ਕ੍ਰਿਕਟ ਮੈਚ: ਬਿਸ਼ਨ ਸਿੰਘ ਬੇਦੀ ਨੂੰ ਜਦੋਂ 6 ਖਿਡਾਰੀ ਆਊਟ ਹੋਣ ਉੱਤੇ ਹੀ ਪਾਰੀ ਖ਼ਤਮ ਕਰਨੀ ਪਈ

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਪੱਤਰਕਾਰ
ਵੈਸੇ ਤਾਂ ਕ੍ਰਿਕਟ ਨੂੰ ‘ਜੈਂਟਲਮੈਨ ਗੇਮ’ ਕਿਹਾ ਜਾਂਦਾ ਹੈ ਪਰ ਕਈ ਅਜਿਹੇ ਮੌਕੇ ਆਏ ਹਨ ਜਦੋਂ ਕ੍ਰਿਕਟ ਨਾਲ ਜੁੜੇ ਇਸ ਵਿਸ਼ੇਸ਼ਣ ਨੂੰ ਸਖ਼ਤ ਇਮਤਿਹਾਨ ’ਚੋਂ ਲੰਘਣਾ ਪਿਆ ਹੈ।
ਇਨ੍ਹਾਂ ’ਚੋਂ ਇੱਕ ਮੌਕਾ ਸੀ 1932 ਦੀ ਇੰਗਲੈਂਡ ਅਤੇ ਆਸਟ੍ਰੇਲੀਆ ਦਰਮਿਆਨ ਖੇਡੀ ਗਈ ਬਦਨਾਮ ‘ਬਾਡੀਲਾਈਨ ਸੀਰੀਜ਼’।
ਉਸ ਸਮੇਂ ਇੰਗਲੈਂਡ ਦੇ ਕਪਤਾਨ ਡਗਲਸ ਜਾਰਡੀਨ ਨੇ ਡੌਨ ਬ੍ਰੈਡਮੈਨ ਨੂੰ ਹਰਾਉਣ ਲਈ ਖਤਰਨਾਕ ਗੇਂਦਬਾਜ਼ੀ ਦਾ ਸਹਾਰਾ ਲਿਆ ਸੀ। ਜਾਰਡੀਨ ਦੇ ਸਭ ਤੋਂ ਵੱਡੇ ਹਥਿਆਰ ਸਨ, ਉਸ ਸਮੇਂ ਦੇ ਦੁਨੀਆ ਦੇ ਸਭ ਤੋਂ ਤੇਜ਼ ਗੇਂਦਬਾਜ਼ ਹੈਰਲਡ ਲਾਰਵੁੱਡ।
ਇਸ ਸੀਰੀਜ਼ ਤੋਂ ਬਾਅਦ ਆਸਟ੍ਰੇਲੀਆ ਦੇ ਕਪਤਾਨ ਬਿਲ ਵੁੱਡਫੁਲ ਨੇ ਟਿੱਪਣੀ ਕੀਤੀ ਸੀ ਕਿ ‘ਇਹ ਕ੍ਰਿਕਟ ਨਹੀਂ ਜੰਗ ਸੀ’।
ਇਸ ਸੀਰੀਜ਼ ਤੋਂ 44 ਸਾਲ ਬਾਅਦ ਭਾਰਤੀ ਕ੍ਰਿਕਟ ਟੀਮ ਨੂੰ ਵੀ ਕਲਾਈਵ ਲੋਇਡ ਦੀ ਵੈਸਟਇੰਡੀਜ਼ ਟੀਮ ਖਿਲਾਫ ਇਸ ਤਰ੍ਹਾਂ ਦੀ ਖਤਰਨਾਕ ਗੇਂਦਬਾਜ਼ੀ ਦਾ ਸਾਹਮਣਾ ਕਰਨਾ ਪਿਆ ਸੀ।
ਪੋਰਟ ਆਫ਼ ਸਪੇਨ ਟੈਸਟ ’ਚ ਭਾਰਤ ਦੇ ਖਿਲਾਫ ਚੌਥੀ ਪਾਰੀ ’ਚ 403 ਦੌੜਾਂ ਦਾ ਟੀਚਾ ਰੱਖਣ ਦੇ ਬਾਵਜੂਦ ਵੈਸਟਇੰਡੀਜ਼ ਦੀ ਟੀਮ ਉਹ ਟੈਸਟ ਮੈਚ ਹਾਰ ਗਈ ਸੀ।
ਮੈਚ ਤੋਂ ਬਾਅਦ ਕਲਾਈਵ ਲੋਇਡ ਨੇ ਆਪਣੇ ਸਪੀਨਰਾਂ ਨੂੰ ਉਹ ਮਸ਼ਹੂਰ ਜੁਮਲਾ ਕਿਹਾ ਸੀ, “ਮੈਂ ਤੁਹਾਨੂੰ ਭਾਰਤ ਨੂੰ ਆਊਟ ਕਰਨ ਲਈ 400 ਤੋਂ ਵੀ ਉੱਪਰ ਦੌੜਾਂ ਦਿੱਤੀਆ ਪਰ ਤੁਸੀਂ ਉਨ੍ਹਾਂ ਨੂੰ ਆਊਟ ਹੀ ਨਹੀਂ ਕਰ ਸਕੇ। ਹੁਣ ਭਵਿੱਖ ’ਚ ਮੈਂ ਤੁਹਾਨੂੰ ਕਿੰਨੀਆਂ ਦੌੜਾਂ ਦੇਵਾਂ ਕਿ ਤੁਸੀਂ ਵਿਰੋਧੀ ਟੀਮ ਨੂੰ ਆਊਟ ਕਰ ਸਕੋ?”

ਤਸਵੀਰ ਸਰੋਤ, Getty Images
ਸੀਮਿੰਟ ਦੀ ਸਤ੍ਹਾ ਵਾਂਗ ਸਖ਼ਤ ਸੀ ਪਿੱਚ
ਜਦੋਂ ਜਮਾਇਕਾ ਦੀ ਰਾਜਧਾਨੀ ਕਿੰਗਸਟਨ ਦੇ ਸਬਾਈਨਾ ਪਾਰਕ ’ਚ ਚੌਥਾ ਟੈਸਟ ਮੈਚ ਸ਼ੁਰੂ ਹੋਇਆ ਤਾਂ ਬਹੁਤ ਕੁਝ ਦਾਅ ’ਤੇ ਲੱਗਿਆ ਹੋਇਆ ਸੀ। ਉਸ ’ਚੋਂ ਇੱਕ ਸੀ ਲੋਇਡ ਦੀ ਕਪਤਾਨੀ। ਅਫ਼ਵਾਹਾਂ ਸਨ ਕਿ ਉਨ੍ਹਾਂ ਨੂੰ ਵੈਸਟਇੰਡੀਜ਼ ਦੀ ਕਪਤਾਨੀ ਤੋਂ ਹਟਾਇਆ ਜਾ ਰਿਹਾ ਹੈ।
ਪੋਰਟ ਆਫ਼ ਸਪੇਨ ਟੈਸਟ ’ਚ ਵੈਸਟਇੰਡੀਜ਼ ਨੇ ਜਿਹੜੇ ਤਿੰਨ ਸਪੀਨਰਾਂ ਨੂੰ ਮੈਦਾਨ ’ਚ ਉਤਾਰਿਆ ਸੀ, ਉਨ੍ਹਾਂ ’ਚੋਂ ਸਿਰਫ਼ ਇੱਕ ਰਫ਼ੀਕ ਜੁਮਾਦੀਨ ਨੂੰ ਹੀ ਕਿੰਗਸਟਨ ਟੈਸਟ ਦੀ ਟੀਮ ’ਚ ਸ਼ਾਮਲ ਕੀਤਾ ਗਿਆ ਸੀ। ੳਲਬਰਟ ਪੈਡਮੋਰ ਅਤੇ ਇਮਤਿਆਜ਼ ਅਲੀ ਨੂੰ ਟੀਮ ’ਚ ਨਹੀਂ ਰੱਖਿਆ ਗਿਆ ਸੀ।
ਤੇਜ਼ ਗੇਂਦਬਾਜ਼ ਵੈਨਬਰਨ ਹੋਲਡਰ ਦੀ ਟੀਮ ’ਚ ਵਾਪਸੀ ਹੋਈ ਅਤੇ ਵੈਨ ਡੈਨੀਅਲ ਨੂੰ ਪਹਿਲੀ ਵਾਰ ਵੈਸਟਇੰਡੀਜ਼ ਦੀ ਟੈਸਟ ਟੀਮ ’ਚ ਸ਼ਾਮਲ ਕੀਤਾ ਗਿਆ ਸੀ। ਇਸ ਤਰ੍ਹਾਂ ਵੈਸਟਇੰਡੀਜ਼ ਦੀ ਟੀਮ ਚਾਰ ਤੇਜ਼ ਡੇਂਦਬਾਜ਼ਾਂ ਮਾਈਕਲ ਹੋਲਡਿੰਗ, ਵੇਨ ਡੇਨੀਅਲ, ਹੋਲਡਰ ਅਤੇ ਬਰਨਾਰਡ ਜੂਲੀਅਨ ਨਾਲ ਮੈਦਾਨ ’ਚ ਉਤਰੀ।
ਲੋਇਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਖੇਡਣ ਲਈ ਕਿਹਾ। ਪਿੱਚ ’ਤੇ ਇੰਨੀਆਂ ਦਰਾਰਾਂ ਸਨ ਕਿ ਇੱਕ ਸਿੱਕਾ ਬਹੁਤ ਹੀ ਆਸਾਨੀ ਨਾਲ ਪਿੱਚ ਦੇ ਅੰਦਰ ਜਾ ਸਕਦਾ ਸੀ।
ਅੰਸ਼ੁਮਾਨ ਗਾਇਕਵਾੜ ਦੀ ਹਾਲ ਹੀ ’ਚ ਪ੍ਰਕਾਸ਼ਿਤ ਹੋਈ ਜੀਵਨੀ ‘ਗਟਸ ਅਮਿਡਸਟ ਬਲੱਡਬਾਥ’ ’ਚ ਆਦਿਤਿਆ ਭੂਸ਼ਣ ਲਿਖਦੇ ਹਨ, “ਸਬਾਈਨਾ ਪਾਰਕ ਦੀ ਪਿੱਚ ਇੰਨੀ ਸਖ਼ਤ ਸੀ ਕਿ ਉਸ ’ਤੇ ਸਪਾਈਕ ਪਾ ਕੇ ਚੱਲਣ ’ਤੇ ਲੱਗਦਾ ਸੀ ਕਿ ਸੀਮਿੰਟ ਦੀ ਸਤ੍ਹਾ ’ਤੇ ਚੱਲ ਰਹੇ ਹਾਂ। ਇਸ ਦੇ ਬਾਵਜੂਦ ਭਾਰਤੀ ਸਲਾਮੀ ਬੱਲੇਬਾਜ਼ ਸੁਨੀਲ ਗਵਾਸਕਰ ਅਤੇ ਅੰਸ਼ੁਮਾਨ ਗਾਇਕਵਾੜ ਨੇ ਦੁਪਹਿਰ ਦੇ ਭੋਜਨ ਤੱਕ ਬਿਨਾਂ ਆਊਟ ਹੋਏ ਸਕੋਰ 60 ਤੱਕ ਪਹੁੰਚਾਇਆ ਸੀ।”

ਤਸਵੀਰ ਸਰੋਤ, Getty Images
ਬਾਊਂਸਰਾਂ ਅਤੇ ਬੀਮਰਾਂ ਦੀ ਝੜੀ
ਦੁਪਹਿਰ ਦੇ ਭੋਜਨ ਤੋਂ ਬਾਅਦ ਖੇਡ ਉਦੋਂ ਬਦਲਨੀ ਸ਼ੁਰੂ ਹੋਈ ਜਦੋਂ ਮਾਈਕ ਹੋਲਡਿੰਗ ਨੇ ਰਾਊਂਡ ਦ ਵਿਕਟ ਗੇਂਦਬਾਜ਼ੀ ਕਰਨੀ ਸ਼ੁਰੂ ਕੀਤੀ।
ਬੀਮਰ ਗੇਂਦਾਂ ਵੀ ਸੁੱਟੀਆਂ ਜਾਣ ਲੱਗੀਆਂ। ਵੇਨ ਡੇਨਿਅਲ ਦਿਖਾਉਂਦੇ ਰਹੇ ਕਿ ਗੇਂਦ ਉਨਾਂ ਦੇ ਹੱਥੋਂ ਖਿਸਕ ਗਈ ਹੈ। ਫੀਲਡ ਸੈਟਿੰਗ ਤੋਂ ਇਹ ਸਪੱਸ਼ਟ ਹੋ ਗਿਆ ਸੀ ਕਿ ਹੁਣ ਤੇਜ਼ ਗੇਂਦਬਾਜ਼ ਸਿਰਫ ਬਾਊਂਸਰ ਹੀ ਪਾਉਣਗੇ, ਜਿਸ ਨਾਲ ਕਿ ਦੌੜਾਂ ਬਣਾਉਣੀਆਂ ਬਹੁਤ ਮੁਸ਼ਕਲ ਹੋ ਜਾਣਗੀਆਂ।
ਅਜੇ ਤੱਕ ਸੀਰੀਜ਼ ’ਚ ਰਾਊਂਡ ਦ ਵਿਕਟ ਗੇਂਦ ਪਾ ਕੇ ਸਰੀਰ ਨੂੰ ਨਿਸ਼ਾਨਾ ਬਣਾਉਣ ਦੀ ਰਣਨੀਤੀ ਵੈਸਟਇੰਡੀਜ਼ ਦੇ ਗੇਂਦਬਾਜ਼ਾਂ ਨੇ ਨਹੀਂ ਦਿਖਾਈ ਸੀ।
ਸੁਨੀਲ ਗਵਾਸਕਰ ਨੇ ਆਪਣੀ ਸਵੈ-ਜੀਵਨੀ ‘ਸਨੀ ਡੇਜ਼’ ’ਚ ਲਿਖਿਆ ਹੈ, “ਇਸ ਡਰ ਤੋਂ ਕਿ ਉਨ੍ਹਾਂ ਨੂੰ ਕਪਤਾਨੀ ਤੋਂ ਹਟਾਇਆ ਜਾ ਸਕਦਾ ਹੈ, ਲੋਇਡ ਨੇ ਸਾਡੇ ’ਤੇ ਤੇਜ਼ ਗੇਂਦਬਾਜ਼ਾਂ ਨਾਲ ਹਮਲਾ ਬੋਲ ਦਿੱਤਾ, ਪਰ ਅਸੀਂ ਬਿਨ੍ਹਾਂ ਵਿਕਟ ਗਵਾਏ ਸਕੋਰ 98 ਦੌੜਾਂ ਤੱਕ ਲੈ ਗਏ।”
“ਲੋਇਡ ਬਹੁਤ ਹੀ ਨਿਰਾਸ਼ ਮਹਿਸੂਸ ਕਰ ਰਹੇ ਸਨ। ਇਸ ਲਈ ਉਨ੍ਹਾਂ ਨੇ ਹੋਲਡਿੰਗ ਨੂੰ ਬਾਊਂਸਰ ਦੀ ਝੜੀ ਲਗਾਉਣ ਤੋਂ ਨਹੀਂ ਰੋਕਿਆ। ਹੋ ਸਕਦਾ ਹੈ ਕਿ ਉਨ੍ਹਾਂ ਨੇ ਹੀ ਹੋਲਡਿੰਗ ਨੂੰ ਕਿਹਾ ਹੋਵੇ ਕਿ ਉਹ ਸਾਡੇ ’ਤੇ ਇੱਕ ਓਵਰ ’ਚ ਚਾਰ ਬਾਊਂਸਰ ਅਤੇ ਇਕ ਬੀਮਰ ਸੁੱਟਣ। ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਨੇ ਸੋਚ ਰੱਖਿਆ ਸੀ ਕਿ ਜੇਕਰ ਤੁਸੀਂ ਉਨ੍ਹਾਂ ਨੂੰ ਆਊਟ ਨਾ ਕਰ ਸਕੋ ਤਾਂ ਉਨ੍ਹਾਂ ਨੂੰ ਜ਼ਖਮੀ ਕਰਕੇ ਮੈਦਾਨ ਤੋਂ ਬਾਹਰ ਕਰ ਦਿਓ।”

ਤਸਵੀਰ ਸਰੋਤ, Getty Images
ਅੰਪਾਇਰਾਂ ਨੇ ਗਵਾਸਕਰ ਦੀ ਸ਼ਿਕਾਇਤ ਨੂੰ ਕੀਤਾ ਨਜ਼ਰਅੰਦਾਜ਼
ਹੋਲਡਿੰਗ ਵੱਲੋਂ ਇੱਕ ਹੀ ਓਵਰ ’ਚ ਪਾਏ ਗਏ ਕਈ ਬਾਊਂਸਰਾਂ ਦਾ ਸਾਹਮਣਾ ਕਰਨ ਤੋਂ ਬਾਅਦ ਗਵਾਸਕਰ ਨੇ ਅੰਪਾਇਰ ਰਾਲਫ਼ ਗੋਸਾਈਂ ਅਤੇ ਡਗਲਸ ਸੈਂਗ ਹਿਊ ਕੋਲ ਗੇਂਦਬਾਜ਼ੀ ਵਿਰੁੱਧ ਸ਼ਿਕਾਇਤ ਕੀਤੀ। ਪਰ ਬਦਲੇ ’ਚ ਉਨ੍ਹਾਂ ਨੂੰ ਸਿਰਫ ਅੰਪਾਇਰਾਂ ਦੀ ਮੁਸਕਰਾਹਟ ਹੀ ਮਿਲੀ।
ਉਸ ਸਮੇਂ ਤੱਕ ਵਿਸ਼ਵ ਪੱਧਰੀ ਬੱਲੇਬਾਜ਼ ਬਣ ਚੁੱਕੇ ਗਵਾਸਕਰ ਇਸ ਰੱਵੀਏ ਤੋਂ ਇੰਨੇ ਨਿਰਾਸ਼ ਹੋਏ ਕਿ ਉਨ੍ਹਾਂ ਨੇ ਗੁੱਸੇ ’ਚ ਆ ਕੇ ਆਪਣਾ ਬੱਲਾ ਜ਼ਮੀਨ ’ਤੇ ਸੁੱਟ ਦਿੱਤਾ।
ਗਾਇਕਵਾੜ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਉਨ੍ਹਾਂ ਦੇ ਕੋਲ ਪਹੁੰਚੇ। ਗਵਾਸਕਰ ਨੇ ਕਿਹਾ, “ਮੈਂ ਇਸ ਗੇਂਦਬਾਜ਼ੀ ਕਾਰਨ ਆਪਣੀ ਜਾਨ ਜ਼ੋਖਮ ’ਚ ਨਹੀਂ ਪਾਉਣਾ ਚਾਹੁੰਦਾ ਹਾਂ। ਮੈਂ ਆਪਣੇ ਘਰ ਸੁਰੱਖਿਅਤ ਪਰਤਣਾ ਚਾਹੁੰਦਾ ਹਾਂ ਤਾਂ ਕਿ ਮੈਂ ਆਪਣੇ ਨਵਜੰਮੇ ਬੇਟੇ ਰੋਹਨ ਨੂੰ ਦੇਖ ਸਕਾਂ।”
ਇਹ ਹੈਲਮੇਟ ਤੋਂ ਪਹਿਲਾਂ ਦਾ ਦੌਰ ਸੀ। ਉਸ ਸਮੇਂ ਤੇਜ਼ ਗੇਂਦਬਾਜ਼ੀ ਤੋਂ ਆਪਣੇ ਸਰੀਰ ਨੂੰ ਬਚਾਉਣ ਲਈ ਨਾ ਤਾਂ ਲੋੜੀਂਦੇ ਸਾਧਨ ਉਪਲਬਧ ਸਨ ਅਤੇ ਨਾ ਹੀ ਇੱਕ ਓਵਰ ’ਚ ਬਾਊਂਸਰਾਂ ਦੀ ਗਿਣਤੀ ’ਤੇ ਕੋਈ ਰੋਕ-ਟੋਕ ਹੀ ਸੀ।
ਉਨ੍ਹੀਂ ਦਿਨੀਂ ਵਰਤੇ ਜਾਂਦੇ ਪੈਡਜ਼ ਅਤੇ ਦਸਤਾਨਿਆਂ ਦੀ ਗੁਣਵੱਤਾ ਵੀ ਅੱਜ ਵਰਗੀ ਉੱਚ ਨਹੀਂ ਸੀ। ਡਰੈਸਿੰਗ ਰੂਮ ’ਚ ਰੱਖੇ ਨੈਪਕਿਨਾਂ ਨੂੰ ਥਾਈ ਗਾਰਡ ਵੱਜੋਂ ਵਰਤਿਆ ਜਾਂਦਾ ਸੀ।
ਬੱਲੇਬਾਜ਼ ਕੋਲ ਸਿਰਫ ਇੱਕ ਬੱਲਾ ਅਤੇ ਉਸ ਦਾ ਜੀਵਨ ਹੁੰਦਾ ਸੀ। ਇਸ ਸਥਿਤੀ ’ਚ ਬੱਲੇਬਾਜ਼ ਨਾ ਸਿਰਫ ਆਪਣਾ ਵਿਕਟ ਬਲਕਿ ਆਪਣੀ ਜ਼ਿੰਦਗੀ ਬਚਾਉਣ ਲਈ ਵੀ ਖੇਡ ਰਿਹਾ ਹੁੰਦਾ ਸੀ।
ਗਾਇਕਵਾੜ ਨੇ ਬਾਅਦ ’ਚ ਇਸ ’ਤੇ ਇੱਕ ਟਿੱਪਣੀ ਕੀਤੀ ਸੀ ਕਿ ਜੇਕਰ ਤੁਸੀਂ ਗਲਤ ਸਮੇਂ ’ਤੇ ਆਪਣੀ ਪਲਕ ਝਪਕਦੇ ਹੋ ਤਾਂ ਤੁਹਾਡੇ ਇਤਿਹਾਸ ਬਣਨ ’ਚ ਦੇਰ ਨਹੀਂ ਲੱਗਦੀ ਸੀ।

ਵੈਸਟਇੰਡੀਜ਼ ਤੇ ਭਾਰਤ ਦੇ ਮੈਚ ਬਾਰੇ ਖਾਸ ਗੱਲਾਂ:
- ਭਾਰਤ ਦੀ ਟੀਮ ਨੂੰ ਵੈਸਟਇੰਡੀਜ਼ ਟੀਮ ਖਿਲਾਫ ਖਤਰਨਾਕ ਗੇਂਦਬਾਜ਼ੀ ਦਾ ਸਾਹਮਣਾ ਕਰਨਾ ਪਿਆ
- ਇੱਕ ਤੋਂ ਬਾਅਦ ਇੱਕ ਤਿੰਨ ਭਾਰਤੀ ਖਿਡਾਰੀ ਜ਼ਖਮੀ ਹੋ ਕੇ ਹਸਪਤਾਲ ਪਹੁੰਚੇ ਸਨ
- ਅੰਸ਼ੁਮਾਨ ਗਾਇਕਵਾੜ ਦੇ ਖੱਬੇ ਕੰਨ ਦਾ ਪਰਦਾ ਪੂਰੀ ਤਰ੍ਹਾਂ ਨਾਲ ਫੱਟ ਗਿਆ ਸੀ
- ਪਰ ਗਾਇਕਵਾੜ ਵੱਲੋਂ ਬਣਾਈਆਂ 81 ਦੌੜਾਂ ਕਈ ਸੈਂਕੜਿਆਂ ’ਤੇ ਭਾਰੀ ਮੰਨੀਆਂ ਜਾਂਦੀਆਂ ਹਨ

ਗੇਂਦਬਾਜ਼ਾ ਨੂੰ ਦਰਸ਼ਕਾਂ ਦਾ ਸਮਰਥਨ
ਹੋਲਡਿੰਗ ਇੰਨੀ ਤੇਜ਼ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਰਹੇ ਸਨ ਕਿ ਉਨ੍ਹਾਂ ਦੀਆ ਕਈ ਗੇਂਦਾਂ ਬੱਲੇਬਾਜ਼ਾਂ ਦੇ ਨਾਲ-ਨਾਲ ਬਹੁਤ ਤਜ਼ਰਬੇਕਾਰ ਵਿਕਟਕੀਪਰ ਡੇਰੇਕ ਮਰੇ ਨੂੰ ਵੀ ਮਾਤ ਦੇ ਰਹੀਆਂ ਸਨ। ਕਈ ਵਾਰ ਤਾਂ ਗੇਂਦਾਂ ਸਾਈਟ ਸਕਰੀਨ ਨਾਲ ਟਕਰਾ ਕੇ ਵਿਕਟਕੀਪਰ ਕੋਲ ਵਾਪਸ ਆ ਰਹੀਆਂ ਸਨ।
ਜਿਵੇਂ-ਜਿਵੇਂ ਹੋਲਡਿੰਗ ਅਤੇ ਡੇਨਿਅਲ ਦੀਆਂ ਗੇਂਦਾਂ ਦੀ ਗਤੀ ਵੱਧਦੀ ਗਈ, ਉੱਥੇ ਮੌਜੂਦ ਦਰਸ਼ਕਾਂ ਦਾ ਸਮਰਥਨ ਵੀ ਉਨ੍ਹਾਂ ਦੇ ਲਈ ਲਗਾਤਾਰ ਵਧਦਾ ਗਿਆ।
ਸਾਰੇ ਦਰਸ਼ਕ ਪੋਰਟ ਆਫ਼ ਸਪੇਨ ’ਚ ਹੋਈ ਹਾਰ ਦਾ ਬਦਲਾ ਲੈਣਾ ਚਾਹੁੰਦੇ ਸਨ। ਸੁਨੀਲ ਗਵਾਸਕਰ ਆਪਣੀ ਸਵੈ-ਜੀਵਨੀ ’ਚ ਲਿਖਦੇ ਹਨ, “ਜਮਾਇਕਾ ਦੇ ਦਰਸ਼ਕਾਂ ਨੂੰ ਕਰਾਊਡ ਦੀ ਬਜਾਏ ਮੌਬ/ਭੀੜ ਕਿਹਾ ਜਾਵੇ ਤਾਂ ਬਿਹਤਰ ਹੋਵੇਗਾ। ਉਹ ਰੌਲਾ ਪਾ ਰਹੇ ਸਨ, ‘ਕਿਲ ਹਿਮ ਮੈਨ’ , ‘ ਹਿੱਟ ਹਿਮ ਮੈਨ’ , ‘ਨੌਕ ਹਿਜ਼ ਹੈੱਡ ਆਫ਼ ਮਾਈਕ’।

ਤਸਵੀਰ ਸਰੋਤ, Getty Images
ਗਵਾਸਕਰ ਅੱਗੇ ਲਿਖਦੇ ਹਨ, “ਉਨ੍ਹਾਂ ਨੇ ਸਾਡੇ ਇੱਕ ਵੀ ਸ਼ਾਟ ‘ਤੇ ਤਾੜੀ ਨਹੀਂ ਮਾਰੀ। ਇੱਕ ਵਾਰ ਜਦੋਂ ਮੈਂ ਡੈਨੀਅਲ ਦੀ ਗੇਂਦ ‘ਤੇ ਚੌਕਾ ਮਾਰਿਆ ਤਾਂ ਮੈਨੂੰ ਉਮੀਦ ਸੀ ਕਿ ਹੁਣ ਜਮਾਇਕਾ ਦੇ ਦਰਸ਼ਕ ਜ਼ਰੂਰ ਤਾੜੀ ਮਾਰਨਗੇ ਪਰ ਤਾੜੀਆਂ ਦੀ ਥਾਂ ਉਹ ਮੇਰੇ ‘ਤੇ ਹੱਸੇ।”
ਅਗਲੇ ਹੀ ਦਿਨ ਟੋਨੀ ਕੋਜ਼ਿਅਰ ਨੇ ਮੇਰੇ ਨਾਲ ਮਜ਼ਾਕ ਕੀਤਾ, “ਕੀ ਤੁਸੀਂ ਜਮਾਇਕਾ ਦੇ ਦਰਸ਼ਕਾਂ ਤੋਂ ਤਾੜੀਆਂ ਦੀ ਉਮੀਦ ਕਰ ਰਹੇ ਸੀ।”
ਭਾਰਤ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੇ ਵਧੇਰੇ ਧਿਆਨ ਲਗਾ ਕੇ ਖੇਡਣ ਦਾ ਯਤਨ ਕੀਤਾ, ਜਿਸ ‘ਚ ਉਹ ਕਾਫੀ ਹੱਦ ਤੱਕ ਸਫਲ ਵੀ ਰਹੇ। ਹਰ ਓਵਰ ਤੋਂ ਬਾਅਦ ਉਹ ਇਕ-ਦੂਜੇ ਦੇ ਕੋਲ ਜਾਂਦੇ ਅਤੇ ਕਹਿੰਦੇ ‘ਡਟੇ ਰਹੋ’।
ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ 1 ਵਿਕਟ ਗੁਆ ਕੇ 178 ਦੌੜਾਂ ਬਣਾਈਆਂ ਸਨ। ਗਾਇਕਵਾੜ 58 ਅਤੇ ਮਹੇਂਦਰ ਅਮਰਨਾਥ 25 ਦੌੜਾਂ ਬਣਾ ਕੇ ਪਾਰੀ ‘ਚ ਡਟੇ ਹੋਏ ਸਨ। ਉਸ ਦਿਨ ਵੈਸਟਇੰਡੀਜ਼ ਨੇ ਪੂਰੇ ਦਿਨ ‘ਚ 65 ਓਵਰ ਪਾਏ ਸਨ।
ਉਨ੍ਹਾਂ ਦੇ ਤੇਜ਼ ਗੇਂਦਬਾਜ਼ਾਂ ਦਾ ਰਨ-ਅੱਪ ਇੰਨਾਂ ਲੰਮਾ ਸੀ ਕਿ ਇੱਕ ਦਿਨ 'ਚ ਨਿਰਧਾਰਤ 90 ਓਵਰਾਂ ਦੀ ਗੇਂਦਬਾਜ਼ੀ ਕੀਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ।
ਬਾਅਦ ‘ਚ ਉਸ ਦਿਨ ਪਸਲੀਆਂ, ਛਾਤੀ, ਉਂਗਲੀਆਂ ਅਤੇ ਪੱਟਾਂ ‘ਤੇ ਲੱਗੀਆਂ ਸੱਟਾਂ ਨੂੰ ਯਾਦ ਕਰਦਿਆਂ ਗਾਇਕਵਾੜ ਨੇ ਹੱਸਦੇ ਹੋਏ ਕਿਹਾ, “ਮੇਰੀ ਛਾਤੀ ‘ਤੇ ਮਾਈਕਲ ਹੋਲਡਿੰਗ ਨੇ ਆਪਣੀ ਮੋਹਰ ਲਗਾ ਦਿੱਤੀ ਸੀ। ਮੇਰੀਆਂ ਸੱਟਾਂ ‘ਤੇ ਬਰਫ਼ ਰੱਖੀ ਗਈ ਸੀ ਤਾਂ ਜੋ ਦਰਦ ਅਤੇ ਸੋਜ ਨੂੰ ਘੱਟ ਕੀਤਾ ਜਾ ਸਕੇ ਅਤੇ ਅਗਲੇ ਦਿਨ ਮੈਂ ਬੱਲੇਬਾਜ਼ੀ ਕਰਨ ਦੇ ਯੋਗ ਹੋ ਜਾਵਾਂ।”
ਵਿਸ਼ਵਨਾਥ ਦੀ ਟੁੱਟੀ ਉਂਗਲੀ
ਦੂਜੇ ਦਿਨ ਜਦੋਂ ਮੁੜ ਮੈਚ ਸ਼ੁਰੂ ਹੋਇਆ ਤਾਂ ਹੋਲਡਰ ਦੀ ਇੱਕ ਗੇਂਦ ਗਿੱਟੇ ’ਤੇ ਆ ਕੇ ਲੱਗੀ। ਇਹ ਇੱਕ ਤਰ੍ਹਾਂ ਨਾਲ ਅੱਗੇ ਆਉਣ ਵਾਲੀਆ ਗੇਂਦਾਂ ਦਾ ਟ੍ਰੇਲਰ ਸੀ।
ਬਾਅਦ ’ਚ ਗਾਇਕਵਾੜ ਨੇ ਯਾਦ ਕਰਦਿਆਂ ਦੱਸਿਆ, “ਹੋਲਡਰ ਵੀ ਲਗਭਗ ਉਨੀਂ ਹੀ ਰਫ਼ਤਾਰ ਨਾਲ ਗੇਂਦ ਸੁੱਟ ਰਹੇ ਸਨ ਜਿੰਨੀ ਤੇਜ਼ੀ ਨਾਲ ਹੋਲਡਿੰਗ ਪਾ ਰਹੇ ਸਨ। ਅਮਰਨਾਥ ਆਪਣੇ ਸਕੋਰ ’ਚ ਸਿਰਫ਼ 14 ਦੌੜਾਂ ਹੀ ਜੋੜ ਸਕੇ। ਉਹ ਇੱਕ ਅਜਿਹੀ ਗੇਂਦ ਖੇਡਦੇ ਹੋਏ ਆਊਟ ਹੋ ਗਏ ਸਨ, ਜਿਸ ਨੂੰ ਜੇਕਰ ਉਹ ਨਾ ਖੇਡਦੇ ਤਾਂ ਉਹ ਗੇਂਦ ਉਨ੍ਹਾਂ ਦਾ ਸਿਰ ਹੀ ਉਡਾ ਦਿੰਦੀ।”
ਬਾਅਦ ’ਚ ਅਮਰਨਾਥ ਨੇ ਵੀ ਯਾਦ ਕੀਤਾ, “ਮੈਂ ਇਸ ਤੋਂ ਪਹਿਲਾਂ ਕਦੇ ਵੀ ਇੰਨੀ ਤੇਜ਼ ਗੇਂਦਬਾਜ਼ੀ ਦਾ ਸਾਹਮਣਾ ਨਹੀਂ ਕੀਤਾ ਸੀ। ਗੇਂਦ ਹਰ ਪਾਸੇ ਤੋਂ ਉੱਡ ਰਹੀ ਸੀ ਅਤੇ ਇਸ ਦਾ ਸਾਹਮਣਾ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਸੀ।”
ਅਮਰਨਾਥ ਦੇ ਆਊਟ ਹੋਣ ਤੋਂ ਬਾਅਦ ਵਿਸ਼ਵਨਾਥ ਕ੍ਰੀਜ਼ ’ਤੇ ਆਏ।

ਤਸਵੀਰ ਸਰੋਤ, NOTION PRESS
ਉਨ੍ਹਾਂ ਨੇ ਵੀ ਮਹਿਸੂਸ ਕੀਤਾ ਕਿ ਉਹ ਆਪਣੀ ਜ਼ਿੰਦਗੀ ਦੀਆਂ ਸਭ ਤੋਂ ਤੇਜ਼ ਗੇਂਦਾਂ ਖੇਡ ਰਹੇ ਹਨ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਵੀ ਇੱਕ ਗੇਂਦ ਆ ਕੇ ਲੱਗੀ। ਹੋਲਡਿੰਗ ਦੀ ਇੱਕ ਸ਼ਾਰਟ ਗੇਂਦ ਤੋਂ ਬਚਣ ਦੇ ਚੱਕਰ ’ਚ ਨਾ ਸਿਰਫ਼ ਉਨ੍ਹਾਂ ਦੀ ਇਕ ਉਂਗਲੀ ਟੁੱਟੀ ਬਲਕਿ ਉਨ੍ਹਾਂ ਨੇ ਕੈਚ ਵੀ ਦੇ ਦਿੱਤਾ।
ਇੱਕ ਪਾਸੇ ਇਹ ਸਭ ਹੋ ਰਿਹਾ ਸੀ ਅਤੇ ਦੂਜੇ ਪਾਸੇ ਗਾਇਕਵਾੜ ਚੱਟਾਨ ਦੀ ਤਰ੍ਹਾਂ ਡਟੇ ਹੋਏ ਸਨ। ਪਿਛਲੇ ਦਿਨ ਦੀਆਂ ਸੱਟਾਂ ਦੇ ਕਾਰਨ ਗਾਇਕਵਾੜ ਦਰਦ ’ਚ ਹੀ ਖੇਡ ਰਹੇ ਸਨ। ਖਾਸ ਤੌਰ ’ਤੇ ਉਨ੍ਹਾਂ ਦੇ ਸਰੀਰ ਦੇ ਖੱਬੇ ਪਾਸੇ ਬਹੁਤ ਦਰਦ ਸੀ, ਜਿਸ ਕਰਕੇ ਉਨ੍ਹਾਂ ਨੂੰ ਕ੍ਰੀਜ਼ ’ਤੇ ਚੱਲਣ ’ਚ ਬਹੁਤ ਪਰੇਸ਼ਾਨੀ ਹੋ ਰਹੀ ਸੀ। ਉਸ ਸਮੇਂ ਬੱਲਾ ਫੜਨਾ ਤਾਂ ਦੂਰ ਪਿੱਚ ’ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ।

ਤਸਵੀਰ ਸਰੋਤ, Getty Images
ਆਦਿਤਿਆ ਭੂਸ਼ਣ ਲਿਖਦੇ ਹਨ, “ਪਸਲੀਆਂ ’ਚ ਦਰਦ ਦੇ ਕਾਰਨ ਗਾਇਕਵਾੜ ਦੇ ਲਈ ਥੋੜਾ ਜਿਹਾ ਪੈਰ ਹਿਲਾਉਣਾ ਵੀ ਮੁਸ਼ਕਲ ਹੋ ਰਿਹਾ ਸੀ। ਇੱਕ ਬਹਾਦਰ ਮੁੱਕੇਬਾਜ਼ ਦੀ ਤਰ੍ਹਾਂ ਜਿੰਨੀ ਤੇਜ਼ੀ ਨਾਲ ਉਨ੍ਹਾਂ ਨੂੰ ਗੇਂਦ ਲੱਗਦੀ ,ਉਹ ਵਧੇਰੇ ਦ੍ਰਿੜ ਇਰਾਦੇ ਨਾਲ ਅਗਲੀ ਗੇਂਦ ਖੇਡਣ ਲਈ ਤਿਆਰ ਹੋ ਜਾਂਦੇ।”
“ਸਰੀਰਕ ਪਰੇਸ਼ਾਨੀ ਦੇ ਬਾਵਜੂਦ ਉਹ ਆਪਣਾ ਸਕੋਰ 81 ਤੱਕ ਖਿੱਚਣ ’ਚ ਕਾਮਯਾਬ ਰਹੇ। ਭਾਵੇਂ ਕਿ ਉਹ ਕ੍ਰੀਜ਼ ’ਤੇ ਜੰਮ ਗਏ ਸਨ ਪਰ ਉਹ ਇਸ ਗੱਲ ਤੋਂ ਜਾਣੂ ਸਨ ਕਿ ਜਲਦੀ ਹੀ ਉਨ੍ਹਾਂ ਨੂੰ ਵੀ ਵੈਸਟਇੰਡੀਜ਼ ਦੇ ਗੇਂਦਬਾਜ਼ ਇਸ ਤਰ੍ਹਾਂ ਦੀ ਗੇਂਦ ਪਾਉਣਗੇ, ਜੋ ਉਨ੍ਹਾਂ ਨੂੰ ਜ਼ਖਮੀ ਕਰ ਦੇਵੇਗੀ।”
ਹੋਇਆ ਵੀ ਕੁਝ ਇਸ ਤਰ੍ਹਾਂ ਹੀ ਸੀ। ਦੁਪਹਿਰ ਦੇ ਭੋਜਨ/ਲੰਚ ਤੋਂ ਠੀਕ ਪਹਿਲਾਂ ਹੋਲਡਿੰਗ ਦੀ ਇੱਕ ਗੇਂਦ ਉਨਾਂ ਦੀ ਛਾਤੀ ’ਤੇ ਉਸੇ ਥਾਂ ’ਤੇ ਆ ਕੇ ਲੱਗੀ ਜਿੱਥੇ ਇਕ ਦਿਨ ਪਹਿਲਾਂ ਵੀ ਉਨ੍ਹਾਂ ਦੀ ਗੇਂਦ ਆ ਕੇ ਲੱਗੀ ਸੀ। ਗਾਇਕਵਾੜ ਨੂੰ ਦਰਦ ਤਾਂ ਬਹੁਤ ਹੋਇਆ ਪਰ ਉਨ੍ਹਾਂ ਨੇ ਸਹਿ ਲਿਆ।

ਤਸਵੀਰ ਸਰੋਤ, RUPA PUBLICATIONS
ਇਹ ਗੱਲ ਉਨ੍ਹਾਂ ਨੂੰ ਉਨ੍ਹਾਂ ਦੇ ਇੱਕ ਸਾਥੀ ਖਿਡਾਰੀ ਏਕਨਾਥ ਸੋਲਕਰ ਨੇ ਸਿਖਾਈ ਸੀ ।
ਜਦੋਂ ਇੱਕ ਵਾਰ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਹੀ ਇੱਕ ਗੇਂਦ ਲੱਗੀ ਸੀ ਅਤੇ ਉਹ ਦਰਦ ’ਚ ਚੀਕ ਉੱਠੇ ਸਨ ਤਾਂ ਫਾਰਵਰਡ ਸ਼ਾਰਟ ਲੈੱਗ ’ਤੇ ਫੀਲਡਿੰਗ ਕਰ ਰਹੇ ਸੋਲਕਰ ਨੇ ਉਨ੍ਹਾਂ ਦੇ ਕੋਲ ਆ ਕੇ ਕਿਹਾ ਸੀ, “ਕੀ ਤੁਸੀਂ ਕੁੜੀ ਹੋ? ਤੁਸੀਂ ਵਿਖਾ ਰਹੇ ਹੋ ਕਿ ਤੁਹਾਨੂੰ ਸੱਟ ਲੱਗੀ ਹੈ। ਆਪਣੀਆ ਭਾਵਨਾਵਾਂ ਨੂੰ ਕਦੇ ਜਗ ਜਾਹਰ ਨਾ ਕਰੋ। ਇਸ ਨਾਲ ਵਿਰੋਧੀ ਖਿਡਾਰੀਆਂ ਦਾ ਮਨੋਬਲ ਵਧਦਾ ਹੈ।”
ਉਸ ਓਵਰ ਦੀ ਅਗਲੀ ਗੇਂਦ ਗਾਇਕਵਾੜ ਦੇ ਦਸਤਾਨੇ ’ਤੇ ਆ ਕੇ ਲੱਗੀ। ਪਹਿਲਾਂ ਤਾਂ ਉਨ੍ਹਾਂ ਨੂੰ ਕੁਝ ਖਾਸ ਮਹਿਸੂਸ ਨਹੀਂ ਹੋਇਆ, ਪਰ ਕੁਝ ਹੀ ਸਮੇਂ ਬਾਅਦ ਉਨ੍ਹਾਂ ਨੇ ਵੇਖਿਆ ਕਿ ਉਨ੍ਹਾਂ ਦੇ ਦਸਤਾਨੇ ’ਚੋਂ ਖੂਨ ਵਹਿ ਕੇ ਉਨ੍ਹਾਂ ਦੇ ਪੈਡ ’ਤੇ ਡਿੱਗ ਰਿਹਾ ਹੈ।
ਜਦੋਂ ਉਨ੍ਹਾਂ ਨੇ ਆਪਣਾ ਬੱਲਾ ਹੇਠਾਂ ਰੱਖ ਕੇ ਆਪਣਾ ਦਸਤਾਨਾ ਉਤਾਰਿਆ ਤਾਂ ਉਨ੍ਹਾਂ ਨੇ ਵੇਖਿਆ ਕਿ ਉਨ੍ਹਾਂ ਦੀ ਵਿਚਕਾਰਲੀ ਉਂਗਲੀ ਦਾ ਨਹੁੰ ਟੁੱਟ ਗਿਆ ਹੈ ਅਤੇ ਉਸ ’ਚੋਂ ਖੂਨ ਵੱਗ ਰਿਹਾ ਹੈ। ਵਿਵ ਰਿਚਰਡਸ ਅਤੇ ਡੇਰੇਕ ਮਰੇ ਉਨ੍ਹਾ ਦਾ ਹਾਲ-ਚਾਲ ਪੁੱਛਣ ਲਈ ਆਏ, ਪਰ ਗਾਇਕਵਾੜ ਨੇ ਗੁੱਸੇ ’ਚ ਉਨ੍ਹਾਂ ਨੂੰ ਦੂਰ ਜਾਣ ਲਈ ਕਿਹਾ।

ਤਸਵੀਰ ਸਰੋਤ, NOTION PRESS
ਗਾਇਕਵਾੜ ਦੇ ਕੰਨ ’ਤੇ ਹੋਲਡਿੰਗ ਦੀ ਗੇਂਦ ਲੱਗੀ
ਇੰਨਾਂ ਦਰਦ ਹੋਣ ਦੇ ਬਾਵਜੂਦ ਗਾਇਕਵਾੜ ਆਪਣੀ ਹਿੰਮਤ ਨਾਲ ਹੋਲਡਿੰਗ ਦੀ ਅਗਲੀ ਗੇਂਦ ਖੇਡਣ ਲਈ ਤਿਆਰ ਹੋਏ। ਇਸ ਤੋਂ ਪਹਿਲਾਂ ਕਿ ਉਹ ਸਮਝ ਪਾਉਂਦੇ ਕਿ ਹੋਇਆ ਕੀ ਹੈ, ਉਹ ਜ਼ਮੀਨ ’ਤੇ ਡਿੱਗ ਪਏ ਸਨ।
ਬਾਅਦ ’ਚ ਗਾਇਕਵਾੜ ਨੇ ਯਾਦ ਕਰਦਿਆਂ ਦੱਸਿਆ, “ ਮੇਰੀ ਐਨਕ ਪਤਾ ਨਹੀਂ ਉੱਡ ਕੇ ਕਿੱਥੇ ਗਈ। ਮੈਨੂੰ ਇੰਝ ਲੱਗਿਆ ਕਿ ਜਿਵੇਂ ਮੇਰੇ ਸਿਰ ’ਚ ਭੂਚਾਲ ਆ ਗਿਆ ਹੋਵੇ। ਉਸ ’ਚ ਘੰਟੀਆਂ ਵੱਜ ਰਹੀਆਂ ਸਨ। ਤੁਰੰਤ ਹੀ ਲੋਇਡ, ਰਿਚਰਡਸ ਅਤੇ ਮਰੇ ਭੱਜ ਕੇ ਉਨ੍ਹਾਂ ਵੱਲ ਆਏ।”
ਉਦੋਂ ਤੱਕ ਗਾਇਕਵਾੜ ਜ਼ਮੀਨ ਤੋਂ ਉੱਠ ਕੇ ਬੈਠ ਗਏ ਸਨ। ਲੋਇਡ ਨੇ ਉਨ੍ਹਾਂ ਨੂੰ ਫਿਰ ਲਟਾਉਣ ਦੀ ਕੋਸ਼ਿਸ਼ ਕੀਤੀ ਪਰ ਗਾਇਕਵਾੜ ਉਨ੍ਹਾਂ ਦੀ ਮਦਦ ਨਹੀਂ ਚਾਹੁੰਦੇ ਸਨ। ਉਨ੍ਹਾਂ ਨੇ ਲੋਇਡ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਹੱਥ ਨਾ ਲਾਉਣ। ਇਸ ਤਰ੍ਹਾਂ ਨਾਲ ਪ੍ਰਤੀਕੂਲ ਹਾਲਾਤਾਂ ’ਚ ਖੇਡੀ ਗਈ ਉਸ ਪਾਰੀ ਦਾ ਅੰਤ ਹੋਇਆ। ਗਾਇਕਵਾੜ ਪੂਰੇ 450 ਮਿੰਟਾਂ ਤੱਕ ਸਬਾਇਨਾ ਪਾਰਕ ਦੀ ਉਸ ਖ਼ਤਰਨਾਕ ਪਿੱਚ ’ਤੇ ਡਟੇ ਰਹੇ ਸਨ।

ਤਸਵੀਰ ਸਰੋਤ, Getty Images
ਵੈਸਟਇੰਡੀਜ਼ ਦੇ ਮਸ਼ਹੂਰ ਕੁਮੈਂਟੇਟਰ ਟੋਨੀ ਕੋਜ਼ੀਅਰ ਨੇ ਇਸ ਪਾਰੀ ਦੀ ਤੁਲਨਾ 1960 ’ਚ ਉਸੇ ਮੈਦਾਨ ’ਚ ਖੇਡੀ ਗਈ ਕੋਲਿਨ ਕਾਊਡਰੇ ਦੀ ਪਾਰੀ ਨਾਲ ਕੀਤੀ, ਜਿਸ ਨੇ ਉਸ ਸਮੇਂ ਦੇ ਸਭ ਤੋਂ ਤੇਜ਼ ਗੇਂਦਬਾਜ਼ ਵੇਸ ਹਾਲ ਦਾ ਸਾਹਮਣਾ ਕੀਤਾ ਸੀ।
ਇਸ ਗੇਂਦ ਤੋਂ ਬਾਅਦ ਹੀ ਅੰਪਾਇਰ ਨੇ ਸਮੇਂ ਤੋਂ ਕੁਝ ਪਹਿਲਾਂ ਹੀ ਦੁਪਹਿਰ ਦੇ ਭੋਜਨ ਦਾ ਐਲਾਨ ਕਰ ਦਿੱਤਾ ਸੀ। ਰਿਜ਼ਰਵ ਖਿਡਾਰੀ ਪੋਚੈਇਆ ਕ੍ਰਿਸ਼ਣਾਮੂਰਤੀ ਗਾਇਕਵਾੜ ਨੂੰ ਡਰੈਸਿੰਗ ਰੂਮ ਤੱਕ ਲੈ ਕੇ ਜਾਣ ’ਚ ਮਦਦ ਕਰਨ ਲਈ ਪਿੱਚ ’ਤੇ ਪਹੁੰਚੇ, ਪਰ ਗਾਇਕਵਾੜ ਨੇ ਕਿਹਾ ਕਿ ਉਹ ਖੁਦ ਚੱਲ ਕੇ ਡਰੈਸਿੰਗ ਰੂਮ ਤੱਕ ਜਾਣਗੇ।
ਭੂਸ਼ਣ ਲਿਖਦੇ ਹਨ, “ ਪਿੱਚ ਤੋਂ ਡਰੈਸਿੰਗ ਰੂਮ ਦੇ ਰਾਹ ’ਚ ਕ੍ਰਿਸ਼ਣਾਮੂਰਤੀ ਨੇ ਇਹ ਜਾਣਨ ਲਈ ਕਿ ਗਾਇਕਵਾੜ ਹੋਸ਼ ’ਚ ਹਨ ਜਾਂ ਫਿਰ ਨਹੀਂ , ਉਨ੍ਹਾਂ ਨੇ ਗਾਇਕਵਾੜ ਤੋਂ ਪੁੱਛਿਆ ਕਿ ਕੀ ਮੇਰੇ ਵੱਲੋਂ ਵਿਖਾਈਆਂ ਜਾ ਰਹੀਆਂ ਉਂਗਲਾਂ ਨੂੰ ਉਹ ਗਿਣ ਸਕਦੇ ਹਨ? ਇਸ ’ਤੇ ਗਾਇਕਵਾੜ ਨਾਰਾਜ਼ ਹੋ ਗਏ। ਉਦੋਂ ਤੱਕ ਉਨ੍ਹਾਂ ਦੇ ਕੰਨ ’ਚੋਂ ਖੂਨ ਨਿਕਲ ਕੇ ਉਨ੍ਹਾਂ ਦੀ ਕਮੀਜ਼ ਤੱਕ ਫੈਲ ਚੁੱਕਾ ਸੀ। ਡਰੈਸਿੰਗ ਰੂਮ ’ਚ ਪਹੁੰਚਦੇ ਹੀ ਉਨ੍ਹਾਂ ਨੇ ਆਪਣੇ ਪੈਡ ਨੂੰ ਆਪਣੇ ਸਿਰ ਦੇ ਹੇਠਾਂ ਰੱਖਿਆ ਅਤੇ ਲੱਕੜ ਦੇ ਇੱਕ ਬੈਂਚ ’ਤੇ ਲੈਟ ਗਏ। ਉਸ ਸਮੇਂ ਗਾਇਕਵਾੜ ਨੂੰ ਵੇਖਣ ਲਈ ਉੱਥੇ ਕੋਈ ਡਾਕਟਰ ਮੌਜੂਦ ਨਹੀਂ ਸੀ।”

ਤਸਵੀਰ ਸਰੋਤ, Getty Images
ਇੱਕ ਤੋਂ ਬਾਅਦ ਇੱਕ ਤਿੰਨ ਭਾਰਤੀ ਖਿਡਾਰੀ ਜ਼ਖਮੀ ਹੋ ਕੇ ਪਹੁੰਚੇ ਹਸਪਤਾਲ
ਭਾਰਤੀ ਖਿਡਾਰੀਆਂ ਅਤੇ ਪ੍ਰਬੰਧਕਾਂ ਵਿਚਾਲੇ ਲੰਮੀ ਬਹਿਸ ਤੋਂ ਬਾਅਦ ਇਹ ਤੈਅ ਹੋਇਆ ਕਿ ਗਾਇਕਵਾੜ ਨੂੰ ਹਸਪਤਾਲ ਭਰਤੀ ਕਰਵਾਇਆ ਜਾਵੇ। ਗਾਇਕਵਾੜ ਦੇ ਨਾਲ ਸੁਨੀਲ ਗਵਾਸਕਰ ਅਤੇ ਟੀਮ ਦੇ ਖਜ਼ਾਨਚੀ ਬਾਲੂ ਅਲਗਨਨ ਹਸਪਤਾਲ ਗਏ।
ਜਦੋਂ ਉਹ ਹਸਪਤਾਲ ਪਹੁੰਚੇ ਤਾਂ ਟੀਮ ਦੇ ਮੈਨੇਜਰ ਪਾਲੀ ਉਮਰੀਗਰ ਪਹਿਲਾਂ ਤੋਂ ਹੀ ਉੱਥੇ ਮੌਜੂਦ ਸਨ, ਜੋ ਕਿ ਵਿਸ਼ਵਨਾਥ ਦੇ ਹੱਥ ’ਤੇ ਪਲਾਸਟਰ ਲਗਵਾਉਣ ਲਈ ਉੱਥੇ ਆਏ ਹੋਏ ਸਨ। ਉਮਰੀਗਰ ਨੂੰ ਗਾਇਕਵਾੜ ਦੀ ਬਹੁਤ ਚਿੰਤਾ ਸੀ। 14 ਸਾਲ ਪਹਿਲਾਂ ਇਸੇ ਤਰ੍ਹਾਂ ਹੀ ਉਨ੍ਹਾਂ ਦੀ ਟੀਮ ਦੇ ਮੈਂਬਰ ਨਾਰੀ ਕੰਟਰੈਕਟਰ ਦੇ ਸਿਰ ’ਤੇ ਚਾਰਲੀ ਗ੍ਰਿਫ਼ਿਥ ਦੀ ਗੇਂਦ ਲੱਗੀ ਸੀ ਅਤੇ ਉਹ 6 ਦਿਨਾਂ ਤੱਕ ਬੇਹੋਸ਼ ਰਹੇ ਸਨ। ਇਸ ਤੋਂ ਬਾਅਦ ਉਹ ਕਦੇ ਵੀ ਕ੍ਰਿਕਟ ਨਹੀਂ ਖੇਡ ਸਕੇ ਸਨ।
ਫਿਰ ਗਾਇਕਵਾੜ ਨੂੰ ਹਸਪਤਾਲ ਦੇ ਡਾਕਟਰਾਂ ਦਾ ਉੱਚੀ-ਉੱਚੀ ਹਾਸਾ ਸੁਣਾਈ ਦਿੱਤਾ। ਉਹ ਕਹਿ ਰਹੇ ਸਨ, “ ਵਨ ਮੋਰ ਕਮਿੰਗ….ਹਾ ਹਾ ਹਾ…”। ਇਸ ਦੌਰਾਨ ਸਬਾਇਨਾ ਪਾਰਕ ’ਚ ਇੱਕ ਹੋਰ ਭਾਰਤੀ ਖਿਡਾਰੀ ਬ੍ਰਜੇਸ਼ ਪਟੇਲ ਵੀ ਜ਼ਖਮੀ ਹੋ ਗਏ ਸਨ। ਉਨ੍ਹਾਂ ਦੇ ਉੱਪਰਲੇ ਬੁੱਲ ’ਤੇ ਵੇਨਬਰਨ ਹੋਲਡਰ ਦੀ ਉੱਠਦੀ ਹੋਈ ਗੇਂਦ ਆ ਕੇ ਲੱਗੀ ਸੀ।

ਤਸਵੀਰ ਸਰੋਤ, Getty Images
ਬੇਦੀ ਨੇ 6 ਵਿਕਟਾਂ ਦੇ ਨੁਕਸਾਨ ’ਤੇ ਹੀ ਪਾਰੀ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ ਸੀ ਕਿਉਂਕਿ ਚਾਰ ਖਿਡਾਰੀ ਜ਼ਖਮੀ ਹੋ ਕੇ ਖੇਡ ਤੋਂ ਬਾਹਰ ਹੋ ਗਏ ਸਨ।
ਗਾਇਕਵਾੜ ਦੇ ਦਰਦ ਨੂੰ ਘੱਟ ਕਰਨ ਲਈ ਡਾਕਟਰਾਂ ਨੇ ਉਨ੍ਹਾਂ ਨੂੰ ਦਰਦ ਨਿਵਾਰਕ ਟੀਕੇ ਲਗਾਏ। ਲਗਭਗ 24 ਘੰਟਿਆਂ ਬਾਅਦ ਗਾਇਕਵਾੜ ਦੀ ਹਾਲਤ ’ਚ ਕੁਝ ਸੁਧਾਰ ਵੇਖਣ ਨੂੰ ਮਿਲਿਆ । ਜਦੋਂ ਮੈਨੇਜਰ ਉਮਰੀਗਰ ਉਨ੍ਹਾਂ ਨੂੰ ਵੇਖਣ ਲਈ ਪਹੁੰਚੇ ਤਾਂ ਗਾਇਕਵਾੜ ਨੇ ਉਨ੍ਹਾਂ ਨੂੰ ਕਿਹਾ, “ ਪਾਲੀ ਕਾਕਾ, ਮੈਨੂੰ ਪਿੱਚ ’ਤੇ ਜਾ ਕੇ ਬਾਲੇਬਾਜ਼ੀ ਕਰਨ ਦਿਓ’। ਪਰ ਉਮਰੀਗਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ।
ਅਧਿਕਾਰਤ ਤੌਰ ’ਤੇ ਭਾਰਤ ਦੀ ਪਾਰੀ 6 ਵਿਕਟਾਂ ਦੇ ਨੁਕਸਾਨ ’ਤੇ 306 ਦੌੜਾਂ ’ਤੇ ਸਮਾਪਤ ਹੋਈ ਸੀ ਕਿਉਂਕਿ ਭਾਰਤ ਦੇ ਕੋਲ ਖੇਡਣ ਲਈ ਕੋਈ ਬੱਲੇਬਾਜ਼ ਬਚਿਆ ਹੀ ਨਹੀਂ ਸੀ। ਕਪਤਾਨ ਬੇਦੀ ਨੇ ਇਸ ਸਕੋਰ ’ਤੇ ਹੀ ਪਾਰੀ ਸਮਾਪਤ ਕਰਨ ਦਾ ਐਲਾਨ ਕੀਤਾ।
ਭਾਰਤੀ ਖਿਡਾਰੀਆਂ ਦੀ ਹਾਲਤ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ 8ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਵੈਂਕਟਰਾਘਵਨ ਨੇ ਉੱਥੇ ਮੌਜੂਦ ਇੱਕ ਪੁਲਿਸਵਾਲੇ ਤੋਂ ਬੱਲੇਬਾਜ਼ੀ ਕਰਨ ਲਈ ਉਸ ਦਾ ਹੈਲਮੇਟ ਮੰਗਿਆ ਸੀ। ਉਹ ਬਹੁਤ ਜ਼ੋਰ ਨਾਲ ਹੱਸਿਆ , ਪਰ ਆਪਣਾ ਹੈਲਮੇਟ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਤਸਵੀਰ ਸਰੋਤ, Getty Images
ਲੋਇਡ ਅਤੇ ਅੰਪਾਇਰਾਂ ਦੀ ਆਲੋਚਨਾ
ਭਾਰਤ ਦੀਆਂ 306 ਦੌੜਾਂ ਦੇ ਜਵਾਬ ’ਚ ਵੈਸਟਇੰਡੀਜ਼ ਦੀ ਟੀਮ ਨੇ 391 ਦੌੜਾਂ ਬਣਾ ਕੇ 85 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਦੂਜੀ ਪਾਰੀ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਦੇ ਚੋਟੀ ਦੇ ਤਿੰਨ ਬਲੇਬਾਜ਼ ਗਾਇਕਵਾੜ, ਵਿਸ਼ਵਨਾਥ ਅਤੇ ਬ੍ਰਜੇਸ਼ ਪਟੇਲ ਬੱਲੇਬਾਜ਼ੀ ਕਰਨ ਦੀ ਸਥਿਤੀ ’ਚ ਹੀ ਨਹੀਂ ਸਨ।
ਇਸ ਪਾਰੀ ’ਚ ਗਵਾਸਕਰ ਦੋ ਦੌੜਾਂ ਬਣਾ ਕੇ ਹੀ ਆਊਟ ਹੋ ਗਏ ਅਤੇ ਕਪਤਾਨ ਬਿਸ਼ਨ ਸਿੰਘ ਬੇਦੀ ਨੇ ਭਾਰਤ ਦੀ ਦੂਜੀ ਪਾਰੀ ਵੀ 5 ਵਿਕਟਾਂ ’ਤੇ 97 ਦੌੜਾਂ ’ਤੇ ਖਤਮ ਕਰਨ ਦਾ ਐਲਾਨ ਕੀਤਾ। ਵੈਸਟਇੰਡੀਜ਼ ਨੇ ਬਹੁਤ ਹੀ ਆਸਾਨੀ ਨਾਲ 13 ਦੌੜਾਂ ਬਣਾ ਕੇ ਇਹ ਮੈਚ ਭਾਰਤ ਤੋਂ ਜਿੱਤ ਲਿਆ ਸੀ।
ਮੈਚ ਤੋਂ ਬਾਅਦ ਜਦੋਂ ਲੋਇਡ ਪੱਤਰਕਾਰਾਂ ਨਾਲ ਰੂਬਰੂ ਹੋਏ ਤਾਂ ਉਨ੍ਹਾਂ ਕਿਹਾ ਕਿ “ ਕੀ ਭਾਰਤੀ ਖਿਡਾਰੀ ਸਾਡੇ ਤੋਂ ਹਾਫ਼ ਵਾਲੀ ਗੇਂਦਬਾਜ਼ੀ ਦੀ ਉਮੀਦ ਕਰ ਰਹੇ ਸਨ?”
ਕੰਮੈਂਟੇਟਰ ਟੋਨੀ ਕੋਜ਼ੀਅਰ ਨੂੰ ਲੋਇਡ ਦੀ ਇਹ ਦਲੀਲ ਪਸੰਦ ਨਾ ਆਈ।
ਉਨ੍ਹਾਂ ਨੇ ਲਿਖਿਆ , “ ਅੰਪਾਇਰ ਗੋਸਾਈਂ ਨੂੰ ਖ਼ਤਰਨਾਕ ਗੇਂਦਬਾਜ਼ੀ ਨਾਲ ਸਬੰਧਤ ਕ੍ਰਿਕਟ ਦਾ ਨਿਯਮ 46 ਲਾਗੂ ਕਰਨਾ ਚਾਹੀਦਾ ਸੀ। ਉਨ੍ਹਾਂ ਕੋਲ ਗੇਂਦਬਾਜ਼ਾਂ ਨੂੰ ਚੇਤਾਵਨੀ ਦੇਣ ਦੇ ਕਈ ਕਾਰਨ ਸਨ, ਪਰ ਉਨ੍ਹਾਂ ਨੇ ਅਜਿਹਾ ਨਾ ਕਰਨ ਦਾ ਫੈਸਲਾ ਕੀਤਾ।”

ਤਸਵੀਰ ਸਰੋਤ, Getty Images
ਹੋਲਡਿੰਗ ਅਤੇ ਕਾਲੀਚਰਨ ਨੇ ਖ਼ਤਰਨਾਕ ਗੇਂਦਬਾਜ਼ੀ ਦੀ ਗੱਲ ਮੰਨੀ
ਇਸ ਤੋਂ ਕਈ ਦਹਾਕੇ ਬਾਅਦ ਮਾਈਕਲ ਹੋਲਡਿੰਗ ਨੇ ਆਪਣੀ ਸਵੈ-ਜੀਵਨੀ ‘ਨੋ ਹੋਡਿੰਗ ਬੈਕ’ ’ਚ ਲਿਖਿਆ , “ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਦੇ ਜ਼ਖਮੀ ਹੋਣ ਦਾ ਕਾਰਨ ਪਿੱਚ ਸੀ, ਪਰ ਸੱਚ ਤਾਂ ਇਹ ਸੀ ਕਿ ਅਸੀਂ ਜ਼ਰੂਰਤ ਤੋਂ ਵਧੇਰੇ ਸ਼ਾਰਟ ਗੇਂਦਾਂ ਸੁੱਟੀਆਂ ਸਨ। ਜਿਸ ਤਰ੍ਹਾਂ ਨਾਲ ਸਾਨੂੰ ਗੇਂਦਬਾਜ਼ੀ ਕਰਨ ਲਈ ਕਿਹਾ ਗਿਆ ਸੀ, ਉਸ ਤੋਂ ਮੈਂ ਸਹਿਜ ਨਹੀਂ ਸੀ। ਪਰ ਜੇਕਰ ਤੁਹਾਡਾ ਕਪਤਾਨ ਹੀ ਤੁਹਾਨੂ ਅਜਿਹਾ ਕਰਨ ਲਈ ਕਹਿੰਦਾ ਹੈ ਤਾਂ ਤੁਸੀਂ ਇਸ ’ਚ ਕੁਝ ਨਹੀਂ ਕਰ ਸਕਦੇ ਹੋ।”
ਟੀਮ ਦੇ ਇੱਕ ਹੋਰ ਖਿਡਾਰੀ ਕਾਲੀਚਰਨ ਨੇ ਬਾਅਦ ’ਚ ਲਿਖਿਆ , “ ਇਹ ਸ਼ਰਮ ਦੀ ਗੱਲ ਸੀ। ਉਸ ਸਮੇਂ ਦੌਰਾਨ ਕੀ ਕੁਝ ਹੋਇਆ, ਉਹ ਸਭ ਕੁਝ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਹਾਂ। ਗਾਇਕਵਾੜ ਨੇ ਜਿਸ ਤਰੀਕੇ ਨਾਲ ਤੇਜ਼ ਗੇਂਦਬਾਜ਼ੀ ਦਾ ਸਾਹਮਣਾ ਕਰਦਿਆਂ 81 ਦੌੜਾਂ ਬਣਾਈਆਂ, ਉਸ ਦੀ ਕੋਈ ਮਿਸਾਲ ਹੀ ਨਹੀਂ ਹੈ। ਮੈਨੂੰ ਯਾਦ ਹੈ ਕਿ ਤਕਰੀਬਨ ਹਰ ਗੇਂਦ ਉਨ੍ਹਾਂ ਦੇ ਕੰਨ ਦੇ ਕੋਲੋਂ ਲੰਘ ਰਹੀ ਸੀ। ਸਲਿਪ ’ਚ ਖੜ੍ਹੇ ਅਸੀਂ ਲੋਕਾਂ ਨੇ ਇੱਕ ਦੂਜੇ ਵੱਲ ਵੇਖਿਆ ਅਤੇ ਆਪਣੇ ਮੋਢੇ ਹਿਲਾ ਦਿੱਤੇ। ਅਸੀਂ ਇਸ ਤੋਂ ਵੱਧ ਹੋਰ ਕਰ ਵੀ ਕੀ ਸਕਦੇ ਸੀ।”

ਤਸਵੀਰ ਸਰੋਤ, ORION
ਗਾਇਕਵਾੜ ਦਾ ਖੱਬਾ ਕੰਨ ਬੇਕਾਰ
ਭਾਰਤ ਪਰਤਣ ਤੋਂ ਬਾਅਦ ਗਾਇਕਵਾੜ ਨੂੰ ਕਈ ਦਿਨਾਂ ਤੱਕ ਆਪਣੇ ਖੱਬੇ ਕੰਨ ’ਚ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ। ਉਨ੍ਹਾਂ ਦੇ ਖੱਬੇ ਕੰਨ ਦਾ ਪਰਦਾ ਪੂਰੀ ਤਰ੍ਹਾਂ ਨਾਲ ਫੱਟ ਗਿਆ ਸੀ। ਉਨ੍ਹਾਂ ਦੇ ਕੰਨ ਦਾ ਦੋ ਵਾਰ ਅਪਰੇਸ਼ਨ ਕੀਤਾ ਗਿਆ।
ਅੱਜ ਵੀ ਉਨ੍ਹਾਂ ਨੂੰ ਆਪਣੇ ਖੱਬੇ ਕੰਨ ’ਚ ਸੁਣਨ ’ਚ ਮੁਸ਼ਕਲ ਹੁੰਦੀ ਹੈ। ਸਬਾਇਨਾ ਪਾਰਕ ਦੀ ਉਸ ਤੇਜ਼ ਪਿੱਚ ’ਤੇ ਉਨ੍ਹਾਂ ਵੱਲੋਂ ਬਿਤਾਏ ਗਏ ਸਾਢੇ ਸੱਤ ਘੰਟਿਆਂ ਨੂੰ ਕ੍ਰਿਕਟ ਦੇ ਇਤਿਹਾਸ ’ਚ ਸਭ ਤੋਂ ਸਾਹਸੀ ਪਾਰੀਆਂ ’ਚ ਗਿਣਿਆ ਜਾਂਦਾ ਹੈ।
ਵਿਵਿਅਨ ਰਿਚਰਡਸ ਨੇ ਬਿਲਕੁਲ ਠੀਕ ਕਿਹਾ ਸੀ ਕਿ “ਕਿਸੇ ਵੀ ਖਿਡਾਰੀ ਦਾ ਰੁਤਬਾ ਤੈਅ ਕਰਦੇ ਸਮੇਂ ਲੋਕ ਉਸ ਵੱਲੋਂ ਲਗਾਏ ਸੈਂਕੜਿਆਂ ਨੂੰ ਮਹੱਤਤਾ ਦਿੰਦੇ ਹਨ। ਪਰ ਉਸ ਦਿਨ ਗਾਇਕਵਾੜ ਵੱਲੋਂ ਬਣਾਈਆਂ 81 ਦੌੜਾਂ ਕਈ ਸੈਂਕੜਿਆਂ ’ਤੇ ਭਾਰੀ ਸਨ। ਉਹ ਆਪਣੇ ਆਖਰੀ ਸਾਹ ਤੱਕ ਲੜਦੇ ਰਹੇ ਅਤੇ ਸਾਨੂੰ ਸਾਰਿਆਂ ਨੂੰ ਦੱਸਿਆ ਕਿ ਬਹਾਦਰੀ ਕੀ ਹੁੰਦੀ ਹੈ।”












