ਪਾਕਿਸਤਾਨ: ਢਹਿ-ਢੇਰੀ ਹੋਇਆ ਗੁਰਦੁਆਰਾ ਰੋੜੀ ਸਾਹਿਬ ਕਿਵੇਂ ਗੁਰੂ ਨਾਨਕ ਤੋਂ ਲੈ ਕੇ ਭਗਤ ਸਿੰਘ ਤੱਕ ਜੁੜਦਾ ਹੈ

ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਰੋੜੀ ਸਾਹਿਬ ਬੀਤੇ ਦਿਨਾਂ ਦੌਰਾਨ ਹੋਈ ਬਰਸਾਤ ਕਾਰਨ ਢਹਿ ਗਿਆ ਸੀ।
ਇਹ ਗੁਰਦੁਆਰਾ ਸਾਹਿਬ ਲਾਹੌਰ ਦੇ ਪਿੰਡ ਜਾਮਣ ਵਿੱਚ ਬੇਦੀਆ ਰੋਡ 'ਤੇ ਭਾਰਤ ਨਾਲ ਲੱਗਦੀ ਸਰਹੱਦ ਦੇ ਨੇੜੇ ਸਥਿਤ ਹੈ।
ਇਤਿਹਾਸਕ ਮਹੱਤਤ ਰੱਖਣ ਵਾਲੇ ਇਸ ਗੁਰਦੁਆਰਾ ਸਾਹਿਬ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਬਣਾਇਆ ਗਿਆ ਸੀ ਅਤੇ ਇਹ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ।
ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵਿਸਥਾਰ ਵਿੱਚ ਜਾਣਨ ਲਈ ਪਾਕਿਸਤਾਨ ਤੋਂ ਬੀਬੀਸੀ ਪੱਤਰਕਾਰ ਅਲੀ ਕਾਜ਼ਮੀ ਨੇ ਇਤਿਹਾਸਕਾਰ ਇਕਬਾਲ ਕੈਸਰ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਹੇਠ ਲਿਖੇ ਸ਼ਬਦਾਂ ਵਿੱਚ ਜ਼ਿਕਰ ਕੀਤਾ ਹੈ।

ਸਰਹੱਦ ਨੇੜੇ ਸਥਿਤ ਗੁਰਦੁਆਰਾ
ਗੁਰਦੁਆਰਾ ਰੋੜੀ ਸਾਹਿਬ ਪਾਕਿਸਤਾਨ ਦੇ ਲਾਹੌਰ ਦੇ ਨਜ਼ਦੀਕ ਪੈਂਦੇ ਇੱਕ ਪਿੰਡ ਜਾਮਣ ਵਿੱਚ ਸਥਿਤ ਹੈ।
ਇਹ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਕਿਉਂਕਿ ਇਸ ਅਸਥਾਨ 'ਤੇ ਗੁਰੂ ਨਾਨਕ ਦੇਵ ਜੀ ਚਾਰ ਵਾਰ ਆਏ ਸਨ।
ਉਨ੍ਹਾਂ ਨੇ ਇੱਥੋਂ ਦੇ ਲੋਕਾਂ ਨੂੰ 'ਇੱਕ ਓਂਕਾਰ' ਦੀ ਧੁੰਨੀ ਦਾ ਸਿਧਾਂਤ ਦਿੱਤਾ ਸੀ।
ਉਨ੍ਹਾਂ ਦੇ ਚਾਰ ਵਾਰ ਆਉਣ ਦਾ ਕਾਰਨ ਇਸ ਲਈ ਵੀ ਮੰਨਿਆ ਜਾਂਦਾ ਹੈ ਕਿਉਂਕਿ ਇਸ ਪਿੰਡ ਦੇ ਬਿਲਕੁਲ ਨੇੜੇ ਹੀ ਇੱਕ ਪਿੰਡ ਹੈ ਡੇਰਾ ਚਾਹਲ, ਜਿੱਥੇ ਗੁਰੂ ਨਾਨਕ ਦੇਵ ਜੀ ਦੇ ਨਾਨਕੇ ਸਨ।
ਇੱਥੇ ਆ ਕੇ ਗੁਰੂ ਜੀ ਜਿਹੜੀ ਛੱਪੜੀ ਦੇ ਕੰਢੇ ਠਹਿਰੇ ਸਨ, ਉਹੀ ਛੱਪੜੀ ਬਾਅਦ ਵਿੱਚ ਇੱਸ ਪਾਵਨ ਅਸਥਾਨ ਦਾ ਸਰੋਵਰ ਬਣੀ।
ਪਿੰਡ ਕਦੋਂ ਆਬਾਦ ਹੋਇਆ

ਜਾਮਣ ਨਾਮ ਦਾ ਇੱਕ ਪੁਰਾਣਾ ਥੇਹ ਪਿਆ ਹੋਇਆ ਸੀ। ਪਰ ਇਹ ਕਦੋਂ ਦਾ ਸੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਹੈ।
ਕੀ ਉਸ ਥੇਹ 'ਤੇ ਜਾਮਣ ਦਾ ਦਰਖ਼ਤ ਸੀ, ਇਸ ਕਾਰਨ ਉਸ ਦਾ ਨਾਮ ਜਾਮਣ ਪੈ ਗਿਆ ਜਾਂ ਫਿਰ ਕਿਸੇ ਬੰਦੇ ਨੇ ਆਬਾਦ ਕੀਤਾ ਸੀ ਤਾਂ ਫਿਰ ਇਸ ਦਾ ਨਾਮ ਜਾਮਣ ਸੀ, ਅਸੀਂ ਬਾਰੇ ਵੀ ਕੁਝ ਨਹੀਂ ਕਹਿ ਸਕਦੇ।
ਪਰ ਇਸ ਪਿੰਡ ਦਾ ਨਾਮ ਜਾਮਣ ਵਜੋਂ ਹੀ ਲਿਆ ਗਿਆ। ਮੌਜੂਦਾ ਪਿੰਡ 1660 ਵਿੱਚ ਆਬਾਦ ਹੋਇਆ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਆਬਾਦ ਹੈ, ਸਿਵਾਇ 1947 ਦੇ ਕਿਉਂਕਿ ਉਦੋਂ ਇਹ ਇੱਕ ਵਾਰ ਉੱਜੜਿਆ ਸੀ।
ਜੇਕਰ ਅਸੀਂ ਇਸ ਪਿੰਡ ਦੇ ਇਤਿਹਾਸ ਨੂੰ ਦੇਖੀਏ ਤਾਂ ਇੱਕ ਬਹੁਤ ਹੀ ਵੱਡਾ ਪਿੰਡ ਸੀ। ਇਸ ਪਿੰਡ ਦੇ ਲੋਕ ਸਿਆਸਤ ਪੱਖੋਂ ਬਹੁਤ ਸੁਚੇਤ ਵੀ ਮੰਨੇ ਜਾਂਦੇ ਸਨ।
ਉਨ੍ਹਾਂ ਨੇ ਇੱਥੇ ਬਹੁਤ ਸਾਰੀਆਂ ਚੀਜ਼ਾਂ ਵੇਖੀਆਂ ਹਨ, ਜਿਵੇਂ ਕਿਸਾਨ ਅੰਦੋਲਨ, ਗੁਰੂ ਕਾ ਬਾਗ਼ ਦਾ ਮੋਰਚਾ, ਤਰਨਤਾਰਨ ਸਾਹਿਬ ਵਾਲਾ ਮੋਰਚਾ, ਅੰਮ੍ਰਿਤਸਰ ਵਾਲਾ ਮੋਰਚਾ, ਭਾਈ ਫੇਰੂ ਦਾ ਮੋਰਚਾ।
ਇਨ੍ਹਾਂ ਮੋਰਚਿਆਂ ਵਿੱਚ ਇਸ ਪਿੰਡ ਦੇ ਲੋਕਾਂ ਨੇ ਬਹੁਤ ਵਧ-ਚੜ੍ਹ ਕੇ ਹਿੱਸਾ ਪਾਇਆ ਹੈ।
ਇਸ ਪਿੰਡ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਜਦੋਂ ਦੂਜੀ ਵਾਰ ਆਏ ਤਾਂ ਨਰੀਆ ਨਾਮ ਦੇ ਬੰਦੇ ਨੂੰ ਮਿਲੇ। ਜਿਨ੍ਹਾਂ ਨੂੰ ਸਿੱਖ ਇਤਿਹਾਸ ਵਿੱਚ ਭਾਈ ਨਰੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਕੇ ਜਾਣ ਤੋਂ ਬਾਅਦ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਇਸ ਦਾ ਸਿੱਟਾ ਇਹ ਨਿਕਲਿਆ ਕਿ ਇਸ ਬਸਤੀ ਨੇ ਹੀ ਇੱਕ ਹੋਰ ਜੈਨ ਮਤ ਨੂੰ ਮੰਨਣ ਵਾਲੀ ਬਸਤੀ ਨੂੰ ਸਿੱਖ ਧਰਮ ਵਿੱਚ ਧਾਰਨ ਕਰਵਾ ਲਿਆ।
ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ਮੁਤਾਬਕ ਮੌਜੂਦਾ ਇਮਾਰਤ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਜਾਂ ਉਸ ਦੇ ਨੇੜੇ-ਤੇੜੇ ਹੀ ਭਾਈ ਵਧਾਵਾ ਸਿੰਘ ਨੇ ਕੀਤੀ।

ਤਸਵੀਰ ਸਰੋਤ, Dalvir Singh Pannu

ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੈ ਇਤਿਹਾਸ
- ਗੁਰਦੁਆਰਾ ਰੋੜੀ ਸਾਹਿਬ ਪਾਕਿਸਤਾਨ ਦੇ ਲਾਹੌਰ ਦੇ ਨਜ਼ਦੀਕ ਪੈਂਦੇ ਇੱਕ ਪਿੰਡ ਜਾਮਣ ਵਿੱਚ ਸਥਿਤ ਹੈ।
- ਇਸ ਅਸਥਾਨ 'ਤੇ ਗੁਰੂ ਨਾਨਕ ਦੇਵ ਜੀ ਚਾਰ ਵਾਰ ਆਏ ਸਨ।
- ਇਸ ਪਿੰਡ ਦੇ ਬਿਲਕੁਲ ਨੇੜੇ ਹੀ ਇੱਕ ਪਿੰਡ ਹੈ ਡੇਰਾ ਚਾਹਲ, ਜਿੱਥੇ ਗੁਰੂ ਨਾਨਕ ਦੇਵ ਜੀ ਦੇ ਨਾਨਕੇ ਸਨ।
- ਮੌਜੂਦਾ ਇਮਾਰਤ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਜਾਂ ਉਸ ਦੇ ਨੇੜੇ-ਤੇੜ ਹੀ ਭਾਈ ਵਧਾਵਾ ਸਿੰਘ ਨੇ ਕੀਤੀ।
- ਇਸ ਪਿੰਡ ਦੇ ਵਸਨੀਕਾਂ ਨੇ ਅਜ਼ਾਦੀ ਦੀ ਲੜਾਈ ਵੇਲੇ ਵੀ ਯੋਗਦਾਨ ਪਾਇਆ ਸੀ।

ਇਸ ਦਾ ਇਤਿਹਾਸ ਆਜ਼ਾਦੀ ਨਾਲ ਵੀ ਜੁੜਿਆ ਹੈ
ਇਹ ਇਮਰਾਤ ਸਿਰਫ਼ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਤੱਕ ਹੀ ਸੀਮਤ ਨਹੀਂ ਹੈ, ਬਲਕਿ ਇਸ ਦਾ ਅੱਗੇ ਵੀ ਇਤਿਹਾਸ ਹੈ।
ਇਸ ਦੇ ਅਗਲੇ ਸਫ਼ਰ ਵਿੱਚ ਜਦੋਂ ਭਗਤ ਸਿੰਘ ਹੁਰਾਂ ਨੂੰ ਫਾਂਸੀ ਦਿੱਤੀ ਗਈ ਤਾਂ ਲਾਹੌਰ ਵਿੱਚ ਕਰਫਿਊ ਲੱਗਿਆ, ਧਾਰਾ 144 ਲੱਗੀ, ਲੋਕਾਂ ਨੂੰ ਇਕੱਠਿਆਂ ਨਹੀਂ ਹੋਣ ਦਿੰਦੇ ਸਨ ਅਤੇ ਬ੍ਰਿਟਿਸ਼ ਸਰਕਾਰ ਦੀ ਸ਼ਖ਼ਤੀ ਆਪਣੇ ਸਿਖ਼ਰ 'ਤੇ ਸੀ।
ਇਸੇ ਗੁਰਦੁਆਰੇ ਵਿੱਚ ਭਗਤ ਸਿੰਘ ਹੁਰਾਂ ਲਈ ਅਖੰਡ ਪਾਠ ਸਾਹਿਬ ਰੱਖਿਆ ਗਿਆ ਸੀ ਅਤੇ ਇੱਥੇ ਹੀ ਉਨ੍ਹਾਂ ਦੀ ਅੰਤਿਮ ਹੋਈ ਸੀ।
ਇਸ ਰਸਮ ਵਿੱਚ ਪੰਜ ਤੋਂ ਸੱਤ ਹਜ਼ਾਰ ਦੇ ਕਰੀਬ ਲੋਕ ਇੱਥੇ ਇਕੱਠੇ ਹੋਏ ਸਨ, ਜੋ ਕਿ ਲਾਹੌਰ ਵਿੱਚ ਇਕਠੇ ਨਹੀਂ ਹੋ ਸਕਦੇ ਸਨ।
ਉਸ ਵੇਲੇ ਨੌਜਵਾਨ ਭਾਰਤ ਸਭਾ ਦੇ ਦਫ਼ਤਰ ਇੱਥੇ ਸੀ। ਇੱਥੇ ਹੀ ਕਾਂਗਰਸ ਦਾ ਦਫ਼ਤਰ ਸੀ, ਇਸੇ ਪਿੰਡ ਵਿੱਚ ਕਿਸਾਨ ਮੋਰਚੇ ਦਾ ਦਫ਼ਤਰ ਵੀ ਰਿਹਾ। ਇਸ ਤਰ੍ਹਾਂ ਇਹ ਲੋਕ ਬਹੁਤ ਸੁਚੇਤ ਸਨ।
ਇਸ ਤਰ੍ਹਾਂ ਇਸ ਪਿੰਡ ਅਤੇ ਗੁਰਦੁਆਰੇ ਦਾ ਇਤਿਹਾਸ ਆਜ਼ਾਦੀ ਨਾਲ ਵੀ ਜੁੜਿਆ ਹੈ।

ਮੈਂ ਇੱਥੇ 1985-86 ਵਿੱਚ ਪਹਿਲੀ ਵਾਰ ਗਿਆ ਸੀ ਪਰ ਮੈਂ ਅੰਦਰ ਨਹੀਂ ਜਾ ਸਕਿਆ ਕਿਉਂਕਿ ਇਹ ਸਰਹੱਦ ਤੋਂ ਡੇਢ ਕੁ ਕਿਲੋਮੀਟਰ ਦੀ ਦੂਰੀ 'ਤੇ ਹੈ।
ਉਸ ਵੇਲੇ ਬਾਰਡਰ ਫੋਰਸ ਵਾਲਿਆਂ ਦੀ ਇੱਥੇ ਚੌਕੀ ਸੀ ਅਤੇ ਇਸ ਲਈ ਉਨ੍ਹਾਂ ਨੇ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਸੀ।
ਹਾਲਾਂਕਿ, ਮੈਂ ਆਪਣੀ ਦੂਜੀ ਫੇਰੀ ਵੇਲੇ ਅੰਦਰ ਨਹੀਂ ਜਾ ਸਕਿਆ ਪਰ ਤੀਜੀ ਵਾਰ ਮੈਂ ਜਦੋਂ ਗਿਆ ਤਾਂ ਉੱਥੋਂ ਉਹ ਚੌਂਕੀ ਖ਼ਤਮ ਹੋ ਗਈ ਤੇ ਇਹ ਬਿਲਕੁਲ ਖਾਲੀ ਸੀ।
ਇਸ ਤਰ੍ਹਾਂ ਮੈਂ ਅੰਦਰ ਚਲਾ ਗਿਆ ਅਤੇ ਦਰਸ਼ਨ ਕੀਤੇ। ਉਸ ਵੇਲੇ ਆਮ ਲੋਕ ਵੀ ਇੱਥੇ ਆ-ਜਾ ਸਕਦੇ ਸਨ।
ਇਹ ਤਿੰਨ ਮੰਜ਼ਿਲਾਂ ਇਮਾਰਤ ਸੀ। ਇੱਕ ਗੁੰਬਦ ਉੱਤੇ ਸੂਰਜ ਦੇਵਤਾ ਬਣੇ ਹੋਏ ਸਨ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਦੀਆਂ ਸਾਫ਼ ਤਸਵੀਰਾਂ ਬਣੀਆਂ ਹੋਈਆਂ ਸਨ। ਇਨ੍ਹਾਂ ਉੱਤੇ ਗੁਰਮੁੱਖੀ ਵਿੱਚ ਵੀ ਲਿਖਿਆ ਹੋਇਆ ਸੀ।
ਬਾਕੀ ਗੁਰੂ ਸਾਹਿਬਾਨ ਦੇ ਚਿਤਰ ਮੌਜੂਦ ਸਨ ਅਤੇ ਹੋਰ ਫਲ-ਬੂਟੇ ਬਣੇ ਹੋਏ ਸਨ। ਇਹ ਆਪਣੇ ਜ਼ਮਾਨੇ ਦਾ ਇੱਕ ਬਹੁਤ ਹੀ ਖ਼ੂਬਸੂਰਤ ਅਸਥਾਨ ਸੀ ਜੋ ਅੱਜ ਆਲੋਪ ਹੋ ਗਿਆ ਹੈ।
ਮੈਨੂੰ ਜਦੋਂ ਪਤਾ ਲੱਗਾ ਕਿ ਗੁਰਦੁਆਰਾ ਰੋੜੀ ਸਾਹਿਬ ਜਾਮਣ ਕਿਸੇ ਵਜ੍ਹਾ ਤੋਂ ਢਹਿ-ਢੇਰੀ ਹੋ ਗਿਆ ਹੈ ਤਾਂ ਮੈਨੂੰ ਬਹੁਤ ਦੁੱਖ ਹੋਇਆ।
ਦੁੱਖ ਇਸ ਕਾਰਨ ਹੋਇਆ ਕਿ ਮੇਰਾ ਸਬੰਧ ਪੰਜਾਬ ਦੇ ਇਤਿਹਾਸ ਦੇ ਨਾਲ ਹੈ। ਪੰਜਾਬ ਚੱਪਾ-ਚੱਪਾ ਜਿੱਥੇ ਵੀ ਇਤਿਹਾਸ ਹੈ ਉਹ ਮੇਰੀ ਲਈ ਬਹੁਤ ਹੀ ਦੁਰਲੱਭ ਹੈ।
ਹੋ ਸਕਦਾ ਹੈ ਕਿ ਕੱਲ੍ਹ ਨੂੰ ਸੰਗਤ ਨਵਾਂ ਗੁਰਦੁਆਰਾ ਸਾਹਿਬ ਉਸਾਰ ਦੇਵੇ ਪਰ ਇਸ ਦੀ ਪੁਰਾਣੀ ਦਿੱਖ ਯਕੀਨੀ ਤੌਰ 'ਤੇ ਬਹਾਲ ਨਹੀਂ ਹੋਵੇਗੀ।
ਪਾਕਿਸਤਾਨ ਵਿੱਚ ਕਰੀਬ 135 ਇਤਿਹਾਸਕ ਗੁਰਦੁਆਰੇ ਹਨ, ਜਿਹੜੇ ਗੁਰੂ ਸਾਹਿਬਾਨ ਨਾਲ ਜੁੜੇ ਹੋਏ ਹਨ।
ਇਨ੍ਹਾਂ ਵਿੱਚੋਂ ਕਈ ਬਹੁਤ ਦੂਰ-ਦਰਾਢੇ ਇਲਾਕਿਆਂ ਵਿੱਚ ਸਥਾਪਿਤ ਹਨ, ਜਿਨ੍ਹਾਂ ਕਰ ਕੇ ਇਨ੍ਹਾਂ ਦੇਖਭਾਲ ਨਹੀਂ ਹੋ ਸਕਦੀ ਅਤੇ ਇਨ੍ਹਾਂ ਦੀ ਦੇਖਰੇਖ ਵਾਸਤੇ ਬਹੁਤ ਸਾਰੇ ਯਤਨਾਂ ਦੀ ਲੋੜ ਹੈ।












