ ਦੇ ਜ਼ੁਲਮਾਂ ਕਾਰਨ ਲਾਹੌਰ ਜੇਲ੍ਹ ਵਿੱਚ 44 ਸਾਲ ਦੀ ਉਮਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਦੁਖਦਾਈ ਸੀ।

ਪਰ ਆਪਣੇ ਜੀਵਨ ਦੇ ਕਾਰਜ ਰਾਹੀਂ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਇੱਕ ਅਜਿਹੀ ਵਿਰਾਸਤ ਛੱਡੀ ਜੋ ਅੱਜ ਤੱਕ ਕਾਇਮ ਹੈ ਅਤੇ ਪੰਜਾਬ ਦੇ ਇਤਿਹਾਸ ਵਿੱਚ ਸਦਾ ਲਈ ਉੱਕਰੀ ਰਹੇਗੀ।

ਵੀਹ ਫ਼ਰਵਰੀ 1882 ਨੂੰ ਤਰਨਤਾਰਨ ਵਿੱਚ ਜਨਮੇ ਤੇਜਾ ਸਿੰਘ ਸਮੁੰਦਰੀ ਗੁਰਦੁਆਰਾ ਸੁਧਾਰ ਲਹਿਰ ਦੀ ਇੱਕ ਪ੍ਰਮੁੱਖ ਸ਼ਖਸੀਅਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਢੀਆਂ ਵਿੱਚੋਂ ਸਨ।

ਵੀਹਵੀਂ ਸਦੀ ਦੀ ਸਿੱਖ ਸਿਆਸਤ ਵਿੱਚ ਤੇਜਾ ਸਿੰਘ ਸਮੁੰਦਰੀ ਦਾ ਨਾਮ ਛੋਟੀਆਂ ਉਮਰਾਂ ਵਿੱਚ ਵੱਡਾ ਯੋਗਦਾਨ ਪਾਉਣ ਵਾਲ਼ੀ ਹਸਤੀ ਵਜੋਂ ਉਭਰਦਾ ਹੈ। ਆਪਣੀ 44 ਸਾਲ ਦੀ ਸੰਖੇਪ ਉਮਰ ਦੌਰਾਨ ਉਨ੍ਹਾਂ ਵੱਲੋਂ ਅੰਜਾਮ ਦਿੱਤੇ ਕੰਮ ਕਾਫੀ ਅਹਿਮ ਮੰਨੇ ਜਾਂਦੇ ਹਨ।

ਭਾਰਤ ਸਰਕਾਰ ਦੀ ਅੰਮ੍ਰਿਤ ਮਹੋਤਸਵ ਵੈਬਸਾਈਟ ਉੱਪਰ ਤੇਜਾ ਸਿੰਘ ਸਮੁੰਦਰੀ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਗਈ ਹੈ।

ਵੈਬਸਾਈਟ ਮੁਤਾਬਕ ਤੇਜਾ ਸਿੰਘ ਦਾ ਜਨਮ 20 ਫਰਵਰੀ 1882 ਨੂੰ ਦੇਵਾ ਸਿੰਘ ਅਤੇ ਨੰਦ ਕੌਰ ਦੇ ਘਰ ਰਾਏ ਕਾ ਬੁਰਜ, ਤਰਨਤਾਰਨ ਤਹਿਸੀਲ, ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰ ਬਾਅਦ ਵਿੱਚ ਲਾਇਲਪੁਰ ਜ਼ਿਲ੍ਹੇ ਦੀ ਸਮੁੰਦਰੀ ਤਹਿਸੀਲ ਦੇ ਸਾਂਦਲ ਬਾਰ ਵਿੱਚ ਜਾ ਕੇ ਵਸ ਗਿਆ।

ਸਾਂਦਲ ਬਾਰ ਓਹੀ ਇਲਾਕਾ ਹੈ ਜੋ ਪੰਜਾਬ ਦੇ ਨਾਇਕ ਦੁੱਲਾ ਭੱਟੀ ਦੇ ਨਾਮ ਤੋਂ ਜਣਿਆ ਜਾਂਦਾ ਹੈ।

ਤੇਜਾ ਸਿੰਘ ਰਸਮੀ ਸਿੱਖਿਆ ਪ੍ਰਾਇਮਰੀ ਤੋਂ ਅੱਗੇ ਹਾਸਲ ਨਹੀਂ ਕਰ ਸਕੇ ਪਰ ਉਹ ਸਿੱਖ ਧਾਰਮਿਕ ਅਤੇ ਇਤਿਹਾਸਕ ਗ੍ਰੰਥਾਂ ਦੇ ਚੰਗੇ ਜਾਣੂ ਸਨ।

ਉਹ ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ 22 ਕੈਵਲਰੀ ਵਿੱਚ ਦਫ਼ਾਦਾਰ (ਬ੍ਰਿਟਿਸ਼ ਫੌਜ ਵਿੱਚ ਇੱਕ ਅਹੁਦਾ, ਜੋ ਅੱਜ ਦੇ ਉਸ ਸਾਰਜੈਂਟ ਅਹੁਦੇ ਦੇ ਬਰਾਬਰ ਹੈ) ਵਜੋਂ ਫ਼ੌਜ ਵਿੱਚ ਭਰਤੀ ਹੋ ਗਏ।

ਹਾਲਾਂਕਿ ਸਿਰਫ਼ ਸਾਢੇ ਤਿੰਨ ਸਾਲ ਦੀ ਸੰਖੇਪ ਫ਼ੌਜੀ ਨੌਕਰੀ ਕਰਕੇ ਉਹ ਧਾਰਮਿਕ ਅਤੇ ਸਮਾਜਿਕ ਸੁਧਾਰ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਪਿੰਡ, ਜਿਸ ਨੂੰ ਉਸ ਸਮੇਂ ਚੱਕ 140 ਵਜੋਂ ਜਾਣਿਆ ਜਾਂਦਾ ਸੀ, ਵਾਪਸ ਆ ਗਏ।

ਉਹ ਚੀਫ਼ ਖ਼ਾਲਸਾ ਦੀਵਾਨ ਵਿੱਚ ਸ਼ਾਮਲ ਹੋਏ ਅਤੇ ਖ਼ਾਲਸਾ ਦੀਵਾਨ ਸਮੁੰਦਰੀ ਦੀ ਸਥਾਪਨਾ ਵਿੱਚ ਮਦਦ ਕੀਤੀ।

ਉਨ੍ਹਾਂ ਨੇ ਬੱਚਿਆਂ ਦੀ ਸਿੱਖਿਆ ਲਈ ਦੋ ਸਕੂਲਾਂ ਦੀ ਸਥਾਪਨਾ ਕੀਤੀ, ਆਪਣੇ ਪਿੰਡ ਵਿੱਚ ਖ਼ਾਲਸਾ ਮਿਡਲ ਸਕੂਲ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹਾਲੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਹਾਈ ਸਕੂਲ ਸਥਾਪਿਤ ਕੀਤਾ।

ਉਹ ਰੋਜ਼ਾਨਾ ਅਖ਼ਬਾਰ ਅਕਾਲੀ ਦੇ ਸੰਸਥਾਪਕਾਂ ਵਿੱਚੋਂ ਵੀ ਇੱਕ ਸਨ।

ਪਿਆਰ ਸਿੰਘ ਦੀ ਕਿਤਾਬ

ਤਸਵੀਰ ਸਰੋਤ, Pyar Singh Book

ਉਨ੍ਹਾਂ ਨੇ ਦਿੱਲੀ ਵਿੱਚ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਚਾਰਦੀਵਾਰੀ ਨੂੰ ਸਰਕਾਰ ਦੁਆਰਾ ਢਾਹੇ ਜਾਣ ਦੇ ਵਿਰੋਧ ਵਿੱਚ ਜਨਤਕ ਮੀਟਿੰਗਾਂ ਕੀਤੀਆਂ।

ਉਹ ਉਨ੍ਹਾਂ 100 ਸਿੱਖਾਂ ਵਿੱਚੋਂ ਇੱਕ ਸਨ ਜੋ ਉਸ ਕੰਧ ਨੂੰ ਮੁੜ ਉਸਾਰਨ ਹਿੱਤ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਸਵੈ-ਇੱਛਾ ਨਾਲ ਅੱਗੇ ਆਏ ਸੀ।

1921 ਵਿੱਚ ਉਨ੍ਹਾਂ ਨੂੰ ਨਨਕਾਣਾ ਸਾਹਿਬ ਗੁਰਦੁਆਰੇ ਦਾ ਪ੍ਰਬੰਧ ਕਰਨ ਵਾਲੀ ਕਮੇਟੀ ਵਿਚ ਨਿਯੁਕਤ ਕੀਤਾ ਗਿਆ ਸੀ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਢੀ ਮੈਂਬਰ ਸਨ, ਜਿੱਥੇ ਬਾਅਦ ਵਿੱਚ ਉਹ ਮੀਤ ਪ੍ਰਧਾਨ ਦੇ ਅਹੁਦੇ ਤੱਕ ਪਹੁੰਚੇ।

ਇਸ ਤੋਂ ਇਲਾਵਾ ਉਹ ਪੰਜਾਬ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਵੀ ਰਹੇ।

44 ਸਾਲ ਦੀ ਉਮਰ 'ਚ ਹਿਰਾਸਤ 'ਚ ਮੌਤ

ਅੰਮ੍ਰਿਤ ਮਹੌਤਸਵ ਦੀ ਵੈਬਸਾਈਟ ਅਨੁਸਾਰ ਨਵੰਬਰ 1921 ਤੋਂ ਜਨਵਰੀ 1922 ਤੱਕ, ਉਨ੍ਹਾਂ ਨੂੰ ਹਰਿਮੰਦਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਦੇ ਮੋਰਚੇ ਵਿੱਚ ਭੂਮਿਕਾ ਕਾਰਨ ਕੈਦ ਕਰ ਲਿਆ ਗਿਆ ਸੀ।

13 ਅਕਤੂਬਰ 1923 ਨੂੰ ਜੈਤੋ ਦੇ ਮੋਰਚੇ ਦੇ ਸਬੰਧ ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਉਹ ਉਨ੍ਹਾਂ ਅਕਾਲੀ ਆਗੂਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਸਰਕਾਰ ਨਾਲ ਵਾਅਦਾ ਕਰਕੇ ਆਪਣੀ ਰਿਹਾਈ ਯਕੀਨੀ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ 9 ਜੁਲਾਈ, 1925 ਨੂੰ ਪਾਸ ਕੀਤੇ ਗਏ ਸਿੱਖ ਗੁਰਦੁਆਰਾ ਐਕਟ ਦੀ ਪਾਲਣਾ ਕਰਨਗੇ।

ਆਖ਼ਰ ਸਰਦਾਰ ਤੇਜਾ ਸਿੰਘ ਦੀ 17 ਜੁਲਾਈ, 1926 ਨੂੰ ਹਿਰਾਸਤ ਵਿੱਚ 44 ਸਾਲ ਦੀ ਅਲਪ ਉਮਰ ਵਿੱਚ ਹੀ ਮੌਤ ਹੋ ਗਈ ਸੀ।

ਦਰਬਾਰ ਸਾਹਿਬ ਵਿੱਚ ਇੱਕ ਹਾਲ ਦਾ ਨਾਂ ਤੇਜਾ ਸਿੰਘ ਸਮੁੰਦਰੀ ਹਾਲ ਰੱਖਿਆ ਗਿਆ ਹੈ।

ਤੇਜਾ ਸਿੰਘ ਸਮੁੰਦਰੀ ਹਾਲ ਉਹੀ ਇਮਾਰਤ ਹੈ ਜਿੱਥੇ ਅੱਜ-ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਮੁੱਖ ਦਫ਼ਤਰ ਸਥਿਤ ਹੈ।

ਡਾ਼ ਪਿਆਰ ਸਿੰਘ ਆਪਣੀ ਕਿਤਾਬ ਤੇਜਾ ਸਿੰਘ ਸਮੁੰਦਰੀ ਵਿੱਚ ਲਿਖਦੇ ਹਨ, “ਉਸ ਵੇਲੇ ਸਿੱਖ ਪੰਥ ਵਿਚ ਬੜੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਦੌਰ ਸੀ।"

"ਉਨ੍ਹਾਂ ਵਿਚ ਬਾਬਾ ਖੜਕ ਸਿੰਘ, ਹਰਚੰਦ ਸਿੰਘ, ਮਹਿਤਾਬ ਸਿੰਘ, ਝਬਾਲੀਏ ਸਰਦਾਰ, ਮਾਸਟਰ ਸੁੰਦਰ ਸਿੰਘ, ਮਾਸਟਰ ਤਾਰਾ ਸਿੰਘ, ਪ੍ਰਿੰਸੀਪਲ ਨਿਰੰਜਨ ਸਿੰਘ, ਬਾਵਾ ਹਰਕਿਸ਼ਨ ਸਿੰਘ, ਬਿਸ਼ਨ ਸਿੰਘ ਸਿੰਘਪੁਰੀਆ, ਸੋਹਨ ਸਿੰਘ ਜੋਸ਼, ਸੇਵਾ ਸਿੰਘ ਠੀਕਰੀਵਾਲਾ, ਆਦਿ ਨੂੰ ਗਿਣਿਆ ਜਾ ਸਕਦਾ ਹੈ।“

"ਪਰ ਤੇਜਾ ਸਿੰਘ ਸਮੁੰਦਰੀ ਦੀ ਸ਼ਖ਼ਸੀਅਤ, ਤਿਆਗ ਤੇ ਸੇਵਾ ਭਾਵਨਾ ਅਤੇ ਠਰੰਮੇ ਆਦਿ ਗੁਣਾਂ ਕਾਰਣ ਸਾਰਿਆਂ ਉਪਰ ਬੋਹੜ ਵਾਂਗ ਛਾਈ ਹੋਈ ਸੀ।“

ਤੇਜਾ ਸਿੰਘ ਸਮੁੰਦਰੀ

ਤਸਵੀਰ ਸਰੋਤ, Pyar Singh Book

ਤੇਜਾ ਸਿੰਘ ਸਮੁੰਦਰੀ ਦਾ ਯੋਗਦਾਨ 4 ਨੁਕਤਿਆਂ ਵਿੱਚ

ਵੀਹਵੀਂ ਸਦੀ ਦੇ ਸ਼ੁਰੂਆਤੀ ਅਰਸੇ ਦੌਰਾਨ ਤੇਜਾ ਸਿੰਘ ਸਮੁੰਦਰੀ ਦੇ ਯੋਗਦਾਨ ਨੂੰ ਚਾਰ ਨੁਕਤਿਆਂ ਵਿੱਚ ਸਮਝਿਆ ਜਾ ਸਕਦਾ ਹੈ।

ਪਹਿਲਾ- ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸਮੇਂ ਨਾਲ ਆ ਵੜੀਆਂ ਕੁਰੀਤੀਆਂ ਖ਼ਤਮ ਕਰਨ ਲਈ ਚਲਾਈ ਗਈ ਗੁਰਦੁਆਰਾ ਸੁਧਾਰ ਲਹਿਰ ਦੀ ਅਗਵਾਈ ਸੀ।

ਦੂਜਾ- ਭਾਰਤ ਦੀ ਅਜ਼ਾਦੀ ਦੀ ਲੜਾਈ ਦੇ ਨਾਲ ਸਿੱਖ ਧਾਰਮਿਕ ਸੁਧਾਰ ਦੀ ਲਹਿਰ ਨੂੰ ਇੱਕ-ਮਿੱਕ ਕਰ ਸਕਣ ਦੀ ਉਨ੍ਹਾਂ ਦੀ ਯੋਗਤਾ। ਇਸ ਯੋਗਤਾ ਅਤੇ ਵਿਚਾਰ ਨੇ ਮਾਸਟਰ ਤਾਰਾ ਸਿੰਘ ਸਮੇਤ ਹੋਰ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ।

ਤੀਸਰਾ- ਸਿੱਖਿਆ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ। ਉਹ ਖ਼ੁਦ ਭਾਵੇਂ ਕਿ ਰਸਮੀ ਸਿੱਖਿਆ ਹੀ ਹਾਸਲ ਕਰ ਸਕੇ। ਪਰ ਉਨ੍ਹਾਂ ਨੇ ਚੀਫ਼ ਖ਼ਾਲਸਾ ਦੀਵਾਨ ਰਾਹੀਂ ਸਿੱਖ ਬੱਚਿਆਂ ਦੀ ਸਿੱਖਿਆ ਨੂੰ ਸੰਸਥਾਗਤ ਰੂਪ ਦੇਣ ਵਿੱਚ ਮੋਹਰੀ ਭੂਮਿਕਾ ਨਿਭਾਈ।

ਚੌਥਾ- ਮਦਨ ਮੋਹਨ ਮਾਲਵੀਆ ਅਤੇ ਅੰਤ ਵਿੱਚ ਜੀਡੀ ਬਿਰਲਾ ਦੁਆਰਾ ਇਸ ਨੂੰ ਸੰਭਾਲਣ ਤੋਂ ਪਹਿਲਾਂ ਮੂਲ ਅਕਾਲੀ ਆਗੂਆਂ ਨਾਲ ਮਿਲ ਕੇ, ਹਿੰਦੁਸਤਾਨ ਟਾਈਮਜ਼ ਸਮੇਤ ਅਖ਼ਬਾਰਾਂ ਨੂੰ ਸ਼ੁਰੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਆਪਣੇ ਸਮੇਂ ਦੌਰਾਨ ਪ੍ਰੈੱਸ ਦੀ ਅਹਿਮੀਅਤ ਨੂੰ ਸਮਝਣਾ ਉਨ੍ਹਾਂ ਦੀ ਸੂਝ ਦਾ ਸਬੂਤ ਹੈ।

ਇਹ ਵੀ ਪੜ੍ਹੋ-

ਜੀਵਨ ਨਾਲ ਜੁੜੇ ਕੁਝ ਕਿੱਸੇ

ਸਮੁੰਦਰੀ ਦੇ ਜੀਵਨ ਵਿੱਚ ਕਈ ਘਟਨਾਵਾਂ ਹਨ ਜਿਨ੍ਹਾਂ ਤੋਂ ਉਨ੍ਹਾਂ ਦੀ ਸੂਝ, ਦੂਰਅੰਦੇਸ਼ੀ ਅਤੇ ਵਕਾਰ ਦਾ ਪਤਾ ਲਗਦਾ ਹੈ।

ਭਾਰਤ ਦੇ ਮਰਹੂਮ ਰਾਸ਼ਟਰਪਤੀ, ਗਿਆਨੀ ਜ਼ੈਲ ਸਿੰਘ, ਡਾ. ਪਿਆਰ ਸਿੰਘ ਦੀ ਕਿਤਾਬ ਦੀ ਭੂਮਿਕਾ ਵਿੱਚ ਲਿਖਦੇ ਹਨ, “1929 ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੇ ਇਤਿਹਾਸਕ ਇਜਲਾਸ ਦੇ ਮੌਕੇ, ਜਿਹੜੀਆਂ ਕਾਂਗਰਸੀ ਲੀਡਰਾਂ ਦੀਆਂ ਤਸਵੀਰਾਂ ਲੋਕਾਂ ਨੇ ਹੱਥੋਂ-ਹੱਥ ਖ਼ਰੀਦੀਆਂ, ਉਨ੍ਹਾਂ ਵਿੱਚ ਮਰਹੂਮ ਪੰਡਿਤ ਮੋਤੀ ਲਾਲ ਨਹਿਰੂ ਤੇ ਹਕੀਮ ਅਜਮਲ ਖ਼ਾਂ, ਵਰਗਿਆਂ ਦੇ ਨਾਲ ਤੇਜਾ ਸਿੰਘ ਸਮੁੰਦਰੀ ਦੀ ਤਸਵੀਰ ਵੀ ਸ਼ਾਮਲ ਸੀ ।"

"ਇਹ ਕੋਈ ਐਵੇਂ ਇਤਫ਼ਾਕ ਦੀ ਗੱਲ ਨਹੀਂ ਸੀ। ਸਰਦਾਰ ਸਾਹਿਬ ਦੀ ਤਿੱਖੀ ਸਿਆਸੀ ਸੂਝ ਨੇ ਅਨੁਭਵ ਕਰ ਲਿਆ ਸੀ ਕਿ ਵਿਦੇਸ਼ੀ ਰਾਜ ਤੋਂ ਛੁਟਕਾਰੇ ਬਿਨਾਂ ਨਾ ਦੇਸ਼ ਬਚ ਸਕਦਾ ਹੈ ਨਾ ਹੀ ਕੌਮ।"

"ਇਸ ਲਈ ਆਪ ਨੇ ਅਕਾਲੀ ਲਹਿਰ ਦੇ ਨਾਲ ਨਾਲ ਕਾਂਗਰਸ ਵਿੱਚ ਸ਼ਾਮਲ ਹੋ ਕੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਸਰਗਰਮ ਤੇ ਸਿਰਲੱਥ ਹਿੱਸਾ ਲਿਆ ਸੀ।“

ਡਾ. ਪਿਆਰ ਸਿੰਘ ਮੁਤਾਬਕ ਤੇਜਾ ਸਿੰਘ ਦੀ ਛੇ ਸਾਲਾਂ ਦੀ ਉਮਰ ਵਿੱਚ ਪੜ੍ਹਾਈ ਸ਼ੁਰੂ ਹੋਈ ਪਰ ਉਹ ਕੇਵਲ ਪੰਜ ਜਮਾਤਾਂ ਹੀ ਪਾਸ ਕਰ ਸਕੇ ਤੇ ਛੇਵੀਂ ਚੜ੍ਹਦਿਆਂ ਹੀ ਸਕੂਲੋਂ ਹਟ ਕੇ ਘਰ ਜਾਣਾ ਪਿਆ। ਕੁਝ ਪੜ੍ਹਾਈ ਘਰ ਵਿਚ ਉਸਤਾਦ ਕੋਲੋਂ ਕੀਤੀ ।

ਇੰਜ 15-16 ਸਾਲ ਦੀ ਉਮਰ ਤੱਕ ਇਸ ਹੋਣਹਾਰ ਬਾਲਕ ਨੇ ਭਾਵੇਂ ਯੂਨੀਵਰਸਿਟੀ ਦਾ ਕੋਈ ਇਮਤਿਹਾਨ ਤਾਂ ਪਾਸ ਨਹੀਂ ਸੀ ਕੀਤਾ ਪਰ ਉਰਦੂ ਅਤੇ ਪੰਜਾਬੀ ਉੱਪਰ ਚੰਗੀ ਪਕੜ ਸੀ ਅਤੇ ਅੰਗਰੇਜ਼ੀ ਵੀ ਗੁਜ਼ਾਰੇ ਜੋਗੀ ਸਮਝ ਲੈਂਦੇ ਸੀ।

ਤੇਜਾ ਸਿੰਘ ਦਾ ਸਰੀਰ ਸ਼ੁਰੂ ਤੋਂ ਹੀ ਰਿਸ਼ਟ-ਪੁਸ਼ਟ ਸੀ ਤੇ ਚੰਗੇ ਬਲ ਵਾਲੇ ਸਨ।

ਡਾ਼ ਪਿਆਰ ਸਿੰਘ ਲਿਖਦੇ ਹਨ, "ਤੇਜਾ ਸਿੰਘ ਨੂੰ ਤਾਂ ਮੰਨੋਂ ਗਾਲ੍ਹਾਂ ਕੱਢਣੀਆਂ ਆਉਂਦੀਆਂ ਹੀ ਨਹੀਂ ਸਨ। ਉਨ੍ਹਾਂ ਦੇ ਸਾਰੇ ਹੀ ਹਾਣੀ ਉਨ੍ਹਾਂ ਦੀ ਗੱਲ ਮੰਨ ਲੈਂਦੇ ਸਨ ਅਤੇ ਉਨ੍ਹਾਂ ਦੇ ਸਾਹਮਣੇ ਲੜਾਈ ਜਾਂ ਗਾਲ੍ਹੀ-ਗਲੋਚ ਕਰਨ ਤੋਂ ਭੈ ਖਾਂਦੇ ਸਨ।"

1907 ਦੇ ਆਸਪਾਸ ਪੰਜਾਬ ਦੇ ਕਈ ਹਿੱਸਿਆਂ ਵਿੱਚ ਲੈਂਡ ਕੋਲੋਨਾਈਜ਼ੇਸ਼ਨ ਅਤੇ ਨਹਿਰਾਂ ਦੇ ਵਧੇ ਆਬਿਆਨੇ ਦੇ ਖ਼ਿਲਾਫ਼ ਲਹਿਰ ਚੱਲੀ।

ਇਸ ਲਹਿਰ ਵਿੱਚ ਸਮੁੰਦਰੀ ਹੁਰਾਂ ਨੇ ਸਿੱਧਾ ਹਿੱਸਾ ਤਾਂ ਭਾਵੇਂ ਨਾ ਲਿਆ ਪਰ ਉਹ ਇਸ ਲਹਿਰ ਤੋਂ ਪ੍ਰਭਾਵਿਤ ਬਹੁਤ ਜ਼ਿਆਦਾ ਹੋਏ। ਇਸ ਲਹਿਰ ਵਿੱਚ ਪੰਜਾਬ ਦੇ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਨੇ ਇੱਕ ਹੋ ਕੇ ਚਲਾਈ ਅਤੇ ਅੰਗਰੇਜ਼ ਸਰਕਾਰ ਤੋਂ ਈਨ ਮਨਾ ਕੇ ਸਾਹ ਲਿਆ।

ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਕੰਧ ਦਾ ਮਸਲਾ

ਸੰਨ 1911 ਵਿੱਚ ਅੰਗਰੇਜ਼ਾਂ ਨੇ ਰਾਜਧਾਨੀ ਕਲਕੱਤੇ ਤੋਂ ਬਦਲ ਕੇ ਦਿੱਲੀ ਲਿਆਉਣ ਦਾ ਫ਼ੈਸਲਾ ਕੀਤਾ।

ਅਗਲੇ ਹੀ ਸਾਲ ਸ਼ਹਿਰ ਨੂੰ ਜਾਂਦੀ ਮੁੱਖ ਸੜਕ ਸਿੱਧੀ ਕਰਨ ਦੇ ਮੰਤਵ ਨਾਲ 1913 ਵਿੱਚ ਨਕਸ਼ੇ ਮੁਤਾਬਕ ਗੁਰਦੁਆਰਾ ਰਕਾਬ ਗੰਜ ਦੀ ਚਾਰਦਿਵਾਰੀ ਦਾ ਕੁਝ ਹਿੱਸਾ ਢਾਹ ਦਿੱਤਾ ਗਿਆ ਅਤੇ ਵਿਹੜੇ ਦੀ ਜ਼ਮੀਨ ਵੀ ਮਹੰਤ ਪਾਸੋਂ ਪਹਿਲਾਂ ਹੀ ਹਾਸਲ ਕਰ ਲਈ ਗਈ।

ਤੇਜਾ ਸਿੰਘ ਸਮੁੰਦਰੀ ਉਦੋਂ ਚੀਫ਼ ਖ਼ਾਲਸਾ ਦੀਵਾਨ ਨਾਲ ਜੁੜੇ ਹੋਏ ਸਨ।

ਚੀਫ਼ ਖ਼ਾਲਸਾ ਦੀਵਾਨ ਵਾਲੇ ਸਰਕਾਰ ਖ਼ਿਲਾਫ਼ ਆਢਾ ਲਾਉਣ ਦੇ ਹੱਕ ਵਿੱਚ ਨਹੀਂ ਸਨ ਪਰ ਤੇਜਾ ਸਿੰਘ ਰਕਾਬ ਗੰਜ ਦੀ ਕੰਧ ਮੁੜ ਖੜ੍ਹੀ ਕਰਵਾਉਣ ਦੇ ਹੱਕ ਵਿੱਚ ਖੜ੍ਹੇ ਧੜੇ ਨਾਲ ਰਲ ਗਏ ਅਤੇ ਮੋਰਚਾ ਖ਼ਤਮ ਹੋਣ ਤੱਕ ਉਸ ਦੇ ਨਾਲ ਹੀ ਰਹੇ।

ਜਦੋਂ ਕੰਧ ਦੀ ਉਸਾਰੀ ਲਈ ਸ਼ਹੀਦੀ ਜੱਥੇ ਬਣਾਏ ਜਾ ਰਹੇ ਸਨ ਤਾਂ ਤੇਜਾ ਸਿੰਘ ਨੇ ਵੀ ਆਪਣਾ ਨਾਮ ਜੱਥੇ ਵਿੱਚ ਲਿਖਵਾ ਦਿੱਤਾ। ਹਾਲਾਂਕਿ ਜੱਥੇ ਦੇ ਚੱਲਣ ਤੋਂ ਪਹਿਲਾਂ ਹੀ ਸਰਕਾਰ ਨੇ ਦਬਾਅ ਅੱਗੇ ਝੁਕਦਿਆਂ ਕੰਧ ਮੁੜ ਉਸਰਵਾ ਦਿੱਤੀ।

ਤੇਜਾ ਸਿੰਘ ਸਮੁੰਦਰੀ

ਤਸਵੀਰ ਸਰੋਤ, Pyar Singh Book

ਸਿੰਘ ਸਭਾ ਲਹਿਰ ਅਤੇ ਜਾਤ-ਪਾਤ ਦਾ ਖੰਡਨ ਕੀਤਾ

ਡਾ਼ ਪਿਆਰ ਸਿੰਘ ਲਿਖਦੇ ਹਨ ਕਿ ਜਵਾਨੀ ਦੇ ਮੁੱਢਲੇ ਸਾਲਾਂ ਵਿਚ ਇਨ੍ਹਾਂ ਦਾ ਬਹੁਤ ਸਮਾਂ ਸਿੰਘ ਸਭਾ ਲਹਿਰ ਦੇ ਕੰਮਾਂ ਵਿੱਚ ਹੀ ਲਗਦਾ ਸੀ। ਲਹਿਰ ਦਾ ਇੱਕ ਨਿਸ਼ਾਨਾ ਕਥਿਤ ਅਛੂਤ ਉਧਾਰ ਸੀ ।

ਇਸੇ ਮਸਲੇ ਨਾਲ ਜੁੜੀ ਹੋਈ ਇੱਕ ਘਟਨਾ ਦਾ ਜ਼ਿਕਰ ਡਾ. ਪਿਆਰ ਸਿੰਘ ਨੇ ਆਪਣੀ ਕਿਤਾਬ ਵਿੱਚ ਕੀਤਾ ਹੈ।

ਇੱਕ ਵਾਰ ਤੇਜਾ ਸਿੰਘ ਦੇ ਆਪਣੇ ਪਿੰਡ ਦੇ ਇੱਕ ਤਿਆਰ-ਬਰ-ਤਿਆਰ ਰਵਿਦਾਸੀਏ ਸਿੱਖ, ਹਰਦਿਆਲ ਸਿੰਘ, ਨੇ ਇਨ੍ਹਾਂ ਪਾਸ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਅੰਮ੍ਰਿਤ ਪਾਨ ਕੀਤਾ ਹੋਇਆ ਹੈ।

ਸਿੱਖੀ ਰਹੁ-ਰੀਤਿ ਵਿਚ ਪੂਰਾ ਹਾਂ, ਪਰ ਮੈਨੂੰ ਪਿੰਡ ਦੇ ਸਰਦਾਰ ਖੂਹ ਉੱਤੇ ਚੜ੍ਹਨ ਤੱਕ ਨਹੀਂ ਦਿੰਦੇ। ਦੂਜੇ ਪਾਸੇ, ਮੁਸਲਮਾਨਾਂ ਦਾ ਬੈਂਕਾ (ਚੰਮ ਦਾ ਡੋਲ) ਖੂਹ ਵਿੱਚ ਬਾਕਾਇਦਾ ਪੈਂਦਾ ਹੈ ।

ਤੇਜਾ ਸਿੰਘ ਨੂੰ ਇਹ ਸੁਣ ਕੇ ਬੜਾ ਦੁਖ ਹੋਇਆ। ਉਨ੍ਹਾਂ ਨੇ ਉਸ ਨੂੰ ਅਗਲੀ ਭਲਕ ਖੂਹ 'ਤੇ ਪਹੁੰਚਣ ਲਈ ਕਿਹਾ।

ਅਗਲੀ ਭਲਕ ਜਦੋਂ ਆਪ ਖੂਹ 'ਤੇ ਪਹੁੰਚੇ ਤਾਂ ਉੱਥੇ ਪਿੰਡ ਦਾ ਛੋਟਾ ਨੰਬਰਦਾਰ, ਸ਼ੇਰ ਸਿੰਘ ਅਤੇ ਕੁਝ ਹੋਰ ਸਿਰਕੱਢ ਸਰਦਾਰ ਬੈਠੇ ਸਨ। ਆਪ ਵੀ ਉਨ੍ਹਾਂ ਵਿੱਚ ਜਾ ਬੈਠੇ। ਝੱਟ ਕੁ ਮਗਰੋਂ ਉਨ੍ਹਾਂ ਰਵਿਦਾਸੀਏ ਹਰਦਿਆਲ ਸਿੰਘ ਨੂੰ ਖੂਹ ਵਿਚੋਂ ਪਾਣੀ ਕੱਢ ਕੇ ਪਿਲਾਉਣ ਲਈ ਕਿਹਾ।

ਇਸ ਉੱਤੇ ਛੋਟਾ ਨੰਬਰਦਾਰ, ਸ਼ੇਰ ਸਿੰਘ ਕਹਿਣ ਲੱਗਾ ਕਿ "ਸਰਦਾਰ ਜੀ, ਮੈਂ ਆਪ ਤੁਹਾਨੂੰ ਪਾਣੀ ਕੱਢ ਕੇ ਪਿਲਉਂਦਾ ਹਾਂ।”

ਤੇਜਾ ਸਿੰਘ ਅੱਗੋਂ ਕਿਹਾ ਕਿ “ਨਹੀਂ, ਅੱਜ ਇਹ ਸੇਵਾ ਹਰਦਿਆਲ ਸਿੰਘ ਪਾਸੋਂ ਹੀ ਲੈਣੀ ਹੈ।"

ਇਹ ਸੁਣ ਸਾਰੇ ਚੁਪ ਕਰ ਗਏ। ਹਰਦਿਆਲ ਸਿੰਘ ਉੱਠਿਆ ਤੇ ਉਸ ਨੇ ਪਾਣੀ ਦੀ ਬਾਲਟੀ ਕੱਢੀ। ਪਹਿਲਾਂ ਤੇਜਾ ਸਿੰਘ ਸਮੁੰਦਰੀ ਨੇ ਆਪ ਪਾਣੀ ਪੀਤਾ ਤੇ ਮਗਰੋਂ ਦੂਜਿਆਂ ਨੂੰ ਪਿਲਾਉਣ ਲਈ ਕਿਹਾ।

ਹੁਣ ਹਰਦਿਆਲ ਸਿੰਘ ਦੇ ਹੱਥੋਂ ਸਾਰਿਆਂ ਨੇ ਹੀ ਪਾਣੀ ਪੀ ਲਿਆ। ਇਸ ਪਿੱਛੋਂ ਉਨ੍ਹਾਂ ਨੇ ਸਾਰਿਆਂ ਨੂੰ ਜਾਤੀਵਾਦ ਤੋਂ ਉੱਪਰ ਉੱਠਣ ਦੀ ਪ੍ਰੇਰਣਾ ਦਿੱਤੀ।

ਬੀਬੀਸੀ

ਤੇਜਾ ਸਿੰਘ ਸਮੁੰਦਰੀ

  • ਤੇਜਾ ਸਿੰਘ ਦਾ ਜਨਮ 20 ਫਰਵਰੀ 1882 ਨੂੰ ਦੇਵਾ ਸਿੰਘ ਅਤੇ ਨੰਦ ਕੌਰ ਦੇ ਘਰ ਹੋਇਆ
  • ਉਨ੍ਹਾਂ ਦਾ ਜਨਮ ਉਸ ਵੇਲੇ ਰਾਏ ਕਾ ਬੁਰਜ, ਤਰਨਤਾਰਨ ਤਹਿਸੀਲ, ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੋਇਆ ਸੀ।
  • ਪਰਿਵਾਰ ਬਾਅਦ ਵਿੱਚ ਲਾਇਲਪੁਰ ਜ਼ਿਲ੍ਹੇ ਦੀ ਸਮੁੰਦਰੀ ਤਹਿਸੀਲ ਦੇ ਸਾਂਦਲ ਬਾਰ ਵਿੱਚ ਜਾ ਕੇ ਵਸ ਗਿਆ।
  • ਉਹ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੇ ਸਨ ਪਰ ਉਨ੍ਹਾਂ ਨੇ ਬੱਚਿਆਂ ਦੀ ਸਿੱਖਿਆ ਲਈ ਦੋ ਸਕੂਲਾਂ ਦੀ ਸਥਾਪਨਾ ਕੀਤੀ।
  • ਉਹ ਚੀਫ਼ ਖ਼ਾਲਸਾ ਦੀਵਾਨ ਵਿੱਚ ਸ਼ਾਮਲ ਹੋਏ ਅਤੇ ਖ਼ਾਲਸਾ ਦੀਵਾਨ ਸਮੁੰਦਰੀ ਦੀ ਸਥਾਪਨਾ ਵਿੱਚ ਮਦਦ ਕੀਤੀ।
  • ਨਵੰਬਰ 1921 ਤੋਂ ਜਨਵਰੀ 1922 ਤੱਕ, ਉਨ੍ਹਾਂ ਨੂੰ ਹਰਿਮੰਦਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਦੇ ਮੋਰਚੇ ਵਿੱਚ ਭੂਮਿਕਾ ਕਾਰਨ ਕੈਦ ਕਰ ਲਿਆ ਗਿਆ ਸੀ।
  • 13 ਅਕਤੂਬਰ 1923 ਨੂੰ ਜੈਤੋ ਦੇ ਮੋਰਚੇ ਦੇ ਸਬੰਧ ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
  • 97 ਸਾਲ ਪਹਿਲਾਂ ਅੱਜ ਦੇ ਦਿਨ 17 ਜੁਲਾਈ 1926 ਨੂੰ ਬ੍ਰਿਟਿਸ਼ ਰਾਜ ਦੇ ਜ਼ੁਲਮਾਂ ਕਾਰਨ ਲਾਹੌਰ ਜੇਲ੍ਹ ਵਿੱਚ 44 ਸਾਲ ਦੀ ਉਮਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।
ਬੀਬੀਸੀ

ਕਿਵੇਂ 'ਸੁਮੰਦਰੀ' ਸ਼ਬਦ ਨਾਂ ਅੱਗੇ ਜੁੜਿਆ

ਤੇਜਾ ਸਿੰਘ ਦੇ ਨਾਂ ਨਾਲ “ਸਮੁੰਦਰੀ” ਸ਼ਬਦ ਜੁੜਨ ਬਾਰੇ ਵੀ ਜਾਣਨਾ ਦਿਲਚਸਪ ਹੈ।

ਅਕਾਲੀ ਲਹਿਰ ਦੇ ਸਿੱਖ ਲੀਡਰਾਂ ਵਿੱਚ ‘ਤੇਜਾ ਸਿੰਘ ਨਾਂ ਦੇ ਬਹੁਤ ਸਾਰੇ ਸੱਜਣ ਹੋਏ ਹਨ, ਤੇਜਾ ਸਿੰਘ ਅਕਰਪੁਰੀ, ਤੇਜਾ ਸਿੰਘ ਭੁੱਚਰ, ਤੇਜਾ ਸਿੰਘ ਘਵਿੰਡ, ਤੇਜਾ ਸਿੰਘ ਸੁਤੰਤਰ, ਤੇਜਾ ਸਿੰਘ ਹਜ਼ੂਰੀਆ, ਤੇਜਾ ਸਿੰਘ ਮਸਤੂਆਣਾ, ਤੇਜਾ ਸਿੰਘ ਨਨਕਾਣਾ ਸਾਹਿਬ, ਤੇਜਾ ਸਿੰਘ ਪ੍ਰੋਫ਼ੈਸਰ, ਤੇਜਾ ਸਿੰਘ ਜਸਟਿਸ, ਤੇਜਾ ਸਿੰਘ ਭਸੌੜ, ਤੇਜਾ ਸਿੰਘ ਤਿਬੜੀ, ਤੇਜਾ ਸਿੰਘ ਚੂਹੜਕਾਣਾ ਆਦਿ।

ਇਸ ਲਈ, ਨਾਮ ਦੇ ਨਖੇੜੇ ਲਈ, ਤੇਜਾ ਸਿੰਘ ਦੇ ਨਾਂ ਨਾਲ ਵੀ ਕੁਝ ਜੋੜਨਾ ਜ਼ਰੂਰੀ ਸੀ ।

ਤੇਜਾ ਸਿੰਘ ਸਮੁੰਦਰੀ, ਇਲਾਕਾ ਬਾਰ ਦੇ ਜ਼ਿਲ੍ਹਾ ਲਾਇਲਪੁਰ ਦੀ ਤਹਿਸੀਲ ਸਮੁੰਦਰ, ਦੇ ਚੱਕ ਨੰਬਰ 14 ਦੇ ਵਸਨੀਕ ਸਨ।

ਉਹ ਖ਼ਾਲਸਾ ਦੀਵਾਨ ਸਮੁੰਦਰ ਦੇ ਮੋਢੀਆਂ ਵਿੱਚੋਂ ਸਨ। ਇਸ ਲਈ ਪਹਿਲਾਂ ਪਹਿਲ ਉਹ “ਤੇਜਾ ਸਿੰਘ ਸਮੁੰਦਰੀ ਵਾਲੇ" ਦੇ ਤੌਰ ਤੇ ਪ੍ਰਸਿੱਧ ਹੋਏ ਤੇ ਮਗਰੋਂ ਆਪ ਨੂੰ ‘ਤੇਜਾ ਸਿੰਘ ਸਮੁੰਦ ਕਿਹਾ ਜਾਣ ਲੱਗਾ।

ਸੁਵਰਣ ਜਾਤੀ ਦੇ ਸਿੱਖਾਂ ਨੂੰ ਵੀ ਆਪਣੇ ਨਾਂ ਨਾਲ ਅਰੋੜਾ, ਕਪੂਰ, ਸਾਹਨੀ, ਮਲਹੋਤਰਾ, ਸੰਧੂ, ਮਾਨ, ਗਿੱਲ, ਭੁੱਲਰ, ਆਦਿ ਜਾਤੀ ਨਾਮ ਲਿਖਣ ਤੋਂ ਰੋਕਿਆ ਜਾ ਰਿਹਾ ਸੀ।

ਸਭ ਨੂੰ “ਭਾਈ” ਜਾਂ “ਸਰਦਾਰ” ਨਾਲ ਸੰਬੋਧਿਤ ਕਰਨ ਦੀ ਪਿਰਤ ਪਾਈ ਜਾ ਰਹੀ ਸੀ। ਇਸ ਨਾਲ ਸਿੱਖ ਸਮਾਜ ਠੀਕ ਸਮਾਨਤਾ ਵਾਲਾ ਸਮਾਜ ਪ੍ਰਤੀਤ ਹੁੰਦਾ ਸੀ, ਭਾਵੇਂ ਦਰ ਪਰਦਾ ਵਿਤਕਰੇ ਸਨ।

ਤੇਜਾ ਸਿੰਘ ਸਮੁੰਦਰੀ ਹਾਲ

ਤਸਵੀਰ ਸਰੋਤ, Ravinder Singh Robin/bbc

ਨਨਕਾਣਾ ਸਾਹਿਬ ਦੇ ਮੋਰਚੇ ਵਿੱਚ ਸਗਰਗਮ ਰਹੇ

ਨਨਕਾਣਾ ਸਾਹਿਬ ਦੇ ਮੋਰਚੇ ਦੇ ਦੌਰਾਨ ਵੀ ਤੇਜਾ ਸਿੰਘ ਪੂਰੇ ਸਰਗਰਮ ਰਹੇ। ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਨਨਕਾਣਾ ਸਾਹਿਬ ਵਿਖੇ ਇੱਕਠ ਕਰਨ ਦਾ ਫ਼ੈਸਲਾ ਲਿਆ ਗਿਆ। ਉਸ ਮੌਕੇ ਲੰਗਰ ਪਾਣੀ ਦੀ ਸੇਵਾ ਲਈ ਬਣਾਈ ਪੰਜ ਮੈਂਬਰੀ ਕਮੇਟੀ ਵਿੱਚ ਤੇਜਾ ਸਿੰਘ ਸ਼ਾਮਲ ਸਨ।

ਫਿਰ ਜਦੋਂ ਕਰਤਾਰ ਸਿੰਘ ਝੱਬਰ ਨੇ ਮਹੰਤ ਨਰੈਣ ਦਾਸ ਨਾਲ ਸਮਝੌਤੇ ਦੀ ਗੱਲ ਤੋਰੀ ਤਾਂ ਉਸ ਸਮਝੌਤਾ ਕਮੇਟੀ ਵਿੱਚ ਵੀ ਉਹ ਸ਼ਾਮਲ ਸਨ।

ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਨੂੰ ਟਾਲਣ ਲਈ ਤੇਜਾ ਸਿੰਘ ਸਮੁੰਦਰੀ ਨੇ ਬੜਾ ਜਤਨ ਕੀਤਾ, ਪਰ ਮਹੰਤ ਦੀ ਕੁਟਿਲ ਨੀਤੀ ਕਾਰਨ ਇਹ ਸਾਕਾ ਟਲ ਨਾ ਸਕਿਆ। ਉਸ ਵਕਤ ਉਨ੍ਹਾਂ ਨੇ ਵੱਡੇ ਸਪੁੱਤਰ ਸਾਹਿਬ ਸਿੰਘ ਨੂੰ ਪੜ੍ਹਨ ਤੋਂ ਹਟਾ ਕੇ ਘਰ ਤੇ ਖੇਤੀਬਾੜੀ ਸਾਂਭਣ ਲਈ ਕਿਹਾ ਤਾਂ ਜੋ ਆਪ ਸੁਰਖ਼ਰੂ ਹੋ ਕੇ ਪੰਥਕ ਸੇਵਾ ਵਿੱਚ ਲੱਗ ਸਕਣ।

ਬੀਬੀਸੀ

ਹਿੰਦੁਸਤਾਨ ਟਾਈਮਜ਼ ਦੀ ਸ਼ੁਰੂਆਤ

ਡਾ. ਪਿਆਰ ਸਿੰਘ ਅਨੁਸਾਰ ਨਨਕਾਣਾ ਸਾਹਿਬ ਦੇ ਕਬਜ਼ੇ ਤੋਂ ਬਾਅਦ ਜੋ ਕਮੇਟੀ ਪ੍ਰਬੰਧ ਲਈ ਬਣਾਈ ਗਈ ਉਸ ਵਿੱਚ ਵੀ ਤੇਜੀ ਸਿੰਘ ਸਮੁੰਦਰੀ ਸ਼ਾਮਲ ਸੀ।

ਅਕਾਲੀ ਲਹਿਰ ਦਾ ਮੁੱਢ ਜਿਸ ਅਕਾਲੀ ਅਖ਼ਬਾਰ ਨਾਲ਼ ਬੱਝਿਆ ਉਸ ਦੀ ਸਥਾਪਨਾ ਵਿੱਚ ਵੀ ਤੇਜਾ ਸਿੰਘ ਸਮੁੰਦਰੀ ਮੋਹਰੀ ਰਹੇ। ਪਰਚੇ ਪ੍ਰਤੀ ਇੰਨਾ ਉਤਸ਼ਾਹ ਸੀ ਕਿ ਅਖ਼ਬਾਰ ਜਿੱਥੇ ਵੀ ਪਹੁੰਚਦਾ ਲੋਕ ਸੱਥਾਂ, ਗੁਰਦੁਆਰਿਆਂ ਅਤੇ ਹੋਰ ਸਾਂਝੀਆਂ ਥਾਵਾਂ ਤੇ ਇਕੱਠੇ ਹੋ ਕੇ ਪੜ੍ਹਦੇ।

ਅਖ਼ਬਾਰ ਵੀ ਸਰਕਾਰੀ ਅੱਤਿਆਚਾਰਾਂ ਅਤੇ ਭਾਈਚਾਰਕ ਏਕਤਾ ਬਾਰੇ ਬੇਝਿਝਕ ਹੋ ਕੇ ਲਿਖਦਾ ਸੀ।

ਅਖ਼ਬਾਰ ਦੀ ਚੜ੍ਹਤ ਅਤੇ ਸਾਖ਼ ਤੋਂ ਘਬਰਾਈ ਸਰਕਾਰ ਨੇ ਇਸਦੇ ਮੁਕਾਬਲੇ ਕੁਝ ਹੋਰ ਅਖ਼ਬਾਰ ਕਢਵਾਏ ਪਰ ਉਹ ਆਪਣਾ ਪ੍ਰਭਾਵ ਨਾ ਪਾ ਸਕੇ।

ਗੁਰੂ ਕੇ ਬਾਗ਼ ਦਾ ਮੋਰਚਾ ਫ਼ਤਹਿ ਹੋ ਜਾਣ ਪਿੱਛੋਂ ਤੇਜਾ ਸਿੰਘ ਸਮੁੰਦਰੀ ਨੇ ਅੰਗਰੇਜ਼ੀ ਅਖ਼ਬਾਰ ਦੀ ਲੋੜ ਵੱਲ ਫਿਰ ਧਿਆਨ ਦਿੱਤਾ।

ਪਹਿਲਾਂ ਲਾਹੌਰ ਤੋਂ ਨਿਕਲਦੇ ਅੰਗਰੇਜ਼ੀ ਅਖ਼ਬਾਰ 'ਨੇਸ਼ਨ' ਦੇ ਕੁਝ ਹਿੱਸੇ ਨੂੰ ਖ਼ਰੀਦਿਆ ਗਿਆ ਪਰ ਜ਼ਿਆਦਾ ਦੇਰ ਅਖ਼ਬਾਰ ਨਾ ਚੱਲ ਸਕਿਆ।

ਫਿਰ ਮੰਗਲ ਸਿੰਘ ਨੇ ਅਮਰੀਕਾ ਰਹਿੰਦੇ ਸਿੱਖਾਂ ਤੋਂ ਫੰਡ ਇਕੱਠਾ ਕਰਕੇ ਹਿੰਦੁਸਤਾਨ ਟਾਈਮਜ਼ ਅਖ਼ਬਾਰ ਚਲਾਇਆ ਗਿਆ।

ਚਾਬੀਆਂ ਦੇ ਮੋਰਚੇ ਵਿੱਚ ਵੀ ਉਨ੍ਹਾਂ ਨੇ ਅੱਗੇ ਹੋ ਕੇ ਭੂਮਿਕਾ ਨਿਭਾਈ ਅਤੇ ਖ਼ੂਬ ਲੈਕਚਰ ਭਾਸ਼ਣ ਕੀਤੇ। ਮੋਰਚੇ ਦੌਰਾਨ ਇੱਕ ਤਕਰੀਰ ਤੋਂ ਪਹਿਲਾਂ ਆਪ ਜੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ।

ਤੇਜਾ ਸਿੰਘ ਸਮੁੰਦਰੀ ਹਾਲ

ਜੇ ਸਰਦਾਰ ਪਟੇਲ ਨੇ ਰਜਵਾੜਾ ਸ਼ਾਹੀ ਰਿਆਸਤਾਂ ਨੂੰ ਭਾਰਤੀ ਸੰਘ ਵਿੱਚ ਸ਼ਾਮਲ ਕੀਤਾ ਤਾਂ ਕਿਹਾ ਜਾ ਸਕਦਾ ਹੈ ਕਿ ਤੇਜਾ ਸਿੰਘ ਸਮੁੰਦਰੀ ਨੇ ਵੀ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਅਜ਼ਾਦ ਕਰਵਾ ਕੇ ਪੰਥਕ ਪ੍ਰਬੰਧ ਵਿੱਚ ਸ਼ਾਮਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

ਉਹ ਇੰਨੀ ਹਲੀਮੀ ਅਤੇ ਤਰੀਕੇ ਨਾਲ ਗੱਲ ਕਰਦੇ ਸਨ ਕਿ ਮਹੰਤ ਆਪ-ਮੁਹਾਰੇ ਹੀ ਉਨ੍ਹਾਂ ਦੇ ਆਖੇ ਲੱਗ ਜਾਂਦੇ ਸਨ।

ਆਪਣੀ ਮਰਜ਼ੀ ਨਾਲ ਗੁਰਦੁਆਰੇ ਪੰਥ ਨੂੰ ਸੌਂਪਣ ਵਾਲੇ ਮਹੰਤਾਂ ਦੀ ਆਰਥਿਕ ਮਦਦ ਦੀ ਜ਼ਿੰਮੇਵਾਰੀ ਤੇਜਾ ਸਿੰਘ ਨੇ ਨਿਭਾਈ।

ਕਈਆਂ ਨੂੰ ਪੈਨਸ਼ਨਾਂ ਵੀ ਲਗਾਈਆਂ ਗਈਆਂ ਅਤੇ ਕਰਜ਼ੇ ਵੀ ਖ਼ਤਮ ਕੀਤੇ ਗਏ।

ਕਾਂਗਰਸ ਦੀ ਮੈਂਬਰੀ

ਸਿੱਖ ਹਲਕਿਆਂ ਵਿੱਚ ਵਿਚਰਦਿਆਂ ਅਤੇ ਅੰਗਰੇਜ਼ ਸਰਕਾਰ ਦੇ ਦੇਸ਼ ਵਾਸੀਆਂ ਲਈ ਜ਼ਾਲਮ ਵਤੀਰੇ ਨੂੰ ਦੇਖ ਅਤੇ ਹੰਢਾ ਕੇ ਉਹ ਸਮਝ ਗਏ ਸਨ ਕਿ ਦੇਸ਼ ਵਾਸੀਆਂ ਦੀਆਂ ਮੁਸ਼ਕਲਾਂ ਦਾ ਹੱਲ ਵਿਦੇਸ਼ੀ ਸਰਕਾਰ ਨੂੰ ਬਾਹਰ ਕੱਢੇ ਬਿਨਾਂ ਸੰਭਵ ਨਹੀਂ ਹੈ।

ਅਕਾਲੀ ਲਹਿਰ ਦੌਰਾਨ 'ਨਹੀਂ ਰੱਖਣੀ ਜ਼ਾਲਮ ਸਰਕਾਰ ਨਹੀਂ ਰੱਖਣੀ ਦਾ ਨਾਅਰਾ' ਆਮ ਹੋ ਗਿਆ ਸੀ। ਇਸ ਕਾਰਨ ਕਾਂਗਰਸ ਅਤੇ ਅਕਾਲੀ ਦਲ ਦਾ ਪ੍ਰੋਗਰਾਮ ਕਾਫ਼ੀ ਹੱਦ ਤੱਕ ਰਲ ਮਿਲ ਕੇ ਚੱਲ ਰਿਹਾ ਸੀ।

ਤੇਜਾ ਸਿੰਘ ਸਮੁੰਦਰੀ ਨੇ ਆਪਣੇ ਕਸਬੇ ਸਮੁੰਦਰੀ ਵਿੱਚ ਕਾਂਗਰਸ ਦਾ ਜਲਸਾ ਕਰਵਾਇਆ।

1922 ਵਿੱਚ ਜਦੋਂ ਕਾਂਗਰਸ ਦਾ ਸਮਾਗਮ ਗਯਾ ਵਿੱਚ ਹੋਇਆ ਤਾਂ ਤੇਜਾ ਸਿੰਘ ਸਮੁੰਦਰੀ ਅਕਾਲੀ ਜੱਥਾ ਲੈ ਕੇ ਪਹੁੰਚੇ। ਉੱਥੇ ਇਸ ਜੱਥੇ ਦਾ ਰੋਹਬ ਹੀ ਵੱਖਰਾ ਸੀ।

ਉਸ ਤੋਂ ਬਾਅਦ ਤਾਂ ਕਾਂਗਰਸ ਦੇ ਹਰ ਜਲਸੇ ਦਾ ਕਾਲੀਆਂ ਪੱਗਾਂ ਵਾਲੇ ਅਕਾਲੀ ਅਤੇ ਗੁਰੂ ਕਾ ਲੰਗਰ ਅਨਿੱਖੜ ਅੰਗ ਹੋ ਗਏ।

ਤੇਜਾ ਸਿੰਘ ਸਮੁੰਦਰੀ ਨੇ ਜਵਾਨੀ ਵਿੱਚ ਪੈਰ ਧਰਨ ਤੋਂ ਆਖਰੀ ਸਾਹ ਤੱਕ ਅਪਣੇ ਸਮਕਾਲ ਵਿੱਚ ਵਾਪਰ ਰਹੀ ਹਰ ਸਰਗਰਮੀ ਵਿਚ ਮੂਹਰੇ ਹੋ ਕੇ ਕੰਮ ਕੀਤਾ ਸੀ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)