ਕੀ ਵਿਆਹੇ ਨੌਜਵਾਨ ਜੋੜਿਆਂ ਦੀ ਜ਼ਿੰਦਗੀ ’ਚੋਂ 'ਗਾਇਬ' ਹੋ ਰਿਹਾ ਹੈ ਸੈਕਸ

ਨੌਜਵਾਨ ਤੇ ਸੈਕਸ ਸਮੱਸਿਆ

ਤਸਵੀਰ ਸਰੋਤ, Getty Images

    • ਲੇਖਕ, ਆਦਰਸ਼ ਰਾਠੌਰ
    • ਰੋਲ, ਬੀਬੀਸੀ ਲਈ

"ਜੇ ਸਾਨੂੰ ਸਮੇਂ ਸਿਰ ਸਹੀ ਸਲਾਹ ਨਾ ਮਿਲੀ ਹੁੰਦੀ, ਤਾਂ ਸ਼ਾਇਦ ਸਾਡਾ ਵਿਆਹ ਟੁੱਟ ਗਿਆ ਹੁੰਦਾ।"

ਗੁਰੂਗ੍ਰਾਮ ਨਾਲ ਸਬੰਧਤ ਇੰਜੀਨੀਅਰ ਮਨੀਸ਼ (ਬਦਲਿਆ ਹੋਇਆ ਨਾਮ) ਦਾ ਵਿਆਹ 2013 ਵਿੱਚ ਹੋਇਆ ਸੀ, ਪਰ ਸੱਤ ਸਾਲਾਂ ਦੇ ਅੰਦਰ, ਯਾਨੀ ਸਾਲ 2020 ਤੱਕ, ਉਸਦੀ ਪਤਨੀ ਨਾਲ ਉਸਦੇ ਰਿਸ਼ਤੇ ਵਿਗੜ ਗਏ ਸਨ।

ਉਹ ਦੱਸਦੇ ਹਨ, "ਸਭ ਕੁਝ ਠੀਕ ਹੋਣ ਦੇ ਬਾਵਜੂਦ, ਸਾਡੇ ਸਰੀਰਕ ਸਬੰਧ ਬਣਨੇ ਘੱਟ ਹੋ ਗਏ ਸਨ। ਇਹ ਕਰੀਬ ਪੰਜ ਸਾਲ ਤੱਕ ਚੱਲਿਆ ਅਤੇ ਫਿਰ ਇਸ ਦਾ ਅਸਰ ਸਾਡੇ ਰਿਸ਼ਤੇ 'ਤੇ ਦਿਖਾਈ ਦੇਣ ਲੱਗਾ। ਅੰਤ ਵਿੱਚ ਸਾਨੂੰ ਮੈਰਿਜ ਕਾਉਂਸਲਰ ਦੀ ਮਦਦ ਲੈਣੀ ਪਈ।”

ਮਨੀਸ਼ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਨੌਕਰੀ ਕਰਦੇ ਹਨ। ਉਨ੍ਹਾਂ ਨਾਲ ਜੋ ਹੋਇਆ ਉਹ ਅਸਾਧਾਰਨ ਗੱਲ ਨਹੀਂ ਹੈ।

ਪੂਰੀ ਦੁਨੀਆ ਵਿੱਚ ਦੇਖਿਆ ਜਾ ਰਿਹਾ ਹੈ ਕਿ ਨੌਜਵਾਨ ਜੋੜਿਆਂ, ਖਾਸ ਤੌਰ 'ਤੇ ਵਿਆਹੇ ਹੋਏ ਜਾਂ ਨੌਜਵਾਨਾਂ ਵਿੱਚ ਸੈਕਸ ਪ੍ਰਤੀ ਬੇਚੈਨੀ ਵਧ ਰਹੀ ਹੈ।

1980 ਦੇ ਦਹਾਕੇ ਦੇ ਸ਼ੁਰੂ ਤੋਂ ਲੈ ਕੇ 1990 ਦੇ ਦਹਾਕੇ ਦੇ ਅਖੀਰ ਤੱਕ ਪੈਦਾ ਹੋਏ ਲੋਕਾਂ ਨੂੰ ਮਿਲੇਨੀਅਲਸ ਜਾਂ ਜਨਰੇਸ਼ਨ ਵਾਈ ਕਿਹਾ ਜਾਂਦਾ ਹੈ। ਉਨ੍ਹਾਂ ਦੀ ਉਮਰ ਹੁਣ 25 ਤੋਂ 40 ਸਾਲ ਦੇ ਵਿਚਕਾਰ ਹੈ।

ਇਹ ਉਹ ਉਮਰ ਹੈ ਜਦੋਂ ਇਹ ਮੰਨਿਆ ਜਾਂਦਾ ਹੈ ਕਿ ਮਨੁੱਖ ਸਰੀਰਕ ਸਬੰਧਾਂ ਵਿੱਚ ਸਭ ਤੋਂ ਵੱਧ ਸਰਗਰਮ ਹੁੰਦਾ ਹੈ। ਇਸ ਨੂੰ ਜਿਨਸੀ ਪ੍ਰਾਈਮ ਟਾਈਮ ਵੀ ਕਿਹਾ ਜਾਂਦਾ ਹੈ। ਪਰ ਇਸ ਦੌਰਾਨ ਉਨ੍ਹਾਂ 'ਚ ਸੈਕਸ ਦੀ ਇੱਛਾ ਘਟਣ ਦਾ ਰੁਝਾਨ ਦੇਖਿਆ ਜਾ ਰਿਹਾ ਹੈ।

ਸੈਕਸ

ਤਸਵੀਰ ਸਰੋਤ, Getty Images

ਸੈਕਸ ਵਿੱਚ ਘੱਟਦੀ ਦਿਲਚਸਪੀ

ਇੰਡੀਆਨਾ ਯੂਨੀਵਰਸਿਟੀ ਦੇ ਕਿੰਜੀ ਇੰਸਟੀਚਿਊਟ ਅਤੇ ਸੈਕਸ ਵਾਲੇ ਖਿਡੌਣੇ ਵੇਚਣ ਵਾਲੀ ਕੰਪਨੀ ‘ਲਵ ਹਨੀ’ ਨੇ ਸਾਲ 2021 ਵਿੱਚ 18 ਤੋਂ 45 ਸਾਲ ਦੀ ਉਮਰ ਦੇ ਅਮਰੀਕੀ ਨੌਜਵਾਨਾਂ ਦਾ ਇੱਕ ਸਰਵੇਖਣ ਕੀਤਾ ਸੀ।

ਸਰਵੇਖਣ ਮੁਤਾਬਕ ਪਿਛਲੇ ਸਾਲ ਵਿਆਹੁਤਾ ਜੋੜਿਆਂ 'ਚ ਸੈਕਸ ਦੀ ਇੱਛਾ ਘੱਟ ਹੋਣ ਦੀ ਸਮੱਸਿਆ ਮਿਲੇਨੀਅਲਸ 'ਚ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲੀ।

ਇਸ ਦੇ ਅਨੁਸਾਰ 25.8% ਵਿਆਹੇ ਮਿਲੇਨੀਅਲਸ ਦੀ ਸੈਕਸ ਵਿੱਚ ਦਿਲਚਸਪੀ ਘੱਟ ਗਈ, ਜਦੋਂ ਕਿ ਉਨ੍ਹਾਂ ਤੋਂ ਬਾਅਦ ਦੀ ਪੀੜ੍ਹੀ ਵਿੱਚ 10.5% (ਜਨਰੇਸ਼ਨ Z) ਅਤੇ ਉਹਨਾਂ ਤੋਂ ਪਹਿਲਾਂ ਦੀ ਪੀੜ੍ਹੀ ਦੇ 21.2% (ਜਨਰੇਸ਼ਨ X) ਦੀ ਇਹੋ ਸ਼ਿਕਾਇਤ ਆਈ।

1965 ਅਤੇ 1980 ਦੇ ਵਿਚਕਾਰ ਪੈਦਾ ਹੋਏ ਲੋਕਾਂ ਨੂੰ ਜਨਰੇਸ਼ਨ ਐਕਸ ਮੰਨਿਆ ਜਾਂਦਾ ਹੈ। 1990 ਦੇ ਦਹਾਕੇ ਦੇ ਅਖੀਰ ਅਤੇ 2010 ਦੇ ਦਹਾਕੇ ਦੇ ਸ਼ੁਰੂ ਵਿੱਚ ਪੈਦਾ ਹੋਏ ਲੋਕਾਂ ਨੂੰ ਜਨਰੇਸ਼ਨ ਜ਼ੈੱਡ ਮੰਨਿਆ ਜਾਂਦਾ ਹੈ।

ਮਨੋਵਿਗਿਆਨੀ ਸ਼ਿਵਾਨੀ ਮਿਸ਼ਰੀ ਸਾਧੂ ਦਿੱਲੀ ਵਿੱਚ ਇੱਕ ਕਪਲ ਥੈਰੇਪਿਸਟ ਭਾਵ ਜੋੜਿਆਂ ਦੀ ਕਾਉਂਸਲਿੰਗ ਵਜੋਂ ਕੰਮ ਕਰਦੇ ਹਨ।

ਸੈਕਸ

ਤਸਵੀਰ ਸਰੋਤ, Getty Images

ਉਹ ਵੀ ਸੈਕਸ ਦੇ ਮਾਮਲੇ ਵਿੱਚ ਮਿਲੇਨੀਅਲਸ ਦੀ ਕਮੀ ਵਾਲੀ ਰੂਚੀ ਦੇਖਦੇ ਹਨ।

ਉਹ ਕਹਿੰਦੇ ਹਨ, “ਨੌਜਵਾਨ ਵਿਆਹੇ ਜੋੜੇ, ਖ਼ਾਸਕਰ ਮਿਲੇਨੀਅਲਸ ਸੈਕਸ ਵਿੱਚ ਘੱਟ ਦਿਲਚਸਪੀ ਰੱਖਦੇ ਹਨ ਅਤੇ ਘੱਟ ਸਰੀਰਕ ਸਬੰਧ ਬਣਾ ਰਹੇ ਹਨ।”

ਵਿਆਹੇ ਲੋਕਾਂ ਵਿੱਚ ਸੈਕਸ ਬਹੁਤ ਘੱਟ ਜਾਂ ਸਰੀਰਕ ਸਬੰਧ ਨਾ ਬਣਾਏ ਜਾਣ ਦੀ ਹਾਲਤ ਨੂੰ ਸੰਭੋਗ ਰਹਿਤ ਵਿਆਹ ਕਿਹਾ ਜਾਂਦਾ ਹੈ, ਯਾਨੀ ਅਜਿਹੇ ਵਿਆਹ ਜਿਨ੍ਹਾਂ ਵਿੱਚ ਜਿਨਸੀ ਸਬੰਧ ਲਗਭਗ ਨਾ-ਮਾਤਰ ਹੀ ਬਣਾਏ ਜਾਂਦੇ ਹਨ।

ਮਾਹਿਰਾਂ ਅਨੁਸਾਰ ਜੇਕਰ ਜੋੜਾ ਸਾਲ ਵਿੱਚ 10 ਤੋਂ ਘੱਟ ਵਾਰ ਸੈਕਸ ਕਰਦਾ ਹੈ ਤਾਂ ਅਜਿਹੇ ਵਿਆਹਾਂ ਨੂੰ ਸੈਕਸ ਰਹਿਤ ਵਿਆਹ ਮੰਨਿਆ ਜਾਂਦਾ ਹੈ।

ਕਿਨਸੇ ਇੰਸਟੀਚਿਊਟ ਦੇ ਖੋਜਕਰਤਾ ਜਸਟਿਨ ਲੇਹਮਿਲਰ ਕਹਿੰਦੇ ਹਨ, “ਜਦੋਂ ਪਤੀ-ਪਤਨੀ ਵਿੱਚੋਂ ਇੱਕ ਜਾਂ ਦੋਵੇਂ ਸੈਕਸ ਦੀ ਇੱਛਾ ਗੁਆ ਬੈਠਦੇ ਹਨ, ਤਾਂ ਉਹ ਘੱਟ ਸਰੀਰਕ ਸਬੰਧ ਬਣਾਉਣਾ ਸ਼ੁਰੂ ਕਰ ਦਿੰਦੇ ਹਨ। ਸੈਕਸ ਦੀ ਇੱਛਾ ਦੀ ਇਹ ਘਾਟ ਵਿਆਹ ਨੂੰ ਸੈਕਸ ਰਹਿਤ ਬਣਾ ਸਕਦੀ ਹੈ।”

ਸੈਕਸ

ਵਿਆਹੇ ਜੋੜਿਆ ਦੀ ਸੈਕਸ ਲਾਈਫ਼

  • ਕਈ ਨੌਜਵਾਨ ਜੋੜਿਆਂ ਵਿੱਚ ਵਿਆਹ ਤੋਂ ਬਾਅਦ ਸੰਭੋਗ ਦੀ ਘੱਟ ਇੱਛਾ ਪਾਈ ਜਾਂਦੀ ਹੈ
  • ਕਈ ਜੋੜਿਆਂ ਦਾ ਵਿਆਹ ਸੰਭਗ ਰਹਿਤ ਬਣ ਜਾਂਦਾ ਹੈ
  • ਇਹਨਾਂ ਵਿੱਚ ਵੱਡੀ ਗਿਣਤੀ ਸਾਲ 1980 ਤੋਂ 1990 ਦੇ ਦਾਹਾਕੇ ਵਿੱਚ ਪੈਦਾ ਹੋਏ ਲੋਕ ਆਉਂਦੇ ਹਨ
  • ਸਰੀਰਕ ਸਬੰਧਾਂ ਵਿੱਚ ਦਿਲਚਸਪੀ ਦੀ ਕਮੀ ਬਾਰੇ ਲੋਕ ਆਪਣੇ ਸਾਥੀ ਨਾਲ ਵੀ ਗੱਲ ਕਰਨ ਤੋਂ ਕਤਰਾਉਂਦੇ ਹਨ
  • ਚੰਗੀ ਸੈਕਸ ਲਾਈਫ ਉਹੀ ਹੈ ਜਿਸ ਵਿੱਚ ਸੰਵਾਦ, ਆਨੰਦ, ਸੰਤੁਸ਼ਟੀ ਤੇ ਰਿਸ਼ਤੇ ਵਿੱਚ ਸੰਪੂਰਨਤਾ ਦੀ ਭਾਵਨਾ ਹੋਵੇ
ਸੈਕਸ

'ਦੂਰੀ' ਕਿਉਂ ਵਧ ਰਹੀ ਹੈ?

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸੈਕਸ ਥੈਰੇਪਿਸਟ ਕ੍ਰਿਸਟੀਨ ਲੋਜ਼ਾਨੋ ਦਾ ਕਹਿਣਾ ਹੈ, “ਇੱਛਾਵਾਂ ਵਿੱਚ ਅਸੰਤੁਲਨ ਇੱਕ ਅਜਿਹਾ ਵਿਸ਼ਾ ਹੈ ਜਿਸ ਦਾ ਜੇਕਰ ਧਿਆਨ ਨਾ ਰੱਖਿਆ ਜਾਵੇ ਤਾਂ ਇਹ ਸਮੇਂ ਦੇ ਨਾਲ ਵਧਦਾ ਹੀ ਜਾਂਦਾ ਹੈ।''

''ਜੇਕਰ ਕੋਈ ਵਾਰ-ਵਾਰ ਪਹਿਲ ਕਰਦਾ ਹੈ ਅਤੇ ਉਸ ਦਾ ਸਾਥੀ ਉਸ ਨੂੰ ਨਕਾਰਦਾ ਰਹਿੰਦਾ ਹੈ, ਤਾਂ ਉਸ ਦੇ ਸਵੈ-ਮਾਣ ਨੂੰ ਠੇਸ ਪਹੁੰਚੇਗੀ। ਇਸ ਦੇ ਨਾਲ ਹੀ ਮਨਾ ਕਰਨ ਵਾਲੇ ਸਾਥੀ ਨੂੰ ਵੀ ਪਛਤਾਵਾ ਹੁੰਦਾ ਹੈ। ਇਸ ਕਾਰਨ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ ਕਿ ਜਿਨਸੀ ਉਤਸ਼ਾਹ ਪ੍ਰਭਾਵਿਤ ਹੋਣ ਲੱਗਦਾ ਹੈ।”

ਉਹ ਕਹਿੰਦੇ ਹਨ, "ਹੋਰ ਵੀ ਮੈਡੀਕਲ ਜਾਂ ਮਨੋਵਿਗਿਆਨਕ ਕਾਰਨ ਹਨ ਜੋ ਸੈਕਸ ਨੂੰ ਅਸੰਭਵ, ਦਰਦਨਾਕ, ਮੁਸ਼ਕਲ ਜਾਂ ਘੱਟ ਰੂਚੀ ਵਾਲਾ ਬਣਾਉਂਦੇ ਹਨ। ਰੁਝਾਵਾਂ, ਕੰਮ ਦਾ ਬੋਝ ਅਤੇ ਬੱਚੇ ਵੀ ਸੈਕਸ ਨੂੰ ਘੱਟ ਕਰ ਸਕਦੇ ਹਨ। ਪਤੀ-ਪਤਨੀ ਦਾ ਇੱਕ ਦੂਜੇ ਦੀਆਂ ਇੱਛਾਵਾਂ ਬਾਰੇ ਗੱਲ ਨਾ ਕਰਨਾ ਵੀ ਇੱਕ ਕਾਰਨ ਹੈ।"

ਸੈਕਸ

ਤਸਵੀਰ ਸਰੋਤ, Getty Images

ਅਜਿਹਾ ਨਹੀਂ ਹੈ ਕਿ ਸਿਰਫ਼ ਇੱਕ ਪੀੜ੍ਹੀ ਨੂੰ ਹੀ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਮਾਹਿਰ ਇਸ ਮਾਮਲੇ 'ਚ ਵੱਡਾ ਬਦਲਾਅ ਦੇਖ ਰਹੇ ਹਨ।

ਸੈਨ ਫਰਾਂਸਿਸਕੋ ਵਿੱਚ 20 ਸਾਲਾਂ ਤੋਂ ਸੈਕਸ ਥੈਰੇਪਿਸਟ ਸੇਲੇਸਟੇ ਹਰਸ਼ਮੈਨ ਦਾ ਕਹਿਣਾ ਹੈ, "ਪਹਿਲਾਂ, ਵਿਆਹ ਦੇ 10-15 ਸਾਲਾਂ ਬਾਅਦ ਸਰੀਰਕ ਸਬੰਧਾਂ ਵਿੱਚ ਕਮੀ ਆਉਂਦੀ ਸੀ, ਪਰ ਹੁਣ ਇਹ ਤਿੰਨ ਤੋਂ ਪੰਜ ਸਾਲਾਂ ਵਿੱਚ ਹੋ ਰਿਹਾ ਹੈ।"

ਇਸ ਗੱਲ ਨੂੰ ਅੱਗੇ ਵਧਾਉਂਦੇ ਹੋਏ, ਪਿਛਲੇ 30 ਸਾਲਾਂ ਤੋਂ ਸੈਕਸ ਥੈਰੇਪਿਸਟ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੀ ਸਹਾਇਕ ਪ੍ਰੋਫੈਸਰ ਕਿੰਬਰਲੀ ਐਂਡਰਸਨ ਕਹਿੰਦੇ ਹਨ, "30 ਸਾਲ ਪਹਿਲਾਂ, 50 ਸਾਲ ਤੋਂ ਵੱਧ ਉਮਰ ਦੇ ਲੋਕ ਮੇਰੇ ਕੋਲ ਅਜਿਹੀ ਸਮੱਸਿਆ ਲੈ ਕੇ ਆਉਂਦੇ ਸਨ। ਇਹ ਉਹ ਲੋਕ ਸਨ ਜਿਨ੍ਹਾਂ ਦੀ ਉਮਰ ਕਾਰਨ ਬਿਮਾਰੀਆਂ ਜਾਂ ਹਾਰਮੋਨਲ ਤਬਦੀਲੀਆਂ ਕਾਰਨ ਜਿਨਸੀ ਇੱਛਾ ਘੱਟ ਜਾਂਦੀ ਸੀ। ਪਰ ਅੱਜ ਕੱਲ੍ਹ 45 ਸਾਲ ਤੋਂ ਘੱਟ ਉਮਰ ਦੇ ਜੋੜਿਆਂ ਦੇ ਵਿਆਹ ਵੀ ਸੰਭੋਗ ਰਹਿਤ ਹੋ ਰਹੇ ਹਨ।”

ਕਈ ਤਰ੍ਹਾਂ ਦਾ ਦਬਾਅ

ਅਮਰੀਕਾ ਦੇ ਕਿਨਸੇ ਇੰਸਟੀਚਿਊਟ ਦੇ ਖੋਜਕਰਤਾ ਜਸਟਿਨ ਲੇਹਮਿਲਰ ਦਾ ਕਹਿਣਾ ਹੈ, "ਜ਼ਿਆਦਾ ਤਣਾਅ ਵੀ ਸਰੀਰਕ ਇੱਛਾ 'ਤੇ ਡੂੰਘਾ ਅਸਰ ਪਾਉਂਦਾ ਹੈ ਅਤੇ ਮਿਲੇਨੀਅਲਸ ਨੂੰ ਆਪਣੀ ਪਿਛਲੀ ਪੀੜ੍ਹੀ ਦੇ ਮੁਕਾਬਲੇ ਜ਼ਿਆਦਾ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।"

ਇਸ ਤਣਾਅ ਦੇ ਕਈ ਕਾਰਨ ਵੀ ਹਨ।

ਬ੍ਰਿਟੇਨ ਦੇ ਕਾਉਂਸਲਿੰਗ ਨੈੱਟਵਰਕ ਰਿਲੇਟ ਵੱਲੋਂ 2018 ਦੇ ਇੱਕ ਅਧਿਐਨ ਅਨੁਸਾਰ, "30 ਤੋਂ 40 ਸਾਲ ਦੀ ਉਮਰ ਦੇ 61 ਫ਼ੀਸਦ ਲੋਕਾਂ ਨੇ ਆਪਣੇ ਛੋਟੇ ਬੱਚਿਆਂ ਦੀ ਦੇਖਭਾਲ ਦੇ ਕਾਰਨ ਘੱਟ ਸੈਕਸ ਕਰਨ ਦੀ ਗੱਲ ਆਖੀ। 31 ਫ਼ੀਸਦ ਨੇ ਇਹ ਵੀ ਕਿਹਾ ਕਿ ਉਹ ਬੱਚੇ ਪੈਦਾ ਕਰਨ ਤੋਂ ਬਾਅਦ ਆਪਣੀ ਸਰੀਰਕ ਇੱਛਾ ਗੁਆ ਚੁੱਕੇ ਹਨ।"

ਇਸ ਤੋਂ ਇਲਾਵਾ ਮਿਲੇਨੀਅਲਸ 'ਤੇ ਵੀ ਆਪਣੇ ਕਰੀਅਰ 'ਚ ਸਫਲ ਹੋਣ ਅਤੇ ਵਿੱਤੀ ਤੌਰ 'ਤੇ ਮਜ਼ਬੂਤ ਹੋਣ ਦਾ ਦਬਾਅ ਹੁੰਦਾ ਹੈ। ਕੰਮ ਦੇ ਬੋਝ ਕਾਰਨ ਉਨ੍ਹਾਂ ਨੂੰ ਵੀ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੈਕਸ

ਤਸਵੀਰ ਸਰੋਤ, Getty Images

ਇੱਕ ਗਲੋਬਲ ਸਲਾਹਕਾਰ ਕੰਪਨੀ ਡੇਲੋਇਟ ਵੱਲੋਂ ਪੰਜ-ਦੇਸ਼ਾਂ ਵਿੱਚ ਕੀਤੇ ਅਧਿਐਨ ਵਿੱਚ ਪਾਇਆ ਗਿਆ ਕਿ, "38 ਫ਼ੀਸਦ ਮਿਲੇਨੀਅਲਸ ਦੱਸਦੇ ਹਨ ਕਿ ਉਨ੍ਹਾਂ ਉੱਪਰ ਬਹੁਤ ਜ਼ਿਆਦਾ ਕੰਮ ਦਾ ਦਬਾਅ ਹੈ। ਮਰਦਾਂ (36%) ਨਾਲੋਂ ਵੱਧ ਔਰਤਾਂ (41%) ਇਸ ਤਣਾਅ ਪਾਇਆ ਜਾਂਦਾ ਹੈ।"

ਜਸਟਿਨ ਲੇਹਮਿਲਰ ਦੇ ਅਨੁਸਾਰ, "ਜ਼ਿਆਦਾਤਰ ਮਿਲੇਨੀਅਲਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮੰਦੀ (2008) ਦੌਰਾਨ ਕੀਤੀ ਸੀ ਅਤੇ ਹੁਣ ਕੋਵਿਡ ਮਹਾਂਮਾਰੀ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।"

ਇਸ ਦੇ ਨਾਲ ਹੀ ਜਦੋਂ ਟੈਕਨਾਲੋਜੀ ਵੀ ਤੇਜ਼ੀ ਨਾਲ ਬਦਲ ਰਹੀ ਹੈ ਤਾਂ ਉਨ੍ਹਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਉਹ ਵਰਕਹੋਲਿਕ ਬਣ ਗਏ ਹਨ।

ਜ਼ਿਆਦਾ ਕੰਮ ਕਰਨ ਕਾਰਨ ਅਜਿਹੇ ਹਾਲਾਤ ਪੈਦਾ ਹੋ ਰਹੇ ਹਨ ਕਿ ਉਹ ਦਿਨ ਦੇ ਅੰਤ ਵਿੱਚ ਸੈਕਸ ਕਰਨ ਲਈ ਬਹੁਤ ਥੱਕ ਜਾਂਦੇ ਹਨ।

ਸੈਕਸ

ਤਸਵੀਰ ਸਰੋਤ, Getty Images

ਸੋਸ਼ਲ ਮੀਡੀਆ ਤੇ ਪੋਰਨ

ਨੌਜਵਾਨਾਂ ਦੀ ਸੈਕਸ ਲਾਈਫ 'ਤੇ ਸੋਸ਼ਲ ਮੀਡੀਆ ਅਤੇ ਪੋਰਨ ਦੇ ਪ੍ਰਭਾਵ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਕਈ ਬਿਊਟੀ ਫਿਲਟਰ ਹੁੰਦੇ ਹਨ। ਅਜਿਹੀ ਸਥਿਤੀ ਵਿੱਚ, ਅਸਲ ਜ਼ਿੰਦਗੀ ਵਿੱਚ ਕੁਝ ਲੋਕਾਂ ਨੂੰ ਆਪਣੇ ਸਰੀਰ ਨੂੰ ਲੈ ਕੇ ਹੀਣ ਭਾਵਨਾ ਪੈਦਾ ਹੁੰਦੀ ਹੈ।

ਕਾਉਂਸਲਿੰਗ ਨੈੱਟਵਰਕ ਰਿਲੇਟ ਦੇ ਇੱਕ ਸਰਵੇਖਣ ਅਨੁਸਾਰ, "30 ਸਾਲ ਤੋਂ ਘੱਟ ਉਮਰ ਦੇ 37 ਫ਼ੀਸਦ ਨੌਜਵਾਨ ਜੋ ਘੱਟ ਸੈਕਸ ਕਰ ਰਹੇ ਸਨ, ਉਹ ਹੀਣ ਭਾਵਨਾ ਦਾ ਸ਼ਿਕਾਰ ਪਾਏ ਗਏ।"

ਇਸ ਦੇ ਨਾਲ ਹੀ, ਨਿਊਯਾਰਕ ਦੇ ਸੈਕਸ ਥੈਰੇਪਿਸਟ ਸਟੀਫਨ ਸਨਾਈਡਰ ਦਾ ਕਹਿਣਾ ਹੈ, "ਜਦੋਂ ਇੰਟਰਨੈੱਟ 'ਤੇ ਪੋਰਨ ਦੀ ਉਪਲਬਧਤਾ ਵਧ ਰਹੀ ਸੀ ਤਾਂ ਜ਼ਿਆਦਾਤਰ ਮਿਲੇਨੀਅਲਸ ਵੱਡੇ ਹੋ ਰਹੇ ਸਨ। ਹੁਣ ਇਹ ਦੇਖਿਆ ਜਾ ਰਿਹਾ ਹੈ ਕਿ ਕੁਝ ਲੋਕਾਂ ਨੂੰ ਅਸਲ ਵਿੱਚ ਸੈਕਸ ਕਰਨ ਨਾਲੋਂ ਪੋਰਨ ਦੇਖਣ ਵਿੱਚ ਜ਼ਿਆਦਾ ਖੁਸ਼ੀ ਮਿਲਦੀ ਹੈ।''

ਸੈਕਸ

ਤਸਵੀਰ ਸਰੋਤ, Getty Images

ਹੱਲ ਕੀ ਹੈ?

ਤਣਾਅ ਦੇ ਕਾਰਨਾਂ ਨੂੰ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਦੂਰ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਪੋਰਨ ਜਾਂ ਸੋਸ਼ਲ ਮੀਡੀਆ ਦੇ ਪ੍ਰਭਾਵ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਫਿਰ ਇਹਨਾਂ ਕਾਰਨਾਂ ਕਰਕੇ ਸੰਭੋਗ ਰਹਿਤ ਵਿਆਹ ਤੋਂ ਕਿਵੇਂ ਬਚਿਆ ਜਾਵੇ?

ਮਨੋਵਿਗਿਆਨੀ ਸ਼ਿਵਾਨੀ ਮਿਸਰੀ ਸਾਧੂ ਦਾ ਕਹਿਣਾ ਹੈ, “ਇਹ ਜ਼ਰੂਰੀ ਹੈ ਕਿ ਸਰੀਰਕ ਸਬੰਧਾਂ ਵਿੱਚ ਪਤੀ-ਪਤਨੀ ਦੋਵਾਂ ਦੀਆਂ ਇੱਛਾਵਾਂ ਸ਼ਾਮਲ ਹੋਣ ਅਤੇ ਦੋਵਾਂ ਨੂੰ ਸੰਤੁਸ਼ਟੀ ਮਿਲੇ। ਤੁਹਾਨੂੰ ਆਪਸੀ ਸੰਚਾਰ, ਵਿਸ਼ਵਾਸ, ਇੱਕ ਦੂਜੇ ਦੀਆਂ ਇੱਛਾਵਾਂ ਅਤੇ ਸੀਮਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਸਬੰਧ ਕਿੰਨੀ ਵਾਰ ਬਣਦੇ ਹਨ, ਇਸ ਤੋਂ ਵੱਧ ਮਹੱਤਵਪੂਰਨ ਇਹ ਹੈ ਕਿ ਤੁਸੀਂ ਕਿਵੇਂ ਸਬੰਧ ਬਣਾਉਂਦੇ ਹੋ, ਕੀ ਇਸ ਵਿੱਚ ਖੁਸ਼ੀ ਅਤੇ ਨੇੜਤਾ ਹੁੰਦੀ ਹੈ।”

ਮਾਹਿਰਾਂ ਦਾ ਕਹਿਣਾ ਹੈ ਕਿ ਚੰਗੀ ਸੈਕਸ ਲਾਈਫ ਉਹੀ ਕਹੀ ਜਾ ਸਕਦੀ ਹੈ ਜਿਸ ਵਿੱਚ ਸੰਵਾਦ, ਆਨੰਦ, ਸੰਤੁਸ਼ਟੀ ਅਤੇ ਰਿਸ਼ਤੇ ਵਿੱਚ ਸੰਪੂਰਨਤਾ ਦੀ ਭਾਵਨਾ ਹੋਵੇ।

ਵੈਸੇ ਤਾਂ ਸੱਚਾਈ ਇਹ ਹੈ ਕਿ ਸਰੀਰਕ ਸਬੰਧਾਂ ਵਿੱਚ ਦਿਲਚਸਪੀ ਦੀ ਕਮੀ ਇੱਕ ਅਜਿਹਾ ਵਿਸ਼ਾ ਹੈ ਜਿਸ 'ਤੇ ਲੋਕ ਆਪਣੇ ਸਾਥੀ ਨਾਲ ਗੱਲ ਕਰਨ ਤੋਂ ਵੀ ਕੰਨੀ ਕਤਰਾਉਂਦੇ ਹਨ।

ਪਰ ਮਾਹਿਰ ਸਲਾਹ ਦਿੰਦੇ ਹਨ ਕਿ ਜੇਕਰ ਅਜਿਹਾ ਹੁੰਦਾ ਹੈ, ਤਾਂ ਮੈਰਿਜ ਕਾਉਂਸਲਰ ਜਾਂ ਸੈਕਸ ਥੈਰੇਪਿਸਟ ਦੀ ਮਦਦ ਲੈਣੀ ਚਾਹੀਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)